DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਕਾਂ ਦੀ ਦੌੜ ਅਤੇ ਮੁੱਲਹੀਣ ਹੁੰਦੀ ਸਿੱਖਿਆ

ਸਿੱਖਿਆ ਕਿਸੇ ਵੀ ਸਮਾਜ ਦਾ ਧੁਰਾ ਹੁੰਦੀ ਹੈ। ਇਹ ਗਿਆਨ ਦੇ ਰੂਪ ਵਿੱਚ ਸਮਾਜ ਦੀਆਂ ਵੱਖ-ਵੱਖ ਵੰਨਗੀਆਂ ਨੂੰ ਕਲਾ, ਭਾਸ਼ਾਵਾਂ, ਵਿਗਿਆਨ, ਸੰਗੀਤ, ਸਾਹਿਤ ਅਤੇ ਮਾਨਵੀ ਮੁੱਲਾਂ ਰਾਹੀਂ ਪ੍ਰਦਰਸ਼ਿਤ ਕਰਦੀ ਹੈ। ਸਿੱਖਿਆ ਦਾ ਉਦੇਸ਼ ਜਗਿਆਸਾ, ਆਲੋਚਨਾਤਮਕ ਸੋਚ, ਰਚਨਾਤਮਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ...

  • fb
  • twitter
  • whatsapp
  • whatsapp
Advertisement

ਸਿੱਖਿਆ ਕਿਸੇ ਵੀ ਸਮਾਜ ਦਾ ਧੁਰਾ ਹੁੰਦੀ ਹੈ। ਇਹ ਗਿਆਨ ਦੇ ਰੂਪ ਵਿੱਚ ਸਮਾਜ ਦੀਆਂ ਵੱਖ-ਵੱਖ ਵੰਨਗੀਆਂ ਨੂੰ ਕਲਾ, ਭਾਸ਼ਾਵਾਂ, ਵਿਗਿਆਨ, ਸੰਗੀਤ, ਸਾਹਿਤ ਅਤੇ ਮਾਨਵੀ ਮੁੱਲਾਂ ਰਾਹੀਂ ਪ੍ਰਦਰਸ਼ਿਤ ਕਰਦੀ ਹੈ। ਸਿੱਖਿਆ ਦਾ ਉਦੇਸ਼ ਜਗਿਆਸਾ, ਆਲੋਚਨਾਤਮਕ ਸੋਚ, ਰਚਨਾਤਮਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵਿਕਸਿਤ ਕਰਨਾ ਹੁੰਦਾ ਹੈ। ਵੱਖ-ਵੱਖ ਕਮਿਸ਼ਨਾਂ, ਕਮੇਟੀਆਂ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਸਿੱਖਿਆ ਦੇ ਮਾਨਵਵਾਦੀ ਉਦੇਸ਼ਾਂ ਨੂੰ ਦਰਸਾਉਣ ਦੇ ਬਾਵਜੂਦ ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਡੂੰਘਾ ਬਦਲਾਅ ਆਇਆ ਹੈ।

