ਅਬਦੁਲ ਖਾਲਿਕ ਦੀ ਕਹਾਣੀ : The Tribune India

ਅਬਦੁਲ ਖਾਲਿਕ ਦੀ ਕਹਾਣੀ

ਅਬਦੁਲ  ਖਾਲਿਕ ਦੀ ਕਹਾਣੀ

ਚਾਚਾ ਸਰਵਣ ਸਿੰਘ, ਮੋਹਣ ਸਿੰਘ ਉਰਫ਼ ਅਬਦੁਲ ਖਾਲਿਕ

ਸਾਂਵਲ ਧਾਮੀ

1947 ਦੀ ਦੇਸ਼ਵੰਡ ਨੇ ਸਦੀਆਂ ਤੋਂ ਇਕੱਠੇ ਵੱਸਦੇ ਪੰਜਾਬੀਆਂ ਨੂੰ ਆਪਣੀ ਭੋਇੰ ਤੋਂ ਵਿਛੋੜ ਦਿੱਤਾ। ‘ਪੰਜਾਬੀ ਟ੍ਰਿਬਿਊਨ’ 22 ਜੂਨ 2019 ਤੋਂ ਪੰਜਾਬ ਦੀ ਵੰਡ ਦੇ ਦਰਦ ਨੂੰ ਬਿਆਨ ਕਰਦਾ ਕਾਲਮ ਛਾਪ ਰਿਹਾ ਹੈ। ‘ਵੰਡ ਦੇ ਦੁੱਖੜੇ’ ਕਾਲਮ (ਇਹ ਕਾਲਮ ਸ਼ਨਿਚਰਵਾਰ ਛਪਦਾ ਰਿਹਾ ਹੈ) ਤਹਿਤ ਇਹ ਸਾਂਵਲ ਧਾਮੀ ਦੁਆਰਾ ਕਲਮਬੰਦ ਕੀਤੀ ਗਈ 151ਵੀਂ ਕਹਾਣੀ ਹੈ।

ਮੈਂ ਅੱਜ ਨੀਲੀ ਬਾਰ ’ਚ ਵੱਸਦੇ ਅਬਦੁਲ ਖਾਲਿਕ ਉਰਫ਼ ਖਾਲਿਕ ਖੱਤਰੀ ਨਾਲ ਹੋਈ ਬੀਤੀ ਦਾ ਜ਼ਿਕਰ ਕਰ ਰਿਹਾ ਹਾਂ।

ਸੰਤਾਲ਼ੀ ਦੇ ਅਗਸਤ ਮਹੀਨੇ ਪਾਕਪਟਨ ਨਹਿਰ ਦੇ ਬੇਲਦਾਰ ਵਰਿਆਮ ਓਡ ਨੂੰ ਚੀਚਾਵਤਨੀ ਕਸਬੇ ਅੰਦਰ ਦੋ ਲੜਕੀਆਂ ਤੇ ਇੱਕ ਲੜਕਾ ਲੱਕੜ ਦੇ ਅਟਾਲ ’ਚ ਲੁਕੇ ਹੋਏ ਮਿਲੇ। ਵੱਡੀ ਲੜਕੀ ਨੌਂ, ਛੋਟੀ ਡੇਢ ਅਤੇ ਮੁੰਡਾ ਛੇ ਕੁ ਵਰ੍ਹਿਆਂ ਦਾ ਹੋਵੇਗਾ। ਉਹ ਇਨ੍ਹਾਂ ਨੂੰ ਚੱਕ 373 ਈ.ਬੀ. ’ਚ ਆਪਣੇ ਘਰ ਲੈ ਆਇਆ। ਅਗਲੇ ਦਿਨ ਛੋਟੀ ਬੱਚੀ ਮਰ ਗਈ ਅਤੇ ਵਰਿਆਮ ਨੇ ਡਰਦਿਆਂ ਵੱਡੇ ਦੋਵੇਂ ਬੱਚੇ ਸਰਦਾਰ ਮੁਹੰਮਦ ਰਾਂਦੂ ਨੂੰ ਸੌਂਪ ਦਿੱਤੇ।

ਇਸ ਚੱਕ ਦੇ ਮੁਰਲੀ ਓਡ ਦੀ ਕੋਈ ਔਲ਼ਾਦ ਨਹੀਂ ਸੀ। ਉਹਨੇ ਰਾਂਦੂ ਕੋਲੋਂ ਲੜਕਾ ਲੈ ਲਿਆ। ਕੁਝ ਦਿਨਾਂ ਬਾਅਦ ਉਹਦੀ ਸੁੰਨਤ ਕਰਵਾ ਕੇ ਉਹਦਾ ਨਾਂ ਅਬਦੁਲ ਖ਼ਾਲਿਕ ਰੱਖ ਦਿੱਤਾ ਗਿਆ। ਸਿਰੋਂ ਮੋਨਾ ਹੋਣ ਕਰਕੇ ਸਾਰੇ ਉਹਨੂੰ ਕਿਸੇ ਹਿੰਦੂ ਖੱਤਰੀ ਦਾ ਪੁੱਤਰ ਸਮਝਦੇ ਸਨ।

ਕੁਝ ਵਰ੍ਹਿਆਂ ਬਾਅਦ ਮੁਰਲੀ ਓਡ 373 ਈ.ਬੀ. ਚੱਕ ਛੱਡ ਕੇ ਸੂਏ ਪਾਰਲੇ ਚੱਕ 371 ਈ.ਬੀ. ’ਚ ਰਹਿਣ ਲੱਗਿਆ। ਰਾਂਦੂ ਨੇ ਮੁਟਿਆਰ ਹੋਣ ਉੱਤੇ ਕੁੜੀ ਦਾ ਨਿਕਾਹ ਕਰ ਦਿੱਤਾ। ਉਹਨੂੰ ਅੱਜ ਤੱਕ ਆਪਣੀ ਭੈਣ ਕਹਿਣ ਵਾਲਾ ਅਬਦੁਲ ਖਾਲਿਕ ਮੁੜ ਕਦੇ ਨਾ ਮਿਲਿਆ।

ਪੁਲੀਸ ਜਦੋਂ ਕਦੇ ਹਿੰਦੂ-ਸਿੱਖ ਔਰਤਾਂ ਨੂੰ ਬਰਾਮਦ ਕਰਨ ਜਾਂਦੀ ਤਾਂ ਮੁਰਲੀ ਅਬਦੁਲ ਖਾਲਿਕ ਨੂੰ ਲੈ ਕੇ ਫ਼ਸਲ ’ਚ ਲੁਕ ਜਾਂਦਾ, ਹਾਲਾਂਕਿ ਉਦੋਂ ਤੱਕ ਉਹਦੇ ਘਰ ਆਪਣਾ ਪੁੱਤਰ ਵੀ ਜਨਮ ਲੈ ਚੁੱਕਾ ਸੀ।

ਖਾਲਿਕ ਵੀਹ-ਇੱਕੀ ਸਾਲਾਂ ਦਾ ਹੋਇਆ ਤਾਂ ਮੁਰਲੀ ਨੇ ਉਹਦਾ ਵਿਆਹ ਆਪਣੇ ਸਾਲੇ ਦੀ ਕੁੜੀ ਰੇਸ਼ਮੀ ਨਾਲ ਕਰ ਦਿੱਤਾ।

ਸਦਰ ਅਯੂਬ ਖ਼ਾਨ ਵੇਲੇ ਮੁਰਲੀ ਨੇ ਖਾਲਿਕ ਨੂੰ ਸਾਢੇ ਬਾਰਾਂ ਕਿੱਲੇ ਜ਼ਮੀਨ ਵੀ ਅਲਾਟ ਕਰਵਾ ਦਿੱਤੀ। ਸਦੀਆਂ ਤੋਂ ਬੇਆਬਾਦ ਪਈ ਉਸ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਮਿਹਨਤ ਦੀ ਲੋੜ ਸੀ। ਮੁਰਲੀ ਦੀ ਮੌਤ ਤੋਂ ਚਾਰ ਵਰ੍ਹੇ ਬਾਅਦ ਖਾਲਿਕ ਭਰਾਵਾਂ ਨਾਲੋਂ ਅੱਡ ਹੋ ਗਿਆ। ਉਹਦੇ ਘਰ ਛੇ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ।

ਰੋਜ਼ੀ-ਰੋਟੀ ਚਲਾਉਣ ਲਈ ਉਹਨੂੰ ਆਪਣੀ ਬੇਗ਼ਮ ਤੇ ਧੀਆਂ-ਪੁੱਤਾਂ ਨਾਲ 373 ਈ.ਬੀ. ਦੇ ਖ਼ਾਨ ਮੁਹੰਮਦ ਜੱਟ ਦੇ ਖੇਤਾਂ ਵਿੱਚ ਨਰਮੇ ਦੀ ਗੋਡੀ ਕਰਨੀ, ਕਣਕ ਵੱਢਣੀ, ਕਪਾਹ ਚੁਗਣੀ ਅਤੇ ਹੋਰ ਨਿੱਕੇ-ਮੋਟੇ ਕੰਮ ਕਰਨੇ ਪਏ। ਖਾਨੇ ਜੱਟ ਦਾ ਟੱਬਰ ਲੁਧਿਆਣੇ ਦੇ ਪਿੰਡ ਟਾਂਡਾ ਚੱਕਲੀ ਤੋਂ ਓਧਰ ਗਿਆ ਸੀ। ਉਹ ਖਾਲਿਕ ਹੋਰਾਂ ਨੂੰ ਮਿਹਨਤ ਤੋਂ ਵੱਧ ਰੁਪਈਏ ਦਿੰਦਾ ਸੀ। ਖਾਨੇ ਜੱਟ ਦਾ ਪੁੱਤਰ ਅਬਦੁਲ ਹਮੀਦ, ਖਾਲਿਕ ਦਾ ਦੋਸਤ ਬਣ ਗਿਆ। ਉਹ ਜਦ ਕਦੇ ਟਾਂਡਾ ਚਕਲੀ ਦੀਆਂ ਗੱਲਾਂ ਕਰਦਾ ਤਾਂ ਖਾਲਿਕ ਨੂੰ ਅੱਖਾਂ ਸਾਹਵੇਂ ਕਤਲ ਹੋਏ ਲਹੂ ਦੇ ਰਿਸ਼ਤੇ ਯਾਦ ਆ ਜਾਂਦੇ।

ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਖਾਲਿਕ ਹੋਰਾਂ ਨੇ ਜ਼ਮੀਨ ਨੂੰ ਖੇਤੀ ਯੋਗ ਬਣਾ ਲਿਆ। ਚੱਕ 371 ਤਹਿਸੀਲ ਬੂਰੇਵਾਲਾ ਅਤੇ ਜ਼ਿਲ੍ਹਾ ਵਿਹਾੜੀ ’ਚ ਪੈਂਦਾ ਏ। ਇੱਥੋਂ ਦੇ ਬਾਸ਼ਿੰਦੇ ਚੋਰੀਆਂ-ਚਕਾਰੀਆਂ ਅਤੇ ਲੁੱਟਾਂ-ਖੋਹਾਂ ਕਰਦੇ। ਪਹਿਲਾਂ ਖਾਲਿਕ ਦਾ ਅੱਬਾ ਤੇ ਫਿਰ ਉਹਦੇ ਪੁੱਤਰ ਵੀ ਇਨ੍ਹਾਂ ਕੰਮਾਂ ’ਚ ਪੈ ਗਏ। ਪੁਲੀਸ ਕਈ ਵਾਰ ਖਾਲਿਕ ਨੂੰ ਵੀ ਫੜ ਕੇ ਲੈ ਜਾਂਦੀ। ਆਖ਼ਰ ਉਹ ਆਪਣੀ ਜ਼ਮੀਨ ’ਚ ਕੱਚੇ ਮਕਾਨ ਬਣਾ ਕੇ ਉੱਥੇ ਰਹਿਣ ਲੱਗ ਪਿਆ। ਇਹ ਟੱਬਰ ਅੱਜ ਵੀ ਕੱਚੇ ਮਕਾਨਾਂ ’ਚ ਹੀ ਰਹਿੰਦਾ ਏ। ਹੁਣ ਅਬਦੁਲ ਖਾਲਿਕ ਦੇ ਸਤਾਰਾਂ ਪੋਤਰੇ ਤੇ ਸਤਾਰਾਂ ਪੋਤਰੀਆਂ ਨੇ।

