ਗਲੀਆਂ ਹੋਵਣ ਸੁੰਨੀਆਂ : The Tribune India

ਕਹਾਣੀ

ਗਲੀਆਂ ਹੋਵਣ ਸੁੰਨੀਆਂ

ਗਲੀਆਂ ਹੋਵਣ ਸੁੰਨੀਆਂ

ਅਮਨਦੀਪ ਸਿੰਘ

ਉਸ ਨੇ ਇੱਕ ਨਜ਼ਰ ਉਸ ਨੂੰ ਤੱਕਿਆ ਤੇ ਤੱਕਦੀ ਹੀ ਰਹੀ ਗਈ। ਸਰੂ ਵਰਗਾ ਸੋਹਣਾ ਮੁੰਡਾ, ਚੌੜੀ ਛਾਤੀ, ਸ਼ਤੀਰ ਵਰਗਾ ਸਰੀਰ! ਉਹ ਆਪ ਇੰਨੀ ਲੰਮੀ ਨਹੀਂ ਸੀ, ਪਰ ਫੇਰ ਵੀ ਚੜ੍ਹਦੀ ਜਵਾਨੀ ਦਾ ਸਰੂਰ ਸੀ। ਚਿਹਰੇ ’ਤੇ ਲਾਲੀ ਜਿਵੇਂ ਕੋਈ ਨੂਰ ਹੋਵੇ, ਜਿਸ ਵਿੱਚੋਂ ਰੱਬ ਦੀ ਝਲਕ ਪੈਂਦੀ ਹੋਵੇ।

‘ਤੇਰੇ ਵਿੱਚੋਂ ਰੱਬ ਦਿਸਿਆ, ਤੈਨੂੰ ਸਜਦਾ ਮੈਂ ਤਾਂ ਕੀਤਾ!’ ਉਹ ਉਸ ਨੂੰ ਦੇਖਦਿਆਂ ਸੋਚ ਰਿਹਾ ਸੀ।

ਪ੍ਰੀਤ ਤੇ ਪ੍ਰੇਮ ਦੇ ਵਿਚਕਾਰ ਪਿਆਰ ਦਾ ਸਬੰਧ ਸੀ। ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ। ਇਕੱਠੇ ਇੱਕੋ ਜਮਾਤ ਵਿੱਚ ਪੜ੍ਹਦੇ ਹੋਏ, ਉਹ ਬਹੁਤ ਸਮਾਂ ਇੱਕ ਦੂਜੇ ਦੇ ਨਾਲ ਹੀ ਬਹਿੰਦੇ-ਉੱਠਦੇ ਸਨ। ਬਾਕੀ ਵਿਦਿਆਰਥੀ ਉਨ੍ਹਾਂ ਨੂੰ ‘ਲਵ ਬਰਡਜ਼’ ਕਹਿ ਕੇ ਛੇੜਦੇ ਸਨ, ਪਰ ਉਨ੍ਹਾਂ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਸੀ। ਉਹ ਤਾਂ ਇਵੇਂ ਇੱਕ ਦੂਜੇ ਦੇ ਹੋ ਚੁੱਕੇ ਸਨ, ਜਿਵੇਂ ਧੁਰ-ਦਰਗਾਹੋਂ ਹੀ ਉਨ੍ਹਾਂ ਦਾ ਮਿਲਣ ਲਿਖਿਆ ਹੋਵੇ! ਪਰ ਫੇਰ ਵੀ ਉਹ ਇੱਕ-ਦੂਜੇ ਦੇ ਸਾਥ ਤੋਂ ਰੱਜਦੇ ਨਹੀਂ ਸਨ ਤੇ ਇੱਕ-ਦੂਜੇ ਨਾਲ ਹਮੇਸ਼ਾਂ ਰਹਿਣਾ ਲੋਚਦੇ ਸਨ। ਰਾਤਾਂ ਦੀ ਖਾਮੋਸ਼ੀ ਵਿੱਚ ਉਹ ਇੱਕ-ਦੂਜੇ ਦੀਆਂ ਬਾਂਹਵਾਂ ਵਿੱਚ ਲਿਪਟ ਕੇ ਜਿਸਮ ਤੇ ਰੂਹ ਦਾ ਸੰਗੀਤ ਸੁਣਨਾ ਚਾਹੁੰਦੇ ਸਨ, ਪਰ ਇਸ ਚੰਦਰੇ ਜ਼ਮਾਨੇ ਦਾ ਕੀ। ਬਿਨਾਂ ਵਿਆਹ ਦੇ ਉਹ ਇੱਕ-ਦੂਜੇ ਨਾਲ ਕਿਵੇਂ ਰਹਿ ਸਕਦੇ ਸਨ? ਨਾਲੇ ਅਜੇ ਉਹ ਪੜ੍ਹ ਵੀ ਤਾਂ ਰਹੇ ਸਨ। ਉਨ੍ਹਾਂ ਦੇ ਘਰ ਦੇ ਕਦੇ ਵੀ ਨਹੀਂ ਮੰਨਣਗੇ।

ਪਰ ਠਾਠਾਂ ਮਾਰਦਾ ਪਿਆਰ ਦਾ ਸਮੁੰਦਰ ਠੱਲ੍ਹ ਨਹੀਂ ਰਿਹਾ ਸੀ। ਉਸ ਵਿੱਚ ਉੱਠਦੀਆਂ ਲਹਿਰਾਂ ਹੋਰ ਉੱਚੀਆਂ ਹੋ ਰਹੀਆਂ ਸਨ। ਆਪਣੇ ਚੰਨ ਨੂੰ ਮਿਲਣ ਲਈ ਤੜਪਦੀਆਂ, ਅਰਮਾਨਾਂ ਦੀ ਅੱਗ ਵਿੱਚ ਪਿਘਲਦੀਆਂ। ਪਰ ਉਹ ਆਪਣੇ ਚੰਨ ਤੱਕ ਨਹੀਂ ਸਨ ਅੱਪੜ ਸਕਦੀਆਂ।

