ਮੁੱਦਕੀ ਦੀ ਜੰਗ ਦੀ ਦਾਸਤਾਨ : The Tribune India

ਮੁੱਦਕੀ ਦੀ ਜੰਗ ਦੀ ਦਾਸਤਾਨ

ਮੁੱਦਕੀ ਦੀ ਜੰਗ ਦੀ ਦਾਸਤਾਨ

ਰਜਿੰਦਰ ਸਿੰਘ ਰਾਜਾ

ਜ਼ਿਲ੍ਹਾ ਫਿਰੋਜ਼ਪੁਰ ਦਾ ਕਸਬਾ ਮੁੱਦਕੀ, ਫ਼ਰੀਦਕੋਟ ਅੰਮ੍ਰਿਤਸਰ ਜੀ.ਟੀ. ਰੋਡ ਉੱਪਰ ਸਥਿਤ ਹੈ। ਇਹ ਆਪਣੇ ਸੀਨੇ ਵਿੱਚ ਸਿੱਖ ਰਾਜ ਦੇ ਅੰਤਲੇ ਦਿਨਾਂ ਦਾ ਇਤਿਹਾਸ ਸਮੋਈ ਬੈਠਾ ਹੈ। ਇਸ ਦੀ ਧਰਤੀ ਅੱਜ ਵੀ ਆਪਣੇ ਪੰਜਾਬੀ ਪੁੱਤਰਾਂ (ਸਿੱਖ ਸੈਨਿਕਾਂ) ਦੇ ਡੁੱਲ੍ਹੇ ਖ਼ੂਨ ਦੀ ਗਵਾਹੀ ਭਰਦੀ ਹੈ। ਇਸ ਧਰਤੀ ਦਾ ਜ਼ੱਰਾ ਜ਼ੱਰਾ ਯੋਧਿਆਂ ਦੇ ਖ਼ੂਨ ਨਾਲ ਸਿੰਜਿਆ ਪਿਆ ਹੈ ਜਿਨ੍ਹਾਂ ਨੇ ਫਰੰਗੀਆਂ ਤੋਂ ਆਪਣੇ ਦੇਸ਼ ਪੰਜਾਬ ਦੀ ਹੋਂਦ, ਆਪਣੇ ਸੱਭਿਆਚਾਰ, ਮਾਣ ਸਨਮਾਨ ਨੂੰ ਬਚਾਉਣ ਲਈ ਆਖ਼ਰੀ ਦਮ ਤੱਕ ਤਲਵਾਰਾਂ ਖੰਡੇ ਖੜਕਾਏ ਅਤੇ ਦੇਸ਼ ਤੋਂ ਕੁਰਬਾਨ ਹੋ ਕੇ ਸਦਾ ਲਈ ਅਮਰ ਹੋ ਗਏ। ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਦੂਰ-ਅੰਦੇਸ਼ ਰਾਜਾ ਸੀ ਜਿਸ ਦੇ ਹੁੰਦਿਆਂ ਅੰਗਰੇਜ਼ਾਂ ਨੇ ਉਸ ਨਾਲ ਕਈ ਸੰਧੀਆਂ ਵੀ ਕੀਤੀਆਂ ਪਰ ਨਾਲ ਹੀ ਪੰਜਾਬ ਵਿਚਲੇ ਸਿੱਖ ਰਾਜ ਦੀਆਂ ਹੱਦਾਂ ਦੇ ਨਾਲ ਨਾਲ ਆਪਣੀ ਫ਼ੌਜੀ ਸ਼ਕਤੀ ਅਤੇ ਜੰਗੀ ਸਾਜ਼ੋ-ਸਾਮਾਨ ਵਿੱਚ ਲਗਾਤਾਰ ਵਾਧਾ ਕਰਦੇ ਰਹੇ। ਸਿੱਖ ਰਾਜ ਦੇ ਨਾਲ ਲੱਗਦੀਆਂ ਫ਼ੌਜੀ ਛਾਉਣੀਆਂ ਅੰਬਾਲਾ, ਲੁਧਿਆਣਾ, ਫਿਰੋਜ਼ਪੁਰ ਵਿੱਚ 40 ਹਜ਼ਾਰ ਦੇ ਲਗਭਗ ਫ਼ੌਜਾਂ, 94 ਵੱਡੀਆਂ ਤੋਪਾਂ ਅਤੇ ਹੋਰ ਛੋਟੇ ਵੱਡੇ ਜੰਗੀ ਹਥਿਆਰ ਇਕੱਠੇ ਕਰ ਲਏ ਗਏ ਸਨ। 