ਐੱਸ ਪੀ ਸਿੰਘ*
ਪੰਜਾਬ ਵਿੱਚ ਜਨਤਕ ਪਿੜ ਭਖ਼ਿਆ ਹੋਇਆ ਹੈ। ਚਹੁੰ-ਤਰਫ਼ੀ ਹੱਕ, ਸੱਚ ਅਤੇ ਬਿਆਨੀਏ ਬਾਰੇ ਬਹਿਸ ਤਾਰੀ ਹੈ। ਲੋਕ ਘੋਲਾਂ ਵਿੱਚ ਬਹਿਸ ਅਕਸਰ ਤਿੱਖਾ ਰੁਖ਼ ਅਖਤਿਆਰ ਕਰ ਲੈਂਦੀ ਹੈ। ਵੈਸੇ ਇਹ ਮੌਸਮ ਹੀ ਤਿੱਖੇ ਬਹਿਸ-ਮੁਬਹਿਸੇ ਵਾਲਾ ਹੈ। ਅਮਰੀਕੀ ਰਾਜਨੀਤੀ ਵਿੱਚ ਤਾਂ ਇਹਨੇ ਦਹਾਕਿਆਂ ਪਹਿਲਾਂ ਬੜਾ ਢਾਂਚਾਗਤ ਰੂਪ ਲੈ ਲਿਆ ਸੀ, ਇਸੇ ਲਈ ਅਗਲੇ ਮਹੀਨੇ ਹੋਣ ਜਾ ਰਹੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਅਸਾਂ ਡੋਨਲਡ ਟਰੰਪ ਅਤੇ ਜੋਅ ਬਾਈਡਨ ਵਿਚਕਾਰ ਗਰਮਾ-ਗਰਮ ਬਹਿਸ ਵੇਖੀ, ਫਿਰ ਬਹਿਸ ਦੇ ਮੰਚ ਵਿਗੜਦੇ ਵੇਖ ਰਹੇ ਹਾਂ। ਹੁਣ ਬਹਿਸ ਇਹਦੇ ਬਾਰੇ ਹੋ ਰਹੀ ਹੈ ਕਿ ਬਹਿਸ ਠੀਕ ਤਰੀਕੇ ਨਾਲ ਕਿਉਂ ਨਹੀਂ ਹੋ ਰਹੀ।
ਬਹਿਸ, ਬਿਆਨੀਏ ਦੀ ਦਲੀਲ਼-ਯੁਕਤ ਤਰਫ਼ਦਾਰੀ, ਤਰਕ-ਸੰਗਤ ਗੋਸ਼ਠੀ ਸਾਡੀ ਵਿਰਾਸਤ ਹੈ। ਬਹਿਸ ਮੁਬਾਹਿਸਾ ਕਰਨ ਵਿਚ ਵਿਸ਼ਵਾਸ ਰੱਖਣ ਵਾਲੇ ਹਿੰਦੋਸਤਾਨੀ (Argumentative Indian) ਦੀ ਗੱਲ ਕਰਦਾ ਅਮਰਤਿਆ ਸੇਨ ਸਾਡੀ ਇਸੇ ਵਿਰਾਸਤ ਦੀ ਜ਼ਮੀਨ ਵੱਲ ਇਸ਼ਾਰਾ ਕਰਦਾ ਹੈ। ਵਿਰੋਧੀ ਦੀ ਮੂਲੋਂ ਸਾਡੇ ਮਨ ਨੂੰ ਨਾ ਭਾਉਂਦੀ ਗੱਲ ਸੁਣਨਾ, ਐਸੀਆਂ ਦਲੀਲਾਂ ਨੂੰ ਜਰਨਾ ਜਿਹੜੀਆਂ ਸਾਨੂੰ ਉੱਕਾ ਝੂਠ ਜਾਪਣ ਅਤੇ ਉਹਨਾਂ ਦਾਅਵਿਆਂ ਨੂੰ ਨੀਝ ਨਾਲ ਵਾਚਣਾ ਜਿਨ੍ਹਾਂ ਦੀ ਪੋਲ ਖੋਲ੍ਹਣ ਲਈ ਤਮਾਮ ਦਲੀਲਾਂ ਅਸੀਂ ਝੋਲੇ ’ਚ ਪਾਈ ਵਿਚਰਦੇ ਹੋਈਏ, ਇਹੀ ਪਰੰਪਰਾ ਕਿਸੇ ਲੋਕਤੰਤਰ ਵਿੱਚ ਸਾਨੂੰ ਗੋਸ਼ਠੀ ਵਾਲੇ ਦੇ ਜਾਏ ਬਣਾਉਂਦੀ ਹੈ, ਤਰਕ ਦੀ ਰੂਹਦਾਰੀ ਕਰਨ ਵਾਲਾ ਦਲੀਲਬਾਜ਼ (Argumentative) ਪੰਜਾਬੀ ਸਿਰਜਦੀ ਹੈ। ਇਹ ਔਖਾ ਕਾਰਜ ਹੈ।
