ਅਯੁੱਧਿਆ ਵਿਚਲੇ ਦੋ ਪਵਿੱਤਰ ਸਥਾਨਾਂ ਦੀ ਗਾਥਾ

ਅਯੁੱਧਿਆ ਵਿਚਲੇ ਦੋ ਪਵਿੱਤਰ ਸਥਾਨਾਂ ਦੀ ਗਾਥਾ

ਅਪੂਰਵਾਨੰਦ*

ਅਪੂਰਵਾਨੰਦ*

ਬਹਿਸ ਮੁਬਾਹਿਸਾ

ਅਯੁੱਧਿਆ ਦੇ ਧੰਨੀਪੁਰ ਵਿਚ ਬਣਨ ਵਾਲੀ ਨਵੀਂ ਮਸਜਿਦ ਦਾ ਡਿਜ਼ਾਈਨ ਜੱਗ-ਜ਼ਾਹਰ ਕੀਤੇ ਜਾਣ ਦੇ ਨਾਲ ਹੀ ਇਸ ਬਾਰੇ ਬਹਿਸ ਛਿੜ ਪਈ ਹੈ। ਇਹ ਬਹਿਸ ਮਹਿਜ਼ ਮੁਸਲਮਾਨਾਂ ਬਾਰੇ ਹੀ ਨਹੀਂ ਹੈ ਸਗੋਂ ਹੋਰਨਾਂ ਬਾਰੇ ਵੀ ਹੈ ਤੇ ਇਕ ਸੱਭਿਅਕ ਸਥਾਨ ਵਜੋਂ ਭਾਰਤ ਬਾਰੇ ਵੀ। ਨਾਲ ਹੀ ਇਹ ਬਹਿਸ ਪਵਿੱਤਰ ਜਾਂ ਅਲੌਕਿਕ ਤੇ ਦੁਨਿਆਵੀ ਹੋਣ ਵਿਚਕਾਰ ਰਿਸ਼ਤੇ ਦੇ ਵਿਚਾਰ ਬਾਰੇ ਵੀ ਹੈ।

ਇਹ ‘ਨਵੀਂ’ ਮਸਜਿਦ ਉਸ ਥਾਂ ਤੋਂ ਬੜੇ ਸੁਰੱਖਿਅਤ ਫ਼ਾਸਲੇ ਉੱਤੇ ਬਣੇਗੀ ਜਿੱਥੇ ਕਦੇ ਬਾਬਰੀ ਮਸਜਿਦ ਦੀ ਬੁਲੰਦ ਇਮਾਰਤ 500 ਸਾਲਾਂ ਤੋਂ ਵੱਧ ਸਮਾਂ ਖੜ੍ਹੀ ਰਹੀ ਅਤੇ ਫਿਰ ਇਸ ਨੂੰ ਭਾਰਤੀ ਸਟੇਟ/ਰਿਆਸਤ ਅਤੇ ਨਿਆਂਪਾਲਿਕਾ ਦੀਆਂ ਨਜ਼ਰਾਂ ਸਾਹਮਣੇ ਤਬਾਹ ਕਰ ਦਿੱਤਾ ਗਿਆ। ਮਸਜਿਦ ਨੂੰ ਢਾਹੇ ਜਾਣ ਦੇ ਇਸ ‘ਜੁਰਮ’ ਦੇ ਅਠਾਈ ਸਾਲਾਂ ਬਾਅਦ ਇਸ ਦੀ ਜ਼ਮੀਨ ਵੀ ਮੁਸਲਮਾਨਾਂ ਤੋਂ ਖੋਹ ਲਈ ਗਈ ਤਾਂ ਕਿ ਇਹ ‘ਨਵੇਂ ਭਾਰਤ’ ਦੇ ਉਤਸ਼ਾਹੀ ਮਾਲਕਾਂ ਦੇ ਹਵਾਲੇ ਕੀਤੀ ਜਾ ਸਕੇ। ਸੁਪਰੀਮ ਕੋਰਟ ਨੇ ਬਹੁਤ ਚਤੁਰਾਈ ਨਾਲ ਮਹਿਸੂਸ ਕੀਤਾ ਕਿ ਮੁਸਲਮਾਨ ਇਸ ਕਾਰਨ ਮਹਿਰੂਮ ਮਹਿਸੂਸ ਨਾ ਕਰਨ, ਇਸ ਲਈ ਜੋ ਉਨ੍ਹਾਂ ਤੋਂ ਖੋਹਿਆ ਗਿਆ, ਉਸ ਦੇ ਇਵਜ਼ ਵਿਚ ਉਨ੍ਹਾਂ ਨੂੰ ਪੰਜ ਏਕੜ ਜ਼ਮੀਨ ਬਖ਼ਸ਼ ਦਿੱਤੀ ਗਈ।

