ਡਾ. ਸੁਰਿੰਦਰ ਕੁਮਾਰ ਜਿੰਦਲ
ਪਲਾਸਟਿਕ ਅੱਜ ਸਾਡੇ ਜੀਵਨ ਦਾ ਹਿੱਸਾ ਬਣ ਚੁਕਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਇੱਥੋਂ ਤੱਕ ਕਿ ਸੌਣ ਤੋਂ ਬਾਅਦ ਗੂੜ੍ਹੀ ਨੀਂਦ ਲੈਣ ਦੌਰਾਨ ਸ਼ਾਇਦ ਹੀ ਕੋਈ ਪਲ ਅਜਿਹਾ ਹੋਵੇ ਜਦ ਅਸੀਂ ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਈਏ। ਇਹ ਪਦਾਰਥ ਸਾਡੀ ਜਿ਼ੰਦਗੀ ਵਿਚ ਇੰਨਾ ਘਰ ਕਰ ਗਿਆ ਹੈ ਕਿ ਹੁਣ ਇਸ ਤੋਂ ਛੁਟਕਾਰਾ ਪਾਉਣ ਲਈ ਮਨੁੱਖਤਾ ਤਰਲੋਮੱਛੀ ਹੋ ਰਹੀ ਹੈ; ਕਾਰਨ ਹੈ- ਪਲਾਸਟਿਕ ਪ੍ਰਦੂਸ਼ਣ। ਦੂਜੇ ਪਾਸੇ ਅੱਜ ਸਾਡਾ ਜੀਵਨ ਇਸ ਪਲਾਸਟਿਕ ਉਪਰ ਇੰਨਾ ਨਿਰਭਰ ਹੋ ਚੁੱਕਾ ਹੈ ਕਿ ਹਰ ਤਰ੍ਹਾਂ ਦੇ ਪਲਾਸਟਿਕ ਤੋਂ ਮੁਕਤ ਜਿ਼ੰਦਗੀ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ‘ਵਰਤੋ ਅਤੇ ਸੁੱਟੋ’ ਵਰਗ ਦੇ ਪਲਾਸਟਿਕ ਤੋਂ ਮੁਕਤੀ ਪਾਉਣ ਦੀ ਕਵਾਇਦ ਸ਼ੁਰੂ ਹੋਈ ਹੈ। ਇਸ ਤਰ੍ਹਾਂ ਦੇ ਪਲਾਸਟਿਕ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਕਹਿੰਦੇ ਹਨ। ਇਸ ਨੂੰ ‘ਇੱਕ ਵਾਰ ਵਰਤਣਯੋਗ ਪਲਾਸਟਿਕ’ ਜਾਂ ‘ਡਿਸਪੋਜ਼ੇਬਲ ਪਲਾਸਟਿਕ’ ਵੀ ਕਿਹਾ ਜਾ ਸਕਦਾ ਹੈ।
ਪਲਾਸਟਿਕ ਅਸਲ ਵਿਚ ਪੈਟਰੋ ਰਸਾਇਣਾਂ ਦੀ ਸ਼੍ਰੇਣੀ ਦੇ ਯੋਗਿਕ ਹਨ ਜੋ ਪੈਟਰੋਲੀਅਮ ਤੋਂ ਪ੍ਰਾਪਤ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਇਕ ਦਮ ਵਧਣ ਦਾ ਕਾਰਨ ਇਹ ਹੈ ਕਿ ਇਹ ਬਹੁਤ ਟਿਕਾਊ ਹੁੰਦੇ ਹਨ। ਇਨ੍ਹਾਂ ਉਪਰ ਹਵਾ, ਪਾਣੀ ਜਾਂ ਹੋਰ ਵਾਤਾਵਰਨ ਕਾਰਕਾਂ ਦਾ ਅਸਰ ਬਹੁਤ ਘੱਟ ਹੁੰਦਾ ਹੈ। ਇਸ ਗੁਣ ਕਾਰਨ ਹੀ ਪਲਾਸਟਿਕ ਕੁਦਰਤ ਵਿਚ ਹਜ਼ਾਰਾਂ ਸਾਲਾਂ ਤਕ ਪਏ ਰਹਿੰਦੇ ਹਨ ਅਤੇ ਗਲਦੇ-ਸੜਦੇ ਨਹੀਂ। ਇਸੇ ਕਰਨ ਹੀ ਇਹ ਮਿੱਟੀ, ਮਿੱਟੀ ਵਿਚਲੇ ਜੀਵਨ, ਜਲ ਜੀਵਨ ਅਤੇ ਪਾਣੀ ਦੀ ਨਿਕਾਸੀ ਉੱਪਰ ਵੀ ਮਾੜਾ ਅਸਰ ਪਾਉਂਦੇ ਹਨ।
