DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗਰਮ ਹੋਈ ਦੂਸ਼ਣਬਾਜ਼ੀ ਦੀ ਸਿਆਸਤ

ਪੰਜਾਬ ਵਿੱਚ ਸਿਆਸੀ ਲੀਡਰਾਂ ਦੀ ਦੂਸ਼ਣਬਾਜ਼ੀ ਦੀ ਸਿਆਸਤ ਗਰਮ ਹੈ। ਅੱਜਕੱਲ੍ਹ ਸਿਆਸੀ ਬਹਿਸਬਾਜ਼ੀ ਅਤੇ ਬਿਆਨਬਾਜ਼ੀਆਂ ਦਾ ਦੌਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਿਆ ਹੈ। ਪਹਿਲਾਂ ਪਹਿਲ ਸਿਆਸੀ ਪਾਰਟੀਆਂ ਘੱਟ ਸਨ ਤੇ ਮੀਡੀਆ ਤੰਤਰ ਸਿਰਫ਼ ਅਖ਼ਬਾਰਾਂ, ਰਸਾਲਿਆਂ ਅਤੇ ਰੇਡੀਓ ਤੱਕ ਸੀਮਤ...

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਸਿਆਸੀ ਲੀਡਰਾਂ ਦੀ ਦੂਸ਼ਣਬਾਜ਼ੀ ਦੀ ਸਿਆਸਤ ਗਰਮ ਹੈ। ਅੱਜਕੱਲ੍ਹ ਸਿਆਸੀ ਬਹਿਸਬਾਜ਼ੀ ਅਤੇ ਬਿਆਨਬਾਜ਼ੀਆਂ ਦਾ ਦੌਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਿਆ ਹੈ। ਪਹਿਲਾਂ ਪਹਿਲ ਸਿਆਸੀ ਪਾਰਟੀਆਂ ਘੱਟ ਸਨ ਤੇ ਮੀਡੀਆ ਤੰਤਰ ਸਿਰਫ਼ ਅਖ਼ਬਾਰਾਂ, ਰਸਾਲਿਆਂ ਅਤੇ ਰੇਡੀਓ ਤੱਕ ਸੀਮਤ ਹੋਣ ਕਰਕੇ ਸਿਰਫ਼ ਵੋਟਾਂ ਪੈਣ ਸਮੇਂ ਹੀ ਸਿਆਸੀ ਮਾਹੌਲ ਗਰਮਾਉਂਦਾ ਸੀ। ਪਹਿਲਾਂ ਪਹਿਲ ਦਲ ਬਦਲੂ ਸਿਆਸੀ ਲੀਡਰ ਵੀ ਕੋਈ ਕੋਈ ਹੀ ਪੈਦਾ ਹੁੰਦਾ ਸੀ। ਅੱਜਕੱਲ੍ਹ ਤਾਂ ਹਰ ਦਿਨ ਹਰ ਘੰਟੇ ਸਿਆਸੀ ਮਾਹੌਲ ਗਰਮਾਇਆ ਹੀ ਰਹਿੰਦਾ ਹੈ। ਦਲ ਬਦਲੂਆਂ ਦੀ ਭਰਮਾਰ ਹੈ। ਜਿਹੜੇ ਪਹਿਲਾਂ ਇੱਕ ਪਾਰਟੀ ਦੇ ਗੀਗੇ ਗਾਉਂਦੇ ਹਨ, ਉਹੀ ਕੁਝ ਘੰਟਿਆਂ ਬਾਅਦ ਕਿਸੇ ਹੋਰ ਪਾਰਟੀ ਦਾ ਲੜ ਫੜ ਕੇ ਉਸੇ ਪਾਰਟੀ ਨੂੰ ਨਿੰਦਦੇ ਨਜ਼ਰ ਆਉਂਦੇ ਹਨ। ਕਈ ਸਿਆਸੀ ਲੀਡਰ ਤਾਂ ਇਹੋ ਜਿਹੇ ਹਨ ਜਿਨ੍ਹਾਂ ਨੇ ਕੋਈ ਪਾਰਟੀ ਬਦਲਣ ਤੋਂ ਛੱਡੀ ਹੀ ਨਹੀਂ। ਆਮ ਲੋਕਾਂ ਨੂੰ ਸਿਆਸੀ ਲੀਡਰਾਂ ਦੀਆਂ ਇੱਕ-ਦੂਜੇ ਉੱਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਜਾਂ ਦੂਸ਼ਣਬਾਜ਼ੀਆਂ ਜਾਂ ਫਿਰ ਬਿਆਨਬਾਜ਼ੀਆਂ ਦਾ ਕੋਈ ਫਾਇਦਾ ਹੈ ਜਾਂ ਫਿਰ ਉਨ੍ਹਾਂ ਵੱਲੋਂ ਇੱਕ-ਦੂਜੇ ਉੱਤੇ ਨਿਰੇ ਹਵਾਈ ਤੀਰ ਛੱਡ ਕੇ ਆਮ ਜਨਤਾ ਨੂੰ ਉਲਝਾਈ ਰੱਖਣ ਦੀ ਕੋਈ ਚਾਲ ਹੈ, ਇਸ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ।

ਜਦੋਂ ਲੋਕ ਆਪਣੇ ਵਿੱਚੋਂ ਹੀ ਇੱਕ ਆਮ ਵਿਅਕਤੀ ਨੂੰ ਵੋਟਾਂ ਪਾ ਕੇ ਜਿਤਾ ਕੇ ਤੋਰਦੇ ਹਨ ਤਾਂ ਉਨ੍ਹਾਂ ਨੂੰ ਉਸ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਕਿ ਉਹ ਆਪਣੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੋਵੇਗਾ। ਇੱਕ ਲੀਡਰ ਬਣਨ ਤੋਂ ਬਾਅਦ ਉਹੀ ਆਮ ਵਿਅਕਤੀ ਬਹੁਤ ਖ਼ਾਸ ਬਣ ਜਾਂਦਾ ਹੈ। ਉਹੀ ਵਿਅਕਤੀ ਜਿਸ ਨੂੰ ਉਨ੍ਹਾਂ ਨੇ ਚੁਣ ਕੇ ਭੇਜਿਆ ਹੁੰਦਾ ਹੈ, ਉਹੀ ਉਨ੍ਹਾਂ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਂਦਾ ਹੈ। ਆਮ ਲੋਕਾਂ ਦੀਆਂ ਮੁਸ਼ਕਿਲਾਂ, ਕੰਮ ਜਾਂ ਮੁੱਦੇ ਉਵੇਂ ਦੀ ਉਵੇਂ ਹੀ ਰਹਿੰਦੇ ਹਨ। ਸਾਡੇ ਲੀਡਰ ਸਾਹਿਬਾਨ ਦਾ ਆਪਣੀ ਆਪਣੀ ਪਾਰਟੀ ਦਾ ਅਸਿੱਧੇ ਤੌਰ ’ਤੇ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ, ਦੂਜੀਆਂ ਪਾਰਟੀਆਂ ’ਤੇ ਦੂਸ਼ਣਬਾਜ਼ੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਆਮ ਲੋਕ ਆਪਣੇ ਸਾਰੇ ਮੁੱਦੇ ਭੁੱਲ ਭੁਲਾ ਕੇ ਮੂਕ ਦਰਸ਼ਕ ਬਣ ਕੇ ਰਹਿ ਜਾਂਦੇ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਸਿਆਸੀ ਲੀਡਰ ਭਾਸ਼ਣਾਂ ਦੌਰਾਨ ਆਪਣੀ ਬੋਲੀ ਦੀ ਮਰਿਆਦਾ ਵੀ ਨਹੀਂ ਰੱਖਦੇ। ਉੱਚ ਅਹੁਦਿਆਂ ’ਤੇ ਬਿਰਾਜਮਾਨ ਸਿਆਸੀ ਆਗੂ ਦੰਦੀਆਂ ਚਿੜਾਉਂਦੇ, ਮਮਿਕਰੀ ਕਰਦੇ, ਚਿੱਕੜ ਸੁੱਟਦੇ ਹੋਏ ਇਸ ਤਰ੍ਹਾਂ ਵਿਚਰਦੇ ਹਨ ਜਿਵੇਂ ਉਹ ਆਮ ਲੋਕਾਂ ਦੀ ਰਹਿਨੁਮਾਈ ਨਾ ਕਰਕੇ ਮਨਪ੍ਰਚਾਵੇ ਦਾ ਸਰੋਤ ਹੋਣ।

Advertisement

ਸਾਡੇ ਸਿਆਸਤਦਾਨ ਬਹੁਤ ਸਮਝਦਾਰ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਜਨਤਾ ਨੂੰ ਕਿਵੇਂ ਬੇਵਕੂਫ਼ ਬਣਾਉਣਾ ਹੈ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਵੋਟਾਂ ਲੈਣ ਵੇਲੇ ਲੋਕਾਂ ਨੂੰ ਕਿਵੇਂ ਭਰਮਾਉਣਾ ਹੈ। ਆਮ ਲੋਕਾਂ ਅੱਗੇ ਸਿਆਸੀ ਬੁਰਕੀਆਂ ਸੁੱਟੀਆਂ ਜਾਂਦੀਆਂ ਹਨ। ਹਰ ਪਾਰਟੀ ਦਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਹੈ ਜਿਸ ਵਿੱਚ ਲੋਕਾਂ ਨੂੰ ਮੁਫ਼ਤ ਰਾਸ਼ਨ, ਬਿਜਲੀ ਤੋਂ ਲੈ ਕੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਲਾਲਚ ਦਿੱਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਅਜੇ ਤੱਕ ਅਜਿਹਾ ਕੋਈ ਕਾਨੂੰਨ ਨਹੀਂ ਬਣਿਆ ਜਿਸ ਵਿੱਚ ਸਰਕਾਰ ਬਣਾਉਣ ਵਾਲੀਆਂ ਪਾਰਟੀਆਂ ਤੋਂ ਕਾਨੂੰਨੀ ਤੌਰ ਉੱਤੇ ਮੈਨੀਫੈਸਟੋ ਵਿੱਚ ਜਾਰੀ ਕੀਤੇ ਦਾਅਵੇ ਅਤੇ ਵਾਅਦੇ ਸੌ ਪ੍ਰਤੀਸ਼ਤ ਪੂਰੇ ਕਰਵਾਏ ਜਾਣ। ਸੋ ਮੈਨੀਫੈਸਟੋ ਤਾਂ ਸਿੱਧੇ ਤੌਰ ’ਤੇ ਆਮ ਲੋਕਾਂ ਨਾਲ ਨਿਰਾ ਮਜ਼ਾਕ ਹੀ ਸਾਬਤ ਹੁੰਦਾ ਹੈ।