ਜਿਨ੍ਹਾਂ ਮੁਸਲਮਾਨਾਂ ਨਾਲ 1949 ਵਿਚ ਧੋਖਾ ਹੋਇਆ, 1992 ਵਿਚ ਧੱਕਾ ਹੋਇਆ ਅਤੇ 2019 ਵਿਚ ਬੇਇੱਜ਼ਤ ਕੀਤਾ ਗਿਆ, ਹੁਣ ਪੁੱਛ ਰਹੇ ਹਨ ਕਿ ਅਦਾਲਤ ਦੀ ਇਸ ਦਰਿਆਦਿਲੀ ਨੂੰ ਮਨਜ਼ੂਰ ਕੀਤਾ ਜਾਵੇ ਜਾਂ ਨਾ। ਇਕ ਵਿਚਾਰ ਇਹ ਹੈ ਕਿ ਮਸਜਿਦ ਦੀ ਜ਼ਮੀਨ ਦੀ ਅਦਲਾ-ਬਦਲੀ ਨਹੀਂ ਕੀਤੀ ਜਾ ਸਕਦੀ। ਮੁਸਲਮਾਨ ਇਸ ਸਬੰਧੀ ਸੁਪਰੀਮ ਕੋਰਟ ਵਿਚ ਵਾਜਬ ਜਾਂ ਨਾਵਾਜਬ ਢੰਗ ਨਾਲ ਮੁਕੱਦਮਾ ਹਾਰ ਗਏ ਅਤੇ ਮਾਮਲਾ ਖ਼ਤਮ ਹੋ ਗਿਆ। ਬਾਬਰੀ ਮਸਜਿਦ ਦੇ ਬਦਲ ਵਜੋਂ ਕੋਈ ਮਸਜਿਦ ਨਹੀਂ ਹੋ ਸਕਦੀ। ਪਰ ਇਕ ਹੋਰ ਵਿਚਾਰ, ਜਿਹੜਾ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੇ ਪੇਸ਼ ਕੀਤਾ ਹੈ, ਮੁਤਾਬਿਕ ਇਹ ਨਵੀਂ ਮਸਜਿਦ ਹੈ (ਭਾਵ ਪੁਰਾਣੀ ਬਾਬਰੀ ਮਸਜਿਦ ਨਹੀਂ), ਜਿਸ ਲਈ ਜ਼ਮੀਨ ਕਾਨੂੰਨਨ ਅਲਾਟ ਕੀਤੀ ਗਈ ਹੈ ਅਤੇ ਟਰੱਸਟ ਨੇ ਇਸ ਨੂੰ 9,29,400 ਰੁਪਏ ਦੀ ਅਸ਼ਟਾਮ ਫ਼ੀਸ ਅਦਾ ਕਰ ਕੇ ਹਾਸਲ ਕੀਤਾ ਹੈ। ਇਕ ਹੋਰ ਵਿਚਾਰ ਇਹ ਹੈ ਕਿ ਇਸ ਜ਼ਮੀਨ ਉੱਤੇ ਮਸਜਿਦ ਉੱਸਰਨੀ ਚਾਹੀਦੀ ਹੈ ਅਤੇ ਉੱਥੇ ਇਸ ਮਸਜਿਦ ਨੂੰ ਉਸਾਰੇ ਜਾਣ ਦੇ ਕਾਰਨਾਂ ਦੀ ਜਾਣਕਾਰੀ ਦਿੰਦੀ ਤਖ਼ਤੀ ਵੀ ਲਾਈ ਜਾਣੀ ਚਾਹੀਦੀ ਹੈ। ਇਸ ਤਖ਼ਤੀ ਦੀ ਇਬਾਰਤ ਧੋਖੇ ਤੇ ਤਬਾਹੀ ਦੀ ਕਹਾਣੀ ਹੋਵੇਗੀ। ਇਹ ਬਹਿਸ ਇਹ ਪ੍ਰਗਟਾਵਾ ਕਰਦੀ ਹੈ ਕਿ ਮੁਸਲਮਾਨ ਵੱਖੋ-ਵੱਖ ਢੰਗਾਂ ਨਾਲ ਸੋਚਦੇ ਹਨ ਅਤੇ ਭਾਂਤ-ਸੁਭਾਂਤੀਆਂ ਬੋਲੀਆਂ ਬੋਲਦੇ ਹਨ।

ਇਸ ਤੋਂ ਇਲਾਵਾ ਇਸ ਤਜਵੀਜ਼ਤ ਮਸਜਿਦ ਦੇ ਡਿਜ਼ਾਈਨ ਦੀ ‘ਭਵਿੱਖਮੁਖੀ’ ਕਰਾਰ ਦਿੰਦਿਆਂ ਸ਼ਲਾਘਾ ਹੋ ਰਹੀ ਹੈ। ਇਸ ਦੇ ਤਿੰਨ ਹਿੱਸੇ ਹਨ। ਧੰਨੀਪੁਰ ਪਿੰਡ ਵਿਚ ਬਣਨ ਵਾਲੇ ਇਸ ਚੌਕੋਰ ਢਾਂਚੇ ਵਿਚ ਮਲਟੀ-ਸਪੈਸ਼ਲਿਟੀ ਹਸਪਤਾਲ, ਲੰਗਰ ਹਾਲ ਅਤੇ ਇਕ ਮਿਊਜ਼ੀਅਮ ਸ਼ਾਮਲ ਹੈ ਅਤੇ ਇਹ ਬਹੁ-ਮੰਜ਼ਿਲਾ ਖੜ੍ਹਵਾਂ ਢਾਂਚਾ ਹੋਵੇਗਾ। ਇਹ ਤਿੰਨੇ ਹਿੱਸੇ ਮਸਜਿਦ ਤੋਂ ਕਈ ਮੀਟਰਾਂ ਦੇ ਫ਼ਾਸਲੇ ’ਤੇ ਹੋਣਗੇ ਅਤੇ ਇਨ੍ਹਾਂ ਦੇ ਵਿਚਕਾਰ ਹੋਵੇਗੀ ਸਦੀ ਪੁਰਾਣੀ ਸੂਫ਼ੀ ਦਰਗਾਹ। ਮਸਜਿਦ ਦੇ ਡਿਜ਼ਾਈਨਰਾਂ ਦਾ ਦਾਅਵਾ ਹੈ: ‘‘ਇਸ ਗੋਲ-ਆਕਾਰੀ ਮਸਜਿਦ ਵਿਚ ਆਧੁਨਿਕਤਾ ਦਾ ਝਲਕਾਰਾ ਹੈ ਜਿਹੜੀ ਅਤੀਤ ਤੋਂ ਲਾਂਭੇ ਜਾਂਦੀ ਹੈ ਅਤੇ ਇਹ ਇਸਲਾਮ ਦੀ ਸੱਚੀ ਭਾਵਨਾ ’ਚ ਭਵਿੱਖ ਨੂੰ ਦਿਖਾਵੇਗੀ। ਅਸੀਂ ਨਾਲ ਹੀ ਹਸਪਤਾਲ, ਲਾਈਬਰੇਰੀ ਅਤੇ ਸਮਾਜ ਦੀ ਸੇਵਾ ਵਾਲੀਆਂ ਹੋਰ ਸਹੂਲਤਾਂ ਵੱਲ ਵੀ ਧਿਆਨ ਦੇ ਰਹੇ ਹਾਂ।’’

