DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲਿਤਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ

ਦੋ ਫਰਵਰੀ 2026 ਨੂੰ ਜ਼ਿਲ੍ਹਾ ਬਠਿੰਡਾ ਦਾ ਪਿੰਡ ਲਹਿਰਾ ਸੌਂਧਾ ਮੀਡੀਆ ਦੀਆਂ ਸੁਰਖੀਆਂ ਵਿੱਚ ਰਿਹਾ। ਇਸ ਦਾ ਕਾਰਨ ਇੱਕ ਦਲਿਤ ਨੌਜਵਾਨ ਦੀ ਕਿਸਾਨ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿੱਚ ਉਸ ਦੀ...

  • fb
  • twitter
  • whatsapp
  • whatsapp
Advertisement

ਦੋ ਫਰਵਰੀ 2026 ਨੂੰ ਜ਼ਿਲ੍ਹਾ ਬਠਿੰਡਾ ਦਾ ਪਿੰਡ ਲਹਿਰਾ ਸੌਂਧਾ ਮੀਡੀਆ ਦੀਆਂ ਸੁਰਖੀਆਂ ਵਿੱਚ ਰਿਹਾ। ਇਸ ਦਾ ਕਾਰਨ ਇੱਕ ਦਲਿਤ ਨੌਜਵਾਨ ਦੀ ਕਿਸਾਨ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ਵਿੱਚ ਉਸ ਦੀ ਮੌਤ ਹੋਣਾ ਹੈ। ਉਕਤ ਦਲਿਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਉਕਤ ਕਿਸਾਨ ਦੇ ਖੇਤ ਵਿੱਚੋਂ ਗੰਨਾ ਪੁੱਟਣ ਦੀ ਵਡੇਰੀ ਹਿਮਾਕਤ ਕੀਤੀ ਸੀ ਜੋ ਉਸ ਦੀ ਜਾਨ ਦਾ ਖੌਅ ਹੋ ਨਿੱਬੜੀ। ਇਸ ਦੁਖਦ ਮੌਤ ਨੇ ਉਸ ਨੌਜਵਾਨ ਦੇ ਪਰਿਵਾਰ ਨੂੰ ਸੁੰਨ ਕਰ ਦਿੱਤਾ ਤੇ ਇਨਸਾਫ਼ ਪਸੰਦ ਕਿਸਾਨ ਜਥੇਬੰਦੀਆਂ ਦੇ ਨਾਲ ਸੋਸ਼ਲ ਮੀਡੀਆ ਦੇ ਬਲਾਗਰਾਂ ਦੀ ਜ਼ੁਬਾਨ ਨੂੰ ਲਕਵਾ ਮਾਰ ਗਿਆ।

