ਸ਼ਹੀਦ ਊਧਮ ਸਿੰਘ ਦੇ ਜੀਵਨ ਦਾ ਅਸਲ ਸੱਚ
ਕਦੇ ਕਦੇ ਹੈ ਜੰਮਦੀ ਮਾਤਾ ਐਸੇ ਸ਼ੇਰ। ਜਾਨ ਗਵਾਵਣ ਵਿੱਚ ਜੋ ਹੁੰਦੇ ਬਹੁਤ ਦਲੇਰ। ਜਦੋਂ ਕਿਸੇ ਕਵੀ ਨੇ ਉਪਰੋਕਤ ਸਤਰਾਂ ਲਿਖੀਆਂ ਹੋਣਗੀਆਂ ਤਾਂ ਕਿਹਾ ਨਹੀਂ ਜਾ ਸਕਦਾ ਕਿ ਉਸ ਦੇ ਮਨ ਮਸਤਕ ਵਿੱਚ ਕਿਸ ਦੇਸ਼ ਭਗਤ ਦੀ ਸਿਮ੍ਰਤੀ ਉੱਭਰੀ ਹੋਵੇਗੀ,...
ਕਦੇ ਕਦੇ ਹੈ ਜੰਮਦੀ ਮਾਤਾ ਐਸੇ ਸ਼ੇਰ।
ਜਾਨ ਗਵਾਵਣ ਵਿੱਚ ਜੋ ਹੁੰਦੇ ਬਹੁਤ ਦਲੇਰ।
ਜਦੋਂ ਕਿਸੇ ਕਵੀ ਨੇ ਉਪਰੋਕਤ ਸਤਰਾਂ ਲਿਖੀਆਂ ਹੋਣਗੀਆਂ ਤਾਂ ਕਿਹਾ ਨਹੀਂ ਜਾ ਸਕਦਾ ਕਿ ਉਸ ਦੇ ਮਨ ਮਸਤਕ ਵਿੱਚ ਕਿਸ ਦੇਸ਼ ਭਗਤ ਦੀ ਸਿਮ੍ਰਤੀ ਉੱਭਰੀ ਹੋਵੇਗੀ, ਪਰ ਨਿਰਸੰਦੇਹ ਇਹ ਪੰਕਤੀਆਂ ਸ਼ਹੀਦ ਊਧਮ ਸਿੰਘ ਬਾਰੇ ਪੂਰੀ ਤਰ੍ਹਾਂ ਢੁੱਕਵੀਆਂ ਹਨ।
ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਛੇਤੀ ਪਿੱਛੋਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਆਜ਼ਾਦੀ ਘੁਲਾਟੀਆਂ ਬਾਰੇ ਲੇਖ ਲਿਖੇ ਜਾਣ ਦੇ ਨਾਲ ਨਾਲ ਪੁਸਤਕਾਂ ਵੀ ਲਿਖੀਆਂ ਜਾਣ ਲੱਗੀਆਂ, ਪਰ ਊਧਮ ਸਿੰਘ ਦਾ ਜ਼ਿਕਰ ਲਗਭਗ ਦੋ ਦਹਾਕੇ ਪਿੱਛੋਂ ਹੀ ਹੋਇਆ। ਇਸ ਦਾ ਗੌਰਵ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੂੰ ਜਾਂਦਾ ਹੈ ਜਿਸ ਨੇ 1968 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ‘ਵੀਹਵੀਂ ਸਦੀ ਦੇ ਸ਼ਹੀਦ’ ਵਿੱਚ ਹੋਰਨਾਂ ਸ਼ਹੀਦਾਂ ਦੇ ਨਾਲ ਸ਼ਹੀਦ ਊਧਮ ਸਿੰਘ ਦੀ ਜੀਵਨੀ ਵੀ ਸ਼ਾਮਲ ਕੀਤੀ। ਸ਼ਹੀਦ ਊਧਮ ਸਿੰਘ ਦੀ ਸੁਤੰਤਰ ਰੂਪ ਵਿੱਚ ਜੀਵਨੀ ਬੀ. ਐੱਸ. ਮੈਗੋਵਾਲੀਆ ਨੇ ਅੰਗਰੇਜ਼ੀ ਵਿੱਚ ਲਿਖੀ। ਉਸ ਦੀ ਪੁਸਤਕ ‘ਸਰਦਾਰ ਊਧਮ ਸਿੰਘ: ਏ ਪ੍ਰਿੰਸ ਅਮੰਗ ਪੈਟਰੀਆਟਸ ਆਫ ਇੰਡੀਆ’ 1969 ਵਿੱਚ ਪ੍ਰਕਾਸ਼ਿਤ ਹੋਈ। 