ਕਿਸਾਨ ਅੰਦੋਲਨ ਬਦਲਵੇਂ ਪਰ ਨਾਜ਼ੁਕ ਮੋੜ ਵੱਲ

ਕਿਸਾਨ ਅੰਦੋਲਨ ਬਦਲਵੇਂ ਪਰ ਨਾਜ਼ੁਕ ਮੋੜ ਵੱਲ

ਗੁਰਦੀਪ ਸਿੰਘ ਢੁੱਡੀ

ਗੁਰਦੀਪ ਸਿੰਘ ਢੁੱਡੀ

ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਜਿੱਥੇ ਦੇਸ਼ ਦੇ ਸਾਰੇ ਸੂਬਿਆਂ ਵਿਚ ਫੈਲ ਰਿਹਾ ਹੈ ਉੱਥੇ ਇਸ ਨੇ ਕੌਮਾਂਤਰੀ ਪੱਧਰ ’ਤੇ ਵੀ ਆਪਣੀ ਹੋਂਦ ਦਰਜ ਕਰਵਾ ਦਿੱਤੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਚੌਥੇ ਮਹੀਨੇ ਦੇ ਅੰਤਲੇ ਦਿਨਾਂ ਤੱਕ ਪਹੁੰਚਿਆ ਇਹ ਸੰਘਰਸ਼ ਜਿੱਥੇ ਆਪਣਾ ਰੂਪ ਬਦਲ ਰਿਹਾ ਹੈ ਉੱਥੇ ਇਸ ਦਾ ਘੇਰਾ ਵੀ ਅੰਤਾਂ ਦਾ ਵਿਸ਼ਾਲ ਹੋ ਰਿਹਾ ਹੈ। ਆਪਣੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ‘ਜੱਟ ਕਿਸਾਨਾਂ’ ਕੀਤਾ ਅੰਦੋਲਨ ਹੁਣ ਕਿੱਤਿਆਂ ਅਤੇ ਜਾਤਪਾਤੀ ਵਲਗਣਾਂ ਪਾਰ ਕਰਕੇ ਵਸੀਹ ਹੋ ਚੁੱਕਿਆ ਹੈ। ਇਸ ਅੰਦੋਲਨ ਦਾ ਬਹੁਤ ਹੀ ਅਹਿਮ ਪੱਖ ਜੇ ਅੱਜ ਬਿਆਨਣਾ ਹੋਵੇ ਤਾਂ ਕਿਸਾਨੀ ਹੋਂਦ ਬਚਾਉਣ ਲਈ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਕੇਂਦਰ ਸਰਕਾਰ ਵੱਲੋਂ ਕਿਰਤ ਕਨੂੰਨ ਦੀਆਂ ਕੀਤੀਆਂ ਸੋਧਾਂ ਵੀ ਆਪਣੇ ਵਿਚ ਦਰਜ ਕਰ ਗਿਆ ਹੈ ਅਤੇ ਛੋਟੇ ਵਪਾਰੀ ਨੂੰ ਵੀ ਇਹ ਜਤਾਉਣ ਵਿਚ ਸਫ਼ਲ ਹੋਇਆ ਹੈ ਕਿ ਭਾਜਪਾ ਸਰਕਾਰ ਵੱਡੇ ਵਪਾਰਕ ਘਰਾਣਿਆਂ ਦੇ ਵਿਕਾਸ ਵਾਸਤੇ ਛੋਟੇ ਵਪਾਰੀਆਂ ਦੀ ਹੋਂਦ ਵੀ ਗਹਿਣੇ ਧਰ ਰਹੀ ਹੈ। ਸਹੀ ਅਰਥਾਂ ਵਿਚ ਇਸ ਅੰਦੋਲਨ ਦੇ ਵਰਤਮਾਨ ਰੂਪ ਤੋਂ ਇਸ ਦੀ ਕੋਈ ਖ਼ਾਸ ਸੀਮਾ ਤੈਅ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੋ ਗਈ ਹੈ।

