ਵਿਜੈ ਬੰਬੇਲੀ
ਬਕੌਲ ਗ਼ਦਰੀ ਸੋਹਣ ਸਿੰਘ ਭਕਨਾ, ‘‘ਖਰੇ ਇਨਕਲਾਬੀ ਦਾ ਸੰਘਰਸ਼ ਚਾਹੇ ਉਹ ਬਾਹਰ ਹੋਵੇ ਜਾਂ ਜੇਲ੍ਹ ਅੰਦਰ, ਕਦੇ ਖ਼ਤਮ ਨਹੀਂ ਹੁੰਦਾ। ਕਿਉਂਕਿ ਉਸ ਦਾ ਮੁਕਾਬਲਾ ਗੁਲਾਮੀ ਤੇ ਅਨਿਆਂ ਨਾਲ ਹੁੰਦਾ ਹੈ।’’ ਇਹੀ ਉਹ ਦ੍ਰਿੜ-ਪਾਠ ਸੀ ਜਿਸ ਨਾਲ ਉਨ੍ਹਾਂ ਗੁਲਾਮੀ, ਬੇ-ਇਨਸਾਫ਼ੀ ਅਤੇ ਮਨੁੱਖੀ ਹੱਕ-ਹਕੂਕਾਂ ਖਾਤਰ ਜੇਲ੍ਹ ਦੇ ਬਾਹਰ ਵੀ ਅਤੇ ਅੰਦਰ ਵੀ ਜੰਗ ਲੜੀ। ਇੱਥੇ ਅਸੀਂ ਉਨ੍ਹਾਂ ਵੱਲੋਂ ਜੇਲ੍ਹਾਂ ਵਿੱਚ ਕੀਤੀਆਂ ਗਈਆਂ ਭੁੱਖ ਹੜਤਾਲਾਂ ਦੀ ਬਾਤ ਪਾਵਾਂਗੇ।
ਬਿਨਾਂ ਸ਼ੱਕ ਉਨ੍ਹਾਂ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਕਈ ਸੂਰਮਿਆਂ ਨੇ ਭੁੱਖ ਹੜਤਾਲਾਂ ਕੀਤੀਆਂ ਪਰ ਬਾਬਾ ਭਕਨਾ ਦੀਆਂ ਭੁੱਖ ਹੜਤਾਲਾਂ ਦੇ ਆਪਣੇ ਮਾਇਨੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜਿੰਨੀਆਂ ਸੱਤ ਭੁੱਖ ਹੜਤਾਲਾਂ ਹਾਲੇ ਤੱਕ ਕਿਸੇ ਦੇ ਵੀ ਹਿੱਸੇ ਨਹੀਂ ਆਈਆਂ।
ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਨੂੰ 24 ਗ਼ਦਰੀ ਸਾਥੀਆਂ ਸਮੇਤ 13 ਸਤੰਬਰ 1915 ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਹੋਰ 27 ਨੂੰ ਉਮਰ ਕੈਦ ਕਾਲੇ ਪਾਣੀ ਅਤੇ 6 ਜਣਿਆਂ ਨੂੰ ਹੋਰ ਸਜ਼ਾਵਾਂ ਹੋਈਆਂ। ਸਭ ਦੀ ਜਾਇਦਾਦ ਅਤੇ ਘਰ-ਘਾਟ ਜ਼ਬਤੀ ਤੱਕ ਦੇ ਹੁਕਮ ਸਾਦਰ ਕੀਤੇ ਗਏ। ਚਾਰ ਮੁਲਜ਼ਮ ਬਰੀ ਕਰ ਦਿੱਤੇ ਗਏ, 16 ਮਫ਼ਰੂਰ ਕਰਾਰ। ਕੁੱਲ 77 ਗ਼ਦਰੀਆਂ ’ਤੇ ਮੁਕੱਦਮਾ ਚੱਲਿਆ, ਜਿਹੜਾ ਲਾਹੌਰ ਸਾਜਿਸ਼ ਕੇਸ, ਮੁੱਕਦਮਾ ਪਹਿਲਾ ਵਜੋਂ ਮਸ਼ਹੂਰ ਹੋਇਆ।
ਜਿਨ੍ਹਾਂ 24 ਗ਼ਦਰੀਆਂ ਨੂੰ ਫ਼ਾਂਸੀ ਦਾ ਹੁਕਮ ਸੁਣਾਇਆ ਗਿਆ, ੳਨ੍ਹਾਂ ਵਿਚ 18 ਵਰ੍ਹਿਆਂ ਦੇ ਕਰਤਾਰ ਸਿੰਘ ਸਰਾਭਾ ਅਤੇ ਵਿਸ਼ਨੂੰ ਗਣੇਸ਼ ਪਿੰਗਲੇ (28 ਵਰ੍ਹੇ) ਸਮੇਤ ਸੋਹਣ ਸਿੰਘ ਭਕਨਾ ਵੀ ਸੀ। ਮਗਰੋਂ 11 ਨਵੰਬਰ 1915 ਨੂੰ ਵਾਇਸਰਾਏ ਲਾਰਡ ਹਾਰਡਿੰਗ ਵੱਲੋਂ 17 ਗ਼ਦਰੀਆਂ ਦੀ ਫ਼ਾਂਸੀ ਉਮਰ ਕੈਦ ’ਚ ਤਬਦੀਲ ਕਰ ਦਿੱਤੀ ਗਈ। ਜਿਹੜੇ ਉਮਰ ਕੈਦੀ ਹੋਏ, ਉਨ੍ਹਾਂ ਵਿਚ ਸੋਹਣ ਸਿੰਘ ਭਕਨਾ ਵੀ ਇੱਕ ਸਨ। ਫ਼ਾਂਸੀ ਸ਼ਹੀਦ ਹੋਣ ਵਾਲੇ ਯੋਧੇ ਸਨ; ਕਰਤਾਰ ਸਿੰਘ ਸਰਾਭਾ (ਲੁਧਿਆਣਾ), ਸੁਰੈਣ ਸਿੰਘ ਉਰਫ਼ ਸੁਰਜਨ ਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ, ਹਰਨਾਮ ਸਿੰਘ ਭੱਟੀ (ਸਿਆਲਕੋਟ), ਜਗਤ ਸਿੰਘ ਸੁਰ ਸਿੰਘ (ਲਾਹੌਰ) ਅਤੇ ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰਾ)।
ਭਕਨਾ ਜੀ ਆਪਣੇ ਸਾਥੀਆਂ ਨਾਲ ਦਸੰਬਰ 1915 ’ਚ ਅੰਡੇਮਾਨ ਸੈਲੂਅਰ ਜੇਲ੍ਹ (ਕਾਲੇਪਾਣੀ) ਪੁੱਜੇ, ਜਿੱਥੇ ਕਈ ਦੇਸ਼ ਭਗਤ (ਬਹੁਤੇ ਬੰਗਾਲੀ) ਪਹਿਲਾਂ ਹੀ ਬੰਦ ਸਨ। ਘਰੋਂ ਬੇਹੱਦ ਦੂਰ, ਚਾਰੇ ਪਾਸੇ ਸਮੁੰਦਰ, ਬਾਹਰੀ ਦੁਨੀਆਂ ਦੇ ਸੰਪਰਕ ਤੋਂ ਵਾਂਝਾ, ਨਾ-ਖੁਸ਼ਗਵਾਰ ਮੌਸਮ, ਸਹੂਲਤਾਂ ਨਾ-ਮਾਤਰ, ਮਾੜੀ ਖ਼ੁਰਾਕ ਅਤੇ ਡਾਢੀ ਮੁਸ਼ੱਕਤ। ਗੱਲ ਕੀ, ਘੋਰ ਨਰਕ। ਸਿੱਟੇ ਵਜੋਂ ਕਈ ਕੈਦੀ ਆਤਮ ਹੱਤਿਆ ਕਰ ਲੈਂਦੇ ਜਾਂ ਘਟੀਆ ਜਿਉਣ ਹਾਲਾਤ ਕਾਰਨ ਮਰ ਜਾਂਦੇ। ਹਰ ਮਹੀਨੇ ਇੱਕ-ਦੋ ਅਜਿਹੇ ਹਾਦਸੇ ਹੋ ਜਾਂਦੇ। ਉਪਰੋਂ ਜੇਲ੍ਹ ਅਧਿਕਾਰੀਆਂ ਵੱਲੋਂ ਬੇ-ਇੱਜ਼ਤੀ। ਕਰੀਬ-ਕਰੀਬ ਇਹੀ ਉਹ ਕਾਰਨ ਅਤੇ ਵਤੀਰੇ ਸਨ, ਜਿਹੜੇ ਗਾਹੇ-ਬਗਾਹੇ ਮੁਸ਼ੱਕਤ ਇਨਕਾਰੀ ਜਾਂ ਭੁੱਖ-ਹੜਤਾਲ ਦਾ ਕਾਰਨ ਬਣਦੇ।
ਪਹਿਲੀ ਭੁੱਖ ਹੜਤਾਲ: ਭਕਨਾ ਅਨੁਸਾਰ, ‘‘… ਪੁੱਜਦਿਆਂ ਸਾਰ ਸਾਥੀਆਂ ਵਿਚਾਰ ਕੀਤੀ, ਕੀ ਨੀਤੀ ਅਪਣਾਈ ਜਾਵੇ। ਫ਼ੈਸਲਾ ਹੋਇਆ ਕਿ ਮੁਸ਼ੱਕਤ ਤਾਂ ਕੀਤੀ ਜਾਵੇ ਪਰ ਉਹੀ ਜਿਹੜੀ ਇਨਸਾਨੀ ਤਾਕਤ ਦੇ ਸਾਵੀਂ ਹੋਵੇ। ਨਾਜਾਇਜ਼ ਦਬਾਅ ਦਾ ਮੁਕਾਬਲਾ ਅਰਥਾਤ ਇਨਕਾਰ ਹੋਵੇ। ਪਰ ਜੇਲ੍ਹਰ ਨੇ ਤਾਂ ਗੈਰ-ਕਾਨੂੰਨੀ ਠਾਣੀ ਹੋਈ ਸੀ, ਉਸ ਭਾਈ ਪਰਮਾਨੰਦ ਲਾਹੌਰ ਅਤੇ ਪਰਮਾਨੰਦ ਝਾਂਸੀ ਨੂੰ ਹੱਥ ’ਚ ਕਰਨਾ ਚਾਹਿਆ। ਪਰਮਾਨੰਦ ਝਾਂਸੀ ਅਜੇ ਬੱਚਾ ਅਤੇ ਵੇਖਣ ’ਚ ਵੀ ਕਮਜ਼ੋਰ ਜਾਪਦਾ ਸੀ। ਜੇਲ੍ਹਰ ਮਿਸਟਰ ਬੇਰੀ ਦਾ ਖ਼ਿਆਲ ਸੀ ਕਿ ਉਨ੍ਹਾਂ ’ਤੇ ਦਬਾਅ ਪਾ ਕੇ ਸੂਹੀਏ ਦਾ ਕੰਮ ਲਿਆ ਜਾਵੇ। ਅਗਲੇ ਦਿਨ ਪਰਮਾਨੰਦ ਝਾਂਸੀ ਨੂੰ ’ਕੱਲੇ ਨੂੰ ਹੀ ਲੰਬੜਦਾਰ ਜੇਲ੍ਹਰ ਕੋਲ ਲੈ ਗਿਆ। ਪੈਂਦੀ ਸੱਟੇ ਉਸ ਨੇ ਪਰਮਾਨੰਦ ਨੂੰ ਗਾਹਲ ਕੱਢੀ, ਪਰਮਾਨੰਦ ਵੀ ਪੈ ਨਿੱਕਲਿਆ। ਜੇਲ੍ਹਰ ਮੁੱਕਾ ਮਾਰਨ ਲਈ ਅਹੁਲਿਆ ਪਰ ਚੁਸਤ ਪਰਮਾਨੰਦ ਨੇ ਉਸ ਦੀ ਗੋਗੜ ’ਤੇ ਲੱਤ ਜੜ ਦਿੱਤੀ। ਜੇਲ੍ਹ ਵਿਚ ਹਵਾ ਫ਼ੈਲ ਗਈ, ਕੈਦੀ ਬੜੇ ਖ਼ੁਸ਼ ਹੋਏ ਕਿਉਂਕਿ ਜੇਲ੍ਹਰ ਖ਼ੁਦ ਨੂੰ ਜੇਲ੍ਹ ਦਾ ਖ਼ੁੰਖ਼ਾਰ-ਖ਼ੁਦਾ ਸਮਝਦਾ ਸੀ। ਪਰਮਾਨੰਦ ਝਾਂਸੀ ਨੂੰ ਬੈਂਤਾ ਦੀ ਸਜ਼ਾ ਦਿੱਤੀ ਗਈ ਜੋ ਉਸ ਨੰਗੇ ਪਿੰਡੇ ਬਹਾਦਰੀ ਨਾਲ ਸਹੀ। ਅਸਾਂ ਸਾਰਿਆਂ ਨੇ ਜੇਲ੍ਹਰ ਦੀ ਸ਼ਰਾਰਤੀ-ਪਹਿਲਕਦਮੀ ਅਤੇ ਬੇਕਿਰਕ-ਸਜ਼ਾ ਵਿਰੁੱਧ ਕੰਮ ਦੀ ਹੜਤਾਲ ਕਰ ਦਿੱਤੀ।’’
‘‘ਲੱਗਦੇ ਹੱਥ ਦੂਜਾ ਵਾਕਿਆ ਭਾਨ ਸਿੰਘ ਸਨੇਤ ਦਾ ਵਾਪਰਿਆ ਜਿਹੜਾ ਕੈਨੇਡਾ ਤੋ ਪਰਤਿਆ, ਥੋੜੀ-ਬਹੁਤੀ ਅੰਗਰੇਜ਼ੀ ਬੋਲ-ਸਮਝ ਲੈਣ ਵਾਲਾ ਦੇਸ਼ ਭਗਤ ਸੀ। ਭਾਨ ਸਿੰਘ ਸਜ਼ਾਵਾਂ ਭੁਗਤਦਾ, ਗ਼ਦਰੀ ਅਤੇ ਜੋਸ਼ੀਲੀਆਂ ਕਵਿਤਾਵਾਂ ਗੁਣਗੁਣਾਉਂਦਾ। ਇੱਕ ਦਿਨ ਜੇਲ੍ਹਰ ਲਾਮ-ਲਸ਼ਕਰ ਸਮੇਤ ਉਸ ਨੂੰ ਬੁਰਾ-ਭਲਾ ਆਖਣ ਲੱਗਾ। ਭਾਨ ਸਿੰਘ ਨੇ ਸਖ਼ਤ ਰੋਸ ਪ੍ਰਗਟ ਕੀਤਾ। ਮਗਰੋਂ, ਮੌਕਾ ਵੇਖ ਜੇਲ੍ਹਰ ਨੇ ਉਸ ਨੂੰ ਇੰਨਾ ਕੁਟਵਾਇਆ ਕਿ ਉਹ ਬੇਹੋਸ਼ ਹੋ ਗਿਆ। ਜੇਲ੍ਹ ਹਸਪਤਾਲ ਵਿਚ ਵੀ ਸੁਨੇਤ ਦੀ ਹਾਲਤ ਦਿਨੋ-ਦਿਨ ਖ਼ਰਾਬ ਹੋਣ ਲੱਗੀ। ਸਭ ਪੰਜਾਬੀ ਅਤੇ ਨਵੇਂ ਬੰਗਾਲੀ ਕੈਦੀਆਂ ਸਮੇਤ ਕੁੱਝ ਪੁਰਾਣੇ ਰਾਜਸੀ ਕੈਦੀਆਂ ਨੇ ਵੀ ਕੰਮ-ਹੜਤਾਲ ਕਰ ਦਿੱਤੀ। ਹਾਲਤ ਹੋਰ ਵਿਗੜਨ ਮਗਰੋਂ ਕਈ ਹੋਰ ਸਾਥੀਆਂ ਨੇ ਕੰਮ-ਬੰਦੀ ਜਾਂ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਚ ਪੰ. ਰਾਮ ਰੱਖਾ ਸਸੋਲੀ (ਹੁਸ਼ਿਆਰਪੁਰ) ਵੀ ਸ਼ਾਮਿਲ ਸੀ। ਅਖ਼ੀਰ ਭਾਈ ਭਾਨ ਸਿੰਘ ਦੀ ਮੌਤ ਹੋ ਗਈ ਅਤੇ ਰਾਮ ਰੱਖਾ ਵੀ ਹਠੀ, ਲੰਬੀ ਅਤੇ ਅਣਖੀ ਭੁੱਖ ਹੜਤਾਲ ਦੀ ਲਗਾਤਾਰਤਾ ਮਗਰੋਂ ਸ਼ਹੀਦੀ ਪਾ ਗਏ। ਮਗਰੋਂ ਜੇਲ੍ਹ ਵਾਲੇ ਝੁਕ ਗਏ। ਇਹ ਵਾਕਿਆ 1918 ਦਾ ਹੈ।’’
