ਲਾਹੇਵੰਦ ਹੈ ਪਰਾਲੀ ਤੋਂ ਮਲਚ ਮੈਟ ਬਣਾਉਣ ਦੀ ਤਕਨੀਕ

ਲਾਹੇਵੰਦ ਹੈ ਪਰਾਲੀ ਤੋਂ ਮਲਚ ਮੈਟ ਬਣਾਉਣ ਦੀ ਤਕਨੀਕ

ਡਾ. ਸੰਦੀਪ ਬੈਂਸ, ਰਾਜਦੀਪ ਕੌਰ ਤੇ ਮਨੀਸ਼ਾ ਸੇਠੀ

ਪਰਾਲੀ ਜੋ ਕਿ ਝੋਨੇ ਦੇ ਉਤਪਾਦਨ ਦਾ ਉਪ ਉਤਪਾਦ ਹੈ, ਇੱਕ ਕੁਦਰਤੀ ਅਤੇ ਸਥਾਈ ਸਰੋਤ ਹੈ। ਇਹ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਪਾਈ ਜਾਂਦੀ ਹੈ। ਇਸ ਦੀ ਜ਼ਿਆਦਾ ਵਰਤੋਂ ਪਸ਼ੂਆਂ ਦੇ ਚਾਰੇ ਲਈ ਵੀ ਕੀਤੀ ਜਾਂਦੀ ਹੈ ਪਰ ਵੱਡੀ ਮਾਤਰਾ ਵਿੱਚ ਹੋਣ ਕਾਰਨ ਵਾਧੂ ਪਰਾਲੀ ਨੂੰ ਖੇਤਾਂ ਵਿੱਚ ਹੀ ਸਾੜ ਵੀ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਇੱਕ ਵੱਡਾ ਹਿੱਸਾ ਲਗਭਗ 12 ਮਿਲੀਅਨ ਟਨ ਪਰਾਲੀ ਨੂੰ ਮੁੱਖ ਤੌਰ ’ਤੇ ਅਗਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਸਾਫ਼ ਕਰਨ ਲਈ ਖੇਤਾਂ ਵਿੱਚ ਹੀ ਸਾੜ ਦਿੱਤਾ ਜਾਂਦਾ ਹੈ।

ਹਾਲਾਂਕਿ ਪਰਾਲੀ ਨੂੰ ਸਾੜਨਾ ਸਭ ਤੋਂ ਸਸਤਾ ਤਰੀਕਾ ਹੈ ਪਰ ਇਹ ਕਾਨੂੰਨੀ ਜੁਰਮ ਹੈ। ਇਸ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ। ਪਰਾਲੀ ਦੇ ਧੂੰਏਂ ਤੋਂ ਨਿਕਲਣ ਵਾਲੀ ਕਾਰਬਨ ਡਾਇਆਕਸਾਈਡ ਵਾਤਾਵਰਨ ਲਈ ਹਾਨੀਕਾਰਕ ਹੈ। ਝੋਨੇ ਦੀ ਕਟਾਈ ਕਰਨ ਲਈ ਮਜ਼ਦੂਰਾਂ ਦੀ ਘਾਟ ਅਤੇ ਕੰਬਾਈਨਾਂ ਦੀ ਵਰਤੋਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਸਾੜਨਾ ਤੇਜ਼ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਕੁਝ ਸੂਬਿਆਂ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਰਨ ਕਿਸਾਨਾਂ ਦੇ ਸਾਹਮਣੇ ਪਰਾਲੀ ਦੀ ਸੰਭਾਲ ਇੱਕ ਚਣੌਤੀ ਬਣ ਗਈ ਹੈ।