ਇਸ ਗੱਲ ਕਿ ਇਸ ਮਸਜਿਦ ਦਾ ਗੁੰਬਦ ਨਹੀਂ ਹੋਵੇਗਾ, ਜੋ ਰਵਾਇਤਨ ਮਸਜਿਦਾਂ ਨਾਲ ਜੁੜੇ ਹੋਏ ਹਨ, ਵੱਲ ਵੀ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ। ਪਰ ਇਹ ਵਿਅੰਗਮਈ ਗੱਲ ਹੈ ਕਿ ਬਾਬਰੀ ਮਸਜਿਦ ਵਾਲੀ ਥਾਂ ਉਸਾਰੇ ਜਾਣ ਵਾਲੇ ਰਾਮ ਮੰਦਰ ਦੇ ਪੰਜ ਗੁੰਬਦ ਹੋਣਗੇ। ਇਸ ਦੇ ਪੰਜ ਗੁੰਬਦਾਂ ਵਾਲਾ ਦੁਨੀਆਂ ਦਾ ਪਹਿਲਾ ਮੰਦਰ ਹੋਣ ਦੇ ਕਸੀਦੇ ਪੜ੍ਹੇ ਜਾ ਰਹੇ ਹਨ। ਇੰਝ ਤੁਹਾਨੂੰ ਅਯੁੱਧਿਆ ਵਿਚ ਬਿਨ ਗੁੰਬਦ ਦੀ ਮਸਜਿਦ ਤੇ ਕਈ ਗੁੰਬਦਾਂ ਵਾਲਾ ਮੰਦਰ ਦਿਖਾਈ ਦੇਵੇਗਾ। ਦੂਜੀ ਉਤਸੁਕਤਾ ਇਹ ਹੈ ਕਿ ਕੀ ਕੋਈ ਗੁੰਬਦ ਰਹਿਤ ਮਸਜਿਦ, ਗ਼ੈਰ-ਮੁਸਲਮਾਨਾਂ ਲਈ ਘੱਟ ‘ਨਾਗਵਾਰ’ ਸਾਬਤ ਹੋਵੇਗੀ? ਮੈਨੂੰ ਅਟਾਲੀ ਦਾ ਚੇਤਾ ਆਉਂਦਾ ਹੈ ਜਿੱਥੇ ਗ਼ਰੀਬ ਮੁਸਲਮਾਨਾਂ ਉੱਤੇ ਮਸਜਿਦ ਉਸਾਰਨ ਕਾਰਨ ਹਮਲਾ ਕਰ ਦਿੱਤਾ ਗਿਆ, ਹਾਲਾਂਕਿ ਉਹ ਗੁੰਬਦ ਰਹਿਤ ਮਸਜਿਦ ਬਣਾ ਰਹੇ ਸਨ! ਇਹ ਇਕ ਆਮ ਛੱਤ ਵਾਲੀ ਇਮਾਰਤ ਬਣਨੀ ਸੀ, ਪਰ ਉਨ੍ਹਾਂ ਨੂੰ ਬਣਾਉਣ ਨਹੀਂ ਦਿੱਤੀ ਗਈ।