ਖਾਲਿਕ ਦਾ ਜਿਗਰੀ ਦੋਸਤ ਅਬਦੁਲ ਹਮੀਦ ਨਵੰਬਰ 1998 ’ਚ ਫੌਤ ਹੋ ਗਿਆ। ਦੋ ਕੁ ਮਹੀਨੇ ਪਹਿਲਾਂ ਹਮੀਦ ਦੇ ਪੁੱਤਰ ਜਾਵੇਦ ਇਕਬਾਲ ਨੇ ‘ਚਾਚੇ’ ਖਾਲਿਕ ਦੀ ਵੀਡੀਓ ਆਪਣੇ ਯੂ-ਟਿਊਬ ਚੈਨਲ ‘ਪੰਜਾਬੀ ਧਰਤੀ ਸੋਹਣੇ ਲੋਕ’ ਉੱਤੇ ਪਾ ਦਿੱਤੀ। ਬਾਬੇ ਖਾਲਿਕ ਦੇ ਜਿਸਮ ਦੀ ਖ਼ਾਸ ਨਿਸ਼ਾਨੀ ‘ਖੱਬੇ ਹੱਥ ਦੇ ਦੋ ਅੰਗੂਠੇ’ ਉਹਨੇ ਵਿਸ਼ੇਸ਼ ਤੌਰ ਉੱਤੇ ਵਿਖਾਏ।

ਉਸ ਇੰਟਰਵਿਊ ਨੂੰ ਆਸਟਰੇਲੀਆ ਵੱਸਦੇ ਗੁਰਦੇਵ ਸਿੰਘ ਬਾਠ ਹੋਰਾਂ ਦੇਖਿਆ ਤਾਂ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਵੱਲੋਂ ਅਪਲੋਡ ਹੋਈ ਉਹ ਇੰਟਰਵਿਊ ਯਾਦ ਆ ਗਈ ਜਿਸ ਵਿਚ ਕੋਈ ਬਜ਼ੁਰਗ ਸਰਦਾਰ ਸੰਤਾਲ਼ੀ ’ਚ ਗੁਆਚੇ ਭਤੀਜੇ ਦੀ ਇਹੋ ਨਿਸ਼ਾਨੀ ਦੱਸ ਰਿਹਾ ਸੀ। ਉਹ ਵੀਡੀਓ ਅੱਠ ਕੁ ਮਹੀਨੇ ਪਹਿਲਾਂ ਹਰਜੀਤ ਸਿੰਘ ਨੇ ਆਪਣੇ ਯੂ-ਟਿਊਬ ਚੈਨਲ ‘ਧਰਤੀ ਦੇਸ ਪੰਜਾਬ ਦੀ’ ਉੱਤੇ ਪਾਈ ਸੀ। ਲਹੂ ਦੇ ਰਿਸ਼ਤਿਆਂ ਦੀਆਂ ਟੁੱਟੀਆਂ ਕੜੀਆਂ ਜੁੜ ਗਈਆਂ। ਹਰਜੀਤ ਸਿੰਘ ਅਤੇ ਜਾਵੇਦ ਇਕਬਾਲ ਹੋਰਾਂ ਪੌਣੀ ਸਦੀ ਬਾਅਦ ਚਾਚੇ ਭਤੀਜੇ ਦੀ ਗੱਲਬਾਤ ਕਰਵਾ ਦਿੱਤੀ।

ਇਸ ਗੱਲਬਾਤ ਤੋਂ ਹਫ਼ਤਾ ਕੁ ਬਾਅਦ ਮੈਂ ਖਾਲਿਕ ਦੇ ਚਾਚੇ ਨੂੰ ਮਿਲਿਆ।

ਇਸ ਟੱਬਰ ਦਾ ਦੁੱਖ ਮੈਨੂੰ ਚਾਰ ਸਾਲ ਪਹਿਲਾਂ ਸ਼ਾਹਪੁਰ ਪਿੰਡ ਦੇ ਬਾਬਾ ਗੁਰਬਚਨ ਸਿੰਘ ਨਿੱਝਰ ਹੋਰਾਂ ਸੁਣਾਇਆ ਸੀ। ਉਨ੍ਹਾਂ ਹਉਕਾ ਭਰਦਿਆਂ ਆਖਿਆ ਸੀ- ਸੈਂਤੀ ਚੱਕ ਵਾਲਿਆਂ ਦੇ ਬਾਈ ਜੀਅ ਇੱਧਰ ਨਹੀਂ ਸੀ ਆਏ! ਸੈਂਤੀ ਵਾਲਿਆਂ ’ਚੋਂ ਸਰਵਣ ਸਿੰਘ ਹੋਰੀਂ ਪਤਨੀ ਦੇ ਫੁੱਲ ਤਾਰਨ ਭਾਰਤ ਆਏ ਹੋਏ ਸੀ। ਮੈਂ ਉਨ੍ਹਾਂ ਨੂੰ ਮਿਲਣ ਜਲੰਧਰ ਦੇ ਪਿੰਡ ਸੰਧਮ ਗਿਆ। ਅਸੀਂ ਛੱਤ ਉੱਤੇ ਬੈਠ ਗਏ ਅਤੇ ਗੱਲਾਂ ਸ਼ੁਰੂ ਹੋ ਗਈਆਂ।

“ਜਲੰਧਰ ਦੇ ਪਿੰਡ ਪੰਡੋਰੀ ਨਿੱਝਰਾਂ ਤੋਂ ਉੱਠ ਕੇ ਓਧਰ ਗਏ ਮੇਰੇ ਦਾਦੇ ਪ੍ਰੇਮ ਸਿੰਘ ਤੇ ਉਹਦੇ ਭਰਾਵਾਂ ਨੇ ਪਹਿਲਾਂ ਲਾਇਲਪੁਰ ਦੇ ਚੱਕ ਨੰਬਰ ਦਸ ’ਚ ਠੇਕੇ ਉੱਤੇ ਵਾਹੀ ਕੀਤੀ ਸੀ। ਫਿਰ ਸਰਕਾਰ ਨੇ ਸਾਡੇ ਦਾਦੇ ਨੂੰ ਸਤਾਰਾਂ ਚੱਕ ’ਚ ਇੱਕ ਮੁਰੱਬਾ ਦੇ ਦਿੱਤਾ। ਓਥੋਂ ਮੁਰੱਬਾ ਵੇਚ ਕੇ ਇਹ ਪਹਿਲਾਂ ਸਾਹੋਕੇ ਪਿੰਡ ’ਚ ਰਿਹਾ ਤੇ ਫਿਰ ਆਰਿਫ਼ ਵਾਲੇ ਕੋਲ ਚੱਕ ਨੰਬਰ ਪਚਵੰਜਾ ਵਿੱਚ। ਅਖ਼ੀਰ ਸਾਡੇ ਬਾਬਿਆਂ ਨੇ 37/12-ਐੱਲ ’ਚ ਮੁਰੱਬੇ ਅਲਾਟ ਕਰਵਾ ਲਏ। ਓਥੇ ਤਿੰਨ ਸੈਂਤੀਆਂ ਸੀ। ਸਾਡੀ ਸੈਂਤੀ ਨੂੰ ਸਾਰੇ ‘ਸਿੱਖਾਂ ਵਾਲੀ ਸੈਂਤੀ’ ਕਹਿੰਦੇ ਸੀ।

