ਸਹਿਦੇਵ ਕਲੇਰ
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਟਹਿਲ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰ ਵਿੱਚ 1875 ਨੂੰ ਮਾਤਾ ਰੁਕਮਣ ਕੌਰ ਅਤੇ ਭਾਈ ਚੰਦਾ ਸਿੰਘ ਦੇ ਘਰ ਹੋਇਆ। 19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਅੰਗਰੇਜ਼ਾਂ ਨੇ ਪੱਛਮੀ ਪੰਜਾਬ ਦੇ ਬੇਆਬਾਦ ਇਲਾਕਿਆਂ ਨੂੰ ਆਬਾਦ ਕੀਤਾ ਤਾਂ ਇਨ੍ਹਾਂ ਦਾ ਪਰਿਵਾਰ ਪਿੰਡ ਦੇ ਹੋਰ ਲੋਕਾਂ ਨਾਲ ਜ਼ਿਲ੍ਹਾ ਸ਼ੇਖੂਪੁਰ ਚਲੇ ਗਿਆ। ਇੱਥੇ ਇਨ੍ਹਾਂ ਨੇ ਆਪਣਾ ਪਿੰਡ ਆਪਣੇ ਇਕ ਵੱਡੇਰੇ ਦੇਵਾ ਸਿੰਘ ਦੇ ਨਾਂ ’ਤੇ ਵਸਾਇਆ ਅਤੇ ਇਸ ਦਾ ਨਾਂ ਨਿਜ਼ਾਮ ਪੁਰ ਦੇਵਾ ਸਿੰਘ ਵਾਲਾ ਰੱਖਿਆ।
ਪੂਰਬੀ ਪੰਜਾਬ ਤੋਂ ਪਰਵਾਸ ਕਰਕੇ ਪੱਛਮੀ ਪੰਜਾਬ ਆਏ ਪੰਜਾਬੀ ਜਦੋਂ ਚੰਗੀ ਤਰ੍ਹਾਂ ਵਸ ਗਏ ਤਾਂ ਹੋਰ ਕਮਾਈ ਦੀ ਤਾਂਘ ਵਿਚ ਉਨ੍ਹਾਂ ਦੂਜੇ ਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ। ਟਹਿਲ ਸਿੰਘ ਵੀ ਚੰਗੇ ਕੰਮ ਦੀ ਤਲਾਸ਼ ਵਿਚ ਸਾਲ 1902 ਨੂੰ ਮਲਾਇਆ ਜਾ ਪਹੁੰਚੇ। ਪਹਿਲੀ ਸੰਸਾਰ ਜੰਗ ਸ਼ੁਰੂ ਹੋ ਜਾਣ ਤੇ ਪਿਤਾ ਦੇ ਬਿਮਾਰ ਹੋ ਜਾਣ ਕਰਕੇ 1915 ਵਿਚ ਉਹ ਪਿੰਡ ਪਰਤ ਆਏ।
20ਵੀਂ ਸਦੀ ਦੇ ਦੂਜੇ ਦਹਾਕੇ ਦਾ ਇਹ ਸਮਾਂ ਸਿੱਖ ਸਮਾਜ ਵਿੱਚ ਜਾਗ੍ਰਿਤੀ ਦਾ ਸਮਾਂ ਸੀ। ਪਿੰਡਾਂ-ਕਸਬਿਆਂ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਗੁਰਦੁਆਰਿਆਂ ਦੇ ਭੈੜੇ ਪ੍ਰਬੰਧਾਂ ਅਤੇ ਅੰਗਰੇਜ਼ ਹਕੂਮਤ ਦੀ ਸ਼ਹਿ ਪ੍ਰਾਪਤ ਅਖੌਤੀ ਮਹੰਤਾਂ ਦੇ ਘਟੀਆ ਕਿਰਦਾਰਾਂ ਦੇ ਕੱਚੇ ਚਿੱਠੇ ਸੰਗਤ ਨਾਲ ਸਾਂਝੇ ਕੀਤੇ ਜਾਂਦੇ।
ਸਾਕਾ ਨਨਕਾਣਾ ਸਾਹਿਬ ਦੀ ਘਟਨਾ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖਤ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ, ਪੰਜਾ ਸਾਹਿਬ, ਮੁਕਤਸਰ ਸਾਹਿਬ, ਦੁਮਾਲਾ ਸਾਹਿਬ ਲਾਹੌਰ, ਬਾਬੇ ਦੀ ਬੇਰ ਸਿਆਲਕੋਟ ਆਦਿ ਗੁਰਦੁਆਰਿਆਂ ਨੂੰ ਮਹੰਤਾਂ ਅਤੇ ਮਨਮਤੀਆਂ ਤੋਂ ਆਜ਼ਾਦ ਕਰਵਾ ਲਿਆ ਗਿਆ ਸੀ। ਇਨ੍ਹਾਂ ਮੁਹਿੰਮਾਂ ਵਿੱਚ ਭਾਈ ਟਹਿਲ ਸਿੰਘ ਨੇ ਅੱਗੇ ਵੱਧ ਕੇ ਹਿੱਸਾ ਲਿਆ।
ਗੁਰਦੁਆਰਾ ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਹਕੂਮਤੀ ਸ਼ਹਿ ’ਤੇ ਪੂਰੀ ਤਰ੍ਹਾਂ ਕੁਰਾਹੀਆ ਬਣਿਆ ਪਿਆ ਸੀ। ਮਹੰਤ ਦੀਆਂ ਸਾਜ਼ਿਸ਼ੀ ਤਿਆਰੀਆਂ ਨੂੰ ਭਾਂਪਦਿਆਂ ਜਥੇਦਾਰ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਅਤੇ ਭਾਈ ਟਹਿਲ ਸਿੰਘ ਨਿਜ਼ਾਮਪੁਰ ਆਦਿ ਆਗੂਆਂ ਦੀ ਇੱਕ ਗੁਪਤ ਇਕੱਤਰਤਾ ਗੁਰਦੁਆਰਾ ਸੱਚਾ ਸੌਦਾ ਵਿੱਚ ਹੋਈ ਅਤੇ 20 ਫਰਵਰੀ ਦਾ ਦਿਨ (10 ਫੱਗਣ) ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਮਿੱਥ ਲਿਆ ਗਿਆ। ਭਾਈ ਟਹਿਲ ਸਿੰਘ ਨੇ ਆਪਣੇ ਇਲਾਕੇ ਦੇ ਪਿੰਡ ਚੱਕ ਨੰਬਰ 80, 38, 18 ਅਤੇ 10 ਤੋਂ ਇਲਾਵਾ ਪਿੰਡ ਮੂਲਾ ਸਿੰਘ ਵਾਲਾ, ਚੇਲੇਵਾਲਾ, ਧਾਨੂੰ ਵਾਲਾ ਅਤੇ ਥੋਬੀਆਂ ਆਦਿ ਪਿੰਡਾਂ ਤੋਂ 150 ਸਿੰਘਾਂ ਦੇ ਜਥੇ ਨਾਲ ਚਾਲੇ ਪਾਏ ਅਤੇ 19 ਫਰਵਰੀ ਦੀ ਸ਼ਾਮ ਨੂੰ ਚੰਦਰ ਕੋਟ ਦੀ ਝਾਲ ਵਿੱਚ ਪਹੁੰਚ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਵੀ ਆਪਣੇ ਜਥੇ ਸਮੇਤ ਸਮੇਂ ਸਿਰ ਇੱਥੇ ਪਹੁੰਚ ਗਏ। ਸਾਰੀ ਸੰਗਤ ਜੈਕਾਰਿਆਂ ਦੀ ਗੂੰਜ ਵਿਚ ਭਾਈ ਟਹਿਲ ਸਿੰਘ ਅਤੇ ਭਾਈ ਲਛਮਣ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਵੱਲ ਨੂੰ ਚੱਲ ਪਈ।
ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਭਾਵੇਂ ਗੁਪਤ ਰੱਖਿਆ ਗਿਆ ਸੀ ਪਰ ਮਾਸਟਰ ਤਾਰਾ ਸਿੰਘ, ਜਸਵੰਤ ਸਿੰਘ ਝਬਾਲ ਆਦਿ ਅਕਾਲੀ ਆਗੂਆਂ ਨੂੰ ਇਸ ਦੀ ਭਿਣਕ ਪੈ ਗਈ ਸੀ। ਹੋਣ ਵਾਲੇ ਸੰਭਾਵੀ ਨੁਕਸਾਨ ਦੇ ਡਰ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਆਗੂਆਂ ਨੇ ਇਸ ਮੁਹਿੰਮ ਨੂੰ ਫਿਲਹਾਲ ਟਾਲਣ ਦਾ ਫ਼ੈਸਲਾ ਕੀਤਾ। ਮੌਕੇ ’ਤੇ ਮੌਜੂਦ ਜਥੇਦਾਰ ਝੱਬਰ ਨੇ ਆਪਣੇ ਜਥੇ ਨੂੰ ਰੋਕ ਲੈਣ ਦਾ ਫ਼ੈਸਲਾ ਮੰਨ ਲਿਆ। ਚੰਦਰ ਕੋਟ ਦੀ ਝਾਲ ਤੋਂ ਤੁਰੇ ਸਿੰਘ ਜਥੇ ਜਦੋਂ ਨਨਕਾਣਾ ਸਾਹਿਬ ਨਜ਼ਦੀਕ ਪਹੁੰਚੇ ਤਾਂ ਅਕਾਲੀ ਆਗੂਆਂ ਦਾ ਸੁਨੇਹਾ ਭਾਈ ਲਛਮਣ ਸਿੰਘ ਅਤੇ ਭਾਈ ਟਹਿਲ ਸਿੰਘ ਨੂੰ ਮਿਲਿਆ। ਇਹ ਸੁਨੇਹਾ ਸੁਣ ਕੇ ਜਥੇ ਦੇ ਸਿੰਘ ਸੋਚਾਂ ਵਿਚ ਪੈ ਗਏ। ਸਮੁੱਚੀ ਸਥਿਤੀ ਨੂੰ ਸਾਹਮਣੇ ਰੱਖ ਕੇ ਮੁਹਿੰਮ ਨੂੰ ਮੁਲਤਵੀ ਕਰ ਦੇਣ ਦਾ ਫ਼ੈਸਲਾ ਹੋਣ ਜਾ ਰਿਹਾ ਸੀ ਕਿ ਭਾਈ ਟਹਿਲ ਸਿੰਘ ਪੂਰੇ ਜੋਸ਼ ਨਾਲ ਗਰਜੇ, ‘‘ਖ਼ਾਲਸਾ ਜੀ! ਇਹ ਸਮਾਂ ਸੋਚਾਂ ਅਤੇ ਸਲਾਹਾਂ ਵਿਚ ਪੈ ਕੇ ਫ਼ੈਸਲਾ ਬਦਲਣ ਦਾ ਨਹੀਂ। ਅਸੀਂ ਫ਼ੈਸਲਾ ਕਰਕੇ ਅਤੇ ਅਰਦਾਸ ਕਰਕੇ ਤੁਰੇ ਹਾਂ ਕਿ ਕੁਕਰਮੀ ਮਹੰਤ ਦੇ ਕਬਜ਼ੇ ’ਚੋਂ ਗੁਰਦੁਆਰੇ ਨੂੰ ਆਜ਼ਾਦ ਕਰਵਾਉਣਾ ਹੈ। ਹੁਣ ਇਹ ਫ਼ੈਸਲਾ ਬਦਲਣਾ ਗੁਰੂ ਤੋਂ ਬੇਮੁੱਖ ਹੋਣ ਵਾਲੀ ਗੱਲ ਹੋਵੇਗੀ।’’ ਇਹ ਕਹਿ ਕੇ ਭਾਈ ਟਹਿਲ ਸਿੰਘ ਜਥੇ ਦੇ ਅੱਗੇ ਲੱਗ ਤੁਰੇ ਅਤੇ ਭਾਈ ਲਛਮਣ ਸਿੰਘ ਸਮੇਤ ਬਾਕੀ ਸਿੰਘ ਵੀ ਨਾਲ ਤੁਰ ਪਏ। ਕੁਝ ਪਲਾਂ ਵਿਚ ਹੀ ਇਹ ਜਥਾ ਗੁਰਦੁਆਰੇ ਦੀ ਹਦੂਦ ਅੰਦਰ ਦਾਖਲ ਹੋ ਗਿਆ। ਨਰਾਇਣ ਦਾਸ ਆਪਣੇ ਹਥਿਆਰਬੰਦ ਬੰਦਿਆਂ ਨਾਲ ਪੂਰੀ ਤਿਆਰੀ ਕਰਕੇ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ। ਗੁੱਸੇ ਅਤੇ ਹੰਕਾਰ ਵਿੱਚ ਬਿਫਰਿਆ ਹੋਇਆ ਉਹ ਹੱਥ ਵਿਚ ਪਿਸਤੌਲ ਫੜ ਕੇ ਘੋੜੇ ’ਤੇ ਸਵਾਰ ਹੋਇਆ ਅਤੇ ਉਸ ਨੇ ਆਪਣੇ ਭਾੜੇ ਦੇ ਕਾਤਲਾਂ ਨੂੰ ਸ਼ਾਂਤਮਈ ਸਿੰਘਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾਉਣ ਦਾ ਹੁਕਮ ਦਿੱਤਾ। ਪਲਾਂ ਵਿੱਚ ਹੀ ਕਹਿਰ ਵਾਪਰ ਗਿਆ ਅਤੇ ਭਾਈ ਟਹਿਲ ਸਿੰਘ ਸਮੇਤ ਗੋਲੀਆਂ ਨਾਲ ਛਲਣੀ ਹੋਏ ਸੈਂਕੜੇ ਸਿੰਘਾਂ ਦੇ ਲਹੂ ਨਾਲ ਗੁਰਦੁਆਰੇ ਦੀ ਪਵਿੱਤਰ ਧਰਤੀ ਸੁਰਖ਼ ਹੋ ਗਈ। ਇਸ ਦੌਰਾਨ ਭਾਈ ਟਹਿਲ ਸਿੰਘ ਤੇ ਭਾਈ ਲਛਮਣ ਸਿੰਘ ਦੀ ਅਗਵਾਈ ’ਚ ਸ਼ਹੀਦ ਹੋਏ ਸਿੰਘਾਂ ਸਦਕਾ ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਵਾ ਲਿਆ ਗਿਆ।
ਸੰਪਰਕ: 98774-43102