ਵਾਹਗਿਓਂ ਪਾਰ

ਹਜ਼ਾਰਾ ਭਾਈਚਾਰੇ ਦਾ ਦੁਖਾਂਤ ਤੇ ਸਰਕਾਰੀ ਦੰਭ...

ਹਜ਼ਾਰਾ ਭਾਈਚਾਰੇ ਦਾ ਦੁਖਾਂਤ ਤੇ ਸਰਕਾਰੀ ਦੰਭ...

ਮਾਛ (ਬਲੋਚਿਸਤਾਨ) ਵਿਚ ਹਜ਼ਾਰਾ ਸ਼ੀਆ ਭਾਈਚਾਰੇ ਨਾਲ ਸਬੰਧਤ 11 ਖਾਣ ਮਜ਼ਦੂਰਾਂ ਦੀਆਂ ਦੇਹਾਂ ਸ਼ਨਿਚਰਵਾਰ (9 ਜਨਵਰੀ) ਨੂੰ ਦਫ਼ਨ ਕੀਤੇ ਜਾਣ ਅਤੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਵੱਲੋਂ ਗ਼ਮਜ਼ਦਾ ਪਰਿਵਾਰਾਂ ਨੂੰ ਮਿਲਣ ਸਦਕਾ ਪਾਕਿਸਤਾਨ ਵਿਚ ਉਭਰਿਆ ਰਾਜਸੀ ਸੰਕਟ ਇਕ ਵਾਰ ਤਾਂ ਦੂਰ ਹੋ ਗਿਆ, ਪਰ ਇਹ ਆਪਣੇ ਪਿੱਛੇ ਕਈ ਕੁਸੈਲੀਆਂ ਤੰਦਾਂ ਛੱਡ ਗਿਆ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੇ ਅਦਾਰੀਏ (ਸੰਪਾਦਕੀ) ਮੁਤਾਬਿਕ ਇਸ ਸੰਕਟ ਤੋਂ ਇਸ ਹਕੀਕਤ ਉੱਤੇ ਮੋਹਰ ਲੱਗੀ ਹੈ ਕਿ ਹਰ ਪਾਕਿਸਤਾਨੀ ਹੁਕਮਰਾਨ ਧਿਰ ਵਾਸਤੇ ਇਨਸਾਨੀ, ਕਾਨੂੰਨੀ ਤੇ ਇਖ਼ਲਾਕੀ ਹੱਕ ਨਹੀਂ, ਵੋਟ ਬੈਂਕ ਵੱਧ ਅਹਿਮ ਹੈ। ਮਾਛ ਵਿਚ ਹੱਤਿਆ ਕਾਂਡ 3 ਜਨਵਰੀ ਨੂੰ ਵਾਪਰਿਆ। ਫੈਡਰਲ ਸਰਕਾਰ ਨੇ ਇਸ ਕਾਂਡ ਲਈ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਫੌ਼ਰੀ ਤੌਰ ’ਤੇ ਕਾਰਵਾਈ ਆਰੰਭਣ ਦੀ ਥਾਂ ਆਪਣਾ ਧਿਆਨ ਇਸ ਕਾਂਡ ਨੂੰ ਜ਼ੁਬਾਨੀ-ਕਲਾਮੀ ਭੰਡਣ ਤਕ ਹੀ ਸੀਮਤ ਰੱਖਿਆ। ਜਦੋਂ ਪੀੜਤ ਭਾਈਚਾਰੇ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਸਮੇਤ ਧਰਨਾ ਆਰੰਭ ਕਰਕੇ ਅਹਿਮ ਸ਼ਾਹਰਾਹ ਠੱਪ ਕਰ ਦਿੱਤਾ ਤਾਂ ਵੀ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਸੁਲਝਾਇਆ ਗਿਆ। ਨਤੀਜਨ, ਧਰਨਾ ਸਿਰਫ਼ ਇਕ ਸ਼ਾਹਰਾਹ ’ਤੇ ਮਹਿਦੂਦ ਨਾ ਰਿਹਾ, ਕਰਾਚੀ ਅਤੇ ਹੋਰਨਾਂ ਵੱਡੇ ਸ਼ਹਿਰਾਂ ਨੂੰ ਜੋੜਨ ਵਾਲੇ ਸ਼ਾਹਰਾਹਾਂ ਉੱਤੇ ਵੀ ਧਰਨੇ ਲੱਗ ਗਏ। ਇਹ ਧਰਨੇ ਹੋਰਨਾਂ ਨਸਲੀ ਘੱਟਗਿਣਤੀਆਂ ਵੱਲੋਂ ਦਿੱਤੇ ਗਏ। ਦੇਸ਼-ਵਿਦੇਸ਼ ਵਿਚ ਸਰਕਾਰ ਦੀ ਬਦਨਾਮੀ ਹੋਣ ਲੱਗੀ। ਇਸ ਤੋਂ ਸਰਕਾਰ ਅੰਦਰ ਵੀ ਮਤਭੇਦ ਉਭਰਨੇ ਸ਼ੁਰੂ ਹੋ ਗਏ। ਇਮਰਾਨ ਖ਼ਾਨ ਦੀ ਫੇਰੀ ਨੇ ਨਿੰਦਾ-ਨੁਕਤਾਚੀਨੀ ਦੀ ਲਹਿਰ ਨੂੰ ਠੱਲ੍ਹ ਤਾਂ ਪਾਈ ਹੈ, ਪਰ ਨਸਲੀ ਤੇ ਮਜ਼ਹਬੀ ਘੱਟਗਿਣਤੀਆਂ ਅੰਦਰੋਂ ਅਸੁਰੱਖਿਆ ਦੀ ਭਾਵਨਾ ਦੂਰ ਨਹੀਂ ਹੋਈ। ਅਸੁਰੱਖਿਆ ਦੂਰ ਕਰਨ ਲਈ ਸਰਕਾਰ ਨੂੰ ਆਪਣੀ ਕਹਿਣੀ ਤੇ ਕਰਨੀ ਵਿਚਲਾ ਅੰਤਰ ਮੇਲਣਾ ਹੋਵੇਗਾ ਅਤੇ ਸੁੰਨੀ ਕੱਟੜਪੰਥੀਆਂ ਨੂੰ ਪੁਚਕਾਰਨ ਦੀ ਨੀਤੀ ਤਿਆਗਣੀ ਪਵੇਗੀ।

ਇਸੇ ਅਖ਼ਬਾਰ ਵਿਚ ਛਪੇ ਆਸਿਮ ਸੱਜਾਦ ਅਕਬਰ ਦੇ ਮਜ਼ਮੂਨ ‘‘ਢਿੱਲੇ ਰੱਬ ਦੀ ਔਲਾਦ’’ ਵਿਚ ਹਜ਼ਾਰਾਂ ਪਠਾਣਾਂ ਤੋਂ ਇਲਾਵਾ ਹੋਰਨਾਂ ਨਸਲੀ/ ਮਜ਼ਹਬੀ ਘੱਟਗਿਣਤੀਆਂ ਦੀ ਦੁਰਦਸ਼ਾ ਬਿਆਨੀ ਗਈ ਹੈ। ਮਜ਼ਮੂਨ ਅਨੁਸਾਰ ਹਜ਼ਾਰਾਂ ਕਿਉਂਕਿ ਸ਼ੀਆ ਹਨ, ਇਸ ਕਰਕੇ ਉਨ੍ਹਾਂ ਨੂੰ ਸਾਲ-ਦਰ-ਸਾਲ ਸੁੰਨੀ ਕੱਟੜਪੰਥੀਆਂ ਦੀ ਦਹਿਸ਼ਤਗਰਦੀ ਝੱਲਣੀ ਪੈ ਰਹੀ ਹੈ। 2013 ਤੇ 2018 ਵਿਚ ਇਨ੍ਹਾਂ ਨੂੰ ਦੋ ਵੱਡੇ ਕਤਲਾਮ ਝੱਲਣੇ ਪਏ। 2018 ਵਿਚ ਵੀ ਇਸ ਭਾਈਚਾਰੇ ਨੇ ਸ਼ਾਹਰਾਹ ਠੱਪ ਕੀਤੇ ਸਨ। ਉਦੋਂ ਫੌ਼ਜ ਦੇ ਮੁਖੀ ਜਨਰਲ ਆਸਿਫ਼ ਬਾਜਵਾ ਨੇ ਇਸ ਭਾਈਚਾਰੇ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ। ਪਰ ਇਹ ਵਾਅਦਾ ਪੂਰਾ ਤਾਂ ਕੀ ਕਰਨਾ, ਹੁਣ ਜਨਰਲ ਬਾਜਵਾ ਨੇ ਇਸ ਭਾਈਚਾਰੇ ਨੂੰ ਆਪਣਾ ਮੂੰਹ ਦਿਖਾਉਣਾ ਵੀ ਵਾਜਬ ਨਹੀਂ ਸਮਝਿਆ। 3 ਜਨਵਰੀ ਵਾਲੇ ਕਤਲਾਮ ਦੀ ਜ਼ਿੰਮੇਵਾਰੀ ‘ਦਾਇਸ਼’ (ਇਸਲਾਮਿਕ ਸਟੇਟ) ਨੇ ਲਈ ਹੈ ਜਦੋਂਕਿ ਵਜ਼ੀਰੇ-ਆਜ਼ਮ ਇਸ ਵਾਸਤੇ ਭਾਰਤ ਨੂੰ ਕਸੂਰਵਾਰ ਦੱਸ ਰਹੇ ਹਨ। ਅਜਿਹੇ ਇਲਜ਼ਾਮ ਹਾਸੋਹੀਣੇ ਜਾਪਦੇ ਹਨ। ‘ਦਾਇਸ਼’ ਜਾਂ ਤਾਲਿਬਾਨ ਭਾਰਤ ਦੀ ਪੈਦਾਇਸ਼ ਤਾਂ ਹੈਨ ਨਹੀਂ, ਪਾਕਿਸਤਾਨ ਦੇ ਅੰਦਰ ਹੀ ਉਪਜੇ-ਵਿਗਸੇ ਹਨ। ਅਜਿਹੇ ਸੰਗਠਨਾਂ ਨੂੰ ਮਿਟਾਉਣਾ ਜਾਂ ਥਾਪੜਨਾ ਪਾਕਿਸਤਾਨ ਦੇ ਹੀ ਹੱਥ ਵਿਚ ਹੈ। ਇਮਰਾਨ ਖ਼ਾਨ ਨੂੰ ਇਹ ਹਕੀਕਤ ਭੁੱਲਣੀ ਨਹੀਂ ਚਾਹੀਦੀ। ਉਂਜ ਵੀ, ਉਨ੍ਹਾਂ ਨੂੰ ਹੁਕਮਰਾਨਾਂ ਵਾਲੇ ਗ਼ਰੂਰ ਤੋਂ ਬਚਣਾ ਚਾਹੀਦਾ ਹੈ। ਉਹ ਹੁਣ ਭਾਵੇਂ ਕਿੰਨੀਆਂ ਵੀ ਸਫ਼ਾਈਆਂ ਕਿਉਂ ਨਾ ਦੇਣ, ਉਨ੍ਹਾਂ ਵੱਲੋਂ ਹਜ਼ਾਰਾਂ ਪਰਿਵਾਰਾਂ ਦੇ ਧਰਨੇ ਨੂੰ ‘ਬਲੈਕਮੇਲਿੰਗ’ ਦੱਸੇ ਜਾਣ ਵਾਲੀ ਟਿੱਪਣੀ ਇਕ ਬਦਨੁਮਾ ਦਾਗ਼ ਵਾਂਗ ਉਨ੍ਹਾਂ ਦੇ ਸਿਆਸੀ ਜਾਮੇ ਤੋਂ ਮਿਟਣ ਵਾਲੀ ਨਹੀਂ। ਇਹ ਟਿੱਪਣੀ ਹਰ ਅੰਦੋਲਨ ਜਾਂ ਹਰ ਚੋਣ ਸਮੇਂ ਲੋਕਾਂ ਨੂੰ ਯਾਦ ਦਿਵਾਉਂਦੀ ਰਹੇਗੀ ਕਿ ਹੁਕਮਰਾਨੀ ਦੇ ਨਸ਼ੇ ਕਾਰਨ ਸਿਆਸਤਦਾਨ ਕਿਸ ਹੱਦ ਤਕ ਸੰਗਦਿਲ ਹੋ ਜਾਂਦੇ ਹਨ।

ਬੰਦਸ਼ਾਂ, ਦੰਭ ਤੇ ਹੱਜ

ਪਾਕਿਸਤਾਨ ਦੀ ਇਹ ਖੁਸ਼ਨਸੀਬੀ ਹੈ ਕਿ ਇੱਥੇ ਕਈ ਅਜਿਹੇ ਕਲਾਕਾਰ-ਫ਼ਨਕਾਰ ਮੌਜੂਦ ਹਨ ਜੋ ਆਪਣੇ ਮਨ ਦੀ ਗੱਲ ਬੇਬਾਕੀ ਨਾਲ ਕਰਦੇ ਹਨ ਅਤੇ ਦੰਭ ਦਾ ਸਹਾਰਾ ਨਹੀਂ ਲੈਂਦੇ। ਇਨ੍ਹਾਂ ਵਿਚ ‘ਦਿਆਰ-ਇ-ਦਿਲ’, ‘ਅਹਿਦ-ਇ-ਵਫ਼ਾ’ ਵਰਗੇ ਡਰਾਮਿਆਂ (ਸੀਰੀਅਲਾਂ) ਅਤੇ ‘ਬਾਲੂ ਮਾਹੀ’ ਤੇ ‘ਔਨ ਜ਼ਾਰਾ’ ਵਰਗੀਆਂ ਹਿੱਟ ਫਿਲਮਾਂ ਦਾ ਨਾਇਕ ਉਸਮਾਨ ਖ਼ਾਲਿਦ ਭੱਟ ਵੀ ਸ਼ਾਮਲ ਹੈ। ਉਸ ਨੇ ਹਾਲ ਹੀ ਵਿੱਚ ਮੀਰਾ ਸੇਠੀ ਦੇ ਹਫ਼ਤਾਵਾਰੀ ਟੀਵੀ ਸ਼ੋਅ ‘ਹੈਲੋ! ਮੀਰਾ ਸੇਠੀ’ ਵਿਚ ਹਾਜ਼ਰੀ ਭਰਦਿਆਂ ਹਰ ਪਾਸੇ ਨਫ਼ਰਤ ਤੇ ਨੁਕਤਾਚੀਨੀ ਦੇ ਪਸਾਰੇ ਉੱਤੇ ਹੈਰਾਨੀ ਪ੍ਰਗਟਾਈ। ਨਾਲ ਹੀ ਉਹ ਉਦਾਰਵਾਦ ਦੇ ਵਿਰੋਧੀਆਂ ਉੱਤੇ ਵਰ੍ਹ ਗਿਆ। ਉਸ ਨੇ ਕਿਹਾ, ‘‘ਸਾਰੇ ਮੁਲਕ ਵਿਚ ਪਾਕਿਸਤਾਨੀ ਕਲਚਰ ਦੀ ਦੁਹਾਈ ਸਿਆਸਤਦਾਨ ਵੀ ਦਿੰਦੇ ਹਨ, ਸਮਾਜਿਕ ਕਾਰਕੁਨ ਵੀ ਅਤੇ ਕਾਜ਼ੀ ਤੇ ਮੁਲਾਣੇ ਵੀ। ਪਰ ਇਹ ਕਲਚਰ ਹੈ ਕਿੱਥੇ? ਕੀ ਬੁਰਕਾ ਪਾਉਣਾ ਹੀ ਪਾਕਿਸਤਾਨੀ ਕਲਚਰ ਹੈ? ਕੀ ਮਹਿੰਦੀ-ਰੰਗੀ ਦਾੜ੍ਹੀ ਤੇ ਢਿੱਲਾ ਜਿਹਾ ਪੱਗੜ ਹੀ ਪਾਕਿਸਤਾਨੀ ਕਲਚਰ ਦਾ ਸਬੂਤ ਹੈ? ਇਕ ਪਾਕਿਸਤਾਨੀ ਚੈਨਲ ਨੇ ਘੁਟਵੇਂ ਲਿਬਾਸ ਵਾਲੀ ਔਰਤ ਨੂੰ ਕਸਰਤ ਕਰਦਿਆਂ ਦਿਖਾਇਆ ਤਾਂ ਇਸ ਨੂੰ ਪਾਕਿਸਤਾਨੀ ਕਲਚਰ ਦੀ ਤੌਹੀਨ ਦੱਸਿਆ ਗਿਆ। ਭਲਾ ਪੁੱਛਿਆ ਜਾਵੇ ਕਿ ਕਸਰਤ ਕੀ ਬੁਰਕਾ ਪਾ ਕੇ ਕੀਤੀ ਜਾਣੀ ਚਾਹੀਦੀ ਹੈ? ਸਾਨੂੰ ਪਾਕਿਸਤਾਨੀ ਤਹਿਜ਼ੀਬ ਦੇ ਨਾਂਅ ’ਤੇ ਅੱਖਾਂ ਬੰਦ ਕਰਕੇ ਤੁਰਨ ਲਈ ਕਿਹਾ ਜਾ ਰਿਹਾ ਹੈ। ਘਰਾਂ ਦੇ ਅੰਦਰ ਤੇ ਬਾਹਰ ਔਰਤਾਂ ਨਾਲ ਹੁੰਦੀ ਨਾਇਨਸਾਫ਼ੀ ਨੂੰ ਨਾਇਨਸਾਫ਼ੀ ਵਜੋਂ ਨਾ ਦੇਖਣ ਲਈ ਕਿਹਾ ਜਾ ਰਿਹਾ ਹੈ। ਅਜਿਹੀਆਂ ਬੰਦਸ਼ਾਂ ਖ਼ਿਲਾਫ਼ ਆਵਾਜ਼ ਉੱਠਣੀ ਚਾਹੀਦੀ ਹੈ। ਸਾਡੇ ਵੱਲੋਂ ਵੀ ਤੇ ਸਾਡੇ ਵਜ਼ੀਰੇ-ਆਜ਼ਮ ਵੱਲੋਂ ਵੀ। ਉਹ ਨੌਂ ਸੌ ਚੂਹੇ ਖਾ ਕੇ ਹੱਜ ’ਤੇ ਨਹੀਂ ਜਾ ਸਕਦੇ!’’

ਖੰਡ ਫਿਰ ਹੋਈ ਮਹਿੰਗੀ

ਖੰਡ ਤੇ ਕਣਕ ਦੇ ਭਾਅ ਪਾਕਿਸਤਾਨ ਵਿਚ ਨਵੇਂ ਸਿਰਿਓਂ ਵਿਵਾਦ ਦਾ ਮੁੱਦਾ ਬਣਨ ਲੱਗੇ ਹਨ। ਖੰਡ ਜਦੋਂ ਚਾਰ ਕੁ ਹਫ਼ਤੇ ਪਹਿਲਾਂ ਸਸਤੀ ਹੋਈ ਸੀ ਤਾਂ ਵਜ਼ੀਰੇ-ਆਜ਼ਮ ਤੇ ਹੋਰ ਕੇਂਦਰੀ ਵਜ਼ੀਰਾਂ ਨੇ ਇਸ ਨੂੰ ਸਰਕਾਰੀ ਯਤਨਾਂ ਦੀ ਵੱਡੀ ਕਾਮਯਾਬੀ ਦੱਸਿਆ ਸੀ। ਦੋ ਕੁ ਹਫ਼ਤਿਆਂ ਤੋਂ ਇਹ ਮੁੜ ਉਤਾਂਹ ਵੱਲ ਸਰਕਣੀ ਸ਼ੁਰੂ ਹੋ ਗਈ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ਦੋ ਹਫ਼ਤੇ ਪਹਿਲਾਂ ਲਾਹੌਰ ਵਿਚ ਖੰਡ 82 ਰੁਪਏ ਕਿਲੋ ਸੀ। ਹੁਣ ਇਹ ਭਾਅ 100 ਤੋਂ 105 ਰੁਪਏ ਹੈ। ਇਹ ਸਰਕੀ ਹੌਲੀ ਹੌਲੀ। ਪਹਿਲਾਂ 85, ਫਿਰ 87 ਤੇ ਫਿਰ 90 ਰੁਪਏ ਕਿਲੋ ਹੋਈ। ਚਾਰ ਦਿਨ ਪਹਿਲਾਂ ਇਹ ਸੌ ਰੁਪਏ ਉੱਤੇ ਜਾ ਪੁੱਜੀ।