ਜਿਸ ਵੇਲੇ ਅਸੀਂ ਉੱਜੜੇ, ਸਾਡੇ ਤਿੰਨਾਂ ਟੱਬਰਾਂ ਕੋਲ ਨੌਂ ਮੁਰੱਬੇ ਸੀ। ਚੱਕ ਨੰਬਰ 376 ਏ.ਬੀ. ’ਚ ਸਾਡੇ ਟੱਬਰ ਕੋਲ ਚੁਰਾਸੀ ਕਿੱਲੇ ਹੋਰ ਜ਼ਮੀਨ ਸੀ।

ਸੈਂਤੀ ਚੱਕ ’ਚ ਜ਼ਿਮੀਦਾਰਾਂ ਦੇ ਕੁੱਲ ਸੱਤ ਘਰ ਸਨ। ਇਹ ਇੱਧਰੋਂ ਉਦੇਸੀਆਂ, ਮੋਰਾਂਵਾਲੀ ਤੇ ਪੰਡੋਰੀ ਨਿੱਝਰਾਂ ਤੋਂ ਗਏ ਸੀ। ਕਿਰਤੀ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਗਏ ਸੀ। ਓਸ ਚੱਕ ’ਚ ਸਿਰਫ਼ ਇੱਕ ਹੀ ਮੁਸਲਮਾਨ ਸੀ ਮਿਸਤਰੀ ਕਰਮਦੀਨ। ਉਹਨੇ ਸੰਤਾਲ਼ੀ ’ਚ ਸਾਨੂੰ ਹਥਿਆਰ ਵੀ ਬਣਾ ਕੇ ਦਿੱਤੇ। ਜਦੋਂ ਰੌਲ਼ਾ ਵਧ ਗਿਆ ਤਾਂ ਕਹਿਣ ਲੱਗਾ- ਮੈਂ ਹੁਣ ਚੱਲਿਆਂ।

368, 369, 372 ਅਤੇ 373; ਸਿੱਖਾਂ ਦੇ ਚੱਕ ਨਹਿਰ ਦੇ ਦੂਜੇ ਪਾਸੇ ਸਨ। ਸਾਡੇ ਲਾਗੇ-ਚਾਗੇ ਸਾਰੇ ਚੱਕਾਂ ’ਚ ਮੁਸਲਮਾਨ ਵੱਸਦੇ ਸਨ। ਪੈਂਤੀ ਵਾਲੇ ਫਤਿਹ ਮੁਹੰਮਦ ਅਰਾਈਂ ਦੀ ਦੋਹਤਰੀ ਸੂਦਾਂ ਉਰਦੂ ਦੀਆਂ ਚਾਰ ਜਮਾਤਾਂ ਮੇਰੇ ਨਾਲ ਪੜ੍ਹੀ ਸੀ।

ਸਾਡੇ ਸਭ ਨਾਲੋਂ ਵੱਡੇ ਭਰਾ ਦਾ ਨਾਂ ਊਧਮ ਸਿੰਘ ਸੀ ਤੇ ਉਹਦੀ ਪਤਨੀ ਦਾ ਨਾਂ ਮਹਿੰਦਰ ਕੌਰ ਸੀ। ਸੰਨ ਇਕਤਾਲੀ ’ਚ ਉਨ੍ਹਾਂ ਦੇ ਘਰ ਮੋਹਣ ਸਿੰਘ ਨੇ ਜਨਮ ਲਿਆ। ਸਾਡੇ ਤਿੰਨਾਂ ਟੱਬਰਾਂ ’ਚ ਇਹ ਪਹਿਲਾ ਬੱਚਾ ਸੀ। ਇਹਨੂੰ ਸੱਤੇ ਘਰ ਚੁੱਕ ਲਿਜਾਂਦੇ। ਮੋਹਣ ਮੈਨੂੰ ਨਹੀਂ ਸੀ ਛੱਡਦਾ ਹੁੰਦਾ। ਮੈਂ ਇਹਦੀ ਗੱਲ੍ਹ ਨੂੰ ਚੁੰਮਣ ਲੱਗਦਾ ਤਾਂ ਕਹਿੰਦਾ- ‘ਨਹੀਂ ਚਾਚਾ ਜੀ, ਇਹ ਨਹੀਂ। ਇਹ ਕੌੜੀ ਆ। ਆਹ ਲਓ।’ ਮੈਂ ਬਾਹਾਂ ਅੱਡ ਕੇ ਕਹਿਣਾ- ‘ਮੋਹਣ, ਠੰਢ ਪਾ ਦੇ।’ ਇਹ ਨੱਠ ਕੇ ਆਉਂਦਾ ਤੇ ਮੈਨੂੰ ਨਿੱਕੀਆਂ-ਨਿੱਕੀਆਂ ਬਾਹਵਾਂ ਨਾਲ ਜੱਫੀ ਪਾ ਲੈਂਦਾ।

ਉੱਜੜਨ ਤੋਂ ਵੀਹ ਕੁ ਦਿਨ ਪਹਿਲਾਂ ਮੈਂ 376 ਚੱਕ ਲਈ ਘਰੋਂ ਤੁਰਿਆ ਤਾਂ ਮੋਹਣ ਵੀ ਜ਼ਿੱਦ ਕਰਕੇ ਮੇਰੇ ਨਾਲ ਘੋੜੀ ਉੱਤੇ ਬਹਿ ਗਿਆ। ਮੇਰੀ ਮਾਂ ਕਹਿਣ ਲੱਗੀ- ਇਹਨੇ ਤੇਰੇ ਕੋਲੋਂ ਡਿੱਗ ਜਾਣਾ। ਉਹਨੇ ਰੋਂਦੇ-ਵਿਲਕਦੇ ਮੋਹਣ ਨੂੰ ਘੋੜੀ ਤੋਂ ਲਾਹ ਲਿਆ।

