ਸਾਂਵਲ ਧਾਮੀ
ਸਾਲ ਕੁ ਪਹਿਲਾਂ ਦੀ ਗੱਲ ਏ। ਅਰਜਨਵਾਲ ਪਿੰਡ ਦੀ ਇਕ ਔਰਤ ਦੇ ਪੁੱਤਰਾਂ ਨੇ ਉਹਦਾ ਸੌ ਸਾਲਾ ਜਨਮ ਦਿਨ ਮਨਾਇਆ ਸੀ। ਇਹ ਪਿੰਡ ਆਦਮਪੁਰ ਤੋਂ ਲਹਿੰਦੇ ਪਾਸੇ ਪੈਂਦਾ ਹੈ। ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾਂਦੀ ਸੜਕ ਉੱਪਰ। ਮਹੀਨਾ ਕੁ ਪਹਿਲਾਂ ਮੈਂ ਅਰਜਨਵਾਲ ਉਸ ਬੀਬੀ ਨੂੰ ਮਿਲਣ ਗਿਆ ਸਾਂ। ਮੇਰਾ ਮਕਸਦ ਉਹਦੇ ਨਾਲ ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਕਰਨਾ ਸੀ।
ਉਹ ਡਾਹਢੀ ਉਦਾਸ ਸੀ। ਉਹਦਾ ਪੁੱਤਰ ਜਿਹਨੂੰ ਸਾਰੇ ਸੰਤ ਬਾਬਾ ਸੁਰਿੰਦਰ ਦਾਸ ਆਖਦੇ ਸਨ, ਤਿੰਨ ਕੁ ਮਹੀਨੇ ਪਹਿਲਾਂ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ। ਅਫ਼ਸੋਸ ਕਰਨ ਉਪਰੰਤ ਮੈਂ ਬੀਬੀ ਕਰਮੀ ਕੋਲੋਂ ਉਹਦੇ ਨਾਂ ਅਤੇ ਪਿਛੋਕੜ ਬਾਰੇ ਪੁੱਛਿਆ ਤਾਂ ਬੋਲੀ, “ਮੇਰਾ ਅਸਲ ਨਾਂ ਤਾਂ ਕਰਮੀ ਆ ਪੁੱਤਰਾ, ਪਰ ਕੋਈ ਕਰਮੋ ਕਹਿ ਲੈਂਦਾ ਤੇ ਕੋਈ ਕਰਮ ਕੌਰ। ਜਨਮ ਮੇਰਾ ਹੈਗਾ ਸਾਹੀਵਾਲ ਦਾ। ਜਿਹਨੂੰ ਮਿੰਟਗੁਮਰੀ ਵੀ ਕਹਿੰਦੇ ਆ। ਇੱਧਰ ਕੰਮ-ਕਾਰ ਬਹੁਤਾ ਹੈ ਨਹੀਂ ਸੀ। ਗ਼ਰੀਬਾਂ ਨੂੰ ਪਿੰਡ ਤਾਂ ਛੱਡਣੇ ਹੀ ਪੈਂਦੇ ਨੇ ਰੋਜ਼ੀ-ਰੋਟੀ ਲਈ। ਮੇਰਾ ਬਾਬਾ ਤੇ ਬਾਪੂ ਮਾੜੂ ਵੀ ਮਹੱਦੀਪੁਰ ਪਿੰਡ ਨੂੰ ਛੱਡ ਕੇ ਓਧਰ ਚਲੇ ਗਏ ਸੀ। ਚੱਕ ਨੰਬਰ 275 ਵਿਚ। ਓਥੇ ਹੀ ਉਹਦਾ ਵਿਆਹ ਹੋਇਆ। ਮਾਂ ਮੇਰੀ ਦਾ ਨਾਂ ਪੁੰਨਾ ਸੀ।
ਮਿੰਟਗੁਮਰੀ ਸ਼ਹਿਰ ਦੀ ਜੇਲ੍ਹ ਸਾਡੇ ਚੱਕ ਦੇ ਲਾਗੇ ਹੀ ਸੀ। ਸਾਡੇ ਹੁੰਦਿਆਂ-ਹੁੰਦਿਆਂ ਉਹ ਚੱਕ ਸ਼ਹਿਰ ’ਚ ਰਲ ਗਿਆ ਸੀ। ਓਥੋਂ ਅਸੀਂ ਚੱਕ ਨੰਬਰ ਪਚੰਨਵੇਂ ’ਚ ਆ ਗਏ ਸੀ। ਇਹ ਚੱਕ ਲਾਇਲਪੁਰ ਜ਼ਿਲ੍ਹੇ ’ਚ ਪੈਂਦਾ ਸੀ। ਮੇਰੀ ਮਾਂ ਥੋੜ੍ਹਾ-ਬਹੁਤ ਕੰਮ ਤਾਂ ਪਹਿਲਾਂ ਵੀ ਜਾਣਦੀ ਸੀ, ਪਰ ਪਚੰਨਵੇਂ ’ਚ ਆ ਕੇ ਉਹ ਦਾਈਪੁਣਾ ਕਰਨ ਲੱਗ ਪਈ ਸੀ। ਸਾਰਾ ਚੱਕ ਉਹਦੀ ਇੱਜ਼ਤ ਕਰਦਾ ਸੀ। ਸੁੱਖ ਨਾਲ ਨਿਆਣੇ ਜੰਮੀ ਜਾਂਦੇ ਸੀ ਤੇ ਸਾਡੇ ਭੜੋਲੇ ਦਾਣਿਆਂ ਨਾਲ ਭਰੀ ਜਾਂਦੇ ਸੀ।
ਮੰਗਣਾ ਵਿਆਹੁਣਾ ਮੇਰਾ ਪਚੰਨਵੇਂ ਚੱਕ ’ਚ ਹੋਇਆ। ਰੌਲਿਆਂ ਤਕ ਮੈਨੂੰ ਸਹੁਰੇ ਘਰ ਵੱਸਦੀ ਨੂੰ ਅੱਠ-ਦਸ ਵਰ੍ਹੇ ਹੋ ਗਏ ਸਨ। ਮੇਰੇ ਸਹੁਰੇ ਇਸੀ ਪਿੰਡ ਅਰਜਨਵਾਲ ਤੋਂ ਚੱਕ ਨੰਬਰ ਤਰੰਨਵੇਂ ’ਚ ਗਏ ਸੀ। ਓਥੇ ਇਨ੍ਹਾਂ ਦੀਆਂ ਆਪਣੀਆਂ ਖੱਡੀਆਂ ਸਨ। ਇਹ ਕੱਪੜਾ ਬੁਣਦੇ ਤੇ ਵੇਚਦੇ ਸੀ। ਬਹੁਤ ਸੋਹਣੀ ਰੋਟੀ ਖਾਂਦੇ ਸੀ। ਜਦੋਂ ਪਾਕਿਸਤਾਨ ਬਣਿਆ ਤਾਂ ਮੇਰੇ ਕੁੱਛੜ ਇਕ ਲੜਕਾ ਸੀ। ਹੁਣ ਤਾਂ ਉਹ ਵੀ ਗੁਜ਼ਰ ਗਿਆ ਵਿਚਾਰਾ। ਕੀ ਕਰੀਏ? ਕੁਦਰਤ ਅੱਗੇ ਕਿਸੇ ਦਾ ਜ਼ੋਰ ਆ ਕੋਈ!” ਹਉਕਾ ਭਰਦਿਆਂ ਬੀਬੀ ਕਰਮੀ ਚੁੱਪ ਹੋ ਗਈ।
“ਕਿਸ ਤਰ੍ਹਾਂ ਦਾ ਇਲਾਕਾ ਸੀ ਉਹ?” ਮੈਂ ਸਵਾਲ ਕੀਤਾ।
