ਪੂੰਜੀ ਦਾ ਚੜ੍ਹਦਾ ਸੂਰਜ ਤੇ ਡਿੱਗਦੀ ਇਨਸਾਨੀਅਤ
ਜਪਾਨ ਨੂੰ ਚੜ੍ਹਦੇ ਸੂਰਜ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਸਿਰਫ਼ ਇਸ ਕਰਕੇ ਨਹੀਂ ਕਿ ਪ੍ਰਚੱਲਿਤ ਧਾਰਨਾ ਅਨੁਸਾਰ ਸੂਰਜ ਸਭ ਤੋਂ ਪਹਿਲਾਂ ਜਪਾਨ ਵਿੱਚ ਚੜ੍ਹਦਾ ਹੈ ਸਗੋਂ ਇਸ ਕਰਕੇ ਵੀ ਕਿ ਕਿਸੇ ਵੇਲੇ ਜਪਾਨ ਦੀ ਪੂੰਜੀ ਤੇ ਤਕਨੀਕ ਅੰਬਰੀਂ ਉਡਾਰੀਆਂ...
ਜਪਾਨ ਨੂੰ ਚੜ੍ਹਦੇ ਸੂਰਜ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਸਿਰਫ਼ ਇਸ ਕਰਕੇ ਨਹੀਂ ਕਿ ਪ੍ਰਚੱਲਿਤ ਧਾਰਨਾ ਅਨੁਸਾਰ ਸੂਰਜ ਸਭ ਤੋਂ ਪਹਿਲਾਂ ਜਪਾਨ ਵਿੱਚ ਚੜ੍ਹਦਾ ਹੈ ਸਗੋਂ ਇਸ ਕਰਕੇ ਵੀ ਕਿ ਕਿਸੇ ਵੇਲੇ ਜਪਾਨ ਦੀ ਪੂੰਜੀ ਤੇ ਤਕਨੀਕ ਅੰਬਰੀਂ ਉਡਾਰੀਆਂ ਲਾਉਂਦੀ ਸੀ ਤੇ ਉਹਨੇ ਅਮਰੀਕੀ ਸਾਮਰਾਜੀ ਪੂੰਜੀ ਦੀ ਪ੍ਰਤੀਕ ‘ਐਂਪਾਇਰ ਸਟੇਟ ਬਿਲਡਿੰਗ’ ਨੂੂੰ ਵੀ ਖਰੀਦ ਲਿਆ ਸੀ। ਫਿਰ ਜਦੋਂ ਜਪਾਨੀ ਟੀਵੀ ’ਤੇ ਚੱਲਦੇ ਰਹੇ ਇੱਕ ਲੜੀਵਾਰ ਬਾਰੇ ਇੱਕ ਕਿੱਸਾ ਪੜ੍ਹਿਆ ਤਾਂ ਚੜ੍ਹਦੇ ਸੂਰਜ ਦੇ ਦੇਸ਼ ਦੇ ਸੱਚ ਬਾਰੇ ਸ਼ੰਕਾ ਖੜ੍ਹਾ ਹੋ ਗਿਆ। ਕਿੱਸੇ ਦਾ ਤੱਤ ਇਹ ਸੀ ਕਿ ਇੱਕ ਹੀ ਸ਼ਹਿਰ ਵਿੱਚ ਰਹਿਣ ਵਾਲੇ ਨੌਜਵਾਨਾਂ ਕੋਲ ਆਪਣੇ ਬਜ਼ੁਰਗ ਮਾਪਿਆਂ ਨੂੂੰ ਮਿਲਣ ਦੀ ਫੁਰਸਤ ਨਹੀਂ ਤੇ ਉਹ ਆਪਣੇ ਮਾਪਿਆਂ ਦਾ ਦਿਲ ਬਹਿਲਾਉਣ ਲਈ ਆਪਣੀ ਥਾਂ ਕਿਰਾਏ ’ਤੇ ਕਿਸੇ ਹੋਰ ਨੂੰ ਨੂੰਹ ਪੁੱਤ ਬਣਾ ਕੇ ਭੇਜਦੇ ਹਨ ਅਤੇ ਮਾਪੇ ਵੀ ਚਾਈਂ-ਚਾਈਂ ਉਨ੍ਹਾਂ ਨੂੰ ਆਪਣਾ ਨੂੰਹ ਪੁੱਤ ਸਵੀਕਾਰ ਕੇ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਨ, ਖਾਣਾ ਖਾਂਦੇ ਹਨ ਤੇ ਗੱਪਾਂ ਮਾਰਦੇ ਹਨ। ਇਹ ਕਿੱਸਾ ਸਿਰਫ਼ ਕਿੱਸਾ ਨਹੀਂ ਸੀ ਸਗੋਂ ਜਪਾਨੀ ਸਮਾਜ ਦੀ ਕੌੜੀ ਸਚਾਈ ਸੀ। ਤੇ ਫੇਰ ਜਦੋਂ ‘ਕੋਡੋਕੂ ਸ਼ੀ’ ਯਾਨੀ ‘ਇਕਲਾਪੇ ਵਿੱਚ ਮੌਤ’ ਬਾਰੇ ਪੜ੍ਹਿਆ ਤਾਂ ਚੜ੍ਹਦੇ ਸੂਰਜ ਦੇ ਦੇਸ਼ ਵਿੱਚ ਡਿੱਗਦੀ ਇਨਸਾਨੀਅਤ ਦਾ ਸੱਚ ਸਾਹਮਣੇ ਆਇਆ। ‘ਕੋਡੋਕੂ ਸ਼ੀ’ ਆਧੁਨਿਕ ਜਪਾਨੀ ਵਰਤਾਰਾ ਹੈ। ਹਰ ਸਾਲ ਹਜ਼ਾਰਾਂ ਬਜ਼ੁਰਗ ਇਕੱਲੇ ਰਹਿੰਦਿਆਂ ਮਰ ਜਾਂਦੇ ਹਨ ਤੇ ਹਫ਼ਤਿਆਂ/ਮਹੀਨਿਆਂ ਤੱਕ ਉਨ੍ਹਾਂ ਦੀ ਮੌਤ ਦਾ ਕਿਸੇ ਨੂੂੰ ਪਤਾ ਤੱਕ ਨਹੀਂ ਚੱਲਦਾ। ਨਾਲ ਦੇ ਗੁਆਂਢੀਆਂ ਨੂੂੰ ਤਾਂ ਕੀ ਪਤਾ ਲੱਗਣਾ ਹੈ, ਸਕੇ ਪੁੱਤਾਂ/ਧੀਆਂ ਨੂੰ ਵੀ ਪਤਾ ਨਹੀਂ ਲਗਦਾ। ਜਪਾਨ ਦੀ ਰਾਸ਼ਟਰੀ ਪੁਲੀਸ ਏਜੰਸੀ ਦੀ 2024 ਦੀ ਪਹਿਲੀ ਛਿਮਾਹੀ ਦੀ ਰਿਪੋਰਟ ਦੱਸਦੀ ਹੈ ਕਿ ਕੁੱਲ 37,227 ਵਿਅਕਤੀ ਘਰਾਂ ਵਿੱਚ ਮਰੇ ਮਿਲੇ, ਜਿਨ੍ਹਾਂ ਦੀ ਮੌਤ ਬਾਰੇ ਕਿਸੇ ਨੂੂੰ ਪਤਾ ਨਹੀਂ ਲੱਗਿਆ। ਕਈਆਂ ਦੀ ਮੌਤ ਬਾਰੇ ਤਾਂ ਸਾਲ ਭਰ ਬਾਅਦ ਪਤਾ ਲੱਗਿਆ। ਵੈਸੇ ‘ਇਕੱਲਤਾ ਵਿੱਚ ਮੌਤ’ ਹੁਣ ਸਿਰਫ਼ ਜਪਾਨੀ ਵਰਤਾਰਾ ਨਹੀਂ ਰਿਹਾ ਸਗੋਂ ਸਭਨਾਂ ਵਿਕਸਿਤ ਦੇਸ਼ਾਂ ਵਿੱਚ ਇਹ ਦਿਨੋ ਦਿਨ ਹੋਰ ਤੀਬਰ ਹੋ ਕੇ ਸਾਹਮਣੇ ਆ ਰਿਹਾ ਹੈ।