ਸਿੱਖਿਆ ਕਦੇ ਬਰਾਬਰੀ, ਪਹੁੰਚ ਅਤੇ ਸਮਾਜਿਕ ਆਦਰਸ਼ਾਂ ’ਤੇ ਆਧਾਰਿਤ ਇੱਕ ਸਮਾਜਿਕ ਭਲਾਈ ਦਾ ਸਾਧਨ ਸਮਝੀ ਜਾਂਦੀ ਸੀ, ਪਰ ਹੁਣ ਇਹ ਬਾਜ਼ਾਰ ਦੇ ਤਰਕ ਅਨੁਸਾਰ ਢਾਲ ਦਿੱਤੀ ਗਈ ਹੈ। ਨਿੱਜੀਕਰਨ, ਵਿਸ਼ਵੀਕਰਨ ਅਤੇ ਬਾਜ਼ਾਰੀਕਰਨ ਦੀਆਂ ਨੀਤੀਆਂ ਅਧੀਨ ਸਿੱਖਿਆ ਪ੍ਰਣਾਲੀ ਅੰਦਰ ਨਿੱਜੀ ਕੋਚਿੰਗ ਉਦਯੋਗ ਜ਼ੋਰ-ਸ਼ੋਰ ਨਾਲ ਵਧ-ਫੁੱਲ ਰਿਹਾ ਹੈ। ਭਾਵੇਂ ਨਿੱਜੀ ਕੋਚਿੰਗ ਉਦਯੋਗ ਜਨਤਕ ਸਿੱਖਿਆ ਦੀ ਅਣਦੇਖੀ ਅਤੇ ਨਿੱਘਰਦੇ ਸਿੱਖਿਆ ਮਿਆਰਾਂ ਕਾਰਨ ਉਤਪੰਨ ਹੋਇਆ ਹੈ, ਪਰ ਉੱਚ ਪੱਧਰੀ ਸਰਕਾਰੀ ਸੰਸਥਾਵਾਂ ਅੰਦਰ ਸੀਟਾਂ ਦੀ ਘਾਟ, ਸਖ਼ਤ ਕੇਂਦਰੀਕ੍ਰਿਤ ਦਾਖ਼ਲਾ ਪ੍ਰਣਾਲੀ, ਸਕੂਲੀ ਸਿੱਖਿਆ ਦੀ ਅਣਦੇਖੀ ਕਾਰਨ ਪੈਦਾ ਹੋਈ ਬੇਭਰੋਸਗੀ, ਮੱਧਵਰਗ ਦੀਆਂ ਖ਼ਾਹਿਸ਼ਾਂ ਅਤੇ ਅਕਾਦਮਿਕ ਪ੍ਰਦਰਸ਼ਨ ਦੇ ਮਾਪਦੰਡਾਂ ’ਤੇ ਆਧਾਰਿਤ ਦਾਖ਼ਲਾ ਪ੍ਰੀਖਿਆਵਾਂ ਲਈ ਸਖ਼ਤ ਤਿਆਰੀ ਦੀ ਮੰਗ ਨੇ ਇਸ ਉਦਯੋਗ ਨੂੰ ਉਪਜਾਊ ਜ਼ਮੀਨ ਪ੍ਰਦਾਨ ਕੀਤੀ।