1974 ਵਿੱਚ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਪੰਜਾਬ ਆਉਣ ਦੇ ਫਲਸਰੂਪ ਹੋਈ ਚਰਚਾ ਨੇ ਉਸ ਬਾਰੇ ਲਿਖਣ ਨੂੰ ਉਤਸ਼ਾਹਿਤ ਕੀਤਾ। ਸਮੁੱਚੇ ਰੂਪ ਵਿੱਚ ਇਨ੍ਹਾਂ ਲਿਖਤਾਂ ਨੇ ਸ਼ਹੀਦ ਊਧਮ ਸਿੰਘ ਦੀਆਂ ਜੀਵਨ ਘਟਨਾਵਾਂ ਅਤੇ ਉਸ ਦੀ ਵਿਚਾਰਧਾਰਾ ਬਾਰੇ ਭੰਬਲਭੂਸਾ ਪੈਦਾ ਕੀਤਾ। ਕਾਰਨ ਇਹ ਸੀ ਕਿ 13 ਮਾਰਚ 1940 ਦੇ ਦਿਨ ਓ’ਡਵਾਇਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਊਧਮ ਸਿੰਘ ਬਿਲਕੁਲ ਅਣਗੌਲਿਆ ਤੇ ਅਣਜਾਣਿਆ ਵਿਅਕਤੀ ਹੋਣ ਕਾਰਨ ਉਸ ਦੀਆਂ ਜੀਵਨ ਘਟਨਾਵਾਂ ਦਾ ਲਿਖਤੀ ਸਰੋਤ ਕੇਵਲ ਹਿੰਦੁਸਤਾਨ ਸਰਕਾਰ ਵੱਲੋਂ 1934 ਵਿੱਚ ਪ੍ਰਕਾਸ਼ਿਤ ਗ਼ਦਰ ਡਾਇਰੈਕਟਰੀ ਸੀ। ਇਸ ਵਿੱਚ ਵੀ ਉਸ ਦਾ ਵੇਰਵਾ ਊਧਮ ਸਿੰਘ ਨਹੀਂ, ਸ਼ੇਰ ਸਿੰਘ ਉਰਫ਼ ਉਦੇ ਸਿੰਘ ਉਰਫ ਫ੍ਰੈਂਕ ਬਰਾਜ਼ੀਲ ਨਾਂ ਹੇਠ ਦਰਜ ਸੀ। ਸੰਭਵ ਹੈ ਕੁਝ ਜੀਵਨੀਕਾਰਾਂ ਨੇ ਇਸ ਨੂੰ ਧਿਆਨ ਵਿੱਚ ਹੀ ਨਾ ਲਿਆਂਦਾ ਹੋਵੇ।
ਜਾਣਕਾਰੀ ਦੀ ਇਸ ਅਸਪੱਸ਼ਟਤਾ ਕਾਰਨ ਹਰ ਲੇਖਕ ਨੇ ਊਧਮ ਸਿੰਘ ਦੇ ਜਨਮ ਤੋਂ ਉਸ ਦੀ ਸ਼ਹੀਦੀ ਤੱਕ ਕਹਾਣੀ ਦੀਆਂ ਅੰਗਲੀਆਂ ਸੰਗਲੀਆਂ ਜੋੜਨ ਲਈ ਜੋ ਸੁਣਿਆ, ਪੜਿ੍ਹਆ ਅਤੇ ਜੋ ਕਲਪਿਤ ਕੀਤਾ, ਉਸ ਨੂੰ ਲਿਖਤ ਵਿੱਚ ਲੈ ਆਂਦਾ। ਉਦਾਹਰਨ ਵਜੋਂ ਇੱਕ ਜੀਵਨੀਕਾਰ ਲਿਖਦਾ ਹੈ, ‘‘ਊਧਮ ਸਿੰਘ ਨੇ ਗ਼ਦਰ ਪਾਰਟੀ ਕਾਰਕੁਨਾਂ ਨਾਲ ਈਰਾਨ, ਅਫ਼ਗਾਨਿਸਤਾਨ, ਇਟਲੀ, ਜਰਮਨੀ, ਪਨਾਮਾ, ਮੈਕਸਿਕੋ, ਅਮਰੀਕਾ, ਕੈਨੇਡਾ, ਦੂਰ-ਪੂਰਬ, ਜਾਪਾਨ, ਹਾਂਗਕਾਂਗ, ਮਲਾਇਆ, ਬਰਮਾ ਤੇ ਸਿੰਗਾਪੁਰ ਸੰਪਰਕ ਕਾਇਮ ਕੀਤਾ।’’ ਹੈਰਾਨੀ ਦੀ ਗੱਲ ਹੈ ਕਿ ਇਸ ਪੱਧਰ ਦਾ ਕੰਮ ਹੋਵੇ, ਪਰ ਉਸ ਸਮੇਂ ਗ਼ਦਰ ਪਾਰਟੀ ਦੀ ਅਗਵਾਈ ਕਰ ਰਹੇ ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ, ਭਾਈ ਹਰਜਾਪ ਸਿੰਘ, ਭਾਈ ਇੰਦਰ ਸਿੰਘ ਟੂਟੋ ਮਾਜਰਾ, ਭਾਈ ਮੁਨਸ਼ਾ ਸਿੰਘ ਨਾਗਰ ਆਦਿ ਆਗੂਆਂ ਨੂੰ ਇਸ ਦੀ ਭਿਣਕ ਤੱਕ ਨਾ ਪਈ ਹੋਵੇ।
ਇਉਂ ਹੀ ਊਧਮ ਸਿੰਘ ਦੀ ਭਗਤ ਸਿੰਘ ਨਾਲ ਨੇੜਤਾ ਦਰਸਾਉਣ ਲਈ ਵੀ ਕਲਪਨਾ ਦੇ ਘੋੜੇ ਦੌੜਾਏ ਗਏ ਹਨ। 1926-27 ਵਿੱਚ ਊਧਮ ਸਿੰਘ ਦੇ ਵਿਦੇਸ਼ ਵਿੱਚ ਹੋਣ ਦੇ ਹਵਾਲੇ ਨਾਲ ਇੱਕ ਜੀਵਨੀਕਾਰ ਲਿਖਦਾ ਹੈ, ‘‘ਉਸ ਦਾ ਭਗਤ ਸਿੰਘ ਅਤੇ ਹੋਰ ਇਨਕਲਾਬੀਆਂ ਨਾਲ ਸੰਪਰਕ ਬਣਿਆ ਰਿਹਾ ਜਿਹੜੇ ਉਸ ਨੂੰ ਭਾਰਤ ਦੇ ਸਮਾਜੀ ਤੇ ਰਾਜਸੀ ਦ੍ਰਿਸ਼ ਬਾਰੇ ਜਾਣਕਾਰੀ ਦਿੰਦੇ ਰਹੇ। ਉਹ ਊਧਮ ਸਿੰਘ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਸੀ। ਭਗਤ ਸਿੰਘ ਉਸ ਨੂੰ ‘ਗੁਰੂ’ ਕਹਿ ਕੇ ਸੰਬੋਧਨ ਕਰਦਾ।’’
ਇੱਕ ਹੋਰ ਲੇਖਕ ਬ੍ਰੈਡਲੇ ਹਾਲ ਵਿੱਚ ਹੋਈ ਮੀਟਿੰਗ ਸਮੇਂ ਊਧਮ ਸਿੰਘ ਦੇ ਹਾਜ਼ਰ ਹੋਣ ਬਾਰੇ ਇਉਂ ਦੱਸਦਾ ਹੈ, ‘‘ਕੁਝ ਸਮੇਂ ਬਾਅਦ ਹਾਲ ਲੋਕਾਂ ਨਾਲ ਭਰ ਗਿਆ।.... ਊਧਮ ਸਿੰਘ ਨੂੰ ਹਾਲ ਦੇ ਇੱਕ ਕੋਨੇ ਵਿੱਚ ਚੁੱਪ ਚੁਪੀਤਾ ਖੜ੍ਹਾ ਦੇਖ ਕੇ ਭਗਤ ਸਿੰਘ ਉਸ ਕੋਲ ਗਿਆ ਤੇ ਕਿਹਾ, ‘ਬਾਵਾ, ਤੂੰ ਏਨਾ ਸਮਾਂ ਕਿੱਥੇ ਰਿਹਾ? ਅਸੀਂ ਸਾਰੇ ਤੇਰੇ ਬਾਰੇ ਬੜੇ ਫ਼ਿਕਰਮੰਦ ਸਾਂ। ਮੈਂ ਸੋਚਿਆ ਕਿ ਸ਼ਾਇਦ ਤੂੰ ਬੱਬਰਾਂ ਵਿੱਚ ਸ਼ਾਮਲ ਹੋ ਗਿਆ।’ ਉਹ ਦੋਵੇਂ ਇੱਕ-ਦੂਜੇ ਨੂੰ ਘੁੱਟ ਕੇ ਮਿਲੇ।’’ ਇੱਕ ਹੋਰ ਲੇਖਕ ਲਿਖਦਾ ਹੈ, ‘‘ਸੂਰਜ ਦੇ ਢਲਣ ਨਾਲ ਭਗਤ ਸਿੰਘ ਤੇ ਊਧਮ ਸਿੰਘ ਨੇ ਆਪਣੇ ਸਾਈਕਲ ਚੁੱਕੇ ਤੇ ਮਾਨਾਂਵਾਲਾ ਵੱਲ ਨੂੰ ਤੁਰ ਪਏ। ਉੱਥੇ ਪਹੁੰਚਣ ਤੱਕ ਹਨੇਰਾ ਹੋ ਚੁੱਕਾ ਸੀ। ਉਹ ਰੇਲਵੇ ਲਾਈਨ ਦੇ ਨਾਲ ਨਾਲ ਕੁਝ ਦੂਰ ਤੱਕ ਚਲੇ ਗਏ। ਇੱਕ ਥਾਂ ’ਤੇ ਜਾ ਕੇ ਊਧਮ ਸਿੰਘ ਰੁਕ ਗਿਆ। ਇੱਕ ਵੱਡੇ ਪੱਥਰ ਨੂੰ ਚੁੱਕ ਕੇ ਪਾਸੇ ਕੀਤਾ ਤੇ ਰੇਲਵੇ ਲਾਈਨ ’ਤੇ ਪਿਆ ਇੱਕ ਤਿੱਖਾ ਵੱਟਾ ਚੁੱਕ ਕੇ ਮਿੱਟੀ ਪੁੱਟਣ ਲੱਗਾ। ਫਿਰ ਇੱਕ ਬਕਸਾ ਬਾਹਰ ਕੱਢਿਆ ਅਤੇ ਭਗਤ ਸਿੰਘ ਨੂੰ ਸੌਂਪ ਦਿੱਤਾ। ਇਸ ਵਿੱਚ ਕਰੰਸੀ ਸੀ ਤੇ ਥੱਲੇ ਕਾਫ਼ੀ ਗਿਣਤੀ ਵਿੱਚ ਪਿਸਤੌਲ। ਭਗਤ ਸਿੰਘ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਊਧਮ ਸਿੰਘ ਦੀ ਪਿੱਠ ’ਤੇ ਥਾਪੀ ਦਿੱਤੀ।’’
ਸ਼ਾਇਦ ਉਪਰੋਕਤ ਨੂੰ ਪੜ੍ਹਨ ਉਪਰੰਤ ਹੀ ਇੱਕ ਹੋਰ ਜੀਵਨੀਕਾਰ ਨੇ ਲਿਖਿਆ ਕਿ ‘‘ਸ਼ਹੀਦ ਭਗਤ ਸਿੰਘ ਦੀ ਮੌਤ ਤੋਂ ਬਾਅਦ ਇਹ ਊਧਮ ਸਿੰਘ ਹੀ ਸੀ ਜਿਹੜਾ ਪੰਜਾਬ ਦੇ ਇਨਕਲਾਬੀਆਂ ਦੀ ਅਗਵਾਈ ਕਰ ਰਿਹਾ ਸੀ।’’ ਇਤਿਹਾਸ ਦੇ ਜਾਣੂੰ ਪਾਠਕਾਂ ਨੂੰ ਯਾਦ ਹੋਵੇਗਾ ਕਿ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੱਧ ਵਿੱਚ ਜਦੋਂ ਭਗਤ ਸਿੰਘ ਰਾਜਸੀ ਗਤੀਵਿਧੀਆਂ ਵਿੱਚ ਸਰਗਰਮ ਹੋਇਆ ਉਦੋਂ ਊਧਮ ਸਿੰਘ ਵਿਦੇਸ਼ ਵਿੱਚ ਸੀ ਜਿੱਥੋਂ ਜੁਲਾਈ 1927 ਵਿੱਚ ਦੇਸ਼ ਪਰਤਣ ਉਪਰੰਤ ਉਸ ਨੂੰ ਪੁਲੀਸ ਨੇ 30 ਅਗਸਤ ਨੂੰ ਅਸਲਾ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ। ਇਸ ਮੁਕੱਦਮੇ ਵਿੱਚ ਹੋਈ ਕੈਦ ਦੀ ਸਜ਼ਾ ਭੁਗਤ ਕੇ ਉਹ ਭਗਤ ਸਿੰਘ ਦੀ ਸ਼ਹੀਦੀ ਤੋਂ ਛੇ ਮਹੀਨੇ ਪਿੱਛੋਂ 23 ਅਕਤੂਬਰ 1931 ਨੂੰ ਰਿਹਾਅ ਹੋਇਆ। ਇਨ੍ਹਾਂ ਪ੍ਰਸਥਿਤੀਆਂ ਵਿੱਚ ਉਨ੍ਹਾਂ ਦੀ ਮੁਲਾਕਾਤ ਬਾਰੇ ਸੋਚਣ ਜਾਂ ਲਿਖਣ ਦਾ ਕੀ ਅਰਥ ਲਿਆ ਜਾਵੇ?