1839 ਈਸਵੀ ਵਿੱਚ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਭਾਂਪ ਲਿਆ ਸੀ ਕਿ ਹੁਣ ਸਿੱਖ ਰਾਜ ਡਾਂਵਾਂਡੋਲ ਹੈ। 1845 ਈਸਵੀ ਵਿੱਚ ਪੰਜਾਬ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦਾਂ ਦਾ ਰਾਜ ਸੀ। ਉਸ ਦਾ ਮੁੱਖ ਸਲਾਹਕਾਰ ਉਸ ਦਾ ਭਰਾ ਜਵਾਹਰ ਸਿੰਘ ਹੀ ਸੀ ਜਿਸ ਨੂੰ 21 ਸਤੰਬਰ 1845 ਨੂੰ ਮਰਵਾ ਦਿੱਤਾ ਗਿਆ ਸੀ। ਉਸ ਸਮੇਂ ਰਾਜਾ ਲਾਲ ਸਿੰਘ ਸਿੱਖ ਰਾਜ ਦਾ ਮੁੱਖ ਮੰਤਰੀ ਸੀ ਅਤੇ ਤੇਜ ਸਿੰਘ ਪ੍ਰਧਾਨ ਸੈਨਾਪਤੀ ਸੀ। ਕੁਝ ਕਾਰਨਾਂ ਕਰਕੇ ਅੰਗਰੇਜ਼ੀ ਰਾਜ ਨਾਲ ਜੰਗ ਦੇ ਆਸਾਰ ਬਣਦੇ ਜਾ ਰਹੇ ਸਨ। ਅੰਗਰੇਜ਼ੀ ਕਮਾਂਡਰ ਵੀ ਇਸ ਸਮੇਂ ਨੂੰ ਬਹੁਤ ਢੁੱਕਵਾਂ ਸਮਝ ਰਹੇ ਸਨ। ਉਨ੍ਹਾਂ ਨੇ ਸਿੱਖ ਰਾਜ ਦੇ ਡੋਗਰੇ ਵਜ਼ੀਰਾਂ, ਅਹਿਲਕਾਰਾਂ ਅਤੇ ਸੈਨਾਪਤੀਆਂ ਨੂੰ ਜਗੀਰਾਂ ਦੇ ਲਾਲਚ ਦੇ ਰੱਖੇ ਸਨ। ਉਸ ਸਮੇਂ ਅੰਗਰੇਜ਼ੀ ਫ਼ੌਜ ਦਾ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਸੀ ਜੋ ਦੁਨੀਆ ਦੀ ਬਹੁਤ ਭਿਆਨਕ ਜੰਗ ‘ਵਾਟਰਲੂ ਦੀ ਜੰਗ’ ਦਾ ਜੇਤੂ ਯੋਧਾ ਸੀ ਅਤੇ ਸਰ ਹਿਊਗਫ (ਹੁਗਗਫ) ਪ੍ਰਧਾਨ ਸੈਨਾਪਤੀ ਸੀ। ਜੰਗ ਨਾ ਟਲਦੀ ਦੇਖ ਕੇ ਸਿੱਖ ਫ਼ੌਜਾਂ ਦੁਸ਼ਮਣ ਦੇ ਗੜ੍ਹ ਵਿੱਚ ਜਾ ਕੇ ਲੜਣਾ ਚਾਹੁੰਦੀਆਂ ਸਨ। 