Advertisement

ਨਿੱਜੀ ਕੋਚਿੰਗ ਸੰਸਥਾਵਾਂ ਨੂੰ ਅਕਸਰ ਸਮਾਨਾਂਤਰ ਸਿੱਖਿਆ ਸੰਸਥਾਵਾਂ ਵੀ ਕਿਹਾ ਜਾਂਦਾ ਹੈ। ਪਿਛਲੇ ਸਮਿਆਂ ਵਿੱਚ ਕੋਚਿੰਗ ਉਦਯੋਗ ਅੰਦਰ ਇਨ੍ਹਾਂ ਸਮਾਨਾਂਤਰ ਸਿੱਖਿਆ ਸੰਸਥਾਵਾਂ ਨੇ ਸਖ਼ਤ ਮੁਕਾਬਲੇ ਵਾਲੀ ਇਸ ਪ੍ਰੀਖਿਆ ਪ੍ਰਣਾਲੀ ਅੰਦਰ ਸਫ਼ਲਤਾ ਨੂੰ ਯਕੀਨੀ ਬਣਾਉਣ ਦਾ ਭਰੋਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਤੀਜੇ ਵਜੋਂ, ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਨਾਲੋਂ ਨਿੱਜੀ ਕੋਚਿੰਗ ਸੰਸਥਾਨਾਂ ਵਿੱਚ ਭੇਜ ਕੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਵੱਧ ਆਸਵੰਦ ਰਹਿੰਦੇ ਹਨ। ਸਾਡੇ ਦੇਸ਼ ਅੰਦਰ ਹਾਇਰ ਸੈਕੰਡਰੀ ਪੱਧਰ ’ਤੇ ਪੈਂਤੀ ਫ਼ੀਸਦੀ ਤੋਂ ਵੀ ਜ਼ਿਆਦਾ ਵਿਦਿਆਰਥੀ ਨਿੱਜੀ ਕੋਚਿੰਗ ਕੇਂਦਰਾਂ ਵਿੱਚ ਪੜ੍ਹਾਈ ਕਰਨ ਜਾਂਦੇ ਹਨ। ਭਾਰਤ ਅੰਦਰ ਹਰ ਤੀਜਾ ਵਿਦਿਆਰਥੀ ਨਿੱਜੀ ਕੋਚਿੰਗ ਲੈ ਰਿਹਾ ਹੈ, ਜੋ ਕਿ ਹੁਣ ਗ਼ੈਰ-ਰਸਮੀ ਟਿਊਸ਼ਨਾਂ ਤੋਂ ਬਦਲ ਕੇ ਇੱਕ ਵਿਸ਼ਾਲ, ਬਾਜ਼ਾਰ-ਆਧਾਰਿਤ ਉਦਯੋਗ ਬਣ ਗਿਆ ਹੈ। ਕੋਰੋਨਾ ਕਾਲ ਤੋਂ ਬਾਅਦ ਇਹ ਨਿੱਜੀ ਕੋਚਿੰਗ ਉਦਯੋਗ ਅਨੇਕਾਂ ਔਨਲਾਈਨ ਪਲੈਟਫਾਰਮਾਂ ਰਾਹੀਂ ਹੋਰ ਵੀ ਤੇਜ਼ੀ ਨਾਲ ਵਧਿਆ ਹੈ। ਰਾਜਸਥਾਨ ਦਾ ਸ਼ਹਿਰ ਕੋਟਾ, ਜਿਸ ਨੂੰ ਅਕਸਰ ‘ਟੌਪਰਾਂ ਦੀ ਫੈਕਟਰੀ’ ਕਿਹਾ ਜਾਂਦਾ ਹੈ, ਵਿੱਚ ਇਹ ਕੋਚਿੰਗ ਉਦਯੋਗ ਬੇਹੱਦ ਵਿਸ਼ਾਲ ਹੈ। ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਡੇਢ ਤੋਂ ਦੋ ਲੱਖ ਵਿਦਿਆਰਥੀ ਇੱਥੇ ਨਿੱਜੀ ਕੋਚਿੰਗ ਲਈ ਆਉਂਦੇ ਹਨ ਅਤੇ ਪ੍ਰਤੀ ਵਿਦਿਆਰਥੀ ਢਾਈ ਤੋਂ ਤਿੰਨ ਲੱਖ ਰੁਪਏ ਦਾ ਖ਼ਰਚਾ ਕਰਦੇ ਹਨ। ਕੁੱਲ ਮਿਲਾ ਕੇ ਕੋਟਾ ਦਾ ਕੋਚਿੰਗ ਖੇਤਰ ਹਰ ਸਾਲ ਲਗਪਗ ਦੋ ਹਜ਼ਾਰ ਕਰੋੜ ਰੁਪਏ ਦੀ ਆਮਦਨ ਪੈਦਾ ਕਰਦਾ ਹੈ। ਅਜਿਹੇ ਹਾਲਾਤ ਦਿੱਲੀ, ਚੰਡੀਗੜ੍ਹ ਅਤੇ ਇਨ੍ਹਾਂ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲਦੇ ਹਨ। ਸਿੱਖਿਆ ਦੇ ਇਸ ਵਪਾਰ ਵਿੱਚ ਹੋਸਟਲ, ਪੇਇੰਗ ਗੈਸਟ (ਪੀ ਜੀ), ਆਵਾਜਾਈ ਦੇ ਸਾਧਨ, ਰਿਹਾਇਸ਼ੀ ਕੈਂਪਸ, ਕੰਟੀਨਾਂ ਅਤੇ ਬੱਸਾਂ ਵੀ ਸ਼ਾਮਿਲ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਉਦਯੋਗ ਅੰਦਰ ਕਈ ਕਿਸਮ ਦੀਆਂ ਵਰਦੀਆਂ, ਬੈਗ, ਛਤਰੀਆਂ, ਸਟੇਸ਼ਨਰੀ ਅਤੇ ਖਾਣ ਪੀਣ ਦੀਆਂ ਵਸਤਾਂ ਦਾ ਬਾਜ਼ਾਰ ਵੀ ਸ਼ਾਮਿਲ ਹੈ। ਇੱਕ ਅੰਦਾਜ਼ੇ ਅਨੁਸਾਰ ਸਾਲ 2028 ਤੱਕ ਸਿੱਖਿਆ ਦਾ ਇਹ ਕੋਚਿੰਗ ਉਦਯੋਗ 1.33 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਇਸ ਦਾ ਪਸਾਰਾ ਨਿੱਜੀ ਟਿਊਸ਼ਨਾਂ ਤੋਂ ਲੈ ਕੇ ਵੱਡੇ-ਵੱਡੇ ਕੋਚਿੰਗ ਸੈਂਟਰਾਂ ਅਤੇ ਔਨਲਾਈਨ ਪਲੈਟਫਾਰਮਾਂ ਦੇ ਰੂਪ ਵਿੱਚ ਹੋ ਰਿਹਾ ਹੈ। ਇਹ ਨਿੱਜੀ ਸੰਸਥਾਵਾਂ ਲਗਪਗ ਸਮੁੱਚੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਜੇ ਈ ਈ, ‘ਨੀਟ’, ਕਲੈਟ, ਸੀ ਯੂ ਈ ਟੀ ਆਦਿ ਦੀ ਤਿਆਰੀ ਕਰਵਾਉਂਦੀਆਂ ਹਨ, ਜੋ ਆਈ ਆਈ ਟੀ, ਮੈਡੀਕਲ ਕਾਲਜਾਂ ਅਤੇ ਕੇਂਦਰੀ ਯੂਨੀਵਰਸਿਟੀਆਂ ਵਰਗੀਆਂ ਮਿਆਰੀ ਸੰਸਥਾਵਾਂ ਵਿੱਚ ਦਾਖ਼ਲੇ ਲਈ ਲਾਜ਼ਮੀ ਹਨ।

