ਖੇਤੀ ਜਿਣਸਾਂ ਦੀ ਗੁਣਵੱਤਾ ਵਿਚ ਸੁਧਾਰ ਦਾ ਸਵਾਲ

ਖੇਤੀ ਜਿਣਸਾਂ ਦੀ ਗੁਣਵੱਤਾ ਵਿਚ ਸੁਧਾਰ ਦਾ ਸਵਾਲ

ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ

‘ਪੰਜਾਬ ਦੇ ਬਾਸਮਤੀ ਉਤਪਾਦਕਾਂ ਵਾਸਤੇ ਮਾੜੀ ਖ਼ਬਰ’। ਪਿਛਲੇ ਦਿਨਾਂ ਵਿਚ ਅਖ਼ਬਾਰਾਂ ਵਿਚ ਛਪੀ ਇਕ ਖ਼ਬਰ ਦਾ ਸਿਰਲੇਖ ਕੁਝ ਇਸ ਤਰ੍ਹਾਂ ਦਾ ਸੀ। ਖ਼ਬਰ ਦੇ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਕਿਸਾਨ ਆਮ ਤੌਰ ’ਤੇ ਆਪਣੀਆਂ ਫ਼ਸਲਾਂ ਵਿਚ ਰਸਾਇਣਾਂ ਅਤੇ ਜ਼ਹਿਰਾਂ ਦਾ ਵੱਧ ਇਸਤੇਮਾਲ ਕਰਦੇ ਹਨ। ਇਹੀ ਹਾਲ ਬਾਸਮਤੀ ਚੌਲਾਂ ਦੇ ਪੈਦਾ ਕਰਨ ਸਬੰਧੀ ਹੈ। ਵੈਸੇ ਤਾਂ ਪੰਜਾਬ ਵਿਚ ਪੈਦਾ ਕੀਤੇ ਜਾਣ ਵਾਲੇ ਚੌਲਾਂ ਦਾ ਇਕ ਫ਼ੀਸਦੀ ਤੋਂ ਵੀ ਘੱਟ ਚੌਲ ਪੰਜਾਬ ਵਿਚ ਖਾਧੇ ਜਾਂਦੇ ਹਨ ਅਤੇ ਬਾਕੀ ਸਾਰੇ ਦੇਸ਼ ਦੇ ਹੋਰਨਾਂ ਭਾਗਾਂ ਨੂੰ ਚਲੇ ਜਾਂਦੇ ਹਨ। ਬਾਸਮਤੀ ਚੌਲਾਂ ਦਾ ਫੰਡਾ ਇਸ ਤੋਂ ਵੀ ਭਿੰਨ ਹੈ। ਇਹ ਚੌਲ ਦੇਸ਼ ਦੇ ਅੰਦਰ ਬਹੁਤ ਘੱਟ ਖਾਧੇ ਜਾਂਦੇ ਹਨ ਜਦੋਂ ਕਿ ਬਾਕੀ ਦੇ ਬਾਸਮਤੀ ਚੌਲ ਬਾਹਰਲੇ ਮੁਲਕਾਂ ਨੂੰ ਭੇਜੇ ਜਾਂਦੇ ਹਨ। ਹੁਣ ਸਮੱਸਿਆ ਇਹ ਆਣ ਖੜ੍ਹੀ ਹੋਈ ਹੈ ਕਿ ਇਨ੍ਹਾਂ ਬਾਸਮਤੀ ਚੌਲਾਂ ਦੀ ਰਸਾਇਣਾਂ ਅਤੇ ਜ਼ਹਿਰਾਂ ਪੱਖੋਂ ਗੁਣਵੱਤਾ ਪਰਖਦਿਆਂ ਅੱਗੇ ਇਹ ਆ ਜਾਂਦਾ ਹੈ ਕਿ ਇਨ੍ਹਾਂ ਦੇ ਪੈਦਾ ਕੀਤੇ ਜਾਣ ਸਮੇਂ ਰਸਾਇਣਕ ਖ਼ਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਉੱਲੀਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਕੀਤੀ ਹੋਈ ਸਿਫ਼ਾਰਸ਼ ਨਾਲੋਂ ਕਿਤੇ ਜਿ਼ਆਦਾ ਕੀਤੀ ਜਾਂਦੀ ਹੈ ਜਿਸ ਕਰਕੇ ਇਹ ਚੌਲ ਮਨੁੱਖੀ ਸਿਹਤ ਵਾਸਤੇ ਬਹੁਤੇ ਠੀਕ ਨਹੀਂ। ਜੇ ਇਹ ਬਾਸਮਤੀ ਚੌਲ ਬਾਹਰਲੇ ਮੁਲਕਾਂ ਦੁਆਰਾ ਨਹੀਂ ਖਰੀਦੇ ਜਾਂਦੇ ਤਾਂ ਸੰਕਟ ਆ ਸਕਦਾ ਹੈ, ਵਿਸ਼ੇਸ਼ ਕਰਕੇ ਬਾਸਮਤੀ ਚੌਲਾਂ ਦੀ ਕੀਮਤ ਦਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਾਉਂਦੀ ਹੈ, ਖੇਤੀਬਾੜੀ ਵਿਭਾਗ ਕਿਸਾਨ ਸਿਖਲਾਈ ਕੈਂਪ ਲਾਉਂਦਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨੀ ਨਾਲ ਸਬੰਧਤ ਬਹੁਤ ਸਾਰਾ ਪੁਸਤਕ ਰੂਪ ਵਿਚ ਸਾਹਿਤ ਪ੍ਰਕਾਸ਼ਤ ਕਰਵਾਇਆ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਕਿਸਾਨੀ ਨਾਲ ਸਬੰਧਤ ਮਾਸਿਕ ਪੱਤਰ ਕੱਢੇ ਜਾਂਦੇ ਹਨ। ਪੰਜਾਬੀ ਵਿਚ ‘ਚੰਗੀ ਖੇਤੀ’ ਨਾਮ ਦਾ ਰਸਾਲਾ ਹਰ ਮਹੀਨੇ ਪ੍ਰਕਾਸ਼ਤ ਕੀਤਾ ਜਾਂਦਾ ਹੈ। ਇਸ ਰਸਾਲੇ ਵਿਚ ਰੁੱਤ, ਮੌਸਮ ਦੇ ਅਨੁਸਾਰ ਹੋਰ ਸਾਹਿਤ ਦੇ ਇਲਾਵਾ ਫ਼ਸਲਾਂ ਦੇ ਬੀਜਣ, ਸੰਭਾਲਣ, ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ, ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ, ਉੱਲੀਨਾਸ਼ਕਾਂ ਦੀ ਲੋੜ ਅਨੁਸਾਰ ਵਰਤੋਂ ਅਤੇ ਹਰ ਫ਼ਸਲ ਦੇ ਵਧਣ-ਫੁੱਲਣ ਵਾਸਤੇ ਲੋੜੀਂਦੀਆਂ ਖ਼ਾਦਾਂ ਦੀ ਮਿਕਦਾਰ, ਵਰਤੋਂ ਕਰਨ ਦੇ ਢੰਗ ਤਰੀਕਿਆਂ ਆਦਿ ਸਬੰਧੀ ਲੇਖ ਪ੍ਰਕਾਸ਼ਤ ਕੀਤੇ ਜਾਂਦੇ ਹਨ ਪਰ ਕਿਸਾਨ ਮੇਲਿਆਂ, ਕੈਂਪਾਂ ਅਤੇ ਸਾਹਿਤ ਤੋਂ ਫ਼ਾਇਦਾ ਬਹੁਤ ਹੀ ਘੱਟ ਕਿਸਾਨ ਉਠਾਉਂਦੇ ਹਨ। ਕਿਸਾਨਾਂ ਦੀਆਂ ਲੋੜਾਂ ਦੀ ਪੂਰਤੀ ਅਤੇ ਅਗਵਾਈ ਆਮ ਤੌਰ ’ਤੇ ਆੜ੍ਹਤੀਏ ਕਰਦੇ ਹਨ; ਜਾਂ ਫਿਰ ਇੱਥੇ ਰਵਾਇਤਾਂ ਦੇ ਲੜ ਲੱਗਿਆ ਜਾਂਦਾ ਹੈ। ਦੇਖਣ ਵਿਚ ਆਉਂਦਾ ਹੈ ਕਿ ਫ਼ਸਲਾਂ ਦੀ ਪੈਦਾਵਾਰ ਵਾਸਤੇ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਵਰਤੋਂ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਦੇ ਉਲਟ ਕੀਤੀਆਂ ਜਾਂਦੀਆਂ ਹਨ। ਯੂਰੀਆ (ਨਾਈਟਰੋਜਨ), ਡੀਏਪੀ (ਮਿਕਸਡ ਤੱਤਾਂ ਵਾਲੀ ਖ਼ਾਦ), ਐੱਨਪੀਕੇ (ਮਿਕਸਡ ਤੱਤਾਂ ਵਾਲੀ ਖ਼ਾਦ), ਸੁਪਰਫ਼ਾਸਫ਼ੇਟ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਨਾਲੋਂ ਦੁੱਗਣੀ ਵਰਤੋਂ ਤਾਂ ਸਾਧਾਰਨ ਗੱਲ ਹੈ। ਕੁੱਝ ਅਜਿਹੇ ਤੱਤਾਂ ਦੀ ਵਰਤੋਂ ਵੀ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਸਿਫ਼ਾਰਸ਼ ਖੇਤੀ ਮਾਹਿਰਾਂ ਨੇ ਕੀਤੀ ਹੀ ਨਹੀਂ ਹੁੰਦੀ। ਇਹੀ ਹਾਲ ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਵਰਤੋਂ ਦਾ ਹੁੰਦਾ ਹੈ। ਖਾਦਾਂ, ਦਵਾਈਆਂ ਆਦਿ ਦੇ ਵਿਕਰੇਤਾਂ ਕੋਲ ਆਮ ਤੌਰ ’ਤੇ ਅਜਿਹੀਆਂ ਦਵਾਈਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਵਰਤਣ ਤੇ ਸਰਕਾਰ ਨੇ ਪਾਬੰਦੀ ਲਗਾਈ ਹੁੰਦੀ ਹੈ।

ਖੇਤੀ ਮਾਹਿਰਾਂ ਦੀ ਰਾਇ ਹੈ ਕਿ ਝੋਨੇ (ਤੇ ਬਾਸਮਤੀ) ਵਿਚ ਪੱਤਾ ਲਪੇਟ ਸੁੰਡੀ ਨੂੰ ਮਾਰਨ ਵਾਸਤੇ ਮੁੰਜ ਦੀ ਰੱਸੀ ਨੂੰ ਕਿਆਰੇ ਦੇ ਇੱਕ ਸਿਰੇ ਤੋਂ ਲਿਜਾ ਕੇ ਦੂਸਰੇ ਸਿਰੇ ਅਤੇ ਇਸੇ ਤਰ੍ਹਾਂ ਇਸ ਪਾਸੇ ਤੋਂ ਪਹਿਲੇ ਪਾਸੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪੱਤਿਆਂ ਦੀ ਸੁੰਡੀ ਥੱਲੇ ਪਾਣੀ ਵਿਚ ਡਿੱਗ ਕੇ ਮਰ ਜਾਂਦੀ ਹੈ ਅਤੇ ਝੋਨੇ ’ਤੇ ਕਿਸੇ ਤਰ੍ਹਾਂ ਦੇ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਬਿਨਾ ਸਰ ਜਾਂਦਾ ਹੈ ਪਰ ਇਸ ਤਕਨੀਕ ਦੀ ਵਰਤੋਂ ਕਰਨ ਦੀ ਥਾਂ ਕਿਸਾਨ ਆਪਣੇ ਆੜ੍ਹਤੀਏ ਕੋਲ ਆਉਂਦਾ ਹੈ ਅਤੇ ਉਹ ਦੋ ਤਿੰਨ ਤਰ੍ਹਾਂ ਦੀ ਸਪਰੇਅ ਰਲਾਅ ਕੇ ਕਰਨ ਵਾਸਤੇ ਦੇ ਦਿੰਦਾ ਹੈ। ਇਸੇ ਤਰ੍ਹਾਂ ਹੀ ਹੋਰ ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਉੱਲੀਨਾਸ਼ਕਾਂ ਸਬੰਧੀ ਸਿਫ਼ਾਰਸ਼ਾਂ ਹੁੰਦੀਆਂ ਹਨ। ਬਹੁਤ ਥੋੜ੍ਹੇ ਖਰਚੇ ਨਾਲ ਦੇਸੀ ਨੁਕਤਿਆਂ ਨਾਲ ਇਨ੍ਹਾਂ ਦਾ ਹੱਲ ਹੋ ਜਾਂਦਾ ਹੈ ਪਰ ਇਸ ਵਾਸਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਦੇ ਉਲਟ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਇਹ ਦਵਾਈਆਂ ਸਰਕਾਰਾਂ ਵੱਲੋਂ ਪਾਬੰਦੀਸ਼ੁਦਾ ਹੁੰਦੀਆਂ ਹਨ। ਖੇਤੀ ਮਾਹਿਰਾਂ ਦੁਆਰਾ ਡੀਏਪੀ ਦੀ ਵਰਤੋਂ ਸਾਲ ਵਿਚ ਇਕ ਵਾਰੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਡੀਏਪੀ ਇਕ ਵਾਰੀ ਵਿਚ ਹੀ ਜ਼ਮੀਨ ਵਿਚ ਖ਼ਪਤ ਨਹੀਂ ਹੋ ਜਾਂਦੀ ਸਗੋਂ ਇਹ ਲੰਮਾ ਸਮਾਂ ਧਰਤੀ ਵਿਚ ਪਈ ਰਹਿੰਦੀ ਹੈ। ਜਦੋਂ ਕਿ ਕਿਸਾਨਾਂ ਦੁਆਰਾ ਆੜ੍ਹਤ ਤੋਂ ਲਿਆ ਕੇ ਕਣਕ ਅਤੇ ਝੋਨੇ ਦੀਆਂ ਦੋਨਾਂ ਫ਼ਸਲਾਂ ਵਿਚ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਹਾਲ ਯੂਰੀਆ ਦੀ ਵਰਤੋਂ ਦਾ ਹੈ। ਖੇਤੀ ਮਾਹਿਰਾਂ ਦੁਆਰਾ ਬਾਸਮਤੀ ਦੀ ਫ਼ਸਲ ਨੂੰ (ਵੰਨਗੀ ਅਨੁਸਾਰ) ਇਕ ਜਾਂ ਦੋ ਥੈਲਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇੱਥੇ ਤਿੰਨ ਜਾਂ ਚਾਰ ਥੈਲਿਆਂ ਦੀ ਵਰਤੋਂ ਸਾਧਾਰਨ ਗੱਲ ਹੈ। ਖੇਤੀਬਾੜੀ ਯੂਨੀਵਰਸਿਟੀ ਨੇ ਥੋੜ੍ਹਾ ਸਮਾਂ ਲੈਣ ਵਾਲੀਆਂ ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਈਜਾਦ ਕੀਤੀਆਂ ਹੋਈਆਂ ਹਨ। ਇਨ੍ਹਾਂ ਦੇ ਕੱਦ ਦੇ ਅਨੁਸਾਰ ਇਨ੍ਹਾਂ ਦੀ ਰਹਿੰਦ-ਖੂੰਹਦ ਵੀ ਅਸਾਨੀ ਨਾਲ ਸੰਭਾਲੀ ਜਾ ਸਕਦੀ ਹੈ। ਘੱਟ ਸਮੇਂ ਵਾਲੀਆਂ ਇਹ ਫ਼ਸਲਾਂ ਵਿਚ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ। ਕਿਸਾਨ ਆਮ ਤੌਰ ’ਤੇ ਪੂਸਾ 44 ਵਰਗੀਆਂ ਲੰਮਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲੁਆਈ ਕਰਦੇ ਹਨ। ਇਸ ਮਸਲੇ ਦਾ ਹੱਲ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।

