ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਚਿੱਤਰ: ਸਿਧਾਰਥ

ਹਰਕੰਵਲ ਸਿੰਘ ਕੰਗ 

ਪਿੱਪਲ ਦਿਆ ਪੱਤਿਆ ਵੇ ਕਾਹਦੀ ਖੜ-ਖੜ ਲਾਈ ਐ,

ਪੱਤ ਝੜ੍ਹਗੇ ਪੁਰਾਣੇ ਰੁੱਤ ਨਵਿਆਂ ਦੀ ਆਈ ਐ।

ਨਾਨਕਸ਼ਾਹੀ ਕੈਲੰਡਰ ਮੁਤਾਬਕ ਫੱਗਣ (ਫਲਗੁਣਿ) ਬਿਕਰਮੀ ਸੰਮਤ ਸਾਲ ਦਾ ਬਾਰ੍ਹਵਾਂ ਤੇ ਆਖ਼ਰੀ ਮਹੀਨਾ ਹੈ। ਇਸ ਮਹੀਨੇ ਮਨੁੱਖ ਨੂੰ ਆਪਣੀ ਮਿਹਨਤ ਦੇ ਫਲਾਂ ਦੀ ਪ੍ਰਾਪਤੀ ਹੁੰਦੀ ਮੰਨੀ ਜਾਂਦੀ ਹੈ। ਇਸ ਮਹੀਨੇ ਸਿਆਲ ਰੁੱਤ ਪਹਾੜਾਂ ਨੂੰ ਚੜ੍ਹ ਜਾਂਦੀ ਹੈ। ਲੋਕਾਈ ਧੁੱਪ ਦਾ ਨਿੱਘ ਮਾਣਦੀ ਹੈ ਅਤੇ ਮਹੀਨੇ ਦੇ ਅਖ਼ੀਰ ਤਕ ਹੌਲੀ ਹੌਲੀ ਗਰਮੀ ਦੀ ਆਮਦ ਹੋ ਜਾਂਦੀ ਹੈ। ਗਰਮ ਕੱਪੜੇ ਉਤਰਨੇ ਸ਼ੁਰੂ ਹੋ ਜਾਂਦੇ ਹਨ ਅਤੇ ਜੀਵਨ ਗਤੀਸ਼ੀਲ ਹੋ ਜਾਂਦਾ ਹੈ। ਫੱਗਣ ਮਹੀਨੇ ਵਿੱਚ ਬਸੰਤ ਰੁੱਤ ਜੋਬਨ ’ਤੇ ਆ ਜਾਂਦੀ ਹੈ। ਇਹ ਮਹੀਨਾ ਅੱਧ ਫਰਵਰੀ ਤੋਂ ਅੱਧ ਮਾਰਚ ਮਹੀਨੇ ਵਿੱਚ ਆਉਂਦਾ ਹੈ। ਇਸ ਵਾਰ 12 ਫਰਵਰੀ ਨੂੰ ਸੰਗਰਾਂਦ ਦਾ ਦਿਨ ਸੀ, ਜੋ ਹਰ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਮਹੀਨੇ ਵਿੱਚ 30 ਜਾਂ 31 ਦਿਨ ਹੁੰਦੇ ਹਨ। ਰਾਤਾਂ ਨੂੰ ਅਸਮਾਨ ਬੋਲੀਆਂ ਪਾਉਂਦਾ ਨਜ਼ਰ ਆਉਂਦਾ ਹੈ। ਤਾਰੇ ਟਿਮ-ਟਿਮਾਉਂਦੇ ਨੇ। ਅਸਮਾਨ ਵਿੱਚ ਪੱਸਰੀ ਸ਼ਾਂਤੀ ਨੂੰ ਦੇਖ ਕੇ ਹੀ ਆਨੰਦ ਮਾਣਿਆ ਜਾ ਸਕਦਾ ਹੈ। ਗੀਤ ‘ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਕੋਈ ਐ।’ ਅਸਮਾਨ ਦੀ ਇਸੇ ਸੁੰਦਰਤਾ ਨੂੰ ਦਰਸਾਉਂਦਾ ਪ੍ਰਤੀਤ ਹੁੰਦਾ ਹੈ। ਇਸੇ ਤਰ੍ਹਾਂ ਇਸ ਮਹੀਨੇ ਨਾਲ ਸਬੰਧਤ ਇੱਕ ਲੋਕ ਬੋਲੀ ਅਕਸਰ ਹੀ ਕੰਨੀਂ ਪੈ ਜਾਂਦੀ ਹੈ , ‘ਧੁੱਪੇ ਨਾ ਪਕਾਈਂ ਰੋਟੀਆਂ ਰੰਗ ਚੋਅ ਕੇ ਪਰਾਤ ’ਚ ਪੈ ਜਾਉਗਾ’