“ਉਹ ਇਲਾਕਾ ਬਹੁਤ ਵਧੀਆ ਸੀ। ਓਧਰ ਲੋਕਾਂ ਨੇ ਆਖਣਾ ਕਿ ਦੇਸ ਵਾਲੇ ਤਾਂ ਗਲੀਆਂ ਦੇ ਕੱਖ ਹੂੰਝ ਕੇ ਰੋਟੀਆਂ ਪਕਾਉਂਦੇ ਨੇ। ਇਹ ਗੱਲਾਂ ਸੁਣ ਕੇ ਅਸੀਂ ਆਖਣਾ ਕਿ ਅਸੀਂ ਕਦੇ ਦੇਸ ਨਹੀਂ ਜਾਣਾ। ਸੱਚੀ ਗੱਲ ਤਾਂ ਇਹ ਆ ਪੁੱਤਰਾ ਕਿ ਇੱਧਰ ਭੁੱਖ-ਨੰਗ ਜ਼ਿਆਦਾ ਸੀ। ਸਾਨੂੰ ਤਾਂ ਉਹ ਹੀ ਮੁਲਕ ਚੰਗਾ ਸੀ। ਕੰਮ ਬਹੁਤ ਸੀ ਓਧਰ। ਕਪਾਹਾਂ ਚੁਗਣੀਆਂ। ਕਣਕ ਦੀਆਂ ਵਾਢੀਆਂ ਮਹੀਨਾ ਭਰ ਚੱਲਣੀਆਂ। ਸਾਰਿਆਂ ਨੂੰ ਰੱਜਵੀਂ ਰੋਟੀ ਮਿਲ ਜਾਂਦੀ ਸੀ।
ਮੇਰੇ ਸਹੁਰਿਆਂ ਵਾਲਾ ਚੱਕ ਮੁਸਲਮਾਨ ਜ਼ਿਮੀਂਦਾਰਾਂ ਦਾ ਸੀ। ਅਸੀਂ ਬਾਹਰ ਨਹੀਂ ਸੀ ਜਾਂਦੀਆਂ ਹੁੰਦੀਆਂ। ਓਧਰ ਸਾਡੀ ਰਿਸ਼ਤੇਦਾਰੀ ਬਹੁਤ ਥੋੜ੍ਹੀ ਸੀ। ਓਸ ਚੱਕ ’ਚ ਸਾਡੇ ਆਦਿ-ਧਰਮੀਆਂ ਦੇ ਦੋ ਕੁ ਘਰ ਸੀ। ਦੂਜਾ ਘਰ ਮੇਰੀ ਮਾਂ ਦੇ ਸਕੇ ਚਾਚੇ ਦਾ ਸੀ। ਉਹ ਸਾਡੇ ਗੁਆਂਢ ’ਚ ਹੀ ਰਹਿੰਦੇ ਸੀ। ਨਿੱਕੀ ਜਿਹੀ ਕੰਧ ਸੀ ਵਿਚਾਲੇ। ਅਸੀਂ ਇੱਧਰ ਆ ਗਏ, ਪਰ ਓਹ ਟੱਬਰ ਓਧਰ ਹੀ ਰਹਿ ਗਿਆ। ਕੁਝ ਸਾਲ ਪਹਿਲਾਂ ਮੇਰਾ ਪੁੱਤਰ ਗਿਆ ਸੀ ਓਧਰ। ਸਾਰਿਆਂ ਨੂੰ ਮਿਲ ਕੇ ਆਇਆ। ਸਾਡੇ ਮਗਰੋਂ ਉਨ੍ਹਾਂ ਵਿਚਕਾਰਲੀ ਕੰਧ ਢਾਹ ਕੇ ਸਾਡੇ ਵਾਲਾ ਘਰ ਵੀ ਮੱਲ ਲਿਆ ਸੀ। ਚਲੋ ਅਸੀਂ ਕਿਹੜਾ ਹੁਣ ਦੇਖਣ ਜਾਣਾ। ਛੱਡੇ ਗਰਾਂ ਤੇ ਕੀ ਲੈਣੇ ਨਾਂ!” ਚਾਣਚਕ ਬੀਬੀ ਕਰਮੀ ਦੇ ਬੋਲ ਭਾਰੇ ਹੋ ਗਏ।