11 ਦਸੰਬਰ 1845 ਨੂੰ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ ਵਜ਼ੀਰ ਲਾਲ ਸਿੰਘ ਅਤੇ ਸੈਨਾਪਤੀ ਤੇਜ ਸਿੰਘ ਦੀ ਅਗਵਾਈ ਹੇਠ ਹਰੀਕੇ ਪੱਤਣ ਨੇੜਿਓਂ ਸਤਲੁਜ ਦਰਿਆ ਪਾਰ ਕੀਤਾ। ਉਧਰ ਸਰ ਹੈਨਰੀ ਹਾਰਡਿੰਗ ਨੇ ਸੁਪਰੀਮ ਕਮਾਂਡਰ ਹੋਣ ਦੇ ਬਾਵਜੂਦ ਆਪਣੇ ਹੀ ਕਮਾਂਡਰ-ਇਨ-ਚੀਫ ਸਰ ਹਿਊਗਫ ਦੀ ਕਮਾਂਡ ਹੇਠ ਐਂਗਲੋ ਸਿੱਖ ਯੁੱਧ ਵਿੱਚ ਲੜਣ ਦੀ ਪੇਸ਼ਕਸ਼ ਕੀਤੀ ਸੀ। ਲਾਲ ਸਿੰਘ ਦੀ ਕਮਾਂਡ ਹੇਠ ਕੁਝ ਸਿੱਖ ਪਲਟਨਾਂ ਨੇ ਫੇਰੂ ਸ਼ਹਿਰ (ਫਿਰੋਜ਼ਸ਼ਾਹ) ਪਿੰਡ ਵਿੱਚ ਪਾਣੀ ਦੀ ਢਾਬ ’ਤੇ ਮੋਰਚੇ ਬਣਾ ਲਏ ਸਨ। ਬਾਕੀ ਫ਼ੌਜ ਦੀ ਕਮਾਂਡ ਕਰਦਾ ਤੇਜ ਸਿੰਘ ਫਿਰੋਜ਼ਪੁਰ ਵੱਲ ਨੂੰ ਵਧ ਤੁਰਿਆ ਜਿੱਥੇ ਮੇਜਰ ਜਨਰਲ ਜੌਹਨ ਲਿਟਲਰ ਦੀ ਕਮਾਂਡ ਹੇਠ ਫ਼ੌਜ ਤਾਇਨਾਤ ਸੀ। ਇੱਥੇ ਆ ਕੇ ਸਿੱਖ ਫ਼ੌਜ ਦੇ ਗੱਦਾਰ ਸੈਨਾਪਤੀਆਂ ਨੇ ਅੰਗਰੇਜ਼ਾਂ ਨਾਲ ਪਹਿਲਾਂ ਤੋਂ ਹੀ ਚਲਦੀ ਗੁਫ਼ਤਗੂ ਅਨੁਸਾਰ ਆਪਣੀ ਵਫ਼ਾਦਾਰੀ ਨਿਭਾਉਂਦਿਆਂ ਚਿੱਠੀ ਲਿਖ ਕੇ ਅੰਗਰੇਜ਼ ਕਮਾਂਡਰ ਨੂੰ ਪੁੱਛਿਆ ਗਿਆ ਕਿ ਕੀ ਹੁਕਮ ਹੈ। ਅੱਗੋਂ ਕੈਪਟਨ ਨਿਕਲਸਨ ਰਾਹੀਂ ਤੇਜ ਸਿੰਘ ਨੂੰ ਸੁਨੇਹਾ ਮਿਲਿਆ ਕਿ ਜੇਕਰ ਤੁਸੀਂ ਸੱਚੀਂ ਹੀ ਅੰਗਰੇਜ਼ੀ ਸਰਕਾਰ ਦੀ ਮੱਦਦ ਕਰਨੀ ਚਾਹੁੰਦੇ ਹੋ ਤਾਂ ਸਿੱਖ ਫ਼ੌਜਾਂ ਨੂੰ ਓਨਾ ਚਿਰ ਰੋਕ ਕੇ ਰੱਖਿਆ ਜਾਵੇ ਜਦੋਂ ਤੱਕ ਲਾਰਡ ਹਾਰਡਿੰਗ ਅਤੇ ਲਾਰਡ ਹਿਊਗਫ ਆਪਣੀ ਸੈਨਾ ਸਮੇਤ ਫਿਰੋਜ਼ਪੁਰ ਨਾ ਪਹੁੰਚ ਜਾਣ। ਤੇਜ ਸਿੰਘ ਨੇ ਇਉਂ ਹੀ ਕੀਤਾ। ਉਧਰ ਲਾਰਡ ਹਿਊਗਫ ਦੀ ਕਮਾਂਡ ਹੇਠ ਅੰਗਰੇਜ਼ੀ ਫ਼ੌਜ ਪਿੰਡ ਮੁੱਦਕੀ ਵਿਖੇ ਪਹੁੰਚ ਗਈ। ਮੁੱਦਕੀ ਉਸ ਸਮੇਂ ਕੱਚੇ ਘਰਾਂ ਅਤੇ ਇੱਕ ਛੋਟੇ ਜਿਹੇ ਕੱਚੇ ਕਿਲ੍ਹੇ ਵਾਲਾ ਪਿੰਡ ਸੀ ਜਿਸ ਉਪਰ ਸਿੱਖ ਫ਼ੌਜ ਦਾ ਕਬਜ਼ਾ ਸੀ। ਪਿੰਡ ਦੇ ਦੁਆਲੇ ਪਾਣੀ ਦੀ ਇੱਕ ਬਹੁਤ ਵੱਡੀ ਢਾਬ ਸੀ। ਅੰਗਰੇਜ਼ਾਂ ਦੀ ਮਦਦ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਰਿਆਸਤਾਂ ਕਰ ਰਹੀਆਂ ਸਨ। ਆਪਣੇ ਇਲਾਕੇ ਦੇ ਪਿੰਡ ਚੰਦ ਵਿਖੇ ਰਹਿ ਕੇ ਫ਼ਰੀਦਕੋਟ ਰਿਆਸਤ ਦੇ ਰਾਜਾ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕੀਤੀ। 13 ਦਸੰਬਰ ਨੂੰ ਲਾਰਡ ਹਾਰਡਿੰਗ ਵੱਲੋਂ ਜੰਗ ਦਾ ਐਲਾਨ ਕਰ ਦਿੱਤਾ ਗਿਆ। ਮੁੱਦਕੀ ਪਹੁੰਚਦਿਆਂ ਹੀ ਲਾਰਡ ਹਾਰਡਿੰਗ ਅਤੇ ਹਿਊਗਫ ਦੀਆਂ ਫ਼ੌਜਾਂ ਦਾ ਮੁਕਾਬਲਾ ਮੁੱਦਕੀ ਦੇ ਰੇਤਲੇ ਇਲਾਕੇ ਵਿੱਚ ਵਜ਼ੀਰ ਲਾਲ ਸਿੰਘ ਦੀ ਫ਼ੌਜ ਦੀਆਂ ਕੁਝ ਟੁਕੜੀਆਂ ਨਾਲ ਹੋ ਗਿਆ। ਇਸ ਲੜਾਈ ਵਿੱਚ ਸਿੱਖਾਂ ਦਾ ਵੀ ਹੱਦੋਂ ਵੱਧ ਨੁਕਸਾਨ ਹੋਇਆ। ਸਿੱਖ ਸਿਪਾਹੀਆਂ ਨੇ ਚੁਣ ਚੁਣ ਕੇ ਅੰਗਰੇਜ਼ ਅਫਸਰਾਂ ਨੂੰ ਗੋਲੀਆਂ ਮਾਰੀਆਂ। ਦੋਹਾਂ ਪਾਸਿਆਂ ਤੋਂ ਵੱਡੀਆਂ ਵੱਡੀਆਂ ਤੋਪਾਂ, ਜੰਬੂਰਚਿਆਂ, ਤੋੜੇਦਾਰ ਬੰਦੂਕਾਂ, ਨੇਜ਼ਿਆਂ, ਬਰਛਿਆਂ ਨੇ ਅੰਗਰੇਜ਼ ਫ਼ੌਜਾਂ ਅਤੇ ਸਿੱਖ ਯੋਧਿਆਂ ਦੇ ਖ਼ੂਨ ਨਾਲ ਹੋਲੀ ਖੇਡੀ। ਇਸ ਜੰਗ ਦਾ ਹਾਲ ਲਿਖਦਿਆਂ ਅੰਗਰੇਜ਼ ਸੈਨਾਪਤੀ ਲਾਰਡ ਹਿਊਗਫ ਨੇ ਲਿਖਿਆ ਹੈ ਕਿ ‘‘ਬੜੀ ਵੱਢ ਟੁੱਕ ਹੋਈ ਤੇ 17 ਤੋਪਾਂ ਸਿੱਖਾਂ ਤੋਂ ਖੋਹ ਲਈਆਂ ਜਿਨ੍ਹਾਂ ਵਿੱਚ ਕੁਝ ਤੋਪਾਂ ਬਹੁਤ ਵੱਡੀਆਂ ਸਨ।’’