‘ਕਾਸ਼! ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮੇਰਾ ਮਿਰਜ਼ੇ ਵਰਗਾ ਯਾਰ ਫਿਰੇ...ਤੇ ਮੈਂ ਦੌੜ ਕੇ ਉਸ ਨੂੰ ਚਿੰਬੜ ਜਾਵਾਂ, ਉਸ ਦੀ ਬੱਕੀ ’ਤੇ ਸਵਾਰ ਹੋ ਕੇ ਉਸ ਨਾਲ ਕਿਤੇ ਦੂਰ ਨਿਕਲ ਜਾਵਾਂ, ਹਰਿਆਲੀਆਂ ਵਾਦੀਆਂ ਵਿੱਚ, ਜਿੱਥੇ ਸਿਰਫ਼-ਤੇ-ਸਿਰਫ਼ ਅਸੀਂ ਦੋਵੇਂ ਹੀ ਹੋਈਏ!’ ਉਹ ਸੋਚਦੀ ਤੇ ਲੋਚਦੀ ਹੁੰਦੀ ਸੀ, ਪਰ ਉਸ ਨੂੰ ਖ਼ਬਰ ਨਹੀਂ ਸੀ ਕਿ ਸੱਚਮੁੱਚ ਬਹੁਤ ਜਲਦੀ ਹੋ ਉਸ ਦੀ ਖ਼ਾਹਿਸ਼ ਪੂਰੀ ਹੋਣ ਵਾਲੀ ਹੈ।

ਇੱਕ ਦਿਨ ਉਹ ਦੋਵੇਂ ਘੁੰਮਦੇ-ਘੁਮਾਉਂਦੇ ਸ਼ਹਿਰ ਤੋਂ ਬਾਹਰ ਨਿਕਲ ਆਏ। ਦੂਰ ਜਿੱਥੇ ਇੱਕ ਨਦੀ ਕਲ-ਕਲ ਵਹਿੰਦੀ ਸੀ, ਜਿੱਥੋਂ ਨੀਲੀਆਂ ਪਹਾੜੀਆਂ ਦਿਖਦੀਆਂ ਸਨ। ਉਹ ਪਿਆਰ ਦੇ ਨਾਲ ਇੱਕ-ਦੂਜੇ ਦੀਆਂ ਬਾਹਵਾਂ ਵਿੱਚ ਬਾਹਾਂ ਪਾਈ ਮਦਹੋਸ਼ ਹੋ ਕੇ ਬੈਠੇ ਸਨ, ਜਦੋਂ ਉਨ੍ਹਾਂ ਨੇ ਦੂਰ ਇੱਕ ਸ਼ੀਸ਼ੇ ਵਰਗੀ ਚੀਜ਼ ਵੇਖੀ। ਉਹ ਜਿਵੇਂ ਮੰਤਰਮੁਗਧ ਹੋਏ ਉਸ ਵੱਲ ਖਿੱਚੇ ਚਲੇ ਗਏ। ਕੋਲ ਜਾਣ ’ਤੇ ਪਤਾ ਲੱਗਿਆ ਕਿ ਉਸ ਰੌਸ਼ਨੀ, ਜਿਸ ਵਿੱਚੋਂ ਨੂਰ ਦੇ ਝਲਕਾਰੇ ਪੈਂਦੇ ਸਨ, ਦੇ ਪਿੱਛੇ ਜਿਵੇਂ ਕੋਈ ਸੁਰੰਗ ਸੀ। ਉਸ ਵੱਲ ਖਿੱਚੇ ਹੋਏ ਉਹ ਨੂਰ ਨੂੰ ਪਾਰ ਕਰਕੇ ਸੁਰੰਗ ਦੇ ਅੰਦਰ ਚਲੇ ਗਏ। ਦੂਜੇ ਪਾਸੇ ਇੱਕ ਅਜੀਬ ਜਿਹਾ ਸੰਸਾਰ ਸੀ। ਖੂਬਸੂਰਤ ਵਾਦੀਆਂ, ਫੁੱਲਾਂ ਨਾਲ ਭਰੀਆਂ ਹੋਈਆਂ, ਚਹਿਚਹਾਉਂਦੇ ਪੰਛੀ। ਅਸਮਾਨ ਅਤਿ ਨੀਲਾ ਸੀ। ਇੱਕ ਅਲੌਕਿਕ ਨਜ਼ਾਰਾ ਸੀ, ਜਿਸ ਨੂੰ ਬਿਆਨ ਕਰਨਾ ਬਹੁਤ ਔਖਾ ਸੀ। ਇੱਕ-ਦੂਜੇ ਦੀਆਂ ਬਾਹਵਾਂ ਵਿੱਚ ਮਦਹੋਸ਼ ਉਹ ਕੁਦਰਤ ਦੇ ਉਸ ਬਿਸਮ ਭਰੇ ਨਜ਼ਾਰੇ ਨੂੰ ਅੱਡੀਆਂ ਅੱਖਾਂ ਨਾਲ ਵੇਖਦੇ ਹੀ ਰਹਿ ਗਏ। ਜਦੋਂ ਥੋੜ੍ਹਾ ਹੋਸ਼ ਆਇਆ ਤਾਂ ਉਹ ਇੱਕ-ਦੂਜੇ ਨੂੰ ਨਿਹਾਰਨ ਲੱਗੇ।

‘ਕੀ ਤੂੰ ਵੀ ਓਹੀ ਸੋਚ ਰਿਹਾ ਏਂ, ਜੋ ਮੈਂ?’

‘ਕੀ?’

‘ਇਹੋ ਕਿ ਅਸੀਂ ਇੱਥੇ ਹੀ ਰਹਿ ਜਾਈਏ। ਆਪਣੀ ਦੁਨੀਆ ਤੋਂ ਦੂਰ। ਜਿੱਥੇ ਹੋਰ ਕੋਈ ਨਾ ਹੋਵੇ। ਬਸ ਸਿਰਫ਼ ਤੂੰ ਤੇ ਮੈਂ ਹੀ ਹੋਈਏ!’

‘ਹਾਂ, ਬਿਲਕੁਲ ਅਜਿਹਾ ਹੋ ਜਾਵੇ ਤਾਂ ਮੈਂ ਸਮਝਾਂਗਾ ਕਿ ਮੈਨੂੰ ਸਵਰਗ ਮਿਲ ਗਿਆ। ਸਵਰਗ ਤੇ ਤੂੰ ਮੇਰੇ ਨਾਲ, ਹੋਰ ਕੁਝ ਨਹੀਂ ਚਾਹੀਦਾ।’

‘ਓਹੋ!’ ਇੰਨਾ ਕਹਿ ਕੇ ਪ੍ਰੀਤ ਨੇ ਪ੍ਰੇਮ ਨਾਲ ਘੁੱਟ ਕੇ ਜੱਫੀ ਪਾ ਲਈ। ਦੋਵਾਂ ਦੇ ਅੰਦਰ ਅਨਹਦ ਆਨੰਦ ਦੀਆਂ ਲਹਿਰਾਂ ਫੈਲ ਗਈਆਂ। ਕਿੰਨੀ ਦੇਰ ਉਹ ਇੱਕ-ਦੂਜੇ ’ਚ ਗੁੰਮ ਰਹੇ ਤੇ ਆਪਣੇ ਆਸ ਪਾਸ ਦੇ ਖੂਬਸੂਰਤ ਸੰਸਾਰ ਨੂੰ ਵੀ ਭੁੱਲ ਗਏ। ਹੋਸ਼ ਆਉਣ ’ਤੇ ਉਹ ਅੱਗੇ ਟੁਰਨ ਲੱਗੇ। ਜੰਗਲ ਖਤਮ ਹੋਣ ’ਤੇ ਉਹ ਇੱਕ ਸ਼ਹਿਰ ਵਿੱਚ ਪਹੁੰਚ ਗਏ। ਬਹੁਤ ਹੀ ਅਨੋਖਾ ਸ਼ਹਿਰ, ਤਰ੍ਹਾਂ-ਤਰ੍ਹਾਂ ਦੇ ਮਕਾਨ ਤੇ ਬਾਜ਼ਾਰ ਸਨ, ਪਰ ਉਨ੍ਹਾਂ ਨੂੰ ਕੋਈ ਵੀ ਮਨੁੱਖ ਜਾਂ ਜਨੌਰ ਨਜ਼ਰ ਨਹੀਂ ਆਇਆ। ਉਹ ਥੋੜ੍ਹੀ ਦੇਰ ਸ਼ਹਿਰ ਵਿੱਚ ਘੁੰਮਦੇ ਰਹੇ। ਚਿੱਟੀ ਦੁਪਹਿਰ ਸੀ, ਪਰ ਉੱਥੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਘੁੰਮਦੇ-ਘੁਮਾਉਂਦੇ ਉਹ ਇੱਕ ਇਮਾਰਤ ’ਤੇ ਚੜ੍ਹ ਗਏ ਜੋ ਕਿ ਘੰਟਾਘਰ ਸੀ। ਘੰਟਾਘਰ ਦੇ ਉੱਪਰ ਬੈਠ ਕੇ ਉਹ ਸ਼ਹਿਰ ਦਾ ਨਜ਼ਾਰਾ ਵੇਖਣ ਲੱਗੇ। ਬਹੁਤ ਹੀ ਸੁੰਦਰ ਸ਼ਹਿਰ ਸੀ, ਪਰ ਕਿਸੇ ਆਦਮਜਾਤ ਜਾਂ ਜਾਨਵਰ ਤੋਂ ਸੱਖਣਾ!

‘ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸ਼ਹਿਰ ਵਿੱਚ ਕੋਈ ਵੀ ਬਸ਼ਿੰਦਾ ਨਹੀਂ!’

‘ਚਲੋ, ਅਸੀਂ ਕੀ ਲੈਣਾ।’ ਪ੍ਰੀਤ ਉਸ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਬੋਲੀ - ‘ਤੇਰਾ ਸਾਥ ਹੀ ਬਹੁਤ ਹੈ!’

