ਪੜ੍ਹਦਿਆਂ ਸੁਣਦਿਆਂ

ਗਿਆਨ, ਤਕਨੀਕ ਤੇ ਇਖ਼ਲਾਕ ਦੀ ਕਹਾਣੀ...

ਗਿਆਨ, ਤਕਨੀਕ ਤੇ ਇਖ਼ਲਾਕ ਦੀ ਕਹਾਣੀ...

ਸੁਰਿੰਦਰ ਸਿੰਘ ਤੇਜ

 ਅੰਗਰੇਜ਼ੀ ਸ਼ਬਦ ‘ਐਮਪਥੀ’ (Empathy) ਅੰਦਰਲੇ ਜਜ਼ਬਾਤ ਦਾ ਸਹੀ ਇਜ਼ਹਾਰ ਕਰਨ ਵਾਲਾ ਸ਼ਬਦ ਉੱਤਰ ਭਾਰਤੀ ਭਾਸ਼ਾਵਾਂ ਵਿਚ ਨਹੀਂ ਮਿਲਦਾ। ਹਮਦਰਦੀ ਜਾਂ ਸਹਾਨੂਭੂਤੀ ਵਰਗੇ ਸ਼ਬਦ ‘ਸਿਮਪਥੀ’ (Sympathy) ਦਾ ਬਦਲ ਹਨ। ਇਹ ‘ਐਮਪਥੀ’ ਤੇ ‘ਸਿਮਪਥੀ’ ਨੂੰ ਸਮਾਨ-ਅਰਥੀ ਬਣਾ ਦਿੰਦੇ ਹਨ। ਹਕੀਕਤ ਵੱਖਰੀ ਹੈ। ‘ਸਿਮਪਥੀ’ ਦੂਜੇ ਦਾ ਦਰਦ ਵੰਡਣ ਜਾਂ ਸਮਝਣ ਦੇ ਅਹਿਸਾਸ ਤੱਕ ਸੀਮਤ ਹੈ। ‘ਐਮਪਥੀ’ ਦਰਦਮੰਦ ਦੇ ਦਰਦ ਵਿਚ ਬਰਾਬਰ ਦੀ ਸ਼ਿਰਕਤ ਦਾ ਸੂਚਕ ਹੈ। ਦੋਵਾਂ ਦਰਮਿਆਨ ਇਸੇ ਸਿਫ਼ਤੀ ਤੇ ਸ਼ਿੱਦਤੀ ਅੰਤਰ ਵੀ ਤਸਵੀਰ ਪੇਸ਼ ਕਰਦੀ ਹੈ ਸ਼ੈਰੀ ਟੁਰਕਲ ਦੀ ਕਿਤਾਬ ‘ਦਿ ਐਮਪਥੀ ਡਾਇਰੀਜ਼: ਏ ਮੈਮੌਇਰ’ (ਪੈਂਗੁਇਨ ਪ੍ਰੈਸ; 357 ਪੰਨੇ; 699 ਰੁਪਏ)। ਲੇਖਣੀ ਅਤੇ ਇਜ਼ਹਾਰ-ਇ-ਜਜ਼ਬਾਤ ਦੀ ਨਫ਼ਾਸਤ ਪੱਖੋਂ ਬੇਹੱਦ ਖ਼ੂਬਸੂਰਤ ਹੈ ਇਹ ਕਿਤਾਬ। ਸੰਜੀਦਗੀ ਦੇ ਵਿਦਵਤਾ ਦਾ ਸੁਮੇਲ, ਕਥਾਰਸ ਨਾਲ ਭਰਪੂਰ ਅਤੇ ਇਨਸਾਨੀ ਜ਼ਿੰਦਗੀ ਦੇ ਸਰੋਕਾਰਾਂ ਨਾਲ ਲਬਰੇਜ਼। ਨਾਲ ਹੀ ਉਨ੍ਹਾਂ ਸਾਰੇ ਤੱਤਾਂ-ਤੱਥਾਂ ਦੀ ਨਿਸ਼ਾਨਦੇਹੀ ਕਰਨ ਵਾਲੀ ਕਿਤਾਬ ਜੋ ਜ਼ਿੰਦਗੀ ਨੂੰ ਸਿਰਜਦੇ, ਤਰਾਸ਼ਦੇ ਤੇ ਸ਼ਿੰਗਾਰਦੇ ਹਨ ਅਤੇ ਸਹੀ ਮਾਅਨਿਆਂ ਵਿਚ ਸਜੀਵ ਬਣਾਉਂਦੇ ਹਨ।