ਇੱਕ ਹੋਰ ਜੀਵਨੀਕਾਰ ਊਧਮ ਸਿੰਘ ਦੇ ਨਾਂ ਬਾਰੇ ਓ’ਡਵਾਇਰ ਦੇ ਕਤਲ ਪਿੱਛੋਂ ਗ੍ਰਿਫ਼ਤਾਰੀ ਦੌਰਾਨ ਹੋਈ ਪੁੱਛ ਗਿੱਛ ਦੇ ਹਵਾਲੇ ਨਾਲ ਦੱਸਦਾ ਹੈ, ‘‘ਤਫਤੀਸ਼ ਕਾਫ਼ੀ ਚਿਰ ਜਾਰੀ ਰਹੀ।... ਕਾਤਲ ਕੁਝ ਤਾਂ ਨਹੀਂ ਸੀ ਦੱਸ ਰਿਹਾ। ਉਹਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ।’’ ਅਗਲੇ ਜੀਵਨੀਕਾਰ ਨੇ ਉਪਰੋਕਤ ਕਥਨ ਨੂੰ ਹੋਰ ਵਿਸਥਾਰ ਦੇ ਦਿੱਤਾ। ਉਸ ਨੇ ਨਵਾਂ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਊਧਮ ਸਿੰਘ ਨੇ ਅੰਮ੍ਰਿਤਸਰ ਵਿੱਚ ਦੁਕਾਨ ਕਿਰਾਏ ਉੱਤੇ ਲੈ ਕੇ ਉਸ ਦੇ ਬਾਹਰ ਇਸ ਨਾਂ ਦਾ ਫੱਟਾ ਲਾਇਆ। ਸੱਚਾਈ ਇਹ ਹੈ ਕਿ ਊਧਮ ਸਿੰਘ ਨੇ ਇਹ ਨਾਂ ਕਦੇ ਨਹੀਂ ਵਰਤਿਆ। ਇਹ ਉਦਾਹਰਨਾਂ ਕੜਾਹੇ ਵਿੱਚੋਂ ਇੱਕ ਚੌਲ ਟੋਹਣ ਵਾਲੀ ਹੀ ਗੱਲ ਹਨ।
ਸ਼ਹੀਦ ਊਧਮ ਸਿੰਘ ਦੇ ਜੀਵਨੀ ਲੇਖਕਾਂ ਵੱਲੋਂ ਉਸ ਦੇ 1927 ਵਿੱਚ ਅੰਮ੍ਰਿਤਸਰ ਪੁਲੀਸ ਕੋਲ ਦਿੱਤੇ ਬਿਆਨ ਅਤੇ ਸਰ ਮਾਈਕਲ ਓ’ਡਵਾਇਰ ਦੇ ਕਤਲ ਪਿੱਛੋਂ ਹੋਈ ਗ੍ਰਿਫ਼ਤਾਰੀ ਦੌਰਾਨ ਲੰਡਨ ਪੁਲੀਸ ਵੱਲੋਂ ਕੀਤੀ ਪੁੱਛ ਪੜਤਾਲ ਦੇ ਉੱਤਰ ਵਿਚ ਕੀਤੇ ਪ੍ਰਗਟਾਵਿਆਂ ਨੂੰ ਸ਼ਬਦ-ਦਰ-ਸ਼ਬਦ ਸੱਚ ਮੰਨ ਲੈਣ ਨੇ ਵੀ ਬਹੁਤ ਸਾਰੀਆਂ ਭ੍ਰਾਂਤੀਆਂ ਨੂੰ ਜਨਮ ਦਿੱਤਾ। ਇਹ ਜੀਵਨੀ ਲੇਖਕ ਭੁੱਲ ਗਏ ਕਿ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਵਿਅਕਤੀ ਮੁਕੱਦਮੇ ਦੀ ਸਥਿਤੀ ਨੂੰ ਆਪਣੇ ਪੱਖ ਵਿੱਚ ਮੋੜਾ ਦੇਣ ਵਾਸਤੇ ਬਿਆਨ ਵਿੱਚ ਕਈ ਗੱਲਾਂ ਲੁਕੋ ਜਾਂਦਾ ਹੈ ਅਤੇ ਬਹੁਤ ਕੁਝ ਹੋਰ ਮਨਘੜਤ ਬਿਆਨ ਕਰ ਦਿੰਦਾ ਹੈ। ਉਦਾਹਰਨ ਵਜੋਂ ਊਧਮ ਸਿੰਘ ਨੇ ਲੰਡਨ ਵਿੱਚ ‘ਨੈਸ਼ਨਲ ਰਜਿਸਟ੍ਰੇਸ਼ਨ ਕਾਰਡ’ ਲੈਣ ਸਮੇਂ ਆਪਣੀ ਜਨਮ ਮਿਤੀ 23 ਅਕਤੂਬਰ 1905 ਲਿਖਵਾਈ ਅਤੇ ਮੁਕੱਦਮੇ ਦੌਰਾਨ ਆਪਣਾ ਜਨਮ ਮਾਰਚ 1903 ਵਿੱਚ ਹੋਇਆ ਦੱਸਿਆ। ਇਹ ਦੋਵੇਂ ਮਿਤੀਆਂ ਉਸ ਦੇ ਜੀਵਨੀ-ਲੇਖਕਾਂ ਵੱਲੋਂ ਸੁਨਾਮ ਵਾਸੀਆਂ ਤੋਂ ਕੀਤੀ ਪੁੱਛ ਪੜਤਾਲ ਅਨੁਸਾਰ ਸਹੀ ਨਹੀਂ। ਇਉਂ ਹੀ ਉਸ ਨੇ ਓ’ਡਵਾਇਰ ਨੂੰ ਮਾਰਨ ਪਿੱਛੋਂ ਚੱਲੇ ਮੁਕੱਦਮੇ ਦੌਰਾਨ ਹੋਈ ਪੁੱਛ ਪੜਤਾਲ ਵਿੱਚ ਅਜਿਹੇ ਬਿਆਨ ਦਿੱਤੇ ਜੋ ਆਪਾ ਵਿਰੋਧੀ ਵੀ ਸਨ ਅਤੇ ਅਸਲੀਅਤ ਨਾਲ ਮੇਲ ਵੀ ਨਹੀਂ ਸੀ ਖਾਂਦੇ। ਉਦਾਹਰਨ ਵਜੋਂ ਉਸ ਨੇ ਜੱਲ੍ਹਿਆਂ ਵਾਲੇ ਬਾਗ਼ ਦੇ ਸਾਕੇ ਵਿੱਚ ਆਪਣੇ ਭਰਾ ਅਤੇ ਭੈਣ ਦਾ ਸ਼ਹੀਦ ਹੋਣਾ ਦੱਸਿਆ, ਪਰ ਪੜਤਾਲ ਕੀਤੇ ਜਾਣ ਉੱਤੇ ਇਹ ਬਿਆਨ ਸਹੀ ਨਾ ਨਿਕਲਿਆ।
ਇਸ ਲਈ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਊਧਮ ਸਿੰਘ ਨੇ ਪੜਤਾਲ ਦੌਰਾਨ ਜੋ ਕਿਹਾ, ਉਹ ਸਹੀ ਹਨ ਸਗੋਂ ਉਸ ਦੇ ਇਨ੍ਹਾਂ ਬਿਆਨਾਂ ਨੂੰ ਮੁਕੱਦਮੇ ਦੇ ਇੱਕ ਪੈਂਤੜੇ ਵਜੋਂ ਮੰਨ ਕੇ ਇਨ੍ਹਾਂ ਵਿੱਚੋਂ ਸੱਚਾਈ ਨੂੰ ਕਸ਼ੀਦ ਕੀਤਾ ਜਾਣਾ ਬਣਦਾ ਹੈ, ਪਰ ਜੀਵਨੀਕਾਰਾਂ ਦੀ ਇਤਿਹਾਸ ਪ੍ਰਤੀ ਪੇਤਲੀ ਪਹੁੰਚ ਕਾਰਨ ਊਧਮ ਸਿੰਘ ਦੀਆਂ ਜੀਵਨ ਘਟਨਾਵਾਂ ਵਿੱਚ ਰੋਲ ਘਚੋਲਾ ਪੈ ਗਿਆ।
ਊਧਮ ਸਿੰਘ ਖਿਲਾਫ਼ ਓ’ਡਵਾਇਰ ਨੂੰ ਕਤਲ ਕਰਨ ਦੇ ਦੋਸ਼ ਵਿੱਚ ਲੰਡਨ ਵਿੱਚ ਚੱਲ ਰਹੇ ਮੁਕੱਦਮੇ ਦੌਰਾਨ ਉਸ ਦੇ ਬਚਾਓ ਲਈ ਪੈਰਵੀ ਉਸ ਦੇ ਮਿੱਤਰ ਸ਼ਿਵ ਸਿੰਘ ਜੌਹਲ ਨੇ ਕੀਤੀ ਸੀ। ਉਹ ਮੁਕੱਦਮੇ ਦੌਰਾਨ ਊਧਮ ਸਿੰਘ ਨਾਲ ਪੱਤਰ ਵਿਹਾਰ ਵੀ ਕਰਦਾ ਰਿਹਾ ਸੀ। ਸ. ਮਨੋਹਰ ਸਿੰਘ ਗਿੱਲ, ਆਈ. ਏ. ਐੱਸ. ਨੇ ਆਪਣੇ ਸਾਧਨ ਰਾਹੀਂ ਇਹ ਪੱਤਰ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਸੌਂਪੇ ਤਾਂ ਯੂਨੀਵਰਸਿਟੀ ਨੇ ਜੇ. ਐੱਸ. ਗਰੇਵਾਲ ਅਤੇ ਐੱਚ. ਕੇ. ਪੁਰੀ ਤੋਂ ਸੰਪਾਦਿਤ ਕਰਵਾ ਕੇ ਇਨ੍ਹਾਂ ਨੂੰ ‘ਲੈਟਰਸ ਆਫ ਊਧਮ ਸਿੰਘ’ (Letters of Udham Singh) ਨਾਂ ਹੇਠ 1974 ਵਿੱਚ ਪ੍ਰਕਾਸ਼ਿਤ ਕੀਤਾ। ਦਸਤਾਵੇਜ਼ੀ ਆਧਾਰ ਉੱਤੇ ਸ਼ਹੀਦ ਊਧਮ ਸਿੰਘ ਬਾਰੇ ਲਿਖਣ ਦਾ ਇਹ ਪਹਿਲਾ ਉਪਰਾਲਾ ਸੀ। ਇਸ ਉਪਰਾਲੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿਖਰ ਉੱਤੇ ਲੈ ਕੇ ਗਈ। ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ, ਬਰਮਿੰਘਮ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ, ਲੰਮਾ ਸਮਾਂ ਬਰਤਾਨਵੀ ਸਰਕਾਰ ਨਾਲ ਖ਼ਤ ਪੱਤਰ ਕਰਨ ਤੋਂ ਬਾਅਦ 1997 ਵਿੱਚ ਬਰਤਾਨਵੀ ਪੁਲੀਸ, ਅਦਾਲਤ ਅਤੇ ਸੁਰੱਖਿਆ ਵਿਭਾਗ ਕੋਲ ਊਧਮ ਸਿੰਘ ਬਾਰੇ ਸੁਰੱਖਿਅਤ ਗੁਪਤ ਦਸਤਾਵੇਜ਼ ਪ੍ਰਾਪਤ ਕਰਨ ਵਿੱਚ ਸਫਲ ਹੋਈ।
ਉਕਤ ਜਥੇਬੰਦੀਆਂ ਨੇ ਇਸ ਨਵੀਂ ਸਮੱਗਰੀ ਦੇ ਆਧਾਰ ਉੱਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਲਿਖਵਾਉਣ ਦੀ ਇੱਛਾ ਡਾ. ਜੋਗਿੰਦਰ ਸਿੰਘ ਪੁਆਰ (ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ ਸਾਂਝੀ ਕੀਤੀ ਤਾਂ ਡਾ. ਪੁਆਰ ਨੇ ਇਹ ਜ਼ਿੰਮੇਵਾਰੀ ਡਾ. ਨਵਤੇਜ ਸਿੰਘ ਨੂੰ ਸੌਂਪੀ। ਡਾ. ਨਵਤੇਜ ਸਿੰਘ ਨੇ ਇੰਗਲੈਂਡ ਤੋਂ ਮਿਲੇ ਦਸਤਵੇਜ਼ਾਂ ਦੇ ਨਾਲ ਨਾਲ ਨੈਸ਼ਨਲ ਲਾਇਬ੍ਰੇਰੀ, ਕਲਕੱਤਾ; ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ; ਸ਼ਹਿਰੀ ਕੋਤਵਾਲੀ ਅਤੇ ਸੈਂਟਰਲ ਖਾਲਸਾ ਯਤੀਮਖਾਨਾ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਪਟਿਆਲਾ ਤੋਂ ਹੋਰ ਦਸਤਾਵੇਜ਼ ਇਕੱਠੇ ਕੀਤੇ, ਕੁਝ ਸੁਨਾਮ ਵਾਸੀਆਂ ਦੇ ਬਿਆਨ ਲਏ ਅਤੇ ਇਸ ਸਭ ਕੁਝ ਨੂੰ ਆਧਾਰ ਬਣਾ ਕੇ ਪੁਸਤਕ ‘ਚੈਲੇਂਜ ਟੂ ਇੰਪੀਰੀਅਲ ਹੈਜੇਮਨੀ: ਦਿ ਲਾਈਫ ਸਟੋਰੀ ਆਫ ਏ ਗ੍ਰੇਟ ਇੰਡੀਅਨ ਪੈਟਰੀਅਟ ਊਧਮ ਸਿੰਘ’ (Challenge to Imperial Hegemony: The Life Story of A Great Indian Patriot Udham Singh) ਲਿਖੀ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1998 ਵਿੱਚ ਪ੍ਰਕਾਸ਼ਿਤ ਕੀਤੀ ਗਈ। ਪਿੱਛੋਂ ਇਸ ਪੁਸਤਕ ਦਾ ਪੰਜਾਬੀ ਅਨੁਵਾਦ ‘ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ’ 2016 ਵਿੱਚ ਪ੍ਰਕਾਸ਼ਿਤ ਹੋਇਆ।