ਕਈ ਤਾਂ ਬਿਲਕੁਲ ਵੀ ਬਹਿਸ ਨਹੀਂ ਕਰਦੇ; ਬੱਸ ਕਟਾਰ ਵਾਹ ਦਿੰਦੇ ਹਨ, ਸਿਰ ਧੜ ਨਾਲੋਂ ਵੱਖ ਕਰ ਦਿੰਦੇ ਹਨ। ਬੀਤੇ ਹਫ਼ਤੇ ਬਹਿਸ ਦੀ ਇਸ ਖ਼ੂਨੀ ਵੰਨਗੀ ਬਾਰੇ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਰੁਕਮਿਣੀ ਕਾਲੀਮਾਕੀ (Rukmini Callimachi) ਨੂੰ ਲੈ ਕੇ ਇੱਕ ਵੱਡਾ ਵਾਵੇਲਾ ਖੜ੍ਹਾ ਹੋ ਗਿਆ ਹੈ। ਦੁਨੀਆ ਦੇ ਅਤਿ-ਬਹਾਦਰ ਪੱਤਰਕਾਰਾਂ ਵਿੱਚ ਗਿਣੀ ਜਾਣ ਵਾਲੀ ਕਾਲੀਮਾਕੀ ਬੇਹੱਦ ਸਤਿਕਾਰਿਤ ਅਖ਼ਬਾਰੀ ਅਦਾਰੇ, ‘ਨਿਊਯੌਰਕ ਟਾਈਮਜ਼’, ਦੀ ਸਟਾਰ ਰਿਪੋਰਟਰ ਹੈ। ਵਿਸ਼ਵ ਭਰ ਵਿੱਚ ਉਹਨੂੰ ਇਸਲਾਮਿਕ ਸਟੇਟ (ISIS) ਦੇ ਧੁਰ-ਅੰਦਰਲੀਆਂ ਤਹਿਆਂ ਤੱਕ ਸ੍ਰੋਤ ਅਤੇ ਸੂਹ ਰੱਖਣ ਵਾਲੀ ਪੱਤਰਕਾਰ ਦੇ ਤੌਰ ’ਤੇ ਵੇਖਿਆ ਜਾਂਦਾ ਹੈ ਅਤੇ ਉਹਦੀਆਂ ਖ਼ਬਰਾਂ ਅਤੇ ਤਬਸਰੇ ਪੱਛਮ ਬਨਾਮ ਇਸਲਾਮਿਕ ਸਟੇਟ/ਅਲਕਾਇਦਾ ਬਾਰੇ ਨੀਤੀਆਂ, ਲੜਾਈਆਂ ਅਤੇ ਰਾਜਨੀਤਕ ਪਿੜ ਨੂੰ ਪ੍ਰਭਾਵਿਤ ਕਰਦੇ ਹਨ।
ਜਦੋਂ ਮੀਡੀਆ ਦੀ ਧਰਾਤਲ ਵੱਡੇ ਰੂਪ ਵਿੱਚ ਬਦਲੀ ਅਤੇ ਆਡੀਓ-ਵਿਜ਼ੁਅਲ ਮੀਡੀਆ ਨੇ ਵੱਡੀਆਂ ਅਖ਼ਬਾਰਾਂ ਦੀ ਵੱਖੀ ਵਿੱਚ ਹੁੱਜ ਮਾਰਨਾ ਸ਼ੁਰੂ ਕੀਤਾ ਤਾਂ ‘ਨਿਊਯੌਰਕ ਟਾਈਮਜ਼’ ਨੇ ਵੀ ਨਵੀਂ ਹਕੀਕਤ ਸਾਹਵੇਂ ਵੇਖ ਕਾਲੀਮਾਕੀ ਦੀ ਇਸਲਾਮਿਕ ਸਟੇਟ ਬਾਰੇ ਪੋਡਕਾਸਟ, ਕੇਲੀਫੇਟ (Caliphate), ਨੂੰ ਜ਼ਬਰਦਸਤ ਪੱਤਰਕਾਰੀ ਦੇ ਨਮੂਨੇ ਵਜੋਂ ਪੇਸ਼ ਕੀਤਾ। ਕੇਲੀਫੇਟ ਨੇ ਤਹਿਲਕਾ ਮਚਾ ਦਿੱਤਾ। ਕਾਲੀਮਾਕੀ ਨੇ ਵਿਖਾ ਦਿੱਤਾ ਕਿ ਕਿਸੇ ਚੰਡੇ ਹੋਏ ਪੱਤਰਕਾਰ ਦੇ ਹੱਥਾਂ ਵਿੱਚ ਇਹ ਕਿੰਨਾ ਵੱਡਾ ਮਾਧਿਅਮ ਹੋ ਸਕਦਾ ਹੈ। ‘ਨਿਊਯੌਰਕ ਟਾਈਮਜ਼’ ਨੇ ਅਖ਼ਬਾਰ ਤੋਂ ਬਾਅਦ ਮਾਧਿਅਮ ਦੀ ਨਵੀਂ ਵੰਨਗੀ ਵਿੱਚ ਵੀ ਆਪਣੀ ਧਾਂਕ ਜਮਾ ਦਿੱਤੀ। ਮਾਹਿਰਾਂ ਨੇ ਇਸ ਮਾਅਰਕੇ ਵਾਲੀ ਪੱਤਰਕਾਰੀ ਬਾਰੇ ਤਬਸਰੇ ਲਿਖ ਮਾਰੇ।
ਪਿਛਲੇ ਮਹੀਨੇ, 25 ਸਤੰਬਰ ਨੂੰ ਕੈਨੇਡਾ ਵਿੱਚ ਸ਼ਹਰੋਜ਼ ਚੌਧਰੀ (Shehroze Chaudhry) ਨਾਮ ਦਾ ਇੱਕ ਸ਼ਖ਼ਸ ਗ੍ਰਿਫ਼ਤਾਰ ਹੋ ਗਿਆ। ਪਤਾ ਲੱਗਿਆ ਕਿ ਇਹ ਆਪਣੇ ਆਪ ਨੂੰ ਅਬੂ ਹੂਜ਼ੇਫਾ (Abu Huzayfah) ਬਣਾ ਕੇ ਪੇਸ਼ ਕਰਦਾ ਸੀ ਅਤੇ ਇਸਲਾਮਿਕ ਸਟੇਟ ਵੱਲੋਂ ਕਈ ਧੜਾਂ ਤੋਂ ਲਾਹੇ ਸਿਰਾਂ ਦਾ ਗਵਾਹ ਦੱਸਦਾ ਸੀ। ਕਾਲੀਮਾਕੀ ਦੇ ਕੇਲੀਫੇਟ ਵਾਲੇ ਪ੍ਰੋਗਰਾਮਾਂ ਵਿੱਚ ਇਹ ਇੱਕ ਕੇਂਦਰੀ ਕਿਰਦਾਰ ਅਤੇ ਸ੍ਰੋਤ ਸੀ। ‘ਨਿਊਯੌਰਕ ਟਾਈਮਜ਼’ ਅੰਦਰ ਹਫੜਾ-ਦਫੜੀ ਮੱਚ ਗਈ। ਅਖ਼ਬਾਰ ਦੇ ਰਿਪੋਰਟਰ ਬੇਨ ਸਮਿੱਥ ਨੇ ਆਪਣੇ ਹੀ ਅਦਾਰੇ ਅੰਦਰ ਖੋਜੀ ਪੱਤਰਕਾਰੀ ਸ਼ੁਰੂ ਕਰ ਦਿੱਤੀ। ਕੌਣ-ਕੌਣ ਇਸਲਾਮਿਕ ਸਟੇਟ ਬਾਰੇ ਪੱਤਰਕਾਰੀ ਨਾਲ ਵਾਬਸਤਾ ਸੀ, ਕਾਲੀਮਾਕੀ ਦੇ ਕੰਮ ਕਰਨ ਦੇ ਢੰਗਾਂ ਤੋਂ ਕੌਣ ਵਾਕਿਫ਼ ਸੀ, ਕਿਸ ਨੇ ਸ੍ਰੋਤ ਚੈੱਕ ਕੀਤੇ ਸਨ, ਕੌਣ ਸੰਪਾਦਨ ਪ੍ਰਕਿਰਿਆ ਉੱਤੇ ਨਜ਼ਰ ਰੱਖ ਰਿਹਾ ਸੀ, ਮਾਲਕਾਂ ਤੱਕ ਉਸ ਦੀ ਰਸਾਈ ਕਿੰਨੀ ਸੀ?