“ਸੰਤਾਲੀ ’ਚ ਕੀ ਹੋਇਆ?” ਮੈਂ ਅਗਾਂਹ ਪੁੱਛਿਆ।
“ਪਾਕਿਸਤਾਨ-ਪਾਕਿਸਤਾਨ ਤਾਂ ਕਈ ਦੇਰ ਤੋਂ ਹੁੰਦੀ ਪਈ ਸੀ। ਇਹ ਥੋੜ੍ਹੋ ਪਤਾ ਸੀ ਕਿ ਸਾਨੂੰ ਉੱਜੜਨਾ ਪੈਣਾ। ਜਿਸ ਦਿਨ ਉਹ ਚੱਕ ਛੱਡਿਆ ਉਸ ਦਿਨ ਦੀ ਗੱਲ ਸੁਣ ਲੈ। ਲੌਢੇ ਵੇਲੇ ਦਾ ਵਕਤ ਸੀ। ਮੇਰਾ ਦਿਓਰ ਮੱਝਾਂ ਚੋਣ ਗਿਆ ਹੋਇਆ ਸੀ। ਮੇਰਾ ਸਹੁਰਾ ਦੀਵਾਨ ਨਲੀਆਂ ਪਿਆ ਵੱਟਦਾ ਸੀ। ਦਿਓਰ ਦੁੱਧ ਦੀ ਬਾਲਟੀ ਲੈ ਕੇ ਆਇਆ ਤਾਂ ਰੌਲਾ ਪੈ ਗਿਆ। ਸਾਡੇ ਲਾਗੇ ਕਾਲਾ ਚੱਕ ਮੁਸਲਮਾਨਾਂ ਦਾ ਸੀ। ਉਸ ਚੱਕ ਦੇ ਬੰਦੇ ਸਾਨੂੰ ਮਾਰਨ ਆ ਗਏ। ਮੇਰੇ ਦਿਓਰ ਨੇ ਉਹ ਦੁੱਧ ਦੀ ਬਾਲਟੀ ਓਥੇ ਹੀ ਬੂਹੇ ’ਚ ਰੋੜ੍ਹ ਦਿੱਤੀ। ਮੈਂ ਮੁੰਡਾ ਕੁੱਛੜ ਚੁੱਕਿਆ। ਮਾੜਾ-ਮੋਟਾ ਜਿਹੜਾ ਗਹਿਣਾ-ਗੱਟਾ ਸੀ ਉਹ ਅਗਲ-ਬਗਲ ’ਚ ਦੇ ਲਿਆ ਤੇ ਤੁਰ ਪਈ। ਹੋਰ ਮੈਂ ਆਪਣੇ ਘਰ ’ਚੋਂ ਕੱਖ ਵੀ ਨਹੀਂ ਚੁੱਕਿਆ। ਸੂਤ ਦੀਆਂ ਬੋਰੀਆਂ ਭਰੀਆਂ ਹੋਈਆਂ ਸਨ ਤੇ ਖੱਦਰ ਦੇ ਥਾਨ ਵੀ ਉਵੇਂ ਪਏ ਰਹਿ ਗਏ।
ਆਪਣਾ ਚੱਕ ਛੱਡ ਕੇ ਅਸੀਂ ਨੇੜਲੇ ਕੈਂਪ ’ਚ ਪਹੁੰਚ ਗਏ। ਡੇਢ ਮਹੀਨਾ ਅਸੀਂ ਓਥੇ ਰੁਲਦੇ ਰਹੇ। ਟੱਬਰ ਭਾਰਾ ਸੀ। ਕੋਲ ਕੁਝ ਵੀ ਨਹੀਂ ਸੀ। ਆਟਾ ਵੀ ਸੋਨੇ ਦੇ ਭਾਅ ਵਿਕਦਾ ਸੀ। ਮੇਰਾ ਉਹ ਗਹਿਣਾ-ਗੱਟਾ ਵੀ ਓਸ ਕੈਂਪ ’ਚ ਵਿਕ ਗਿਆ। ਬਸ ਇਕ ਨੱਕ ਵਾਲਾ ਕੋਕਾ ਰਹਿ ਗਿਆ ਸੀ। ਓਸ ਕੋਕੇ ਦੀ ਕਹਾਣੀ ਵੀ ਸੁਣ ਲੈ।” ਬੀਬੀ ਕਰਮੀ ਪਹਿਲੀ ਵਾਰ ਹੱਸੀ ਸੀ, ਪਰ ਫਿੱਕਾ ਜਿਹਾ।