Advertisement

‘ਇਕਨੌਮਿਕ ਐਂਡ ਪੋਲੀਟੀਕਲ ਵੀਕਲੀ’ ਦੀ ਰਿਪੋਰਟ ਅਨੁਸਾਰ ਇਸ ਕੋਚਿੰਗ ਉਦਯੋਗ ਨੇ ਗ਼ਰੀਬ ਅਤੇ ਅਮੀਰ ਵਿਦਿਆਰਥੀਆਂ ਦਰਮਿਆਨ ਆਰਥਿਕ ਆਧਾਰ ’ਤੇ ਵੰਡ ਨੂੰ ਹੋਰ ਵੀ ਡੂੰਘਾ ਕੀਤਾ ਹੈ। ਨਿੱਜੀ ਕੋਚਿੰਗ ਕੇਂਦਰਾਂ ਤੱਕ ਪਹੁੰਚ ਬੱਚੇ ਦੀ ਯੋਗਤਾ ਨਾਲ ਨਹੀਂ ਸਗੋਂ ਪਰਿਵਾਰ ਦੀ ਆਰਥਿਕ ਸਮਰੱਥਾ ਨਾਲ ਨਿਰਧਾਰਿਤ ਹੁੰਦੀ ਹੈ। ਅੰਕੜਿਆਂ ਅਨੁਸਾਰ, ਅਮੀਰ ਘਰਾਂ ਦੇ ਬੱਚਿਆਂ ਵਿੱਚ ਨਿੱਜੀ ਟਿਊਸ਼ਨਾਂ ਜਾਂ ਕੋਚਿੰਗ ਕੇਂਦਰਾਂ ਅੰਦਰ ਸਿੱਖਿਆ ਲੈਣ ਦੀ ਸੰਭਾਵਨਾ ਗ਼ਰੀਬ ਘਰਾਂ ਦੇ ਬੱਚਿਆਂ ਨਾਲੋਂ ਲਗਪਗ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਹੇਠਲੇ ਅਤੇ ਮੱਧਵਰਗੀ ਪਰਿਵਾਰਾਂ ਦੇ 20 ਫ਼ੀਸਦੀ ਹਿੱਸੇ ਦੇ ਸਿਰਫ਼ 21 ਫ਼ੀਸਦੀ ਬੱਚੇ ਨਿੱਜੀ ਟਿਊਸ਼ਨ ਲੈਂਦੇ ਹਨ ਜਦੋਂਕਿ ਆਮਦਨ ਦੇ ਆਧਾਰ ’ਤੇ ਉੱਪਰਲੇ 20 ਫ਼ੀਸਦੀ ਪਰਿਵਾਰਾਂ ਦੇ ਬੱਚਿਆਂ ਲਈ ਇਹ ਅੰਕੜਾ 58.8 ਫ਼ੀਸਦੀ ਹੈ। ਪੇਂਡੂ ਖੇਤਰਾਂ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਬੱਚਿਆਂ ਦੀ ਨਿੱਜੀ ਟਿਊਸ਼ਨ ਲੈਣ ਦੀ ਦਰ ਬਹੁਤ ਹੀ ਘੱਟ ਹੈ। ਇਉਂ ਸਿੱਖਿਆ ਦੇ ਇਸ ਵਪਾਰੀਕਰਨ ਨੇ ਸਮਾਜ ਅੰਦਰ ਲੋਕਾਂ ਦੀ ਸਿੱਖਿਆ ਤੱਕ ਪਹੁੰਚ ਅਤੇ ਆਰਥਿਕ ਆਧਾਰ ’ਤੇ ਮੌਜੂਦ ਪਾੜੇ ਨੂੰ ਪ੍ਰਤੱਖ ਤੌਰ ’ਤੇ ਹੋਰ ਵਧਾਇਆ ਹੈ।

ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਤੋਂ ਇਲਾਵਾ ਸਿੱਖਿਆ ਦੇ ਵਪਾਰੀਕਰਨ ਦਾ ਵਿਦਿਆਰਥੀਆਂ ਉੱਤੇ ਬੇਹੱਦ ਮਾੜਾ ਮਨੋਵਿਗਿਆਨਕ ਪ੍ਰਭਾਵ ਪਿਆ ਹੈ। ਇਨ੍ਹਾਂ ਸੰਸਥਾਵਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਭਾਰੀ ਮਾਨਸਿਕ ਦਬਾਅ ਹੇਠ ਰਹਿੰਦੇ ਹਨ। ਵਿਦਿਆਰਥੀ ਅੰਕਾਂ ਦੀ ਦੌੜ ਵਿੱਚ ਸਿੱਖਣ ਦੀ ਖ਼ੁਸ਼ੀ ਗੁਆ ਬੈਠਦੇ ਹਨ ਕਿਉਂਕਿ ਅਸਫ਼ਲਤਾ ਦਾ ਡਰ ਅਤੇ ਆਰਥਿਕ ਚਿੰਤਾਵਾਂ ਸਿੱਖਣ ਤੇ ਸਮਝਣ ਦੇ ਆਨੰਦ ਨੂੰ ਫ਼ਿਕਰਾਂ ਤੇ ਤੌਖ਼ਲਿਆਂ ਵਿੱਚ ਬਦਲ ਦਿੰਦੀਆਂ ਹਨ। ਨਿੱਜੀ ਕੋਚਿੰਗ ਸੰਸਥਾਵਾਂ ਟੌਪਰਾਂ ਨੂੰ ਬ੍ਰਾਂਡ ਵਾਂਗ ਪੇਸ਼ ਕਰਦੀਆਂ ਹਨ। ਪ੍ਰੀਖਿਆਵਾਂ ਵਿੱਚ ਸਫ਼ਲਤਾ ਦੀ ਪਰਿਭਾਸ਼ਾ ਨੂੰ ਸੁੰਗੇੜ ਕੇ ਪੇਸ਼ ਕਰਨਾ ਅਤੇ ਇਸ ਨੂੰ ਜ਼ਿੰਦਗੀ ਦਾ ਆਖ਼ਰੀ ਮੰਤਵ ਬਣਾ ਕੇ ਸੰਸਥਾਵਾਂ ਅੰਦਰ ਅਜਿਹਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਆਪਣੀ ਸਿਹਤ, ਦੋਸਤੀ ਅਤੇ ਇੱਥੋਂ ਤੱਕ ਕਿ ਜ਼ਿੰਦਗੀ ਨੂੰ ਦਾਅ ’ਤੇ ਲਾ ਕੇ ਵੀ ਸਫ਼ਲ ਹੋਣਾ ਚਾਹੁੰਦੇ ਹਨ। ਸਫ਼ਲਤਾ ਨੂੰ ਅੰਕਾਂ, ਰੈਂਕਾਂ ਅਤੇ ਹੋਰਾਂ ਤੋਂ ਅੱਗੇ ਨਿਕਲਣ ਦੀ ਯੋਗਤਾ ਨਾਲ ਮਾਪਿਆ ਜਾਂਦਾ ਹੈ। ਸਿੱਖਿਆ ਕੁਝ ਜਾਣਨ ਅਤੇ ਸਮਝਣ ਦੀ ਜਗਿਆਸਾ ਪੈਦਾ ਕਰਨ ਦੀ ਥਾਂ ਸਿਰਫ਼ ਨਤੀਜੇ ਉਤਪੰਨ ਕਰਨ ’ਤੇ ਕੇਂਦਰਿਤ ਹੋ ਜਾਂਦੀ ਹੈ।

