ਅੱਗ ਉਗਲਦੇ ਅਜਗਰ ਦੀਆਂ ਰਮਜ਼ਾਂ...

ਅੱਗ ਉਗਲਦੇ ਅਜਗਰ ਦੀਆਂ ਰਮਜ਼ਾਂ...

ਸੁਰਿੰਦਰ ਸਿੰਘ ਤੇਜ

ਪੜ੍ਹਦਿਆਂ-ਸੁਣਦਿਆਂ

ੜਾ ਰਹੱਸਮਈ ਤੇ ਤਸੱਵਫ਼ੀ ਮੁਲਕ ਹੈ ਚੀਨ। ਦੁਨੀਆਂ ਜਹਾਨ ਲਈ ਹੁਣ ਉਹ ਖੁੱਲ੍ਹਾ ਹੈ, ਪਰ ਉਸ ਦਾ ਭੇਤ  ਪਾਉਣਾ ਅਜੇ ਵੀ ਆਸਾਨ ਨਹੀਂ। ਚੀਨੀ ਹੁਕਮਰਾਨ ਜਾਂ ਅਧਿਕਾਰੀ ਤਾਂ ਕੀ, ਆਮ ਨਾਗਰਿਕ ਵੀ ਆਪਣਾ ਅਸਲ, ਓਪਰਿਆਂ ਸਾਹਮਣੇ ਪ੍ਰਗਟ ਨਹੀਂ  ਕਰਦੇ। ਭਾਰਤ ਤੇ ਚੀਨ ਦੇ ਸਬੰਧ 2500 ਵਰ੍ਹਿਆਂ ਤੋਂ ਵੀ ਵੱਧ ਪੁਰਾਣੇ ਹਨ, ਫਿਰ ਵੀ ਅਸੀਂ ਚੀਨ ਜਾਂ ਚੀਨੀਆਂ ਦੀ ਥਾਹ ਪਾਉਣ ਤੋਂ ਨਾਕਾਮ ਹਾਂ। ਫਾ-ਹਿਆਨ ਪੰਜਵੀਂ ਸਦੀ, ਹਿਊਨ ਸਿਆਂਗ ਸੱਤਵੀਂ ਸਦੀ ਤੇ ਚੇਂਗ-ਹੀ ਵਰਗੇ ਚੀਨੀ ਵਿਦਵਾਨ ਪੰਦਰਵੀਂ ਸਦੀ ਦੌਰਾਨ ਭਾਰਤ ਆਏ। ਭਾਰਤ ਤੇ ਭਾਰਤੀਆਂ ਬਾਰੇ ਉਨ੍ਹਾਂ ਨੇ ਬਹੁਤ ਕੁਝ ਲਿਖਿਆ, ਪਰ ਆਪਣੇ ਮੁਲਕ, ਹੁਕਮਰਾਨਾਂ ਜਾਂ ਆਮ ਨਾਗਰਿਕਾਂ ਬਾਰੇ ਊਨ੍ਹਾਂ ਨੇ ਜੋ ਜਾਣਕਾਰੀ ਦਿੱਤੀ, ਉਹ ਨਿਹਾਇਤ ਨਿਗੂਣੀ ਸੀ। ਅਸੀਂ ਹੁਣ ਵੀ ਪੁਰਾਤਨ ਚੀਨ ਬਾਰੇ ਓਨਾ ਕੁਝ ਹੀ ਜਾਣਦੇ ਹਾਂ ਜੋ ਇਤਾਲਵੀ ਘੁਮੱਕੜ (ਤੇ ਤਿਕੜਮਬਾਜ਼) ਮਾਰਕੋ ਪੋਲੋ ਨੇ ਲਿਖਿਆ। 19ਵੀਂ ਸਦੀ ਦੇ ਆਖ਼ਰੀ ਤੇ 20ਵੀਂ ਸਦੀ ਦੇ ਮੁੱਢਲੇ ਵਰ੍ਹਿਆਂ ਦੌਰਾਨ ਬ੍ਰਿਟਿਸ਼  ਸਾਮਰਾਜਵਾਦੀਆਂ ਨੇ ਚੀਨ ਨੂੰ ਕਈ ਵਾਰ ਝੰਬਿਆ। ਹਾਂਗ ਕਾਂਗ ਤੇ ਹੋਰ ਕਈ ਚੀਨੀ ਇਲਾਕੇ ਹਥਿਆ ਲਏ। ਬ੍ਰਿਟਿਸ਼ ਅਫ਼ਸਰਾਂ ਤੇ ਵਿਦਵਾਨਾਂ ਨੇ ਚੀਨ ਦੀਆਂ ਸਾਰੀਆਂ ਨੁੱਕਰਾਂ-ਕੋਨਿਆਂ ਦੇ ਲੰਮੇ-ਚੌੜੇ ਦੌਰੇ ਕੀਤੇ, ਪਰ ਉਨ੍ਹਾਂ ਦੀਆਂ ਲੇਖਣੀਆਂ ਵੀ ਚੀਨੀ ਸੁਭਾਅ ਤੇ ਮਨੋ ਬਣਤਰ ਬਾਰੇ ਕੋਈ ਗੂੜ੍ਹ-ਗਿਆਨ  ਨਹੀਂ ਬਖ਼ਸ਼ਦੀਆਂ। ਸਾਬਕਾ ਭਾਰਤੀ ਵਿਦੇਸ਼ ਸਕੱਤਰ ਅਤੇ ਅੱਠ ਵਰ੍ਹਿਆਂ ਤੋਂ ਵੱਧ ਸਮਾਂ ਚੀਨ ਵਿਚ ਸਫ਼ਾਰਤੀ ਅਹੁਦਿਆਂ ’ਤੇ ਬਿਤਾਉਣ ਵਾਲੇ ਸ਼ਿਵ ਸ਼ੰਕਰ ਮੈਨਨ ਦਾ ਕਬੂਲਨਾਮਾ ਹੈ ਕਿ ਉਹ ਚੀਨੀਆਂ ਬਾਰੇ ਕੋਈ  ਪੇਸ਼ੀਨਗੋੋਈ ਨਹੀਂ ਕਰ ਸਕਦਾ। ਇਹੋ ਸੁਰ ਦਿੱਲੀ ਤੋਂ  ਪੇਈਚਿੰਗ ਜਾ ਵਸੇ ਲੇਖਕ ਤੇ ਕਾਲਮਨਵੀਸ ਅਵਤਾਰ ਸਿੰਘ ਦੀ ਹੈ। ਇਸੇ ਕਾਰਨ ਚੀਨ ਤੋਂ ਬਾਹਰਲੇ ਸਮਾਜਾਂ ਵਿਚ ਇਹ ਪ੍ਰਭਾਵ ਆਮ ਹੈ ਕਿ ਚੀਨੀਆਂ ਦੀ ਕਹਿਣੀ ਤੇ ਕਰਨੀ ਵਿਚ ਜ਼ਰੂਰੀ ਨਹੀਂ ਕਿ ਮੇਲ ਹੋਵੇ। ਇਹ ਪ੍ਰਭਾਵ ਕਿੰਨਾ ਕੁ ਵਾਜਬ ਜਾਂ ਨਾਵਾਜਬ ਹੈ, ਇਸ ਦਾ ਜਾਇਜ਼ਾ ਪੇਸ਼ ਕਰਦੀ ਹੈ ਅਮਰੀਕੀ ਦਾਨਿਸ਼ਵਰ, ਡੋਨਲਡ ਕੇ. ਐਮਰਸਨ ਵੱਲੋਂ ਸੰਪਾਦਿਤ ਕਿਤਾਬ ‘ਦਿ ਡੀਅਰ ਐਂਡ ਦਿ ਡ੍ਰੈਗਨ’ (ਬਰੁਕਿੰਗਜ਼ ਇੰਸਟੀਟਿਊਸ਼ਨ ਪ੍ਰੈਸ; 386 ਪੰੰਨੇ; 999 ਰੁਪਏ)।