ਇਹ ਡਿਜ਼ਾਈਨ ਅਤੀਤ ਦੇ ਫ਼ਿਕਰਾਂ ਦੇ ਭਾਰ ਨੂੰ ਪਰ੍ਹੇ ਲਾਹ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਮਾਜ ਨੂੰ ਕੁੱਲ ਮਿਲਾ ਕੇ ਇਹ ਵੀ ਸਾਬਤ ਕਰਦਾ ਹੈ ਕਿ ਪਵਿੱਤਰਤਾ ਅਸਲ ਵਿਚ ਇਨਸਾਨੀਅਤ ਦੀ ਸੇਵਾ ਨਾਲ ਜੁੜੀ ਹੋਈ ਹੈ, ਇੱਥੋਂ ਤੱਕ ਕਿ ਉਮਾਹ ਤੋਂ ਵੀ ਪਰ੍ਹੇ, ਲੰਗਰ ਅਤੇ ਹਸਪਤਾਲ ਦੀਆਂ ਸੇਵਾਵਾਂ ਕਿਸੇ ਦੇ ਧਰਮ ਵੱਲ ਧਿਆਨ ਦਿੱਤੇ ਬਿਨਾਂ ਸਭ ਲਈ ਉਪਲੱਬਧ ਹੋਣਗੀਆਂ। ਪਰ ਇਹ ਵੀ ਸੱਚ ਹੈ ਕਿ ਮਸਜਿਦਾਂ ਬੀਤੇ ਵਿਚ ਵੀ ਤੇ ਮੌਜੂਦਾ ਦੌਰ ਵਿਚ ਵੀ ਅਜਿਹਾ ਕੁਝ ਕਰ ਰਹੀਆਂ ਹਨ। ਮੁਸਲਮਾਨਾਂ ਲਈ ਆਪਣੀਆਂ ਪਵਿੱਤਰ ਥਾਵਾਂ ਨੂੰ ਸਿੱਖਿਆ ਜਾਂ ਦਾਨਿਸ਼ਮੰਦੀ ਅਤੇ ਸੇਵਾ ਨਾਲ ਜੋੜਨਾ ਬਹੁਤੀ ਨਵੀਂ ਗੱਲ ਨਹੀਂ ਹੈ। ਮਸਜਿਦ ਜਾਂ ਮਸੀਤ ਅਜਿਹੀ ਸਾਂਝੀ ਥਾਂ ਹੁੰਦੀ ਹੈ ਜਿੱਥੇ ਲੋਕ ਅਣਦੇਖੇ, ਅਨੰਤ, ਸਰਬ ਸ਼ਕਤੀਮਾਨ ਨਾਲ ਇਕਮਿਕ ਹੋਣ ਲਈ ਇਕੱਤਰ ਹੁੰਦੇ ਹਨ। ਪਾਰ ਪਾਉਣ ਦੀ ਚਾਹਤ ਸੀਮਾਵਾਂ ਬਾਰੇ ਜਾਗਰੂਕਤਾ ਜਾਂ ਵਿਅਕਤੀਗਤ ਆਤਮ ਦੀਆਂ ਹੱਦਾਂ ਬਾਰੇ ਸੋਝੀ ਹੋਣ ਕਾਰਨ ਵੀ ਹੈ। ਧਾਰਮਿਕ ਹੋਣਾ ਆਪਣੇ ਆਪ ਨੂੰ ਸੌੜੇਪਣ ਤੇ ਛੋਟੇਪਣ ਤੋਂ ਆਜ਼ਾਦ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੀ ਹੁੰਦਾ ਹੈ। ਤੁਸੀਂ ਅਜਿਹਾ ਉਦੋਂ ਤੱਕ ਨਹੀਂ ਕਰ ਸਕਦੇ, ਜਦੋਂ ਤੱਕ ਤੁਸੀਂ ਉਹ ਸਭ ਕੁਝ, ਜੋ ਤੁਹਾਨੂੰ ਆਪਣਾ ਜਾਪਦਾ ਹੈ, ਨੂੰ ਦੂਜਿਆਂ ਨਾਲ ਨਹੀਂ ਵੰਡਾਉਂਦੇ। ਜੇ ਤੁਸੀਂ ਕਿਸੇ ਲੋੜਵੰਦ ਦੀ ਮਦਦ ਨਹੀਂ ਕਰ ਸਕਦੇ, ਤੁਹਾਡਾ ਸਾਰਾ ਪੂਜਾ-ਪਾਠ, ਇਬਾਦਤ ਆਦਿ ਫ਼ਜ਼ੂਲ ਹਨ। ਕੁਰਾਨ ਆਪਣੇ ਪੈਰੋਕਾਰਾਂ ਨੂੰ ਉਨ੍ਹਾਂ ਦੀਆਂ ਹੱਦਾਂ ਬਾਰੇ ਸੁਚੇਤ ਕਰਦੀ ਹੈ: ‘‘ਇਨਸਾਨ ਕੁਦਰਤੀ ਤੌਰ ’ਤੇ ਡਰਪੋਕ ਹੁੰਦਾ ਹੈ; ਜਦੋਂ ਉਸ ਉੱਤੇ ਸ਼ੈਤਾਨ ਭਾਰੂ ਹੋ ਜਾਂਦਾ ਹੈ, ਉਹ ਘਬਰਾ ਜਾਂਦਾ ਹੈ, ਪਰ ਜਦੋਂ ਉਸ ਨੂੰ ਚੰਗੀਆਂ ਚੀਜ਼ਾਂ ਮਿਲਦੀਆਂ ਹਨ ਤਾਂ ਉਹ ਉਨ੍ਹਾਂ ਨੂੰ ਦੂਜਿਆਂ ਤੱਕ ਪਹੁੰਚਣ ਤੋਂ ਰੋਕਦਾ ਹੈ।’’ ਇਸ ਲਈ ਮੁਸਲਮਾਨਾਂ ਨੂੰ ਲਗਾਤਾਰ ਚੇਤੇ ਕਰਾਇਆ ਜਾਂਦਾ ਹੈ ਕਿ ਮੁੱਖ ਮਕਸਦ ਦੂਜਿਆਂ ਤੱਕ ਪਹੁੰਚਣਾ ਹੈ।