“…ਮੇਰੇ ਪਤੀ ਹੋਰੀਂ ਚਾਰ ਭਰਾ ਸਨ ਤੇ ਇਕ ਉਨ੍ਹਾਂ ਦੀ ਭੈਣ ਸੀ। ਸਾਰਿਆਂ ਨਾਲੋਂ ਛੋਟੀ। ਰਾਮ ਪਿਆਰੀ ਨਾਂ ਸੀ ਉਹਦਾ। ਬੜੀ ਨੇਕ ਤੇ ਬੜੀ ਸੋਹਣੀ ਕੁੜੀ ਸੀ ਉਹ। ਉਹ ਕਿਸੇ ਨੇੜਲੇ ਚੱਕ ’ਚ ਮੰਗੀ ਹੋਈ ਸੀ। ਅਸੀਂ ਮਹੀਨਾ ਭਰ ਉਹਦੇ ਸਹੁਰਿਆਂ ਨੂੰ ਉਡੀਕਦੇ ਰਹੇ। ਉਹ ਟੱਬਰ ਕੈਂਪ ’ਚ ਨਾ ਆਇਆ। ਅਸੀਂ ਫ਼ਿਕਰਮੰਦ ਹੋ ਗਏ ਕਿ ਕਿਧਰੇ ਉਹ ਮਾਰੇ ਨਾ ਗਏ ਹੋਣ। ਫਿਰ ਇਕ ਰਾਤ ਮੇਰਾ ਪਤੀ ਪੂਰਨ ਚੰਦ ਤੇ ਮੇਰਾ ਦਿਓਰ ਓਸ ਚੱਕ ’ਚ ਗਏ।
ਉਹ ਟੱਬਰ ਆਪਣੇ ਘਰ ’ਚ ਇਉਂ ਬੈਠਾ ਸੀ ਜਿਉਂ ਕੁਝ ਹੋਇਆ ਹੀ ਨਹੀਂ ਹੁੰਦਾ। ਇਨ੍ਹਾਂ ਆਖਿਆ ਕਿ ਉੱਠੋ ਅਸੀਂ ਤੁਹਾਨੂੰ ਲੈਣ ਆਏ ਆਂ। ਪ੍ਰਾਹੁਣਾ ਤਾਂ ਚੁੱਪ ਰਿਹਾ, ਪਰ ਉਹਦਾ ਪਿਓ ਫਿੱਕਾ ਕਿਹਾ ਹੱਸ ਕੇ ਬੋਲਿਆ- ਅਸੀਂ ਓਧਰੋਂ ਭੁੱਖੇ ਮਰਦੇ ਆਏ ਸੀ। ਅੱਧੀ ਸਦੀ ਲੱਗ ਗਈ ਪੈਰਾਂ ਸਿਰ ਆਉਂਦਿਆਂ। ਹੁਣ ਓਧਰ ਸਾਡਾ ਕੀ ਏ? ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਇੱਥੋਂ ਉੱਜੜ ਕੇ ਜਾਵਾਂਗੇ ਤਾਂ ਘਰ ਬਣਾਉਂਦਿਆਂ ਅੱਧੀ ਸਦੀ ਹੋਰ ਲੱਗ ਜਾਊ। ਤੁਸੀਂ ਜਾਓ! ਅਸੀਂ ਤਾਂ ਬੜਾ ਸੋਹਣਾ ਬੈਠੇ ਆਂ। ਸਾਰਾ ਚੱਕ ਮੁਸਲਮਾਨਾਂ ਦਾ ਏ ਤੇ ਇਹ ਸਾਡਾ ਪੂਰਾ ਖ਼ਿਆਲ ਰੱਖਦੇ ਨੇ।