ਸਾਲ 2025 ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਬਠਿੰਡਾ ਜ਼ਿਲ੍ਹੇ ਦਾ ਪਿੰਡ ਦਾਨ ਸਿੰਘ ਵਾਲਾ ਸੁਰਖੀਆਂ ’ਚ ਰਿਹਾ ਹੈ ਜਿੱਥੇ ਜਾਬਰਾਂ ਨੇ ਦੱਬੇ ਕੁਚਲੇ ਵਰਗ ਦੇ ਲੋਕਾਂ ਨਾਲ ਤਕਰਾਰ ਦੇ ਚੱਲਦਿਆਂ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਕੀਤੀ ਸੀ। ਸਿਆਸੀ ਦਬਾਅ ਕਾਰਨ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਸੀ। ਉਨ੍ਹਾਂ ਗੁੰਡਿਆਂ ਦੇ ਖ਼ੌਫ ਕਾਰਨ ਇਨ੍ਹਾਂ ਗ਼ਰੀਬੜਿਆਂ ਨੂੰ ਆਪਣੇ ਸੜਦੇ ਘਰਾਂ ਨੂੰ ਛੱਡ ਕੇ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣਾ ਪਿਆ। ਇਸ ਮੰਦਭਾਗੀ ਘਟਨਾ ਦੀ ਸਿਆਹੀ ਅਜੇ ਸੁੱਕੀ ਹੀ ਨਹੀਂ ਸੀ ਕਿ ਉਕਤ ਪਿੰਡ ਤੋਂ ਕੁਝ ਦੂਰੀ ’ਤੇ ਸਥਿਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿੱਚ ਉਹੀ ਗੁੰਡਾਗਰਦੀ ਦੇ ਨਾਚ ਨੂੰ ਬੀਤੀ 5 ਫਰਵਰੀ ਨੂੰ ਦੁਹਰਾਇਆ ਗਿਆ। ਸਿਆਸੀ ਪਹੁੰਚ ਕਾਰਨ ਪਿੰਡ ਦਾ ਛੋਟਾ ਜਿਹਾ ਮਸਲਾ ਇੰਨਾ ਵੱਡਾ ਬਣ ਗਿਆ ਤੇ ਫੋਕੀ ਅਣਖ ਖਾਤਰ ਉਨ੍ਹਾਂ ਕਮਜ਼ੋਰ ਲੋਕਾਂ ਨੂੰ ਫਿਰ ਤੋਂ ਲਤਾੜਿਆ ਗਿਆ। ਬੇਰਹਿਮੀ ਨਾਲ ਉਨ੍ਹਾਂ ਦੀ ਮਾਰ ਕੁਟਾਈ ਕੀਤੀ ਗਈ, ਦੁੱਖ ਦੀ ਗੱਲ ਉਹੀ ਪ੍ਰਸ਼ਾਸਨ ਫਿਰ ਤੋਂ ਸਿਆਸੀ ਦਬਾਅ ਅੱਗੇ ਗੋਡੇ ਟੇਕ ਗਿਆ ਸੀ।

Advertisement

ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਿੱਚ ਜਨਵਰੀ 2023 ਦੇ ਅਖ਼ੀਰਲੇ ਹਫ਼ਤੇ ’ਚ ਇੱਕ ਰਸੂਖ਼ਦਾਰ ਨੇ ਗ਼ਰੀਬ ਦਲਿਤ ਬੱਚੇ ਦੀ ਅਣਮਨੁੱਖੀ ਤਰੀਕੇ ਨਾਲ ਮਾਰ ਕੁਟਾਈ ਕੀਤੀ ਸੀ ਜਿਸ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਲੋਕ ਰੋਹ ਜਾਗਿਆ ਸੀ ਤੇ ਉਸ ਦਰਿੰਦੇ ਖਿਲਾਫ਼ ਪੁਲੀਸ ਕਾਰਵਾਈ ਹੋਈ। ਦੁੱਖ ਦੀ ਗੱਲ ਇਹ ਹੈ ਕਿ ਉਕਤ ਵੀਡਿਓ ਵਿੱਚ ਕੋਲ ਖੜ੍ਹੇ ਲੋਕ ਤਮਾਸ਼ਬੀਨ ਬਣ ਕੇ ਉਸ ਨਿਰਬਲ ਬਾਲਕ ਦਾ ਤਮਾਸ਼ਾ ਦੇਖ ਕੇ ਖੁਸ਼ ਹੋ ਰਹੇ ਸਨ। ਉਨ੍ਹਾਂ ਦੀ ਇਸ ਨਾਪਾਕ ਹਰਕਤ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