ਇਤਿਹਾਸਕਾਰ ਜਾਰਾ ਬਰੂਸ ਨੇ ਲਿਖਿਆ ਹੈ ਕਿ ਪੰਜ ਛੇ ਘੰਟਿਆਂ ਵਿੱਚ ਅੰਗਰੇਜ਼ਾਂ ਦੇ 215 ਸੈਨਿਕ ਮਾਰੇ ਗਏ ਅਤੇ 657 ਫੱਟੜ ਹੋਏ। ਮਾਰੇ ਗਿਆਂ ਵਿੱਚ 13 ਅੰਗਰੇਜ਼ ਅਫ਼ਸਰ ਅਤੇ 2 ਹਿੰਦੋਸਤਾਨੀ ਅਫ਼ਸਰ ਸਨ। ਸਭ ਤੋਂ ਵੱਧ ਨੁਕਸਾਨ ਘੁੜਚੜਿਆਂ ਦਾ ਹੋਇਆ ਜਿਨ੍ਹਾਂ ਦੇ 81 ਆਦਮੀ ਮਰੇ ਅਤੇ 87 ਜ਼ਖ਼ਮੀ ਹੋਏ। ਤੀਸਰੀ ਲਾਈਨ ਡਰੈਗਨ ਰੈਜੀਮੈਂਟ ਜਿਸ ਨੇ 497 ਸੈਨਿਕਾਂ ਨਾਲ ਹਮਲਾ ਬੋਲਿਆ, ਦੇ 2 ਅਫ਼ਸਰ ਤੇ 55 ਸੈਨਿਕ ਜ਼ਖ਼ਮੀ ਹੋਏ ਤੇ ਤੋਪਖਾਨੇ ਦਾ ਨੁਕਸਾਨ ਵੀ ਹੋਇਆ। 27 ਸੈਨਿਕ ਮਰੇ ਅਤੇ 47 ਫੱਟੜ ਹੋਏ। ਇਸ ਨੁਕਸਾਨ ਤੋਂ ਸਿੱਖਾਂ ਦੀਆਂ ਤੋਪ ਮਾਰਾਂ (ਤੋਪਚੀਆਂ) ਦੀਆਂ ਤੋਪਾਂ ਦੇ ਨਿਸ਼ਾਨੇ ਠੀਕ ਨਿਸ਼ਾਨੇ ’ਤੇ ਵੱਜਣ ਦਾ ਪਤਾ ਲੱਗਦਾ ਹੈ। ਵੱਡੇ ਅਫ਼ਸਰਾਂ ਵਿੱਚ ਵੀ ਹਿੱਸੇ ਨਾਲੋਂ ਬਹੁਤ ਮਰੇ। ਮੇਜਰ ਜਨਰਲ ਰੌਬਰਟ ਅਤੇ ਕਮਾਂਡਰ ਮੈਕਸਕਿਲ ਵੀ ਇੱਥੇ ਮਾਰੇ ਗਏ। ਇਸ ਤੋਂ ਬਿਨਾਂ ਸਿੱਖ ਫ਼ੌਜਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੁੱਖ ਦੀ ਗੱਲ ਇਹ ਹੈ ਕਿ ਸਿੱਖ ਫ਼ੌਜਾਂ ਦਾ ਰਿਕਾਰਡ ਨਹੀਂ ਰੱਖਿਆ ਜਾ ਸਕਿਆ। ਨਾ ਹੀ ਕੋਈ ਉਸ ਸਮੇਂ ਜੰਗੀ ਹਾਲਾਤ ਲਿਖਣ ਦਾ ਪ੍ਰਬੰਧ ਹੋਵੇਗਾ। ਆਸ-ਪਾਸ ਪਿੰਡ ਦੇ ਲੋਕਾਂ ਦੀ ਗਿਣਤੀ ਮੁਤਾਬਿਕ ਅਤੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ ਵੱਲੋਂ ਲੱਭੇ ਵੇਰਵਿਆਂ ਅਨੁਸਾਰ ਸ਼ਹੀਦ ਅਤੇ ਜ਼ਖ਼ਮੀ ਸਿੱਖ ਸਿਪਾਹੀਆਂ ਦੀ ਗਿਣਤੀ ਲਗਭਗ 3000 ਹੋਣ ਦਾ ਅੰਦਾਜ਼ਾ ਹੈ। ਸਿੱਖਾਂ ਨੇ ਦੁਨੀਆਂ ਵਿੱਚ ਇਤਿਹਾਸ ਤਾਂ ਰਚੇ ਹਨ ਪਰ ਇਤਿਹਾਸ ਲਿਖ ਨਹੀਂ ਸਕੇ। ਬਾਅਦ ਵਿੱਚ ਕਰਮ ਸਿੰਘ ਹਿਸਟੋਰੀਅਨ ਨੇ ਇਹ ਠਾਣ ਲਈ ਕਿ ਅੰਗਰੇਜ਼ਾਂ ਅਤੇ ਸਿੱਖਾਂ ਦੇ ਜੰਗਾਂ ਦਾ ਅੱਖੀਂ ਡਿੱਠਾ ਹਾਲ ਲੋਕਾਂ ਤੋਂ ਜ਼ੁਬਾਨੀ ਸੁਣ ਕੇ ਲਿਖਣਾ ਹੈ। ਇਸ ਦੌਰਾਨ ਖੋਜ ਲਈ ਉਹ ਮੁੱਦਕੀ ਪੁੱਜੇ। ਇੱਥੇ ਉਨ੍ਹਾਂ ਦੀ ਮੁਲਾਕਾਤ ਚੌਧਰੀ ਮੋਹਰ ਸਿੰਘ ਜ਼ੈਲਦਾਰ ਦੇ ਪੁੱਤਰ ਮਸਤਾਨ ਸਿੰਘ ਜ਼ੈਲਦਾਰ ਨਾਲ ਹੋਈ ਜਿਨ੍ਹਾਂ ਨੇ ਇਹ ਜੰਗ ਅੱਖੀਂ ਦੇਖੀ ਸੀ। ਉਨ੍ਹਾਂ ਦਾ ਪਰਿਵਾਰ ਜ਼ੈਲਦਾਰ ਹੋਣ ਕਰਕੇ ਇਲਾਕੇ ਦਾ ਮੋਹਤਬਰ ਪਰਿਵਾਰ ਸੀ। ਮਸਤਾਨ ਸਿੰਘ ਨੇ ਅੱਖੀਂ ਡਿੱਠਾ ਹਾਲ ਦੱਸਦਿਆਂ ਕਿਹਾ ਕਿ ਪਹਾੜਾ ਸਿੰਘ ਵੱਲੋਂ ਅੰਗਰੇਜ਼ਾਂ ਦੀ ਕੀਤੀ ਸੇਵਾ ਕਰਕੇ ਖ਼ੁਸ਼ ਹੋਏ ਅੰਗਰੇਜ਼ ਸਾਹਬ ਵੱਲੋਂ ਪਹਾੜਾ ਸਿੰਘ ਨੂੰ ਕਿਹਾ ਗਿਆ ਕਿ ‘‘ਤੈਨੂੰ ਇਸ ਸੇਵਾ ਬਦਲੇ ਰਾਜੇ ਦਾ ਖਿਤਾਬ ਅਤੇ 3500 ਦਾ ਕੋਟਕਪੂਰੇ ਦਾ ਇਲਾਕਾ ਵੀ ਦਿੱਤਾ ਜਾਵੇਗਾ (ਇਹ ਭਰੋਸਾ ਲਾਹੌਰ ਜਾਣ ਤੋਂ ਬਾਅਦ ਪੂਰਾ ਕੀਤਾ ਗਿਆ)।’’