ਖੇਤੀਬਾੜੀ ਵਿੱਚ ਪਰਾਲੀ ਨੂੰ ਸਾੜਨ ਕਰ ਕੇ ਸਥਾਨਕ ਹਵਾ ਪ੍ਰਦੂਸ਼ਣ, ਕਾਲੇ ਕਾਰਬਨ ਵਿੱਚ ਵਾਧਾ, ਖੇਤਰੀ ਅਤੇ ਵਿਸ਼ਵ ਪੱਧਰੀ ਵਾਤਾਵਰਨ ਵਿੱਚ ਤਬਦੀਲੀ ਸਣੇ ਬਹੁਤ ਸਾਰੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਦੂਜੇ ਪਾਸੇ, ਜੇ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਵਿੱਚ ਹੀ ਰਲਣ ਲਈ ਛੱਡਿਆ ਜਾਵੇ ਤਾਂ ਇਹ ਮਿੱਟੀ ਦੀਆਂ ਰਸਾਇਣਿਕ ਅਤੇ ਰਸਾਇਣਿਕ ਗੁਣਵੱਤਾ ਨੂੰ ਸੁਧਾਰਦੀ ਹੈ। ਫਿਰ ਵੀ ਦੇਖਿਆ ਜਾਵੇ ਪਰਾਲੀ ਦੀ ਸੰਭਾਲ ਬਹੁਤ ਚੁਣੌਤੀਆਂ ਪੇਸ਼ ਕਰਦੀ ਹੈ।

ਪਰਾਲੀ ਨੂੰ ਨਦੀਨਾਂ ’ਤੇ ਕਾਬੂ ਪਾਉਣ ਲਈ ਬਦਲਵੇਂ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਸਬਜ਼ੀਆਂ ਦੀ ਪੈਦਾਵਾਰ ਨੂੰ ਖ਼ਰਾਬ ਕਰਨ ਵਿੱਚ ਨਦੀਨਾਂ ਦਾ ਖ਼ਾਸ ਸਥਾਨ ਹੈ। ਨਦੀਨਾਂ ਨਾਲ ਹੋਣ ਵਾਲੇ ਫ਼ਸਲੀ ਨੁਕਸਾਨ, ਨਦੀਨਾਂ ਦੀ ਕਿਸਮ ’ਤੇ ਆਧਾਰਿਤ ਹੁੰਦੇ ਹਨ। ਨਮੀਂ ਅਤੇ ਭਾਰੀ ਬਾਰਸ਼ ਵਾਲੇ ਇਲਾਕਿਆਂ ਵਿੱਚ ਨਦੀਨਾਂ ਤੋਂ ਹੋਣ ਵਾਲੇ ਫ਼ਸਲੀ ਨੁਕਸਾਨ 25 ਤੋਂ 100 ਪ੍ਰਤੀਸ਼ਤ ਹਨ। ਪੌਦੇ, ਦਰੱਖਤ, ਸ਼ਬਜ਼ੀਆਂ ਦੀ ਫ਼ਸਲ, ਫਲਾਂ ਦੀਆਂ ਫ਼ਸਲਾਂ ਅਤੇ ਫੁੱਲਾਂ ਦੀ ਫ਼ਸਲ ਨਦੀਨਾਂ ਨਾਲ ਪ੍ਰਭਾਵਿਤ ਹੁੰਦੇ ਹਨ।

ਜੇ ਨਦੀਨਾਂ ਨੂੰ ਸਮੇਂ ਸਿਰ ਨਾ ਕੱਢਿਆ ਜਾਵੇ ਤਾਂ ਫ਼ਸਲਾਂ ਦੇ ਵਿਕਾਸ ਅਤੇ ਉੱਪਜ ’ਤੇ ਭਾਰੀ ਅਸਰ ਪੈਂਦਾ ਹੈ। ਨਦੀਨਾਂ ਨੂੰ ਕਾਮਿਆਂ ਦੁਆਰਾ ਹੱਥੀਂ ਕੱਢਵਾਇਆ ਜਾਵੇ ਤਾਂ ਇਹ ਸਮੇਂ ਅਤੇ ਪੈਸੇ ਦੇ ਰੂਪ ਵਿੱਚ ਕਾਫ਼ੀ ਮਹਿੰਗਾ ਪੈਂਦਾ ਹੈ। ਹਾਲਾਂਕਿ ਰਸਾਇਣਿਕ ਪ੍ਰਭਾਵ ਰਾਹੀਂ ਨਦੀਨਾਂ ਨੂੰ ਖ਼ਤਮ ਕਰਨਾ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ ਪਰ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਨਾਲ ਜ਼ਮੀਨ ਅਤੇ ਵਾਤਾਵਰਨ ਉੱਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਇਸ ਲਈ ਕੀਟਨਾਸ਼ਕਾਂ ਦੀ ਵਰਤੋਂ ਕਰ ਕੇ ਨਦੀਨਾਂ ਤੋਂ ਛੁਟਕਾਰਾ ਪਾਉਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ।