ਉਹ ਕਾਫ਼ੀ ਥੱਕ ਚੁੱਕੇ ਸਨ ਤੇ ਦੋਵਾਂ ਦੀ ਆਪ-ਮੁਹਾਰੇ ਹੀ ਅੱਖ ਲੱਗ ਗਈ। ਜਦੋਂ ਉਨ੍ਹਾਂ ਨੂੰ ਜਾਗ ਆਈ ਤਾਂ ਸ਼ਾਮ ਹੋ ਚੁੱਕੀ ਸੀ। ਉਹ ਕਿੰਨੇ ਘੰਟੇ ਸੌਂਦੇ ਰਹੇ।

‘ਮੈਨੂੰ ਤਾਂ ਭੁੱਖ ਲੱਗੀ ਹੈ। ਚੱਲ ਹੇਠਾਂ ਜਾ ਕੇ ਵੇਖਦੇ ਹਾਂ।’

‘ਠੀਕ ਹੈ।’

ਝਿਮ-ਝਿਮ ਚਮਕਦੀਆਂ ਰੌਸ਼ਨੀਆਂ ਨਾਲ ਸਾਰਾ ਬਾਜ਼ਾਰ ਸਜਿਆ ਹੋਇਆ ਸੀ। ਉਨ੍ਹਾਂ ਨੂੰ ਇੱਕ ਮਠਿਆਈਆਂ ਦੀ ਦੁਕਾਨ ਨਜ਼ਰ ਆਈ, ਜਿੱਥੇ ਸ਼ਾਨਦਾਰ ਮਠਿਆਈਆਂ ਸਨ ਜੋ ਦੇਖਣ ਨੂੰ ਬਹੁਤ ਸੁਆਦੀ ਲੱਗ ਰਹੀਆਂ ਸਨ। ਪਰ ਉੱਥੇ ਵੀ ਕੋਈ ਨਹੀਂ ਸੀ।

‘ਕੀ ਕੋਈ ਹੈ?’ ਪ੍ਰੀਤ ਉੱਚੀ ਦੇਣੀ ਬੋਲੀ, ਪਰ ਕੋਈ ਆਵਾਜ਼ ਨਹੀਂ ਆਈ।

‘ਮੈਂ ਤਾਂ ਮਠਿਆਈਆਂ ਖਾਵਾਂਗੀ।’

‘ਠਹਿਰ ਜਾ!’ ਪ੍ਰੇਮ ਨੇ ਉਸ ਨੂੰ ਰੋਕਦਿਆਂ ਕਿਹਾ ‘ਕਿਤੇ ਜ਼ਹਿਰੀਲੀਆਂ ਨਾ ਹੋਣ। ਪਹਿਲਾਂ ਮੈਂ ਖਾ ਕੇ ਵੇਖਦਾ ਹਾਂ।’

‘ਨਹੀਂ, ਪਹਿਲਾਂ ਮੈਂ ਖਾ ਕੇ ਵੇਖਦੀ ਹਾਂ। ਜੇ ਤੈਨੂੰ ਕੁਝ ਹੋ ਗਿਆ!’

‘ਨਹੀਂ, ਜੇ ਤੈਨੂੰ ਕੁਝ ਹੋ ਗਿਆ।’

‘ਨਹੀਂ ਮੈਂ।’

ਇਸ ਤਰ੍ਹਾਂ ਮੈਂ-ਮੈਂ ਕਰਦੇ ਉਹ ਕਿੰਨੀ ਦੇਰ ਬਹਿਸਦੇ ਰਹੇ।

‘ਚਲੋ ਦੋਵੇਂ ਅੱਧੀ-ਅੱਧੀ ਖਾਂਦੇ ਹਾਂ।’

‘ਚੱਲ, ਠੀਕ ਹੈ।’

ਉਨ੍ਹਾਂ ਨੇ ਕਾਜੂ ਬਰਫ਼ੀ ਦੀ ਇੱਕ ਟੁਕੜੀ ਅੱਧੀ-ਅੱਧੀ ਖਾ ਲਈ, ਪਰ ਉਹ ਮਿੱਠੀ ਨਹੀਂ ਸੀ, ਸਗੋਂ ਬੇਸੁਆਦੀ ਜਿਹੀ ਸੀ। ਪਰ ਉਨ੍ਹਾਂ ਨੂੰ ਤਾਂ ਭੁੱਖ ਲੱਗੀ ਹੋਈ ਸੀ। ਬਾਅਦ ਵਿੱਚ ਉਨ੍ਹਾਂ ਨੇ ਸ਼ਰਬਤ ਦਾ ਇੱਕ-ਇੱਕ ਗਲਾਸ ਵੀ ਪੀਤਾ, ਪਰ ਕਿਸੇ ਵੀ ਚੀਜ਼ ਵਿੱਚ ਕੋਈ ਵੀ ਅਸਲੀ ਸੁਆਦ ਨਹੀਂ ਸੀ। ਖਾ ਪੀ ਕੇ ਉਹ ਤ੍ਰਿਪਤ ਹੋ ਗਏ ਤੇ ਉਹ ਇਵੇਂ ਵਿਚਰਨ ਲੱਗੇ ਜਿਵੇਂ ਉਨ੍ਹਾਂ ਨੂੰ ਨਸ਼ਾ ਚੜ੍ਹ ਗਿਆ ਹੋਵੇ! ਉਹ ਸ਼ਹਿਰ ਦੀਆਂ ਗਲੀਆਂ ਵਿੱਚ ਫਿਰਨ ਲੱਗੇ ਤੇ ਉੱਚੀ-ਉੱਚੀ ਲਲਕਾਰੇ ਮਾਰ ਕੇ ਆਪਣੇ ਮਨ ਅੰਦਰਲਾ ਗ਼ੁਬਾਰ ਕੱਢਣ ਲੱਗੇ।

‘ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ!’ ਪ੍ਰੀਤ ਨੂੰ ਗੀਤ ਦੇ ਬੋਲ ਯਾਦ ਆ ਰਹੇ ਸਨ। ਉਹ ਉੱਚੀ-ਉੱਚੀ ਗੁਣਗੁਣਾਉਣ ਲੱਗੀ।

‘ਇਹ ਪੰਜਾਬ ਦੇ ਸੰਗੀਤ ਦੀ ਦੇਣ ਰਾਗ ਪੀਲੂ ਵਿੱਚ ਮਿਰਜ਼ਾ ਹੈ!’