ਦੂਜੀ ਭੁੱਖ ਹੜਤਾਲ: ਆਸ਼ੂਤੋਸ਼ ਲਹਿਰੀ, ਬੰਗਾਲੀ ਨੌਜਵਾਨ ਸੀ, ਐੱਮ.ਏ ਪਾਸ। ਨਿਯਮਾਂ ਅਨੁਸਾਰ ਜ਼ਿਆਦਾ ਪੜ੍ਹਿਆਂ ਨੂੰ ਵੀ ਵਿਸ਼ੇਸ਼ ਸਹੂਲਤਾਂ ਸਨ ਪਰ ਇੱਥੇ ਸਭ ਇੱਕੋ-ਰੱਸੇ। ਸੁਪਰੀਟੈਂਡੈਂਟ ਮਰੇ ਵੀ ਜੇਲ੍ਹਰ ਵਰਗਾ। ਛੇ ਮਾਹ ਦੀ ਅਰਜੋਈ ਮਗਰੋਂ ਆਸ਼ੂਤੋਸ਼ ਨੇ ਕੰਮ-ਹੜਤਾਲ ਕਰ ਦਿੱਤੀ, ਇਵਜ਼ ’ਚ ਤੀਹ ਬੈਂਤਾਂ ਦੀ ਸਜ਼ਾ, ਪਿੱਠ ਦਾ ਮਾਸ ਤੂੰਬਾ-ਤੂੰਬਾ ਉੱਡਿਆ। ਲਹਿਰੀ ਲਹੂ-ਲੁਹਾਨ ਪਰ ਸੂਰਮੇ ਨੇ ਸੀ ਤੱਕ ਨਾ ਕੀਤੀ। ਡਟਿਆ ਰਿਹਾ, ਸਾਰੇ ਕੈਦੀ ਤਿਲਮਿਲਾ ਉੱਠੇ। ਭਕਨਾ ਅਨੁਸਾਰ, ਉਦੋਂ ਹੀ ਮਾਸਟਰ ਚਤਰ ਸਿੰਘ ਵਾਲੀ ਘਟਨਾ ਘਟੀ। ਜਿਹੜੇ ਖ਼ਾਲਸਾ ਸਕੂਲ ਅੰਮ੍ਰਿਤਸਰ ਦੇ ਦੇਸ਼ ਭਗਤ ਮਾਸਟਰ ਸਨ। ਅੰਗਰੇਜ਼ ਪ੍ਰਿੰਸੀਪਲ ਨੂੰ ਮਾਰਨ ਦੀ ‘ਸਾਜ਼ਿਸ਼’ ਤਹਿਤ ਕਾਲੇਪਾਣੀ ਤੋਰ ਦਿੱਤੇ ਗਏ। ਛੇ ਫੁੱਟ ਲੰਮੇ ਖੂਬਸੂਰਤ ਜਵਾਨ ਨੂੰ ਮਿਸਟਰ ਬੇਰੀ ਕਹਿਰੀ ਹੋ ਟੱਕਰਿਆ। ਇਸ ਦੇ ਅਣਖੀ-ਜਲੌਅ ਨੂੰ ਦੂਜੇ ਚੰਡਾਲ ਮੇਜਰ ਮਰੇ ਦੀ ਬਦੌਲਤ ਖੜ੍ਹੇ-ਲੱਤੀ ਪਿੰਜਰਾ-ਬੰਦ ਸਜ਼ਾ ਮਿਲੀ, ਉਹ ਵੀ ਅਣਮਿੱਥੇ ਸਮੇਂ ਲਈ। ਕੈਦੀ ਤੜਫ਼ ਉੱਠੇ, ਤਿੰਨ ਸਾਲ ਮਗਰੋਂ ਮਾਸਟਰ ਜੀ ਕਰੰਗ ਬਣ ਗਏ। ਦੂਰ ਬੰਦ ਹੋਣ ਕਾਰਨ ਪਹਿਲਾਂ ਪੂਰਾ ਪਤਾ ਨਹੀਂ ਸੀ ਲੱਗਾ। ਸਿਰਫ਼ ਪਿੱਛ ਪੱਚਦੀ, ਪਤਾ ਲੱਗਾ ਕਿ ਕਦੇ ਵੀ ਮਰ ਸਕਦੇ ਹਨ। ਸੁਣ ਬਹੁਤ ਦੁੱਖ ਲੱਗਾ। ਮੈਂ ਜੇਲ੍ਹ ਨੂੰ ਲਲਕਾਰ ਦਿੱਤਾ, ‘‘ਮੇਜਰ ਬਾਰਕਰ ਮੇਰੀ ਹੁਣ ਤੋਂ ਭੁੱਖ਼ ਹੜਤਾਲ। ਜੇ ਚਤਰ ਸਿੰਘ ਦੀ ਲਾਸ਼ ਪਿੰਜਰੇ ’ਚੋਂ ਨਿੱਕਲੀ ਤਾਂ ਮੈਂ ਵੀ ਉਸ ਦੇ ਰਾਹ ’ਤੇ ਤੁਰਾਂਗਾ।’’ ਕੁੱਝ ਹੋਰ ਵੀ ਆ ਰਲੇ। ਭੁੱਖ ਹੜਤਾਲ ਨੂੰ ਜਦ ਦੋ ਮਾਹ ਬੀਤ ਗਏ ਤਾਂ ਜੇਲ੍ਹ ਝੁੱਕ ਗਈ। ‘ਜਮਾਤ-ਕਰਾਮਾਤ’, ਮਾਸਟਰ ਜੀ ਨੂੰ ਪਿੰਜਰੇ ’ਚੋਂ ਬਾਹਰ ਕੱਢ ਦਿੱਤਾ ਗਿਆ। ਕੁੱਝ ਹੋਰ ਮੰਗਾਂ ਵੀ ਮੰਨੀਆਂ ਗਈਆਂ। ਇਹ ਮੇਰੀ ਦੂਜੀ ਭੁੱਖ ਹੜਤਾਲ ਸੀ।’’