ਇਸ ਲਈ ਭੁੱਖਿਆਂ ਨੂੰ ਖਵਾਉਣਾ ਅਤੇ ਬਿਮਾਰਾਂ ਦੀ ਸੰਭਾਲ ਕਰਨਾ ਹੀ ਪਹਿਲਾ ਧਾਰਮਿਕ ਕਾਰਜ ਹੈ। ਇਸ ਤਰ੍ਹਾਂ ਮਸਜਿਦ ਨਾਲ ਹਸਪਤਾਲ ਤੇ ਲੰਗਰ ਨੂੰ ਜੋੜ ਕੇ ਨਵਾਂ ਡਿਜ਼ਾਈਨ ਯਕੀਨਨ ਇਸਲਾਮ ਦੀਆਂ ਹਦਾਇਤਾਂ ਦਾ ਪਾਲਣ ਕਰ ਰਿਹਾ ਹੈ। ਡਿਜ਼ਾਈਨ ਕਾਇਨਾਤੀ ਹੈ, ਜਿਹੜਾ ਸਮੁੱਚੀ ਧਰਤੀ ਦਾ ਅਹਿਸਾਸ ਸਮੋਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਇੱਥੇ ਸਾਰੀ ਦੁਨੀਆਂ, ਸਮੇਤ ਅਮੇਜ਼ਨ ਦੇ ਜੰਗਲਾਂ ਤੋਂ ਲਿਆ ਕੇ ਫੁੱਲ-ਬੂਟੇ ਲਾਏ ਜਾਣਗੇ। ਇਸ ਤੋਂ ਬਿਨਾਂ ਇਹ ਕੰਪਲੈਕਸ ਜ਼ਰਾ ਵੀ ਕਾਰਬਨ ਪੈਦਾ ਨਹੀਂ ਕਰੇਗਾ ਤੇ ਇਹ ਸੂਰਜੀ ਊਰਜਾ ’ਤੇ ਚੱਲੇਗਾ। ਇਹ ਇਸ ਦੇ ਦੋ ਅਹਿਮ ਪੱਖ ਹਨ ਜੋ ਇਸ ਡਿਜ਼ਾਈਨ ਨੂੰ ਆਧੁਨਿਕਤਾ ਵਾਲਾ ਬਣਾਉਂਦੇ ਹਨ।

ਡਿਜ਼ਾਈਨ ਕਮਾਲ ਦਾ ਦਿਖਾਈ ਦਿੰਦਾ ਹੈ। ਫਿਰ ਉਹ ਲੋਕ ਵੀ ਹਨ, ਜਿਹੜੇ ਸਵਾਲ ਖੜ੍ਹੇ ਕਰਦੇ ਹਨ ਕਿ ਹੋ ਸਕਦਾ ਹੈ ਕਿ ਸਰਕਾਰ ਲੰਗਰ ਤੇ ਹਸਪਤਾਲ ਨੂੰ ਨਾਮਨਜ਼ੂਰ ਕਰ ਦੇਵੇ, ਕਿਉਂਕਿ ਇਨ੍ਹਾਂ ਨੂੰ ਲੋਕਾਂ ਨੂੰ ਇਸਲਾਮ ਦੇ ਕਰੀਬ ਆਉਣ ਲਈ ‘ਲਲਚਾਉਣ’ ਦੀ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ। ਕੁਝ ਅਜਿਹੇ ਵੀ ਹਨ, ਜੋ ਸੋਚਦੇ ਹਨ ਕਿ ਆਖ਼ਰ ਮੁਸਲਮਾਨਾਂ ਨੂੰ ਆਧੁਨਿਕਤਾ ਨੂੰ ਮੰਨਣ ਕਰਨ ਲਈ ਵਰਗਲਾ ਲਿਆ ਗਿਆ ਹੈ। ਹਰ ਕੋਈ ਜਾਣਦਾ ਹੈ ਕਿ ਦੇਸ਼ ਦੇ ਬਹੁਗਿਣਤੀ ਭਾਈਚਾਰੇ ਵਿਚ ਵੀ ਮੁਸਲਮਾਨਾਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ‘ਪਛੜੇਪਣ’ ਤੋਂ ਬਾਹਰ ਕੱਢ ਲੈਣ ਦੀ ਲਾਲਸਾ ਹੈ।