ਅੱਜ ਇਹ ਕਿਸਾਨ ਅੰਦੋਲਨ ਦੇ ਨਾਮ ਤੇ ਜਨਅੰਦੋਲਨ ਬਣ ਚੁੱਕਿਆ ਹੈ। ਸਾਹਿਤਕ ਅਤੇ ਬੌਧਿਕ ਹਲਕੇ ਇਸ ਸੰਘਰਸ਼ ਨੂੰ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ ਵਿਰੁੱਧ ਭਾਰਤੀ ਲੋਕਾਂ ਦੇ ਅਜ਼ਾਦੀ ਪ੍ਰਾਪਤੀ ਦੇ ਸ਼ੁਰੂ ਹੋਏ ਸੰਘਰਸ਼ ਨਾਲ ਮੇਲ ਕੇ ਵੇਖ ਰਹੇ ਹਨ। ਇਸੇ ਕਰਕੇ ਇਸ ਅੰਦੋਲਨ ਨੂੰ ਕਿਧਰੇ ਨਾ ਕਿਧਰੇ ਆਪਣੇ ਹੀ ਦੇਸ਼ ਦੀ ਚੁਣੀ ਹੋਈ ਸਰਕਾਰ ਪ੍ਰਤੀ ਗ਼ੁਲਾਮੀ ਅਤੇ ਅਜ਼ਾਦੀ ਦੇ ਸੰਘਰਸ਼ ਦਾ ਬਦਲਵਾਂ ਰੂਪ ਵੇਖਣ ਵਿਚ ਆ ਰਿਹਾ ਹੈ। ਅੰਗਰੇਜ਼ੀ ਰਾਜ ਦੀ ਗ਼ੁਲਾਮੀ ਵਿਰੁੱਧ ਭਾਰਤੀਆਂ ਦੇ ਸੰਘਰਸ਼ ਦੀਆਂ ਗਾਥਾਵਾਂ ਨੂੰ ਇਨ੍ਹੀ ਦਿਨੀਂ ਇਸੇ ਪਰਿਪੇਖ ਵਿਚ ਹੀ ਪੜ੍ਹਿਆ ਅਤੇ ਵਿਚਾਰਿਆ ਜਾ ਰਿਹਾ ਹੈ। ਭਾਰਤੀਆਂ ਦੇ ਮੁੱਖ ਕਿੱਤੇ ਖੇਤੀ ਵਿਚਲੀਆਂ ਤੰਗੀਆਂ ਤੁਰਸ਼ੀਆਂ ਅਤੇ ਇਨ੍ਹਾਂ ਵਿਚੋਂ ਪਾਰ ਨਿੱਕਲਣ ਨਾਲ ਜੁੜੇ ਹੋਏ ਲੋਕ ਗੀਤ, ਬੋਲੀਆਂ ਅਤੇ ਸਾਹਿਤਕ ਕ੍ਰਿਤਾਂ ਹੁਣ ਲੋਕਾਂ ਦੇ ਮੂੰਹਾਂ ’ਤੇ ਆ ਗਏ ਹਨ। ਲੋਕਾਂ ਦੀਆਂ ਇਕੱਤਰਤਾਵਾਂ, ਵਿਆਹ ਸ਼ਾਦੀਆਂ, ਧਾਰਮਿਕ ਸਮਾਗਮਾਂ ਅਤੇ ਹੋਰ ਛੋਟੇ ਮੋਟੇ ਇਕੱਠਾਂ ਵਿਚ ਇਸ ਅੰਦੋਲਨ ਦੀਆਂ ਗੱਲ ਤੁਰਦੀਆਂ ਹਨ। 2014 ਵਿਚ ਹਕੂਮਤ ਸੰਭਾਲਣ ਤੋਂ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਦੇ ਰਾਜਾਂ ਵਾਲੀਆਂ ਸਰਕਾਰਾਂ ਦੁਆਰਾ ਘੱਟ ਗਿਣਤੀਆਂ ਅਤੇ ਦਲਿਤ ਸ਼੍ਰੇਣੀਆਂ ਵਿਰੁੱਧ ਭਾਜਪਾ ਦੀਆਂ ਨੀਤੀਆਂ ਨੂੰ ਦਮਨਕਾਰੀ ਨੀਤੀਆਂ ਵਜੋਂ ਵੇਖਿਆ ਜਾ ਰਿਹਾ ਹੈ। ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਲੋਕਾਂ ਵਿਚ ਜੋ ਕੁਝ ਉਭਾਰਨ ਵਿਚ ਸਫ਼ਲਤਾ ਹਾਸਲ ਨਹੀਂ ਕਰ ਸਕੀਆਂ ਸਨ ਉਸ ਨੂੰ ਕਿਸਾਨੀ ਸੰਘਰਸ਼ ਨੇ ਪੂਰਿਆਂ ਕਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਦੁਆਰਾ ਉਠਾਇਆ ਜਾ ਰਿਹਾ ਦਮਨ ਦਾ ਨਿੱਤ ਨਵਾਂ ਹਥਿਆਰ ਇਸ ਦੀ ਬੌਖ਼ਲਾਹਟ ਨੂੰ ਪ੍ਰਤੱਖ ਰੂਪ ਵਿਚ ਜਨਤਕ ਕਰ ਰਿਹਾ ਹੈ। ਵਿਸ਼ਵ ਪੱਧਰ ’ਤੇ ਵਿਸ਼ਵ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼, ਉਦਾਰੀਕਰਨ ਦੀਆਂ ਨੀਤੀਆਂ; ਗੱਲ ਕੀ ਹਰ ਤਰ੍ਹਾਂ ਦੇ ਅੰਤਰਰਸ਼ਾਟਰੀ ਜਿਨ੍ਹਾਂ ਦਬਾਵਾਂ ਨੂੰ ਖੱਬੇ ਪੱਖੀ ਧਿਰਾਂ ਨੇ ਲੋਕਾਂ ਵਿਚ ਲਿਜਾਣ ਦੇ ਵਡੇਰੇ ਯਤਨ ਕੀਤੇ ਸਨ; ਉਨ੍ਹਾਂ ਨੂੰ ਕਿਸਾਨ ਅੰਦੋਲਨ ਹੁਣ ਸਹਿਜੇ ਹੀ ਜਨਤਾ ਪਹੁੰਚ ਵਿਚ ਲਿਆਉਣ, ਸਮਝਾਉਣ ਦੇ ਸਮਰੱਥ ਹੋਇਆ ਜਾਪਦਾ ਹੈ। ਇਨ੍ਹਾਂ ਖ਼ਿਲਾਫ਼ ਭਾਰਤ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਜਨਅੰਦੋਲਨ ਦੇ ਉਭਰਨ ਦੀਆਂ ਆਸਾਂ ਕਿਸਾਨੀ ਅੰਦੋਲਨ ਵਿਚੋਂ ਵੇਖੀਆਂ ਜਾ ਸਕਦੀਆਂ ਹਨ।

ਪੰਜਾਬ ਵਿਚ ਸਥਾਨਕ ਸਰਕਾਰਾਂ ਦੀਆਂ ਸ਼ਹਿਰੀ ਹਲਕਿਆਂ ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਭਾਜਪਾ ਦੀ ਪੰਜਾਬ ਇਕਾਈ ਦੇ ਮੂਹਰਲੀਆਂ ਸਫ਼ਾਂ ਦੇ ਨੇਤਾਵਾਂ ਦੀ ਘੇਰਾਬੰਦੀ ਕਰਦਿਆਂ ਇਕ ਰੋਹ ਪ੍ਰਦਰਸ਼ਤ ਕੀਤਾ ਸੀ ਪਰ ਇਸ ਰੋਹ ਵਿਚ ਸਿਆਸੀ ਰੰਗਤ ਪ੍ਰਤੱਖ ਰੂਪ ਵਿਚ ਵਿਖਾਈ ਨਹੀਂ ਦਿੰਦੀ ਸੀ। ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਦੇ ਚੋਣ ਅਖ਼ਾੜਿਆਂ ਵਿਚੋਂ ਸ਼ਹਿਰੀ ਵੋਟਰਾਂ ਨੇ ਭਾਜਪਾ ਨੂੰ ਬਾਹਰ ਦਾ ਰਸਤਾ ਵਿਖਾਉਣ ਸਦਕਾ ਕਿਸਾਨੀ ਘੋਲ਼ ਨੂੰ ਮਿਲੀ ਜਨਤਕ ਹਮਾਇਤ ਨੇ ਕਿਸਾਨ ਸੰਘਰਸ਼ ਨੂੰ ਸਪਸ਼ਟ ਰੂਪ ਵਿਚ ਸਿਆਸਤ ਵੱਲ ਮੋਹਰੀ ਕਰ ਦਿੱਤਾ ਹੈ। ਪੰਜਾਬ ਤੋਂ ਜਿਵੇਂ ਹੀ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ (ਨਵੰਬਰ 2020 ਦੇ ਅਖੀਰਲੇ ਹਫ਼ਤੇ) ਵੱਲ ਵਹੀਰਾਂ ਘੱਤ ਤੁਰਿਆ ਤਿਵੇਂ ਹੀ ਹਰਿਆਣਾ ਵੀ ‘ਛੋਟੇ ਭਰਾ’ ਵਾਲਾ ਫ਼ਰਜ਼ਾ ਨਿਭਾਉਂਦਾ ਹੋਇਆ ਬਰਾਬਰ ਦਾ ਹੋ ਗਿਆ। ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਵੀ ਇਸ ਅੰਦੋਲਨ ਦਾ ਘੇਰਾ ਅੱਗੇ ਵਧਾ ਦਿੱਤਾ। ਕਿਉਂਕਿ ਹਰਿਆਣਾ ਬਰਾਬਰ ਦਾ ਭਰਾ ਬਣ ਚੁੱਕਿਆ ਸੀ ਅਤੇ ਹਰਿਆਣੇ ਵਿਚ ਭਾਜਪਾ ਸਰਕਾਰ ਸਪਸ਼ਟ ਰੂਪ ਵਿਚ ਬਹੁਮੱਤ ਵਿਚ ਨਹੀਂ ਸੀ ਇਸ ਲਈ ਹਰਿਆਣਵੀਆਂ ਨੇ ਪੰਜਾਬੀਆਂ ਨੂੰ ਨਾਲ ਲੈ ਕੇ ਹਰਿਆਣੇ ਦੀ ਭਾਜਪਾ ਸਰਕਾਰ ਨੂੰ ਡੇਗਣ ਦੀ ਠਾਣ ਲਈ। ਹਾਲਾਂਕਿ ਹਰਿਆਣੇ ਵਿਚ ਸਰਕਾਰ ਡੇਗਣ ਵਿਚ ਸਫ਼ਲਤਾ ਹਾਸਲ ਨਹੀਂ ਹੋਈ ਪਰ ਇੱਥੇ ਦੀਆਂ ਲਕੀਰਾਂ ਭਵਿੱਖ ਵਿਚ ਕੁੱਝ ਅੰਕੁਰ ਫ਼ੁਟਾਉਣ ਵਿਚ ਕਾਮਯਾਬ ਹੋਇਆਂ ਵਰਗੀਆਂ ਲੀਹਾਂ ਬਣੀਆਂ ਹਨ।

ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਪੰਜ ਦੱਖਣੀ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਨੇ ਕਿਸਾਨੀ ਸੰਘਰਸ਼ ਦਾ ਘੇਰਾ ਹੋਰ ਵਧਾਉਣ ਦਾ ਕੰਮ ਕਰਨਾ ਹੈ। ਵਿਸ਼ੇਸ਼ ਕਰਕੇ ਅਮਿਤ ਸ਼ਾਹ ਅਤੇ ਮੋਦੀ ਦੀ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਵਿਰੁੱਧ ਘੇਰਾਬੰਦੀ ਨੂੰ ਕਿਸਾਨ ਨੇਤਾਵਾਂ ਦੁਆਰਾ ਠੱਲ੍ਹ ਪਾਉਣ ਦੀ ਪੂਰੀ ਉਮੀਦ ਹੈ। ਕਿਸਾਨ ਨੇਤਾਵਾਂ ਦਾ ਇਨ੍ਹਾਂ ਰਾਜਾਂ ਦੀਆਂ ਚੋਣਾਂ ਵਿਚ ਸਿਆਸੀ ਪ੍ਰਭਾਵ ਕਿੰਨਾ ਅਤੇ ਕਿਸ ਤਰ੍ਹਾਂ ਦਾ ਪੈਣਾ ਹੈ; ਇਹ ਤਾਂ ਦੋ ਮਈ ਨੂੰ ਸਾਹਮਣੇ ਆਉਣਾ ਹੈ ਪਰ ਨਿਸ਼ਚੇ ਹੀ ਇਨ੍ਹਾਂ ਰਾਜਾਂ ਦੇ ਆਮ ਲੋਕਾਂ ਨੂੰ ਉਹੋ ਜਿਹੀ ਚੇਤਨਾ ਤਾਂ ਕਿਸਾਨ ਨੇਤਾਵਾਂ ਨੇ ਦੇਣ ਵਿਚ ਵੱਡਾ ਰੋਲ ਅਦਾ ਕਰ ਦੇਣਾ ਹੈ ਜਿਹੋ ਜਿਹੀ ਚੇਤਨਾ ਉੱਤਰੀ ਰਾਜਾਂ ਦੇ ਲੋਕਾਂ ਵਿਚ ਭਰੀ ਜਾ ਚੁੱਕੀ ਹੈ। ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਵਿਚ ਸ਼ੁਰੂ ਹੋਇਆ ਅੰਦੋਲਨ ‘ਕੇਵਲ ਜੱਟ ਕਿਸਾਨਾਂ’ ਦਾ ਅੰਦੋਲਨ ਜਾਣਿਆ ਗਿਆ ਸੀ ਜੋ ਹੁਣ ਸਮੂਹ ਪੰਜਾਬੀਆਂ ਦੇ ਅੰਦੋਲਨ ਵਿਚ ਬਦਲ ਕੇ ਸਮੂਹ ਭਾਰਤੀਆਂ ਦਾ ਬਣ ਗਿਆ ਹੈ। ਮੱਧ ਭਾਰਤ ਵਿਚ ਭਾਜਪਾ ਦੀਆਂ ਨੀਤੀਆਂ ਦਾ ਖ਼ੁਲਾਸਾ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਦੱਖਣੀ ਰਾਜਾਂ ਵਿਚ ਇਹ ਹੁਣ ਪਹੁੰਚ ਜਾਵੇਗਾ।