Advertisement

ਇਸ ਮੰਦਭਾਗੀ ਘਟਨਾ ਦੀ ਖ਼ਬਰ ਦੀ ਵੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਠ ਫਰਵਰੀ 2023 ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਜਰਾਂ ਦੇ ਬੱਕਰੀਆਂ ਚਾਰਨ ਵਾਲੇ ਦੋ ਨੌਜਵਾਨਾਂ ਨਾਲ ਰਸੂਖ਼ਦਾਰਾਂ ਦੁਆਰਾ ਕੀਤੀ ਦਰਿੰਦਗੀ ਨੇ ਫਿਰ ਜਾਤੀਵਾਦ ਦੇ ਕੋਹੜ ਨੂੰ ਉਜਾਗਰ ਕੀਤਾ ਸੀ। ਉਕਤ ਨੌਜਵਾਨਾਂ ਦੀ ਮੌੜਾਂ ਪਿੰਡ ਦੇ ਅਖੌਤੀ ਉੱਚ ਜਾਤੀ ਦੇ ਲੋਕਾਂ ਵੱਲੋਂ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ ਗਈ ਗਈ ਜਿਸ ਕਾਰਨ ਇੱਕ ਨੌਜਵਾਨ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ ਸੀ ਅਤੇ ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੀ ਵਾਪਸੀ ਹਿੱਤ ਕਿਸਾਨਾਂ ਨੇ ਦਿੱਲੀ ਵਿੱਚ ਲੰਮਾ ਸੰਘਰਸ਼ ਕੀਤਾ ਸੀ ਜਿਸ ਵਿੱਚ ਮਜ਼ਦੂਰਾਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ ਸੀ। ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਨੇ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਮੁਲਕ ਦੀ ਫ਼ਿਜ਼ਾ ’ਚ ਗੂੰਜਣ ਲਾ ਦਿੱਤੇ ਸਨ। ਕਿਸਾਨੀ ਸੰਘਰਸ਼ ਅਜੇ ਚੱਲ ਹੀ ਰਿਹਾ ਸੀ ਕਿ ਪਿੰਡਾਂ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਫਿਰ ਮਤੇ ਪੈਣੇ ਸ਼ੁਰੂ ਹੋ ਗਏ ਸਨ ਜਿਸ ਨੇ ਮਜ਼ਦੂਰਾਂ ਦੇ ਭਰੋਸੇ ਨੂੰ ਤਾਰ-ਤਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਕਿਸਾਨ ਏਕਤਾ ਅੱਗੇ ਉਹ ਫਿਰ ਬੇਵੱਸ ਹੋ ਗਏ ਸਨ। ਜੋ ਮਜ਼ਦੂਰ ਤਬਕਾ ਕਿਸਾਨੀ ਸੰਘਰਸ਼ ਵਿੱਚ ਆਪਣਾ ਖੂਨ ਡੋਲ੍ਹਣ ਲਈ ਤਤਪਰ ਸੀ, ਆਖ਼ਰ ਉਨ੍ਹਾਂ ਇਹ ਕਹਿ ਕੇ ਸਬਰ ਕਰ ਲਿਆ ਕਿ ਇਨ੍ਹਾਂ ਦੀ (ਜੱਟ) ਤਾਂ ਪੰਡ ਨਾਲ ਲਿਹਾਜ਼ ਹੈ। ਬਹੁਤ ਘੱਟ ਕਿਸਾਨ ਆਗੂਆਂ ਨੇ ਇਸ ਮਸਲੇ ’ਤੇ ਚੁੱਪੀ ਤੋੜੀ ਸੀ। ਇਸ ਵਰਤਾਰੇ ਦਾ ਕੁਝ ਮਜ਼ਦੂਰ ਜਥੇਬੰਦੀਆਂ ਦੇ ਨਾਲ ਸਮਾਜਿਕ ਸਮੂਹਾਂ ਨੇ ਨੋਟਿਸ ਲਿਆ ਸੀ ਕਿ ਜੋ ਲੋਕ ਇਨ੍ਹਾਂ ਦੀ ਬਣਦੀ ਮਜ਼ਦੂਰੀ ਦੇਣ ਤੋਂ ਕਤਰਾਅ ਰਹੇ ਹਨ, ਉਹ ਸਾਰਾ ਦਿਨ ਤਿੱਖੀ ਧੁੱਪ ’ਚ ਸਾਰਾ ਦਿਨ ਸਿਰਫ਼ ਝੁਕ ਕੇ ਖੜ੍ਹਨ ਦੀ ਖੇਚਲ ਤਾਂ ਕਰਨ, ਪਤਾ ਲੱਗ ਜਾਵੇਗਾ ਮਜ਼ਦੂਰਾਂ ਦੀ ਮੰਗ ਜਾਇਜ਼ ਹੈ ਜਾਂ ਉਹ ਮਨਘੜਤ ਗੱਲਾਂ ਕਰਦੇ ਹਨ। ਗ਼ੈਰ ਸੰਗਠਿਤ ਮਜ਼ਦੂਰ ਅੱਜ ਵੀ ਸਰੀਰਕ, ਮਾਨਸਿਕ ਤੌਰ ’ਤੇ ਲਤਾੜੇ ਜਾ ਰਹੇ ਹਨ। ਜਾਤੀ ਸੂਚਕ ਗਾਲ੍ਹਾਂ ਦਾ ਕੋਈ ਅੰਤ ਨਹੀ, ਖੇਤਾਂ ’ਚ ਮਜ਼ਦੂਰ ਔਰਤਾਂ ਨਾਲ ਬਦਸਲੂਕੀ ਜੱਗ ਜ਼ਾਹਿਰ ਹੈ।