ਕਿਤਾਬ ਦਾ ਸਿਰਲੇਖ ਇਕ ਪੂਰਬੀ ਏਸ਼ਿਆਈ ਲੋਕ ਕਥਾ ਤੋਂ ਪ੍ਰੇਰਿਤ ਹੈ। ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਬਾਰੇ ਇਕ ਦਰਜਨ ਨਿਬੰਧਾਂ  ਦਾ ਸੰਗ੍ਰਹਿ ਹੈ ਇਹ ਕਿਤਾਬ। ਦੋ ਨਿਬੰਧ ਭਾਰਤ-ਚੀਨ ਸਬੰਧਾਂ ਬਾਰੇ ਹਨ; ਪੰਜ ਦੱਖਣੀ ਚੀਨ ਸਾਗਰ ਵਿਵਾਦ ਬਾਰੇ; ਬਾਕੀ ਪੂਰਬੀ ਚੀਨ ਸਾਗਰ, ਚੀਨ ਆਸਟਰੇਲੀਆ ਕਸ਼ੀਦਗੀ  ਅਤੇ ਆਸੀਆਨ ਮੁਲਕਾਂ ਦੇ ਚੀਨ ਨਾਲ ਰਿਸ਼ਤਿਆਂ ਬਾਰੇ ਹਨ। ਕਿਤਾਬ ਦੀ ਸੁਰ ਚੀਨ-ਵਿਰੋਧੀ ਪ੍ਰਚਾਰ ਵਾਲੀ ਨਹੀਂ, ਪਰ ਇਸ ਅੰਦਰਲੇ ਨਿਬੰਧਾਂ ਦੀ ਬਹੁਤਾਤ ਚੀਨ ਦੀ ਨੁਕਤਾਚੀਨੀ ਵਾਲੀ ਹੋਣ ਕਾਰਨ ਇਹ ਪੱਖਪਾਤੀ ਹੋਣ ਦਾ ਪ੍ਰਭਾਵ ਦਿੰਦੀ ਹੈ। ਇਸ ਦੇ ਬਾਵਜੂਦ ਇਹ ਚੀਨੀ ਰਮਜ਼ਾਂ ਨੂੰ ਸਮਝਣ-ਬੁੱਝਣ ਦੀ ਇਕ ਸੰਜੀਦਾ ਅਕਾਦਮਿਕ ਕਵਾਇਦ ਹੈ। ਆਰਥਿਕ ਪਾਸਾਰ ਦੇ ਨਾਲ ਨਾਲ ਚੀਨ ਦਾ ਇਲਾਕਾਈ ਪਾਸਾਰ, ਇਸ ਕਿਤਾਬ ਦਾ ਮੁੱਖ ਫੋਕਸ ਹੈ। ਇਸ ਪਾਸਾਰਵਾਦੀ ਬਿਰਤੀ ਤੋਂ ਜਿੱਥੇ ਸਾਡਾ ਮੁਲਕ ਫ਼ਿਕਰਮੰਦ ਹੈ, ਉੱਥੇ ਆਸਟਰੇਲੀਆ, ਫਿਲਪੀਨਜ਼, ਇੰਡੋਨੇਸ਼ੀਆ, ਵੀਅਤਨਾਮ, ਜਾਪਾਨ ਤੇ ਦੱਖਣੀ ਕੋਰੀਆ ਵੀ ਨਾਖੁਸ਼ ਹਨ। ਚੀਨ ਵੱਲੋਂ ਇਨ੍ਹਾਂ ਸਾਰੇ ਮੁਲਕਾਂ ਦੀ ਬਾਂਹ ਮਰੋੜਨ ਦੀਆਂ ਮਿਸਾਲਾਂ ਵੀ ਕਿਤਾਬ ਵਿਚ ਮੌਜੂਦ ਹਨ। ਐਮਰਸਨ ਦਾ ਆਪਣਾ ਮਜ਼ਮੂਨ ‘ਅਸਪਸ਼ਟਤਾ ਵਿਚ ਹੀ ਮਜ਼ਾ ਹੈ’ ਚੀਨ ਵੱਲੋਂ ਹੋਰਨਾਂ ਮੁਲਕਾਂ ਨੂੰ ਝੁਕਾਉਣ ਲਈ ਵਰਤੇ ਜਾਂਦੇ ਅੱਠ ‘ਕਰਨ’ (ਵਿਧੀਆਂ) ਦਾ ਖੁਲਾਸਾ ਦਿਲਚਸਪ ਢੰਗ ਨਾਲ ਪੇਸ਼ ਕਰਦਾ ਹੈ। ਇਹ ‘ਕਰਨ’ ਹਨ: 1. ਕਬਜ਼ਾਕਰਨ, 2. ਵਿਸਤਾਰੀਕਰਨ, 3. ਉਸਾਰੀਕਰਨ, 4. ਫ਼ੌਜੀਕਰਨ, 5. ਬਾਂਹ-ਮਰੋੜੀਕਰਨ, 6. ਅਸਪਸ਼ਟੀਕਰਨ, 7. ਸਹਿਕਾਰੀਕਰਨ, 8. ਲਟਕਾਈਕਰਨ। ਦੱਖਣੀ ਚੀਨ ਸਾਗਰ ਉੱਤੇ ਆਪਣੀ ਪ੍ਰਭੁਤਾ ਤੇ ਮਲਕੀਅਤ ਜਤਾਉਣ, ਇਸ ਅੰਦਰਲੇ 170 ਜਜ਼ੀਰਿਆਂ ਉਪਰ ਕਾਬਜ਼ ਹੋਣ, ਇਸੇ ਸਮੁੰਦਰ ਦੇ ਅੰਦਰੋਂ ਹੀ ਪੁੱਟੀ ਰੇਤ ਨਾਲ ਜਜ਼ੀਰਿਆਂ ਦਾ ਵਿਸਤਾਰ ਕਰਕੇ ਉੱਥੇ ਮਿਸਾਇਲੀ ਤੇ ਜਲ-ਸੈਨਿਕ ਅੱਡੇ ਸਥਾਪਤ ਕਰਨ ਅਤੇ ਆਪਣੀ ਮਾਇਕ ਪਕੜ ਦੇ ਜ਼ਰੀਏ ਜਪਾਨ ਨੂੰ ਲਗਾਤਾਰ ਡਰਾ ਕੇ ਰੱਖਣ ਵਾਸਤੇ ਚੀਨ ਨੇ ਉਪਰੋਕਤ ਸਾਰੇ ‘ਕਰਨ’ ਸਫ਼ਲਤਾਪੂਰਬਕ ਅਜ਼ਮਾਏ ਹਨ।