ਸ਼ੈਰੀ ਟੁਰਕਲ ਪੇਸ਼ੇ ਵਜੋਂ ਮਨੋਵਿਗਿਆਨੀ ਤੇ ਸੁਹਜ ਪੱਖੋਂ ਵਿਚਾਰਵਾਨ ਹੈ। ਤਲਖ਼ੀਆਂ ਉਸ ਦੀ ਜ਼ਿੰਦਗੀ ਦਾ ਹਮੇਸ਼ਾਂ ਹਿੱਸਾ ਬਣੀਆਂ ਰਹੀਆਂ, ਪਰ ਉਸ ਨੇ ਇਨ੍ਹਾਂ ਨੂੰ ਆਪਣੀ ਸੋਚ ਤੇ ਸੁਭਾਅ ਉੱਤੇ ਹਾਵੀ ਨਹੀਂ ਹੋਣ ਦਿੱਤਾ। ਉਹ ਪੰਜ ਵਰ੍ਹਿਆਂ ਦੀ ਸੀ ਜਦੋਂ ਪਿਤਾ ਕ੍ਰਿਸ ਜਿੰਮਰਮੈਨ ਉਸ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰੀ ਹੋ ਗਿਆ। ਜਦੋਂ ਉਹ ਭਰ ਜਵਾਨ ਸੀ ਤਾਂ ਪਤੀ ਸੇਅਮੂਰ ਪੈਪਰਟ ਦੀਆਂ ਬੇਵਫ਼ਾਈਆਂ ਨੇ ਉਸ ਨੂੰ ਮਾਨਸਿਕ ਤੌਰ ’ਤੇ ਛਿੰਨ-ਭਿੰਨ ਕਰ ਦਿੱਤਾ। ਪੇਸ਼ੇਵਾਰਾਨਾ ਮੁਸ਼ਕਲਾਂ ਵਰ੍ਹਿਆਂ ਤੱਕ ਉਸ ਦੀਆਂ ਹਮਸਫ਼ਰ ਬਣੀਆਂ ਰਹੀਆ। ਪਰ ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਉਸ ਨੇ ਤਸਕੀਨੀ, ਹਲੀਮੀ ਤੇ ਦੂਜਿਆਂ ਦੇ ਦਰਦ ਵਿਚ ਸਹਿਭਾਗੀ ਹੋਣ ਵਰਗੀਆਂ ਖ਼ੂਬੀਆਂ ਨਹੀਂ ਤਿਆਗੀਆਂ। ਉਹ ਕਰੀਬ ਪੰਜ ਦਹਾਕਿਆਂ ਤੱਕ ਮੈਸਾਚਿਊਸੈੱਰਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮ.ਆਈ.