ਇਸ ਮਹੀਨੇ ਅੰਬਾਂ ਨੂੰ ਕਹੂਰ ਪੈਣ ਲੱਗਦਾ ਹੈ ਅਤੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੰਬਾਂ ਦੀ ਫ਼ਸਲ ਸੋਹਣੀ ਹੋਵੇਗੀ। ਧਰਤੀ ਉੱਤੇ ਹਰਿਆਵਲ ਮੇਲ੍ਹਦੀ ਹੈ, ਬਾਗ਼ਾਂ ਵਿੱਚ ਮੋਰ ਪੈਲਾਂ ਪਾਉਂਦੇ ਹਨ, ਕਣਕ ਮਘੋਲੇ ਪੈ ਜਾਂਦੀ ਹੈ ਤੇ ਬੱਲੀ ਪੈਣ ਲੱਗਦੀ ਹੈ। ਦੂਰ-ਦੂਰ ਪੀਲੇ ਰੰਗ ਦੇ ਸਰ੍ਹੋਂ ਦੇ ਖੇਤ ਇਸ ਤਰ੍ਹਾਂ ਨਜ਼ਰੀਂ ਪੈਦੇ ਹਨ ਜਿਵੇਂ ਧਰਤੀ ਨੇ ਪੀਲੇ ਰੰਗ ਦੀ ਚੁੰਨੀ ਲਈ ਹੋਵੇ। ਇਸ ਮਹੀਨੇ ਜੀਵ ਇਸਤਰੀ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਮਿਲਾਪ ਲਈ ਉਹ ਚਿਰਾਂ ਤੋਂ ਤਾਂਘ ਰਹੀ ਹੁੰਦੀ ਹੈ। ਇਸ ਤਰ੍ਹਾਂ ਇਹ ਵਸਲ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਲਈ ਸੰਘਰਸ਼ ਦੌਰਾਨ ਫੱਗਣ ਦੀ 10 ਤਰੀਕ ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ। ਇਹ ਘਟਨਾ ਬੇਹੱਦ ਦਿਲ ਕੰਬਾਊ ਹੈ। ਇਸ ਘਟਨਾ ਵਿੱਚ ਸ਼ਹੀਦ ਲਛਮਣ ਸਿੰਘ ਧੀਰੋਵਾਲ ਨੂੰ ਮਹੰਤ ਨਰੈਣ ਦਾਸ ਦੇ ਗੁੰਡਿਆਂ ਨੇ ਗੁਰਦੁਆਰੇ ਵਿੱਚ ਖੜ੍ਹੇ ਜੰਡ ਦੇ ਨਾਲ ਬੰਨ੍ਹ ਕੇ ਸਾੜ ਦਿੱਤਾ ਸੀ ਅਤੇ ਇਸ ਤੋਂ ਬਾਅਦ ਸਿੱਖਾਂ ਵਿੱਚ ਬਹੁਤ ਜ਼ਿਆਦਾ ਰੋਹ ਫੈਲ ਗਿਆ ਸੀ।

ਫੱਗਣ ਮਹੀਨੇ ਬਾਰੇ ਗੁਰੂ ਅਰਜਨ ਦੇਵ ਜੀ ਬਾਰਹਾ ਮਾਹ ਰਾਗ ਮਾਂਝ ਵਿੱਚ ਇਸ ਤਰ੍ਹਾਂ ਫੁਰਮਾਉਂਦੇ ਹਨ:

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥

ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥

ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥

ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥

ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥

ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥

ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥

ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥

ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥

ਬਾਰਾ ਮਾਹ ਦਾ ਨਿਚੋੜ ਗੁਰੂ ਜੀ ਨੇ ਆਖਰੀ ਸਲੋਕ ਵਿੱਚ ਕੱਢਿਆ ਹੈ:

ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥

ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥

ਗੁਰਬਾਣੀ ਅਨੁਸਾਰ ਜੋ ਮਨੁੱਖ ਨਾਮ ਜਪਣ ਲੱਗ ਗਿਆ, ਉਸ ਲਈ ਸਾਰੇ ਦਿਨ ਹੀ ਚੰਗੇ ਹਨ। ਕਿਉਂਕਿ ਸਾਰੇ ਦਿਨ, ਮਹੀਨੇ ਪਰਮਾਤਮਾ ਦੇ ਹੀ ਬਣਾਏ ਹੋਏ ਮੰਨੇ ਜਾਂਦੇ ਹਨ। ਜੇ ਦਿਨਾਂ, ਮਹੀਨਿਆਂ ਨੂੰ ਬਣਾਉਣ ਵਾਲਾ ਚੰਗਾ ਹੈ, ਫਿਰ ਸਭ ਘੜੀਆਂ, ਪਲ ਤੇ ਦਿਨ ਚੰਗੇ ਹਨ।

ਜਦੋਂ ਫੱਗਣ ਦੇ ਮਹੀਨੇ ਬਸੰਤ ਰੁੱਤ ਜੋਬਨ ਉੱਤੇ ਹੁੰਦੀ ਹੈ ਤਾਂ ਫਿਰ ਧੁੱਪ ਦੇ ਮੇਲੇ ਲੱਗਦੇ ਹਨ। ਜੰਗਲਾਂ ਦੇ ਵਿੱਚ ਫੁੱਲ ਲੱਗੇ ਨਜ਼ਰ ਆਉਂਦੇ ਹਨ ਤੇ ਫੁੱਲਾਂ ਦੀ ਮਹਿਕ ਨਾਲ ਆਲਾ-ਦੁਆਲਾ ਮਹਿਕ ਉੱਠਦਾ ਹੈ। ਇਸ ਰੁੱਤੇ ਸ਼ਹਿਰਾਂ ਵਿੱਚ ਫੁੱਲਾਂ ਦੇ ਵਿਸ਼ੇਸ਼ ਮੇਲੇ ਵੀ ਲੱਗਦੇ ਹਨ। ਇਨ੍ਹਾਂ ਵਿੱਚ ਚੰਡੀਗੜ੍ਹ ਦਾ ਗੁਲਾਬ ਮੇਲਾ ਵੀ ਸ਼ਾਮਲ ਹੈ। ‘ਫੱਗਣ ਫੁੱਲ ਖਿੜਾਉਂਦਾ ਹੈ, ਸਭ ਦੇ ਦਿਲ ਨੂੰ ਭਾਉਂਦਾ ਹੈ।’

ਇੱਕ ਵਾਰ ਫਿਰ ਸਾਹਿਤਕਾਰਾਂ ਦੀਆਂ ਮਹਿਫਲਾਂ ਜੁੜਦੀਆਂ ਹਨ। ਇੱਕ ਅਜਿਹਾ ਹੀ ਮੇਲਾ ਦਿੱਲੀ ਵਿੱਚ ਲੱਗਦਾ ਹੈ, ਜਿਸ ਦਾ ਨਾਂ ‘ਧੁੱਪ ਦੀ ਮਹਿਫਲ’ ਹੈ। ਪੰਜਾਬੀ ਪਿਆਰਿਆਂ ਦਾ ਇਹ ਇਤਿਹਾਸਕ ਮੇਲਾ ਦਿੱਲੀ ਦੇ ਪ੍ਰਸਿੱਧ ਪਬਲਿਸ਼ਰ ਭਾਪਾ ਪ੍ਰੀਤਮ ਸਿੰਘ ਨੇ ਸ਼ੁਰੂ ਕੀਤਾ ਸੀ। ਇਸ ਮੇਲੇ ਤੋਂ ਪ੍ਰਭਾਵਿਤ ਹੋ ਕੇ ਹੋਰ ਥਾਵਾਂ ’ਤੇ ਵੀ ਮੇਲੇ ਲੱਗਣ ਲੱਗੇ।