ਇਸ ਤਣਾਅਗ੍ਰਸਤ ਸਥਿਤੀ ਦਾ ਮਾੜਾ ਰੂਪ ਕੌਮੀ ਅਪਰਾਧ ਅੰਕੜਿਆਂ ਵਿੱਚ ਦਿਖਾਈ ਦਿੰਦਾ ਹੈ। ਇਨ੍ਹਾਂ ਅਨੁਸਾਰ ਸਾਲ 2014 ਤੋਂ 2024 ਦਰਮਿਆਨ 1.23 ਲੱਖ ਵਿਦਿਆਰਥੀਆਂ ਨੇ ਆਤਮ-ਹੱਤਿਆ ਕੀਤੀ ਹੈ। ਅਧਿਕਾਰਤ ਰਿਪੋਰਟਾਂ ਮੁਤਾਬਿਕ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਤਮ-ਹੱਤਿਆ ਕੀਤੀ ਹੈ, ਜਿਸ ਦਾ ਮੁੱਖ ਕਾਰਨ ਬੇਲੋੜਾ ਮੁਕਾਬਲਾ, ਇਕੱਲਾਪਣ, ਨੀਂਦ ਦੀ ਕਮੀ, ਆਰਥਿਕ ਬੋਝ, ਪ੍ਰੀਖਿਆਵਾਂ ਦੇ ਗ਼ੈਰ-ਪਾਰਦਰਸ਼ੀ ਪ੍ਰਬੰਧ ਅਤੇ ਫੇਲ੍ਹ ਹੋਣ ਦਾ ਡਰ ਹੈ। ਇਸ ਤੋਂ ਇਲਾਵਾ ਰੁਜ਼ਗਾਰ ਦੀ ਭਾਰੀ ਕਮੀ ਅਤੇ ਮਾਪਿਆਂ ਦੀ ਸੁੰਗੜਦੀ ਆਰਥਿਕ ਹਾਲਤ ਕਾਰਨ ਵਿਦਿਆਰਥੀ ਉਦਾਸੀ ਦੇ ਆਲਮ ਵਿੱਚ ਜਿਊਂਦੇ ਹਨ। ਰੋਜ਼ਾਨਾ 6 ਤੋਂ 12 ਘੰਟੇ ਦੀ ਨਿੱਜੀ ਕੋਚਿੰਗ ਅਤੇ ਲਗਾਤਾਰ ਤੁਲਨਾਵਾਂ ਕਾਰਨ ਵਿਦਿਆਰਥੀਆਂ ’ਤੇ ਭਾਰੀ ਮਾਨਸਿਕ ਦਬਾਅ ਬਣਦਾ ਹੈ। ਕੇਂਦਰੀਕ੍ਰਿਤ ਦਾਖ਼ਲਾ ਪ੍ਰੀਖਿਆਵਾਂ ਵਿਦਿਆਰਥੀਆਂ ਲਈ ਬੋਝ ਬਣ ਚੁੱਕੀਆਂ ਹਨ। ਭਾਰਤ ਵਰਗੇ ਮੁਲਕ ਵਿੱਚ ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ। ਦੇਸ਼ ਦੀ ਤਕਰੀਬਨ 50 ਫ਼ੀਸਦੀ ਆਬਾਦੀ ਦੀ ਉਮਰ 25 ਸਾਲ ਤੋਂ ਘੱਟ ਹੈ, ਜਿਸ ਨੂੰ ਭਵਿੱਖ ਦੇ ਸਰਮਾਏ ਵਜੋਂ ਦੇਖਣਾ ਚਾਹੀਦਾ ਹੈ। ਨੌਜਵਾਨ ਵਰਗ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਲੋੜੀਂਦੇ ਵਸੀਲੇ ਪ੍ਰਦਾਨ ਕਰਨਾ ਸਟੇਟ ਦੀ ਮੂਲ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ, ਜੋ ਆਰਥਿਕ ਤੇ ਮਨੁੱਖੀ ਵਸੀਲਿਆਂ ਦੀ ਘਾਟ ਤੇ ਪ੍ਰਬੰਧਕੀ ਚੁਣੌਤੀਆਂ ਨਾਲ ਜੂਝ ਰਹੀਆਂ ਹਨ, ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਜਨਤਕ ਸੰਸਥਾਵਾਂ ਨੌਜਵਾਨ ਪੀੜ੍ਹੀ ਨੂੰ ਉਤਸ਼ਾਹ ਨਾਲ ਸਿੱਖਣ, ਸਮਝਣ ਅਤੇ ਵਧਣ-ਫੁੱਲਣ ਲਈ ਉਸਾਰੂ ਮਾਹੌਲ ਪ੍ਰਦਾਨ ਕਰ ਸਕਣ।

*ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਸੰਪਰਕ: 94173-31508

Advertisement
×