ਲਾਹੌਰ ਦੇ ਇਕ ਵਪਾਰੀ ਨੇ ਅਖ਼ਬਾਰ ਨੂੰ ਦੱਸਿਆ ਕਿ ਦੋ ਹਫ਼ਤੇ ਪਹਿਲਾਂ 50 ਕਿਲੋ ਦੇ ਥੈਲੇ ਦਾ ਥੋਕ ਭਾਅ ਸੈਂਤੀ-ਅਠੱਤੀ ਸੌ ਰੁਪਏ ਸੀ। ਹੁਣ ਇਹ 4500 ਰੁਪਏ ਹੈ। ਇਸ ਲਈ ਇਹ 82 ਰੁਪਏ ਕਿਲੋ ਤਾਂ ਵੇਚੀ ਹੀ ਨਹੀਂ ਜਾ ਸਕਦੀ। ਕਣਕ ਬਾਰੇ ਉਸ ਨੇ ਕਿਹਾ, ‘‘ਸਰਕਾਰ ਢਾਈ ਲੱਖ ਟਨ ਕਣਕ ਦਰਾਮਦ ਕਰ ਰਹੀ ਹੈ, ਪਰ ਪੰਦਰਾਂ ਕਰੋੜ ਲੋਕਾਂ ਦਾ ਢਿੱਡ ਅਗਲੇ ਦੋ-ਢਾਈ ਮਹੀਨਿਆਂ ਦੌਰਾਨ ਭਰਨ ਲਈ ਇਹ ਮਿਕਦਾਰ ਨਾਕਾਫ਼ੀ ਹੈ। ਜਦੋਂ ਥੁੜ੍ਹ ਹੋਵੇਗੀ ਤਾਂ ਕੀਮਤਾਂ ਵਧਣਗੀਆਂ ਹੀ। ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜੋ ਭਾਅ ਚੱਲ ਰਹੇ ਹਨ, ਉਹ ਚੱਲਣਗੇ।’’

ਤੋਤਾ ਮੰਡੀ ਤੇ ਬਰਡ ਫਲੂ

ਲਾਹੌਰ ਦੀ ਪੰਛੀ ਮਾਰਕੀਟ ਉੱਤੇ ਪਹਿਲਾਂ ਕਰੋਨਾ ਵਾਇਰਸ ਤੇ ਲੌਕਡਾਊਨ ਨੇ ਮੰਦਾ ਅਸਰ ਪਾਇਆ, ਹੁਣ ਬਰਡ ਫਲੂ ਮਾਰ ਕਰਨ ਲੱਗਾ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਤੋਤਾ ਮੰਡੀ ਵਜੋਂ ਜਾਣੀ ਜਾਂਦੀ ਪੰਛੀ ਮਾਰਕੀਟ ਵਿਚ ਨਵੇਂ ਪੰਛੀਆਂ ਦੀ ਆਮਦ ਸੀਮਤ ਰਹਿਣ ਕਾਰਨ ਸਾਧਾਰਨ ਦੇਸੀ ਤੋਤਿਆਂ ਦੀ ਕੀਮਤ ਵੀ ਸੌ ਫ਼ੀਸਦੀ ਵਧ ਗਈ ਹੈ। ਦੇਸੀ ਤੋਤਾ ਪਹਿਲਾਂ ਹਜ਼ਾਰ ਰੁਪਏ ਵਿਚ ਮਿਲ ਜਾਂਦਾ ਸੀ, ਹੁਣ ਇਹ ਦੋ ਹਜ਼ਾਰ ਤੋਂ ਘੱਟ ਨਹੀਂ ਮਿਲਦਾ। ਗਿਲਗਿਤੀ ਸਰਸਬਜ਼ ਤੋਤਾ ਪਹਿਲਾਂ ਦੋ ਲੱਖ ਰੁਪਏ ਦਾ ਸੀ, ਹੁਣ ਚਾਰ ਲੱਖ ਵਿਚ ਵੇਚਿਆ ਜਾ ਰਿਹਾ ਹੈ। ਅਫ਼ਰੀਕੀ ਸਲੇਟੀ ਤੋਤੇ ਦੀ ਕੀਮਤ 50 ਹਜ਼ਾਰ ਤੋਂ ਵੱਧ ਕੇ 90 ਹਜ਼ਾਰ ਰੁਪਏ ਹੋ ਗਈ ਹੈ। ਅਫ਼ਰੀਕੀ ਨੀਲੇ-ਸੁਨਹਿਰੀ ਤੋਤੇ ਦਾ ਭਾਅ ਹੁਣ ਢਾਈ ਲੱਖ ਰੁਪਏ ਹੈ। ਆਸਟਰੇਲੀਅਨ ਕੌਨੇਟੂ ਤੋਤਾ ਦੋ ਮਹੀਨੇ ਪਹਿਲਾਂ ਸਵਾ ਲੱਖ ਦਾ ਸੀ, ਹੁਣ ਢਾਈ ਲੱਖ ਵਿਚ ਵਿਕਦਾ ਹੈ। ਪਿੰਜਰਿਆਂ ਵਿਚ ਪਾਲੇ ਜਾਣ ਵਾਲੇ ਹੋਰ ਪੰਛੀ ਤਾਂ ਹੁਣ ਲੱਭਦੇ ਨਹੀਂ। ਸੁਲਤਾਨ ਅਹਿਮਦ ਨਾਮੀ ਇਕ ਦੁਕਾਨਦਾਰ ਨੇ ਦੱਸਿਆ ਕਿ ਪੰਛੀਆਂ ਦੀ ਦਰਾਮਦ ਘਟਣ ਤੇ ਭਾਅ ਦੁੱਗਣੇ ਹੋਣ ਕਾਰਨ ਤੋਤਾ ਮੰਡੀ ਦੇ 22 ਦੁਕਾਨਦਾਰ, ਦੁਕਾਨਾਂ ਬੰਦ ਕਰ ਗਏ ਹਨ। ਦੂਜੇ ਪਾਸੇ ਵਣਜੀਵਨ ਪ੍ਰੇਮੀਆਂ ਨੇ ਮੌਜੂਦਾ ਰੁਝਾਨ ’ਤੇ ਖ਼ੁਸ਼ੀ ਪ੍ਰਗਟਾਈ ਹੈ। ‘ਪਾਕਿਸਤਾਨੀਜ਼ ਫਾਰ ਨੇਚਰ’ ਨਾਮੀ ਐਨਜੀਓ ਦੀ ਕਾਰਕੁਨ ਸ਼ੀਰੀਨ ਅਹਿਮਦ ਦੀ ਟਿੱਪਣੀ ਸੀ, ‘‘ਜੇਕਰ ਬਾਈ ਥਾਂ ਚੁਤਾਲੀ ਦੁਕਾਨਾਂ ਵੀ ਬੰਦ ਹੁੰਦੀਆਂ ਹਨ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ ਹੋਵੇਗਾ। ਪੰਛੀ ਉੱਡਦੇ ਦਿੱਸਣੇ ਚਾਹੀਦੇ ਹਨ, ਵਿਕਦੇ ਨਹੀਂ।’’

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All