ਡਾ. ਨਵਤੇਜ ਸਿੰਘ ਨੇ ਅਵਤਾਰ ਸਿੰਘ ਜੌਹਲ ਨਾਲ ਰਲ ਕੇ ਇੰਗਲੈਂਡ ਦੇ ਵਿਭਿੰਨ ਮਿਸਲਖਾਨਿਆਂ ਵਿੱਚੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਪ੍ਰਾਪਤ ਕਰ ਕੇ ‘ਐਮਰਜੈਂਸ ਆਫ ਦਿ ਇਮੇਜ: ਰੀਡੈਕਟ ਡਾਕੂਮੈਂਟਸ ਆਫ ਊਧਮ ਸਿੰਘ’ (Emergence Of The Image: Redact Documents of Udham Singh) ਨਾਂ ਹੇਠ ਸੰਪਾਦਿਤ ਕੀਤਾ। ਪ੍ਰੋ. ਸਿਕੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਬਾਰੇ ਪੀਐੱਚ. ਡੀ. ਲਈ ਸੋਧ-ਪੱਤਰ ਲਿਖਿਆ ਅਤੇ ਫਿਰ ਇਸ ਖੋਜ ਨੂੰ ਆਧਾਰ ਬਣਾ ਕੇ ਅੰਗਰੇਜ਼ੀ ਵਿੱਚ ‘ਏ ਗ੍ਰੇਟ ਪੈਟਰੀਅਟ ਐਂਡ ਮਾਰਟਰ ਊਧਮ ਸਿੰਘ’ (A Great Patriot And Martyr Udham Singh) ਤੇ ਪੰਜਾਬੀ ਵਿੱਚ ‘ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ’ ਪੁਸਤਕ ਦੀ ਰਚਨਾ ਕੀਤੀ। ਇਉਂ ਹੀ ਰਾਕੇਸ਼ ਕੁਮਾਰ ਨੇ ‘ਊਧਮ ਸਿੰਘ: ਹੀਰੋ ਇਨ ਦਿ ਕੌਜ਼ ਆਫ ਇੰਡੀਅਨ ਫਰੀਡਮ’ (Udham Singh: Hero in the Cause of Indian Freedom) ਪੁਸਤਕ ਸੰਪਾਦਿਤ ਕੀਤੀ ਜਿਸ ਵਿੱਚ ਮੁੱਖ ਤੌਰ ਉੱਤੇ ਬਰਤਾਨਵੀ ਮਿਸਲਖਾਨਿਆਂ ਵਿੱਚ ਸਾਂਭੇ ਦਸਤਾਵੇਜ਼ ਸ਼ਾਮਲ ਕੀਤੇ ਗਏ ਹਨ।
ਇਹ ਪੁਸਤਕਾਂ ਖੋਜ ਦੀ ਦ੍ਰਿਸ਼ਟੀ ਤੋਂ ਲਿਖੀਆਂ ਹੋਣ ਕਾਰਨ ਆਮ ਪਾਠਕ ਲਈ ਉਪਯੋਗੀ ਨਹੀਂ ਸਨ। ਫਲਸਰੂਪ ਜਨ ਸਧਾਰਨ ਪਾਠਕ ਨੂੰ ਸ਼ਹੀਦ ਊਧਮ ਸਿੰਘ ਦੀ ਅਜ਼ੀਮ ਕੁਰਬਾਨੀ ਤੋਂ ਜਾਣੂੰ ਕਰਵਾਉਣ ਦੀ ਲੋੜ ਮਹਿਸੂਸ ਕਰਦਿਆਂ ਇਸ ਲੇਖਕ ਨੇ ਉਪਰੋਕਤ ਵਿਦਵਾਨਾਂ ਵੱਲੋਂ ਵਰਤੇ ਦਸਤਵੇਜ਼ਾਂ, ਅਮਰਜੀਤ ‘ਚੰਦਨ’ (ਲੰਡਨ) ਵੱਲੋਂ ਊਧਮ ਸਿੰਘ ਦੀਆਂ ਦੁਰਲੱਭ ਤਸਵੀਰਾਂ ਸਮੇਤ ਭੇਜੀ ਗਈ ਪੁਖਤਾ ਸਮੱਗਰੀ ਅਤੇ ਨੈਸ਼ਨਲ ਆਰਕਾਈਵਜ਼, ਦਿੱਲੀ ਵਿੱਚ ਸਾਂਭੀਆਂ ਊਧਮ ਸਿੰਘ ਨਾਲ ਸਬੰਧਿਤ ਫਾਈਲਾਂ ਨੂੰ ਆਧਾਰ ਬਣਾ ਕੇ ਸ਼ਹੀਦ ਊਧਮ ਸਿੰਘ ਬਾਰੇ ਪ੍ਰਚੱਲਿਤ ਗ਼ਲਤ ਧਾਰਨਾਵਾਂ ਤੋਂ ਬਚਦਿਆਂ ਸ਼ਹੀਦ ਦੀ ਤੱਥ ਆਧਾਰਿਤ ਜੀਵਨੀ ਲਿਖੀ ਜੋ 2022 ਵਿੱਚ ਨੈਸ਼ਨਲ ਬੁਕ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ।
ਸੰਪਰਕ: 94170-49417