ਦੂਜੇ ਪਾਸੇ ਪੈਸੇ ਕਮਾਉਣ ਦੀ ਮਸ਼ੀਨ ਬਣੀ ਨੌਜਵਾਨ ਪੀੜ੍ਹੀ ਖ਼ੁਦ ਭਿਆਨਕ ਇਕਲਾਪੇ ਤੇ ਬੋਰੀਅਤ ਦੀ ਸ਼ਿਕਾਰ ਹੋ ਕੇ ਮਨੋਰੰਜਨ ਦੇ ਬੇਢੱਬੇ ਤਰੀਕੇ ਅਪਣਾਉਣ ਦੇ ਰਾਹ ਤੁਰ ਪਈ ਹੈ। ਇਹ ਜ਼ਿਕਰ ਵੀ ਉਸ ਕਿੱਸੇ ਵਿੱਚ ਕੀਤਾ ਮਿਲਦਾ ਹੈ। ਕਿੱਸੇ ਵਿੱਚ ਉਸ ਸਮੇਂ ਦੌਰਾਨ ਨੌਜਵਾਨਾਂ ਵਿੱਚ ਮਨੋਰੰਜਨ ਦੇ ਨਵੇਂ ਤਰੀਕੇ ਦਾ ਜ਼ਿਕਰ ਕੀਤਾ ਗਿਆ ਸੀ। ਜਿਸ ਵਿੱਚ ਨੌਜਵਾਨ ਵਾਲ ਕਟਵਾਉਣ ਵੇਲੇ ਕੱਟਣ ਵਾਲੇ ਨੂੰ ਆਪਣੇ ਪਸੰਦੀਦਾ ਗੀਤ ਦੀਆਂ ਧੁਨਾਂ ’ਤੇ ਨੱਚਦੇ ਹੋਏ ਵਾਲ ਕੱਟਣ ਦੀ ਫਰਮਾਇਸ਼ ਕਰਦੇ ਸਨ ਅਤੇ ਵਾਲ ਕੱਟਣ ਵਾਲਾ ਫ਼ਰਮਾਇਸ਼ ਕੀਤੇ ਗੀਤ ਦੀਆਂ ਧੁਨਾਂ ’ਤੇ ਨੱਚਦੇ ਹੋਏ ਵਾਲ ਕੱਟਦਾ ਸੀ। ਇੰਝ ਕਰਨਾ/ਕਰਾਉਣਾ ਸਿਆਣਪ ਦੀ ਗੱਲ ਤਾਂ ਨਹੀਂ ਪਰ ਪੈਸੇ ਲਈ ਪਾਗਲ ਹੋਏ ਲੋਕਾਂ ਦੀ ਗੱਲ ਹੋਰ ਹੈ। ਪਾਗਲਪਣ ਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਨੈਤਿਕ ਪਤਨ ਤੇ ਮਨੁੱਖ ਦਾ ਮਸ਼ੀਨ ਬਣ ਜਾਣਾ।
ਹੈਰਾਨੀ ਦੀ ਗੱਲ ਇਹ ਹੈ ਕਿ 1970 ਤੇ 1980 ਵਿਆਂ ਵਿੱਚ ਜਪਾਨ ਦੀ ਜਿਹੜੀ ਪੂੰਜੀ ਅੰਬਰੀਂ ਉਡਾਰੀਆਂ ਲਾ ਰਹੀ ਸੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਤੋਂ ਨਵੇਂ ਮੌਕੇ ਮੁਹੱਈਆ ਕਰਕੇ ਤੇ ਨਵੀਂ ਤੋਂ ਨਵੀਂ ਤਕਨੀਕ ਦੀ ਖੋਜ ਕਰਕੇ ਦੁਨੀਆ ਦੀਆਂ ਅੱਖਾਂ ਚੁੰਧਿਆ ਰਹੀ ਸੀ, ਉਹੀ ਪੂੰਜੀ 1990 ਦਾ ਦਹਾਕਾ ਸ਼ੁਰੂ ਹੁੰਦੇ ਹੀ ‘ਡਿੱਗ ਪਈ ਹੁਲਾਰਾ ਖਾ ਕੇ’ ਦੀ ਨੌਬਤ ਤੱਕ ਆ ਪਹੁੰਚੀ ਸੀ। ਸ਼ੇਅਰ ਮਾਰਕੀਟ, ਰੀਅਲ ਅਸਟੇਟ, ਬੈਂਕ, ਕਾਰੋਬਾਰ ਸਭ ਰੇਤ ਦੇ ਮਹਿਲ ਵਾਂਗ ਢਹਿਣ ਲੱਗੇ। ਹਰ ਪਾਸੇ ਮੰਦੀ ਛਾ ਗਈ। ਇਸ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਕਿ ਪੂੰਜੀਵਾਦ ਦਾ ਵਿਕਾਸ ਮਾਡਲ ਕਿਤੇ ਵੀ ਸਾਵਾਂ ਪੱਧਰਾ, ਸੰਤੁਲਿਤ ਤੇ ਟਿਕਾਊ ਨਹੀਂ ਹੁੰਦਾ। ਇਹ ਤਾਂ ਪਾਣੀ ਦਾ ਬੁਲਬੁਲਾ ਹੁੰਦਾ ਹੈ ਤੇ ਪਤਾ ਨਹੀਂ ਇਹ ਬੁਲਬੁਲਾ ਕਦੋਂ ਫੁੱਟ ਜਾਵੇ। ਇੰਜ ਹੀ ਹੋਇਆ। ਇਹ ਬੁਲਬੁਲਾ ਫਟ ਗਿਆ ਅਤੇ ਫਿਰ ਜਪਾਨ ਦੀਆਂ ਕਾਰਪੋਰੇਟ ਕੰਪਨੀਆਂ ਨੇ ਪੂਰੇ ਤੇਰਾਂ ਸਾਲ ਵਰਕਰਾਂ ਦੀ ਨਵੀਂ ਭਰਤੀ ਬੰਦ ਰੱਖੀ। ਇਸ ਵਰਤਾਰੇ ਨੇ ਇੱਕ ਪੂਰੀ ਪੀੜ੍ਹੀ (ਕਰੀਬ ਦੋ ਕਰੋੜ ਲੋਕ) ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੁੱਟ ਦਿੱਤਾ। ਉਸ ਵੇਲੇ ਦੇ ਨੌਜਵਾਨ ਹੁਨਰ, ਸਿਹਤ ਤੇ ਹਿੰਮਤ ਹੋਣ ਦੇ ਬਾਵਜੂਦ ਕੰਮ ਤੋਂ ਵਾਂਝੇ ਕਰ ਦਿੱਤੇ ਗਏ। ਉਸ ਪੀੜ੍ਹੀ ਨੂੰ ‘ਦਿ ਲੌਸਟ ਜੈਨਰੇਸ਼ਨ’ ਕਿਹਾ ਜਾਂਦਾ ਹੈ। ਇਹ ਪੀੜ੍ਹੀ ਆਪਣੀ ਇਸ ਸਥਿਤੀ ਕਾਰਨ ਡੂੰਘੇ ਮਾਨਸਿਕ ਤਣਾਅ ਦੀ ਸ਼ਿਕਾਰ ਹੋਈ ਤੇ ਉਨ੍ਹਾਂ ਲਈ ਵਿਆਹ, ਬੱਚੇ ਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਕੋਈ ਅਰਥ ਨਾ ਰਿਹਾ। ਇੱਕ ਲੰਮਾ ਸਮਾਂ ਇਸ ਦਾ ਅਸਰ ਦਿਖਾਈ ਦਿੱਤਾ ਜਿਸ ਦੇ ਸਿੱਟੇ ਵਜੋਂ ਜਪਾਨ ਬਜ਼ੁਰਗਾਂ ਦਾ ਦੇਸ਼ ਬਣ ਕੇ ਰਹਿ ਗਿਆ।
ਅੱਜ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਜਪਾਨ ਦੀ ਨੌਜਵਾਨ ਪੀੜ੍ਹੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਇਕਲਾਪੇ ਤੇ ਮਸ਼ੀਨੀ ਢੰਗ ਨਾਲ ਕੰਮ ਕਰਨ ਕਰਕੇ ਡਿਪਰੈਸ਼ਨ ਦੀ ਸ਼ਿਕਾਰ ਹੈ। ਜਪਾਨ ਦੇ ਨੌਜਵਾਨ ਮੁੰਡੇ ਕੁੜੀਆਂ ਜ਼ਿੰਦਗੀ ਤੋਂ ਇੰਨੇ ਅਵਾਜ਼ਾਰ ਹੋ ਚੁੱਕੇ ਹਨ ਕਿ ਅੱਜ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੌਜਵਾਨ ਨਾ ਵਿਆਹ ਕਰਾਉਣਾ ਚਾਹੁੰਦੇ ਹਨ ਤੇ ਨਾ ਹੀ ਪਰਿਵਾਰ ਵਧਾਉਣਾ ਚਾਹੁੰਦੇ ਹਨ। ਕੰਮ ਦੀ ਤਲਾਸ਼ ਵਿੱਚ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ ਤੇ ਸ਼ਹਿਰਾਂ ਵਿੱਚ ਕਿਰਾਏ ’ਤੇ ਮਕਾਨ ਜਾਂ ਕਮਰਾ ਤੱਕ ਮਿਲਣਾ ਇੱਕ ਸੁਫ਼ਨਾ ਬਣਦਾ ਜਾ ਰਿਹਾ ਹੈ। ਜਿਹੜੇ ਵਿਆਹ ਕਰਵਾਉਂਦੇ ਵੀ ਹਨ, ਉਹ ਵੀ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ। ਇਸੇ ਲਈ ਜਪਾਨ ਦੀ ਆਬਾਦੀ ਲਗਾਤਾਰ ਘਟ ਰਹੀ ਹੈ।
ਅੱਜਕੱਲ੍ਹ ਜਪਾਨ ਵਿੱਚ ਵਿਆਹ ਦਾ ਇੱਕ ਨਵਾਂ ਰਿਵਾਜ ਤੁਰਿਆ ਹੈ, ਬਿਨਾਂ ਰਿਸ਼ਤੇ ਤੋਂ ਵਿਆਹ। ਭਾਵ ਨਾ ਪਿਆਰ-ਮੁਹੱਬਤ, ਨਾ ਸਰੀਰਕ ਸਬੰਧ, ਨਾ ਬੱਚੇ ਪੈਦਾ ਕਰਨੇ। ਬਸ ਇੱਕ ਫਲੈਟ ਸਾਂਝਾ ਲੈ ਕੇ ਰਹਿਣ ਦੀ ਮਜਬੂਰੀ ਲਈ ਵਿਆਹ ਕਰਵਾਉਣਾ। ਇੱਥੋਂ ਤੱਕ ਕਿ ਰੋਂਦਿਆਂ ਨੂੰ ਸਹਾਰਾ ਦੇਣ ਵਾਲੇ ਵੀ ਘੰਟਿਆਂ ਦੇ ਹਿਸਾਬ ਨਾਲ ਕਿਰਾਏ ’ਤੇ ਮਿਲਦੇ ਹਨ। ਹੁਣ ਤਾਂ ਗੱਲ ਏ ਆਈ (AI) ਦੋਸਤ ਬਣਾਉਣ ਤੱਕ ਪਹੁੰਚ ਚੁੱਕੀ ਹੈ।