ਇਨ੍ਹਾਂ ਮਿੰਨਤ ਤਰਲਾ ਵੀ ਕੀਤਾ। ਉਹ ਨਾ ਮੰਨੇ। ਆਖਰ ਮੇਰੇ ਪਤੀ ਨੇ ਆਖਿਆ- ਤੁਹਾਨੂੰ ਪਤਾ ਈ ਆ ਕਿ ਸਾਡਾ ਸਫ਼ਰ ਬੜਾ ਖ਼ਤਰਨਾਕ ਏ। ਸਾਡੇ ਨਾਲ ਰਾਹ ’ਚ ਪਤਾ ਨਹੀਂ ਕੀ ਭਾਣਾ ਵਾਪਰਨਾ। ਧਾੜਵੀ ਕੁਆਰੀਆਂ ਕੁੜੀਆਂ ਨੂੰ ਧੂਹ ਕੇ ਲਈ ਜਾਂਦੇ ਨੇ। ਤੁਸੀਂ ਦੇਸ ਨਹੀਂ ਜਾਣਾ ਤਾਂ ਨਾ ਜਾਓ, ਪਰ ਸਾਡੇ ਨਾਲ ਤੁਰੋ ਤੇ ਆਪਣੀ ਅਮਾਨਤ ਆਪਣੇ ਘਰ ਲੈ ਕੇ ਆਓ।
ਅਗਲੀ ਰਾਤ ਇਹ ਆਪਣੇ ਨਾਲ ਰਾਮ ਪਿਆਰੀ ਦੇ ਸਹੁਰੇ ਤੇ ਪਤੀ ਨੂੰ ਲੈ ਆਏ। ਰਾਮ ਪਿਆਰੀ ਨੂੰ ਅਸੀਂ ਕੈਂਪ ’ਚੋਂ ਤੋਰਿਆ। ਉਹਨੂੰ ਦੇਣ ਲਈ ਸਾਡੇ ਕੋਲ ਕੁਝ ਵੀ ਨਹੀਂ ਸੀ। ਮੇਰੇ ਨੱਕ ’ਚ ਇਕ ਕੋਕਾ ਸੀ ਬਸ…।” ਬੀਬੀ ਕਰਮੀ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਚਿਹਰੇ ’ਤੇ ਜੰਮ ਚੁੱਕੀ ਸੰਘਣੀ ਉਦਾਸੀ ਨੂੰ ਛੰਡ ਨਾ ਸਕੀ।
“…ਦਸ-ਪੰਦਰਾਂ ਦਿਨਾਂ ਬਾਅਦ ਸਾਡਾ ਕਾਫ਼ਲਾ ਓਥੋਂ ਤੁਰਿਆ। ਹਮਲਾ ਹੁੰਦਾ ਤਾਂ ਸਾਡਾ ਕਾਫ਼ਲਾ ਰੁਕ ਜਾਂਦਾ ਸੀ। ਫਿਰ ਮੀਂਹ ਪੈਣ ਲੱਗ ਪਏ। ਰਾਹ ’ਚ ਇਕ ਬੰਦਾ ਖੇਤਾਂ ’ਚ ਬੈਠਾ ਹਾਕਾਂ ਮਾਰੇ -ਮੇਰੇ ਅੱਠ ਪੁੱਤ ਨੇ। ਜੇ ਕੋਈ ਰੱਬ ਦਾ ਬੰਦਾ ਹੈਗਾ ਤਾਂ ਮੇਰੀ ਗੱਲ ਸੁਣ ਜਾਏ। ਉਹਦੇ ਕੋਲ ਕੋਈ ਨਾ ਗਿਆ। ਲੋਕਾਂ ਆਖਿਆ ਕਿ ਜੇ ਤੇਰੇ ਅੱਠ ਪੁੱਤਰ ਤੈਨੂੰ ਛੱਡ ਕੇ ਤੁਰ ਗਏ ਤਾਂ ਤੂੰ ਬਿਗਾਨਿਆਂ ਕੋਲੋਂ ਕੀ ਭਾਲਦਾ ਏਂ!