ਲਗਪਗ ਪੰਜ ਵਰ੍ਹੇ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ, ਉਨ੍ਹਾਂ ਦੀ ਵਿਚਾਰਧਾਰਾ, ਸਾਂਝੀਵਾਲਤਾ ਅਤੇ ਸਭ ਦੇ ਬਰਾਬਰ ਹੋਣ ਦੇ ਸੁਨੇਹੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ, ਜੋ ਚੰਗੀ ਪਹਿਲਕਦਮੀ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘੇ ਦਾ ਚਾਅ ਸਾਡੇ ਮਨਾਂ ਤੋਂ ਸਦੀਆਂ ਤੱਕ ਲੱਥਣਾ ਨਹੀਂ ਹੈ। ਉਨ੍ਹਾਂ ਦਿਨਾਂ ’ਚ ਹੀ ਗੁਰੂਆਂ ਦੀ ਧਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ’ਚ 7 ਨਵੰਬਰ 2019 ਦੀ ਸ਼ਾਮ ਨੂੰ ਅਖੌਤੀ ਉੱਚੀ ਜਾਤ ਦੇ ਲੋਕਾਂ ਵੱਲੋਂ ਨਿਹੱਥੇ ਦਲਿਤ ਨੌਜਵਾਨ ਦੀ ਜਬਰੀ ਬੰਨ੍ਹ ਕੇ ਵਹਿਸ਼ੀਆਨਾ ਤਰੀਕੇ ਨਾਲ ਮਾਰ ਕੁਟਾਈ ਕੀਤੀ ਗਈ, ਉਸ ਦੀਆਂ ਲੱਤਾਂ ’ਤੇ ਤੇਜ਼ਾਬ ਪਾਇਆ ਗਿਆ ਅਤੇ ਪੀਣ ਲਈ ਪਾਣੀ ਮੰਗਣ ’ਤੇ ਮਨੁੱਖੀ ਪਿਸ਼ਾਬ ਤੱਕ ਪਿਲਾਇਆ ਗਿਆ ਸੀ। ਗੰਭੀਰ ਹਾਲਤ ’ਚ ਉਹ ਦਲਿਤ ਨੌਜਵਾਨ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਉਸ ਦੀਆਂ ਲੱਤਾਂ ਕੱਟਣ ਲਈ ਮਜਬੂਰ ਹੋਣਾ ਪਿਆ ਸੀ ਤੇ ਆਖ਼ਰ ਉਸ ਦੀ ਮੌਤ ਹੋ ਗਈ ਸੀ। ਉਸੇ ਸੰਗਰੂਰ ਦਾ ਮਾਣ ਕਹੇ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਜਿਹੇ ਘਿਨੌਣੇ ਕਾਰਜਾਂ ’ਤੇ ਸਦਾ ਚੁੱਪ ਰਹਿਣਾ ਉਸ ਦੀ ਜੱਟਵਾਦ ਬਿਰਤੀ ਨੂੰ ਉਜਾਗਰ ਕਰਦਾ ਹੈ। ਪਹਿਲੀ ਵਾਰ ਉਸ ਨੇ ਚੁੱਪੀ ਤੋੜਨ ਦਾ ਕਸ਼ਟ ਕੀਤਾ ਸੀ ਅਤੇ ਇਸ ਮੰਦਭਾਗੀ ਘਟਨਾ ਨੂੰ ਉਸ ਸਮੇਂ ਸੰਸਦ ਮੈਂਬਰ ਵਜੋਂ ਸੰਸਦ ’ਚ ਉਠਾਇਆ ਸੀ। ਮੀਡੀਆ ਅਤੇ ਰਾਜਨੀਤਕ ਲੋਕਾਂ ਨੂੰ ਜਿਵੇਂ ਉਸ ਦੇ ਮਰਨ ਦਾ ਹੀ ਇੰਤਜ਼ਾਰ ਸੀ। ਉਸ ਤੋਂ ਬਾਅਦ ਹੀ ਸਭ ਹਰਕਤ ’ਚ ਆਏ ਸਨ, ਪਹਿਲਾਂ ਲਗਭਗ ਸਾਰੇ ਕੁੰਭਕਰਨੀ ਨੀਂਦ ਸੁੱਤੇ ਹੋਏ ਸਨ, ਖਾਸ ਕਰਕੇ ਦਲਿਤ ਨੇਤਾਵਾਂ ਅਤੇ ਅਫ਼ਸਰਸ਼ਾਹੀ ਦੀ ਜ਼ੁਬਾਨ ਨੂੰ ਤਾਂ ਮੰਨੋ ਲਕਵਾ ਹੀ ਮਾਰ ਗਿਆ ਸੀ।

