ਰਾਮ ਸਰੂਪ ਜੋਸ਼ੀ
ਹੱਡ ਬੀਤੀ
ਜੀਵਨ ਖੱਟੀਆਂ ਮਿੱਠੀਆਂ ਯਾਦਾਂ ਦਾ ਮਿਲਗੋਭਾ ਹੈ। ਇਹ ਯਾਦਾਂ ਜੀਵਨ ਵਿਚ ਘਟੀਆਂ ਦੁਖਦ ਤੇ ਸੁਖਦ ਘਟਨਾਵਾਂ ਨਾਲ ਸਬੰਧਤ ਹੁੰਦੀਆਂ ਹਨ। ਕੁਝ ਘਟਨਾਵਾਂ ਦਾ ਪ੍ਰਭਾਵ ਥੋੜ੍ਹ ਚਿਰਾ ਹੁੰਦਾ ਹੈ ਅਤੇ ਕੁਝ ਕੁ ਸਾਰਾ ਜੀਵਨ ਯਾਦ ਰਹਿ ਕੇ ਰਾਹ-ਦਸੇਰੇ ਦਾ ਕੰਮ ਕਰਦੀਆਂ ਹਨ। ਮੈਂ ਅਜਿਹੀ ਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜਿਸ ਨੇ ਮੈਨੂੰ ਸਦਾ ਹੀ ਆਤਮਕ ਤੌਰ ’ਤੇ ਰੱਜ ਦੇ ਕੇ ਸਰੂਰਿਆ ਹੈ।
ਗੱਲ ਲੱਗਭੱਗ ਅੱਧੀ ਸਦੀ ਪੁਰਾਣੀ ਹੈ। ਮੈਂ ਜੇਬੀਟੀ ਅਧਿਆਪਕ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਫ਼ਾਜ਼ਿਲ ਵਿਚ ਹਾਜ਼ਰ ਹੋਇਆ ਸਾਂ। ਕੁਝ ਕੁ ਦਿਨ ਹੋਏ ਸਨ ਕਿ ਇੱਕ ਸ਼ਾਮ ਘਰ ਪਰਤਣ ਸਮੇਂ ਮੈਨੂੰ ਕਲੌੜ ਪਿੰਡ ਕੋਲ ਵਾਲੀਬਾਲ ਖੇਡਣ ਦਾ ਖੜਾਕ ਸੁਣਿਆ। ਸਿਆਣੇ ਕਹਿੰਦੇ ਹਨ ਕਿ ਰੱਥ ਦਾ ਬਲ਼ਦ ਰੱਥ ਦੇ ਜੰਗ (ਵਿਸ਼ੇਸ ਟੱਲੀ) ਦੀ ਆਵਾਜ਼ ਸੁਣ ਕੇ ਕੀਲੇ ’ਤੇ ਖੜ੍ਹਾ ਹੀ ਟੱਪਣ ਲੱਗ ਜਾਂਦਾ ਹੈ। ਸਕੂਲ ਸਮੇਂ ਵਾਲੀਬਾਲ ਟੀਮ ਦਾ ਕਪਤਾਨ ਰਿਹਾ ਸਾਂ। ਸਾਈਕਲ ਦੀਆਂ ਬਰੇਕਾਂ ਆਪ ਮੁਹਾਰੇ ਲੱਗ ਗਈਆਂ। ਥੇਹ ਦੇ ਉੱਤੇ ਸਰਕਾਰੀ ਮਿਡਲ ਸਕੂਲ ਵਿੱਚ ਵਾਲੀਬਾਲ ਦੀ ਖੇਡ ਦੇਖਣ ਲਈ ਮਨ ਕੀਤਾ। ਸਾਈਕਲ ਥੇਹ ਦੇ ਪੈਰਾਂ ਵਿਚ ਵਸੇ ਘਰ ਦੇ ਵਿਹੜੇ ‘ਚ ਖੜ੍ਹਾ ਕੀਤਾ ਤੇ ਆਪ ਇੱਟਾਂ ਰੋੜਿਆਂ ਵਾਲੇ ਰਸਤੇ ਦੀ ਚੜ੍ਹਾਈ ਚੜ੍ਹ ਕੇ ਖੇਡ ਦੇਖਣ ਪਹੁੰਚ ਗਿਆ। ਤਿੰਨ-ਚਾਰ ਅਧਿਆਪਕ ਸਕੂਲ ਦੇ ਵਿਦਿਆਰਥੀਆਂ ਨਾਲ ਰਲ਼ ਕੇ ਖੇਡ ਰਹੇ ਸਨ। ਇੱਕ ਪੁਆਇੰਟ ’ਤੇ ਦੋਹਾਂ ਧਿਰਾਂ ਦਾ ਰੌਲ਼ਾ ਪੈ ਗਿਆ।
