ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਚਲੇ ਫਾਸਲੇ ਨੂੰ ਮਿਟਾਉਣ ਦੀ ਲੋੜ
ਦੁਨੀਆ ਵਿੱਚ ਆਧੁਨਿਕ ਵਿਗਿਆਨ ਦੀ ਸ਼ੁਰੂਆਤ 15ਵੀਂ ਅਤੇ 16ਵੀਂ ਸਦੀ ਵਿੱਚ ਹੋਈਆਂ ਵਿਗਿਆਨਕ ਖੋਜਾਂ ਦੌਰਾਨ ਕੀਤੀ ਗਈ। ਉਦੋਂ ਤੱਕ ਲੋਕ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਰੂੜੀਵਾਦੀ ਤੇ ਅੰਧ ਵਿਸ਼ਵਾਸੀ ਵਿਚਾਰਾਂ ਨੂੰ ਹੀ ਅੱਖਾਂ ਮੀਟ ਕੇ ਮੰਨਦੇ ਰਹੇ।...
ਦੁਨੀਆ ਵਿੱਚ ਆਧੁਨਿਕ ਵਿਗਿਆਨ ਦੀ ਸ਼ੁਰੂਆਤ 15ਵੀਂ ਅਤੇ 16ਵੀਂ ਸਦੀ ਵਿੱਚ ਹੋਈਆਂ ਵਿਗਿਆਨਕ ਖੋਜਾਂ ਦੌਰਾਨ ਕੀਤੀ ਗਈ। ਉਦੋਂ ਤੱਕ ਲੋਕ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਰੂੜੀਵਾਦੀ ਤੇ ਅੰਧ ਵਿਸ਼ਵਾਸੀ ਵਿਚਾਰਾਂ ਨੂੰ ਹੀ ਅੱਖਾਂ ਮੀਟ ਕੇ ਮੰਨਦੇ ਰਹੇ। ਕਿਸੇ ਨੇ ਵੀ ਆਪਣੇ ਬਜ਼ੁਰਗਾਂ ਦੁਆਰਾ ਅਤੇ ਕਿਤਾਬਾਂ ਵਿੱਚ ਦਰਜ ਕੀਤੇ ਰੂੜੀਵਾਦੀ ਵਿਚਾਰਾਂ ਨੂੰ ਆਪਣੇ ਗਿਆਨ, ਤਰਕ ਅਤੇ ਪ੍ਰਯੋਗ ਦੀ ਕਸੌਟੀ ’ਤੇ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ।
ਭਾਰਤ ਵਿੱਚ ਹਰ ਸਾਲ 28 ਫਰਵਰੀ ਨੂੰ ਕੌਮੀ ਵਿਗਿਆਨ ਦਿਵਸ ਭਾਰਤ ਦੇ ਮਹਾਨ ਵਿਗਿਆਨੀ ਡਾ. ਸੀ.ਵੀ. ਰਮਨ ਵੱਲੋਂ 28 ਫਰਵਰੀ 1928 ਨੂੰ ਖੋਜ ਕੀਤੇ ‘ਰਮਨ ਪ੍ਰਭਾਵ’ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਇਸ ਨਿਯਮ ਅਨੁਸਾਰ ਜਦੋਂ ਪ੍ਰਕਾਸ਼ ਕਿਸੇ ਪਾਰਦਰਸ਼ੀ ਪਦਾਰਥ ’ਚੋਂ ਲੰਘਦਾ ਹੈ ਤਾਂ ਉਸ ਦੀ ਅਵਿਰਤੀ (ਫਰੀਕੂਏਂਸੀ) ਵਿੱਚ ਤਬਦੀਲੀ ਆਉਂਦੀ ਹੈ ਜਿਸ ਨੂੰ ਰਮਨ ਪ੍ਰਭਾਵ ਕਿਹਾ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਦੇਸ਼ ਦੇ ਹਰ ਵਰਗ ਦੇ ਲੋਕਾਂ ਅਤੇ ਖ਼ਾਸ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਗਿਆਨ ਤੇ ਉਸ ਦੀਆਂ ਪ੍ਰਾਪਤੀਆਂ, ਵਿਗਿਆਨੀਆਂ ਦੀਆਂ ਜੀਵਨੀਆਂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਬਾਰੇ ਪੂਰੀ ਜਾਣਕਾਰੀ ਦੇ ਕੇ ਵਿਗਿਆਨ ਦੀ ਮਹੱਤਤਾ ਅਤੇ ਸਹੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਜਾਵੇ।