Advertisement

ਅੱਜਕੱਲ੍ਹ ਇਲੈੱਕਟ੍ਰੌਨਿਕ ਮੀਡੀਆ ਦਾ ਯੁੱਗ ਹੈ। ਸਾਡੇ ਲੀਡਰ ਸਾਹਿਬਾਨ ਬਿਆਨਬਾਜ਼ੀ ਅਤੇ ਦੂਸ਼ਣਬਾਜੀ ਕੁਝ ਜ਼ਰੂਰਤ ਤੋਂ ਜ਼ਿਆਦਾ ਹੀ ਕਰਨ ਲੱਗ ਪਏ ਹਨ। ਆਮ ਲੋਕਾਂ ਦਾ ਧਿਆਨ ਆਪਣੇ ਮੁੱਦਿਆਂ ਅਤੇ ਸਮੱਸਿਆਵਾਂ ਵੱਲ ਤਾਂ ਜਾਂਦਾ ਹੀ ਨਹੀਂ। ਕੋਈ ਵੀ ਇੱਕ ਪਾਰਟੀ ਦਾ ਲੀਡਰ ਉੱਠ ਕੇ ਆਪਣੀ ਹੀ ਪਾਰਟੀ ਦੇ ਲੀਡਰ ’ਤੇ ਜਾਂ ਫਿਰ ਵਿਰੋਧੀ ਪਾਰਟੀ ਦੇ ਲੀਡਰ ’ਤੇ ਦੂਸ਼ਣਬਾਜ਼ੀ ਕਰਦਾ ਹੈ, ਵਿਵਾਦ ਉਤਪੰਨ ਹੁੰਦੇ ਹਨ। ਉਸ ਨੂੰ ਇਲੈੱਕਟ੍ਰੌਨਿਕ ਮੀਡੀਆ ਉਸੇ ਸਮੇਂ ਵੱਡੇ ਵੱਡੇ ਅੱਖਰਾਂ ਵਿੱਚ ਬ੍ਰੇਕਿੰਗ ਨਿਊਜ਼ ਬਣਾ ਕੇ ਪੇਸ਼ ਕਰਦਾ ਹੈ। ਫਿਰ ਕੰਮ ਇੱਥੇ ਹੀ ਨਹੀਂ ਰੁਕਦਾ। ਫਿਰ ਜਿਸ ਬਾਰੇ ਬਿਆਨਬਾਜ਼ੀ ਕੀਤੀ ਹੁੰਦੀ ਹੈ, ਸਾਡਾ ਮੀਡੀਆ ਉਨ੍ਹਾਂ ਕੋਲ ਪਹੁੰਚ ਕੇ ਜਵਾਬ ਲੈਂਦਾ ਹੈ। ਫਿਰ ਉਸ ਦੀ ਬ੍ਰੇਕਿੰਗ ਨਿਊਜ਼ ਬਣਦੀ ਹੈ। ਕੰਮ ਇੱਥੇ ਵੀ ਨਹੀਂ ਰੁਕਦਾ, ਫਿਰ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਦੇ ਹੋਰ ਆਗੂਆਂ ਦੇ ਬਿਆਨ ਲਏ ਜਾਂਦੇ ਹਨ। ਉਸ ਤੋਂ ਵੀ ਅੱਗੇ ਫਿਰ ਸਾਰੇ ਨਿਊਜ਼ ਚੈਨਲਾਂ ’ਤੇ ਬਹੁਤ ਹੀ ਦਿਲਚਸਪ ਢੰਗ ਨਾਲ ਬਹਿਸ ਕਰਵਾਈ ਜਾਂਦੀ ਹੈ। ਆਮ ਲੋਕ ਬੈਠ ਕੇ ਬਹੁਤ ਹੀ ਦਿਲਚਸਪ ਸੀਰੀਅਲਾਂ ਵਾਂਗ ਉਨ੍ਹਾਂ ਨੂੰ ਵੇਖਦੇ ਹਨ। ਉਹ ਵੀ ਆਪਣੇ ਹੱਕਾਂ ਅਤੇ ਮੁੱਦਿਆਂ ਨੂੰ ਭੁੱਲ ਜਾਂਦੇ ਹਨ ਜਿਨ੍ਹਾਂ ਖ਼ਾਤਰ ਉਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਸੀ। ਉਹ ਮਸਲਾ ਠੰਢਾ ਪੈਣ ਲੱਗਦਾ ਹੈ ਤਾਂ ਕੋਈ ਹੋਰ ਇਹੋ ਜਿਹਾ ਮਸਲਾ ਤਿਆਰ ਹੋ ਜਾਂਦਾ ਹੈ।