ਇਸ ਦਰਦਨਾਕ ਘਟਨਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਝੱਬਰ ਦੇ ਸਿਰੜੀ ਦਲਿਤ ਬੰਤ ਸਿੰਘ ਝੱਬਰ ਦੀ ਕਹਾਣੀ ਨੂੰ ਤਰੋਤਾਜ਼ਾ ਕਰ ਦਿੱਤਾ ਸੀ। 7 ਜਨਵਰੀ 2006 ਨੂੰ ਉਸ ’ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਸ ਦੀ ਜਾਨ ਬਚਾਉਣ ਹਿੱਤ ਉਸ ਦੀਆਂ ਦੋਵੋਂ ਬਾਹਾਂ ਤੇ ਲੱਤ ਕੱਟਣੀ ਪਈ ਸੀ। ਦਰਅਸਲ, ਪਿੰਡ ਦੇ ਉੱਚ ਜਾਤ ਦੇ ਲੋਕਾਂ ਨੇ ਉਸ ਦੀ ਧੀ ਨਾਲ ਜਬਰ ਜਨਾਹ ਕੀਤਾ ਸੀ, ਉਨ੍ਹਾਂ ਖਿਲਾਫ਼ ਆਵਾਜ਼ ਬੁਲੰਦ ਕਰਨ ’ਤੇ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਦਲਿਤਾਂ ਨਾਲ ਜੁੜੇ ਵੱਖ ਵੱਖ ਮਾਮਲਿਆਂ ਦੇ ਕੇਸ ਦਰਜ ਹੋਏ। ਕਮਿਸ਼ਨ ਅਨੁਸਾਰ ਸੰਨ 2015 ’ਚ ਦਲਿਤ ਭਾਈਚਾਰ ’ਤੇ ਅੱਤਿਆਚਾਰ ਦੇ 1982 ਮਾਮਲੇ, 2016 ਵਿੱਚ 1900 ਮਾਮਲੇ, 2017 ’ਚ 2435, ਸਾਲ 2018 ਵਿੱਚ 1685 ਅਤੇ ਅਕਤੂਬਰ 2019 ਤੱਕ 1150 ਕੇਸ ਦਰਜ ਹੋਏ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਦਲਿਤਾਂ ਦੇ ਖਿਲਾਫ਼ 47064 ਅਪਰਾਧਿਕ ਘਟਨਾਵਾਂ ਹੋਈਆਂ। ਔਸਤਨ ਪ੍ਰਤੀ ਘੰਟੇ ’ਚ ਪੰਜ ਦਲਿਤਾਂ ਦੇ ਖਿਲਾਫ਼ ਅਪਰਾਧ ਹੋਏ, ਪ੍ਰਤੀ ਦਿਨ ਦੋ ਦਲਿਤਾਂ ਦੀ ਹੱਤਿਆ ਹੋਈ ਅਤੇ ਹਰ ਰੋਜ਼ ਛੇ ਦਲਿਤ ਔਰਤਾਂ ਜਬਰ ਜਿਨਾਹ ਦੀਆਂ ਸ਼ਿਕਾਰ ਹੋਈਆਂ। ਦਲਿਤਾਂ ਦੇ ਖਿਲਾਫ਼ ਹੋਣ ਵਾਲੇ ਜੁਰਮਾਂ ’ਚ ਪਿਛਲੇ ਸਾਲ ਦੇ ਮੁਕਾਬਲੇ 19 ਫ਼ੀਸਦੀ ਵਾਧਾ ਹੋਇਆ ਹੈ। ਹੁਣ ਇਹ ਅੰਕੜਾ 20 ਫ਼ੀਸਦੀ ਨੂੰ ਵੀ ਪਾਰ ਕਰ ਗਿਆ ਹੈ।