ਕਿਉਂਕਿ ‘ਪਤਾਸ਼ਾਹੀ ਦੋਵਾਂ ਫ਼ੌਜਾਂ ਦੇ ਭਾਰੀ’ ਹੋਣ ਸਦਕਾ ਹੁਣ ਇਹ ਜੰਗ ਦੇ ਨਾਜ਼ੁਕ ਦੌਰ ਵਿਚ ਪ੍ਰਵੇਸ਼ ਹੋ ਚੁੱਕਿਆ ਹੈ ਇਸ ਕਰਕੇ ਇੱਥੇ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਫ਼ੂਕ ਫ਼ੂਕ ਕੇ ਕਦਮ ਚੁੱਕਣੇ ਪੈਣੇ ਹਨ। ਪਹਿਲੇ ਦਿਨ ਤੋਂ ਹੀ ਭਾਜਪਾ ਵੱਲੋਂ ਕਿਸਾਨੀ ਅੰਦੋਲਨ ਨੂੰ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਕਰਕੇ ‘ਗੁੰਮਰਾਹ ਹੋਏ ਲੋਕਾਂ’ ਦੇ ਅੰਦੋਲਨ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਇਸ ਕਰਕੇ ਹੁਣ ਵੋਟਾਂ ਦੀ ਸਿਆਸਤ ਵਿਚ ਇਸ ਸਬੰਧੀ ਵਧੇਰੇ ਕੁਚਾਲਾਂ ਖੇਡੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਮਾਓਵਾਦੀਆਂ, ਖ਼ਾਲਿਸਤਾਨੀਆਂ, ਗੈਂਗਸਟਰਾਂ ਅਤੇ ਗੁੰਮਰਾਹ ਹੋਏ ਲੋਕਾਂ ਦੇ ਅੰਦੋਲਨ ਨੂੰ ਸਿੱਧ ਕਰਨ ਦੀਆਂ ਕੁਚਾਲਾਂ ਖੇਡੀਆਂ ਗਈਆਂ ਸਨ ਅਤੇ ਭਾਜਪਾ ਪੱਖੀ ਮੀਡੀਏ ਵਿਚ ਇਸ ਨੂੰ ਪ੍ਰਚਾਰਿਆ ਵੀ ਗਿਆ ਸੀ। ਅੱਜ ਵੀ ਇਸੇ ਤਰ੍ਹਾਂ ਦਾ ਸਾਬਤ ਕਰਨ ਦੇ ਯਤਨ ਕੀਤੇ ਜਾਣੇ ਹਨ। ਨਿਰਸੰਦੇਹ ਅੰਦੋਲਨ ਦੇ ਨੇਤਾ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ, ਫਿਰ ਵੀ ‘26 ਜਨਵਰੀ’ ਦੇ ‘ਸਰਕਾਰੀ ਕਾਰਨਾਮਿਆਂ’ ਨੂੰ ਦੁਹਰਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਵਿਚ ਸਰਕਾਰ ਖ਼ਿਲਾਫ਼ ਬੇਵਿਸਾਹੀ ਮਤੇ ਦੇ ਡਿੱਗਣ ਤੋਂ ਅੱਗੇ ਦੱਖਣ ਦੀਆਂ ਚੋਣਾਂ ਵਿਚ ਵੋਟ ਮੱਤ ਦੀ ਪ੍ਰਤੀਸ਼ਤ ਪ੍ਰਾਪਤੀ ਦਾ ਸਹਾਰਾ ਵੀ ਭਾਜਪਾ ਵੱਲੋਂ ਲਿਆ ਜਾ ਸਕਦਾ ਹੈ।