ਚੀਨ ਦੇ ਪੱਖ ਨੂੰ ਉਭਾਰਨ ਵਾਲਾ ਇਕ ਮਜ਼ਮੂਨ ਸਿੰਗਾਪੁਰ ਵਿਚ ਰਹਿੰਦੇ ਜਾਇਜ਼ਾਕਾਰ ਕਿਸ਼ੋਰ ਮਧੂਬਨੀ ਦਾ ਲਿਖਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਏਸ਼ਿਆਈ ਦੇਸ਼ਾਂ ਨੂੰ ਚੀਨ ਨਾਲ ਸਿੱਝਣ-ਵਰਤਣ ਦੇ ਤੌਰ-ਤਰੀਕੇ ਆਪਣੇ ਹਾਲਾਤ ਮੁਤਾਬਿਕ ਖ਼ੁਦ ਈਜਾਦ ਕਰਨੇ ਚਾਹੀਦੇ ਹਨ; ਉਨ੍ਹਾਂ ਨੂੰ ਅਮਰੀਕਾ ਜਾਂ ਯੂਰੋਪੀਅਨ ਸੰਘ ਦੇ ਹੱਥਠੋਕੇ ਨਹੀਂ ਬਣਨਾ ਚਾਹੀਦਾ। ਉਂਜ ਵੀ, ਇਨ੍ਹਾਂ ਮੁਲਕਾਂ ਨੂੰ ਆਪਣੀ ਹੈਸੀਅਤ ਨਹੀਂ ਭੁੱਲਣੀ ਚਾਹੀਦੀ। ਨਾਲ ਹੀ ਇਹ ਹਕੀਕਤ ਉਚੇਚੇ ਤੌਰ ’ਤੇ ਯਾਦ ਰੱਖਣੀ ਚਾਹੀਦੀ ਹੈ ਕਿ ਚੀਨ, ਡ੍ਰੈਗਨ ਹੈ ਅਤੇ ਉਸ ਦੇ ਸਾਹਮਣੇ ਉਨ੍ਹਾਂ ਦਾ ਵਜੂਦ ਹਿਰਨਾਂ ਤੋਂ ਵੱਧ ਹੋਰ ਕੁਝ ਨਹੀਂ।