ਟੀ.) ਵਿਚ ਪੜ੍ਹਾਉਂਦੀ ਰਹੀ। ਹੁਣ ਵੀ ਉੱਥੇ ਪ੍ਰੋਫ਼ੈਸਰ ਅਮੈਰੀਟਸ ਹੈ। ਵਿਗਿਆਨਮੁਖੀ ਸੋਚ ਦੀ ਮਾਲਕਣ ਹੋਣ ਕਾਰਨ ਉਸ ਨੂੰ ਟੈਕਨਾਲੋਜੀ ਨਾਲ ਮੋਹ ਹੈ, ਪਰ ਉਹ ਟੈਕਨਾਲੋਜੀ ਉੱਪਰ ਇਖ਼ਲਾਕ ਦਾ ਪਹਿਰਾ ਬਰਕਰਾਰ ਰੱਖੇ ਜਾਣ ਦੀ ਸਦਾ ਮੁਦਈ ਰਹੀ ਹੈ। ਇਸ ਅਕੀਦੇ ਨੇ ਉਸ ਲਈ ਮੁਸ਼ਕਲਾਂ ਲਗਾਤਾਰ ਪੈਦਾ ਕੀਤੀਆਂ। ਕਦੇ ਸਹਿਕਰਮੀਆਂ ਨਾਲ, ਕਦੇ ਆਪਣੇ ਤੋਂ ਵੱਡੇ ਰੁਤਬੇਦਾਰਾਂ ਨਾਲ ਅਤੇ ਕਾਰਪੋਰੇਟ ਅਦਾਰਿਆਂ ਨਾਲ ਹਮੇਸ਼ਾਂ ਹੀ। ਉਸ ਦੀਆਂ ਦੋ ਪਹਿਲੀਆਂ ਕਿਤਾਬਾਂ ‘ਅਲੋਨ ਟੂਗੈਦਰ’ (2011) ਅਤੇ ‘ਰੀਕਲੇਮਿੰਗ ਕਨਵਰਸੇਸ਼ਨ’ (2015) ਅਜਿਹੀਆਂ ਖਹਿਬਾਜ਼ੀਆਂ ਤੇ ਦੁਸ਼ਵਾਰੀਆਂ ਦਾ ਹੀ ਬਿਰਤਾਂਤ ਹਨ।

‘ਐਮਪਥੀ ਡਾਇਰੀਜ਼’ ਇਨ੍ਹਾਂ ਤੋਂ ਵੱਖਰੀ ਹੈ। ਇਹ ਯਾਦਾਂ ਦਾ ਖ਼ਜ਼ਾਨਾ ਹੈ ਅਤੇ ਇਸ ਖ਼ਜ਼ਾਨੇ ਵਿਚ ਮਨੋਵਿਗਿਆਨ, ਇਤਿਹਾਸ ਤੇ ਸਾਹਿਤ ਇਕੋ ਜਿਹੀ ਮਿਕਦਾਰ ਵਿਚ ਮੌਜੂਦ ਹਨ। ਇਹ ਕਿਤਾਬ ਇਨਸਾਨ ਨੂੰ ਨਿਮਰ ਹੋਣ, ਦੂਜਿਆਂ ਦਾ ਦਰਦ ਪਛਾਣਨ, ਇਸ ਨੂੰ ਘਟਾਉਣ ਦੇ ਸਾਧਨਾਂ ਦੀ ਤਰਤੀਬ ਉਲੀਕਣ ਅਤੇ ਇਸ ਤਰਤੀਬ ਨੂੰ ਸਮੁੱਚੀ ਮਨੁੱਖਤਾ ਵਾਸਤੇ ਹਿਤਕਾਰੀ ਬਣਾਉਣ ਵਰਗੇ ਸੁਨੇਹੇ ਦਿੰਦੀ ਹੈ; ਉਹ ਵੀ ਬਿਨਾਂ ਉਪਦੇਸ਼ੀ ਸੁਰ ਦੇ। ਯਾਦਾਂ ਨਾਲ ਜੁੜੇ ਪਾਤਰ ਹੀ ਅਜਿਹੇ ਹਨ ਕਿ ਸਾਧਾਰਨ ਜਾਪਣ ਦੇ ਬਾਵਜੂਦ ਉਹ ਅਸਾਧਾਰਨ ਖ਼ੂਬੀਆਂ ਨਾਲ ਲੈਸ ਜਾਪਦੇ ਹਨ। ਇਸ ਤੱਤ ਦੀ ਸ਼ਨਾਖ਼ਤ ਸਿਰਫ਼ ਸੁਚੱਜਾ ਮਨੋਵਿਗਿਆਨੀ ਹੀ ਕਰ ਸਕਦਾ ਹੈ।