ਆਓ, ਸਭ ਤੋਂ ਪਹਿਲਾਂ ਇਹ ਜਾਣੀਏਂ ਕਿ ਵਿਗਿਆਨ ਕੀ ਹੈ? ਮਨੁੱਖੀ, ਸਮਾਜੀ ਅਤੇ ਸੰਸਾਰ ਦੀਆਂ ਅੰਦਰੂਨੀ ਤੇ ਬਾਹਰੀ ਹਾਲਤਾਂ ਅਤੇ ਕੁਦਰਤੀ ਤੇ ਗ਼ੈਰ ਕੁਦਰਤੀ ਘਟਨਾਵਾਂ ਨੂੰ ਗਿਆਨ ਅਤੇ ਤਰਕ ਦੀ ਮਦਦ ਨਾਲ ਸਮਝਣ, ਪਰਖਣ ਅਤੇ ਬਦਲਣ ਦੇ ਵਿਗਿਆਨਕ ਢੰਗ ਨੂੰ ਵਿਗਿਆਨ ਕਿਹਾ ਜਾਂਦਾ ਹੈ। ਕਿਸੇ ਸਮੱਸਿਆ, ਘਟਨਾ, ਵਸਤੂ ਜਾਂ ਵਿਚਾਰ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਚਾਰਨਾ, ਘੋਖਣਾ ਅਤੇ ਪ੍ਰਯੋਗ ਕਰਕੇ ਤੱਥ ਇਕੱਠੇ ਕਰਨ ਤੋਂ ਬਾਅਦ ਕਿਸੇ ਸਹੀ ’ਤੇ ਸਾਰਥਿਕ ਨਤੀਜੇ ਉੱਤੇ ਪਹੁੰਚਣਾ ਹੀ ਵਿਗਿਆਨ ਦਾ ਮੁੱਖ ਮੰਤਵ ਹੈ। ਵਿਗਿਆਨ ਨੇ ਮਨੁੱਖ ਵੱਲੋਂ ਆਪਣੇ ਹੀ ਰਚੇ ਹੋਏ ਸਮਾਜ ਦੀ ਹਰ ਵਿਵਸਥਾ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ ਅਤੇ ਨਵੇਂ ਗਿਆਨ, ਨਵੇਂ ਤਰੀਕਿਆਂ ਅਤੇ ਨਵੇਂ ਸਿਧਾਤਾਂ ਦੀ ਸਥਾਪਨਾ ਕਰਕੇ ਸਮੇਂ ਸਮੇਂ ਉਤੇ ਸਮਾਜ ਦੀਆਂ ਲੋੜਾਂ ਦੀ ਪੂਰਤੀ ਕੀਤੀ ਹੈ। ਮਨੁੱਖੀ ਜ਼ਿੰਦਗੀ ਅਤੇ ਸਮਾਜ ਦੀਆਂ ਪ੍ਰਮੁੱਖ ਨਿਸ਼ਾਨੀਆਂ ਕਿਰਤ, ਪੈਦਾਵਾਰ, ਆਜ਼ਾਦੀ, ਬਰਾਬਰੀ, ਨਿਆਂ ਅਤੇ ਵਿਕਾਸ, ਆਧੁਨਿਕ ਵਿਗਿਆਨ ਦੀ ਪੱਕੀ ਬੁਨਿਆਦ ਹਨ। ਧਾਰਮਿਕ ਗ੍ਰੰਥਾਂ ਦੇ ਬਿਲਕੁਲ ਉਲਟ ਵਿਗਿਆਨ ਕਦੇ ਵੀ ਕਿਸੇ ਮਨੁੱਖ, ਵਿਚਾਰ, ਬਾਹਰੀ ਗੈਬੀ ਜਾਂ ਬ੍ਰਹਿਮੰਡੀ ਸ਼ਕਤੀ ਨੂੰ ਹਮੇਸ਼ਾਂ ਲਈ ਸੰਪੂਰਨ ਸੱਚ ਨਹੀਂ ਮੰਨਦਾ ਅਤੇ ਵਿਗਿਆਨ ਦੀ ਖੋਜੀ ਹਰ ਚੀਜ਼ ਅਤੇ ਵਿਚਾਰ ਨੂੰ ਕਦੇ ਵੀ ਕਿਤੇ ਵੀ ਪਰਖਿਆ ਜਾ ਸਕਦਾ ਹੈ। ਵਿਗਿਆਨ, ਗਿਆਨ ਦੇ ਨਿਰੰਤਰ ਵਿਕਾਸ ਦੀ ਵਿਗਿਆਨਕ ਵਿਚਾਰਧਾਰਾ ਅਨੁਸਾਰ ਵੇਖਣ, ਜਾਣਨ ਅਤੇ ਪਰਖਣ ਦੀ ਪ੍ਰਕਿਰਿਆ ਵਿੱਚੋਂ ਲਗਾਤਾਰ ਗੁਜ਼ਰਦਾ ਹੈ।