ਤੁਰਦੇ-ਤੁਰਦੇ ਅਸੀਂ ਹਿੰਦੋਸਤਾਨ ਆ ਗਏ। ਰਾਹ ’ਚ ਮਲਵਈਆਂ ਸਾਨੂੰ ਬਥੇਰਾ ਆਖਿਆ ਕਿ ਇੱਥੇ ਰਹਿ ਲਓ। ਮੁਸਲਮਾਨਾਂ ਦੇ ਬਥੇਰੇ ਮਕਾਨ ਖਾਲੀ ਪਏ ਨੇ। ਸਾਡਾ ਸਹੁਰਾ ਨਾ ਮੰਨਿਆ। ਉਹ ਕਹਿਣ ਲੱਗਾ-ਸਾਡੇ ਭਰਾ ਓਥੇ ਬਾਰ ’ਚ ਸਾਨੂੰ ਮਿਲਣ ਜਾਂਦੇ ਹੁੰਦੇ ਸੀ। ਅਸੀਂ ਵਾਟੇ ਕਿਤੇ ਨਹੀਂ ਰਹਿਣਾ। ਆਪਣੇ ਪਿੰਡ ਜਾਣਾ। ਆਪਣੇ ਭਾਈਚਾਰੇ ਵਿਚ।
ਆਖਰ ਪੁੱਤਰਾ ਅਸੀਂ ਸਹੀ ਸਲਾਮਤ ਇੱਥੇ ਅਰਜਨਵਾਲ ਆ ਗਏ। ਸਾਡੀ ਨਨਾਣ ਓਧਰ ਰਹਿ ਗਈ। ਉਹਦਾ ਸਾਨੂੰ ਸੱਤਰ ਵਰ੍ਹੇ ਕੋਈ ਪਤਾ ਨਾ ਲੱਗਿਆ। ਪੰਜ ਕੁ ਸਾਲ ਪਹਿਲਾਂ ਸ਼ਾਮ ਚੁਰਾਸੀ ਦਾ ਲੋਚੀ ਓਧਰ ਗਿਆ ਸੀ। ਮੇਰੇ ਪੁੱਤਰ ਨੇ ਉਹਨੂੰ ਆਪਣੀ ਭੂਆ ਨੂੰ ਲੱਭਣ ਬਾਰੇ ਆਖ ਦਿੱਤਾ।” ਇਹ ਆਖ ਬੀਬੀ ਜੀ ਚੁੱਪ ਹੋ ਗਏ।
ਤਰਲੋਚਨ ਲੋਚੀ ਹੋਰਾਂ ਚੈਂਚਲ ਸਿੰਘ ਵਾਲਾ ਦੇ ਰਾਣਾ ਨਾਵੇਦ ਤੇ ਮਜ਼ਹਰ ਮੁਸ਼ਤਾਕ ਦੀ ਮਦਦ ਨਾਲ ਡਿਜ਼ਕੋਟ ਦੇ ਲਾਗੇ 168 ਚੱਕ ’ਚ ਬੀਬੀ ਕਰਮੀ ਦੀ ਨਨਾਣ ਦਾ ਘਰ ਲੱਭ ਲਿਆ ਸੀ। ਰਾਮ ਪਿਆਰੀ ਮਰ ਚੁੱਕੀ ਸੀ। ਉਹਦਾ ਪਤੀ ਜਿਉਂਦਾ ਸੀ। ਅਗਾਂਹ ਉਹਦਾ ਪੁੱਤ ਤੇ ਪੋਤੇ-ਪੋਤੀਆਂ ਸਨ। ਉਹ ਹੁਣ ਦੀਨਦਾਰ ਹੋ ਚੁੱਕੇ ਸਨ। ਰਾਮ ਪਿਆਰੀ ਦੇ ਪੁੱਤ ਦਾ ਨਾਂ ਰੂੜਾ ਸੀ, ਪਰ ਹੁਣ ਉਹ ਮੁਹਮੰਦ ਸ਼ਾਦ ਹੋ ਚੁੱਕਾ ਸੀ। ਮੁਹਮੰਦ ਸ਼ਾਦ ਨੇ ਉਹ ਕੋਕਾ ਆਪਣੀ ਵੱਡੀ ਮਾਮੀ ਲਈ ਘੱਲਿਆ ਸੀ।
“ਸ਼ਿਆਮ ਵਾਲਾ ਲੋਚੀ ਆਹ ਕੋਕਾ…” ਬੀਬੀ ਕਰਮੀ ਅਗਾਂਹ ਬੋਲੀ।