ਬੇਨ ਸਮਿੱਥ ਨੇ ਕਾਲੀਮਾਕੀ ਦੇ ਪੁਰਾਣੇ ਸਹਿਕਰਮੀਆਂ ਨੂੰ ਜਾ ਟੋਹਿਆ; ਆਪਣੀ ਹੀ ਅਖ਼ਬਾਰ ਦੇ ਸੀਨੀਅਰ ਪੱਤਰਕਾਰਾਂ ਅਤੇ ਪ੍ਰਬੰਧਕੀ ਅਮਲੇ ਨਾਲ ਉਨ੍ਹਾਂ ਦੇ ਨਾਮ ਗੁਪਤ ਰੱਖਣ ਦਾ ਵਾਅਦਾ ਕਰਕੇ ਤਫ਼ਸੀਲੀ ਇੰਟਰਵਿਊਆਂ ਕੀਤੀਆਂ; ਇਹ ਵੀ ਪਤਾ ਕਰ ਲਿਆ ਕਿ ਅਖ਼ਬਾਰ ਦੇ ਮੁੱਖ ਸੰਪਾਦਕ ਕੋਲ ਵੀ ਸ਼ੱਕ ਕਰਨ ਜੋਗਾ ਮਸਾਲਾ ਅਤੇ ਮਸਲਾ ਸੀ; ਇਹ ਵੀ ਕਿ ਅਖ਼ਬਾਰ ਨੂੰ ਕੰਟਰੋਲ ਕਰਨ ਵਾਲੇ ਪਰਿਵਾਰ ਤੱਕ ਵੀ ਕਸੂਰ ਦੀ ਤੰਦ ਜਾਂਦੀ ਸੀ।
‘ਨਿਊਯੌਰਕ ਟਾਈਮਜ਼’ ਅਤੇ ਕਾਲੀਮਾਕੀ; ਸ਼ੱਕੀ ਸ੍ਰੋਤਾਂ, ਸੂਤਰਾਂ ਅਤੇ ਸੰਪੂਰਨ ਪੁਖ਼ਤਗੀ ਤੋਂ ਬਿਨਾਂ ਕੀਤੀ ਗਈ ਪੱਤਰਕਾਰੀ; ਅਤੇ ਅਖ਼ਬਾਰ ਸਮੂਹ ਦੇ ਇਤਰਾਜ਼ਯੋਗ ਰੋਲ ਬਾਰੇ ਸਮਿੱਥ ਨੇ ਲੰਬਾ ਚੌੜਾ ਮਜ਼ਮੂਨ ਲਿਖ ਮਾਰਿਆ। ਆਪਣੇ ਬੌਸ ਦੇ ਬੌਸ ਦੇ ਬੌਸ ਅਤੇ ਆਪਣੇ ਬੌਸ ਦੇ ਬੌਸ ਦਾ ਵੀ ਭੱਠਾ ਬਿਠਾ ਦਿੱਤਾ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਮਜ਼ਮੂਨ ਕਿੱਥੇ ਛਪਿਆ? ਬੀਤੇ ਮੰਗਲਵਾਰ ਇਹ ‘ਨਿਊਯੌਰਕ ਟਾਈਮਜ਼’ ਵਿੱਚ ਪਹਿਲੇ ਪੰਨੇ ਉੱਤੇ ਫੋਟੋਆਂ ਨਾਲ ਸ਼ਿੰਗਾਰ ਕੇ ਛਾਪਿਆ ਗਿਆ। ਕਾਲੀਮਾਕੀ ਤੋਂ ਲੈ ਕੇ ‘ਨਿਊਯੌਰਕ ਟਾਈਮਜ਼’ ਤੱਕ ਸਭ ਸਵਾਲਾਂ ਦੇ ਘੇਰੇ ਵਿੱਚ ਆ ਗਏ। ਬਾਕੀ ਵੱਡੀਆਂ ਅਖਬਾਰਾਂ ਅਤੇ ਮੀਡੀਆ ਅਦਾਰੇ ਟੁੱਟ ਕੇ ‘ਨਿਊਯੌਰਕ ਟਾਈਮਜ਼’ ਨੂੰ ਪੈ ਗਏ ਹਨ। ਬਹਿਸ ਭਖ ਗਈ ਹੈ।