376 ’ਚ ਮੇਰੇ ਦੋ ਭਰਾ ਬੱਗਾ ਸਿੰਘ ਤੇ ਉੱਤਮ ਸਿੰਘ ਰਹਿੰਦੇ ਸੀ। ਵੱਡਾ ਊਧਮ ਸਿੰਘ ਸੀ। ਮੋਹਣ ਦਾ ਬਾਪੂ। ਓਸ ਤੋਂ ਛੋਟੇ ਸੀ ਬੱਗਾ ਸਿੰਘ, ਸੋਹਣ ਸਿੰਘ, ਉੱਤਮ ਸਿੰਘ ਤੇ ਮੈਂ ਸਰਵਣ ਸਿੰਘ। ਭੈਣ ਪ੍ਰੀਤੋ ਉਦੋਂ ਬਾਰਾਂ ਅਤੇ ਜੀਤੋ ਅੱਠ ਕੁ ਵਰ੍ਹਿਆਂ ਦੀ ਸੀ।

ਸਾਡੇ ਵਿੱਚੋਂ ਊਧਮ ਸਿੰਘ, ਬੱਗਾ ਸਿੰਘ ਤੇ ਸੋਹਣ ਸਿੰਘ ਵਿਆਹੇ ਹੋਏ ਸਨ। ਬੱਗਾ ਸਿੰਘ ਦੀ ਧੀ ਜੰਮਦਿਆਂ ਹੀ ਮਰ ਗਈ ਸੀ ਅਤੇ ਊਧਮ ਸਿੰਘ ਨੇ ਆਪਣੀ ਧੀ ਨਿਰਮਲ ਕੌਰ ਉਹਨੂੰ ਦੇ ਦਿੱਤੀ ਸੀ।

376 ਚੱਕ, ਸੈਂਤੀ ਚੱਕ ਤੋਂ ਛੇ-ਸੱਤ ਮੀਲ ਦੂਰ ਸੀ। ਦੋ ਦਿਨਾਂ ਬਾਅਦ ਊਧਮ ਸਿੰਘ ਨੇ ਸੁਨੇਹਾ ਘੱਲਿਆ ਸੀ ਕਿ ਮੋਹਣ ਤੇਰੇ ਬਗ਼ੈਰ ਟਿਕਦਾ ਨਹੀਂ। ਬੱਗਾ ਸਿੰਘ ਕਹਿਣ ਲੱਗਾ- ‘ਇੱਥੇ ਚਾਰ ਜੋਗਾਂ ਨੇ ਤੇ ਬੰਦੇ ਬੜੇ ਘੱਟ ਨੇ। ਕੰਮ ਦਾ ਜ਼ੋਰ ਆ, ਤੂੰ ਨਾ ਜਾਹ।’ ਮੈਂ 376 ’ਚ ਟਿਕ ਗਿਆ। ਤਿੰਨੋਂ ਭਰਾ, ਭਰਜਾਈ ਤੇ ਭਤੀਜੀ ਨਿਰਮਲ; ਕੁਝ ਦਿਨ ਬਾਅਦ ਅਸੀਂ ਪੰਜ ਜਣੇ ਗੱਡਾ ਜੋੜ ਕੇ ਕਾਫ਼ਲੇ ਨਾਲ ਰਲ਼ ਗਏ। ਅਸੀਂ ਤਾਂ ਸਹੀ ਸਲਾਮਤ ਇੱਧਰ ਆ ਗਏ ਪਰ ਸੈਂਤੀ ਵਾਲਿਆਂ ਉੱਤੇ ਬਹੁਤ ਜ਼ੁਲਮ ਹੋਏ।

ਇੱਕ ਸ਼ਾਮ ਲਾਗਲੇ ਪਿੰਡ ਦੇ ਮੋਹਤਬਰ ਊਧਮ ਸਿੰਘ ਨੂੰ ਕਹਿਣ ਲੱਗੇ- ‘ਮਾੜੇ ਮੋਟੇ ਹਮਲਿਆਂ ਦੀ ਤਾਂ ਤੁਸੀਂ ਪਰਵਾਹ ਨਹੀਂ ਕੀਤੀ ਪਰ ਅੱਜ ਰਾਤ ਤੁਹਾਡੇ ਉੱਤੇ ਕੱਸੋਵਾਲ ਤੇ ਚੀਚਾਵਤਨੀ ਦੀ ਪੁਲੀਸ ਨੇ ਚੜ੍ਹ ਕੇ ਆਉਣਾ ਏ। ਤੁਸੀਂ ਗੱਡੇ ਜੋੜ ਕੇ ਸਾਡੇ ਚੱਕ ਆ ਜਾਓ।’