ਫੇਰ ਉਹ ਪ੍ਰੇਮ ਨਾਲ ਜੱਫੀ ਪਾਉਂਦਿਆਂ ਬੋਲੀ - ‘ਮੈਂ ਹਮੇਸ਼ਾਂ ਹੀ ਚਾਹੁੰਦੀ ਸੀ ਕਿ ਮੈਂ ਤੇ ਤੂੰ ਇਕੱਲੇ ਹੋਈਏ। ਅੱਜ ਸਾਨੂੰ ਸੁਨਹਿਰੀ ਮੌਕਾ ਮਿਲਿਆ ਹੈ, ਚੱਲ, ਇਨ੍ਹਾਂ ਸੁੰਨੀਆਂ ਗਲ਼ੀਆਂ ਵਿੱਚ ਪਿਆਰ ਕਰੀਏ। ਇੱਥੇ ਦੂਰ-ਦੂਰ ਤੱਕ ਕੋਈ ਵੀ ਨਹੀਂ।’

‘ਨਹੀਂ...।’ ਪ੍ਰੇਮ ਉਸ ਨੂੰ ਮਨ੍ਹਾ ਕਰਦਿਆਂ ਬੋਲਿਆ। ਉਸ ਨੂੰ ਅਜੇ ਥੋੜ੍ਹਾ ਹੋਸ਼ ਸੀ, ‘ਸਾਨੂੰ ਹੁਣ ਇੱਥੋਂ ਵਾਪਸ ਚੱਲਣਾ ਚਾਹੀਦਾ ਹੈ।’

‘ਨਹੀਂ, ਕੱਲ੍ਹ ਚੱਲਾਂਗੇ।’

‘ਫਿਰ ਅੱਜ ਕਿੱਥੇ ਸੋਵਾਂਗੇ?’

‘ਓਹੀ ਘੰਟਾਘਰ ਦੇ ਉੱਪਰ। ਉੱਥੇ ਅਸੀਂ ਸੁਰੱਖਿਅਤ ਵੀ ਹੋਵਾਂਗੇ, ਜੇ ਕੋਈ ਆ ਗਿਆ।’

‘ਲੱਗਦਾ ਨ੍ਹੀਂ ਇੱਥੇ ਕੋਈ ਆਏਗਾ। ਇੰਝ ਲੱਗ ਰਿਹਾ ਕਿ ਜਿਵੇਂ ਭੂਤੀਆ ਸ਼ਹਿਰ ਹੋਵੇ, ਪਰ ਅਜਿਹੇ ਸ਼ਹਿਰ ਵਾਰੇ ਕਦੀਂ ਨਹੀਂ ਸੁਣਿਆ। ਕੀ ਅਸੀਂ ਆਪਣੇ ਦੇਸ਼ ਵਿੱਚ ਹੀ ਹਾਂ ਜਾਂ ਕਿਸੇ ਹੋਰ ਦੇਸ਼ ਵਿੱਚ, ਕਿਸੇ ਹੋਰ ਗ੍ਰਹਿ ਉੱਤੇ ਜਾਂ ਫਿਰ ਸਮਾਂਤਰ ਹਕੀਕਤ ਵਿੱਚ!’

‘ਮੈਨੂੰ ਕੀ ਪਤਾ? ਮੈਨੂੰ ਤਾਂ ਬਸ ਇਹੀ ਪਤਾ ਹੈ ਕਿ ਤੂੰ ਮੇਰੇ ਨਾਲ ਏਂ।’ ਪ੍ਰੀਤ ਘੰਟਾਘਰ ਦੀਆਂ ਪੌੜੀਆਂ ਚੜ੍ਹਦਿਆਂ ਬੋਲੀ।

‘ਚੱਲ, ਅੱਜ ਦੀ ਰਾਤ ਯਾਦਗਾਰੀ ਬਣਾ ਦੇਈਏ।’ ਪ੍ਰੀਤ ਨੇ ਪ੍ਰੇਮ ਦਾ ਬੋਸਾ ਲੈਂਦਿਆਂ ਕਿਹਾ। ਉਸ ਦੇ ਆਪਣੇ ਸਰੀਰ ਵਿੱਚੋਂ ਵੀ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਉੱਤੇ ਜਿਵੇਂ ਕੋਈ ਨਸ਼ਾ ਜਿਹਾ ਛਾ ਰਿਹਾ ਸੀ। ਕੀ ਉਹ ਪਿਆਰ ਜਾਂ ਵਾਸਨਾ ਦਾ ਨਸ਼ਾ ਸੀ ਜਾਂ ਫਿਰ ਖਾਣੇ ਦੇ ਵਿੱਚ ਕੁਝ ਸੀ! ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ, ਪਰ ਉਸ ਨੂੰ ਇਸ ਦੀ ਰਤਾ ਵੀ ਪਰਵਾਹ ਨਹੀਂ ਸੀ, ਉਸ ਨੂੰ ਤਾਂ ਬਸ ਸਿਰਫ਼ ਪ੍ਰੇਮ ਦਾ ਨਿੱਘਾ ਸਾਥ ਚਾਹੀਦਾ ਸੀ।

‘ਮੈਨੂੰ ਅੱਜ ਦੀ ਰਾਤ ਆਪਣੀਆਂ ਬਾਹਵਾਂ ਦੀ ਆਗ਼ੋਸ਼ ਵਿੱਚ ਸਮਾ ਲੈ, ਮੈਨੂੰ ਇੰਨਾ ਪਿਆਰ ਕਰ ਤੇ ਇਸ ਰਾਤ ਨੂੰ ਯਾਦਗਾਰੀ ਬਣਾ ਦੇ! ਇਹ ਰਾਤ ਖੌਰੇ ਮੁੜ ਕੇ ਆਉਣੀ ਵੀ ਹੈ ਕਿ ਨਹੀਂ, ਅੱਜ ਦੀ ਰਾਤ ਗਹਿਰੀ ਨੀਂਦ ਤੋਂ ਜਗਾ ਲੈ ਮੈਨੂੰ!’