ਨਦੀਨਾਂ ਦੀ ਰੋਕਥਾਮ ਅਤੇ ਪਰਾਲੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਲਚਿੰਗ ਪ੍ਰਭਾਵਸ਼ਾਲੀ ਤਰੀਕਾ ਹੈ। ਜ਼ਮੀਨ ਦੀ ਉਪਰਲੀ ਤਹਿ ’ਤੇ ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਵਿਛਾਈ ਗਈ ਸ਼ੀਟ ਨੂੰ ਮਲਚ ਕਿਹਾ ਜਾਂਦਾ ਹੈ। ਆਮ ਤੌਰ ’ਤੇ ਇਹ ਜ਼ਮੀਨ ਦੀ ਨਮੀਂ ਦੀ ਸਾਂਭ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ।

ਮਲਚ ਵਿਛਾਉਣ ਨਾਲ ਖੇਤਾਂ ਦੀ ਦਿੱਖ ਵਧੀਆ ਹੁੰਦੀ ਹੈ ਇਹ ਮਲਚ ਵਿਸ਼ੇਸ਼ ਤੌਰ ’ਤੇ ਕੁਦਰਤੀ ਨਹੀਂ ਹੁੰਦੇ। ਇਹ ਸਥਾਈ ਹੋ ਸਕਦੇ ਹਨ ਜਿਵੇਂ ਕਿ ਪਲਾਸਟਿਕ ਦੀ ਸ਼ੀਟ/ਰਬੜ ਜਾਂ ਅਸਥਾਈ ਜਿਵੇਂ ਕਿ ਲੱਕੜੀ ਦਾ ਬੂਰਾ/ਪਰਾਲੀ। ਇਨ੍ਹਾਂ ਦੀ ਵਰਤੋਂ ਖਾਲੀ ਜ਼ਮੀਨਾਂ ਅਤੇ ਮੌਜੂਦਾ ਪੌਦਿਆਂ ਦੇ ਆਲੇ-ਦੁਆਲੇ ਕੀਤੀ ਜਾ ਸਕਦੀ ਹੈ। ਸੂਰਜ ਦੀਆਂ ਕਿਰਨਾਂ ਅਤੇ ਪਾਣੀ ਕਾਰਨ ਵਾਤਾਵਰਨ ਅਨੁਕੂਲਿਤ ਜੈਵਿਕ ਸੁਭਾਅ ਦੇ ਮਲਚ ਮਿੱਟੀ ਵਿੱਚ ਰਲ-ਮਿਲ ਜਾਂਦੇ ਹਨ। ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਇਹ ਮਲਚ ਕਾਫ਼ੀ ਲਾਭਦਾਇਕ ਹੁੰਦੇ ਹਨ।