ਅੱਜ ਵਿਗਿਆਨ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਿਆ ਹੈ। ਆਧੁਨਿਕ ਵਿਗਿਆਨਕ ਖੋਜਾਂ ਅਤੇ ਸਹੂਲਤਾਂ ਨੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਇੰਨਾ ਜ਼ਿਆਦਾ ਸੁਖਾਲਾ ਬਣਾ ਦਿੱਤਾ ਹੈ ਕਿ ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਕਿਆਸ ਹੀ ਨਹੀਂ ਕੀਤੀ ਜਾ ਸਕਦੀ। ਵਿਗਿਆਨ ਨੇ ਮਨੁੱਖ ਨੂੰ ਉਸ ਦੀਆਂ ਸਰੀਰਕ, ਮਾਨਸਿਕ, ਭੂਗੋਲਿਕ ਅਤੇ ਹੋਰ ਸੀਮਾਵਾਂ ਤੋਂ ਮੁਕਤ ਕਰਕੇ ਵਿਕਾਸ ਤੇ ਵਿਸ਼ਾਲਤਾ ਦਾ ਰਸਤਾ ਵਿਖਾਇਆ ਹੈ। ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਮਨੁੱਖ ਨੂੰ ਇੱਕ ਦੂਜੇ ਨਾਲ ਮਿਲਾਉਣ ਤੋਂ ਲੈ ਕੇ ਜੀਵ ਜੰਤੂਆਂ, ਬਿਮਾਰੀਆਂ, ਸਮੱਸਿਆਵਾਂ ਅਤੇ ਬ੍ਰਹਿਮੰਡ ਉੱਪਰ ਜਿੱਤ ਦੇ ਯੋਗ ਬਣਾਉਣਾ, ਵਿਗਿਆਨ ਦੀ ਸਭ ਤੋਂ ਮਹੱਤਵਪੂਰਨ ਦੇਣ ਹੈ। ਵਿਗਿਆਨ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਅਤੇ ਸਮੁੱਚੇ ਬ੍ਰਹਿਮੰਡ ਵਿੱਚ ਅਜਿਹੀਆਂ ਮੱਲਾਂ ਮਾਰੀਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਵਿਗਿਆਨ ਦੇ ਸਹਾਰੇ ਹੀ ਮਨੁੱਖ ਨੇ ਕੁਦਰਤ ਦੇ ਗੁੱਝੇ ਭੇਤਾਂ, ਨਿਯਮਾਂ, ਵਰਤਾਰਿਆਂ ਅਤੇ ਨਜ਼ਾਰਿਆਂ ਨੂੰ ਪਛਾਣਿਆ, ਲੱਭਿਆ ਅਤੇ ਸਮਝਿਆ ਹੈ। ਇਹ ਵਿਗਿਆਨ ਹੀ ਹੈ ਜਿਹੜਾ ਮਨੁੱਖ ਨੂੰ ਆਪਣੇ ਆਲੇ ਦੁਆਲੇ ਨੂੰ ਜਾਣਨ, ਸਮਝਣ ਅਤੇ ਬਦਲਣ ਦੀ ਸੋਝੀ ਅਤੇ ਤਾਕਤ ਪ੍ਰਦਾਨ ਕਰਦਾ ਹੈ।
ਇਸ ਦੇ ਨਾਲ ਹੀ ਸਾਨੂੰ ਸਭ ਤੋਂ ਅਹਿਮ ਤੱਥ ਸਮਝਣ ਦੀ ਲੋੜ ਵੀ ਹੈ ਕਿ ਵਿਗਿਆਨ ਦਾ ਮੂਲ ਆਧਾਰ ਵਿਗਿਆਨਕ ਦ੍ਰਿਸ਼ਟੀਕੋਣ ਹੈ। ਕਿਸੇ ਵੀ ਕੁਦਰਤੀ ਤੇ ਗ਼ੈਰ-ਕੁਦਰਤੀ, ਅੰਦਰੂਨੀ ਤੇ ਬਾਹਰੀ ਘਟਨਾ, ਵਸਤੂ, ਸਮੱਸਿਆ ਜਾਂ ਖੋਜ ਨੂੰ ਕੀ, ਕਿਉਂ, ਕਿੱਦਾਂ, ਕਿਵੇਂ ਅਤੇ ਕਿੱਥੇ? ਦੀ ਵਿਗਿਆਨਕ ਕਸੌਟੀ ਉਤੇ ਪਰਖਣ ਦੀ ਪ੍ਰਕਿਰਿਆ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ। ਦੁਨੀਆ ਦੇ ਮਹਾਨ ਵਿਗਿਆਨੀਆਂ ਅਤੇ ਚਿੰਤਕਾਂ ਨੇ ਜਿੰਨੀਆਂ ਵੀ ਖੋਜਾਂ ਅਤੇ ਸਿਧਾਂਤ ਪੈਦਾ ਕੀਤੇ, ਉਹ ਸਭ ਉਨ੍ਹਾਂ ਵੱਲੋਂ ਅਪਣਾਏ ਗਏ ਵਿਗਿਆਨਕ ਦ੍ਰਿਸ਼ਟੀਕੋਣ ਦਾ ਹੀ ਸਿੱਟਾ ਸਨ। ਵਿਗਿਆਨ ਨੇ ਆਪਣੇ ਗਿਆਨ ਤੇ ਤਰਕ ਨਾਲ ਅਗਿਆਨਤਾ, ਸਦੀਆਂ ਪੁਰਾਣੇ ਅੰਧ ਵਿਸ਼ਵਾਸਾਂ ਅਤੇ ਗੈਬੀ ਸ਼ਕਤੀ ਜਿਹੇ ਰੂੜੀਵਾਦੀ ਵਿਚਾਰਾਂ ਤੇ ਮਾਨਤਾਵਾਂ ਨੂੰ ਮਨੁੱਖ ਦੇ ਮਨ ਵਿੱਚੋਂ ਬਾਹਰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਿਗਿਆਨ ਨੇ ਤੱਥਾਂ ਰਾਹੀਂ ਇਹ ਸਿੱਧ ਕੀਤਾ ਹੈ ਕਿ ਸਮੁੱਚੇ ਬ੍ਰਹਿਮੰਡ ਦੀ ਹੋਂਦ ਪਿੱਛੇ ਕਿਸੇ ਵੀ ਅਖੌਤੀ ਪਰਮਾਤਮਾ ਜਾਂ ਕੋਈ ਹੋਰ ਦੈਵੀ ਸ਼ਕਤੀ ਦਾ ਕੋਈ ਹੱਥ ਨਹੀਂ ਹੈ ਅਤੇ ਨਾ ਹੀ ਕਿਸੇ ਪਰਮਾਤਮਾ, ਆਤਮਾ, ਸਵਰਗ-ਨਰਕ ਜਾਂ ਲੋਕ ਪਰਲੋਕ ਦੀ ਕਿਤੇ ਕੋਈ ਹੋਂਦ ਹੈ, ਬਲਕਿ ਮਨੁੱਖ, ਜੀਵ-ਜੰਤੂ ਅਤੇ ਪੌਦਿਆਂ ਸਮੇਤ ਸਮੁੱਚਾ ਬ੍ਰਹਿਮੰਡ ਹੀ ਕਰੋੜਾਂ ਸਾਲਾਂ ਦੇ ਵਿਕਾਸ ਦਾ ਨਤੀਜਾ ਹੈ।
ਭਾਵੇਂ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਹੈਰਾਨਕੁੰਨ ਵਿਕਾਸ ਕਰਕੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ, ਪਰ ਅਜੇ ਵੀ ਕੁਦਰਤ ਦੇ ਕਈ ਅਜਿਹੇ ਗੁੱਝੇ ਭੇਤ ਤੇ ਵਰਤਾਰੇ ਹਨ ਜਿਨ੍ਹਾਂ ਦੀ ਵਿਗਿਆਨ ਵੱਲੋਂ ਪਰਖ ਕੀਤੀ ਜਾ ਰਹੀ ਹੈ। ਬੇਹੱਦ ਅਫ਼ਸੋਸਨਾਕ ਹੈ ਕਿ ਧਰਮ ਵਾਂਗ ਵਿਗਿਆਨ ਵੀ ਅੱਜ ਤੱਕ ਸਾਮਰਾਜੀ ਤਾਕਤਾਂ ਅਤੇ ਵੱਡੇ ਪੂੰਜੀਪਤੀਆਂ ਦੇ ਕਬਜ਼ੇ ਹੇਠ ਚੱਲਿਆ ਆ ਰਿਹਾ ਹੈ ਅਤੇ ਤਕਨਾਲੋਜੀ ਦਾ ਗ਼ਲਤ ਇਸਤੇਮਾਲ ਕਰਕੇ ਮਨੁੱਖਤਾ ਨੂੰ ਵਿਨਾਸ਼ ਦੇ ਰਸਤੇ ਲਿਜਾਇਆ ਜਾ ਰਿਹਾ ਹੈ। ਇਸ ਸਾਜ਼ਿਸ਼ ਵਿੱਚ ਅਮਰੀਕਾ, ਰੂਸ ਅਤੇ ਇਜ਼ਰਾਈਲ ਸਮੇਤ ਉਹ ਸਾਮਰਾਜੀ ਮੁਲਕ ਸ਼ਾਮਲ ਹਨ ਜਿਹੜੇ ਆਪਣੀ ਪਰਮਾਣੂ ਤਾਕਤ, ਧੌਂਸਬਾਜ਼ੀ ਅਤੇ ਤਾਨਾਸ਼ਾਹੀ ਨਾਲ ਦੁਨੀਆ ਦੀ ਸਮੁੱਚੀ ਆਰਥਿਕਤਾ ਉੱਤੇ ਕਾਬਜ਼ ਹੋਣਾ ਚਾਹੁੰਦੇ ਹਨ।
ਬੜਾ ਹੈਰਾਨੀਜਨਕ ਅਤੇ ਦੁਖਦਾਇਕ ਪਹਿਲੂ ਹੈ ਕਿ ਅਸੀਂ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਵਿਗਿਆਨ ਅਤੇ ਤਕਨਾਲੋਜੀ ਰਾਹੀਂ ਖੋਜੀਆਂ ਆਧੁਨਿਕ ਸਹੂਲਤਾਂ ਨੂੰ ਤਾਂ ਰੱਜ ਕੇ ਮਾਣਦੇ ਹਾਂ, ਪਰ ਇਸ ਦੇ ਬਾਵਜੂਦ ਬਹੁਗਿਣਤੀ ਲੋਕ ਵਿਗਿਆਨ ਅਤੇ ਵਿਗਿਆਨੀਆਂ ਦਾ ਧੰਨਵਾਦ ਕਰਨ ਦੀ ਬਜਾਏ ਉਸ ਅਖੌਤੀ ਸ਼ਕਤੀ ਦਾ ਸ਼ੁਕਰਾਨਾ ਕਰਦੇ ਹਨ। ਮਤਲਬ ਇਹ ਕਿ ਅਸੀਂ ਵਿਗਿਆਨ ਨੂੰ ਸਿਰਫ਼ ਸਹੂਲਤਾਂ ਪ੍ਰਦਾਨ ਕਰਨ ਦੇ ਇੱਕ ਸਾਧਨ ਦੇ ਤੌਰ ’ਤੇ ਹੀ ਅਪਣਾਇਆ ਹੈ ਅਤੇ ਜ਼ਿੰਦਗੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਤਰਕ ਨਾਲ ਸਾਡਾ ਦੂਰ ਦਾ ਵੀ ਵਾਸਤਾ ਨਹੀਂ ਹੈ।
ਬੇਸ਼ੱਕ ਭਾਰਤੀ ਸੰਵਿਧਾਨ ਦੀ ਧਾਰਾ 51- ਏ(ਐੱਚ) ਵਿੱਚ ਹਰੇਕ ਭਾਰਤੀ ਨਾਗਰਿਕ ਨੂੰ ਆਪਣੇ ਜੀਵਨ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ, ਇਨਸਾਨੀਅਤ ਦੀ ਭਾਵਨਾ ਰੱਖਣ ਅਤੇ ਆਪਣੇ ਆਲੇ ਦੁਆਲੇ ਵਾਪਰ ਰਹੇ ਵਰਤਾਰਿਆਂ ਨੂੰ ਜਾਣਨ ਅਤੇ ਸੁਧਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਪਰ ਅਸੀਂ ਲੋਕ ਇੱਕੀਵੀਂ ਸਦੀ ਵਿੱਚ ਵੀ ਅੰਧ ਵਿਸ਼ਵਾਸੀ ਅਤੇ ਕਿਸਮਤਵਾਦੀ ਨਜ਼ਰੀਆ ਅਪਣਾ ਕੇ ਆਪਣੀਆਂ ਸਮੱਸਿਆਵਾਂ, ਬਿਮਾਰੀਆਂ ਅਤੇ ਦੁੱਖਾਂ ਦੇ ਹੱਲ ਲਈ ਕਿਸੇ ਅਖੌਤੀ ਪਰਮਾਤਮਾ, ਪਾਖੰਡੀ ਬਾਬਿਆਂ ਦੇ ਅੱਗੇ ਨੱਕ ਤੇ ਮੱਥੇ ਰਗੜ ਕੇ ਆਪਣੀ ਹੱਕ ਹਲਾਲ ਦੀ ਕਮਾਈ ਅਤੇ ਕੀਮਤੀ ਸਮਾਂ ਬਰਬਾਦ ਕਰ ਰਹੇ ਹਾਂ।
ਅਜਿਹੇ ਗ਼ੈਰ ਵਿਗਿਆਨਕ ਵਿਵਹਾਰ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਅਸੀਂ ਲੋਕ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਸ ਰੂੜੀਵਾਦੀ ਪ੍ਰਚਾਰ ਦਾ ਸ਼ਿਕਾਰ ਹੋਏ ਪਏ ਹਾਂ ਕਿ ਮਨੁੱਖ ਦੀ ਅਮੀਰੀ-ਗ਼ਰੀਬੀ, ਊਚ-ਨੀਚ, ਦੁੱਖ-ਸੁੱਖ, ਭੇਦ- ਭਾਵ, ਨਾਬਰਾਬਰੀ, ਲੁੱਟ, ਬਿਮਾਰੀ, ਜ਼ਬਰ- ਜ਼ੁਲਮ, ਹਾਦਸੇ, ਖੁਦਕਸ਼ੀਆਂ ਆਦਿ ਉਸ ਦੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹਨ ਅਤੇ ਉਸ ਦੀ ਕਿਸਮਤ ਵਿੱਚ ਲਿਖੇ ਹੋਏ ਹਨ, ਜੋ ਕੁਝ ਚੰਗਾ ਮਾੜਾ ਵਾਪਰ ਰਿਹਾ ਹੈ, ਉਸੇ ਵਿੱਚ ਹੀ ਪਰਮਾਤਮਾ ਦੀ ਮਰਜ਼ੀ ਹੈ। ਅਸਲ ਸੱਚਾਈ ਇਹ ਹੈ ਕਿ ਇਹ ਸਭ ਅਲਾਮਤਾਂ ਸਾਡੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਭ੍ਰਿਸ਼ਟ ਰਾਜ ਪ੍ਰਬੰਧ ਦੀ ਦੇਣ ਹਨ ਜਿਸ ਨੂੰ ਵਿਗਿਆਨਕ ਦ੍ਰਿਸ਼ਟੀਕੋਣ, ਏਕਤਾ ਅਤੇ ਜੱਥੇਬੰਦਕ ਸੰਘਰਸ਼ਾਂ ਰਾਹੀਂ ਬਦਲ ਕੇ ਲੋਕ ਪੱਖੀ ਅਤੇ ਨਿਆਂਪਸੰਦ ਢਾਂਚਾ ਉਸਾਰਿਆ ਜਾ ਸਕਦਾ ਹੈ। ਅਜਿਹੇ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸੰਘਰਸ਼ਸ਼ੀਲ ਮਾਨਸਿਕਤਾ ਦੀ ਘਾਟ ਕਰਕੇ ਹੀ ਅਸੀਂ ਵਿਕਸਤ ਦੇਸ਼ਾਂ ਤੋਂ ਬਹੁਤ ਜ਼ਿਆਦਾ ਪਿੱਛੜੇ ਹੋਏ ਹਾਂ।
ਦਰਅਸਲ, ਸਾਡੀਆਂ ਕਾਰਪੋਰੇਟ ਪੱਖੀ ਹਕੂਮਤਾਂ ਅਤੇ ਭ੍ਰਿਸ਼ਟ ਸਿਆਸਤਦਾਨ ਹੀ ਨਹੀਂ ਚਾਹੁੰਦੇ ਕਿ ਲੋਕ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸੰਘਰਸ਼ਸ਼ੀਲ ਮਾਨਸਿਕਤਾ ਦੇ ਧਾਰਨੀ ਬਣ ਕੇ ਉਨ੍ਹਾਂ ਤੋਂ ਆਪਣੇ ਜਮਹੂਰੀ ਅਧਿਕਾਰ ਮੰਗਣ ਅਤੇ ਜਵਾਬਦੇਹੀ ਕਰਨ। ਇਸੇ ਲਈ ਤਾਂ ਜ਼ਿਆਦਾਤਰ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਉੱਤੇ ਪਾਖੰਡੀ ਬਾਬਿਆਂ, ਜੋਤਸ਼ੀਆਂ ਅਤੇ ਤਾਂਤਰਿਕਾਂ ਵੱਲੋਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਕਥਿਤ ਕਾਲੇ ਇਲਮ, ਜਾਦੂ ਟੂਣਿਆਂ, ਧਾਗੇ ਤਵੀਤਾਂ ਅਤੇ ਦੈਵੀ ਸ਼ਕਤੀਆਂ ਨਾਲ ਹੱਲ ਕਰਨ ਦੀ ਝੂਠੀ ਅਤੇ ਗ਼ੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿੱਚ ਫਸਾ ਕੇ ਲੁੱਟਿਆ ਜਾਂਦਾ ਹੈ, ਪਰ ਕਿਸੇ ਵੀ ਮੰਤਰਾਲੇ ਜਾਂ ਪੁਲੀਸ ਪ੍ਰਸ਼ਾਸਨ ਵੱਲੋਂ ਅਜਿਹੇ ਪਾਖੰਡੀਆਂ ਅਤੇ ਮੀਡੀਆ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਇਸੇ ਤਰ੍ਹਾਂ ਦੇਸ਼ ਵਿੱਚ ਜਦੋਂ ਵੀ ਕਿਸੇ ਵਿਗਿਆਨਕ ਖੋਜ ਦੀ ਪਰਖ ਕੀਤੀ ਜਾਂਦੀ ਹੈ ਤਾਂ ਉਸ ਵਕਤ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਸ਼ਟਰਪਤੀ ਅਤੇ ਇਸਰੋ ਦੇ ਵਿਗਿਆਨੀਆਂ ਦੀ ਹਾਜ਼ਰੀ ਵਿੱਚ ਪੂਜਾ-ਪਾਠ, ਹਵਨ ਯੱਗ, ਮੰਤਰ ਪੜ੍ਹਨ ਅਤੇ ਨਾਰੀਅਲ ਤੋੜਨ ਵਰਗੀਆਂ ਰੂੜੀਵਾਦੀ ਰਸਮਾਂ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਰੂੜੀਵਾਦੀ ਕਾਰਵਾਈਆਂ ਵਿਗਿਆਨ, ਵਿਗਿਆਨੀਆਂ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸੰਵਿਧਾਨ ਦੀ ਧਾਰਾ 51- ਏ(ਐੱਚ) ਦਾ ਸ਼ਰੇਆਮ ਅਪਮਾਨ ਅਤੇ ਉਲੰਘਣਾ ਵੀ ਹੈ। ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਝੂਠਾ ਅਤੇ ਹਾਸੋਹੀਣਾ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਕਈ ਸਦੀਆਂ ਪਹਿਲਾਂ ਪਲਾਸਟਿਕ ਸਰਜਰੀ ਰਾਹੀਂ ਹਾਥੀ ਦਾ ਸਿਰ ਕਿਸੇ ਮਨੁੱਖ ਨੂੰ ਲਾਇਆ ਗਿਆ ਸੀ। ਸਵਾਲ ਹੈ ਕਿ ਸਰਕਾਰੀ ਦੇਖ ਰੇਖ ਹੇਠ ਫੈਲਾਏ ਜਾਂਦੇ ਅਜਿਹੇ ਅੰਧ ਵਿਸ਼ਵਾਸੀ ਪ੍ਰਚਾਰ ਦੇ ਹੁੰਦਿਆਂ ਆਮ ਲੋਕਾਂ ਤੋਂ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ?
ਇਸੇ ਤਰ੍ਹਾਂ ਮੌਜੂਦਾ ਹਕੂਮਤਾਂ ਵੱਲੋਂ ਫਿਰਕੂ ਏਜੰਡੇ ਤਹਿਤ ਸਿੱਖਿਆ ਸਿਲੇਬਸ ਵਿੱਚੋਂ ਡਾਰਵਿਨ ਦਾ ਸਿਧਾਂਤ ਅਤੇ ਵਿਗਿਆਨਕ ਚੇਤਨਾ ਸਬੰਧੀ ਹੋਰ ਪਾਠਕ੍ਰਮ ਬਾਹਰ ਕੱਢ ਕੇ ਜੋਤਿਸ਼, ਵਾਸਤੂ ਸ਼ਾਸਤਰ, ਗੋਬਰ, ਗਊ ਮੂਤਰ ਅਤੇ ਹੋਰ ਮਿਥਿਹਾਸਕ ਤੇ ਗ਼ੈਰ ਵਿਗਿਆਨਕ ਪਾਠਕ੍ਰਮ ਸ਼ਾਮਲ ਕੀਤੇ ਗਏ ਹਨ। ਵਿਦਿਅਕ ਅਦਾਰਿਆਂ ਵਿੱਚ ਵਿਦਿਅਕ ਸੈਸ਼ਨ ਦੀ ਸਫਲਤਾ ਲਈ ਹੁੰਦੇ ਹਵਨ ਯੱਗ ਅਤੇ ਧਾਰਮਿਕ ਪਾਠ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਹੋਣ ਤੋਂ ਰੋਕਦੇ ਹਨ।
ਇਸ ਲਈ ਵਿਗਿਆਨ ਅਤੇ ਵਿਗਿਆਨਕ ਚੇਤਨਾ ਦੇ ਫਾਸਲੇ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਦਿਲੋ ਦਿਮਾਗ਼ ਵਿੱਚ ਕੀ, ਕਿਉਂ, ਕਿਵੇਂ, ਕਿੱਦਾਂ ਅਤੇ ਕਿੱਥੇ? ਦੇ ਸਵਾਲਾਂ ਨੂੰ ਉਭਾਰਨ ਦੇ ਨਾਲ ਨਾਲ ਉਨ੍ਹਾਂ ਦੇ ਅਚੇਤ ਮਨ ਵਿੱਚ ਸਦੀਆਂ ਤੋਂ ਬੈਠੇ ਅੰਧ ਵਿਸ਼ਵਾਸੀ ਵਰਤਾਰਿਆਂ ਅਤੇ ਰੂੜੀਵਾਦੀ ਮਾਨਤਾਵਾਂ ਨੂੰ ਖ਼ਤਮ ਕੀਤੇ ਜਾਣਾ ਵੀ ਬੇਹੱਦ ਜ਼ਰੂਰੀ ਹੈ। ਇਸ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਵਿਗਿਆਨਕ ਚੇਤਨਾ ਭਰਪੂਰ ਸਿੱਖਿਆ ਦੇਣ ਦੀ ਲੋੜ ਹੈ।