ਮੀਹਾਂ ਸਿੰਘ ਅਕਾਲੀ ਦੀ ਪਤਨੀ ਬੋਲੀ- ‘ਅਸੀਂ ਜੀਂਦੇ ਜੀ ਕੁੜੀਆਂ ਮੁਸਲਮਾਨਾਂ ਨੂੰ ਸੰਭਾਲ਼ ਦਈਏ?’ ਉਹਦੀ ਇਸ ਗੱਲ ਨੇ ਇਨ੍ਹਾਂ ਦੇ ਪੈਰ ਬੰਨ੍ਹ ਲਏ। ਨੇੜਲੇ ਪਿੰਡਾਂ ਦੇ ਮੁਸਲਮਾਨਾਂ ਨੇ ਏਕਾ ਕੀਤਾ ਹੋਇਆ ਸੀ ਕਿ ਸਾਡੇ ਚੱਕ ਉੱਤੇ ਹਮਲਾ ਨਹੀਂ ਕਰਨਾ। ਅਠੱਤੀ ਚੱਕ ਦੇ ਫ਼ੌਜੀ ਸ਼ਬਕ ਖ਼ਾਨ ਨੇ ਭਾਈਚਾਰੇ ਤੋਂ ਬਾਹਰਾ ਹੋ ਕੇ ਦੂਰ ਦੇ ਚੱਕਾਂ ਤੋਂ ਬੰਦੇ ਲਿਆਂਦੇ ਅਤੇ ਸਾਡੇ ਚੱਕ ਨੂੰ ਘੇਰ ਲਿਆ। ਉਨ੍ਹਾਂ ਪਹਿਰਾ ਦੇ ਰਹੇ ਮੇਰੇ ਚਾਚੇ ਦੇ ਪੁੱਤ ਸੁਰੈਣ ਸਿੰਘ ਅਤੇ ਇੱਕ ਮਹਿਰਾ ਸਿੱਖ ਨੂੰ ਮਾਰ ਸੁੱਟਿਆ। ਮੇਰਾ ਸਕਾ ਭਰਾ ਸੋਹਣ ਸਿੰਘ ਬੰਦਿਆਂ ਨਾਲ ਪੁਲ਼ ਉੱਤੇ ਬੈਠਾ ਸੀ। ਉਹਨੇ ਗੋਲ਼ੀ ਨਾਲ ਸ਼ਬਕ ਖ਼ਾਨ ਨੂੰ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਸਾਡੇ ਚੱਕ ਉੱਤੇ ਬਹੁਤ ਵੱਡਾ ਹਮਲਾ ਹੋਇਆ। ਬਹੁਤ ਬੰਦੇ ਮਾਰੇ ਗਏ। ਜ਼ਨਾਨੀਆਂ ਨੇ ਧਰਮ ਸਿੰਘ ਦੇ ਘਰ ਮੂਹਰਲੀ ਖੂਹੀ ’ਚ ਬੱਚੇ ਸੁੱਟ ਕੇ ਆਪ ਵੀ ਛਾਲ਼ਾਂ ਮਾਰ ਦਿੱਤੀਆਂ। ਪੁਲੀਸ ਵਾਲਿਆਂ ਮੇਰੀ ਮਾਂ ਨੂੰ ਜਿਊਂਦਿਆਂ ਖੂਹੀ ’ਚੋਂ ਕੱਢ ਲਿਆ। ਜਦੋਂ ਉਹਨੂੰ ਚੀਚਾਵਤਨੀ ਵੱਲ ਲੈ ਕੇ ਤੁਰੇ ਤਾਂ ਮੂਹਰੇ ਸੋਹਣ ਸਿੰਘ ਦੀ ਲਾਸ਼ ਪਈ ਸੀ। ਉਹ ਪੁੱਤ ਦੀ ਲਾਸ਼ ਦਾ ਜੱਫਾ ਮਾਰ ਕੇ ਰੋਣ ਡਹਿ ਪਈ। ਉਹਨੂੰ ਵੀ ਓਥੇ ਹੀ ਛੁਰਾ ਮਾਰ ਕੇ ਮਾਰ ਦਿੱਤਾ ਗਿਆ।

ਮੋਹਣ ਦੀ ਮਾਂ ਮਹਿੰਦਰ ਕੌਰ ਦੇ ਬੱਚਾ ਹੋਣ ਵਾਲਾ ਸੀ। ਉਹ ਥਾਣੇਦਾਰ ਨਾਲ ਹੱਥੋ-ਪਾਈ ਹੋ ਗਈ। ਥਾਣੇਦਾਰ ਨੇ ਉਹਨੂੰ ਅਤੇ ਸਾਡੀ ਗੁਆਂਢਣ ਦਲੀਪ ਕੌਰ ਨੂੰ ਗੋਲ਼ੀਆਂ ਮਾਰ ਕੇ ਛੋਟੀ ਨਹਿਰ ’ਚ ਸੁੱਟ ਦਿੱਤਾ।

ਸੋਹਣ ਸਿੰਘ ਦੀ ਘਰਵਾਲੀ ਨੇ ਧੀਆਂ ਗਲ਼ ਘੁੱਟ ਕੇ ਮਾਰ ਦਿੱਤੀਆਂ ਅਤੇ ਪੁੱਤਰ ਰੌਣਕ ਸਿੰਘ ਨੂੰ ਲੈ ਕੇ ਪੈਂਤੀ ਚੱਕ ’ਚ ਖੁਸਰੋਪੁਰੀਏ ਹਸਨਦੀਨ ਕੋਲ ਚਲੀ ਗਈ। ਉਹਦੇ ਨਾਲ ਭਰਜਾਈ ਚਰਨ ਕੌਰ ਤੇ ਮੋਰਾਂਵਾਲ਼ੀਆ ਦੀ ਰੇਸ਼ਮ ਕੌਰ ਵੀ ਸੀ। ਪਿੱਛੋਂ ਖੁਸਰੇਪੁਰ ਦਾ ਹੋਣ ਕਰਕੇ ਹਸਨਦੀਨ ਮੇਰੀਆਂ ਦੋਵੇਂ ਭਰਜਾਈਆਂ ਨੂੰ ਆਪਣੀਆਂ ਧੀਆਂ ਕਹਿੰਦਾ ਹੁੰਦਾ ਸੀ।

ਮੇਰਾ ਬਾਪ ਤੇ ਮੋਰਾਂਵਾਲ਼ੀਆ ਗੁੱਜਰ ਸਿੰਘ ਬਚ ਗਏ ਸਨ। ਜਦੋਂ ਧਾੜਵੀ ਮੁੜ ਗਏ ਤਾਂ ਇਨ੍ਹਾਂ ਨੇ ਫ਼ਸਲਾਂ ’ਚੋਂ ਨਿਕਲ ਕੇ ਅਵਾਜ਼ਾਂ ਮਾਰੀਆਂ ਕਿ ਜੇ ਕੋਈ ਬਚਿਆ ਏ ਤਾਂ ਬਾਹਰ ਆ ਜਾਏ। ਬਹੁਤੇ ਤਾਂ ਮਾਰੇ ਗਏ ਸੀ ਅਤੇ ਬਾਕੀ ਦੌੜ ਗਏ ਸੀ।

ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਹ ਨਹਿਰ ਤੋਂ ਪਾਰ ਅਠੱਤੀ ਚੱਕ ’ਚ ਚਲੇ ਗਏ। ਓਥੇ ਅਲੀ ਅਹਿਮਦ ਬਾਪੂ ਹੋਰਾਂ ਦਾ ਦੋਸਤ ਸੀ। ਉਹ ਨਾ ਮਿਲਿਆ ਤਾਂ ਕੋਈ ਹੋਰ ਇਨ੍ਹਾਂ ਨੂੰ ਪਤਿਆ ਕੇ ਆਪਣੇ ਘਰ ਲੈ ਗਿਆ। ਫਿਰ ਉਹਨੇ ਉਨ੍ਹਾਂ ਮੁਸਲਮਾਨਾਂ ਨੂੰ ਸੁਨੇਹਾ ਘੱਲ ਦਿੱਤਾ ਜਿਨ੍ਹਾਂ ਦੇ ਜੀਅ ਸਾਡੇ ਚੱਕ ਉੱਤੇ ਹਮਲਾ ਕਰਨ ਆਏ ਮਾਰੇ ਗਏ ਸੀ। ਅਗਲੀ ਸਵੇਰ ਉਨ੍ਹਾਂ ਦੋਵਾਂ ਨੂੰ ਅਠੱਤੀ ਚੱਕ ਵੱਲ ਤੋਰ ਲਿਆ। ਅਠੱਤੀ ਦੇ ਮੁਸਲਮਾਨ ਬੈਠੇ ਰੋਈ ਤਾਂ ਗਏ ਪਰ ਕਿਸੇ ਨੇ ਰੋਕਣ ਦੀ ਹਿੰਮਤ ਨਾ ਕੀਤੀ। ਪਿੰਡ ਦੀ ਪੁਲ਼ੀ ਉੱਤੇ ਆ ਕੇ ਉਹ ਬਾਪੂ ਕੋਲੋਂ ਪੁੱਛ-ਗਿੱਛ ਕਰਨ ਲੱਗ ਪਏ। ਸਾਡਾ ਬਜ਼ੁਰਗ ਵੀ ਥੋੜ੍ਹਾ ਜਿਹਾ ਅੜਬ ਸੀ। ਇਹ ਗਾਲ਼ਾਂ ਕੱਢਣ ਲੱਗ ਪਿਆ। ਉਨ੍ਹਾਂ ਫਿਰ ਓਥੇ ਇਨ੍ਹਾਂ ਦੋਹਾਂ ਨੂੰ ਨਿੱਕਾ-ਨਿੱਕਾ ਕੱਟ ਕੇ ਮਾਰਿਆ।

ਜਦੋਂ ਅਠੱਤੀ ਵਾਲੇ ਹਸਨਦੀਨ ਨੂੰ ਪਤਾ ਲੱਗਿਆ ਤਾਂ ਉਹਨੇ ਪਿੰਡ ਵਾਲਿਆਂ ਨੂੰ ਬਹੁਤ ਲਾਹਣਤਾਂ ਪਾਈਆਂ। ਉਹ ਬਹੁਤ ਰਹਿਮਦਿਲ ਬੰਦਾ ਸੀ। ਉਹਨੇ ਧਰਮ ਸਿੰਘ ਦੇ ਸਾਰੇ ਨਿਆਣੇ, ਸਾਡਾ ਭਤੀਜਾ ਸੁਰਜੀਤ ਅਤੇ ਗੁਰਦੇਵ ਹੋਰਾਂ ਨੂੰ ਸਹੀ ਸਲਾਮਤ ਇੱਧਰ ਪਹੁੰਚਾਇਆ ਸੀ।

ਰਾਮ ਸਿੰਘ ਫ਼ੌਜੀ ਸੀ ਅਤੇ ਸੇਵਾਮੁਕਤ ਹੋ ਕੇ ਸਾਡੇ ਦਾਦੇ ਨਾਲ ਨੌਕਰ ਰਹਿ ਪਿਆ ਸੀ। ਉਹ ਛੜਾ ਸੀ ਅਤੇ ਪਿੱਛੋਂ ਬੱਡੋਂ ਪਿੰਡ ਦਾ ਸਿੱਖ ਰਾਜਪੂਤ ਸੀ। ਹਮਲੇ ਵੇਲੇ ਉਹ ਫਤਿਹ ਮੁਹੰਮਦ ਕੋਲ ਚਲਾ ਗਿਆ ਸੀ। ਉਹ ਓਥੇ ਤਿੰਨ ਸਾਲ ਰਹਿ ਕੇ ਮਰਿਆ ਅਤੇ ਮਰਨ ਤੱਕ ਸਿੱਖੀ ਸਰੂਪ ’ਚ ਰਿਹਾ।

ਜਦੋਂ ਆਦਮਪੁਰ ’ਚ ਸਾਨੂੰ ਸੈਂਤੀ ’ਚ ਹੋਏ ਕਤਲੇਆਮ ਦੀ ਖ਼ਬਰ ਮਿਲੀ ਤਾਂ ਚਾਚੇ ਦਾ ਪੁੱਤ ਤਾਰਾ ਸਿੰਘ ਘੋੜੇ ਉੱਤੇ ਬੈਠਾ ਬੇਹੋਸ਼ ਹੋ ਗਿਆ। ਉਹਨੂੰ ਫੜ ਕੇ ਲਾਹਿਆ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ। ਕਿਤੇ ਮਹੀਨੇ ਬਾਅਦ ਉਹ ਠੀਕ ਹੋਇਆ।

ਰੌਲ਼ਿਆਂ ਤੋਂ ਚਾਰ-ਪੰਜ ਸਾਲ ਬਾਅਦ ਮੇਰਾ ਭਰਾ ਬੱਗਾ ਸਿੰਘ ਪਰਮਿਟ ਬਣਾ ਕੇ ਓਧਰ ਗਿਆ ਸੀ। ਓਥੇ ਜਾ ਕੇ ਜਦੋਂ ਉਹਨੇ ਸਾਡੇ ਟੱਬਰ ਨਾਲ ਹੋਈਆਂ-ਬੀਤੀਆਂ ਸੁਣੀਆਂ ਤਾਂ ਉਹ ਪਾਗਲ ਹੋ ਗਿਆ ਸੀ। ਮੈਂ ਕਈ ਵਰ੍ਹੇ ਉਹਦਾ ਇਲਾਜ ਕਰਵਾਉਂਦਾ ਰਿਹਾ।