ਪ੍ਰੇਮ ਨੇ ਪ੍ਰੀਤ ਦੇ ਭਖਦੇ ਮੁੱਖ ਨੂੰ ਦੇਖਿਆ ਜੋ ਸੁਰਖ ਲਾਲ ਹੋ ਚੁੱਕਾ ਸੀ। ਉਸ ਨੇ ਬੜੇ ਸੰਜਮ ਤੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ।

‘ਅੱਜ ਦੀ ਰਾਤ ਬਸ ਇੰਨਾ ਹੀ। ਪਹਿਲਾਂ ਅਸੀਂ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝਾਂਗੇ।’

‘ਪਤਾ ਨਹੀਂ ਸਾਡਾ ਵਿਆਹ ਹੋਵੇਗਾ ਵੀ ਕਿ ਨਹੀਂ? ਮੇਰੇ ਘਰ ਦੇ ਪਤਾ ਨਹੀਂ ਮੰਨਣਗੇ ਵੀ ਕਿ ਨਹੀਂ? ਮੇਰਾ ਭਰਾ ਬਹੁਤ ਡਾਹਢਾ ਹੈ, ਤੈਨੂੰ ਜਾਨੋਂ ਮਾਰ ਦੇਵੇਗਾ। ਦੇਖ, ਕਿੰਨੀ ਚਾਂਦਨੀ ਰਾਤ ਹੈ, ਪੂਰਨਮਸ਼ੀ, ਓਹ ਦੇਖ ਅੱਜ ਇਸ ਸੁਪਨ ਲੋਕ ਵਿੱਚ ਬੜਾ ਅਜਬ ਚੰਦ ਚੜ੍ਹਿਆ ਹੈ। ਹੌਲੀ-ਹੌਲੀ ਅਕਾਸ਼ ਵਿੱਚ ਉੱਚਾ ਚੜ੍ਹਦਾ, ਹੋਰ ਪ੍ਰਜਵਲਿਤ ਹੁੰਦਾ ਹੋਇਆ, ਚਾਂਦੀ ਰੰਗੀ ਚਮਕ ਵਿਖੇਰਦਾ ਹੋਇਆ, ਠੰਢੀ ਠੰਢੀ ਮਿੱਠੀ ਮਿੱਠੀ ਚਾਨਣੀ ਲੈ ਕੇ, ਧੁਰ-ਅਕਾਸ਼ ਵਿੱਚ ਉੱਪਰ ਚੜ੍ਹ ਰਿਹਾ ਹੈ, ਸ਼ਾਇਦ ਆਪਣੇ ਹਮਸਫ਼ਰ ਨੂੰ ਲੱਭ ਰਿਹਾ ਹੈ...ਪਰ ਮੇਰਾ ਹਮਸਫ਼ਰ ਤਾਂ ਮੇਰੇ ਕੋਲ ਹੈ। ਚੱਲ ਅਸੀਂ ਚੰਨ ਚਾਨਣੀ ਰਾਤ ਆਪਣੇ ਜਿਸਮਾਂ ਅੰਦਰ ਭਰੀਏ।’

‘ਝੱਲੀਏ, ਪਿਆਰ ਬਸ ਜਿਸਮਾਂ ਤੱਕ ਹੀ ਸੀਮਤ ਨਹੀਂ ਹੁੰਦਾ। ਇਸ਼ਕ ਮਜ਼ਾਜੀ ਨਹੀਂ ਇਸ਼ਕ ਹਕੀਕੀ ਹੁੰਦਾ ਹੈ। ਸਾਡਾ ਪਿਆਰ ਇੰਨਾ ਕਮਜ਼ੋਰ ਨਹੀਂ ਕਿ ਰਤਾ ਸਬਰ ਵੀ ਨਾ ਕਰ ਸਕੇ। ਜਿਵੇਂ ਸ਼ਾਇਰ ਗ਼ੁਲਜ਼ਾਰ ਕਹਿੰਦਾ ਹੈ, ਪਿਆਰ ਤਾਂ ਇੱਕ ਅਹਿਸਾਸ ਹੈ ਜੋ ਰੂਹ ਨਾਲ ਮਹਿਸੂਸ ਹੁੰਦਾ ਹੈ। ਇਸ ਨੂੰ ਸਿਰਫ਼ ਪਿਆਰ ਹੀ ਰਹਿਣ ਦੇਣਾ ਚਾਹੀਦਾ ਹੈ ਹੋਰ ਕੋਈ ਨਾਮ ਨਹੀਂ ਦੇਣਾ ਚਾਹੀਦਾ...ਪਿਆਰ ਤਾਂ ਨੂਰ ਦੀ ਬੂੰਦ ਹੈ ਜੋ ਸਦੀਆਂ ਤੋਂ ਵਹਿ ਰਹੀ ਹੈ। ਪਰ ਸਾਨੂੰ ਇਹ ਨੂਰ ਅੱਜ ਬ੍ਰਹਿਮੰਡ ਦੇ ਇਸ ਕੋਨੇ ਵਿੱਚ ਨਜ਼ਰ ਪਿਆ ਹੈ। ਜਿਸਮਾਂ ਦੀ ਭੁੱਖ ਤਾਂ ਬਾਹਰੀ ਦਿਖਾਵਾ ਹੈ, ਮਾਇਆ ਹੈ! ਅਸੀਂ ਇਸ ਮਾਇਆ ਦੇ ਤਿਲਸਮ ਵਿੱਚ ਨਹੀਂ ਫਸਣਾ। ਅਸੀਂ ਤਾਂ ‘ਉਸ’ ਨੂਰ ਨੂੰ ਸਿਜਦਾ ਕਰ ਕੇ ਆਪਣੇ ਅੰਦਰ ਵਸਾਉਣਾ ਹੈ।’