ਪੱਤਰਕਾਰੀ ਦੇ ਇਤਿਹਾਸ ਵਿੱਚ ਅਮਰੀਕਾ ਅਤੇ ਦੁਨੀਆ ਦੀ ਇਹ ਵੱਡੀ ਅਖ਼ਬਾਰ ਕੁਝ ਗੰਭੀਰ ਸਵਾਲਾਂ ਦੇ ਦਰਪੇਸ਼ ਹੋਵੇਗੀ ਪਰ ਕਹਿ ਸਕੇਗੀ ਕਿ ਇਹ ਬਹਿਸ ਤੋਂ ਨਹੀਂ ਭੱਜੀ।
ਪਿਛਲੇ ਸਾਲ ਜਦੋਂ ਬੀਬੀਸੀ ਦੀ ਚੀਨ ਸੰਪਾਦਕ, ਕੈਰੀ ਗਰੇਸੀ (Carrie Gracie) ਨੂੰ ਪਤਾ ਲੱਗਿਆ ਕਿ ਉਹਨੂੰ ਆਪਣੇ ਬਰਾਬਰ ਦੇ ਮਰਦ-ਸਹਿਕਰਮੀ ਤੋਂ ਘੱਟ ਤਨਖ਼ਾਹ ਮਿਲਦੀ ਹੈ ਤਾਂ ਉਹਨੇ ਬੀਬੀਸੀ ਦੀ ਮੈਨੇਜਮੈਂਟ ਖਿਲਾਫ਼ ਐਲਾਨ-ਏ-ਜੰਗ ਕਰ ਦਿੱਤਾ। ਸੀਐੱਨਐੱਨ ਦੀ ਕ੍ਰਿਸਟੀਆਨ ਅਮਨਪੋਰ (Christiane Amanpour) ਨੇ ਗਰੇਸੀ ਨੂੰ ਸੱਦਾ ਦਿੱਤਾ ਕਿ ਉਹਦੇ ਪ੍ਰੋਗਰਾਮ ’ਤੇ ਆ ਕੇ ਦੱਸੇ ਕਿ ਕਿਵੇਂ ਬੀਬੀਸੀ ਵਿੱਚ ਤਨਖ਼ਾਹ ਦੇ ਮਾਮਲੇ ਵਿੱਚ ਔਰਤਾਂ ਨਾਲ ਵਿਤਕਰਾ ਹੁੰਦਾ ਹੈ। ਗਰੇਸੀ ਨੇ ਬੀਬੀਸੀ ਪ੍ਰਬੰਧਕਾਂ ਨੂੰ ਪੁੱਛਿਆ ਕਿ ਕੀ ਮੈਂ ਵਿਰੋਧੀ ਚੈਨਲ ’ਤੇ ਜਾ ਕੇ ਤੁਹਾਡੀ ਫੱਟੀ ਪੋਚ ਸਕਦੀ ਹਾਂ? ਜਵਾਬ ਮਿਲਿਆ ਕਿ ਮੁੱਦਾ ਸਮਾਜ ਵਿੱਚ ਹੋ ਰਹੀ ਲਿੰਗ ਬਰਾਬਰੀ ਦੀ ਜੰਗ ਵਿੱਚ ਇੱਕ ਮਹੱਤਵਪੂਰਨ ਪੱਖ ਨਾਲ ਜੁੜਿਆ ਹੈ, ਇਸ ਲਈ ਸੀਐਨਐਨ ਵਾਲੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਉੱਤੇ ਕੋਈ ਉਜਰ ਨਹੀਂ ਹੋਣਾ ਚਾਹੀਦਾ।
