ਅਰਸ਼ਦੀਪ ਕੌਰ
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਅਤੇ ਪੰਜਾਬੀ ਆਪਣੀ ਬਹਾਦਰੀ, ਜ਼ਿੰਦਾਦਿਲੀ ਸਦਕਾ ਭਾਰਤ ਦਾ ਅਤਿਅੰਤ ਮਹੱਤਵਪੂਰਨ ਰਾਜ ਹੈ। ਬਰਤਾਨੀਆ ਨੇ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਤਹਿਤ 1849 ਵਿਚ ਇਸ ਖ਼ੁਸ਼ਹਾਲ ਰਾਜ ਨੂੰ ਆਪਣੇ ਸ਼ਾਸਨ ਵਿਚ ਮਿਲਾ ਲਿਆ ਅਤੇ 1913 ਵਿਚ ਪੰਜਾਬ ਨੂੰ ਸਰ ਮਾਇਕਲ ਓਡਵਾਇਰ ਦੇ ਹਵਾਲੇ ਕਰ ਦਿੱਤਾ ਜਿੱਥੇ ਉਹ ਤਾਨਾਸ਼ਾਹ ਸ਼ਾਸਕ ਦੇ ਰੂਪ ਵਿਚ ਨਿੱਤਰਿਆ। 1910 ਤੋਂ 1912 ਤੱਕ ਸਰ ਮਾਇਕਲ ਓਡਵਾਇਰ ਨੇ ਬਰਤਾਨਵੀ ਕੇਂਦਰੀ ਭਾਰਤੀ ਸਰਕਾਰ ਲਈ ਏਜੰਟ ਦੇ ਰੂਪ ਵਿਚ ਕਾਰਜ ਕੀਤਾ ਅਤੇ ਦਸੰਬਰ 1912 ਵਿਚ ਉਸ ਸਮੇਂ ਦੇ ਵਾਇਸਰਾਏ ਲਾਰਡ ਹਾਰਡਿੰਗ ਨੇ ਮਾਇਕਲ ਓਡਵਾਇਰ ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਦੀ ਉਪਾਧੀ ਸੌਂਪੀ ਦਿੱਤੀ ਅਤੇ ਮਈ 1913 ਤੋਂ 1919 ਤੱਕ ਮਾਇਕਲ ਓਡਵਾਇਰ ਨੇ ਪੰਜਾਬ ਉੱਤੇ ਸ਼ਾਸਨ ਕੀਤਾ ਸੀ।
ਪਹਿਲੇ ਸੰਸਾਰ ਯੁੱਧ ਵਿਚ ਪੰਜਾਬੀਆਂ ਨੇ ਬ੍ਰਿਟਿਸ਼ ਭਾਰਤੀ ਫੌਜ ਵਿਚ ਬਹਾਦਰੀ ਦਿਖਾਈ ਸੀ ਜਿਸ ਤੋਂ ਸਰ ਮਾਇਕਲ ਓਡਵਾਇਰ ਭਲੀਭਾਂਤ ਜਾਣੂ ਸੀ, ਇਸ ਲਈ ਉਸ ਨੇ ਪੰਜਾਬ ਵਿਚ ਫ਼ੌਜੀ ਭਰਤੀ ਨੂੰ ਲਾਜ਼ਮੀ ਕਰਾਰ ਦਿੱਤਾ। ਲੋਕਾਂ ਨੂੰ ਜ਼ਬਰਦਸਤੀ ਫੌਜ ਵਿਚ ਭਰਤੀ ਕੀਤਾ ਜਾਣ ਲੱਗਾ, ਇੱਥੋਂ ਤੱਕ ਕਿ ਅਫ਼ਸਰਾਂ ਦੀ ਤਰੱਕੀ ਵੀ ਭਰਤੀ ਕੀਤੇ ਗਏ ਫੌਜੀਆਂ ਦੀ ਸੰਖਿਆ ਤੇ ਆਧਾਰਿਤ ਹੁੰਦੀ ਸੀ। ਲੋਕ ਵੀ ਸਰਕਾਰ ਦੀ ਮਦਦ ਕਰਨ ਤੋਂ ਬਾਅਦ ਉਨ੍ਹਾਂ ਤੋਂ ਆਪਣੇ ਲਈ ਚੰਗੇ ਵਤੀਰੇ ਦੀ ਆਸ ਰੱਖਣ ਲੱਗੇ ਪਰ ਸਰਕਾਰ ਦੀ ਜਬਰ ਵਾਲੀ ਨੀਤੀ ਨੇ ਲੋਕਾਂ ਵਿਚ ਰੋਹ ਪੈਦਾ ਕਰ ਦਿੱਤਾ ਕਿ ਉਹ ਬਰਤਾਨਵੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨ।
ਸਰ ਮਾਇਕਲ ਓਡਵਾਇਰ ਨੇ ਪੰਜਾਬੀਆਂ ਨੂੰ ਦਬਾਉਣ ਅਤੇ ਕੁਚਲਣ ਦੀ ਪਹਿਲੀ ਸਾਜ਼ਿਸ਼ 10 ਦਸੰਬਰ 1917 ਨੂੰ ਬਰਤਾਨਵੀ ਜੱਜ ਸਰ ਸਿਡਨੀ ਰੋਲਟ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਸਥਾਪਨਾ ਨਾਲ ਘੜੀ। ਜੁਲਾਈ 1918 ਵਿਚ ਇਸ ਕਮੇਟੀ ਦੁਆਰਾ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਗਦਰੀਆਂ ਦੀਆਂ ਇਨਕਲਾਬੀ ਕਾਰਵਾਈਆਂ ਦੀ ਜਾਂਚ ਪੜਤਾਲ ਅਤੇ ਜੁਰਮਾਂ ਦੀ ਰੋਕਥਾਮ ਲਈ ਕਾਨੂੰਨ ਪਾਸ ਕਰਨਾ ਰੋਲਟ ਐਕਟ ਦਾ ਮੁੱਖ ਮੰਤਵ ਦੱਸਿਆ ਗਿਆ। ਇਸੇ ਰਿਪੋਰਟ ਦੇ ਆਧਾਰ ਤੇ ਕੇਂਦਰੀ ਲੈਜਿਸਲੇਟਿਵ ਕੌਂਸਲ ਵਿਚ 21 ਮਾਰਚ 1919 ਨੂੰ ‘ਅਰਾਜਕੀ ਅਤੇ ਇਨਕਲਾਬੀ ਜੁਰਮ ਬਿੱਲ’ ਪੇਸ਼ ਕੀਤਾ ਗਿਆ। ਇਸ ਵਿਚ ਗੋਰੀ ਅਫ਼ਸਰ ਸ਼ਾਹੀ ਲਈ ਮਨਮਾਨੀ ਦੇ ਅਧਿਕਾਰ ਸਨ, ਕੋਈ ਸਰਕਾਰੀ ਅਫ਼ਸਰ ਬਿਨਾਂ ਕਿਸੇ ਵਰੰਟ ਦੇ ਸ਼ੱਕੀ ਬੰਦੇ ਨੂੰ ਗ੍ਰਿਫਤਾਰ ਕਰ ਸਕਦਾ ਹੈ ਅਤੇ ਉਸ ਨੂੰ ਜੇਲ੍ਹ ਭੇਜ ਸਕਦਾ ਹੈ। ਇਸ ਐਕਟ ਤਹਿਤ ਬਰਤਾਨਵੀ ਅਫ਼ਸਰਾਂ ਦੁਆਰਾ ਕੀਤੀ ਕਾਰਵਾਈ ਨੂੰ ਕਿਸੇ ਵੀ ਅਦਾਲਤ ਵਿਚ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ। ਇਹ ਐਕਟ ਮਗਰੋਂ ਰੋਲਟ ਐਕਟ ਦੇ ਨਾਂ ਨਾਲ ਮਸ਼ਹੂਰ ਹੋਇਆ। ਭਾਰਤੀਆਂ ਨੇ ਇਸ ਨੂੰ ਕਾਲਾ ਐਕਟ ਕਹਿ ਕੇ ਭੰਡਿਆ ਅਤੇ ਇਸ ਐਕਟ ਪ੍ਰਤੀ ‘ਨਾ ਅਪੀਲ, ਨਾ ਦਲੀਲ, ਨਾ ਵਕੀਲ’ ਦੀ ਧਾਰਨਾ ਬਣਾਈ।
ਮਹਾਤਮਾ ਗਾਂਧੀ ਨੇ ਇਨ੍ਹਾਂ ਕਾਲੇ ਬਿੱਲਾਂ ਵਿਰੁੱਧ ਰੋਸ ਪ੍ਰਗਟਾਉਣ ਲਈ ਸੱਤਿਆਗ੍ਰਹਿ ਅੰਦੋਲਨ ਕਰਨ ਦਾ ਵਿਚਾਰ ਪੇਸ਼ ਕੀਤਾ। ਇਸ ਅੰਦੋਲਨ ਤਹਿਤ ਭਾਰਤੀਆਂ ਨੂੰ ਵਰਤ ਰੱਖਣ, ਆਪਣੇ ਕੰਮਕਾਜ ਬੰਦ ਰੱਖਣ ਲਈ ਕਿਹਾ ਗਿਆ। 30 ਮਾਰਚ ਨੂੰ ਲੋਕਾਂ ਦੁਆਰਾ ਹੜਤਾਲ ਕੀਤੀ ਗਈ। ਆਮ ਜਨਜੀਵਨ ਠੱਪ ਹੋ ਗਿਆ ਜਿਸ ਨਾਲ ਬਰਤਾਨਵੀ ਸਰਕਾਰ ਗੁੱਸੇ ਨਾਲ ਲੋਹਾ-ਲਾਖਾ ਹੋ ਗਈ। ਸੱਤਿਆਗ੍ਰਹਿ ਲਹਿਰ ਤਹਿਤ 6 ਅਪਰੈਲ 1919 ਨੂੰ ਫਿਰ ਸਾਰੇ ਭਾਰਤ ਵਿਚ ਅਮਨਪੂਰਵਕ ਰੋਸ ਮਾਰਚ ਕੱਢਿਆ। ਡਾ. ਸੈਫ-ਉਦ-ਦੀਨ ਕਿਚਲੂ, ਡਾ. ਸਤਿਆਪਾਲ ਤੇ ਹੋਰ ਆਗੂਆਂ ਨੇ ਰੋਲਟ ਐਕਟ ਵਿਰੁੱਧ ਹੋ ਰਹੇ ਸੱਤਿਆਗ੍ਰਹਿ ਅੰਦੋਲਨ ਦੀ ਅਗਵਾਈ ਕੀਤੀ। ਇਨ੍ਹਾਂ ਆਗੂਆਂ ਨੇ ਗਾਂਧੀ ਦੁਆਰਾ ਦਿੱਤੇ ਸ਼ਾਤਮਈ ਵਿਰੋਧ ਦੇ ਸਨੇਹੇ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਰੋਲਟ ਐਕਟ ਦੁਆਰਾ ਮਤਾ ਵੀ ਪਾਸ ਕੀਤਾ।
9 ਅਪਰੈਲ 1919 ਨੂੰ ਰਾਮਨੌਮੀ ਦਾ ਦਿਨ ਸੀ। ਨੇਤਾਵਾਂ ਨੇ ਫ਼ੈਸਲਾ ਕੀਤਾ ਕਿ ਇਸ ਸ਼ੁਭ ਦਿਨ ਤੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੁਆਰਾ ਏਕਤਾ ਦਾ ਪੈਗਾਮ ਦਿੰਦੇ ਹੋਏ ਵਿਸ਼ਾਲ ਜਾਲੂਸ ਕੱਢਿਆ ਜਾਵੇ। ਆਸ ਮੁਤਾਬਿਕ ਕੋਈ ਮਾੜੀ ਘਟਨਾ ਵਾਪਰੇ ਬਿਨਾਂ ਇਹ ਜਲੂਸ ਸਮਾਪਤ ਹੋਇਆ ਪਰ ਇਸ ਜਲੂਸ ਦੀ ਸਫ਼ਲਤਾ ਨੇ ਮਾਇਕਲ ਓਡਵਾਇਰ ਨੂੰ ਆਪੇ ਤੋਂ ਬਾਹਰ ਕਰ ਦਿੱਤਾ ਅਤੇ ਓਡਵਾਇਰ ਦੀ ਹਦਾਇਤ ਤਹਿਤ ਡਿਪਟੀ ਕਮਿਸ਼ਨਰ ਨੇ ਡਾ. ਸਤਿਆਪਾਲ ਤੇ ਡਾ. ਕਿਚਲੂ ਨੂੰ 10 ਅਪਰੈਲ ਨੂੰ ਧਰਮਸ਼ਾਲਾ ਜੇਲ੍ਹ ਵਿਚ ਬੰਦ ਕਰਵਾ ਦਿੱਤਾ। ਇਸ ਘਟਨਾ ਨੇ ਫਿਰ ਲੋਕਾਂ ਵਿਚ ਰੋਹ ਪੈਦਾ ਕੀਤਾ। ਲੋਕਾਂ ਦੀ ਭੀੜ ਆਪਣੇ ਨੇਤਾਵਾਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਦੇ ਬੰਗਲੇ ਵੱਲ ਤੁਰ ਪਈ। ਭੀੜ ਨੂੰ ਜਦੋਂ ਮਿਲਟਰੀ ਦੁਆਰਾ ਰੋਕਿਆ ਗਿਆ ਤਾਂ ਭੀੜ ਨੇ ਮਿਲਟਰੀ ਉੱਪਰ ਇੱਟਾਂ, ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੇ ਮਿਲਟਰੀ ਨੇ ਫਾਇਰਿੰਗ ਕਰ ਦਿੱਤੀ। ਇਕ ਸਰਕਾਰੀ ਰਿਪੋਰਟ ਅਨੁਸਾਰ ਇਸ ਗੋਲੀ ਕਾਂਡ ਵਿਚ 5 ਦੇ ਕਰੀਬ ਅੰਗਰੇਜ਼ ਅਧਿਕਾਰੀ ਵੀ ਮਾਰੇ ਗਏ।