ਮੈਥੋਂ ਰਿਹਾ ਨਾ ਗਿਆ ਅਤੇ ਮੈਂ ਕਹਿ ਦਿੱਤਾ ਕਿ ਇਸ ਖਿਡਾਰੀ ਦਾ ਫਾਊਲ ਹੋਇਆ ਹੈ। ਸਾਰਿਆਂ ਨੇ ਮੇਰੀ ਗੱਲ ਮੰਨ ਲਈ। ਇੱਕ ਅਧਿਆਪਕ ਨੇ ਕਿਹਾ ਕਿ ਜੇ ਮੈਂ ਚਾਹਾਂ ਤਾਂ ਖੇਡ ਸਕਦਾ ਸਾਂ। ‘ਅੰਨ੍ਹਾ ਕੀ ਚਾਹੇ ਦੋ ਨੈਣ’, ਮੇਰੀ ਇੱਛਾ ਪੂਰੀ ਹੋ ਗਈ ਅਤੇ ਮੈਂ ਖੁਸ਼ੀ-ਖੁਸ਼ੀ ਖੇਡ ਵਿਚ ਸ਼ਾਮਿਲ ਹੋ ਗਿਆ। ਪ੍ਰਾਇਮਰੀ ਸਕੂਲਾਂ ਨੂੰ ਸ਼ਾਮ 3.20 ਵਜੇ ’ਤੇ ਛੁੱਟੀ ਹੁੰਦੀ ਸੀ। ਮਿਡਲ ਅਤੇ ਹਾਈ ਸਕੂਲਾਂ ਨੂੰ ਪੂਰੇ 4 ਵਜੇ। ਛੁੱਟੀ ਹੁੰਦੇ ਸਾਰ ਸਾਈਕਲ ਦੀ ਦੌੜ ਲੁਆਕੇ ਮੈਂ ਚਾਰ ਵੱਜਦੇ ਨੂੰ ਕਲੌੜ ਪੁੱਜ ਜਾਂਦਾ ਸੀ। ਸਾਰਾ ਦਿਨ ਚਾਅ ਚੜ੍ਹਿਆ ਰਹਿੰਦਾ ਕਿ ਸ਼ਾਮ ਨੂੰ ਖੇਡਣ ਦਾ ਸਮਾਂ ਮਿਲੇਗਾ। ਮੇਰੇ ਸੁਝਾਓ ’ਤੇ ਹਰ ਰੋਜ਼ ਖੇਡਣ ਲਈ ਟੀਮਾਂ ਦੀ ਪੱਕੀ ਵੰਡ ਕਰ ਲਈ ਗਈ। ਚਾਰ ਪੰਜ ਕੁ ਦਿਨਾਂ ਵਿਚ ਹੀ ਸਾਰੇ ਅਧਿਆਪਕ ਤੇ ਵਿਦਿਆਰਥੀ ਮੈਨੂੰ ਪਿਆਰ ਕਰਨ ਲੱਗੇ। ਇੱਕ ਦਿਨ ਖੇਡ ਸਮਾਪਤ ਹੋਣ ਵੇਲੇ ਇੱਕ ਅਧਿਆਪਕ ਨੇ ਕਿਹਾ ਕਿ ਸਕੂਲ ਦੇ ਇੱਕ ਅਧਿਆਪਕ ਦੀ ਬਦਲੀ ਹੋ ਜਾਣ ਕਾਰਨ ਥਾਂ ਖਾਲੀ ਹੋ ਗਈ ਸੀ। ਓਹ ਸਾਰੇ ਦਿਲੋਂ ਚਾਹੁੰਦੇ ਸਨ ਕਿ ਮੈਂ ਉਸਦੀ ਥਾਂ ਬਦਲੀ ਕਰਵਾ ਲਵਾਂ।