ਸਾਲ 2010 ਤੋਂ ਬਾਅਦ ਚੀਨੀ ਆਚਾਰ-ਵਿਹਾਰ ਵਿਚਲੇ ਆਪਹੁਦਰੇਪਣ ਦਾ ਵਿਸ਼ਲੇਸ਼ਣ ਕਰਦਿਆਂ ਆਸਟਰੇਲੀਅਨ ਪ੍ਰੋਫ਼ੈਸਰ, ਟੌਮਸ ਫਿੰਗਰ ਲਿਖਦਾ ਹੈ ਕਿ ਇਹ ਆਪਹੁਦਰੇਪਣ ਦੀ ਮੁੱਖ ਵਜ੍ਹਾ ਹੈ ਚੀਨ ਅੰਦਰਲੀ ਜਨਤਕ ਬੇਚੈਨੀ ਤੇ ਇਕ ਪਾਰਟੀ ਨਿਜ਼ਾਮ ਖ਼ਿਲਾਫ਼ ਵਧ ਰਹੀ ਨਾਖੁਸ਼ੀ। 2011 ਤੋਂ ਚੀਨੀ ਬਜਟਾਂ ਵਿਚ ਅੰਦਰੂਨੀ ਸੁਰੱਖਿਆ ਲਈ ਫ਼ੌਜੀ ਕੰਮਾਂ ਨਾਲੋਂ ਵੱਧ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਜ਼ਾਹਿਰ ਹੈ ਕਿ ਅੰਦਰੂਨੀ ਵਿਰੋਧਾਂ ਨੂੰ ਹੁਣ ਅੰਧਰਾਸ਼ਟਰਵਾਦ ਉਕਸਾ ਕੇ ਠੱਲ੍ਹ ਪਾਈ ਜਾ ਰਹੀ ਹੈ। ਪ੍ਰੋ. ਫਿੰਗਰ ਅਨੁਸਾਰ ਇਹ ਮਾਓਵਾਦੀ ਅਮਲ ਹੈ, ਡਿੰਗ (ਡੈਂਗ) ਸਿਆਓਪਿੰਗ ਵੱਲੋਂ ਸੁਝਾਇਆ ‘ਸੀਮਿਤ ਉਦਾਰਵਾਦ’ ਵਾਲਾ ਰਾਹ ਨਹੀਂ। ਉਂਜ, ਅਸਲੀਅਤ ਇਹੋ ਹੀ ਹੈ ਕਿ ਅੰਧਰਾਸ਼ਟਰੀ ਊਲਾਰਵਾਦ ‘‘ਬਹੁਤੀ ਵਾਰ ਹੁਕਮਰਾਨਾਂ ਦਾ ਉੱਲੂ ਵੀ ਸਿੱਧਾ ਕਰ ਜਾਂਦਾ ਹੈ।’’ ਜ਼ਾਹਿਰ ਹੈ ਕਿ ਅਜਿਹੇ ਉਲਾਰਵਾਦ ਤੋਂ ਜੇਕਰ ਸ਼ੀ ਜਿਨਪਿੰਗ ਨੂੰ ਫ਼ਾਇਦਾ ਹੋ ਰਿਹਾ ਹੈ, ਤਾਂ ਕਰੋਨਾ ਸੰਕਟ ਤੋਂ ਪਸਤ ਨਰਿੰਦਰ ਮੋਦੀ ਨੂੰ ਵੀ ਜੰਗ ਵਾਲੇ ਮਾਹੌਲ ਤੋਂ ਅਕਸੀ ਫ਼ਾਇਦੇ ਦੀ ਫ਼ਸਲ ਉਗਮਦੀ ਨਜ਼ਰ ਆ ਰਹੀ ਹੈ। ਉਸ ਦੀ ਲੱਦਾਖ ਫੇਰੀ ਦਾ ਰੰਗਮੰਚੀਕਰਨ ਇਸੇ ਸੋਚ ਦਾ ਸੰਕੇਤ ਹੈ।