ਸਭ ਤੋਂ ਆਧੁਨਿਕ ਧਰਮ ਕਹੇ ਜਾਣ ਵਾਲੇ ਸਿੱਖ ਧਰਮ ਜਿਸ ਨੇ ਜਾਤਪਾਤ ਨੂੰ ਮੁੱਢੋਂ ਹੀ ਖਾਰਜ ਕੀਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਸਭ ਸਿੱਖਾਂ ਨੂੰ ਬਰਾਬਰ ਕੀਤਾ ਸੀ, ਅਫ਼ਸੋਸ ਉਸ ਵਿੱਚ ਵੀ ਜਾਤਪਾਤ, ਛੂਤਛਾਤ ਜ਼ੋਰਾਂ ’ਤੇ ਹੈ। ਇਸ ਵਿੱਚ 23 ਫ਼ੀਸਦੀ ਲੋਕ ਛੂਤਛਾਤ ਦੇ ਸ਼ਿਕਾਰ ਹਨ ਜੋ ਸਭ ਤੋਂ ਸ਼ਰਮਨਾਕ ਹੈ। ਪੰਜਾਬ ਦੇ ਕਈ ਡੇਰਿਆਂ ’ਚ ਜਿਵੇਂ ਬਠਿੰਡਾ ਜ਼ਿਲ੍ਹੇ ’ਚ ਪੈਂਦੇ ਪਿੰਡ ਭੁੱਚੋਂ ਕਲਾਂ ਦੇ ਰੂੰਮੀ ਵਾਲਾ ਡੇਰਾ ਜਿਸ ਦਾ ਸਬੰਧ ਨਾਨਕਸਰ ਸੰਪਰਦਾ ਨਾਲ ਜੁੜਦਾ ਹੈ, ਉਸ ਵਿੱਚ ਮਜ਼੍ਹਬੀ ਸਿੱਖਾਂ ਦੇ ਪ੍ਰਵੇਸ਼ ਦੀ ਮਨਾਹੀ ਹੈ ਅਤੇ ਉਨ੍ਹਾਂ ਦੇ ਬਰਤਨ ਆਦਿ ਵੱਖਰੇ ਹਨ।