ਸਕੂਲ ਦੀ ਟੀਮ ਵਧੀਆ ਬਣ ਜਾਵੇਗੀ ਅਤੇ ਮੇਰੀ ਵਾਟ ਵੀ ਅੱਧੀ ਰਹਿ ਜਾਵੇਗੀ। ਪ੍ਰਸਤਾਵ ਬਹੁਤ ਚੰਗਾ ਸੀ ਤੇ ਮਨ ਖੁਸ਼ੀ ਨਾਲ ਖੀਵਾ ਹੋ ਕੇ ਬਦਲੀ ਦੇ ਸੁਪਨੇ ਲੈਣ ਲੱਗਾ। ਘਰ ਦੇ ਮੁਖੀਆ ਮੇਰੇ ਵੱਡੇ ਭਰਾ ਸਨ, ਜਿਨ੍ਹਾਂ ਨੂੰ ਅਸੀਂ ਸਾਰੇ ਵੀਰਜੀ ਕਹਿੰਦੇ। ਪਿਤਾਜੀ ਦੇ ਸਵਰਗਵਾਸ ਹੋ ਜਾਣ ਪਿੱਛੋਂ ਵੀਰਜੀ ਹੀ ਸਾਰੇ ਪਰਿਵਾਰ ਨੂੰ ਪਿਤਾ ਵਾਲਾ ਪਿਆਰ ਤੇ ਓਟ ਆਸਰਾ ਦਿੰਦੇ ਸਨ। ਹਰ ਰੋਜ਼ ਸੌਣ ਤੋਂ ਪਹਿਲਾਂ ਅਸੀਂ ਦਿਨ ਭਰ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਸਾਂ। ਮੇਰੇ ਦਸਵੀਂ ਵਿਚ ਪ੍ਰਾਪਤ ਕੀਤੇ ਚੰਗੇ ਅੰਕ, ਜੇ.ਬੀ.ਟੀ. ’ਚੋਂ ਆਈ ਪਹਿਲੀ ਪੁਜੀਸ਼ਨ ਅਤੇ ਗਿਆਨੀ ਦੀ ਪ੍ਰੀਖਿਆ ’ਚੋਂ ਯੂਨੀਵਰਸਿਟੀ ਵਿਚੋਂ ਤੀਸਰੇ ਸਥਾਨ ’ਤੇ ਰਹਿਣ ਕਾਰਨ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਮੇਰੇ ਚੰਗਾ ਖਿਡਾਰੀ ਹੋਣ ਤੇ ਸਾਹਿਤਕ ਖੇਤਰ ’ਚ ਕਈ ਇਨਾਮ ਪ੍ਰਾਪਤ ਕਰਨ ਦਾ ਉਨ੍ਹਾਂ ਨੂੰ ਵੱਡਾ ਮਾਣ ਸੀ।
ਕਲੌੜ ਸਕੂਲ ਵਿੱਚ ਬਦਲੀ ਕਰਾਉਣ ਸਬੰਧੀ ਮੈਂ ਵੀਰ ਜੀ ਨਾਲ ਗੱਲ ਕੀਤੀ। ਉਹ ਆਪਣੇ ਬਲਾਕ ਦੇ ਗਿਣੇ ਚੁਣੇ ਅਧਿਆਪਕਾਂ ’ਚੋਂ ਸਨ। ਕੁਝ ਵਰ੍ਹੇ ਫੌਜ ਵਿਚ ਵੀ ਸੇਵਾ ਕੀਤੀ ਹੋਣ ਕਾਰਨ ਉਨ੍ਹਾਂ ‘ਚ ਕਮਾਲ ਦਾ ਆਤਮ ਵਿਸ਼ਵਾਸ ਸੀ। ਝੱਟ ਬੋਲੇ ਕਿ ਬਦਲੀ ਸਮਝੋ ਹੋ ਗਈ। ਮੈਂ ਬਹੁਤ ਪ੍ਰਸੰਨ ਹੋਇਆ ਤੇ ਲੱਗਾ ਨਵੇਂ ਸਕੂਲ ਦੇ ਸੁਪਨੇ ਲੈਣ। ਅਗਲੀ ਸ਼ਾਮ ਮੈਂ ਇਹ ਗੱਲ ਸਭ ਨਾਲ ਕੀਤੀ। ਸਾਰੇ ਹੀ ਖਿਡਾਰੀ ਬਹੁਤ ਖੁ਼ਸ਼ ਹੋਏ।