ਕਿਉਂਕਿ ਇਸ ਅੰਦੋਲਨ ਦੇ ਹੋਰ ਲੰਮੇਰਾ ਚੱਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਆਉਣ ਵਾਲੇ ਕੁੱਝ ਹੀ ਸਮੇਂ ਵਿਚ ਪੰਜਾਬ ਵਿਚ ਵਿਧਾਨ ਸਭਾ ਦੀਆਂ ਆਮ ਚੋਣਾਂ ਵੀ ਸਿਰ ’ਤੇ ਆ ਗਈਆਂ ਹਨ। ਜਿਵੇਂ ਕਿ ਕਿਸਾਨ ਅੰਦੋਲਨ ਦਾ ਮੁੱਢ ਪੰਜਾਬ ਸੀ ਅਤੇ ਇਸ ਦਾ ਧੁਰਾ ਅਜੇ ਵੀ ਪੰਜਾਬ ਮੰਨਿਆ ਜਾ ਰਿਹਾ ਹੈ। ਅੰਦੋਲਨਕਾਰੀਆਂ ਨੇ ਇਸ ਲੋਕਤੰਤਰੀ ਪ੍ਰਕਿਰਿਆ ਵਿਚ ਸਿੱਧੇ ਤੌਰ ’ਤੇ ਵੀ ਸ਼ਾਮਲ ਹੋਣਾ ਹੈ। ਸਿਆਸੀ ਕਿਆਸ ਅਰਾਈਆਂ ਪੰਜਾਬ ਵਿਚ ਚੋਣ ਬਿਗ਼ਲ ਦੇ ਪਹਿਲਾਂ ਵੱਜਣ ਦੀਆਂ ਵੀ ਲਾਈਆਂ ਜਾ ਰਹੀਆਂ ਹਨ। ਵਰਤਮਾਨ ਸਮੇਂ ਪੰਜਾਬੀਆਂ ਦੇ ਬਹੁਗਿਣਤੀ ਨਿੱਜੀ ਵਾਹਨਾਂ ’ਤੇ ਕਿਸਾਨ ਜੱਥੇਬੰਦੀਆਂ ਦੇ ਝੰਡੇ ਲੱਗੇ ਹੋਏ ਹਨ। ਆਮ ਕਿਸਾਨਾਂ ਦੇ ਘਰਾਂ ’ਤੇ ਵੀ ਇਹ ਝੰਡੇ ਝੂਲ ਰਹੇ ਹਨ। ਚੋਣ ਪ੍ਰਕਿਰਿਆ ਦੇ ਪੰਜਾਬ ਵਿਚ ਸ਼ੁਰੂ ਹੋਣ ’ਤੇ ਫਿਰ ਪਰਖ ਦੀ ਘੜੀ ਸ਼ੁਰੂ ਹੋ ਜਾਣੀ ਹੈ। ਗਰਮੀਆਂ, ਸਰਦੀਆਂ, ਮੀਂਹ ਹਨੇਰੀ, ਲੋੜਾਂ-ਥੁੜ੍ਹਾਂ ਵਰਗੇ ਸ਼ਬਦਾਂ ਨੂੰ ਅੰਦੋਲਨਕਾਰੀਆਂ ਨੇ ਸੌਖਿਆਂ ਹੀ ਜਰ ਲਿਆ ਹੈ। ਪਰ ਸਿਆਸੀ ਗੋਟੀਆਂ ਦਾ ਸਾਹਮਣਾ ਕਰਨ ਲਈ ਜੇਕਰ ਕਿਸਾਨ ਨੇਤਾਵਾਂ ਅਤੇ ਅੰਦੋਲਨਕਾਰੀਆਂ ਵਿਚ ਪਹਿਲਾਂ ਦੀ ਤਰ੍ਹਾਂ ਤਾਲ-ਮੇਲ ਬਣਿਆ ਰਹਿੰਦਾ ਹੈ ਅਤੇ ਨੇਤਾਵਾਂ ਦੀ ਅਗਵਾਈ ਵਿਚ ਅੰਦੋਲਨ ਦੇ ਜ਼ਾਬਤੇ ਦੀ ਨਿਰੰਤਰਤਾ ਬਣੀ ਰਹਿੰਦੀ ਹੈ ਤਾਂ ਇਸ ਘੜੀ ਦੀ ਨਜ਼ਾਕਤ ਦਾ ਸਾਹਮਣਾ ਵੀ ਸਫ਼ਲਤਾ ਪੂਰਬਕ ਕੀਤਾ ਜਾ ਸਕੇਗਾ।

*ਡੋਗਰ ਬਸਤੀ, ਫ਼ਰੀਦਕੋਟ।

ਸੰਪਰਕ: 95010-20731

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All