ਪਿਛਲੇ ਸਮੇਂ ਦੌਰਾਨ ਜਸਟਿਸ ਕਾਟਜੂ ਨੇ ਵੀ ਇਸ ਮੁੱਦੇ ’ਤੇ ਗੰਭੀਰ ਚਿੰਤਾ ਜਤਾਈ ਸੀ ਕਿ ਮਜ਼੍ਹਬੀ ਸਿੱਖਾਂ ਨਾਲ ਹਰ ਜਗ੍ਹਾ ਵਿਤਕਰਾ ਕਿਉਂ ਹੈ ਜਦਕਿ ਗੁਰੂ ਗੋਬਿੰਦ ਸਿੰਘ ਨੇ ਤਾਂ ਸਿੱਖ ਸਾਜ ਕੇ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਸੀ ਤੇ ਫਿਰ ਆਹ ਕੁਝ ਕਿਉਂ ਵਾਪਰ ਰਿਹਾ ਹੈ। ਉਨ੍ਹਾਂ ਨਾਲ ਅਮਾਨਵੀ ਵਿਵਹਾਰ ਕੀਤਾ ਜਾਂਦਾ ਹੈ ਜਿਸ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ, ਜੇਕਰ ਅਸੀਂ ਸਾਰੇ ਅਜਿਹੀਆਂ ਧਾਰਮਿਕ ਸੰਸਥਾਵਾਂ ਦਾ ਬਾਈਕਾਟ ਕਰੀਏ ਤਾਂ ਕਿਤੇ ਜਾ ਕੇ ਦਲਿਤਾਂ ਨੂੰ ਮਾਣ ਸਤਿਕਾਰ ਮਿਲੇਗਾ।

ਦਲਿਤ ਸੰਦਰਭ ’ਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਉਸ ਨੇ ਦਲਿਤਾਂ ਦੇ ਮੁੱਦੇ ’ਤੇ ਕਦੇ ਵੀ ਸੰਜੀਦਗੀ ਨਹੀਂ ਦਿਖਾਈ। ਜੇਕਰ ਕਿਸੇ ਨੇ ਦਲਿਤਾਂ ਦੀ ਜ਼ਮੀਨੀ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਉਸ ਨੂੰ ਕਬੂਲਿਆ ਹੀ ਨਹੀਂ ਸਗੋਂ ਭੜਕਾਊ ਕਹਿ ਕੇ ਮਨ੍ਹਾ ਕਰ ਦਿੱਤਾ।

ਇਨ੍ਹਾਂ ਤੱਥਾਂ ਦੀ ਮੌਜੂਦਗੀ ਦਲਿਤਾਂ ਦੀ ਸਮਾਜ ’ਚ ਚਿੰਤਾਜਨਕ ਹਾਲਤ ਨੂੰ ਚੀਕ ਚੀਕ ਕੇ ਬਿਆਨ ਕਰਦੀ ਹੈ। ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆਉਂਦਾ। ਇਨ੍ਹਾਂ ਦੇ ਆਪਣੇ ਤਰੱਕੀ ਪ੍ਰਾਪਤ ਲੋਕ ਇਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ ਤੇ ਆਪਣੇ ਸੌੜੇ ਹਿੱਤਾਂ ਖ਼ਾਤਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰ੍ਹੇਆਮ ਧੱਕਾ ਕਰ ਰਹੇ ਹਨ। ਉਨ੍ਹਾਂ ਲਈ ਇਹ ਦਲਿਤ ਆਬਾਦੀ ਵੋਟਾਂ ਪਾਉਣ ਵਾਲੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਹੋਰਾਂ ਤੋਂ ਫਿਰ ਕੀ ਉਮੀਦ ਹੈ ਜਦ ਆਪਣੇ ਹੀ ਇਨ੍ਹਾਂ ਗੱਲਾਂ ’ਤੇ ਉਤਰ ਆਏ ਹਨ। ਅੱਜ ਦਲਿਤਾਂ ਨੂੰ ਡਾ. ਅੰਬੇਡਕਰ ਜਿਹੇ ਦੂਰਦਰਸ਼ੀ ਨੇਤਾ ਦੀ ਲੋੜ ਹੈ ਜੋ ਇਨ੍ਹਾਂ ਨੂੰ ਇੱਕ ਸੂਤਰ ’ਚ ਪਰੋਅ ਕੇ ਆਪਣੇ ਹੱਕਾਂ ਲਈ ਲਾਮਬੰਦ ਕਰ ਸਕੇ ਅਤੇ ਹੁੰਦੇ ਸ਼ੋਸ਼ਣ ਖਿਲਾਫ਼ ਡਟਣ ਦੀ ਹਿੰਮਤ ਪ੍ਰਦਾਨ ਕਰ ਸਕੇ।