ਉਸ ਨੇ ਇੱਕ ਪਲ ਪ੍ਰੀਤ ਵੱਲ ਵੇਖਿਆ, ਉਹ ਉਸ ਦੀਆਂ ਮਿੱਠੀਆਂ ਬਾਤਾਂ ਸੁਣਦਿਆਂ ਸੌਂ ਚੁੱਕੀ ਸੀ। ਉਸ ਨੇ ਸੁੱਖ ਦਾ ਸਾਹ ਲਿਆ ਤੇ ‘ਉਸ’ ਨੂਰ ਦਾ ਸ਼ੁਕਰ ਕਰਦਿਆਂ ਸੌਂ ਗਿਆ।

ਉਸ ਰਾਤ ਪ੍ਰੀਤ ਨੂੰ ਬੜਾ ਡਰਾਉਣਾ ਸੁਪਨਾ ਆਇਆ। ਉਸ ਦੇ ਭਰਾ ਨੇ ਉਸ ਨੂੰ ਪ੍ਰੇਮ ਨਾਲ ਮਿਲਦਿਆਂ ਫੜ ਲਿਆ ਤੇ ਉਹ ਜਲਦੀ ਨਾਲ ਆਪਣੇ ਮਿੱਤਰ ਲੈ ਆਇਆ, ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ਤੇ ਉਨ੍ਹਾਂ ਨੇ ਪ੍ਰੇਮ ’ਤੇ ਹੱਲਾ ਬੋਲ ਦਿੱਤਾ, ਉਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ।...ਤੇ ਉਹ ਘਬਰਾ ਕਿ ਉੱਠ ਗਈ। ਪ੍ਰੇਮ ਆਰਾਮ ਨਾਲ ਸੌਂ ਰਿਹਾ ਸੀ। ਉਸ ਨੇ ਸ਼ੁਕਰ ਮਨਾਇਆ ਕਿ ਪ੍ਰੇਮ ਠੀਕ ਹੈ। ਬਸ ਉਸੇ ਵਕਤ ਉਸ ਨੇ ਸੋਚ ਲਿਆ ਕਿ ਉਹ ਆਪਣੀ ਮਾਂ ਨਾਲ ਗੱਲ ਕਰੇਗੀ।

ਘੰਟਾਘਰ ਦੀ ਘੜੀ ਨੇ ਦਿਨ ਦੇ ਸੱਤ ਵਜਾਏ ਤਾਂ ਉਨ੍ਹਾਂ ਦੀ ਜਾਗ ਖੁੱਲ੍ਹ ਗਈ। ਉਹ ਉੱਠ ਕੇ ਵਾਪਸ ਜਾਣ ਦੀ ਤਿਆਰੀ ਕਰਨ ਲੱਗੇ।

‘ਮੈਂ ਪੂਰੀ ਰਾਤ ਤੇਰੇ ਨਾਲ ਬਾਹਰ ਰਹੀ ਹੈ ਹਾਂ, ਮਾਂ, ਪਿਤਾ ਜੀ ਤੇ ਮੇਰਾ ਭਰਾ ਕੀ ਸੋਚ ਰਹੇ ਹੋਣਗੇ।’ ਉਸ ਨੇ ਡਰਦਿਆਂ ਪ੍ਰੇਮ ਨੂੰ ਕਿਹਾ।

‘ਕੁਝ ਨਹੀਂ ਹੁੰਦਾ, ਤੂੰ ਫਿਕਰ ਨਾ ਕਰ ਤੇ ਸੱਚ ਦੱਸ ਦੇਵੀਂ!’

‘ਇਹ ਪਤਾ ਨਹੀਂ ਸੁਪਨਾ ਹੈ ਜਾਂ ਮਾਇਆ ਜਾਂ ਸਮਾਂਤਰ ਹਕੀਕਤ ਜਾਂ ਕੁਝ ਹੋਰ, ਪਰ ਇਹ ਸਾਡੇ ਲਈ ਨਹੀਂ ਹੈ।’ ਪ੍ਰੇਮ ਨੇ ਕਿਹਾ। ਜਿਸ ਰਸਤੇ ਉਹ ਗਏ ਸੀ ਉਸੇ ਰਸਤੇ ਵਾਪਸ ਜੰਗਲ ਵਿੱਚ ਤੇ ਫਰ ਉਸ ਨੂਰੀ ਝਰਨੇ ਦੇ ਕੋਲ ਪੁੱਜ ਗਏ।

...ਤੇ ਫਿਰ ਉਸ ਨੂੰ ਪਾਰ ਕਰਕੇ ਉਹ ਵਾਪਸ ਆਪਣੇ ਸੰਸਾਰ ਵਿੱਚ ਆ ਗਏ, ਪਰ ਉਨ੍ਹਾਂ ਨੇ ਘੜੀ ਦੇਖਦਿਆਂ ਨੋਟ ਕੀਤਾ ਕਿ ਉਹ ਵਾਪਸ ਉਸੇ ਦਿਨ ਵਿੱਚ ਸਨ ਜਿਸ ਵਿੱਚ ਗਏ ਸੀ, ਤੇ ਉਨ੍ਹਾਂ ਨੂੰ ਗਿਆਂ ਅਜੇ ਸਿਰਫ਼ ਕੁਝ ਘੰਟੇ ਹੀ ਹੋਏ ਸਨ। ਹੁਣ ਸ਼ਾਮ ਦਾ ਸਮਾਂ ਸੀ। ਹੁਣ ਪ੍ਰੀਤ ਨੂੰ ਕੋਈ ਡਰ ਨਹੀਂ ਲੱਗ ਰਿਹਾ ਸੀ।

ਉਸ ਰਾਤ ਪ੍ਰੀਤ ਨੇ ਚੰਗਾ ਸਮਾਂ ਵੇਖ ਕੇ ਆਪਣੀ ਮਾਂ ਨੂੰ ਪ੍ਰੇਮ ਵਾਰੇ ਸੱਚ ਦੱਸ ਦਿੱਤਾ। ਉਸ ਦੀ ਮਾਤਾ ਜੀ ਨੇ ਉਸ ਨੂੰ ਤੱਸਲੀ ਦਿੱਤੀ ਤੇ ਉਸ ਦੇ ਪਿਤਾ ਜੀ ਨਾਲ ਗੱਲ ਕਰਨ ਦਾ ਜਲਦੀ ਹੀ ਵਚਨ ਦਿੱਤਾ ਤੇ ਇਹ ਵੀ ਕਿਹਾ ਕਿ ਉਹ ਹੁਣ ਕੁਝ ਦਿਨ ਪ੍ਰੇਮ ਨਾਲ ਨਾ ਮਿਲੇ।

ਇਸ ਤਰ੍ਹਾਂ ਸਮਾਂ ਬੀਤ ਗਿਆ। ਇੱਕ ਦਿਨ ਉਸ ਦੇ ਮਾਤਾ ਜੀ ਨੇ ਉਸ ਦੇ ਪਿਤਾ ਜੀ ਨਾਲ ਗੱਲ ਕਰ ਲਈ ਤੇ ਉਸ ਦੀ ਹੈਰਾਨੀ ਤੇ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਉਸ ਦੇ ਪਿਤਾ ਜੀ ਮੰਨ ਗਏ। ਉਨ੍ਹਾਂ ਨੇ ਉਸ ਦੇ ਭਰਾ ਨੂੰ ਵੀ ਦੱਸ ਦਿੱਤਾ ਤੇ ਪ੍ਰੇਮ ਦੇ ਮਾਤਾ-ਪਿਤਾ ਨਾਲ ਮਿਲਣ ਦਾ ਪ੍ਰੋਗਰਾਮ ਵੀ ਬਣਾਇਆ। ਉਸ ਦਾ ਭਰਾ ਪ੍ਰੇਮ ਨੂੰ ਜਾਣਦਾ ਸੀ ਤੇ ਉਹ ਪ੍ਰੇਮ ਦੇ ਚੰਗੇ ਤੇ ਸ਼ਾਂਤ ਸੁਭਾਅ ਤੋਂ ਬਹੁਤ ਪ੍ਰਭਾਵਤ ਸੀ। ਇਸ ਕਰਕੇ ਉਹ ਵੀ ਝੱਟ ਮੰਨ ਗਿਆ।

‘ਉਸ’ ਨੂਰ ਦੀ ਮਿਹਰ ਨਾਲ ਦੋਵੇਂ ਪਰਿਵਾਰ ਖ਼ੁਸ਼ੀ-ਖ਼ੁਸ਼ੀ ਇਸ ਰਿਸ਼ਤੇ ਲਈ ਮੰਨ ਗਏ ਤੇ ਜਲਦੀ ਹੀ ਉਨ੍ਹਾਂ ਨੇ ਪ੍ਰੀਤ ਤੇ ਪ੍ਰੇਮ ਦੀ ਮੰਗਣੀ ਕਰ ਦਿੱਤੀ ਤੇ ਵਿਆਹ ਉਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੇ ਚੰਗੀ ਨੌਕਰੀ ਲੱਗਣ ਤੋਂ ਬਾਆਦ ਕਰਨਾ ਨਿਸ਼ਚਿਤ ਕੀਤਾ।

ਕੁਝ ਸਾਲਾਂ ਬਾਅਦ - ਅੱਜ ਪ੍ਰੀਤ ਦੁਲਹਨ ਦੇ ਜੋੜੇ ਵਿੱਚ ਸਜੀ ਹੋਈ ਸੀ। ਬਾਹਰ ਗਲੀ ਵਿੱਚ ਬੈਂਡ ਦੀ ਮਨਮੋਹਕ ਧੁਨੀ ਕੰਨੀਂ ਪਈ ਤੇ ਉਸ ਦੀਆਂ ਸਹੇਲੀਆਂ ਬਾਹਰ ਬਰਾਤ ਦੇਖਣ ਲਈ ਭੱਜੀ ਗਈਆਂ। ਉਹ ਕਮਰੇ ’ਚ ਇਕੱਲੀ ਹੀ ਰਹੀ ਗਈ। ਉਹ ਸੋਚਣ ਲੱਗੀ ਕਿ ਉਹ ਕਿੰਨਾ ਗ਼ਲਤ ਸੋਚਦੀ ਸੀ ਕਿ ‘ਗਲੀਆਂ ਹੋਵਣ ਸੁੰਨੀਆਂ’, ਗਲੀਆਂ ਤਾਂ ਆਪਣਿਆਂ ਨਾਲ ਭਰੀਆਂ ਹੋਣੀਆਂ ਚਾਹੀਦੀਆਂ ਹਨ, ਆਪਣੇ ਜੋ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All