ਆਮ ਲੋਕਾਂ ਦਾ ਤਾਂ ਸਾਰਾ ਦਿਨ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਸਿਆਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਅਤੇ ਬਹਿਸਬਾਜ਼ੀ ਸੁਣ ਕੇ ਲੰਘ ਜਾਂਦਾ ਹੈ। ਜਿਹੜੇ ਆਗੂ ਨੂੰ ਉਨ੍ਹਾਂ ਨੇ ਆਪਣੇ ਵਿੱਚੋਂ ਚੁਣ ਕੇ ਭੇਜਿਆ ਹੁੰਦਾ ਹੈ ਉਹ ਤਾਂ ਉਨ੍ਹਾਂ ਤੋਂ ਬਹੁਤ ਅਮੀਰ ਹੋ ਚੁੱਕਿਆ ਹੁੰਦਾ ਹੈ ਤੇ ਮੁੜ ਕੇ ਤਾਂ ਵੋਟਾਂ ਦੇ ਸਮੇਂ ਹੀ ਉਨ੍ਹਾਂ ਦੇ ਮੱਥੇ ਲੱਗਦਾ ਹੈ। ਮੁੱਕਦੀ ਗੱਲ ਇਹ ਹੈ ਕਿ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਕੀਤੀਆਂ ਟਿੱਪਣੀਆਂ ਜਾਂ ਬਿਆਨਬਾਜ਼ੀਆਂ ਆਮ ਲੋਕਾਂ ਦੇ ਕਿਸ ਕੰਮ ਦੀਆਂ ਹਨ? ਕੀ ਉਸ ਵਿੱਚੋਂ ਇੱਕ ਪ੍ਰਤੀਸ਼ਤ ਵੀ ਆਮ ਲੋਕਾਂ ਨੂੰ ਕੁਝ ਪ੍ਰਾਪਤ ਹੁੰਦਾ ਹੈ? ਨਹੀਂ, ਸਗੋਂ ਇਸ ਤੋਂ ਉਲਟ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ, ਉਹ ਆਪਣੇ ਮੁੱਦਿਆਂ ਤੋਂ ਭਟਕ ਜਾਂਦੇ ਹਨ ਤੇ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਆਗੂਆਂ ਦੀ ਚੋਣ ਕਿਸ ਮਕਸਦ ਲਈ ਕਰਕੇ ਭੇਜੀ ਸੀ। ਉਹ ਮੂਕ ਦਰਸ਼ਕ ਬਣ ਕੇ ਬਹੁਤ ਦਿਲਚਸਪੀ ਨਾਲ ਇਸ ਸਭ ਨੂੰ ਸੁਣਦੇ ਹਨ, ਖੁੰਢ ਚਰਚਾ ਕਰਦੇ ਹੋਏ ਜਾਂ ਦੋਸਤਾਂ ਮਿੱਤਰਾਂ ਅਤੇ ਪਰਿਵਾਰਾਂ ਨਾਲ ਬੈਠ ਕੇ ਚਰਚਾ ਕਰਦੇ ਹੋਏ ਆਪ ਵੀ ਅਸਿੱਧੇ ਤੌਰ ’ਤੇ ਉਨ੍ਹਾਂ ਦਾ ਹਿੱਸਾ ਬਣ ਜਾਂਦੇ ਹਨ। ਇਸ ਨਾਲ ਉਨ੍ਹਾਂ ਦਾ ਟਾਈਮ ਪਾਸ ਤਾਂ ਵਧੀਆ ਹੁੰਦਾ ਹੈ, ਪਰ ਨੈਤਿਕ ਤੌਰ ’ਤੇ ਕੋਈ ਫਾਇਦਾ ਨਹੀਂ ਹੁੰਦਾ।

ਸੰਪਰਕ: 99889-01324

Advertisement
×