ਕੋਈ ਡੇਢ ਸਦੀ ਪਹਿਲਾਂ ਕਾਰਲ ਮਾਰਕਸ ਨੇ ਕਿਹਾ ਸੀ ਕਿ ਪੂੰਜੀ ਇੱਕ ਰਿਸ਼ਤਾ ਹੈ ਅਤੇ ਅੱਜ ਪੂੰਜੀ ਦੇ ਇਸ ਰਿਸ਼ਤੇ ਨੇ ਵਿੱਤੀ ਜੁੰਡਲੀ ਰਾਜ ਯਾਨੀ ਸਾਮਰਾਜਵਾਦ ਦਾ ਰੂਪ ਧਾਰ ਕੇ ਕੁੱਲ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਇਹ ਪੂੰਜੀ ਆਪਣੇ ਵਾਧੇ ਤੇ ਮੁਨਾਫ਼ੇ ਲਈ ਕਿਧਰੇ ਗ਼ਰੀਬੀ, ਬੇਰੁਜ਼ਗਾਰੀ ਤੇ ਕੰਗਾਲੀ ਦੇ ਰੇਗਿਸਤਾਨ ਪੈਦਾ ਕਰਦੀ ਹੈ, ਕਿਧਰੇ ਜੰਗਾਂ ਨਾਲ ਮਨੁੱਖਤਾ ਦਾ ਘਾਣ ਕਰਦੀ ਹੈ ਅਤੇ ਕਿਧਰੇ ਜਲ, ਜੰਗਲ, ਜ਼ਮੀਨ ਨੂੰ ਹਥਿਆਉਣ ਲਈ ਕਰੋੜਾਂ ਲੋਕਾਂ ਦਾ ਉਜਾੜਾ ਕਰਦੀ ਹੈ। ਇਹ ਵੱਸਦੇ ਰਸਦੇ ਘਰ ਪੱਟਦੀ ਹੈ, ਵਾਤਾਵਰਨ ਲਈ ਖ਼ਤਰਾ ਬਣਦੀ ਹੈ ਤੇ ਅਖੀਰ ਮਨੁੱਖ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਕਰਦੀ ਹੈ।
ਟੁੱਟਦੇ ਪਰਿਵਾਰ, ਤਾਰ ਤਾਰ ਹੁੰਦੇ ਰਿਸ਼ਤੇ, ਇਕੱਲਤਾ ਤੇ ਡਿਪਰੈਸ਼ਨ ਹੁਣ ਦੁਨੀਆ ਦੇ ਹਰ ਕੋਨੇ ਵਿੱਚ ਵੱਸਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੂੰਜੀ ਦੇ ਚੜ੍ਹਦੇ ਸੂਰਜ ਨੂੂੰ ਸਲਾਮ ਕਰਨ ਵਾਲਿਆਂ ਨੂੂੰ ਉਸ ਗਿਰਾਵਟ ਬਾਰੇ ਵੀ ਸੋਚਣ ਸਮਝਣ ਤੇ ਨੱਥ ਪਾਉਣ ਦੀ ਲੋੜ ਹੈ ਜਿਹੜੀ ਸਾਰੀ ਦੁਨੀਆ ਨੂੂੰ ਆਪਣੀ ਜਕੜ ਵਿੱਚ ਲੈ ਚੁੱਕੀ ਹੈ। ਜਪਾਨ ਦਾ ਇਹ ਕਿੱਸਾ ਪੂੰਜੀ ਦੇ ਇਸੇ ਕਰੂਰ ਖ਼ਾਸੇ ਨੂੰ ਹੀ ਪੇਸ਼ ਕਰਦਾ ਹੈ।
ਸੰਪਰਕ: 94175-88616