ਬੀਬੀਸੀ ਨੇ ਆਪਣੇ ਲਈ ਹੀ ਜ਼ਮੀਨ ਤੱਤੀ ਕਰ ਲਈ ਸੀ। ਇਸ ਸਾਲ ਜਦੋਂ ਇਹਦੀ ਪੱਤਰਕਾਰ ਸਮੀਰਾ ਅਹਿਮਦ ਨੇ ਬੀਬੀਸੀ ਖ਼ਿਲਾਫ਼ ਮਰਦ ਸਹਿਕਰਮੀ ਨਾਲੋਂ ਘੱਟ ਪੈਸੇ ਮਿਲਣ ਦਾ ਕੇਸ ਦਾਇਰ ਕੀਤਾ ਅਤੇ 7 ਲੱਖ ਪੌਂਡ ਬਕਾਇਆ ਕੱਢ ਮਾਰੇ ਤਾਂ ਬੀਬੀਸੀ ਨੇ ਜਵਾਬੀ ਅਪੀਲ ਨਾ ਕਰਨ ਦਾ ਫ਼ੈਸਲਾ ਕੀਤਾ, ਸਮੀਰਾ ਤੋਂ ਹੋਏ ਲਈ ਜਨਤਕ ਮੁਆਫ਼ੀ ਮੰਗੀ, 7 ਲੱਖ ਪੌਂਡ ਵੀ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਅਦਾਰਾ ਉਹ ਸਾਰੇ ਕਦਮ ਚੁੱਕੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਵਿਤਕਰਾ ਨਾ ਹੋਵੇ।
ਬਹਿਸ ਲਈ ਜਗ੍ਹਾ ਬਣਾਉਣੀ, ਵਿਰੋਧੀ ਦੀ ਗੱਲ ਸੁਣਨਾ, ਉਹਦੇ ਗੱਲ ਕਰਨ ਦੇ ਅਧਿਕਾਰ ਦਾ ਇਹਤਰਾਮ ਕਰਨਾ ਔਖਾ ਲੋਕਤੰਤਰੀ ਕਾਰਜ ਹੈ।
ਸਾਡੇ ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਬਹਿਸ ਬਾਰੇ ਬਹਿਸ ਬੜੀ ਪੇਤਲੀ ਹੋ ਰਹੀ ਹੈ। ਵਿਰੋਧੀ ਸੁਰ ਵਾਲੇ ਨੂੰ ਦੇਸ਼ਧ੍ਰੋਹੀ ਦਾ ਲਕਬ ਦੇ ਦਿੱਤਾ ਜਾਂਦਾ ਹੈ। ਟੀਵੀ ਦੇ ਕਈ ਐਂਕਰ ਹਕੂਮਤੀ ਖੁਸ਼ਨੂਦੀ ਵਿੱਚ ਸਰਕਾਰੀ ਬੁਲਾਰਿਆਂ ਨੂੰ ਵੀ ਸ਼ਰਮਸਾਰ ਕਰ ਦਿੰਦੇ ਹਨ। ਨਾਗਰਿਕਤਾ ਕਾਨੂੰਨ ਅਤੇ ਨਾਗਰਿਕਾਂ ਦੇ ਕੌਮੀ ਰਜਿਸਟਰ ਖ਼ਿਲਾਫ਼ ਉੱਠੀ ਤਹਿਰੀਕ ਵਿੱਚ ਕਾਰਕੁਨਾਂ ’ਤੇ ਹਮਲੇ ਹੋਏ, ਉਨ੍ਹਾਂ ਦੇ ਸੈਮੀਨਾਰਾਂ-ਧਰਨਿਆਂ-ਇਕੱਠਾਂ ਵਿੱਚ ਵਿਘਨ ਪਾਇਆ ਗਿਆ। ਇਹ ਬਹਿਸ ਤੋਂ ਭਗੌੜਾ ਹੋਣ ਵਾਲੀ ਭੀੜ ਦੀ ਕਾਰਸਤਾਨੀ ਸੀ।