* * *

ਵਿਜੈ ਸੌਦਾਈ ਦੇ ਹਿੰਦੀ ਨਾਵਲ ‘ਦਲਿਤ’ ਦਾ ਮਲਕੀਅਤ ਬਸਰਾ ਨੇ ਪੰਜਾਬੀ ਅਨੁਵਾਦ ਕਰ ਕੇ ਪੰਜਾਬੀ ਪਾਠਕਾਂ ਲਈ ਭਲੇ ਦਾ ਕੰਮ ਕੀਤਾ ਹੈ। ਮੂਲ ਨਾਵਲ 336 ਪੰਨਿਆਂ ਦਾ ਹੈ। ਪੰਜਾਬੀ ਰੂਪ ਦੇ 400 ਪੰਨੇ ਹਨ ਅਤੇ ਇਹ ਵੱਧ ਨਿਖਰਵੇਂ ਰੂਪ ਵਿਚ ਸਾਡੇ ਸਾਹਮਣੇ ਆਇਆ ਹੈ। ਦਲਿਤ ਹੋਣ ਦੇ ਦਰਦ ਅਤੇ ਦਲਿਤ ਰਾਜਨੀਤੀ ਦੀਆਂ ਅਸੰਗਤੀਆਂ-ਵਿਸੰਗਤੀਆਂ ਨੂੰ ਸਾਕਾਰ ਰੂਪ  ਵਿਚ ਪੇਸ਼ ਕਰਦਾ ਹੈ ਇਹ ਨਾਵਲ। ਅਨੁਵਾਦ ਕੋਈ ਆਸਾਨ ਵਿਧਾ ਨਹੀਂ। ਇਹ ਵਿਧਾ ਠੋਸ ਭਾਸ਼ਾਈ ਗਿਆਨ ਮੰਗਦੀ ਹੈ। ਸ੍ਰੀਮਤੀ ਬਸਰਾ ਨੇ ਮੂਲ ਇਬਾਰਤ ਨਾਲ ਜੁੜੇ ਰਹਿਣ ਦੇ ਬਾਵਜੂਦ ਨਾਵਲ ਨੂੰ ਮੌਲਿਕਤਾ ਵਾਲੀ ਪੁੱਠ ਪ੍ਰਦਾਨ ਕੀਤੀ ਹੈ। ਇਹ ਸ਼ਲਾਘਾਯੋਗ ਉੱਦਮ ਹੈ। ਤਰਲੋਚਨ ਪਬਲਿਸ਼ਰਜ਼ ਵੱਲੋਂ ਛਾਪੇ ਗਏ ਇਸ ਨਾਵਲ ਦੀ ਕੀਮਤ 500 ਰੁਪਏ ਹੈ।

* * *

ਤਕਾਰ ਸ਼ੈਲੇਂਦਰ ਵੱਲੋਂ ਫਿਲਮ ‘ਮਧੂਮਤੀ’ (1958) ਲਈ ਲਿਖੇ ਗੀਤ ‘ਜੰਗਲ ਮੇਂ ਮੋਰ ਨਾਚਾ ਕਿਸੀ ਨੇ ਨਾ ਦੇਖਾ/ਹਮ ਜੋ ਥੋੜੀ ਸੀ ਪੀ ਕੇ ਜ਼ਰਾ ਝੂਮੇ, ਹਾਏ ਰੇ ਸਭ ਨੇ ਦੇਖਾ’ ਬਾਰੇ ਦਿਲਚਸਪ ਕਿੱਸਾ ਉਨ੍ਹਾਂ ਦੇ ਪੁੱਤਰ ਦਿਨੇਸ਼ ਸ਼ੰਕਰ ਸ਼ੈਲੇਂਦਰ ਨੇ ਸੁਣਾਇਆ। ਫਿਲਮ ਵਿਚ ਇਹ ਗੀਤ ਜੌਹਨੀ ਵਾਕਰ ’ਤੇ ਫਿਲਮਾਇਆ ਗਿਆ ਹੈ। ਦਿਨੇਸ਼ ਦੇ ਦੱਸਣ ਅਨੁਸਾਰ ਇਕ ਸ਼ਾਮ ਸ਼ੈਲੇਂਦਰ ਟੱਲੀ ਹੋ ਕੇ ਸ਼ਾਮ ਨੂੰ ਘਰ ਪਰਤੇ ਤਾਂ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਣ ਲਈ ਡਰਾਈਵਰ ਨੂੰ ਬੜੀ ਮੁਸ਼ੱਕਤ ਕਰਨੀ ਪਈ। ਇਹ ਮਸ਼ਕ ਦੇਖ ਕੇ ਗੁਆਂਢ ਵਾਲੇ ਬੰਗਲੇ ਦੀ ਬਾਲਕਨੀ ਵਿਚ ਖੜ੍ਹਾ ਗਾਇਕ ਤੇ ਸੰਗੀਤਕਾਰ ਹੇਮੰਤ ਕੁਮਾਰ ਦਾ ਪਰਿਵਾਰ ਹੱਸ ਪਿਆ। ਇਹ ਹਾਸਾ ਸ਼ੈਲੇਂਦਰ ਨੂੰ ਬੜਾ ਚੁੱਭਿਆ। ਇਹੋ ਚੁਭਨ ਅਗਲੀ ਸਵੇਰ ‘ਜੰਗਲ ਮੇਂ ਮੋਰ ਨਾਚਾ...’ ਵਾਲੇ ਗੀਤ ਦੇ ਰੂਪ ਵਿਚ ਬਾਹਰ ਆ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All