ਇਸ ਲਈ ਕੌਮੀ ਵਿਗਿਆਨ ਦਿਵਸ ਮਨਾਉਣ ਦੀ ਸਾਰਥਿਕਤਾ ਤਦ ਹੀ ਹੋ ਸਕਦੀ ਹੈ ਜੇਕਰ ਆਮ ਲੋਕਾਂ ਵਿੱਚ ਵਿਗਿਆਨਕ ਸੋਚ, ਸਵੈ ਵਿਸ਼ਵਾਸ ਅਤੇ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨ ਦੀ ਮਾਨਸਿਕਤਾ ਵਿਕਸਤ ਕੀਤੀ ਜਾਵੇ। ਅਜਿਹਾ ਯਕੀਨੀ ਬਣਾਉਣ ਲਈ ਸਿੱਖਿਆ ਸਿਲੇਬਸ ਵਿੱਚੋਂ ਅੰਧ ਵਿਸ਼ਵਾਸੀ, ਮਿਥਿਹਾਸਕ ਅਤੇ ਰੂੜੀਵਾਦੀ ਪਾਠਕ੍ਰਮ ਬਾਹਰ ਕੱਢ ਕੇ ਵਿਗਿਆਨਕ ਚੇਤਨਾ ਆਧਾਰਿਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇ।
ਭਾਰਤੀ ਸੰਵਿਧਾਨ ਦੀ ਧਾਰਾ 51- ਏ(ਐੱਚ) ਅਨੁਸਾਰ ਹਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਵਿੱਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਵਿਕਸਤ ਕਰਦੇ ਸੈਮੀਨਾਰ ਅਤੇ ਸਿਖਲਾਈ ਕੈਂਪ ਲਗਾਏ ਜਾਣ। ਸਮਾਜ ਵਿੱਚੋਂ ਆਰਥਿਕ ਤੇ ਸਮਾਜਿਕ ਨਾਬਰਾਬਰੀ, ਅਨਿਆਂ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਕੇ ਹਰੇਕ ਨਾਗਰਿਕ ਲਈ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀਆਂ ਬਰਾਬਰ ਸਹੂਲਤਾਂ ਦਿੱਤੀਆਂ ਜਾਣ। ਹਰੇਕ ਹਸਪਤਾਲ ਵਿੱਚ ਮਾਨਸਿਕ ਰੋਗਾਂ ਦੇ ਡਾਕਟਰ ਨਿਯੁਕਤ ਕੀਤੇ ਜਾਣ ਤਾਂ ਕਿ ਲੋਕ ਪਾਖੰਡੀਆਂ ਦੇ ਝਾਂਸਿਆਂ ਵਿੱਚ ਫਸ ਕੇ ਆਪਣੀ ਲੁੱਟ ਨਾ ਕਰਵਾਉਣ। ਪ੍ਰਿੰਟ ਅਤੇ ਬਿਜਲਈ ਮੀਡੀਆ ਵਿੱਚ ਜੋਤਿਸ਼, ਰਾਸ਼ੀਫਲ ਅਤੇ ਪਾਖੰਡੀ ਬਾਬਿਆਂ ਤੇ ਜੋਤਸ਼ੀਆਂ ਦੀ ਝੂਠੀ ਇਸ਼ਤਿਹਾਰਬਾਜ਼ੀ ਬੰਦ ਕੀਤੀ ਜਾਵੇ। ਵਿਦਿਅਕ ਅਦਾਰਿਆਂ ਵਿੱਚ ਰੂੜੀਵਾਦੀ ਪ੍ਰਾਰਥਨਾਵਾਂ ਅਤੇ ਸਮਾਗਮਾਂ ਨੂੰ ਬੰਦ ਕਰਕੇ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਦੇ ਦਿਨ ਮਨਾਉਣ ਦੀਆਂ ਸਿਹਤਮੰਦ ਰਵਾਇਤਾਂ ਸ਼ੁਰੂ ਕੀਤੀਆਂ ਜਾਣ। ਇਸ ਤਰ੍ਹਾਂ ਲੋਕ ਮਾਨਸਿਕਤਾ ’ਚੋਂ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਚਲੇ ਫਾਸਲੇ ਨੂੰ ਖ਼ਤਮ ਕਰਕੇ ਹੀ ਦੇਸ਼ ਅਤੇ ਸਮਾਜ ਨੂੰ ਸਹੀ ਵਿਕਾਸ ਦੇ ਰਸਤੇ ਉੱਤੇ ਲਿਆਂਦਾ ਜਾ ਸਕਦਾ ਹੈ।
ਸੰਪਰਕ: 76960-30173