ਸਥਾਈ ਤੌਰ ’ਤੇ ਲੱਕੜੀ ਦੇ ਬੂਰੇ ਨੂੰ ਮਲਚ ਦੇ ਤੌਰ ’ਤੇ ਵਰਤਿਆ ਜਾਂਦਾ ਹੈ ਪਰ ਸਮਾਂ ਪੈਣ ’ਤੇ ਇਸ ਨੂੰ ਸਿਉਂਕ ਲੱਗ ਜਾਂਦੀ ਹੈ ਜੋ ਪੌਦੇ ਨੂੰ ਖ਼ਰਾਬ ਕਰ ਦਿੰਦੀ ਹੈ। ਇਸੇ ਤਰ੍ਹਾਂ ਕੁਝ ਥਾਵਾਂ ’ਤੇ ਪਰਾਲੀ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਪਰ ਵਿਛਾਈ ਹੋਈ ਪਰਾਲੀ ਵਿੱਚੋਂ ਚੂਹੇ ਖੁੱਡਾਂ ਬਣਾ ਲੈਂਦੇ ਹਨ ਜਿਸ ਕਾਰਨ ਫ਼ਸਲੀ ਨੁਕਸਾਨ ਹੁੰਦਾ ਹੈ। ਸਰਦੀਆਂ ਵਿੱਚ ਚੂਹੇ ਛੋਟੇ ਦਰੱਖਤਾਂ ਦੇ ਛਿਲਕੇ ਚਬਾ ਜਾਂਦੇ ਹਨ। ਜੇ ਪਰਾਲੀ ਨੂੰ ਖਿੰਡਾਉਣ ਦੀ ਥਾਂ ਪਰਾਲੀ ਨਾਲ ਬਣਾਏ ਸੰਘਣੇ ਮੈਟ ਵਿਛਾਏ ਜਾਣ ਤਾਂ ਚੂਹਿਆਂ ਦਾ ਅੰਦਰ ਜਾਣਾ ਮੁਸ਼ਕਿਲ ਹੋਵੇਗਾ। ਇਸ ਤਰੀਕੇ ਨਾਲ ਨਦੀਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਨਦੀਨਾਂ ਦੀ ਰੋਕਥਾਮ ਅਤੇ ਪਰਾਲੀ ਦੀ ਸੰਭਾਲ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਵਸਤਰ ਵਿਗਿਆਨ ਵਿਭਾਗ, ਕਮਿਊਨਟੀ ਸਾਇੰਸ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰ ਕੇ ਮਲਚ ਮੈਟ ਬਣਾਏ ਗਏ ਹਨ। ਇਹ ਮਲਚ ਮੈਟ ਦੋ ਤਰੀਕਿਆਂ ਨਾਲ ਬਣਾਏ ਗਏ ਹਨ।

1. ਵੋਵਨ ਮਲਚ ਮੈਟ ਅਤੇ

2. ਨਾਨ ਵੋਵਨ ਮਲਚ ਮੈਟ

ਵੋਵਨ ਮਲਚ ਮੈਟ: ਇਹ ਮਲਚ ਮੈਟ ਦੋ ਤਰੀਕਿਆਂ ਨਾਲ ਉਣਾਈ ਕਰ ਕੇ ਬਣਾਇਆ ਗਿਆ ਹੈ। ਪਹਿਲੇ ਮਲਚ ਮੈਟ ਵਿੱਚ ਪਰਾਲੀ ਨੂੰ ਪਰਾਲੀ ਨਾਲ ਉਣਾਈ ਕੀਤੀ ਗਈ ਹੈ ਜਦੋਂਕਿ ਦੂਜੇ ਤਰੀਕੇ ਵਿੱਚ ਤਾਣੇ ਵਿੱਚ ਸੂਤ ਦਾ ਧਾਗਾ ਅਤੇ ਬਾਣੇ ਵਿੱਚ ਪਰਾਲੀ ਦੀ ਵਰਤੋਂ ਕੀਤੀ ਗਈ ਹੈ।

ਨਾਨ ਵੋਵਨ ਮਲਚ ਮੈਟ: ਇਹ ਮਲਚ ਮੈਟ ਦੋ ਮੋਟਾਈਆਂ ਵਿੱਚ (4 ਐੱਮ.ਐੱਮ ਅਤੇ 8 ਐੱਮ ਐੱਮ) ਬਣਾਇਆ ਗਿਆ ਹੈ।

