ਨੈਨ ਸੁੱਖ
ਦੁੱਲੇ ਦਾ ਪਿਓ ਕੈਦ ਹੋ ਗਿਆ। ਕਾਲ ਦਾ ਵੇਲਾ, ਹਰ ਪਾਸੇ ਭੁੱਖ-ਦੁੱਖ। ਦੁੱਲਾ ਬਾਲ ਸੀ, ਆਪਣੀ ਮਾਂ ਨਾਲ ਪਿਓ ਦੀ ਮੁਲਾਕਾਤ ਲਈ ਲਾਹੌਰ ਆਇਆ। ਮਾਂ ਦੇ ਸਿਰ ਉੱਤੇ ਰੋਟੀਆਂ ਦੀ ਚੰਗੇਰ, ਜੀਹਦੀ ਉਂਗਲੀ ਦੁੱਲਾ ਫੜੀ ਫਿਰੇ। ਚੁਗ਼ੱਤਾ ਸ਼ਾਹੀ ਦੀ ਸਖ਼ਤੀ, ਬਾਗ਼ੀ ਕੈਦੀ ਨਾਲ ਮੁਲਾਕਾਤ ਮੁਹਾਲ ਹੋਈ। ਰੁਲਦਿਆਂ ਫਿਰਦਿਆਂ ਅਛੂਤਾਂ ਦੀ ਲਾਵਾਰਸ ਧੀ ਦੁੱਲੇ ਦੀ ਭੈਣ ਬਣ ਗਈ… ਅਛੂਤ ਗੱਲ ਸੁਣਾਉਂਦੇ ਰੋ ਪੈਂਦੇ… ਦੁੱਲੇ ਨੂੰ ਦੁਪਹਿਰੀਂ ਭੁੱਖ ਲੱਗੀ, ਓਹਦੀ ਮਾਂ ਓਹਨੂੰ ਦੋ ਰੋਟੀਆਂ ਦਿੱਤੀਆਂ, ਜੀਹਨਾਂ ’ਚੋਂ ਇਕ ਰੋਟੀ ਦੁੱਲੇ ਆਪ ਖਾਧੀ ਦੂਜੀ ਭੈਣ ਨੂੰ ਦੇ ਦਿੱਤੀ। ਦੁੱਲੇ ਦੀ ਮੁਸਲਮਾਨ ਰਾਜਪੂਤ ਮਾਂ ਆਖਣ ਲੱਗੀ, ‘‘ਪੁੱਤਰ ਏਹ ਲੋੜ੍ਹੀ!’’ ਸ਼ਾਮੀਂ ਦੁੱਲੇ ਨੂੰ ਭੁੱਖ ਲੱਗੀ, ਓਹਦੀ ਮਾਂ ਚੰਗੇਰ ਵੇਖੀ, ਵਿਚ ਦੋ ਰੋਟੀਆਂ, ਜੀਹਨਾਂ ’ਚੋਂ ਇਕ ਮਾਂ ਆਪ ਰੱਖੀ, ਦੂਜੀ ਪੁੱਤਰ ਨੂੰ ਫੜਾਈ। ਦੁੱਲੇ ਅੱਧੀ ਰੋਟੀ ਭੈਣ ਨੂੰ ਦਿੱਤੀ ਤੇ ਅੱਧੀ ਆਪ ਖਾ ਲਈ। ਮਾਂ ਬੋਲੀ, ‘‘ਪੁੱਤਰ ਏਹ ਲੋੜ੍ਹੀ!’’