ਇਨ੍ਹਾਂ ਨਘੋਚੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਆਖਿਆ ਜਾ ਸਕਦਾ ਹੈ ਕਿ ਨਵੀਂ ਮਸਜਿਦ ਦਾ ਡਿਜ਼ਾਈਨ ਸਾਰੇ ਭਾਰਤੀਆਂ ਨੂੰ ਇਸ ਦਾ ਸੱਦਾ ਹੈ ਕਿ ਉਹ ਇਸਲਾਮ ਵਿਚਲੇ ਪਵਿੱਤਰਤਾ ਦੇ ਵਿਚਾਰ ਨਾਲ ਨੇੜਤਾ ਮਹਿਸੂਸ ਕਰ ਸਕਣ ਜੋ ਉਨ੍ਹਾਂ ਦੇ ਖ਼ਿਆਲ ਵਿਚ ਉਨ੍ਹਾਂ ਲਈ ਓਪਰੀ ਜਾਂ ਬੇਗ਼ਾਨੀ ਹੈ ਜਾਂ ਘੱਟੋ-ਘੱਟ ਉਨ੍ਹਾਂ ਲਈ ਬਹੁਤ ਵੱਖਰੀ ਜ਼ਰੂਰ ਹੈ। ਇਹ ਗੱਲ ਕੋਈ ਹੈਰਾਨੀ ਵਾਲੀ ਨਹੀਂ ਹੋਵੇਗੀ, ਜੇ ਲੋਕ ਅਯੁੱਧਿਆ ਵਿਚਲੇ ਦੋਵੇਂ ‘ਪਵਿੱਤਰ’ ਸਥਾਨਾਂ ਦੀ ਤੁਲਨਾ ਕਰਨ: ਜਿਨ੍ਹਾਂ ਵਿਚੋਂ ਇਕ ਸਥਾਨ ਰਾਮ ਮੰਦਰ ਹੈ, ਜਿਹੜਾ ਬਾਬਰੀ ਮਸਜਿਦ ਵਾਲੀ ਥਾਂ ਉਸਾਰਿਆ ਜਾਣਾ ਹੈ, ਉਹ ਬਾਬਰੀ ਮਸਜਿਦ ਜਿਹੜੀ ਬੇਲੋੜੀ ਤਬਾਹੀ ਦੀਆਂ ਲਗਾਤਾਰ ਕਾਰਵਾਈਆਂ ਦੌਰਾਨ ਲੋਪ ਹੋ ਗਈ। ਦੂਜਾ ਸਥਾਨ ਹੈ ਇਹ ਮਸਜਿਦ, ਜਿਹੜੀ ਹਮੇਸ਼ਾ ਬੇਇਨਸਾਫ਼ੀ ਦੀ ਯਾਦ ਨਿਸ਼ਾਨੀ ਬਣੀ ਰਹੇਗੀ। ਇਨ੍ਹਾਂ ਵਿਚੋਂ ਇਕ ਉਹ ਹੈ, ਜੋ ਅਨੰਤਤਾ ਅਤੇ ਅਣਜਾਣੇ ਭਵਿੱਖ ਵੱਖ ਸੇਧਿਤ ਕਰਦਾ ਹੈ ਅਤੇ ਦੂਜਾ ਉਹ ਜੋ ਮਿਥਿਹਾਸਕ ਅਤੀਤ ਨੂੰ ਸਾਕਾਰ ਰੂਪ ਦਿੰਦਾ ਹੈ, ਇਕ ਉਹ ਹੈ ਜਿਸ ਨੂੰ ਕਿਸੇ ਹੋਰ ਭਾਈਚਾਰੇ ਦੇ ਅਤੀਤ ਤੇ ਵਰਤਮਾਨ ਨੂੰ ਖ਼ਤਮ ਕਰ ਕੇ ਹਾਸਲ ਕੀਤਾ ਗਿਆ ਹੈ। ਇਕ ਢਾਂਚਾ ਉਹ ਹੈ ਜੋ ਮਨੁੱਖੀ ਕਮਜ਼ੋਰੀਆਂ ਬਾਰੇ ਸੋਚਦਾ ਹੈ ਤੇ ਉਨ੍ਹਾਂ ਨੂੰ ਮੁਖ਼ਾਤਿਬ ਹੁੰਦਿਆਂ ਰੱਬ ਨੂੰ ਛੂਹਣਾ ਚਾਹੁੰਦਾ ਹੈ ਅਤੇ ਜੋ ਖੁੱਲ੍ਹੇਪਣ ਤੇ ਸਾਂਝ ਦੀ ਸੋਚ ’ਤੇ ਆਧਾਰਿਤ ਹੈ ਜਦੋਂਕਿ ਦੂਜਾ ਅਲਹਿਦਗੀ ਵਾਲਾ ਹੈ।