ਮਿੱਟੀ ਵਿਚ ਪਿਆ ਪਲਾਸਟਿਕ ਦਾ ਸਮਾਨ ਮਿੱਟੀ ਵਿਚ ਹਵਾ ਅਤੇ ਪਾਣੀ ਦੇ ਸੰਚਾਰ ਵਿਚ ਵਿਘਨ ਪਾ ਕੇ ਬੀਜਾਂ ਦੇ ਪੁੰਗਰਨ, ਸੂਖਮ ਜੀਵਾਂ ਆਦਿ ਦੇ ਵਾਧੇ ਉੱਪਰ ਮਾੜਾ ਅਸਰ ਪਾਉਂਦਾ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਵੀ ਪ੍ਰਭਾਵਿਤ ਹੁੰਦੀ ਹੈ। ਸੀਵਰੇਜ ਦੀਆਂ ਪਾਈਪਾਂ ਅਤੇ ਨਾਲੀਆਂ ਵਿਚ ਪਿਆ ਪਲਾਸਟਿਕ ਦਾ ਕਚਰਾ ਉਨ੍ਹਾਂ ਨੂੰ ਰੋਕ ਦਿੰਦਾ ਹੈ ਜਿਸ ਕਾਰਨ ਜਲ ਨਿਕਾਸੀ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਹਰ ਸਾਲ ਬਰਸਾਤਾਂ ਦੌਰਾਨ ਆਮ ਜਿਹਾ ਮੀਂਹ ਪੈਣ ਤੇ ਵੀ ਬਹੁਤੇ ਸ਼ਹਿਰਾਂ ਦੀਆਂ ਗਲੀਆਂ-ਸੜਕਾਂ ਦਾ ਦ੍ਰਿਸ਼ ਤਲਾਬਾਂ ਵਰਗਾ ਹੋ ਜਾਣ ਦਾ ਮੁੱਖ ਕਾਰਨ ਵੀ ਜਲ ਨਿਕਾਸੀ ਪ੍ਰਣਾਲੀ ਵਿਚ ਲਗਾਤਾਰ ਜਮ੍ਹਾਂ ਹੋ ਰਿਹਾ ਹੁੰਦਾ ਇਹ ਪਲਾਸਟਿਕ ਦਾ ਕਚਰਾ ਹੁੰਦਾ ਹੈ। ਅਗਸਤ 2005 ਵਿਚ ਮੁੰਬਈ ਵਿਚ ਮਾਨਸੂਨੀ ਮੌਸਮ ਦੌਰਾਨ ਆਏ ਹੜ੍ਹਾਂ ਦਾ ਕਾਰਨ ਵੀ ਇਹੀ ਸੀ ਕਿ ਉਥੋਂ ਦੇ ਸੀਵਰੇਜ ਪਾਈਪਾਂ ਵਿਚ ਪਲਾਸਟਿਕ ਕਚਰਾ ਜਮ੍ਹਾਂ ਹੋਇਆ ਪਿਆ ਸੀ ਜਿਸ ਕਾਰਨ ਬਰਸਾਤੀ ਪਾਣੀ ਦੇ ਆਮ ਵਹਾਅ ਵਿਚ ਵੱਡੀ ਰੁਕਾਵਟ ਆਈ। ਕਈ ਦਿਨਾਂ ਤੱਕ ਮੁੰਬਈ ਜਲ-ਥਲ ਹੋਇਆ ਰਿਹਾ ਜਿਸ ਕਾਰਨ ਵੱਡਾ ਆਰਥਿਕ ਨੁਕਸਾਨ (4000 ਕਰੋੜ ਰੁਪਏ) ਹੋਇਆ ਸੀ।
ਪਲਾਸਟਿਕ ਕਚਰਾ ਗਲਣਯੋਗ ਨਾ ਹੋਣ ਕਾਰਨ ਫਲਾਂ-ਸਬਜ਼ੀਆਂ ਦੇ ਛਿਲਕਿਆਂ ਨਾਲ ਪਸ਼ੂਆਂ ਅੰਦਰ ਪੁੱਜ ਕੇ ਉਨ੍ਹਾਂ ਦੀਆਂ ਆਂਦਰਾਂ ਵਿਚ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਫਿਰ ਇਕ ਦਿਨ ਉਨ੍ਹਾਂ ਦੀਆਂ ਆਂਦਰਾਂ ਨੂੰ ਰੋਕ ਦਿੰਦਾ ਹੈ। ਇਸ ਨਾਲ ਜੰਤੂ ਤੜਫ ਤੜਫ ਕੇ ਮਰਦੇ ਹਨ। ਗਾਵਾਂ ਦੀਆਂ ਆਂਦਰਾਂ ਵਿਚੋਂ ਕਈ ਕਈ ਕਿਲੋ ਪਲਾਸਟਿਕ ਕੱਢਣ ਲਈ ਡਾਕਟਰਾਂ ਵਲੋਂ ਕੀਤੇ ਜਾਣ ਵਾਲੇ ਅਪਰੇਸ਼ਨਾਂ ਦੀਆਂ ਖ਼ਬਰਾਂ ਤਾਹੀਓਂ ਤਾਂ ਆਉਂਦੀਆਂ ਰਹਿੰਦੀਆਂ ਹਨ। ਬਹੁਤ ਸਾਰਾ ਪਲਾਸਟਿਕ ਕਚਰਾ ਮੁੜ ਚੱਕਰ ਵਿਚ ਨਹੀਂ ਆ ਸਕਦਾ ਜਿਸ ਕਾਰਨ ਸਫਾਈ ਕਰਮਚਾਰੀ ਅਤੇ ਆਮ ਲੋਕ ਵੀ ਇਕੱਠੇ ਹੋਏ ਪਲਾਸਟਿਕ ਕਚਰੇ ਨੂੰ ਅੱਗ ਲਾ ਕੇ ਛੁਟਕਾਰਾ ਪਾਉਂਦੇ ਹਨ। ਇਸ ਤਰ੍ਹਾਂ ਦੇ ‘ਸੌਖੇ’ ਉਪਾਅ ਕਰਨ ਲੱਗੇ ਅਸੀਂ ਅਕਸਰ ਇਹ ਤੱਥ ਅਣਗੌਲਿਆ ਕਰ ਦਿੰਦੇ ਹਾਂ ਕਿ ਪਲਾਸਟਿਕ ਦੇ ਅਜਿਹੇ ਕਚਰੇ ਨੂੰ ਅੱਗ ਲਾਉਣ ਨਾਲ ਡਾਇਆਕਸਿਨ ਨਾਮਕ ਅਤਿ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਕੈਂਸਰ ਦਾ ਕਾਰਨ ਬਣਦੀਆਂ ਹਨ।
ਵਾਤਾਵਰਨ ਪਲੀਤ ਕਰਕੇ ਮਨੁੱਖੀ ਸਿਹਤ ਲਈ ਦੂਰਗਾਮੀ ਖਤਰੇ ਖੜ੍ਹੇ ਕਰਨ ਤੋਂ ਇਲਾਵਾ ਇਹ ਪਲਾਸਟਿਕ ਆਰਥਿਕਤਾ, ਜੰਤੂ ਸਿਹਤ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਸਿਹਤ ਲਈ ਖਤਰੇ ਵੀ ਖੜ੍ਹਾ ਕਰਦਾ ਹੈ, ਇਸ ਲਈ ਕੇਵਲ ਇਕ ਵਾਰੀ ਵਰਤੋਂ ਵਿਚ ਆ ਕੇ ਸੁੱਟ ਦਿੱਤੇ ਜਾਣ ਵਾਲੇ ਪਲਾਸਟਿਕ ਉੱਪਰ ਰੋਕ ਹੁਣ ਜ਼ਰੂਰਤ ਬਣ ਗਈ ਹੈ।
15 ਅਗਸਤ, 2019 ਦੇ ਆਪਣੇ ਭਾਸ਼ਣ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਵਰਤ ਕੇ ਸੁੱਟਣ ਵਾਲੇ ਪਲਾਸਟਿਕ ਤੋਂ ਮੁਲਕ ਨੂੰ ਮੁਕਤ ਕਰਨ ਲਈ ਅਪੀਲ ਕੀਤੀ। ਫਿਰ ਦਸੰਬਰ, 2020 ਦੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਵੀ ਇਹ ਗੱਲ ਦੁਹਰਾਈ। 12 ਅਗਸਤ, 2021 ਨੂੰ ਕੇਂਦਰੀ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲੇ ਨੇ ‘ਪਲਾਸਟਿਕ ਕਚਰਾ ਪ੍ਰਬੰਧਨ ਦੇ ਸੋਧੇ ਨਿਯਮ 2021’ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ 2022 ਤੱਕ ਉਨ੍ਹਾਂ 20 ਵਸਤਾਂ ਦੀ ਵਰਤੋਂ ਉੱਪਰ ਰੋਕ ਲਾਉਣ ਬਾਰੇ ਕਿਹਾ ਜੋ ਇੱਕ ਵਾਰ ਵਰਤ ਕੇ ਸੁੱਟੀਆਂ ਜਾਂਦੀਆਂ ਹਨ ਅਤੇ ਪਲਾਸਟਿਕ ਦੀਆਂ ਹੁੰਦੀਆਂ ਹਨ।