ਕਿਸੇ ਨੂੰ ਕੁਝ ਦਾਨ ਕਰਨ ਨੂੰ ਲੋੜ੍ਹੀ (ਲੋਹੜੀ) ਕਹਿੰਦੇ। ਲਹੌਰ ਵਿਚ ਜਿੱਥੇ ਦੁੱਲਾ ਤੇ ਅਖੌਤੀ ਅਛੂਤ ਕੁੜੀ ਭੈਣ ਭਰਾ ਬਣੇ, ਓਸ ਥਾਂ ਦਾਰਾ ਸ਼ਿਕੋਹ ਦੀ ਸੂਬੇਦਾਰੀ ਵਿਚ ਤਕੀਆ ਵਾਲਮੀਕੀਆਂ ਬਣਿਆ, ਜੀਹਦੇ ਵਿਚ ਇਕ ਅਖਾੜਾ ਧੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੂ ਤੇ ਸਿੱਖ ਰਈਸ ਦੇ ਪੁੱਤਰ ਨੂੰ ਕੁਸ਼ਤੀ ਵਿਚ ਹਰਾਉਂਦਾ ਓਹਨੂੰ ਵਾਲਮੀਕੀ, ਦੁੱਲਾ ਕਹਿੰਦੇ। ਪੋਹ ਦੀ ਤੀਹ ਜਿਹੜੇ ਦਿਨ ਦੁੱਲੇ ਆਪਣੀ ਅਛੂਤ ਭੈਣ ਰੋਟੀ ਖਵਾਈ, ਓਹ ਲੋੜ੍ਹੀ (ਲੋਹੜੀ) ਦਾ ਦਿਹਾੜ (ਤਿਉਹਾਰ) ਬਣਿਆ। ਲੋੜ੍ਹੀ (ਲੋਹੜੀ) ਰਾਤ ਨੂੰ ਮੰਗ ਕੇ ਮਨਾਉਂਦੇ। ਜਿਹੜਾ ਲਹੌਰੋਂ ਨਿਕਲ ਕੇ ਮਾਝੇ ਤੇ ਦੁਆਬੇ ਤਾਈਂ ਪਸਰ ਗਿਆ। ਕਦੀ ਏਹ ਨਿਰਾ ਵਾਲਮੀਕੀ ਦਿਹਾੜਾ, ਮਗਰੋਂ ਇਹਦੇ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਰਲ ਗਏ, ਪਹਿਲੇ ਕੁੜੀਆਂ ਚਿੜੀਆਂ ’ਕੱਲੀਆਂ ਹੁੰਦੀਆਂ ਸਨ, ਮਗਰੋਂ ਉਨ੍ਹਾਂ ਦੇ ਹਾਣੀ ਮੁੰਡੇ ਵੀ ਰਲ ਗਏ। ਪੋਹ ਦੀ ਪੰਦਰਾਂ ਤੋਂ ਲੰਮੀਆਂ ਸੀਤ ਰਾਤਾਂ ਵਿਚ ਲੋੜ੍ਹੀ ਭਖੀ ਰਹਿੰਦੀ। ਨਾਚ, ਗਾਣਾ, ਹਾਸਾ, ਰਾਸ, ਬਹਿਰੂਪ ਤੇ ਠੱਗੀ, ਮੰਗਣ ਲਈ ਸਭ ਚਲਦਾ ਤੇ ਗਾਹਲਾਂ ਦਾ ਗੁੜ ਸਵਾਦੀ ਹੋਵੇ। ਗਾਉਣ ਅਛੂਤਾਂ ਦੇ ਈ ਰਹੇ। ਜਿਨ੍ਹਾਂ ਚੋਂ ਇਕ:
ਆਵੋ ਨੀ ਆਵੋ ਲੋੜ੍ਹੀ ਆਈ
ਗਾਵੋ ਨੀ ਗਾਵੋ ਲੋੜ੍ਹੀ ਆਈ
ਅਸੀਂ ਜੇ ਭੈਣਾਂ ਓਹਦੀਆਂ
ਦੁੱਲਾ ਸਾਡਾ ਭਾਈ
ਜਗ ਪਕਾਈਆਂ ਰੋਟੀਆਂ
ਦੁੱਲਾ ਕਰੇ ਕਮਾਈ
ਆਵੋ ਨੀ ਆਵੋ..
ਬਾਬਲ ਕੈਦਾਂ ਭੋਗੀਆਂ
ਦੁੱਲੇ ਦੀ ਰੋਵੇ ਮਾਈ
ਆਵੋ ਨੀ ਆਵੋ..
ਖੇਡੇ ਵਗ ਤਗ ਸੋਟੀਆਂ
ਦੁੱਲਾ ਕਰੇ ਲੜਾਈ
ਆਵੋ ਨੀ ਆਵੋ….
ਸ਼ੂਮ ਵਧਾਈਆਂ ਮੋੜੀਆਂ
ਦੁੱਲੇ ਵਾਗ ਫੜਾਈ
ਆਵੋ ਨੀ ਆਵੋ….
ਸੱਭੇ ਦਮੜੀਆਂ ਖੋਟੀਆਂ
ਦੁੱਲਾ ਭਰੇ ਭਰਾਈ
ਆਵੋ ਨੀ ਆਵੋ…
ਲੋੜ੍ਹੀ ਧੁੰਮਦੀ ਜਾ ਰਹੀ ਕਿਹ ਲੋੜ੍ਹੀ (ਲੋਹੜੀ) ਦੇ ਅਗਲੇ ਦਿਨ ਦੀ ਪਹਿਲੀ ਨੂੰ ਪੰਜਾਬ ਦੇ ਹਿੰਦੂ ਮੰਦਰਾਂ ’ਚੋਂ ਨਵੇਂ ਦਿਹਾੜ ‘ਭਾਗੀ’ ਦੀ ਵਧਾਈ।
ਸੁੰਦਰੀ ਤੇ ਮੁੰਦਰੀ ਸੋਹਣੀਆਂ ਮਨਮੋਹਣੀਆਂ ਦੋ ਭੈਣਾਂ ਰੂੜੇ ਡੂਮ ਦੀਆਂ ਧੀਆਂ ਭੱਟੀਆਂ ਦੀ ਜੂਹੇ ਜਿੱਥੇ ਵੀ ਮੇਲਾ ਲੱਗੇ, ਇਹ ਓਥੇ ਆਪਣਾ ਪਿੜ ਭਖਾਵਣ। ਕਿਲਾ ਸ਼ੇਖੁਪੁਰੇ ਦੇ ਕੋਤਵਾਲ ਤਾਈਂ
ਉਨ੍ਹਾਂ ਦੀ ਧੁੰਮ ਅੱਪੜੀ। ਰੂੜੇ ਨੂੰ ਦਾਰੋਗੇ ਸਾਈ ਫੜਾਈ ਜਿਹੜਾ ਅੱਗੋਂ ਇਨਕਾਰੀ। ਓਹ ਮੇਲੇ ਵਿਚ ਵੀ ਗਾਉਂਦੇ ਤੇ ਬੂਹਾ ਬੂਹਾ ਵੀ ਫਿਰਦੇ ਪਰ ਕਿਲੇ ਕੋਲੋਂ ਉਨ੍ਹਾਂ ਨੂੰ ਡਰ ਆਵੇ। ਸੁੰਦਰੀ ਤੇ ਮੁੰਦਰੀ ਜੋੜੀਆਂ, ਜੰਮਦਿਆਂ ਦੀ ਮਾਂ ਮਰ ਗਈ, ਚਾਚੀ ਪਾਲਿਆ। ਕੋਤਵਾਲ ਦਾ ਹੁਕਮ ਨਾ ਚਲਿਆ ਤੇ ਦਰੋਗੇ ਧੱਕੇ ਜ਼ੋਰੀਂ ਸੁੰਦਰੀ ਤੇ ਮੁੰਦਰੀ ਨੂੰ ਚੁਕਵਾ ਲਿਆ, ਜਿਨ੍ਹਾਂ ਨੂੰ ਬਚਾਂਦਿਆਂ ਉਨ੍ਹਾਂ ਦਾ ਚਾਚਾ ਸਮੰਦਾ ਫੱਟੜ ਹੋ ਗਿਆ। ਦੁੱਲੇ ਤਾਈਂ ਡੂੰਮਾਂ ਦੀ ਫ਼ਰਿਆਦ ਗਈ, ਜਿਹੜਾ ਬੇਵਾਰਸਾਂ ਦਾ ਸਾਈਂ ਬਣਿਆ, ਜਿਨ੍ਹਾਂ ਦੀਆਂ ਧੀਆਂ ਸਲਾਮਤ ਪਰਤਾਈਆਂ, ਓਹ ਕਿਓਂ ਨਾ ਦੁੱਲੇ ਦੇ ਵਾਰੀ ਜਾਵਨ, ਜਿਨ੍ਹਾਂ ਗਾਓਣ ਜੋੜੇ:
ਸੁੰਦਰੀਏ-ਮੁੰਦਰੀਏ ਨਾ ਰੋ
ਹੋ….ਹੋ….ਹੋ…
ਸਾਰੇ ਸੀਰੀ ਕੁੜੀਆਂ ਮੁੰਡੇ ਦੂੰਹਾ (ਦੋ) ਧਿਰਾਂ ਵਿਚ ਵੰਡੇ ਜਾਵਣ, ਇਕ ਧਿਰ ਬੋਲ ਗਾਏ ਤੇ ਦੂਜੀ ਧਿਰ ‘ਹੋ’ ਅਲਾਏ:
ਤੇਰਾ ਕੌਣ ਪਿਆਰਾ… ਹੋ
ਦੁੱਲਾ ਭੱਟੀ ਵਾਲਾ… ਹੋ
ਦੁੱਲੇ ਧੀ ਵਿਆਹੀ… ਹੋ
ਸੇਰ ਸ਼ੱਕਰ ਪਾਈ… ਹੋ
ਕੁੜੀ ਤੇ ਲਾਲ ਫਟਾਕਾ… ਹੋ
ਕੁੜੀ ਦਾ ਸਾਲੂ ਪਾਟਾ… ਹੋ
ਸਾਲੂ ਕੌਣ ਸਵਾਏ… ਹੋ
ਚਾਚਾ ਨਵਾਂ ਰੰਗਾਏ… ਹੋ
ਚਾਚੀ ਚੂਰੀ ਕੁੱਟੀ… ਹੋ
ਜ਼ਿਮੀਂਦਾਰ ਨੇ ਲੁੱਟੀ… ਹੋ
ਤੇ ਆ ਗਿਆ ਸ਼ਪਾਹੀ… ਹੋ
ਏਸ ਤੋਂ ਅੱਗੇ ਇਕ ਧਿਰ:
ਇਕ ਭੋਰਾ ਰਹਿ ਗਿਆ
ਤੇ ਦੂਜੀ ਧਿਰ:
ਓਹ ਸ਼ਪਾਹੀ ਲੈ ਗਿਆ
ਇੱਥੇ ਆ ਕੇ ਸਾਰੇ ਰਲ ਜਾਂਦੇ ਤੇ ਕਿਸੇ ਬੂਹੇ ਅੱਗੇ ਖਲੋ ਕੇ ਅਤਿ ਚੁੱਕ ਲੈਂਦੇ:
ਸ਼ਪਾਹੀ ਨੂੰ ਮਾਰੀ ਇੱਟ
ਰੋ ਤੇ ਭਾਵੇਂ ਪਿੱਟ
ਸਾਨੂੰ ਦੇ ਤੂੰ ਲੋੜ੍ਹੀ
ਤੇ ਤੇਰੀ ਜੀਵੇ ਜੋੜੀ।
(‘ਧਰਤੀ ਪੰਜ ਦਰਿਆਈ’ (ਪੰਜਾਬੀ ਰੂਪ: ਪਰਮਜੀਤ ਸਿੰਘ ਮੀਸ਼ਾ) ਵਿਚੋਂ)
ਦੁੱਲੇ ਦਾ ‘ਦੁੱਲਾ ਬਣਨਾ’
ਦੁੱਲੇ ਦੀ ਮਾਂ ਨੇ, ਜਦੋਂ ਦੁੱਲੇ ਦੀਆਂ ਅੱਖਾਂ ਵਿਚ ਆਪਣੇ ਜਵਾਨ ਪੁੱਤ ਦੁੱਲੇ ਨੂੰ ਵੇਖਿਆ, ਹੁਣ ਤੱਕ ਉਸ ਤੋਂ ਲੁਕਾ ਕੇ ਰੱਖੀ ਸੱਚਾਈ ਤੇ ਉਸ ਦੇ ਪਿਉ-ਦਾਦੇ ਦੀ ਹੋਣੀ ਉਸ ਨੂੰ ਕਹਿ ਸੁਣਾਈ ਕਿ ਉਸ ਦੇ ਪਿਉ ਦਾਦਾ ਭਾਰੇ ਰਾਠ ਸਨ ਜਿਨ੍ਹਾਂ ਨੇ ਜ਼ਿੰਦਗੀ ਭਰ ਬਾਦਸ਼ਾਹ ਦੀ ਈਨ ਨਹੀਂ ਮੰਨੀ, ਉਸ ਨੂੰ ਮਾਮਲਾ ਦੇਣੋਂ ਇਨਕਾਰ ਕਰ ਦਿੱਤਾ ਅਤੇ ਨਾਬਰੀ ਦਾ ਝੰਡਾ ਬਾਰ ਵਿਚ ਝੁੱਲਦਾ ਰਿਹਾ, ਬਾਦਸ਼ਾਹ ਨੇ ਆਣੀ ਹੇਠੀ ਸਮਝ ਪਿੰਡੀ ਉੱਤੇ ਫ਼ੌਜਾਂ ਚਾੜ੍ਹ ਦਿੱਤੀਆਂ ਅਤੇ ਉਸ ਦੇ ਬਾਪ-ਦਾਦੇ ਨੂੰ ਬੰਨ੍ਹ ਕੇ ਲੈ ਗਏ। ਉਹ ਬਾਦਸ਼ਾਹ ਦੇ ਦਬਕੇ ਅੱਗੇ ਨਾ ਲਿਫ਼ੇ। ਕੋਈ ਵਾਹ ਨਾ ਜਾਂਦੀ ਵੇਖ ਬਾਦਸ਼ਾਹ ਨੇ ਉਨ੍ਹਾਂ ਦੇ ਸਿਰ ਕਤਲ ਕਰ ਦਿੱਤੇ ਤੇ ਉਨ੍ਹਾਂ ਦੀਆਂ ਲਾਸ਼ਾਂ ਵਿਚ ਘਾਹ ਫੂਸ ਭਰਵਾ ਕੇ ਕਿਲ੍ਹੇ ਦੇ ਬਾਹਰ ਲਟਕਵਾ ਦਿੱਤੀਆਂ।
ਦੁੱਲਾ ਜਿਉਂ ਜਿਉਂ ਆਪਣੀ ਮਾਂ ਤੋਂ ਆਪਣੇ ਵਿਰਸੇ ਬਾਰੇ ਸੁਣਦਾ ਗਿਆ ਤਿਉਂ ਤਿਉਂ ਉਸ ਦੇ ਅੰਦਰ ਨਿਰੰਤਰ ਚੱਲ ਰਹੇ ਰੋਹ ਅਤੇ ਕੌੜ ਦੇ ਪ੍ਰਵਾਹ ਨੇ ਉਸ ਨੂੰ ਇਕ ਮੋੜ ’ਤੇ ਲਿਆ ਖੜ੍ਹਾ ਕਰ ਦਿੱਤਾ ਜਿੱਥੋਂ ਦੁੱਲੇ ਨੂੰ ਆਪਣੇ ਵਿਰਸੇ ਵਿਚ ਆਪਣੀ ਹੋਂਦ, ਆਪਣੀ ਹੋਂਦ ਵਿਚ ਆਪਣਾ ਵਿਰਸਾ, ਆਪਣੀ ਹਸਤੀ, ਸਾਫ਼ ਸਾਫ਼ ਦਿਖਾਈ ਦੇਣ ਲੱਗੀ। ਆਪ-ਮੁਹਾਰਤਾ ਉਸ ਦੀ ਦਿਸ਼ਾ ਨਾ ਰਹੀ, ਉਸ ਦੀ ਮੰਜ਼ਿਲ, ਉਸ ਦੀ ਸੇਧ ਅਤੇ ਆਪਣਾ ਆਲਾ ਦੁਆਲਾ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆਉਣ ਲੱਗੇ। ਆਪਣੇ ‘ਹੋਣ’ ਦੀ ਸਾਰ ਉਸ ਨੂੰ ਲੱਭ ਪਈ। – ਗਿਆਨ ਚੰਦ
ਦੁੱਲਾ ਭੱਟੀ ਅਤੇ ਭਗਤ ਸਿੰਘ ਦੀ ਘੋੜੀ
ਭੈਣ ਸਈਆਂ ਸੰਗ ਗਾਵੇ ਘੋੜੀਆਂ
ਜੰਞ ਤੇ ਹੋਈ ਏ ਤਿਆਰ
ਮੌਤ ਕੁੜੀ ਨੂੰ ਪ੍ਰਣਾਉਣ ਚਲਿਆ
ਤੂੰ ਦੇਸ਼ ਭਗਤ ਸਰਦਾਰ
ਦੁੱਲਾ ਭੱਟੀ ਤੇਰਾ ਸਾਂਢੂ ਹੈ ਲੱਗਦਾ
ਤੁਸੀਂ ਮਿਲਦੇ ਰਹੇ ਲੱਖ ਵਾਰ
ਰਾਜਗੁਰੂ ਤੇ ਸੁਖਦੇਵ ਸਰਬਾਹਲੇ
ਪੈਦਲ ਤੇ ਕੋਈ ਅਸਵਾਰ
(ਪਾਕਿਸਤਾਨ ਦੀ ਮਜ਼ਦੂਰ ਕਿਸਾਨ ਪਾਰਟੀ ਦੇ ਆਗੂ ਚੌਧਰੀ ਬਰਕਤ ਦੀ ਸੁਣਾਈ ਭਗਤ ਸਿੰਘ ਦੀ ਘੋੜੀ)