ਜ਼ਹਿਰੀਲੇ ਬਿਆਨੀਆ ਦੇ ਕੰਧਾੜੀਂ ਚੜ੍ਹ ਕੇ ਰਾਜਨੀਤੀ ਕਰਨ ਵਾਲੇ ਸਾਨੂੰ ਆਪਣੇ ਜਿਹਾ ਬਣਾ ਲੈਣਾ ਲੋਚਦੇ ਹਨ। ਜਿਸ ਵੇਲੇ ਹੱਕ-ਸੱਚ ਦੇ ਬਿਆਨੀਆਂ ਨਾਲ ਲੈਸ, ਖ਼ੁਦ ਨੂੰ ਮਜ਼ਲੂਮ ਦੱਸਦੀ ਭੀੜ ਵਿਰੋਧੀ ਨੂੰ ਮੀਟਿੰਗਾਂ ਕਰਨ ਤੋਂ ਰੋਕਦੀ ਹੈ, ਹਿੱਕ ਠੋਕ ਕੇ ਕਹਿੰਦੀ ਹੈ ਕਿ ਅਸਾਂ ਮੰਤਰੀ ਨੂੰ ਉਹਦੀ ਵਰਚੁਅਲ ਮੀਟਿੰਗ ਨਹੀਂ ਕਰਨ ਦਿੱਤੀ, ਸੀਨਾ ਚੌੜਾ ਕਰਕੇ ਦੱਸਦੀ ਹੈ ਕਿ ਫਲਾਣੀ ਪਾਰਟੀ ਦੇ ਲੀਡਰਾਂ ਨੂੰ, ਜਿਹੜੇ ਨਵੇਂ ਕਾਨੂੰਨ ਦੇ ਫਾਇਦੇ ਦੱਸਣ ਆਏ ਸਨ, ਅਸਾਂ ਖਦੇੜ ਕੇ ਭਜਾ ਦਿੱਤਾ ਹੈ ਤਾਂ ਇਹ ਬਹਿਸ ਤੋਂ ਭਗੌੜਿਆਂ ਦੇ ਬਿਆਨੀਏ ਦੀ ਜਿੱਤ ਹੁੰਦੀ ਹੈ। ਲੋਕਤੰਤਰ ਵਿੱਚ ਰੋਸ-ਧਰਨਾ-ਪ੍ਰੋਟੈਸਟ ਖੁਸ਼ਾਇਨ ਰਵਾਇਤਾਂ ਹਨ। ਤੁਹਾਡੇ ਵਿਰੋਧੀ ਦੇ ਗੱਲ ਕਰਨ ਦੇ ਅਧਿਕਾਰ ਦੀ ਰਾਖੀ ਵੀ ਲੋਕਤੰਤਰੀ ਇਹਤਰਾਮ ਹੈ।
ਜੇ ਇਹਤੋਂ ਖੁੰਝ ਗਏ ਤਾਂ ਆਪਣੇ ਅੰਦਰ ਦੀ ਬਹਿਸ ਵਿੱਚੋਂ ਮਨਫ਼ੀ ਪੱਖਾਂ ਉੱਤੇ ਸਵਾਲ ਚੁੱਕਣ ਦੀ ਵੀ ਜਗ੍ਹਾ ਨਹੀਂ ਬਚੇਗੀ। ਕਿਰਸਾਨੀ, ਪਿੰਡ ਅਤੇ ਆਧੁਨਿਕਤਾ ਦੇ ਪ੍ਰਸ਼ਨ ਅਜੇ ਐਮਐੱਸਪੀ ਦੀ ਗਰੰਟੀ ਮੰਗਦੀਆਂ ਧਿਰਾਂ ਦੇ ਹਾਸ਼ੀਏ ’ਤੇ ਹਨ। ਜਿਨ੍ਹਾਂ ਨੇ ਮਿੱਟੀ ਨਾਲ ਮਿੱਟੀ ਹੋਏ ਅੰਨਦਾਤੇ ਅਤੇ ਬਰਾਬਰ ਦੀ ਨਾਗਰਿਕਤਾ ਦੇ ਨਾਅਰਿਆਂ ਨਾਲ ਗੂੰਜਦੇ ਸ਼ਾਹੀਨ ਬਾਗ ਵਿਚਲਾ ਪੁਲ ਉਸਾਰਿਆ ਸੀ, ਹਰੀਆਂ ਪੱਗਾਂ-ਸਾਫ਼ੇ ਸਜਾ ਹਕੂਮਤੀ ਜਬਰ ਅਤੇ ਉਜਰ ਦੇ ਬਾਵਜੂਦ ਰਾਜਧਾਨੀ ਦਿੱਲੀ ਵਿੱਚ ਪਹੁੰਚ ਕੁੱਲ ਲੋਕਾਈ ਨੂੰ ਦੱਸਿਆ ਸੀ ਕਿ ਗੁਰੂਆਂ ਪੀਰਾਂ ਦੀ ਧਰਤੀ ਦੇ ਜਾਏ ਸਿਤਮਜ਼ਰੀਫ਼ੀ ਦੇ ਸ਼ਿਕਾਰ ਹੋਏ ਨਾਲ ਖੜ੍ਹਨ ਦਾ ਮਾਦਾ ਰੱਖਦੇ ਹਨ, ਉਨ੍ਹਾਂ ’ਤੇ ਇਹ ਵੀ ਆਇਦ ਹੈ ਕਿ ਕਿਸਾਨ-ਮਜ਼ਦੂਰ-ਕਾਮਿਆਂ ਦਾ ਇਹ ਅੰਦੋਲਨ ਵਡੇਰਾ ਹੋਵੇ, ਲੋਕਤੰਤਰੀ ਮੁੱਲਾਂ ਉੱਤੇ ਮੰਡਰਾ ਰਹੇ ਵੱਡੇ ਖ਼ਤਰਿਆਂ ਖ਼ਿਲਾਫ਼ ਫੈਸਲਾਕੁੰਨ ਭੂਮਿਕਾ ਅਦਾ ਕਰੇ ਅਤੇ ਹੋਰਨਾਂ ਤਾਕਤਾਂ ਨਾਲ ਰਲ ਵਿਸ਼ਾਲ ਮੁਹਾਜ਼ ਸਿਰਜੇ।
ਇਹ ਸਾਰਥਕ ਬਹਿਸਾਂ ਤੋਂ ਬਿਨਾਂ ਸੰਭਵ ਨਹੀਂ। ਆਪਣਾ ਵਿਰੋਧ ਸੁਣਨ ਲਈ ਲੋਕਤੰਤਰੀ ਜਿਗਰਾ-ਗੁਰਦਾ-ਮਾਦਾ ਹੋਣਾ ਜ਼ਰੂਰੀ ਹੈ। ਬਥੇਰੀਆਂ ਬਾਬਾਣੀਆਂ ਕਹਾਣੀਆਂ ਗੋਸ਼ਠੀ ਦੀ ਪਰੰਪਰਾ ਦੇ ਧਨੀ ਵਾਰਸਾਂ ਕੋਲ ਇਹ ਖ਼ਜ਼ਾਨਾ ਹੋਣ ਦੀ ਗਵਾਹੀ ਭਰਦੀਆਂ ਹਨ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਮਨਫ਼ੀ ਬਹਿਸਾਂ ਵਾਲੀ ਜ਼ਮੀਨ ਵਿੱਚ ਇਸ ਤੌਹਮਤ ਦਾ ਆਸਾਨੀ ਨਾਲ ਸ਼ਿਕਾਰ ਹੋ ਸਕਦਾ ਹੈ ਕਿ ਵੇਖੋ ਕਿਵੇਂ ਖੱਬਿਓਂ ਸੱਜਿਓਂ ਟੂਕਾਂ ਜੋੜ ਕਿਸਾਨ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ।)