ਬਾਇਓਡੀਗ੍ਰੇਬਿਲਟੀ ਦੇ ਪ੍ਰਭਾਵ ਨੂੰ ਨਿਰਧਾਰਤ ਕਰਨ ਲਈ ਤਿਆਰ ਕੀਤੇ ਮਲਚ ਮੈਟ ਵਿੱਚ ਵੱਖੋ-ਵੱਖ ਬਦਲਾਅ ਕੀਤੇ ਗਏ ਹਨ ਤਾਂ ਜੋ ਇਹ ਜੈਵਿਕ ਮੈਟ ਖਾਦ ਦੇ ਤੌਰ ’ਤੇ ਮਿੱਟੀ ਵਿੱਚ ਆਸਾਨੀ ਨਾਲ ਮਿਲ ਜਾਣ ਅਤੇ ਉਸ ਦੀ ਉਪਜਾਊ ਸ਼ਕਤੀ ਨੂੰ ਵਧਾਉਣ।

ਵਿਕਸਿਤ ਕੀਤੇ ਨਾਨ ਵੋਵਨ ਮਲਚ ਮੈਟ ਦੋ ਤਿੰਨ ਮਹੀਨਿਆਂ ਵਿੱਚ ਹੀ ਮਿੱਟੀ ਦੇ ਵਿੱਚ ਰਲ ਜਾਂਦੇ ਹਨ। ਹਾਲਾਂਕਿ ਪ੍ਰਚੱਲਿਤ ਕਾਲਾ ਲਿਫਾਫਾ ਵਿਕਸਿਤ ਕੀਤੇ ਜੈਵਿਕ ਮਲਚ ਮੈਟਾਂ ਤੋਂ ਜ਼ਿਆਦਾ ਸਮਾਂ ਕੱਢ ਦਿੰਦਾ ਹੈ ਪਰ ਕੁਦਰਤੀ ਸੋਮਿਆਂ ਤੋਂ ਬਣਾਏ ਹੋਏ ਮਲਚ ਮੈਟਾਂ ਦੇ ਫ਼ਾਇਦੇ ਜ਼ਿਆਦਾ ਹੁੰਦੇ ਹਨ। ਵਿਛਾਏ ਹੋਏ ਕਾਲੇ ਪਲਾਸਟਿਕ ਉੱਪਰ ਧੁੱਪ ਪੈਣ ਨਾਲ ਉਸ ਵਿੱਚੋਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ਜੋ ਕਿ ਮਜ਼ਦੂਰ ਦੀ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦੀਆਂ ਹਨ। ਹੋਰ ਤਾਂ ਹੋਰ ਕਾਲੇ ਪਲਾਸਟਿਕ ਸ਼ੀਟ ਦੇ ਵੱਧ ਤਾਪਮਾਨ ਕਾਰਨ ਨਵੇਂ ਉਗਾਏ ਹੋਏ ਪੌਦਿਆਂ ਵਿੱਚ ਸਾੜ ਪੈ ਸਕਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਪਰਾਲੀ ਵਾਲੇ ਮਲਚ ਮੈਟਾਂ ਦੀ ਵਰਤੋਂ ਨਾਲ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਇਸ ਨਾਲ ਫ਼ਸਲ ਦੀ ਉਪਜ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਨਾਲ ਹੇਠਲੇ ਪੱਧਰ ਤੋਂ ਪਰਾਲੀ ਦੀ ਸੁਚੱਜੀ ਸੰਭਾਲ ਵੀ ਹੋ ਸਕਦੀ ਹੈ। ਜੇ ਕਿਸਾਨ ਇਨ੍ਹਾਂ ਮਲਚ ਮੈਟਾਂ ਦੀ ਵਰਤੋਂ ਕਰਦੇ ਹਨ ਤਾਂ ਕਿਸਾਨਾਂ ਦੇ ਨਾਲ-ਨਾਲ ਘਰ ਬੈਠੀਆਂ ਸੁਆਣੀਆਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ ਕਿਉਂਕਿ ਇਹ ਮਲਚ ਮੈਟ ਘਰਾਂ ਵਿੱਚ ਬੈਠ ਕੇ ਅੱਡੇ ’ਤੇ ਆਸਾਨੀ ਨਾਲ ਬਣਾਏ ਜਾ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