ਅਜਿਹੀਆਂ ਵਸਤਾਂ ਦੀ ਸੂਚੀ ਤਿਆਰ ਕਰਨ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਨੇ ਮਾਹਿਰਾਂ ਦੀ ਕਮੇਟੀ ਬਣਾਈ। ਇਸ ਕਮੇਟੀ ਵਿਚ ਨੀਤੀ ਨਿਰਮਾਤਾ, ਵਿਗਿਆਨੀ, ਅਕਾਦਮਿਕ ਹਸਤੀਆਂ ਅਤੇ ਪਲਾਸਟਿਕ ਖੇਤਰ ਨਾਲ ਸਬੰਧਤ ਖੋਜ ਕਰਤਾ ਸ਼ਾਮਲ ਸਨ। ਇਸ ਕਮੇਟੀ ਨੇ ਪਲਾਸਟਿਕ ਦੀਆਂ ਵੱਖ ਵੱਖ ਵਸਤਾਂ ਦਾ ਮੁਲੰਕਣ 2 ਮੁੱਖ ਮਾਪਦੰਡਾਂ ਉੱਪਰ ਕੀਤਾ। ਇਹ ਮੁੱਖ ਮਾਪਦੰਡ ਸਨ: ਵਸਤੂ ਦੀ ਵਰਤੋਂ ਅਤੇ ਵਸਤੂ ਦੁਆਰਾ ਵਾਤਾਵਰਨ ਉੱਪਰ ਪਾਏ ਜਾਂਦੇ ਅਸਰ। ਇਨ੍ਹਾਂ ਦੋਵੇਂ ਮੁੱਖ ਮਾਪਦੰਡ ਵਿਚ ਅੱਗੇ 5-5 ਉਪ ਮਾਪਦੰਡ ਸਨ। ਹਰ ਉਪ ਮਾਪਦੰਡ ਲਈ 20 ਅੰਕ ਰੱਖੇ ਗਏ। ਇਸ ਤਰ੍ਹਾਂ ਹਰ ਮੁੱਖ ਮਾਪਦੰਡ ਲਈ 100 ਅੰਕ ਬਣਦੇ ਸਨ। ਇਸ ਕਸੌਟੀ ਦੀ ਵਰਤੋਂ ਕਰਦਿਆਂ ਪਲਾਸਟਿਕ ਦੀਆਂ ਉਨ੍ਹਾਂ 20 ਵਸਤਾਂ ਦੀ ਸੂਚੀ ਤਿਆਰ ਕੀਤੀ ਗਈ ਜਿਨ੍ਹਾਂ ਦੀ ਵਰਤੋਂ ਤੇ ਮਹੱਤਤਾ ਸਭ ਤੋਂ ਘੱਟ ਸੀ ਪਰ ਵਾਤਾਵਰਨ ਉੱਪਰ ਅਸਰ ਸਭ ਤੋਂ ਵੱਧ ਸੀ।
ਹੁਣ 30 ਸਤੰਬਰ 2021 ਤੋਂ ਲੈ ਕੇ ਪਹਿਲੀ ਜੁਲਾਈ 2022 ਤੱਕ ਇਹ 20 ਵਸਤਾਂ ਦੀ ਵਰਤੋਂ ਬੰਦ ਹੈ। ਇਹ ਵਸਤਾਂ ਹਨ:
-ਪਲਾਸਟਿਕ ਦੇ ਲਿਫਾਫੇ ਜਿਨ੍ਹਾਂ ਦੀ ਮੋਟਾਈ ਤੈਅ ਮੋਟਾਈ ਤੋਂ ਘੱਟ ਹੋਵੇ
-ਪਲਾਸਟਿਕ ਦੇ ਝੰਡੇ
-ਗੁਬਾਰਿਆਂ ਲਈ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਡੰਡੀਆਂ
-ਆਈਸ ਕਰੀਮ ਦੀਆਂ ਪਲਾਸਟਿਕ ਦੀਆਂ ਡੰਡੀਆਂ
-ਸਜਾਵਟੀ ਕੰਮਾਂ ਵਿਚ ਵਰਤੀ ਜਾਣ ਵਾਲੀ ਥਰਮੋਕੋਲ
-ਪਲਾਸਟਿਕ ਦੇ ਕੱਪ, ਪਲੇਟਾਂ, ਗਲਾਸ, ਚਮਚੇ, ਚਾਕੂ, ਕਾਂਟੇ
-ਪਲਾਸਟਿਕ ਦੇ ਸਟਰਾਅ
-ਪਲਾਸਟਿਕ ਦੀ ਡੰਡੀਆਂ ਵਾਲੇ ਕੰਨ ਸਾਫ ਕਰਨ ਵਾਲੇ ਫੰਬੇ
-ਟਾਫੀਆਂ/ਕੈਂਡੀਆਂ ਦੀਆਂ ਪਲਾਸਟਿਕ ਦੀਆਂ ਡੰਡੀਆਂ
-ਟਰੇਆਂ, ਮਠਿਆਈਆਂ ਦੇ ਡੱਬੇ, ਸੱਦਾ ਪੱਤਰ ਅਤੇ ਸਿਗਰਟਾਂ ਦੀਆਂ ਡੱਬਿਆਂ ਲਪੇਟਣ ਲਈ ਵਰਤੀਆਂ ਜਾਂਦੀਆਂ ਪਲਾਸਟਿਕ ਦੀਆਂ ਸ਼ੀਟਾਂ
-100 ਮਾਈਕਰੋਨ ਤੋਂ ਘੱਟ ਮੋਟੇ ਪਲਾਸਟਿਕ ਪੀਵੀਸੀ ਬੈਨਰ
-ਪਲਾਸਟਿਕ ਦੇ ਚਮਚ
ਪਲਾਸਟਿਕ ਦੀਆਂ ਇਨ੍ਹਾਂ ਵਸਤਾਂ ਉੱਪਰ ਲਗਾਈ ਰੋਕ ਪਹਿਲੀ ਨਜ਼ਰੇ ਤਾਂ ਵਧੀਆ ਅਤੇ ਲੋੜੀਂਦੀ ਜਾਪਦੀ ਹੈ ਪਰ ਜੇ ਡੂੰਘੀ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਖਪਤ ਵਸਤਾਂ ਦਾ ਨਿਰਮਾਣ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਜਾ ਰਹੀਆਂ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਉੱਪਰ ਰੋਕ ਨਹੀਂ ਲਗਾਈ ਜਾ ਰਹੀ। ਇਸੇ ਪ੍ਰਕਾਰ ਪੈਕਿੰਗ ਲਈ ਵਰਤਿਆ ਜਾਣ ਵਾਲਾ ਪਲਾਸਟਿਕ ਜੋ ਪਲਾਸਟਿਕ ਕਚਰੇ ਦਾ 60 ਫੀਸਦੀ ਹੁੰਦਾ ਹੈ, ਨੂੰ ਵੀ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ ਹਾਲਾਂਕਿ ਪੈਕਿੰਗ ਖੋਲ੍ਹਣ ਉਪਰੰਤ ਅਜਿਹੇ ਪਲਾਸਟਿਕ ਨੂੰ ਤੁਰੰਤ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਹੈ।
ਲੋੜ ਹੈ, ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਉੱਪਰ ਲਗਈ ਜਾਣ ਵਾਲੀ ਪਾਬੰਦੀ ਨੂੰ ਤਰਕ ਸੰਗਤ ਬਣਾਇਆ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਅਵਾਮ ਦਾ ਸਹਿਯੋਗ ਮਿਲ ਸਕੇ ਅਤੇ ਨਾਲ ਹੀ ਮਨੁੱਖੀ ਸਿਹਤ ਤੇ ਸਾਡੀ ਧਰਤੀ ਦੀ ਜਾਨ ਪਲਾਸਟਿਕ ਦੇ ਇਸ ਜਾਲ ਵਿਚੋਂ ਬਚ ਕੇ ਨਿਕਲ ਸਕਣ।
ਸੰਪਰਕ: 98761-35823