DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖੌਤੀ ਅੰਬੇਡਕਰਵਾਦੀਆਂ ਨੂੰ ਪਛਾਣਨ ਦੀ ਲੋੜ

ਹਰ ਸਿਆਸੀ ਬੰਦਾ, ਸਿਆਸੀ ਸੰਗਠਨ ਅਤੇ ਰਾਜਸੀ ਪਾਰਟੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਜਿਨ੍ਹਾਂ ਲੋਕਾਂ ਦੇ ਪੁਰਖਿਆਂ ਨੂੰ ਸਦੀਆਂ ਤੱਕ ਸਹੂਲਤਾਂ ਤੋਂ ਵਾਂਝਾ ਰੱਖਿਆ ਅਤੇ ਪਸ਼ੂਆਂ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ, ਅੱਜ ਉਨ੍ਹਾਂ ਦੀ...

  • fb
  • twitter
  • whatsapp
  • whatsapp
Advertisement
ਹਰ ਸਿਆਸੀ ਬੰਦਾ, ਸਿਆਸੀ ਸੰਗਠਨ ਅਤੇ ਰਾਜਸੀ ਪਾਰਟੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਜਿਨ੍ਹਾਂ ਲੋਕਾਂ ਦੇ ਪੁਰਖਿਆਂ ਨੂੰ ਸਦੀਆਂ ਤੱਕ ਸਹੂਲਤਾਂ ਤੋਂ ਵਾਂਝਾ ਰੱਖਿਆ ਅਤੇ ਪਸ਼ੂਆਂ ਤੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ, ਅੱਜ ਉਨ੍ਹਾਂ ਦੀ ਮਦਦ ਤੋਂ ਬਗ਼ੈਰ ਉਹ ਸੱਤਾ ’ਤੇ ਕਾਬਜ਼ ਨਹੀਂ ਹੋ ਸਕਦੇ। ਉਹ ਲੋਕ ਡਾ. ਭੀਮ ਰਾਓ ਅੰਬੇਡਕਰ ਦੇ ਅਣਥੱਕ ਯਤਨਾਂ ਸਦਕਾ ਅਤੇ ਸੰਵਿਧਾਨਕ ਹੱਕਾਂ ਦੀ ਬਦੌਲਤ ਪੜ੍ਹ-ਲਿਖ ਕੇ ਸਰਕਾਰੀ ਨੌਕਰੀਆਂ ਪਾ ਚੁੱਕੇ ਹਨ ਜਾਂ ਆਪਣੇ ਮਨੁੱਖੀ ਅਤੇ ਸੰਵਿਧਾਨਕ ਹੱਕਾਂ ਬਾਰੇ ਜਾਗਰੂਕ ਹੋ ਚੁੱਕੇ ਹਨ। ਉਹ ਵੋਟ ਦੇ ਅਧਿਕਾਰ ਸਦਕਾ ਕਿਸੇ ਵੀ ਸਿਆਸੀ ਪਾਰਟੀ ਨੂੰ ਰਾਜ ਸੱਤਾ ਬਖ਼ਸ਼ ਸਕਦੇ ਹਨ ਜਾਂ ਸੱਤਾ ਤੋਂ ਲਾਂਭੇ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਲੋਕਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਅੱਜ-ਕੱਲ੍ਹ ਬਾਜ਼ਾਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਦੇ ਬਾਹਰ ਤਖ਼ਤੀਆਂ ਤਾਂ ਡਾਕਟਰ ਅੰਬੇਡਕਰ ਸਾਹਿਬ ਦੇ ਨਾਮ ਦੀਆਂ ਲੱਗੀਆਂ ਪਰ ਅੰਦਰ ਸਾਮਾਨ ਅੰਬੇਡਕਰ ਵਿਰੋਧੀ ਵਿਕਦਾ ਹੈ। ਇਥੋਂ ਤੱਕ ਕਿ ਮੰਨੂਵਾਦੀ ਅਤੇ ਪੂੰਜੀਵਾਦੀ ਵਿਚਾਰਧਾਰਾ ਦੇ ਲੋਕਾਂ ਨੇ ਲੁਕਵੇਂ ਢੰਗ ਨਾਲ ਭਾਰਤ ਦੇ ਸੰਵਿਧਾਨ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਮਾਜਿਕ ਚਿੰਤਕ, ਕਾਨੂੰਨਦਾਨ ਅਤੇ ਵਿਦਵਾਨ ਪ੍ਰੋਫੈਸਰ (ਡਾ.) ਰਮੇਸ਼ ਕੁਮਾਰ ਇੱਕ ਲੇਖ ਵਿੱਚ ਸੰਵਿਧਾਨ ਨੂੰ ਬਦਨਾਮ ਕਰਨ ਜਾਂ ਕਮਜ਼ੋਰ ਕਰਨ ਦੇ ਤਿੰਨ ਮੁੱਖ ਕਾਰਨ ਦੱਸਦੇ ਹਨ। ਪਹਿਲਾ, ਸਮਾਜ ਵਿੱਚ ਵਧਦੀ ਜਾਗਰੂਕਤਾ ਕੁਝ ਵਰਗਾਂ ਵਿੱਚ ਬੇਚੈਨੀ ਪੈਦਾ ਕਰ ਰਹੀ ਹੈ। ਦੂਜਾ, ਰਾਜਨੀਤਕ ਧਰੁਵੀਕਰਨ ਦੇ ਯੁੱਗ ਵਿੱਚ ਕੁਝ ਸਮੂਹ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇ ਕੇ ਆਪਣੇ ਸਮਰਥਕਾਂ ਨੂੰ ਹਿੰਸਕ ਅਤੇ ਭਾਵਨਾਤਮਕ ਤਰੀਕੇ ਨਾਲ ਲਾਮਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੀਜਾ, ਅੰਬੇਡਕਰ ਦੀ ਵਧਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਅਤੇ ਨੌਜਵਾਨਾਂ ਦਾ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਝੁਕਾਅ ਕੁਝ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਪਿਛਲੇ ਸਮਿਆਂ ਵਿੱਚ ਸਿਆਣੇ ਹਵਾ ਦਾ ਰੁਖ਼ ਦੇਖ ਕੇ ਆਉਣ ਵਾਲੇ ਮੌਸਮ ਦਾ ਮਿਜ਼ਾਜ ਦੱਸ ਦਿੰਦੇ ਸਨ ਅਤੇ ਲੋਕ ਮੀਂਹ-ਕਣੀ, ਹਨੇਰੀ ਜਾਂ ਝੱਖੜ ਦਾ ਸਾਹਮਣਾ ਕਰਨ ਲਈ ਲੋੜੀਂਦੇ ਸਾਧਨ ਤਿਆਰ ਕਰ ਲੈਂਦੇ ਸਨ, ਪਰ ਅੱਜ ਦੇ ਸਮੇਂ ਵਿੱਚ ਹਵਾ ਜਿਸ ਤਰ੍ਹਾਂ ਦਾ ਰੁਖ਼ ਧਾਰਨ ਕਰਨ ਜਾ ਰਹੀ ਹੈ, ਉਸ ਦਾ ਮਿਜ਼ਾਜ ਦੱਸਣ ਵਾਲੇ ਡਾ. ਅੰਬੇਡਕਰ ਦੇ ਬੁੱਧੀਜੀਵੀ ਪੈਰੋਕਾਰ ਸਥਾਪਤੀ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਹਨ ਪਰ ਫ਼ਿਕਰ ਦੀ ਗੱਲ ਇਹ ਹੈ ਕਿ ਆਮ ਲੋਕ ਸਭ ਕੁਝ ਭਲੀ-ਭਾਂਤ ਜਾਣਦੇ ਹੋਏ ਵੀ ਘੂਕ ਸੁੱਤੇ ਹਨ। ਇਹ ਵੀ ਸੱਚ ਹੈ ਕਿ ਸੱਤਾ ’ਤੇ ਕਾਬਜ਼ ਲੋਕ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦਾ ਵਿਰੋਧ ਸ਼ਰੇਆਮ ਕਰਨ ਤੋਂ ਡਰਦੇ ਹਨ ਅਤੇ ਇਹ ਵੀ ਲੁਕਿਆ ਨਹੀਂ ਕਿ ਉਹ ਦਿਲੋਂ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਦੇ ਹਾਮੀ ਵੀ ਨਹੀਂ ਹੋ ਸਕਦੇ। ਇਸ ਲਈ ਚਲਾਕੀ ਨਾਲ ਉਹ ਅਜਿਹੀਆਂ ਸਕੀਮਾਂ ਘੜ ਰਹੇ ਹਨ, ਜਿਨ੍ਹਾਂ ਦਾ ਫੌਰੀ ਮਾਰੂ ਅਸਰ ਨਜ਼ਰ ਨਾ ਆਵੇ ਪਰ ਹੌਲੀ-ਹੌਲੀ ਲੋਕਾਂ ਦੇ ਸੰਵਿਧਾਨਕ ਹੱਕ ਬੇਅਸਰ ਹੋ ਕੇ ਰਹਿ ਜਾਣ। ਇਨ੍ਹਾਂ ਚਾਲਾਂ ਦੀ ਸਫ਼ਲਤਾ ਲਈ ਉਹ ਅਖੌਤੀ ਅੰਬੇਡਕਰਵਾਦੀ ਲੋਕਾਂ ਨੂੰ ਕਿਵੇਂ ਨਾ ਕਿਵੇਂ ਆਪਣੇ ਨਾਲ ਜੋੜ ਕੇ ਰੱਖਦੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਸੱਤਾ ਦੀਆਂ ਕੁਰਸੀਆਂ ’ਤੇ ਬਿਠਾ ਵੀ ਦਿੰਦੇ ਹਨ, ਪਰ ਅਸਲ ਤਾਕਤ ਆਪਣੇ ਕੋਲ ਰੱਖਦੇ ਹਨ। ਇਸ ਤਰ੍ਹਾਂ, ਉਨ੍ਹਾਂ ਦਾ ਆਪਣਾ ਮਕਸਦ ਵੀ ਪੂਰਾ ਹੋ ਜਾਂਦਾ ਹੈ ਅਤੇ ਆਮ ਲੋਕ ਵੀ ਖੁਸ਼ ਰਹਿੰਦੇ ਹਨ ਕਿ ਉਨ੍ਹਾਂ ਦਾ ਬੰਦਾ ਕੁਰਸੀ ’ਤੇ ਬੈਠਾ ਹੈ ਅਤੇ ਇਸੇ ਓਹਲੇ ਉਹ ਡਾ. ਅੰਬੇਡਕਰ ਦੇ ਬਣਾਏ ਸੰਵਿਧਾਨ ਅਧੀਨ ਚਲਾਈਆਂ ਲੋਕ ਭਲਾਈ ਸਕੀਮਾਂ ’ਤੇ ਦਾਤੀ ਫੇਰਦੇ ਹਨ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕੁਝ ਫ਼ੈਸਲੇ ਆਮ ਲੋਕਾਂ ਵਿੱਚੋਂ ਤਾਕਤ ਦੀ ਕੁਰਸੀ ’ਤੇ ਬਿਠਾਏ ਬੰਦਿਆਂ ਕੋਲੋਂ ਹੀ ਕਰਵਾ ਲੈਂਦੇ ਹਨ ਤਾਂ ਕਿ ਬਹਾਨਾ ਬਣਾਇਆ ਜਾ ਸਕੇ ਕਿ ਇਹ ਫ਼ੈਸਲਾ ਤਾਂ ਉਨ੍ਹਾਂ ਦੇ ਆਪਣੇ ਬੰਦੇ ਨੇ ਹੀ ਕੀਤਾ ਹੈ ਅਤੇ ਫਿਰ ਉਸ ਫ਼ੈਸਲੇ ਨੂੰ ਅੰਬੇਡਕਰਵਾਦ ਦਾ ਨਕਲੀ ਬੁਰਕਾ ਪਾ ਕੇ ਰੱਦ ਕਰਨ ਦਾ ਢੋਂਗ ਰਚਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਆਪਣਾ ਵੋਟ ਬੈਂਕ ਮਹਿਫੂਜ਼ ਰਹਿ ਸਕੇ ਅਤੇ ਆਮ ਲੋਕ ਫ਼ੈਸਲਾ ਲੈਣ ਵਾਲੇ ਤਾਕਤ ਦੀ ਕੁਰਸੀ ’ਤੇ ਬਿਠਾਏ ਆਪਣੇ ਬੰਦੇ ਦੇ ਹੀ ਵਿਰੁੱਧ ਹੋ ਜਾਣ ਅਤੇ ਉਸ ਵਿਰੁੱਧ ਜੰਗ ਸ਼ੁਰੂ ਕਰ ਦੇਣ ਅਤੇ ਉਨ੍ਹਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਚਾਣਕਿਆ ਨੀਤੀ ਜਾਰੀ ਰਹੇ। ਇਸੇ ਤਰ੍ਹਾਂ ਚਤਰ, ਚਲਾਕ ਅਤੇ ਸ਼ੈਤਾਨ ਅੰਬੇਡਕਰ ਵਿਰੋਧੀ ਲੋਕ ਆਪਣੀ ਰਾਜਸੀ ਤਾਕਤ ਸੁਰੱਖਿਅਤ ਰੱਖਦੇ ਹਨ ਅਤੇ ਅਸਲ ਅੰਬੇਡਕਰਵਾਦ ਨੂੰ ਢਾਹ ਲਾਉਣ ਦੀ ਤਾਕ ਵਿੱਚ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਡਾ. ਅੰਬੇਡਕਰ ਦਾ ਨਾਂ ਵਰਤ ਕੇ ਕਈ ਸਿਆਸੀ ਪਾਰਟੀਆਂ ਸੱਤਾ ਪ੍ਰਾਪਤ ਕਰ ਜਾਂਦੀਆਂ ਹਨ ਪਰ ਬਾਅਦ ਵਿੱਚ ਡਾ. ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਵਿਸਾਰ ਦਿੰਦੀਆਂ ਹਨ। ਉਦਾਹਰਣ ਵਜੋਂ ਪੰਜਾਬ ਵਿੱਚ ਡਾ. ਅੰਬੇਡਕਰ ਦਾ ਨਾਂ ਵਰਤ ਕੇ ਸੱਤਾ ਵਿੱਚ ਆਉਣ ਤੋਂ ਬਾਅਦ ਸੱਤ ਰਾਜ ਸਭਾ ਮੈਂਬਰ ਨਿਯੁਕਤ ਕੀਤੇ ਗਏ ਪਰ ਮੂਲ ਨਿਵਾਸੀ ਸਮਾਜ ਵਿੱਚੋਂ ਕੋਈ ਵੀ ਮੈਂਬਰ ਨਿਯੁਕਤ ਨਹੀਂ ਕੀਤਾ ਗਿਆ। ਹਾਲਾਂਕਿ ਲੋਕ ਸਭਾ ਵਿੱਚ ਮੂਲ ਨਿਵਾਸੀ ਲੋਕਾਂ ਦੀ ਨੁਮਾਇੰਦਗੀ ਉਨ੍ਹਾਂ ਦੀ ਸੰਵਿਧਾਨਕ ਮਜਬੂਰੀ ਹੈ। ਇਹੀ ਕਾਰਨ ਹੈ ਕਿ ਸੰਵਿਧਾਨ ਬਦਲਣ ਦੀਆਂ ਸਕੀਮਾਂ ਅੰਦਰ ਖਾਤੇ ਘੜੀਆਂ ਜਾ ਰਹੀਆਂ ਹਨ। ਅੰਬੇਡਕਰ ਸਾਹਿਬ ਦੇ ਬੁੱਤਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਅੰਬੇਡਕਰ ਸਾਹਿਬ ਦੇ ਪੈਰੋਕਾਰਾਂ ਨੂੰ ਗੁਪਤ ਢੰਗਾਂ ਨਾਲ ਕਮਜ਼ੋਰ ਕਰਨ ਦੇ ਯਤਨ ਜਾਰੀ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਭਾਰਤ ਦੀ ਅੱਧੀ ਆਬਾਦੀ ਔਰਤਾਂ ਦੀ ਹੈ।

Advertisement

ਸੰਵਿਧਾਨ ਨੇ ਹੀ ਔਰਤਾਂ ਨੂੰ ਹਰ ਤਰ੍ਹਾਂ ਦੇ ਹੱਕ ਹਕੂਕ ਦਿੱਤੇ ਹਨ ਜਿਨ੍ਹਾਂ ਰਾਹੀਂ ਉਹ ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਤੌਰ ’ਤੇ ਮਰਦਾਂ ਤੋਂ ਅਗਾਂਹ ਲੰਘ ਗਈਆਂ ਹਨ। ਇਨ੍ਹਾਂ ਔਰਤਾਂ ਵਿੱਚ ਸੰਵਿਧਾਨ ਬਦਲਣ ਦੀਆਂ ਸਕੀਮਾਂ ਘੜਨ ਵਾਲਿਆਂ ਦੀਆਂ ਔਰਤਾਂ ਦੀ ਗਿਣਤੀ ਕਿਤੇ ਵੱਧ ਹੈ, ਜੋ ਕੋਝੀਆਂ ਚਾਲਾਂ ਚੱਲਣ ਵਾਲਿਆਂ ਨੂੰ ਮੂੰਹ-ਤੋੜਵਾਂ ਜਵਾਬ ਦੇਣਗੀਆਂ। ਉਹ ਭਾਰਤੀ ਸੰਵਿਧਾਨ ’ਤੇ ਹਮਲੇ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦੇਣਗੀਆਂ ਅਤੇ ਭਾਰਤ ਦੇ ਸੰਵਿਧਾਨ ਦੀ ਬਲਦੀ ਲਾਟ ਨੂੰ ਕੋਈ ਹਨੇਰੀ, ਝੱਖੜ ਜਾਂ ਤੂਫ਼ਾਨ ਮੱਧਮ ਨਹੀਂ ਕਰ ਸਕਣਗੇ।

Advertisement

ਹੁਣ ਸੋਚਣਾ ਡਾ. ਅੰਬੇਡਕਰ ਸਾਹਿਬ ਦੇ ਪਰਿਵਾਰ ਵਾਲਿਆਂ ਨੇ ਹੀ ਹੈ ਕਿ ਉਨ੍ਹਾਂ ਨੇ ਅਜੇ ਵੀ ਥਾਲੀ ਵਿੱਚ ਪਰੋਸ ਕੇ ਸੱਤਾ ਅੰਬੇਡਕਰ ਵਿਰੋਧੀ ਲੋਕਾਂ ਨੂੰ ਦੇਣੀ ਹੈ ਜਾਂ ਫਿਰ ਖ਼ੁਦ ਨੂੰ ਅਤੇ ਆਪਣੀਆਂ ਪੀੜ੍ਹੀਆਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਨਾ ਹੈ। ਇਸ ਲਈ ਸੰਵਿਧਾਨ ਦੁਆਰਾ ਦਿੱਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਜ਼ਰੂਰੀ ਹੈ।

ਸੰਪਰਕ: 98142-10847

Advertisement
×