ਦੇਖਣ ਵਿਚ ਆਉਂਦਾ ਹੈ ਕਿ ਕਿਸਾਨੀ ਪਰਿਵਾਰਾਂ ਵਿਚੋਂ ਪੜ੍ਹੇ ਲਿਖੇ ਅਤੇ ਚੇਤੰਨ ਵਿਅਕਤੀ ਖੇਤੀ ਕਰਨ ਤੋਂ ਪਾਸਾ ਵੱਟ ਲੈਂਦੇ ਹਨ। ਕਿਸਾਨੀ ਕਿੱਤੇ ਵਿਚ ਆਮ ਤੌਰ ’ਤੇ ਰਵਾਇਤਾਂ ਦੀ ਪਾਲਣਾ ਵਧੇਰੇ ਕੀਤੀ ਜਾਂਦੀ ਹੈ। ਰਵਾਇਤਾਂ ਵਿਚ ਮਿਹਨਤ, ਧਰਤੀ ਨੂੰ ਮਾਤਾ ਦਾ ਦਿੱਤਾ ਹੋਇਆ ਦਰਜਾ, ਪਾਣੀ ਨੂੰ ਪਿਤਾ ਸਮਾਨ ਦੱਸਿਆ ਹੋਇਆ; ਵਿਸਾਰੇ ਹੋਏ ਦੇਖੇ ਜਾ ਸਕਦੇ ਹਨ। ਨਹਿਰੀ ਪਾਣੀ ਦੁਆਰਾ ਖੇਤਾਂ ਦੀ ਸਿੰਜਾਈ ਕਰਨੀ ਮਿਹਨਤ ਮੰਗਦੀ ਹੈ; ਕੇਵਲ 25 ਤੋਂ 30 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ। ਫ਼ਸਲਾਂ ਨੂੰ ਗੋਡੀ ਕਰਨ ਵਾਲੇ ਸੰਦ ਤਾਂ ਕਿਸਾਨਾਂ ਦੇ ਘਰਾਂ, ਖੇਤਾਂ ਵਿਚੋਂ ਲੋਪ ਹੀ ਹੋ ਗਏ ਹਨ। ਵੱਟਾਂ ਬੰਨਿਆਂ ਜਾਂ ਫਿਰ ਖੇਤਾਂ ਵਿਚ ‘ਗੰਦ’ (ਘਾਹ ਬੂਟੀ ਆਦਿ) ਦਾ ਸਫ਼ਾਇਆ ਕਰਨ ਵਾਸਤੇ ‘ਰਾਊਂਡ ਅੱਪ’ ਵਰਗੀਆਂ ਪਾਬੰਦੀ ਲੱਗੀਆਂ ਹੋਈਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈ ਜ਼ਮੀਨ ਨੂੰ ਬੰਜਰ ਬਣਾਉਣ ਦਾ ਕੰਮ ਕਰਦੀ ਹੈ। ਉਂਜ ਇਸੇ ਤਰ੍ਹਾਂ ਦਾ ਕੰਮ ਯੂਰੀਆ ਦੀ ਬਹੁਤਾਤ ਵਿਚ ਕੀਤੀ ਵਰਤੋਂ ਵੀ ਕਰਦੀ ਹੈ। ਇਹ ਰਸਾਇਣਕ ਦਵਾਈਆਂ ਅਤੇ ਖ਼ਾਦਾਂ ਜਿੱਥੇ ਫ਼ਸਲਾਂ ਦੀ ਗੁਣਵੱਤਾ ਗੁਆਉਂਦੀਆਂ ਹਨ, ਉੱਥੇ ਬਹੁਤ ਜਿ਼ਆਦਾ ਖ਼ਰਚੀਲੀਆਂ ਵੀ ਹੁੰਦੀਆਂ ਹਨ ਅਤੇ ਪ੍ਰਦੂਸ਼ਣ ਫ਼ੈਲਾਉਣ ਦਾ ਕੰਮ ਵੀ ਕਰਦੀਆਂ ਹਨ। ਇਕ ਪਾਸੇ ਵਿਗਿਆਨ ਅਤੇ ਤਕਨਾਲੋਜੀ ਦਾ ਪਾਸਾਰਾ ਹੋਇਆ ਅਤੇ ਦੂਸਰੇ ਪਾਸੇ ਰਵਾਇਤੀ ਚੱਕਰ ਹੁੰਦਾ ਹੈ। ਅਜਿਹੇ ਵਿਚ ਜਿੱਥੇ ਕਿਸਾਨੀ ਵਿਚ ਖਰਚਾ ਵਧਦਾ ਜਾਂਦਾ ਹੈ, ਉੱਥੇ ਗੁਣਵੱਤਾ ਹੇਠਾਂ ਆਉਂਦੀ ਜਾਂਦੀ ਹੈ। ਖੇਤੀ ਦੀਆਂ ਅਜਿਹੀਆਂ ਸਮੱਸਿਆਵਾਂ ਦੇ ਸਮਾਧਾਨ ਤਲਾਸ਼ੇ ਜਾਣੇ ਬੇਹੱਦ ਜ਼ਰੂਰੀ ਹਨ।

ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਉੱਲੀਨਾਸ਼ਕਾਂ ਦੀ ਵਿਕਰੀ ਖੇਤੀਬਾੜੀ ਵਿਭਾਗ ਜਾਂ ਫਿਰ ਸਹਿਕਾਰੀ ਵਿਭਾਗ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਸ ’ਤੇ ਕੰਟਰੋਲ ਵਾਸਤੇ ਜ਼ਮੀਨ ਦੇ ਰਿਕਾਰਡ ਰੱਖ ਕੇ ਕੀਤਾ ਜਾ ਸਕਦਾ ਹੈ। ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਵਾਸਤੇ ਜ਼ਮੀਨ ਦੇ ਰਿਕਾਰਡ ਅਨੁਸਾਰ ਹੀ ਵਿਕਰੀ ਹੋਵੇ ਤਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਆਪਣੇ ਆਪ ਹੀ ਰੁਕ ਸਕਦੀ ਹੈ। ਇਸੇ ਤਰ੍ਹਾਂ ਬੇਲੋੜੀਆਂ ਰਸਾਇਣਕ ਖਾਦਾਂ ਦੀ ਵਰਤੋਂ ਵੀ ਘੱਟ ਹੋ ਸਕਦੀ ਹੈ ਪਰ ਇੱਥੇ ਬਹੁਤ ਵੱਡਾ ਖੱਪਾ ਹੈ। ਸਾਰੇ ਹੀ ਵਿਭਾਗਾਂ ਵਾਂਗ ਇਨ੍ਹਾਂ ਵਿਭਾਗਾਂ ਵਿਚ ਆਮ ਮੁਲਾਜ਼ਮਾਂ ਅਤੇ ਮਾਹਿਰਾਂ ਦੀ ਬਹੁਤ ਘਾਟ ਹੈ। ਸਰਕਾਰੀ ਫ਼ਾਈਲਾਂ ਦਾ ਢਿੱਡ ਭਰਨ ਵਾਸਤੇ ਅੰਕੜੇ ਇਕੱਤਰ ਕੀਤੇ ਜਾਂਦੇ ਹਨ; ਹਕੀਕਤ ਵਿਚ ਉਹ ਕੰਮ ਨਹੀਂ ਹੁੰਦੇ ਹਨ ਜਿਹੜੇ ਗਿਣਤੀ ਅਤੇ ਗੁਣਵੱਤਾ ਵਿਚ ਵਾਧਾ ਕਰਨ ਵਾਲੇ ਹੋ ਸਕਦੇ ਹਨ। ਸਰਕਾਰਾਂ ਆਪਣੇ ਖ਼ਰਚੇ ਘਟਾਉਣ ਵਾਸਤੇ ਸਰਕਾਰੀ ਵਿਭਾਗਾਂ ਵਿਚ ਕਰਮਚਾਰੀ ਭਰਤੀ ਨਹੀਂ ਕਰਦੀ ਹੈ। ਇਸ ਨਾਲ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਆਪਣੇ ਆਪ ਹੀ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਹਨ। ਜੇ ਸਮੇਂ ਦੀਆਂ ਲੋੜਾਂ ਅਨੁਸਾਰ ਸਮਾਨ ਦੀ ਵਿਕਰੀ ਸਰਕਾਰੀ ਵਿਭਾਗਾਂ ਵੱਲੋਂ ਕੀਤੀ ਜਾਵੇ ਤਾਂ ਕਰਮਚਾਰੀਆਂ ’ਤੇ ਕੀਤੇ ਜਾਣ ਵਾਲੇ ਖਰਚੇ ਦੀ ਕੁੱਝ ਹੱਦ ਤੀਕ ਪੂਰਤੀ ਵੀ ਹੋ ਸਕਦੀ ਹੈ ਅਤੇ ਕੰਮ ਵੀ ਸਹੀ ਦਿਸ਼ਾ ਵਿਚ ਜਾ ਸਕਦੇ ਹਨ। ਸਰਕਾਰ ਆਪਣਾ ਕੰਮ ਕਰਕੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰੇ ਤਾਂ ਚੰਗੇ ਨਤੀਜਿਆਂ ਦੀ ਆਸ ਬਣ ਸਕਦੀ ਹੈ। ਅਜਿਹੇ ਸਮੇਂ ਸਰਕਾਰੀ ਵਿਭਾਗਾਂ ਵਿਚੋਂ ਸਿਆਸੀ ਦਖ਼ਲ-ਅੰਦਾਜ਼ੀ ਸਮਾਪਤ ਕਰਨੀ ਚਾਹੀਦੀ ਹੈ। ਇਸ ਨਾਲ ਵੀ ਗੁਣਵੱਤਾ ਵਿਚ ਸੁਧਾਰ ਹੋਵੇਗਾ।

ਸੰਪਰਕ: 95010-20731

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All