ਆਖਿਆ ਜਾ ਸਕਦਾ ਹੈ ਕਿ ਅਯੁੱਧਿਆ ਦੀ ਮਸਜਿਦ ਦਾ ਡਿਜ਼ਾਈਨ ਸ਼ਾਨਦਾਰ ਹੋਣ ਦੇ ਬਾਵਜੂਦ ਸ਼ੇਖ਼ੀਖ਼ੋਰਾ ਨਹੀਂ ਹੈ। ਇਸ ਦੇ ਬਾਵਜੂਦ ਸਾਨੂੰ ਡਿਜ਼ਾਈਨਰਾਂ ਵੱਲੋਂ ਇਸ ਤਰ੍ਹਾਂ ਇਸਲਾਮੀ ਅਮਲਾਂ ਤੇ ਰਵਾਇਤਾਂ ਨੂੰ ਰੂੜ੍ਹੀਵਾਦ ਤੋਂ ਮੁਕਤ ਕਰਨ ਦੀ ਦਿਸ਼ਾ ਵਿਚ ਅੱਗੇ ਵਧਣ ਦੀ ਸ਼ਲਾਘਾ ਕਰਨ ’ਚ ਮੋਹਰੀ ਨਹੀਂ ਹੋਣਾ ਚਾਹੀਦਾ। ਇਹ ਲਾਜ਼ਮੀ ਤੌਰ ’ਤੇ ਬਹੁਗਿਣਤੀ ਭਾਈਚਾਰੇ ਦੀ ਦੂਜੇ ਭਾਈਚਾਰਿਆਂ ਵਿਚ ਪਵਿੱਤਰਤਾ ਦੀ ਭਾਵਨਾ ਪ੍ਰਤੀ ਸਹਿਜ ਹੋਣ ਪੱਖੋਂ ਅਸਮਰੱਥਾ ਦੀ ਯਾਦ ਦਿਵਾਉਣ ਵਾਲੀ ਹੋਣੀ ਚਾਹੀਦੀ ਹੈ, ਨਾਲ ਹੀ ਉਸ ਮਾੜੀ ਸੋਚ ਦੀ ਵੀ ਜਿਹੜੀ ਦੂਜਿਆਂ ਨਾਲ ਜੁੜਨ ਨਹੀਂ ਦਿੰਦੀ, ਉਸ ਸਿਆਸਤ ਦੀ ਵੀ ਜਿਸ ਨੇ ਦੋ ਗੁਆਂਢੀਆਂ ਦਰਮਿਆਨ ਖਾਈ ਪੁੱਟ ਦਿੱਤੀ। ਇਸ ਤਰ੍ਹਾਂ ਅੱਜ ਲੋੜ ਹੈ ਕਿ ਅਸੀਂ ਇਕ-ਦੂਜੇ ਦੇ ਨੇੜੇ ਹੋਈਏ, ਇਕ-ਦੂਜੇ ਵੱਲ ਹੱਥ ਵਧਾਈਏ। ਕਿਉਂਕਿ ਇਹ ਕੁਝ ਕਰਨਾ ਹੀ ਇਨਸਾਨੀਅਤ ਨੂੰ ਪ੍ਰੀਭਾਸ਼ਿਤ ਕਰਦਾ ਹੈ।

* ਲੇਖਕ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All