ਮੂਲ ਰੂਪ ਵਿਚ ਬਰੁਕਲਿਨ (ਨਿਊਯਾਰਕ) ਦੇ ਇਕ ਨਿਮਨ ਮੱਧਵਰਗੀ ਯਹੂਦੀ ਪਰਿਵਾਰ ਵਿਚ ਜਨਮੀ ਇਕ ਦੱਬੂ ਜਹੀ ਕੁੜੀ ਦੇ ਨਾਮਵਰ ਮਨੋਵਿਗਿਆਨੀ ਬਣਨ ਤਕ ਦੇ ਸਫ਼ਰ ਦੀ ਕਹਾਣੀ ਕਹਿੰਦੀ ਹੈ ਸ਼ੈਰੀ ਟੁਰਕਲ ਦੀ ਕਿਤਾਬ। ਦੂਜੇ ਵਿਸ਼ਵ ਯੁੱਧ ਤੋਂ ਤੁਰੰਤ ਬਾਅਦ ਜਨਮੀ ਇਸ ਕੁੜੀ ਦੀ ਮਾਂ ਤੇ ਨਾਨੀ ਨੇ ਉਸ ਨੂੰ ਸਿਖ਼ਰਲੀਆਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਾਉਣ ਲਈ ਲਗਾਤਾਰ ਕੁਰਬਾਨੀਆਂ ਕੀਤੀਆਂ। ਪਰ ਨਾਲ ਖ਼ੈਰਾਤ ਨਾ ਮੰਗਣ, ਮਿਹਨਤ ਦੇ ਬਲਬੂਤੇ ਆਪਣੀ ਜ਼ਿੰਦਗੀ ਸੰਵਾਰਨ, ਅਸੂਲਾਂ ’ਤੇ ਪਹਿਰਾ ਦੇਣ ਅਤੇ ਲੋੜਵੰਦਾਂ ਦੇ ਹੱਕਾਂ ਲਈ ਲੜਣ ਵਰਗੇ ਗੁਣ ਆਪਣੇ ਅੰਦਰ ਵਿਕਸਿਤ ਕਰਨ ਕਰਨ ਵਰਗੇ ਗੁਰ ਵੀ ਉਸ ਨੂੰ ਸਿਖਾਏ। 1970ਵਿਆਂ ਦੇ ਅੰਤ ਵਿਚ ਐਮ.ਆਈ.ਟੀ. ਦੇ ਪ੍ਰਬੰਧਕਾਂ ਨੇ ਸਹਾਇਕ ਪ੍ਰੋਫ਼ੈਸਰ ਵਜੋਂ ਸ਼ੈਰੀ ਟੁਰਕਲ ਦੇ ਕਾਰਜਕਾਲ ਵਿਚ ਵਾਧਾ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਧਾਂਤਕਾਰੀ ਨਾਲ ਜੁੜੀਆਂ ਜ਼ਰਬਾਂ-ਤਕਸੀਮਾਂ ਵਿਚ ਯਕੀਨ ਨਹੀਂ ਰੱਖਦੀ ਅਤੇ ਪਾਠ-ਪੁਸਤਕਾਂ ਨੂੰ ਬਹੁਤੀ ਵੁੱਕਤ ਨਹੀਂ ਦਿੰਦੀ। ਇਹ ਅਕਾਦਮਿਕ ਅਨੁਸ਼ਾਸਨ ਦੀ ਉਲੰਘਣਾ ਹੈ। ਸ਼ੈਰੀ ਨੇ ਇਸ ਫੈ਼ਸਲੇ ਖ਼ਿਲਾਫ਼ ਅਪੀਲ ਕੀਤੀ ਅਤੇ ਕਈ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਪ੍ਰਬੰਧਕਾਂ ਨੂੰ ਇਹ ਯਕੀਨ ਦਿਵਾਉਣ ਵਿਚ ਕਾਮਯਾਬ ਹੋ ਗਈ ਕਿ ਮਨੋਵਿਗਿਆਨ ਜਾਂ ਹੋਰਨਾਂ ਵਿਗਿਆਨਾਂ ਨੂੰ ਪਰਿਭਾਸ਼ਾਵਾਂ ਦੀਆਂ ਵਲਗਣਾਂ ਦੇ ਅੰਦਰ ਬਹੁਤਾ ਸਮਾਂ ਕੈਦ ਨਹੀਂ ਰੱਖਿਆ ਜਾ ਸਕਦਾ।

ਕੁੱਲ ਮਿਲਾ ਕੇ ਕਿਤਾਬ ਆਸਵੰਦੀ ਦਾ ਸੁਨੇਹਾ ਦਿੰਦੀ ਹੈ। ਨਾਲ ਹੀ ਇਹ ਵੀ ਦੱਸਦੀ ਹੈ ਕਿ ਗਿਆਨਵਾਨਾਂ ਨੂੰ ਹਲੀਮੀ ਵਾਲੇ ਦਰ ਬੰਦ ਨਹੀਂ ਕਰਨੇ ਚਾਹੀਦੇ। ਇਹ ਦੁਆਰ ਖੁੱਲ੍ਹੇ ਰੱਖਣ ਨਾਲ ਉਹ ਵੀ ਪ੍ਰਫੁੱਲਤ ਹੋਣਗੇ ਅਤੇ ਗਿਆਨ ਵੀ।

* * *

ਮੁਗ਼ਲ ਸਾਮਰਾਜ ਦੇ ਪਤਨ ਦੇ ਦਿਨਾਂ ਦੀ ਅਹਿਮ ਕਿਰਦਾਰ ਸੀ ਬੇਗ਼ਮ ਸਮਰੂ (1753-1836)। ਜਿਸਮਾਨੀ ਤੌਰ ’ਤੇ ਮਲੂਕੜੀ, ਪਰ ਦ੍ਰਿੜ੍ਹਤਾ ਤੇ ਦਲੇਰੀ ਪੱਖੋਂ ਪੂਰੀ ਸ਼ੇਰਨੀ। ਕਿਸੇ ਹਿੰਦੋਸਤਾਨੀ ਰਿਆਸਤ ਦੀ ਇਕੋ-ਇਕ ਕੈਥੋਲਿਕ ਹੁਕਮਰਾਨ। ਮੇਰਠ ਇਲਾਕੇ ਦੇ ਇਕ ਪਿੰਡ ਵਿਚ ਤਵਾਇਫ਼ ਦੇ ਘਰ ਪੈਦਾ ਹੋਈ ਸੀ ਉਹ। ਨਾਮ ਸੀ ਫ਼ਰਜ਼ਾਨਾ ਜ਼ੇਬੂਨਿਸਾ। ਰੰਗ ਬਹੁਤ ਗੋਰਾ, ਪਰ ਕੱਦਾ ਬਹੁਤਾ ਨਾ ਕੱਢ ਸਕੀ। ਮਾਂ ਨੇ ਤਵਾਇਫ਼ੀ ਦੇ ਰਾਹ ਪਾ ਦਿੱਤਾ। ਅਜੇ ਉਹ 13 ਵਰ੍ਹਿਆਂ ਦੀ ਸੀ ਕਿ ਸਰਧਨਾ ਇਲਾਕੇ ਦਾ ਤਾਲੁੱਕਦਾਰ ਤੇ ਯੂਰੋਪੀਅਨ ਫ਼ੌਜੀ ਸਰਗਨਾ ਵਾਲਟਰ ਰੇਨਰਟ ਸੌਂਬਰ ਉਸ ’ਤੇ ਫ਼ਿਦਾ ਹੋ ਗਿਆ। ਉਸ ਨੇ ਫ਼ਰਜ਼ਾਨਾ ਨਾਲ ਵਿਆਹ ਰਚਾ ਲਿਆ। ਲਗਜ਼ਮਬਰਗ ਤੋਂ ਆਇਆ ਸੀ ਉਹ। ਉਨ੍ਹੀਂ ਦਿਨੀਂ ਯੂਰੋਪ ਵਿਚ ਸਿਖਲਾਈਯਾਫਤਾ ਫ਼ੌਜੀ ਵੱਡੀ ਤਾਦਾਦ ਵਿਚ ਬੇਕਾਰੀ ਭੋਗ ਰਹੇ ਸਨ। ਬਹੁਤਿਆਂ ਨੇ ਮੱਧ ਪੂਰਬ ਜਾਂ ਹਿੰਦੋਸਤਾਨ ਵੱਲ ਮੂੰਹ ਕੀਤਾ ਹੋਆ ਸੀ। ਜੰਗੀ ਹਥਿਆਰ ਬਦਲ ਗਏ ਸਨ। ਭਾਰਤੀ ਰਿਆਸਤਾਂ ਨੂੰ ਈਸਟ ਇੰਡੀਆ ਕੰਪਨੀ ਦਾ ਪਸਾਰਾ ਰੋਕਣ ਲਈ ਅਜਿਹੇ ਫ਼ੌਜੀਆਂ ਦੀ ਲੋੜ ਸੀ। ਸੌਂਬਰ ਨੇ 700 ਘੋੜਸਵਾਰਾਂ ਦਾ ਦਸਤਾ ਬਣਾ ਕੇ ਸਰਧਨਾ ਵਿਚ ਆਪਣੀ ਚੌਧਰ ਕਾਇਮ ਕੀਤੀ ਹੋਈ ਸੀ। 1778 ਵਿਚ ਅਚਾਨਕ ਉਸ ਦੀ ਮੌਤ ਹੋ ਗਈ। 90 ਹਜ਼ਾਰ ਪੌਂਡ ਸਟਰਲਿੰਗ ਦੀ ਮਾਸਿਕ ਆਮਦਨ ਤੇ 700 ਘੋੜਸਵਾਰਾਂ ਵਾਲੇ ਦਸਤੇ ਦੀ ਕਮਾਨ ਕਰਨ ਦੀ ਜ਼ਿੰਮੇਵਾਰੀ ਸਾਢੇ ਚਾਰ ਫੁੱਟ ਦੀ ਫਰਜ਼ਾਨਾ ਦੇ ਮੋਢਿਆਂ ’ਤੇ ਆਣ ਪਈ। ਉਹ ਇਸ ਜ਼ਿੰਮੇਵਾਰੀ ਦੇ ਸਮਰੱਥ ਸਾਬਤ ਹੋਈ। ਦਲੇਰ ਸੀ, ਦਿਲਫਰੇਬ ਵੀ ਸੀ, ਦੂਰਅੰਦੇਸ਼ ਵੀ ਸੀ। ਆਪਣੇ ਦਸਤੇ ਵਿਚੋਂ ਯੂਰੋਪੀਅਨਾਂ ਨੂੰ ਮਨਫ਼ੀ ਕਰਦੀ ਗਈ, ਮੁਕਾਮੀ ਜਾਟ ਭਰਤੀ ਕਰਦੀ ਗਈ। ਉਹ ਉਸ ਦੇ ਪੱਕੇ ਵਫ਼ਾਦਾਰ ਸਨ। ਫ਼ਰਜ਼ਾਨਾ, ਬੇਗ਼ਮ ਸੌਂਬਰ ਦੇ ਵਿਗੜੇ ਰੂਪ ਬੇਗ਼ਮ ਸਮਰੂ ਵਜੋਂ ਆਪਣਾ ਦਬਦਬਾ ਵਧਾਉਂਦੀ ਗਈ। ਜਦੋਂ ਕਰੋੜਸਿੰਘੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਨੇ 30 ਹਜ਼ਾਰੀ ਲਸ਼ਕਰ ਨਾਲ ਦਿੱਲੀ ’ਤੇ ਹਮਲਾ ਕੀਤਾ ਤਾਂ ਬੇਗ਼ਮ ਸਮਰੂ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੀ ਮਦਦ ਲਈ ਬਹੁੜੀ। ਬਘੇਲ ਸਿੰਘ ਨੂੰ ਭਰਾ ਬਣਾ ਲਿਆ ਅਤੇ ਸਿੰਘਾਂ ਤੇ ਮੁਗ਼ਲ ਬਾਦਸ਼ਾਹ ਵਿਚ ਸਮਝੌਤਾ ਕਰਵਾ ਦਿੱਤਾ। ਬਾਅਦ ਵਿਚ ਉਹ ਬਾਦਸ਼ਾਹ ਦੀ ਮੂੰਹ ਬੋਲੀ ਧੀ ਵੀ ਬਣ ਗਈ। ਸਿੱਖਾਂ ਨਾਲ ਉਸ ਨੇ ਸੁਖਾਵੇਂ ਸਬੰਧ ਬਣਾਈ ਰੱਖੇ। ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸਾਕਦਾਰੀ ਗੰਢ ਲਈ, ਰਾਣੀ ਮਹਿਤਾਬ ਕੌਰ ਦੀ ਚੁੰਨੀ-ਵੱਟ ਭੈਣ ਬਣ ਕੇ। ਇਸੇ ਲਈ ਸਿੱਖ ਇਤਿਹਾਸ ਵਿਚ ਉਸ ਦਾ ਮੁਕਾਮ ਸਤਿਕਾਰਤ ਰਿਹਾ।

ਇਸੇ ਰਿਸ਼ਤੇ ਦੀ ਗਾਥਾ ਨੂੰ ‘ਸਮਰੂ ਕੀ ਬੇਗਮ’ (ਗ੍ਰੇਸ਼ੀਅਸ ਬੁੱਕਸ, 108 ਪੰਨੇ; 250 ਰੁਪਏ) ਵਿਚ ਸਾਬਕਾ ਬੈਂਕ ਅਫ਼ਸਰ ਭੱਕਰ ਸਿੰਘ ਫਰੀਦਕੋਟ ਨੇ ਪੇਸ਼ ਕੀਤਾ ਹੈ। ਆਕਰਸ਼ਕ ਪ੍ਰਕਾਸ਼ਨ ਹੈ ਇਹ। ਇਤਿਹਾਸਕਾਰ ਨਾ ਹੋ ਕੇ ਵੀ ਲੇਖਕ ਨੇ ਜਾਣਕਾਰੀ ਇਕੱਤਰ ਕਰਨ ਪੱਖੋਂ ਖ਼ੂਬ ਮਿਹਨਤ ਕੀਤੀ ਹੈ। ਇਤਿਹਾਸ ਲੇਖਣ ਦਾ ਇਕ ਬੁਨਿਆਦੀ ਅਸੂਲ ਹੈ: ਸ਼ਰਧਾ ਤੇ ਸਾਖੀਕਾਰੀ ਤੋਂ ਪਰਹੇਜ਼। ਇਹ ਪਰਹੇਜ਼ ਇਕ ਕਿਤਾਬ ਦਾ ਹਿੱਸਾ ਨਹੀਂ। ਇਸ ਦੇ ਬਾਵਜੂਦ ਕਿਤਾਬ ਪੜ੍ਹਨਯੋਗ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All