ਇਨਕਲਾਬ ਦੀ ਪਹਿਲ ਦੱਬੇੇ ਕੁਚਲੇ ਲੋਕਾਂ ਨੇ ਹੀ ਕੀਤੀ ਹੈ ਜੋ ਅੱਜ ਵੀ ਅਹਿਮ ਲੋੜ ਹੈ। 20 ਮਾਰਚ 2018 ਨੂੰ ਸੁਪਰੀਮ ਕੋਰਟ ਨੇ ਐੱਸ.ਸੀ./ਐੱਸ.ਟੀ. ਐਕਟ ਦੀ ਦੁਰਵਰਤੋਂ ਦੀ ਦੁਹਾਈ ਪਾਈ ਸੀ ਜਿਸ ਦੇ ਵਿਰੋਧ ’ਚ 2 ਅਪਰੈਲ 2018 ਨੂੰ ਭਾਰਤ ਬੰਦ ਹੋਇਆ ਸੀ। ਮੰਨਿਆ ਕੁਝ ਜਗ੍ਹਾ ਇਸ ਕਾਨੂੰਨ ਦੀ ਦੁਰਵਰਤੋਂ ਹੋਈ ਹੋਵੇਗੀ, ਪਰ ਇਹ ਵੀ ਕੌੜਾ ਸੱਚ ਹੈ ਕਿ ਅੱਧੇ ਤੋਂ ਜ਼ਿਆਦਾ ਜੁਰਮ ਤਾਂ ਰਿਕਾਰਡ ਹੀ ਨਹੀਂ ਹੁੰਦੇ, ਜੋ ਰਿਕਾਰਡ ਹੁੰਦੇ ਨੇ ਉਨ੍ਹਾਂ ’ਤੇ ਵੀ ਸੰਜੀਦਾ ਕਾਰਵਾਈ ਨਹੀਂ ਹੁੰਦੀ। ਸਰਕਾਰਾਂ ਦੇ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ ਅਤੇ ਇਨ੍ਹਾਂ ’ਤੇ ਹੁੰਦੇ ਜ਼ੁਲਮਾਂ ਪ੍ਰਤੀ ਆਵਾਜ਼ ਬੁਲੰਦ ਕਰੇ। ਦਲਿਤਾਂ ਦੀਆਂ ਸਹੂਲਤਾਂ ਗ਼ਲਤ ਲੋਕਾਂ ਨੂੰ ਨਾ ਜਾਣ ਅਤੇ ਇਸ ਦੇ ਹੱਕਦਾਰਾਂ ਤੱਕ ਪਹੁੰਚਣ, ਇਸ ਲਈ ਠੋਸ ਰਣਨੀਤੀ ਦੀ ਲੋੜ ਹੈ। ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ। ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿੱਤ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਸੰਪਰਕ: 95173-96001

Advertisement
×