‘‘…ਅਖ਼ੀਰ ਜਿਸ ਸੰਗਰਾਮ ਵਿਚ ਸੱਤ ਦੇਸ਼ ਭਗਤ (ਭਾਨ ਸਿੰਘ ਸੁਨੇਤ, ਰੁਲੀਆ ਸਿੰਘ ਸਰਾਭਾ, ਨੰਦ ਸਿੰਘ ਬੁਰਜ, ਕੇਹਰ ਸਿੰਘ ਮਰਹਾਣਾ, ਰਾਮ ਰੱਖਾ ਆਦਿ) ਦੀਆਂ ਅਹੁਤੀਆਂ ਪਾਉਣ ਤੋਂ ਬਿਨਾਂ ਸਾਲਾਂ ਬੱਧੀ ਪਿੰਜਰਾ-ਬੰਦੀ, ਛੇ-ਛੇ ਮਾਹ ਦੀ ਖੜ੍ਹੀ ਹੱਥਕੜੀ, ਪੈਰੀਂ ਬੇੜੀਆਂ, ਘੱਟ ਤੇ ਘਟੀਆ ਖਾਣਾ, ਸਖ਼ਤ-ਬੈਂਤ ਸਜ਼ਾਵਾਂ ਮਗਰੋਂ ਲੰਮੀਆਂ ਭੁੱਖ-ਹੜਤਾਲਾਂ ਸਾਹਮਣੇ ਗ਼ਦਰੀਆਂ ਅਤੇ ਹੋਰ ਦੇਸ਼ ਭਗਤਾਂ ਤੇ ਕੈਦੀਆਂ ਨੇ ਸਿਰੜ ਪੁਗਾਇਆ। ਇਸ ਪਿੱਛੋਂ ਇਨ੍ਹਾਂ ਕੁਰਬਾਨੀਆਂ ਅਤੇ ਚੁਫੇਰਿਓਂ ਉੱਠੀ ਆਵਾਜ਼ ਕਾਰਨ ਅੰਡੇਮਾਨ ਜੇਲ੍ਹ ਤੋੜ ਦਿੱਤੀ ਗਈ ਅਤੇ ਸੈਂਕੜੇ ਹੋਰ ਕੈਦੀਆਂ ਸਮੇਤ ਸਾਨੂੰ 1921 ’ਚ ਗ਼ਦਰੀਆਂ ਨੂੰ ਵੀ ਭਾਰਤੀ ਜੇਲ੍ਹਾਂ ਵੱਲ ਤੋਰ ਦਿੱਤਾ।’’
ਤੀਜੀ ਭੁੱਖ ਹੜਤਾਲ: ਭਕਨਾ ਮੁਤਾਬਿਕ, ‘‘ਸਾਨੂੰ ਕੋਇਮ ਬਾਟੋਰ (ਮਦਰਾਸ) ਜੇਲ੍ਹ ਵਿਚ ਪਹੁੰਚਦਿਆਂ ਕੁੱਝ ਸਾਤੇ ਹੀ ਹੋਏ ਸਨ ਕਿ ਖ਼ਿਲਾਫ਼ਤ ਅਤੇ ਕਾਂਗਰਸੀ ਅੰਦੋਲਨ ਦੇ ਮੋਪਲਾ ਕੈਦੀ ਸਾਡੇ ਨਾਲ ਆ ਢੁਕੇ। ਮੋਪਲਾ ਅੰਦੋਲਨਕਾਰੀਆਂ ਤੇ ਬੰਦੀਆਂ ’ਤੇ ਜ਼ੁਲਮ ਨੂੰ ਕਲਕੱਤੇ ਦੇ ਬਲੈਕ ਹੋਲ ਕਾਂਡ ਤੋਂ ਵੀ ਵੱਧ ਘਿਨਾਉਣਾ ਮੰਨਿਆ ਗਿਆ। ਭਾਈ ਜਵਾਲਾ ਸਿੰਘ ਸਾਡਾ ਲਾਂਗਰੀ-ਇੰਚਾਰਜ ਸੀ। ਨਰਮ ਦਿਲ ਜਵਾਲਾ ਸਿੰਘ ਚੋਰੀ-ਛਿਪੇ, ਮੋਪਲਾ ਬਾਲ-ਕੈਦੀਆਂ ਨੂੰ ਖਾਣ-ਵਸਤਾਂ ਦੇਣ ਲੱਗਾ। ਸਿੱਟੇ ਵਜੋਂ ਜੇਲ੍ਹ ਸੁਪਰੀਟੈਂਡ ਨੇ ਉਸ ਦੇ ਨੰਗੇ ਪਿੰਡੇ ’ਤੇ ਕਰੂਰ-ਬੈਂਤਾ ਮਰਵਾਈਆਂ। ਅਸਾਂ ਰੋਸ ਵਜੋਂ ਕੰਮ-ਬੰਦੀ ਕਰ ਦਿੱਤੀ, ਸਾਨੂੰ ਯਰਵਦਾ (ਪੁਣੇ) ਜੇਲ੍ਹ ਭੇਜ ਦਿੱਤਾ। ਪਰ ਉੱਥੇ ਸਾਨੂੰ ਕਛਹਿਰੇ-ਪਗੜੀਆਂ ਦੀ ਥਾਂ ਨਿੱਕਰ-ਟੋਪੀ ਪਹਿਨਣ ਦਾ ਹੁਕਮ ਆਇਆ। ਅਸੀਂ ਬਥੇਰਾ ਪਹਿਲੇ ਫ਼ੈਸਲੇ ਅਤੇ ਚਲਨ ਦੱਸੇ ਪਰ ਜੇਲ੍ਹ ਵਾਲੇ ਟੱਸ ਨਾ ਮੱਸ। ਸਾਡੇ ਪਹਿਲਾਂ ਪਹਿਨੇ ਜਾਂ ਕੋਲ ਵਾਲੇ ਕੱਪੜੇ ਖ਼ੋਹਣ ਲੱਗੇ। ਅਸੀਂ ਹੜਤਾਲੀ ਹੋ ਗਏ। ਮਗਰੋਂ ਉੱਥੇ ਹੋਰ ਸਿੱਖ ਬੰਦੀਆਂ ਸਮੇਤ ਪਰਮਾਨੰਦ ਝਾਂਸੀ (ਯੂ ਪੀ) ਅਤੇ ਹਿਰਦੇ ਰਾਮ ਮੰਡੀ (ਹਿਮਾਚਲ) ਸਮੇਤ ਜੋ 13 ਸਾਥੀ ਉੱਥੇ ਆਏ, ਨੇ ਵੀ ਹੜਤਾਲ ਕਰ ਦਿੱਤੀ। ਜੇਲ੍ਹ ਵਾਲਿਆਂ ਹਿੰਦੂ ਗ਼ਦਰੀਆਂ ਨੂੰ ਕਿਹਾ ਕਿ ਕਛਹਿਰਾ-ਪਗੜੀ ਤਾਂ ਸਿੱਖ-ਆਸਥਾ ਹੈ ਪਰ ਗ਼ਦਰੀ ਅਸੂਲ ‘ਜਾਤ-ਧਰਮ ਤਾਂ ਸਿਰਫ਼ ਨਿੱਜ ਦੇਸ਼-ਏਕਤਾ ਸਮੂਹ’ ਨੇ ਰੰਗ ਵਿਖਾਇਆ, ਜਿਸ ਵਿਚ ਪੰਡਤ ਜਗਤ ਰਾਮ, ਤ੍ਰਿਲੋਕੀ ਨਾਥ ਚੱਕਰਵਰਤੀ, ਮੁਸਤਫ਼ਾ ਹੁਸੈਨ, ਅਲੀ ਅਹਿਮਦ ਆਦਿ ਵੀ ਰੰਗੇ ਹੋਏ ਸਨ। ਸਾਡੀ ਜਾਚੇ ‘ਅਸਲੀ ਧਰਮ ਚਿੰਨ੍ਹਾ ਵਿਚ ਨਹੀਂ ਹੁੰਦਾ, ਮਾਨਵਵਾਦ-ਇੰਨਕਲਾਬ ਵਿਚ ਹੁੰਦਾ ਹੈ।’ ਸੋ ਲਗਾਤਾਰ ਇੱਕ ਮਹੀਨੇ ਦੀ ਸਰਬ-ਸਾਂਝੇ ਕਾਜ ਲਈ, ਸਰਬ-ਸਾਂਝੀ ਭੁੱਖ ਹੜਤਾਲ ਮਗਰੋਂ ਸਾਡੀ ਜਿੱਤ ਹੋਈ।’’
ਚੌਥੀ ਭੁੱਖ ਹੜਤਾਲ: ‘‘ਜਦ ਭਗਤ ਸਿੰਘ ਅਤੇ ਸਾਥੀਆਂ ’ਤੇ ਮੁਕੱਦਮਾ ਚਲਾਉਣ ਲਈ ਸੈਂਟਰਲ ਜੇਲ੍ਹ ਲਾਹੌਰ ਲਿਆਂਦਾ ਗਿਆ ਤਾਂ ਮੈਂ ਉੱਥੇ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਰਾਜਸੀ ਕੈਦੀਆਂ ਲਈ ਸਪੈਸ਼ਲ ਕਲਾਸ ਬਣਾਉਣ ਦੀ ਮੰਗ ਕੀਤੀ, ਜਿਹੜੀ ਜਾਇਜ਼ ਵੀ ਸੀ। ਮੰਨੇ ਨਾ ਜਾਣ ’ਤੇ ਉਨ੍ਹਾਂ ਸਭ ਨੇ ਭੁੱਖ ਹੜਤਾਲ ਕਰ ਦਿੱਤੀ। ਅਸਾਂ ਗ਼ਦਰੀ ਵੀ ਭੁੱਖ-ਹੜਤਾਲੀ ਹੋ ਗਏ। ਸਿੱਟੇ ਵਜੋਂ ਰਾਜਸੀ ਕੈਦੀਆਂ ਦੇ ਏ-ਬੀ-ਸੀ ਤਿੰਨ ਦਰਜੇ ਬਣੇ, ਜਿਹੜੇ ਮਨੁੱਖੀ ਬਰਾਬਰਤਾ ਕਾਰਨ ਪੂਰੇ ਤਰਕਸੰਗਤ ਤਾਂ ਨਹੀਂ ਸਨ ਪਰ ਫ਼ਿਰ ਵੀ ਉਹ ਸਾਡੀ ਹੀ ਜਿੱਤ ਸੀ।’’ ਬਕੌਲ ਭਕਨਾ ਇਹ ਮੇਰੀ ਚੌਥੀ ਭੁੱਖ਼ ਹੜਤਾਲ ਸੀ। ਉਹ ਲਿੱਖਦੇ-ਦੱਸਦੇ ਹਨ, ‘‘ਹਾਂ, ਇਸ ਤੋਂ ਪਹਿਲਾਂ ਏਸੇ ਜੇਲ੍ਹ ਵਿਚ ਮੈਂ ਇੱਕ ਛੋਟੀ ਜਿਹੀ ਹੋਰ ਭੁੱਖ ਹੜਤਾਲ ਕੀਤੀ ਸੀ। ਕਾਰਨ ਇਹ ਸੀ ਕਿ ਗੈਰ-ਸਿਆਸੀ ਜੱਟ-ਸਿੱਖ ਕੈਦੀ ਦਲਿਤ ਕੈਦੀਆਂ ਨੂੰ ਪੰਗਤ ਵਿਚ ਨਹੀਂ ਸੀ ਬੈਠਣ ਦਿੰਦੇ, ਜਿਹੜਾ ਮਨੁੱਖੀ ਕਦਰਾਂ-ਕੀਮਤਾਂ ਵਿਰੋਧੀ ਸੀ। ਮੈਂ ’ਕੱਲਾ ਹੀ ਡਟ ਗਿਆ, ਪੰਦਰਾਂ ਕੁ ਦਿਨਾਂ ਦਾ ਮਰਨ ਵਰਤ, ਉਹ ਵੀ ਅਤੇ ਜੇਲ੍ਹ ਵਾਲੇ ਵੀ ਮੰਨ ਗਏ। ਜ਼ਾਹਰਾ ਹੀ ਸਹੀ ਪਰ ਛੂਆ-ਛਾਤ, ਹੈਂ-ਹੁੰ ਖ਼ਤਮ ਹੋ ਗਈ।’’