ਹੋਲੀ ਦਾ ਤਿਉਹਾਰ ਵੀ ਇਸੇ ਮਹੀਨੇ ਮਨਾਇਆ ਜਾਂਦਾ ਹੈ। ਲੋਕ ਇੱਕ-ਦੂਜੇ ਉੱਪਰ ਗੁਲਾਲ ਸੁੱਟਦੇ ਹਨ। ਮਰਦ ਤੇ ਤੀਵੀਂਆਂ ਗੀਤ ਗਾਉਂਦੇ ਹਨ। ਹੋਲੀ ਤੋਂ ਪਹਿਲਾਂ ਲੋਕ ਹੋਲਿਕਾ ਸਾੜਦੇ ਹਨ। ਪੰਜਾਬ ਵਿੱਚ ਹੋਲੀ ਦੇ ਨਾਲ ਨਾਲ ਖ਼ਾਲਸੇ ਦਾ ‘ਹੋਲਾ’ ਮਨਾਇਆ ਜਾਂਦਾ ਹੈ। ਇਹ ਰਵਾਇਤ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤੀ ਸੀ। ਇਸ ਦਿਨ ਗੁਰੂ ਜੀ ਨੇ ਸਿੱਖਾਂ ਦੇ ਸਰੀਰਕ ਮੁਕਾਬਲੇ ਤੇ ਯੁੱਧ ਨੀਤੀ ਨਾਲ ਸਬੰਧਤ ਖੇਡਾਂ ਦੀ ਸ਼ੁਰੂਆਤ ਕਰਵਾਈ। ਇਸ ਦਿਨ ਸਾਰੇ ਪੰਜਾਬ ’ਚੋਂ ਵੱਡੀ ਗਿਣਤੀ ਸੰਗਤ ਆਨੰਦਪੁਰ ਸਾਹਿਬ ਪੁੱਜਦੀ ਹੈ। ਨਿਹੰਗ ਸਿੰਘ ਇੱਕ-ਦੂਜੇ ’ਤੇ ਗੁਲਾਲ ਸੁੱਟ ਕੇ ਖ਼ੁਸ਼ੀਆਂ ਨੂੰ ਚਾਰ ਚੰਨ ਲਾ ਦਿੰਦੇ ਹਨ। ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢ ਕੇ ਹੋਲੇ ਦੀ ਸਮਾਪਤੀ ਕੀਤੀ ਜਾਂਦੀ ਹੈ। ਕਈ ਵਾਰ ਮਹੱਲਾ ਕੱਢਣ ਨੂੰ ਲੈ ਕੇ ਗੁਰੂ ਦੀਆਂ ਇਨ੍ਹਾਂ ਲਾਡਲੀਆਂ ਫ਼ੌਜਾਂ ਵਿੱਚ ਖਾਨਾਜੰਗ ਵਾਲ ਮਾਹੌਲ ਵੀ ਬਣਦਾ ਹੈ।

ਅਸਲ ਵਿੱਚ ਹੋਲੀ ਦਾ ਤਿਉਹਾਰ ਬਸੰਤ ਰੁੱਤ ਦੇ ਸੰਪੂਰਨ ਹੋਣ ’ਤੇ ਮਨਾਇਆ ਜਾਂਦਾ ਹੈ। ਇਸ ਰੁੱਤ ਵਿੱਚ ਪਾਲਾ ਛੂ ਮੰਤਰ ਹੋ ਜਾਂਦਾ ਹੈ ਅਤੇ ਗਰਮੀ ਚੁੱਭਣ ਲੱਗਦੀ ਹੈ। ਹਿੰਦੂ ਪੰਚਾਂਗ ਅਨੁਸਾਰ ਫੱਗਣ ਦਾ ਮਹੀਨਾ ਸਾਲ ਦਾ ਆਖ਼ਰੀ ਮਹੀਨਾ ਕਹਾਉਂਦਾ ਹੈ। ਇਸੇ ਮਹੀਨੇ ਹਿੰਦੂ ਧਰਮ ਦਾ ਅਹਿਮ ਤਿਉਹਾਰ ਮਹਸ਼ਿਵਰਾਤਰੀ ਆਉਂਦਾ ਹੈ। ਇਸ ਮਹੀਨੇ ਨੂੰ ਬੇਹੱਦ ਬਰਕਤਾਂ ਵਾਲਾ ਤੇ ਫਲਦਾਇਕ ਮਹੀਨਾ ਮੰਨਿਆ ਜਾਂਦਾ ਹੈ। ਇਸੇ ਕਰ ਕੇ ਇਸ ਦਾ ਨਾਂ ‘ਫਲਦਾਇਕ’ ਵੀ ਹੈ। ਇਸ ਮਹੀਨੇ ਕ੍ਰਿਸ਼ਨ ਭਗਵਾਨ ਦੀ ਵਿਸ਼ੇਸ਼ ਪੂਜਾ ਹੁੰਦੀ ਹੈ। ਲੋਕ ਆਪਣੀਆਂ ਮਨੋਕਾਮਨਾਵਾਂ ਲਈ ਬਾਲ ਕ੍ਰਿਸ਼ਨ, ਯੁਵਾ ਕ੍ਰਿਸ਼ਨ ਅਤੇ ਗੁਰੂ ਕ੍ਰਿਸ਼ਨ ਦੇ ਸਰੂਪਾਂ ਦੀ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਚੰਦਰਮਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਮਹੀਨੇ ਮਨ ਵਧੇਰੇ ਚੰਚਲ ਹੋ ਜਾਂਦਾ ਹੈ।

ਇਸ ਤੋਂ ਪਹਿਲਾਂ ਪੁਰਾਤਨ ਪੰਜਾਬ ਵਿੱਚ ਸਿਆਲ ਰੁੱਤ ਕਾਰਨ ਸੁਆਣੀਆਂ ਆਪਣਾ ਚੁੱਲ੍ਹਾ-ਚੌਂਕਾ ਕਿਤੇ ਹਵਾ ਤੋਂ ਢੋਅ ਵਾਲੇ ਪਾਸੇ ਪਰ ਧੁੱਪ ਪੈਣ ਵਾਲੀ ਥਾਂ ਬਣਾ ਲੈਂਦੀਆਂ ਸਨ। ਜਦੋਂ ਕਿਤੇ ਧੁੱਪ ਦੀ ਤਪਸ਼ ਜ਼ਿਆਦਾ ਹੋ ਜਾਣੀ ਤਾਂ ਇਹ ਚੁੱਲ੍ਹੇ-ਚੌਂਕੇ ਛਾਵੇਂ ਬਣਾਉਣ ਦੀ ਗੱਲ ਚੱਲਦੀ। ਇਸ ਦੌਰਾਨ ਕਈ ਵਾਰ ਮੰਜਾ ਖੜ੍ਹਾ ਕਰ ਕੇ ਧੁੱਪ ਤੋਂ ਬਚਾਅ ਕੀਤਾ ਜਾਂਦਾ ਹੈ। ਹੁਣ ਦੀ ਤਰ੍ਹਾਂ ਉਦੋਂ ਆਧੁਨਿਕ ਰਸੋਈਆਂ ਨਹੀਂ ਸਨ।

ਫੱਗਣ ਦਾ ਮਹੀਨਾ ਚੜ੍ਹਦਿਆਂ ਹੀ ਅੱਗੇ ਮਾਰਚ ਦਾ ਮਹੀਨਾ ਦਸਤਕ ਦਿੰਦਾ ਹੈ, ਜਿਸ ਨਾਲ ਪੜ੍ਹਾਈ ਦਾ ਮਾਹੌਲ ਤੇ ਖ਼ੌਫ਼ ਸਿਰਜਿਆ ਜਾਂਦਾ ਹੈ। ਪੇਪਰਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਵਿਦਿਆਰਥੀਆਂ ਦੇ ਮਨ ਵਿੱਚ ਫੇਲ੍ਹ-ਪਾਸ ਦਾ ਧੁੜਕੂ ਲੱਗ ਜਾਂਦਾ ਹੈ। ਇਸ ਖ਼ੌਫ਼ ਦੇ ਵਿਚਾਲੇ ਹੀ ਅੰਨ੍ਹੀ ਸ਼ਰਧਾ ਉਪਜਦੀ ਹੈ। ਬੱਚੇ ਪਾਸ ਹੋਣ ਲਈ ਡੇਰਿਆਂ ’ਤੇ ਸੁੱਖਾਂ ਸੁੱਖਦੇ ਤੇ ਅਰਜ਼ੋਈਆਂ ਕਰਦੇ ਹਨ। ਪਿੰਡਾਂ ਵਿੱਚ ਬੱਚੇ ਦੂਰ-ਦੁਰਾਡੇ ਰਹੀਆਂ ਵਿਚਲੇ ਡੇਰਿਆਂ ਦੀ ਕਾਇਆ ਕਲਪ ਕਰ ਦਿੰਦੇ ਹਨ ਤੇ ਉੱਥੇ ਗੁਲਾਬ, ਗੇਂਦੇ ਦੇ ਬੂਟੇ ਲਾ ਦਿੰਦੇ ਹਨ। ਪਾਸ ਹੋਣ ਦਾ ਕੰਮ ਉਹ ਬਾਬੇ ਸਿਰ ਛੱਡ ਦਿੰਦੇ ਹਨ।