9 ਅਪਰੈਲ ਦੀ ਗੜਬੜੀ ਦਾ ਬਦਲਾ ਲੈਣ ਲਈ ਲੈਫਟੀਨੈਂਟ ਗਵਰਨਰ ਪੰਜਾਬ ਸਰ ਮਾਇਕਲ ਓਡਵਾਇਰ ਨੇ ਲਾਹੌਰ ਦੇ ਗਵਰਨਰ ਹਾਊਸ ਵਿਚ ਅੰਮ੍ਰਿਤਸਰ ਦੇ ਲੋਕਾਂ ਦੇ ਵਿਸ਼ਾਲ ਕਤਲੇਆਮ ਦੀ ਰਣਨੀਤੀ ਬਣਾਈ। ਇਸ ਯੋਜਨਾ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਜਨਰਲ ਡਾਇਰ ਨੂੰ ਸੌਂਪੀ ਗਈ। ਡਾਇਰ ਨੇ ਅੰਮ੍ਰਿਤਸਰ ਦੇ ਲੋਕਾਂ ਤੋਂ ਆਪਣੇ 5 ਬਰਤਾਨਵੀ ਅਫ਼ਸਰਾਂ ਦੀ ਮੌਤ ਦਾ ਬਦਲਾ ਲੈਣ ਲਈ ਪਹਿਲਾਂ ਕਦਮ ਸੱਤਿਆਗ੍ਰਹਿ ਸਭਾ ਦੇ ਸਕੱਤਰ ਹੰਸ ਰਾਜ ਨੂੰ ਆਪਣੇ ਨਾਲ ਮਿਲਾ ਕੇ ਚੁੱਕਿਆ। 12 ਅਪਰੈਲ ਨੂੰ ਹੰਸ ਰਾਜ ਨੇ ਡਾਇਰ ਦੀ ਸਲਾਹ ਨਾਲ ਮੀਟਿੰਗ ਕੀਤੀ ਅਤੇ 13 ਅਪਰੈਲ ਨੂੰ ਲਾਲਾ ਕਨੱਈਆ ਜੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਇਕੱਠ ਕਰਨ ਦਾ ਐਲਾਨ ਕੀਤਾ ਜਦਕਿ ਬਾਅਦ ਵਿਚ ਰਿਪੋਰਟ ਤਹਿਤ ਪਤਾ ਲੱਗਿਆ ਕਿ ਲਾਲਾ ਜੀ ਨੂੰ ਅਜਿਹੇ ਇਕੱਠ ਦੀ ਪ੍ਰਧਾਨਗੀ ਬਾਰੇ ਕੋਈ ਖ਼ਬਰ ਨਹੀਂ ਸੀ। ਹੰਸ ਰਾਜ ਨੇ ਲੋਕਾਂ ਦੇ ਇਕੱਠ ਨੂੰ ਵਧਾਉਣ ਵਾਸਤੇ ਅਜਿਹਾ ਝੂਠ ਬੋਲਿਆ ਸੀ। 13 ਅਪਰੈਲ ਨੂੰ ਵਿਸਾਖੀ ਦਾ ਦਿਹਾੜਾ ਸੀ ਸਵੇਰੇ ਲਗਭਗ 9:30 ਵਜੇ ਜਨਰਲ ਡਾਇਰ ਨੇ ਐਲਾਨ ਕਰਵਾ ਦਿੱਤਾ ਕਿ ਅੱਜ ਸ਼ਹਿਰ (ਅੰਮ੍ਰਿਤਸਰ) ਵਿਚ ਕਿਸੇ ਤਰ੍ਹਾਂ ਦਾ ਜਲੂਸ ਨਾ ਕੱਢਿਆ ਜਾਵੇ ਅਤੇ 4 ਤੋਂ ਵੱਧ ਜਣਿਆਂ ਦਾ ਇਕੱਠ ਗੈਰ-ਕਾਨੂੰਨੀ ਇਕੱਠ ਕਹਾਏਗਾ। ਇਸ ਐਲਾਨ ਦੇ ਉਲਟ ਹੀ ਅੰਮ੍ਰਿਤਸਰ ਵਿਚ ਇਹ ਐਲਾਨ ਹੋ ਰਿਹਾ ਸੀ ਕਿ ਸ਼ਾਮੀਂ 4 ਵਜੇ ਜਲ੍ਹਿਆਂਵਾਲੇ ਬਾਗ਼ ਵਿਚ ਲਾਲਾ ਕਨੱਈਆ ਲਾਲ ਦੀ ਪ੍ਰਧਾਨਗੀ ਹੇਠ ਜਲਸਾ ਹੋਵੇਗਾ, ਲਾਲਾ ਜੀ ਦਾ ਨਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਲਿਆ ਗਿਆ। ਜਲ੍ਹਿਆਂਵਾਲਾ ਬਾਗ਼ ਸਰਦਾਰ ਹਿੰਮਤ ਸਿੰਘ ਜੱਲ੍ਹੇਵਾਲ ਦੀ ਬੰਜਰ ਪਈ ਜ਼ਮੀਨ ਸੀ ਜਿਸ ਵਿਚ ਇਕ ਦੋ ਛਾਂ ਵਾਲੇ ਰੁੱਖ ਅਤੇ ਇਕ ਖ਼ੂਹ ਸੀ ਬਾਅਦ ਵਿਚ ਇਸ ਸਥਾਨ ਨੂੰ ਜੱਲ੍ਹੇਵਾਲ ਤੋਂ ਜਲ੍ਹਿਆਂਵਾਲਾ ਬਾਗ਼ ਬਣਾ ਕੇ ਅੰਮ੍ਰਿਤਸਰ ਨਗਰੀ ਦੇ ਪਵਿੱਤਰ ਸਥਾਨ ਹੋਣ ਦਾ ਦਰਜਾ ਦਿੱਤਾ ਗਿਆ।
4:30 ਵਜੇ ਤੱਕ ਬਾਗ਼ ਵਿਚ ਲੋਕਾਂ ਦਾ ਬੇਸ਼ੁਮਾਰ ਇਕੱਠ ਹੋ ਗਿਆ ਜਿਨ੍ਹਾਂ ਉੱਪਰ ਜਨਰਲ ਡਾਇਰ ਨੇ 1650 ਰੌਂਦ ਚਲਵਾਏ। ਇਕ ਰਿਪੋਰਟ ਅਧੀਨ ਇਹ ਗੋਲੀਆਂ ਸਾਰਾ ਗੋਲੀ ਸਿੱਕਾ ਮੁੱਕਣ ਤੱਕ ਲਗਾਤਾਰ ਚੱਲਦੀਆਂ ਰਹੀਆਂ, ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਗਿਆ ਕਿ ਸ਼ਹਿਰ ਵਿਚ ਰਹਿੰਦੇ ਕਿਸੇ ਵੀ ਬੰਦੇ ਨੂੰ ਰਾਤ 8 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲਣ ਤੇ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਬਾਗ਼ ਵਿਚਲੀ ਫਾਇਰਿੰਗ ਦੌਰਾਨ 1000 ਦੇ ਲਗਭਗ ਲੋਕ ਮਾਰੇ ਗਏ ਅਤੇ 1200 ਦੇ ਕਰੀਬ ਜ਼ਖ਼ਮੀ ਹੋ ਗਏ ਸਨ ਪਰ ਹਾਲੇ ਵੀ ਡਾਇਰ ਦੀ ਖ਼ੂਨੀ ਪਿਆਸ ਬੁਝੀ ਨਹੀਂ ਸੀ। 9 ਜੂਨ 1919 ਤੱਕ ਅੰਮ੍ਰਿਤਸਰ ਸ਼ਹਿਰ ਵਿਚ ਮਾਰਸ਼ਲ ਲਾਅ ਲਗਾ ਕੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ।
ਸੋ, ਜਲ੍ਹਿਆਂਵਾਲਾ ਬਾਗ਼ ਕਤਲੇਆਮ ਅੰਗਰੇਜ਼ਾਂ ਦੀ ਆਮ ਲੋਕਾਈ ਪ੍ਰਤੀ ਸੋਚੀ-ਸਮਝੀ ਸਾਜ਼ਿਸ਼ ਸੀ।
*ਖੋਜਾਰਥੀ, ਪੰਜਾਬੀ ਵਿਭਾਗ,
ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: arshdeepk676@>gmail.com