ਪੰਜਵੀਂ ਭੁੱਖ ਹੜਤਾਲ: ਭਕਨਾ ਜੀ ਅਨੁਸਾਰ, ‘‘ਜਦ ਮੇਰੀ ਤਾਰੀਖ਼ੀ ਕੈਦ ਗੁਜ਼ਰ ਗਈ, ਅਰਥਾਤ 20 ਸਾਲਾਂ ਦੀ ਉਮਰ ਕੈਦ ਦੇ ਇਵਜ਼ ਲਗਾਤਾਰ 16 ਸਾਲੀਂ, ਤਾਂ ਰਿਹਾਈ ਨਾ ਹੋਈ। ਦਰ-ਹਕੀਕਤ, ਹਾਕਮੈ ਬਦਨੀਤ ਸੀ, ਕਈ ਕਾਰਨੀ, ਉਹ ਮੈਨੂੰ ਜੇਲ੍ਹ ਵਿਚ ਹੀ ਮਾਰਨਾ ਚਾਹੁੰਦੇ ਸਨ। ਅਪਰੈਲ 1930 ’ਚ ਮੈਂ ਭੁੱਖ ਹੜਤਾਲ ਦਾ ਨੋਟਿਸ ਦੇ ਦਿੱਤਾ। ਜਦ ਭੁੱਖ ਹੜਤਾਲ ਦੇ ਦੋ ਮਹੀਨੇ ਬੀਤ ਗਏ, ਉਮਰ ਵਡੇਰੀ ਸੀ ਤਦ ਖ਼ਤਰਾ ਮਹਿਸੂਸਦਿਆਂ ਮੈਨੂੰ ਮਿਓ ਹਸਪਤਾਲ ਭਰਤੀ ਕਰਾ ਦਿੱਤਾ। ਮੈਂ ਦਵਾਈ-ਦਾਰੂ ਤੋਂ ਵੀ ਅੜ ਗਿਆ। ਸਰਕਾਰ ਸ਼ਰਤੀਆ ਰਿਹਾਈ ਲਈ ਸਹਿਮਤ ਹੋ ਗਈ ਪਰ ਮੈਂ ਨਾ ਮੰਨਿਆ। ਸਰੀਰਕ ਹਾਲਤ ਵਿਗੜਨ ’ਤੇ ਪ੍ਰੈਸ ਅਤੇ ਕੌਮੀ ਸਿਆਸਤ ਨੇ ਹਾਅ ਦਾ ਨਾਹਰਾ ਮਾਰਿਆ, ਜੁਲਾਈ 1930, ਕਰੀਬ 90 ਦਿਨਾਂ ਦੀ ਭੁੱਖ-ਹੜਤਾਲ ਬਦੌਲਤ ਮੇਰੀ ਰਿਹਾਈ ਹੋ ਗਈ।’’
ਛੇਵੀਂ ਭੁੱਖ ਹੜਤਾਲ: ਬਕੌਲ ਭਕਨਾ ਜੀ, ‘‘1939 ’ਚ ਅੰਗਰੇਜ਼ੀ ਸਰਕਾਰ ਨੇ ਕੁੱਝ ਦੇਸ਼-ਭਗਤਾਂ ਨੂੰ ਕਾਲੇਪਾਣੀ ਕੂਚ ਦਾ ਹੁਕਮ-ਸਾਦਰ ਕੀਤਾ। ਸਿੱਟੇ ਵਜੋਂ, ਭਾਈ ਗੁਰਮੁੱਖ ਸਿੰਘ ਅਤੇ ਧੰਨਵੰਤਰੀ ਆਦਿ ਨੇ ਭੁੱਖ-ਹੜਤਾਲ ਕਰ ਦਿੱਤੀ। ਅਖ਼ਬਾਰਾਂ ਤੋਂ ਪਤਾ ਲੱਗਦਿਆਂ ਹੀ ਮੈਂ ਜੱਲ੍ਹਿਆਂਵਾਲਾ ਬਾਗ ’ਚ ਇਕੱਠ ਕਰਕੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ। ਪ੍ਰਿੰਸੀਪਲ ਨਰੰਜਨ ਸਿੰਘ ਅਤੇ ਪ੍ਰੋਫੈਸਰ ਬ੍ਰਿਜ ਨਰਾਇਣ ਮੇਰੇ ਸਿਰਹਾਣੇ ਆ ਬੈਠੇ। ਜਦ ਅੰਡੇਮਾਨੀਆਂ ਦੀ ਤਸੱਲੀ ਅਤੇ ਉਨ੍ਹਾਂ ਦੀ ਭੁੱਖ-ਹੜਤਾਲ ਫ਼ਤਹਿ ਦੀ ਖ਼ਬਰ ਮਿਲੀ ਤਦ ਮੈਨੂੰ ਵੀ ਭੁੱਖ ਹੜਤਾਲ ਤੋਂ ਉਠਾ ਦਿੱਤਾ। ਬ੍ਰਿਜ ਨਰਾਇਣ ਨੇ ਉਦੋਂ ਮੇਰੇ ਨਾਲ ਬੜੀ ਅਪਣੱਤ ਵਿਖ਼ਾਈ। ਅਫ਼ਸੋਸ! ਮੇਰਾ ਇਹ ਮਿੱਤਰ ਸੰਤਾਲੀ ਦੀ ਤ੍ਰਾਸਦੀ ’ਚ ਮਨੁੱਖ਼ਤਾ ਦੇ ਲੇਖੇ ਲੱਗ ਗਿਆ।’’
ਭਕਨਾ ਜੀ ਲਿਖ਼ਦੇ ਹਨ ,‘‘ਰਿਹਾਈ ਮਗਰੋਂ ਮੈਂ ਵੀ ਕਈ ਹੋਰ ਸਾਬਕਾ ਗ਼ਦਰੀਆਂ ਵਾਂਗ ਕਿਸਾਨਾਂ ਅਤੇ ਕਾਂਗਰਸ ਲਹਿਰਾਂ ’ਚ ਕੰਮ ਕਰਨ ਲੱਗ ਪਿਆ। ਸਾਡੇ ਕਈ ਸਾਥੀ ਕਿਰਤੀ, ਕੁੱਝ ਬੱਬਰ ਅਕਾਲੀ ਅਤੇ ਅਕਾਲੀ-ਕਾਂਗਰਸ ਵਗੈਰਾ ’ਚ ਸਰਗਰਮ ਹੋਏ। ਦਰ-ਹਕੀਕਤ; ਉਦੋਂ ਬਹੁਤਾ ਕੁੱਝ ਸਾਂਝਾ-ਮੀਝਾਂ ਜਿਹਾ ਸੀ, ਮੁੱਖ ਨਿਸ਼ਾਨਾ ‘ਅਜ਼ਾਦੀ’।’ ਬਹੁਤੇ ਕਰਕੇ ਮੈਂ ਕਿਸਾਨ ਮੋਰਚਿਆਂ ’ਤੇ ਸਰਗਰਮ ਸਾਂ। ਗ੍ਰਿਫ਼ਤਾਰ ਵੀ ਹੁੰਦਾ ਤੇ ਰਿਹਾਅ ਵੀ। ਅਪਰੈਲ 1943 ਵਿਚ ਜਦ ਮੈਂ ਹੋਰ ਸਾਥੀਆਂ ਸਮੇਤ ਰਿਹਾਅ ਹੋਇਆ ਤਾਂ 16 ਸਾਲਾਂ ਗ਼ਦਰੀ ਕੈਦ ਸਮੇਤ 10 ਸਾਲਾਂ ਫੁੱਟਕਲ ਕੈਦਾਂ ਸਣੇ ਮੈਂ ਕਰੀਬ 26 ਸਾਲ ਜੇਲ੍ਹ ਕੱਟੀ। ਪਰ ਕੋਈ ਝੋਰਾ ਨਹੀਂ, ਉਹ ਬੈਗਾਨਿਆਂ ਨਿਆਈ ਜੇਲ੍ਹ ਬੰਦੀਆਂ ਸਨ। ਨਾ ਹੀ ਕੋਈ ਅਹਿਸਾਨ, ਕਿਉਂਕਿ ਕੈਦ ਵਤਨ ਅਤੇ ਲੋਕਾਂ ਖ਼ਾਤਿਰ ਹੋਏ ਸਨ। ਪਰ ਰੋਸਾ ਤਾਂ ‘ਆਪਣਿਆਂ’ ਵੱਲੋਂ ਗ੍ਰਿਫ਼ਤਾਰ ਕਰਨ ਅਤੇ ਜੇਲ੍ਹੀ ਭੇਜਣ ਦਾ ਹੈ।
ਸੱਤਵੀਂ ਭੁੱਖ ਹੜਤਾਲ: ਉਹ ਨਿਹੋਰਾ ਮਾਰਦੇ ਹਨ, ‘‘ਜਿਹੜੀ ਮੈਨੂੰ ਆਖ਼ਰੀ ਭੁੱਖ ਹੜਤਾਲ ਕਰਨੀ ਪਈ ਉਹ ਸਾਰਿਆਂ ਨਾਲੋਂ ਦੁੱਖ਼ਦਾਇਕ ਹੈ। ਇਹ 1948 ਦੇ ਸ਼ੁਰੂ ਵਿਚ ਕੌਮੀ ਸਰਕਾਰ ਵਕਤ ਹੋਈ। ਮਾਰਚ 1948 ’ਚ ਮੈਨੂੰ ਆਪਣੇ ਕਿਰਤੀ ਆਸ਼ਰਮ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਵਜਾਹ; ਕਿਸਾਨਾਂ-ਕਿਰਤੀਆਂ ਅਤੇ ਸਮਜਵਾਦ ਲਈ ਸੰਘਰਸ਼। ਕਿਉਂਕਿ ਸਰਕਾਰ ਦੇ ਵੀ ਗੋਰਿਆਂ ਦੀ ਡਗਰ ’ਤੇ ਚੱਲਣ ਦੀ ਕਨਸੋਅ ਸੀ। ਕਈ ਹੋਰ ਇੰਨਕਲਾਬੀ ਸਾਥੀਆਂ ਸਣੇ ਯੋਲ ਕੈਂਪ (ਧਰਮਸ਼ਾਲਾ) ਭੇਜ ਦਿੱਤਾ, ਵਤੀਰਾ ਗੋਰਿਆਂ ਤੋਂ ਵੀ ਰੁੱਖਾ। ਰੋਸ ਵਜੋਂ ਭੁੱਖ-ਹੜਤਾਲੀ ਹੋ ਗਏ। ਉਦੋਂ ਮੈਂ 80 ਵਰ੍ਹੇ ਦਾ ਹੋ ਚੱਲਿਆ ਸੀ, ਵਡੇਰੀ ਉਮਰ, ਕਮਜ਼ੋਰ ਸਹਿਤ। ਸਿੱਟੇ ਵਜੋਂ ਨਾਜਾਇਜ਼ ਬੰਦਸ਼ਾਂ, ਮਾੜੀ ਹਾਲਤ ਅਤੇ ਸਭ ਤੋਂ ਵੱਧ ‘ਆਪਣੇ’ ਹਾਕਮਾਂ ਪ੍ਰਤੀ ਨਿਰਾਸ਼ਤਾ ਨੇ ਮੇਰੀ ਕਮਰ ਟੇਢੀ ਕਰ ਦਿੱਤੀ। ਕੀ ਅਸੀਂ ਇਹੋ-ਜਿਹੀ ਆਜ਼ਾਦੀ ਲਈ ਲੜੇ ਸਾਂ, ਇੱਕ ਹੂਕ ਉੱਠਦੀ।’’
‘‘…ਮੈਨੂੰ, ਅੱਜ ਵੀ ਜੇ ਕੋਈ ਪੁੱਛਦਾ ਹੈ ਕਿ ਤੇਰੀ ਕਮਰ ਟੇਢੀ ਕਿਉਂ ਹੋ ਗਈ, ਕਿਉਂ ਕੁੱਬ ਪੈ ਗਿਆ ਤੇਰੇ। ਤਦ ਮੈਂ ਕਹਿਨਾ ਕਿ ਇਹ ਸਾਡੀ ‘ਆਪਣੀ ਹਕੂਮਤ’ ਦੀ ਦੇਣ ਹੈ। ਕਾਂਗਰਸ ਹਕੂਮਤ ਦੀ ਮੇਰੀ ਪਿੱਠ ’ਤੇ ਮੋਹਰ ਛਾਪ।’’
ਸੰਪਰਕ: 94634-39075