ਗੱਲ ਕੀ, ਜੇ ਡੇਰਿਆਂ, ਮਜਾਰਾਂ ਵਿੱਚ ਝਾੜੂ ਮਾਰਨ ਦੀ ਥਾਂ ਮਿਹਨਤ ਵੱਲ ਧਿਆਨ ਲਾਇਆ ਜਾਂਦਾ ਤਾਂ ਨਤੀਜਾ ਆਸ ਮੁਤਾਬਕ ਹੋ ਸਕਦਾ ਹੁੰਦਾ ਹੈ। ਸਾਡਾ ਸਿਖਿਆਮੰਤਰ ਲੋਕਾਂ ਨੂੰ ਵਿਗਿਆਨਕ ਨਜ਼ਰੀਆ ਨਹੀਂ ਦੇ ਸਕਿਆ, ਇਸ ਲਈ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਲੋਕਾਂ ਦੀ ਮਾਨਸਿਕ ਲੁੱਟ ਜਾਰੀ ਹੈ।

ਫੱਗਣ ਦੇ ਮਹੀਨੇ ਵਿੱਚ ਫਲ ਵਧੇਰੇ ਖਾਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਗਰਮ ਪਾਣੀ ਛੱਡ ਕੇ ਲੋਕ ਆਮ ਪਾਣੀ ਨਾਲ ਨਹਾਉਣ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਕੱਪੜੇ ਰੰਗਦਾਰ ਪਹਿਨਦੇ ਹਨ। ਇਸ ਮਹੀਨੇ ਪੂਜਾ ਕਰਨ ਲਈ ਵੀ ਬਹੁਤ ਵਿਧੀ ਵਿਧਾਨ ਹਨ।

ਆਉ ਦੇਸੀ ਮਹੀਨੇ ਯਾਦ ਕਰੀਏ:

ਚੇਤ ਮਹੀਨਾ ਚੜ੍ਹਦਾ ਹੈ, ਕਣਕੀਂ ਸੋਨਾ ਮੜ੍ਹਦਾ ਹੈ।

ਵਿਸਾਖ ਵਿਸਾਖੀ ਨਹਾਉਂਦੇ ਹਾਂ,

ਦਾਣੇ ਘਰ ਵਿੱਚ ਲਿਆੳਂੁਦੇ ਹਾਂ।

ਜੇਠ ਮਹੀਨਾ ਲੂਆਂ ਦਾ, ਪਾਣੀ ਸੁੱਕਦਾ ਖੂਹਾਂ ਦਾ।

ਹਾੜ੍ਹ ਮਹੀਨਾ ਤਪਦਾ ਹੈ, ਸਾਨੂੰ ਅੰਦਰੇ ਰੱਖਦਾ ਹੈ।

ਸਾਵਣ ਬੱਦਲ ਵੱਸਦੇ ਨੇ, ਅੰਬਜਮੋਏ ਰਸਦੇ ਨੇ।

ਭਾਦੋਂ ਧੁੱਪਾਂ ਕਹਿਰ ਦੀਆਂ,

ਝੜੀਆਂ ਕਈ-ਕਈ ਪਹਿਰ ਦੀਆਂ।

ਅੱਸੂ ਮਾਹ ਨਿਰਾਲਾ ਹੈ, ਨਾ ਗਰਮੀ ਨਾ ਪਾਲਾ ਹੈ।

ਕੱਤਕ ਵੰਡੇ ਚਾਨਣੀਆਂ, ਰਾਤਾਂ ਨੂੰ ਬਹਿ ਮਾਨਣੀਆਂ।

ਮਘਰ ਨੂੰ ਗਲ ਲਾਉਂਦੇ ਹਾਂ, ਕੋਟ ਸਵੈਟਰ ਪਾਉਂਦੇ ਹਾਂ।

ਪੋਹ ਵਿੱਚ ਪਾਲਾ ਖੇਸੀ ਦਾ,

ਧੂਣੀਆਂ ਲਾ-ਲਾ ਸੇਕੀ ਦਾ।

ਮਾਘ ਨਜ਼ਾਰੇ ਧੁੱਪਾਂ ਦੇ, ਪੱਤੇ ਝੜਦੇ ਰੁੱਖਾਂ ਦੇ।

ਫੱਗਣ ਫੁੱਲ ਖਿੜਾਉਂਦਾ ਹੈ,

ਸਭ ਦੇ ਮਨ ਨੂੰ ਭਾਉਂਦਾ ਹੈ।

ਬਾਰਾਮਾਹ ਨੂੰ ਪੜ੍ਹਦੇ ਜੋ,

ਗੱਲ ਸਿਆਣੀ ਕਰਦੇ ਉਹ।

ਸੰਪਰਕ: 97819-78123 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All