ਮਸਤਾਨ ਸਿੰਘ ਨੇ ਇਹ ਵੀ ਦੱਸਿਆ ਕਿ ਮਰੇ ਹੋਏ ਵੱਡੇ ਅੰਗਰੇਜ਼ ਅਫ਼ਸਰਾਂ ਨੂੰ ਲੜਾਈ ਮਗਰੋਂ ਤਾਬੂਤਾਂ ਵਿੱਚ ਪਾ ਕੇ ਇੱਥੇ ਹੀ ਦਫ਼ਨਾਇਆ ਗਿਆ ਅਤੇ ਨਾਲ ਲੱਗਦੇ ਦਰਖਤਾਂ ’ਤੇ ਉਨ੍ਹਾਂ ਦੇ ਨਾਵਾਂ ਦੇ ਤਾਂਬੇ ਦੇ ਪੱਤਰੇ ਲਗਵਾਏ ਗਏ। ਸਿੱਖਾਂ ਦੇ ਕੱਚੇ ਕਿਲ੍ਹੇ ਦੇ ਦਰਵਾਜ਼ੇ ਤੋੜ ਕੇ ਸਿੱਖਾਂ ਦੀਆਂ ਤੋਪਾਂ ਕਿਲ੍ਹੇ ਵਿਚਲੇ ਖੂਹ ਵਿੱਚ ਸੁੱਟ ਦਿੱਤੀਆਂ। ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਇਹ ਕੱਢ ਕੇ ਫਿਰੋਜ਼ਪੁਰ ਘੱਲੀਆਂ ਗਈਆਂ ਅਤੇ ਮੁਰੰਮਤ ਕਰਕੇ ਸਭਰਾਵਾਂ ਦੀ ਜੰਗ ਵਿੱਚ ਵਰਤੀਆਂ ਗਈਆਂ। ਇੱਕ ਤੋਪ ਬਾਅਦ ਵਿੱਚ ਬੰਦੋਬਸਤ ਵੇਲੇ 1852 ਈਸਵੀ ਵਿੱਚ ਮਿੱਟੀ ਕੱਢਣ ਲੱਗਿਆਂ ਲੱਭੀ ਜਿਸ ਨੂੰ ਗੰਗਾ ਰਾਮ ਤਹਿਸੀਲਦਾਰ ਨੇ ਫਿਰੋਜ਼ਪੁਰ ਭੇਜ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਫ਼ੌਜੀਆਂ ਦੇ ਪਿੰਜਰ ਕਈ ਮਹੀਨੇ ਮੈਦਾਨ ਵਿੱਚ ਰੁਲਦੇ ਰਹੇ ਜੋ ਲੁਹਾਮ ਪਿੰਡ ਵਾਸੀਆਂ ਨੇ ਇਕੱਠੇ ਕਰਕੇ ਅਗਨੀ ਭੇਂਟ ਕੀਤੇ।