ਸੰਤਾਲ਼ੀ ਦੇ ਪੰਜ ਵਰ੍ਹਿਆਂ ਬਾਅਦ ਨੂਰਾਂ ਬੀਬੀ ਸਾਡੇ ਕੋਲ ਆਈ ਸੀ। ਉਹ ਸਾਡਾ ਗੋਹਾ-ਕੂੜਾ ਕਰਦੀ ਹੁੰਦੀ ਸੀ। ਉਹਨੇ ਇੰਨਾ ਕੁ ਦੱਸਿਆ ਸੀ ਕਿ ਮੇਰੀਆਂ ਦੋਵੇਂ ਭੈਣਾਂ ਨੇ ਅਹਾਤੇ ’ਚ ਪਈਆਂ ਨਰਮੇ ਦੀਆਂ ਛਟੀਆਂ ਨੂੰ ਅੱਗ ਲਗਾ ਕੇ ਵਿਚ ਛਾਲ਼ਾਂ ਮਾਰ ਦਿੱਤੀਆਂ ਸੀ।

ਇੱਧਰ ਆ ਕੇ ਮੈਂ ਆਪਣੇ ਜਾਣਕਾਰਾਂ ਨੂੰ ਬਹੁਤ ਚਿੱਠੀਆਂ ਲਿਖੀਆਂ। ਕੋਈ ਦੋ ਮਹੀਨੇ ਬਾਅਦ ਕਿਸੇ ਸੱਜਣ ਨੇ ਜਵਾਬੀ ਖ਼ਤ ’ਚ ਲਿਖਿਆ ਸੀ ਕਿ ਹੋਰ ਸਾਰੀਆਂ ਲਾਸ਼ਾਂ ਤਾਂ ਲੱਭ ਗਈਆਂ ਸਨ ਪਰ ਊਧਮ ਸਿੰਘ ਅਤੇ ਉਹਦੇ ਪੁੱਤਰ ਦੀ ਲਾਸ਼ ਨਹੀਂ ਲੱਭੀ। ਹੁਣ ਆ ਕੇ ਪਤਾ ਲੱਗਿਆ ਕਿ ਸਾਡੇ ਮੋਹਣ ਨੂੰ ਤਾਂ ਚੀਚਾਵਤਨੀ ਰੇਲਵੇ ਸਟੇਸ਼ਨ ਤੋਂ ਕਿਸੇ ਬੇਲਦਾਰ ਨੇ ਚੁੱਕ ਲਿਆ ਸੀ।

ਪਰਸੋਂ ਮੈਂ ਤੇ ਕੈਨੇਡਾ ਰਹਿੰਦੀ ਉਹਦੀ ਸਕੀ ਭੈਣ ਨਿਰਮਲ ਨੇ ਉਹਦੇ ਨਾਲ ਬਹੁਤ ਗੱਲਾਂ ਕੀਤੀਆਂ। ਉਹਨੂੰ ਆਪਣਾ ਗੁਆਚਿਆ ਭਰਾ ਮਿਲ ਗਿਆ ਏ ਅਤੇ ਮੈਨੂੰ ਮੇਰਾ ਭਤੀਜਾ। ਬੜੇ ਖ਼ੁਸ਼ ਆ ਅਸੀਂ।

ਅਸੀਂ ਸਾਰਿਆਂ ਨੇ ਮੋਹਣ ਨੂੰ ਮਿਲਣ ਜਾਣਾ ਏਂ।

ਸੰਤਾਲ਼ੀ ’ਚ ਗੁਆਚੇ ਬਾਈ ਜੀਆਂ ’ਚੋਂ ਇੱਕ ਮੋਹਣ ਹੀ ਮਿਲਿਆ ਏ। ਹੁਣ ਉਹ ਵੀ ਅਬਦੁਲ ਖਾਲਿਕ ਹੋ ਗਿਆ ਏ। ਮੈਂ ਉਹਨੂੰ ਪੁੱਛਿਆ- ਮੋਹਣ, ਤੈਨੂੰ ਉਹ ਦਿਨ ਯਾਦ ਏ, ਜਦੋਂ ਤੈਨੂੰ ਤੇਰੀ ਦਾਦੀ ਨੇ ਮੇਰੀ ਘੋੜੀ ਤੋਂ ਉਤਾਰ ਲਿਆ ਸੀ। ਉਹ ਕੁਝ ਨਾ ਬੋਲਿਆ। ਬਸ ਰੋਣ ਲੱਗ ਪਿਆ। ਫਿਰ ਕਹਿਣ ਲੱਗਾ- ਚਾਚਾ ਜੀ, ਗੱਲਾਂ ਤਾਂ ਬਹੁਤ ਨੇ! ਉਹ ਗੱਲਾਂ ਮੈਂ ਅੱਜ ਤੱਕ ਕਿਸੇ ਨਾਲ ਨਹੀਂ ਕੀਤੀਆਂ। ਜਦੋਂ ਮਿਲਾਂਗੇ ਉਦੋਂ ਦੱਸਾਂਗਾ।

ਮੌਤ ਸਿਰ ’ਤੇ ਖੜ੍ਹੀ ਏ ਅਤੇ ਮੈਨੂੰ ਮੁੜ ਆਪਣਿਆਂ ਦੇ ਦੁੱਖ ਸੁਣਨੇ ਪੈਣੇ ਨੇ। ਦੇਖ ਲਓ, ਇਸ ਆਜ਼ਾਦੀ ਨੇ ਸਾਡੇ ਨਾਲ ਕੀ ਤਮਾਸ਼ਾ ਕੀਤਾ ਸੀ! ਏਸ ਸੰਤਾਲ਼ੀ ਨੇ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ!!” ਗੱਲ ਮੁਕਾ ਕੇ ਸਰਵਣ ਸਿੰਘ ਨਿੱਝਰ ਹੋਰੀਂ ਫਿੱਕਾ ਜਿਹਾ ਹੱਸ ਪਏ ਸੀ। ਮੈਂ ਗਹੁ ਨਾਲ ਦੇਖਿਆ ਕਿ ਉਨ੍ਹਾਂ ਦੀਆਂ ਬੱਗੇ ਭਰਵੱਟਿਆਂ ਹੇਠ ਲੁਕੀਆਂ ਬੁੱਢੀਆਂ ਅੱਖਾਂ ’ਚ ਅੱਥਰੂ ਉਤਰ ਆਏ ਸਨ।

ਸੰਪਰਕ: 97818-43444

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All