“…ਮੇਰੇ ਪੁੱਤਰ ਨੂੰ ਕਠਾਰ ਉਨ੍ਹਾਂ ਦੇ ਡੇਰੇ ’ਤੇ ਫੜਾ ਗਿਆ ਸੀ। ਮੇਰਾ ਪੁੱਤਰ ਮੈਨੂੰ ਮਖੌਲ ਨਾਲ ਕਹਿਣ ਲੱਗਾ ਕਿ ਮਾਂ ਹੁਣ ਤੈਨੂੰ ਏਸ ਉਮਰੇ ਨੱਕ ਵਿੰਨ੍ਹਾਉਣਾ ਪੈਣਾ। ਮੈਂ ਮੂਰਹਿਓਂ ਆਖਿਆ ਕਿ ਨੱਕ ਵਿੰਨ੍ਹੇ ਨੂੰ ਤਾਂ ਨੱਬੇ ਵਰ੍ਹੇ ਹੋ ਗਏ ਨੇ ਪੁੱਤਰਾ। ਕੋਲ ਕੋਈ ਕੁੜੀ ਖੜ੍ਹੀ ਸੀ। ਮੈਂ ਕਿਹਾ ਪਾ ਮੇਰੇ ਨੱਕ ’ਚ ਕੋਕਾ। ਉਹਨੇ ਕੋਕਾ ਪਾਇਆ ਤਾਂ ਝੱਟ ਦੇਣੀ ਪੈ ਗਿਆ।” ਬੀਬੀ ਕਰਮੀ ਨੇ ਨੱਕ ’ਚ ਪਏ ਕੋਕੇ ਨੂੰ ਉਂਗਲ ਛੁਹਾਉਂਦਿਆਂ ਗੱਲ ਮੁਕਾਈ।
“ਬੀਬੀ ਜੀ, ਰਾਮ ਪਿਆਰੀ ਦੀਆਂ ਤਿੰਨ ਭਰਜਾਈਆਂ ਹੋਰ ਵੀ ਹੋਣਗੀਆਂ, ਉਹਦੇ ਪੁੱਤ ਨੇ ਇਹ ਨਿਸ਼ਾਨੀ ਤੁਹਾਡੇ ਵਾਸਤੇ ਕਿਉਂ ਘੱਲੀ?” ਮੈਂ ਸਵਾਲ ਕੀਤਾ ਤਾਂ ਉਹ ਹੱਸ ਪਈ।
“ਪੁੱਤਰਾ ਜਦੋਂ ਕੈਂਪ ’ਚੋਂ ਰਾਮ ਪਿਆਰੀ ਨੂੰ ਤੋਰਿਆ ਤਾਂ ਸਾਡੇ ਕੋਲ ਉਹਨੂੰ ਦੇਣ ਲਈ ਕੁਝ ਨਹੀਂ ਸੀ। ਓਸ ਮੌਕੇ ਮੈਂ ਆਪਣੇ ਨੱਕ ਦਾ ਕੋਕਾ ਲਾਹ ਕੇ ਉਹਦੇ ਨੱਕ ’ਚ ਪਾ ਦਿੱਤਾ ਸੀ। ਉਹਨੇ ਇਹ ਗੱਲ ਆਪਣੇ ਪੁੱਤਰ ਰੂੜੇ ਨੂੰ ਸੈਆਂ ਵਾਰ ਸੁਣਾਈ ਸੀ। ਮਰਨ ਲੱਗੀ ਵੀ ਆਖਣ ਲੱਗੀ- ਰੂੜਿਆ, ਮੈਂ ਨਿਕਰਮੀ ਨੇ ਵਿੱਛੜਨ ਲੱਗਿਆਂ ਆਪਣੀ ਭਾਬੀ ਦਾ ਨੱਕ ਸੱਖਣਾ ਕਰ ਦਿੱਤਾ ਸੀ। ਕਦੇ ਮੌਕਾ ਮਿਲੇ ਤਾਂ ਮੇਰੀ ਕਰਮੀ ਭਾਬੀ ਨੂੰ ਇੱਧਰੋਂ ਇਕ ਕੋਕਾ ਜ਼ਰੂਰ ਭੇਜ ਦਈਂ! ਹਾਲਤ ਤਾਂ ਵਿਚਾਰਿਆਂ ਦੀ ਬਹੁਤ ਪਤਲੀ ਸੀ, ਪਰ ਰੂੜੇ ਨੇ ਆਪਣੀ ਮਾਂ ਨਾਲ ਕੀਤਾ ਵਚਨ ਪੁਗਾਇਆ ਸੀ।” ਗੱਲ ਮੁਕਾਉਂਦਿਆਂ ਬੀਬੀ ਕਰਮੀ ਦਾ ਗੱਚ ਭਰ ਆਇਆ।
ਸੰਪਰਕ: 97818-43444