ਜੰਗਨਾਮਾ ‘ਸਿੰਘਾਂ ਅਤੇ ਫਿਰੰਗੀਆਂ’ ਲਿਖਣ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਰਦੀ ਕਵੀ ਸ਼ਾਹ ਮੁਹੰਮਦ ਨੇ ਵੀ ਬਹੁਤ ਦਰਦ ਰੋਇਆ ਹੈ। ਉਸ ਨੂੰ ਇਹ ਜਾਣਕਾਰੀ ਉਸ ਦੇ ਖ਼ਾਸ ਰਿਸ਼ਤੇਦਾਰ ਨੇ ਦਿੱਤੀ ਸੀ ਜੋ ਕਿ ਸਿੱਖ ਫ਼ੌਜਾਂ ਦਾ ਤੋਪਚੀ ਸੀ। ਸ਼ਾਹ ਮੁਹੰਮਦ ਨੇ ਮੁੱਦਕੀ ਬਾਰੇ ਲਿਖਿਆ ਹੈ:

ਇੱਕ ਪਿੰਡ ਦਾ ਨਾਮ ਜੋ ਮੁੱਦਕੀ ਸੀ,

ਉੱਥੇ ਭਰੀ ਸੀ, ਪਾਣੀ ਦੀ ਖੱਡ ਮੀਆਂ।

ਘੋੜ ਚੜੇ ਨਵੇਂ ਅਕਾਲੀਏ ਜੀ,

ਝੰਡੇ ਦਿੱਤੇ ਸੀ ਜਾ ਕੇ ਗੱਡ ਮੀਆਂ।

ਇਸ ਸਮੇਂ ਮੁੱਦਕੀ ਨਾਲ ਸਿੱਖ ਯੋਧਿਆਂ ਦੀ ਯਾਦ ਨੂੰ ਸਮਰਪਿਤ ਇੱਕ ਗੁਰਦੁਆਰਾ ਸਾਹਿਬ ਅਤੇ ਵਿਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਸਥਾਪਿਤ ਕੀਤਾ ਗਿਆ ਹੈ।
ਸੰਪਰਕ: 97819-25629

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All