ਦਿਨ ਬੀਤ ਰਹੇ ਸਨ। ਹਰ ਦਿਨ ਬਦਲੀ ਦੇ ਹੁਕਮਾਂ ਦੀ ਉਡੀਕ ’ਚ ਲੰਘਦਾ ਸੀ। ਹੈਡਮਾਸਟਰ ਸਾਹਿਬ ਆਪਣੇ ਇਕ ਚਹੇਤੇ ਅਧਿਆਪਕ ਨਾਲ ਸਵਾ ਕੁ ਚਾਰ ਵਜੇ ਤੋਂ ਪਿੱਛੋਂ ਦਫਤਰ ‘ਚੋਂ ਨਿਕਲਦੇ ਹੌਲ਼ੀ-ਹੌਲ਼ੀ ਤੁਰਦੇ ਸਾਡੇ ਕੋਲ ਦੀ ਲੰਘ ਕੇ ਥੇਹ ਤੋਂ ਹੇਠਾਂ ਉਤਰਦੇ ਸਨ। ਇੱਕ-ਦਿਨ ਖਿਡਾਰੀਆਂ ਦੇ ਕੋਲ ਆ ਕੇ ਖਲੋ ਗਏ। ਉਨ੍ਹਾਂ ਦੇ ਨਾਲ ਆਏ ਸੇਵਾਦਾਰ ਨੇ ਮੇਰੇ ਕੋਲ ਆ ਕੇ ਕਿਹਾ ਕਿ ਮੁੱਖ ਅਧਿਆਪਕ ਜੀ ਮੈਨੂੰ ਸੱਦਦੇ ਹਨ। ਮੇਰੇ ਮਨ ’ਚ ਲੱਡੂ ਫੁੱਟਣ ਲੱਗੇ ਕਿ ਉਨ੍ਹਾਂ ਨੇ ਮੈਨੂੰ ਖੇਡਦਿਆਂ ਦੇਖ ਲਿਆ ਸੀ, ਮੇਰੀ ਪ੍ਰਸੰਸਾ ਕਰਨਗੇ। ਮੈਂ ਚਾਈਂ-ਚਾਈਂ ਜਾ ਕੇ ਹੱਥ ਜੋੜਦੇ ਨਮਸਤੇ ਕੀਤੀ। ਉਹ ਬੋਲੇ, ਮੈਨੂੰ ਪਤਾ ਲੱਗਾ ਹੈ ਕਿ ਤੂੰ ਏਥੇ ਬਦਲੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ। ਸੋਚ ਸਮਝ ਕੇ ਆਈਂ, ਮੈਂ ਤੈਨੂੰ ਹਾਜ਼ਰ ਨਹੀਂ ਕਰਾਉਣਾ।
ਉਨ੍ਹਾਂ ਦੇ ਬੋਲਾਂ ਨੇ ਮੇਰੇ ਚਾਵਾਂ ਨੂੰ ਵਲੂੰਧਰ ਦਿੱਤਾ। ਮੈਂ ਨਿਮੋਝੂਣਾ ਜਿਹਾ ਹੋ ਕੇ ਕਿਹਾ, ‘ਪਰ ਸਰ ਜੀ, ਮੇਰਾ ਕਸੂਰ?’ ਉਹ ਬੋਲੇ, ‘ਬੱਸ ਮੈਂ ਜੋ ਕਹਿਣਾ ਸੀ ਕਹਿ ਦਿੱਤਾ, ਫੇਰ ਨਾ ਪਛਤਾਈਂ।’
ਇੱਕੀ ਸਾਲਾਂ ਦੇ ਭਰ-ਜਵਾਨ ਖੂਨ ਨੇ ਊਬਾਲ਼ਾ ਖਾਧਾ ਤੇ ਮੇਰੇ ਮੂੰਹੋਂ ਆਪਮੁਹਾਰੇ ਹੀ ਨਿਕਲ ਗਿਆ, ‘ਸਰ, ਮੈਂ ਤੁਹਾਡੇ ਨਾਲ ਸੀਰ ਨਹੀਂ ਕਰਨਾ। ਮੈਂ ਵੀ ਸਰਕਾਰੀ ਕਰਮਚਾਰੀ ਹਾਂ, ਮੈਨੂੰ ਆ ਜਾਣ ਦਿਓ ਫੇਰ ਜਵਾਬ ਦੇ ਦੇਣਾ।’ ਮੁੱਖ ਅਧਿਆਪਕ ਨਾਲ ਗੱਲ ਕਰਨ ਤੋਂ ਪਿੱਛੋਂ ਮੈਂ ਚੁੱਪ ਚਾਪ ਥੇਹ ਤੋਂ ਥੱਲੇ ਉਤਰ ਗਿਆ। ਸਾਈਕਲ ਚੁੱਕ ਕੇ ਘਰ ਨੂੰ ਚਾਲੇ ਪਾ ਦਿੱਤੇ। ਮੁੱਖ ਅਧਿਆਪਕ ਦੇ ਕਹੇ ਸ਼ਬਦ ਮੁੜ-ਮੁੜ ਕੰਨਾਂ ‘ਚ ਗੂੰਜ ਰਹੇ ਸਨ। ਕਾਰਨ ਸਮਝ ’ਚ ਨਾ ਆਉਣ ਕਾਰਨ ਮਨ ਦੀ ਸਥਿਤੀ ਅਜੀਬ ਬਣੀ ਪਈ ਸੀ। ਤਰ੍ਹਾਂ-ਤਰ੍ਹਾਂ ਦੇ ਪੁੱਠੇ ਸਿੱਧੇ ਖਿਆਲਾਂ ਵਿਚ ਘਿਰਿਆ ਘਰ ਪੁੱਜ ਗਿਆ। ਵੀਰਜੀ ਨੂੰ ਸਭ ਕੁਝ ਦੱਸਿਆ। ਉਹ ਕਹਿੰਦੇ ਕਿ ਤੂੰ ਹੁਣ ਖੇਡਣ ਨਾ ਜਾਈਂ। ਪਰਮਾਤਮਾ ਕਰੇ ਕਿ ਤੇਰੀ ਬਦਲੀ ਹੋ ਜਾਵੇ, ਫੇਰ ਹੀ ਥੇਹ ਚੜ੍ਹੀਂ।
ਪੰਜ ਛੇ ਦਿਨ ਬੀਤ ਗਏ। ਖਿਡਾਰੀ ਸਾਥੀਆਂ ਦੇ
ਇੱਕ ਦੋ ਸੁਨੇਹੇ ਭੀ ਆਏ। ਅਖੀਰ ਬਦਲੀ ਹੋ ਗਈ ਅਤੇ ਮੈਂ ਰੀਲੀਵ ਹੋ ਕੇ ਉਸੇ ਸ਼ਾਮ ਨੂੰ ਖੇਡਣ ਚਲਾ ਗਿਆ। ਸਾਰੇ ਅਧਿਆਪਕ ਸਾਥੀ ਤੇ ਬੱਚੇ ਮੇਰੀ ਬਦਲੀ ਸਬੰਧੀ ਜਾਣ ਕੇ ਬਹੁਤ ਖੁਸ਼ ਹੋਏ। ਦੂਜੇ ਦਿਨ ਸਵੇਰੇ ਹੀ ਮੈਂ ਆਪਣੀ ਹਾਜ਼ਰੀ ਰਿਪੋਰਟ ਲੈ ਕੇ ਹੈਡਮਾਸਟਰ ਦੇ ਦਫਤਰ ਜਾ ਪੁੱਜਿਆ।
ਪਤਾ ਉਨ੍ਹਾਂ ਨੂੰ ਵੀ ਲੱਗ ਚੁੱਕਾ ਸੀ। ਫੇਰ ਵੀ ਕਹਿਣ ਲੱਗੇ ਕਿ ਜੇ ਮੈਂ ਹਾਜ਼ਰ ਨਾ ਕਰਾਵਾਂ। ਮੈਂ ਕਿਹਾ ਕਾਰਨ ਲਿਖ ਕੇ ਅਸਿਵਕਾਰ ਕਰ ਦਿਓ। ਗੁੱਸੇ ਤੇ ਬੇਵੱਸੀ ਦੇ ਭਾਵ ਕਾਰਨ ਕਹਿਣ ਲੱਗੇ ਜਾਓ ਬਾਹਰ ਬੈਠੋ। ਕੁਝ ਸਮੇਂ ਬਾਅਦ ਸੇਵਾਦਾਰ ਆਰਡਰ ਬੁੱਕ ਤੇ ਟਾਈਮ ਟੇਬਲ ਸਲਿੱਪ ਲੈ ਕੇ ਮੇਰੇ ਕੋਲ ਆਇਆ। ਹਾਜ਼ਰ ਕਰ ਲਿਆ ਗਿਆ ਸੀ। ਹੋਰ ਵਿਸ਼ਿਆਂ ਦੇ ਨਾਲ ਅੱਠਵੀਂ ਸ਼੍ਰੇਣੀ ਦਾ ਗਣਿਤ ਵੀ ਦਿੱਤਾ ਗਿਆ ਸੀ। ਪਿਛਲੇ ਲੱਗਭੱਗ ਦੋ ਮਹੀਨਿਆਂ ਤੋਂ ਡੰਗ-ਟਪਾਊ ਢੰਗ ਨਾਲ ਹੀ ਪੜ੍ਹਾਇਆ ਜਾ ਰਿਹਾ ਸੀ। ਮੈਂ ਇਸ ਨੂੰ ਇੱਕ ਵੰਗਾਰ ਸਮਝ ਕੇ ਕੰਮ ਸ਼ੁਰੂ ਕਰ ਦਿੱਤਾ। ਘਰ ਤੋਂ ਪੂਰੀ ਤਿਆਰੀ ਕਰ ਕੇ ਜਾਣਾ। ਪੰਦਰਾਂ ਕੁ ਦਿਨਾਂ ਵਿਚ ਹੀ ਵਿਦਿਆਰਥੀਆਂ ਵਿਚ ਮੇਰੇ ਲਈ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਕਈਆਂ ਦੇ ਮਾਪਿਆਂ ਨੇ ਆ ਕੇ ਇਸ ਦਾ ਪ੍ਰਗਟਾਵਾ ਵੀ ਕੀਤਾ।
ਗੱਡੀ ਲੀਹ ’ਤੇ ਆ ਗਈ ਸੀ ਤੇ ਹੌਲ਼ੀ-ਹੌਲ਼ੀ ਰਫ਼ਤਾਰ ਫੜ ਰਹੀ ਸੀ। ਅਚਾਨਕ ਹੀ ਇੱਕ ਦਿਨ ਸਟਾਫ ਮੀਟਿੰਗ ਦਾ ਹੁਕਮ ਆ ਗਿਆ। ਮੀਟਿੰਗ ਆਰੰਭ ਹੋਈ ਪਰ ਕਿਸੇ ਨੂੰ ਕੋਈ ਪਤਾ ਨੀ ਸੀ ਕਿ ਮੀਟਿੰਗ ਦਾ ਏਜੰਡਾ ਕੀ ਸੀ। ਹੈਡਮਾਸਟਰ ਸਾਹਿਬ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਕੂਲ ਵਿੱਚ ਗਣਤੰਤਰ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਜਾਣਾ ਹੈ। ਇਸ ਕੰਮ ਦੀ ਜ਼ਿੰਮੇਵਾਰੀ ਲਵੋ। ਇੱਕ ਮੁੱਖ ਪ੍ਰਬੰਧਕ ਹੋਵੇਗਾ ਤੇ ਬਾਕੀ ਉਸ ਦੀ ਲੋੜ ਅਨੁਸਾਰ ਸਹਾਇਤਾ ਕਰਨਗੇ। ਸਾਰੇ ਇੱਕ ਦੂਜੇ ਵੱਲ ਵੇਖਦੇ ਰਹੇ ਪਰ ਬੋਲਿਆ ਕੋਈ ਵੀ ਕੁਝ ਨਾ। ਚੁੱਪ ਨੂੰ ਤੋੜਦੇ ਹੋਏ ਮੁਖੀ ਬੋਲੇ ਮੈਂ ਇਸ ਕੰਮ ਲਈ ਜੋਸ਼ੀ ਦੀ ਡਿਊਟੀ ਲਾਉਂਦਾ ਹਾਂ। ਮੈਂ ਕਿਹਾ ਸਰ ਮੈਂ ਸਭ ਤੋਂ ਘੱਟ ਉਮਰ ਦਾ ਤੇ ਏਥੇ ਸਭ ਤੋਂ ਨਵਾਂ ਹਾਂ। ਕਿਸੇ ਹੋਰ ਦੀ ਡਿਊਟੀ ਲਾ ਦਿਓ। ਪਰ ਉਹ ਨਾ ਮੰਨੇ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਫਰਵਰੀ ਦੇ ਪਹਿਲੇ ਹਫ਼ਤੇ ਅੱਠਵੀਂ ਦੀ ਪ੍ਰੀਖਿਆ ਹੈ, ਇਸ ਲਈ ਅੱਠਵੀਂ ਸ਼੍ਰੇਣੀ ਦੇ ਘੱਟ ਤੋਂ ਘੱਟ ਬੱਚੇ ਹੀ ਲਏ ਜਾਣ। ਥੋੜ੍ਹੀ ਜਿਹੀ ਘਬਰਾਹਟ ਵੀ ਹੋਈ, ਪਰ ਸਾਹਿਤਕ ਮੱਸ ਹੋਣ ਕਾਰਨ ਮਨ ਛੇਤੀ ਹੀ ਸੰਭਲ ਗਿਆ। ਕੁਝ ਕਰਕੇ ਦਿਖਾਉਣ ਦੇ ਉਤਸ਼ਾਹ ਨੇ ਦਲੇਰੀ ਤੇ ਹਿੰਮਤ ਬਖਸ਼ੀ। ਸਾਥੀਆਂ ਦੇ ਸਲਾਹ ਮਸ਼ਵਰੇ ਨਾਲ ਛੇਵੀਂ ਤੇ ਸੱਤਵੀਂ ਦੇ ਬੱਚੇ ਚੁਣ ਲਏ। ਕਵਿਤਾਵਾਂ, ਚੁਟਕਲੇ, ਨਿੱਕੇ-ਨਿੱਕੇ ਭਾਸ਼ਣ, ਫੈਂਸੀ ਡਰੈੱਸ, ਕਹਾਣੀਆਂ ਆਦਿ ਵੰਡ ਕੇ ਤਿਆਰੀ ਆਰੰਭ ਕਰ ਦਿੱਤੀ। ਸ਼ਾਮ ਨੂੰ ਸਕੂਲ ਸਮੇਂ ਤੋਂ ਪਿੱਛੋਂ ਵੀ ਗੀਤ ਸੰਗੀਤ ਚਲਦਾ ਰਹਿੰਦਾ। ਨਾਲ ਹੀ ਲੱਗਦੇ ਗੁਰਦੁਆਰਾ ਸਾਹਿਬ ਦੇ ਸੰਤਾਂ ਨੂੰ ਬੇਨਤੀ ਕਰਕੇ ਹਰਮੋਨੀਅਮ ਆਦਿ ਦਾ ਜੁਗਾੜ ਵੀ ਕਰ ਲਿਆ।
ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ਨੂੰ ਨਾਟਕੀ ਰੂਪ ਦਿੱਤਾ ਗਿਆ। ਇਸ ਕੰਮ ਲਈ ਅੱਠਵੀਂ ਦੇ ਬੱਚਿਆਂ ਦੀ ਲੋੜ ਸੀ, ਉਹ ਵੀ ਚਾਰ ਪੰਜ ਮਿਲ ਗਏ। ਬੱਚਿਆਂ ਦੇ ਦੱਸਣ ਕਾਰਨ ਟਾਵੇਂ-ਟਾਵੇਂ ਮਾਪੇ ਆ ਕੇ ਸਾਨੂੰ ਮਿਲਦੇ ਤੇ ਬੜੀ ਖੁਸ਼ੀ ਦਾ ਪ੍ਰਗਟਾਵਾ ਕਰਦੇ।
ਛੱਬੀ ਜਨਵਰੀ ਨੂੰ ਸਕੂਲ ਦੇ ਖੁੱਲ੍ਹੇ ਵਿਹੜੇ ਵਿਚ ਸਟੇਜ ਸਜਾਈ ਗਈ। ਪ੍ਰੋਗਰਾਮ ਨੇ ਦਸ ਵਜੇ ਸ਼ੁਰੂ ਹੋਣਾ ਸੀ। ਪਹਿਲੀ ਵਾਰ ਆਪਣੇ ਬੱਚਿਆਂ ਨੂੰ ਸਟੇਜ ’ਤੇ ਪ੍ਰੋਗਰਾਮ ਕਰਦੇ ਦੇਖਣ ਲਈ ਉਤਸ਼ਾਹ ਨਾਲ ਭਰੇ ਉਨ੍ਹਾਂ ਦੇ ਮਾਪੇ ਸਮੇਂ ਤੋਂ ਪਹਿਲਾਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਭਰਵੀਂ ਇਕੱਤਰਤਾ ਹੋ ਗਈ ਸੀ। ਹੈਰਾਨੀ ਦੀ ਵੱਡੀ ਗੱਲ ਇਹ ਸੀ ਕਿ ਇਕੱਠ ਵਿਚ ਬਹੁਗਿਣਤੀ ਇਸਤਰੀਆਂ ਦੀ ਸੀ, ਜੋ ਕਿ ਉਸ ਸਮੇਂ ਅਨੋਖੀ ਗੱਲ ਸੀ। ਪ੍ਰੋਗਰਾਮ ਆਰੰਭ ਹੋਇਆ। ਬੱਚਿਆਂ ਦੀ ਪੇਸ਼ਕਾਰੀ ਵੇਖ ਕੇ ਮੈਂ ਆਪ ਹੈਰਾਨ ਹੋ ਰਿਹਾ ਸੀ। ਲਗਦਾ ਸੀ ਉਨ੍ਹਾਂ ਨੂੰ ਆਪਣੀ ਕਾਬਲੀਅਤ ਪ੍ਰਗਟਾਉਣ ਦਾ ਸਮਾਂ ਮਸਾਂ ਹੀ ਮਿਲਿਆ ਸੀ। ਲੋਕਾਂ ਵੱਲੋਂ ਬੱਚਿਆਂ ਨੂੰ ਟਾਵੇਂ-ਟਾਵੇਂ ਰੁਪਏ ਵੀ ਦਿੱਤੇ ਜਾ ਰਹੇ ਸਨ। ਉਦੋਂ ਲੋਕ ਸ਼ਗਨਾਂ ਵਿਚ ਇਕ ਰੁਪਿਆ ਹੀ ਦਿਆ ਕਰਦੇ ਸਨ। ਕਿਸੇ ਡਾਕਟਰ ਦੇ ਨਾਂ ਹੇਠ ਜਦੋਂ ਤੀਜਾ ਰੁਪਿਆ ਆਇਆ ਤਾਂ ਮੈਂ ਆਪਣੇ ਸਾਥੀ ਅਧਿਆਪਕ ਨੂੰ ਪੁੱਛਿਆ ਕਿ ਐਡਾ ਦਰਿਆ ਦਿਲ ਡਾਕਟਰ ਕੌਣ ਸੀ। ਪਤਾ ਲੱਗਿਆ ਕੇ ਚਾਰ ਪੰਜ ਦਿਨ ਪਹਿਲਾਂ ਹੀ ਪਿੰਡ ਦੀ ਡਿਸਪੈਂਸਰੀ ਵਿਚ ਪਹਿਲਾ ਐੱਮ.ਬੀ.ਬੀ.ਐੱਸ. ਡਾਕਟਰ ਆਇਆ ਸੀ। ਇਹ ਡਾਕਟਰ ਸ਼ੇਰ ਸਿੰਘ ਇਕ ਨੇਕ ਦਿਲ ਇਨਸਾਨ ਸਨ।
ਪ੍ਰੋਗਰਾਮ ਲੱਗਭੱਗ ਤਿੰਨ ਵਜੇ ਤੱਕ ਚਲਦਾ ਰਿਹਾ। ਬੱਚਿਆਂ ਦੀ ਪੇਸ਼ਕਾਰੀ ਤੇ ਤਾੜੀਆਂ ਦੀ ਗੜਗੜਾਹਟ ’ਚ ਸਮੇਂ ਦਾ ਪਤਾ ਹੀ ਨਾ ਲੱਗਾ ਕਿਵੇਂ ਬੀਤ ਗਿਆ। ਕੁਝ ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਪ੍ਰਗਟਾਏ। ਬੱਸੀ ਪਠਾਣਾਂ ਦੇ ਬੀ.ਡੀ.ਓ. ਸਾਹਿਬ ਵੀ ਬੋਲੇ। ਉਨ੍ਹਾਂ ਨੇ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਯਕੀਨ ਦੁਆਇਆ। ਸਭ ਤੋਂ ਅਖੀਰ ਵਿਚ ਸਰਕਾਰੀ ਹਾਈ ਸਕੂਲ ਰੁਪਾਲਹੇੜੀ ਦੇ ਮੁੱਖ ਅਧਿਆਪਕ ਰਾਜਿੰਦਰ ਸਿੰਘ ਮਕਰੰਦ ਪ੍ਰਧਾਨਗੀ ਭਾਸ਼ਣ ਦੇਣ ਲਈ ਖੜ੍ਹੇ ਹੋਏ। ਉਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਪੱਖੀ ਵਿਅਕਤੀਤਵ ਦੇ ਮਾਲਕ ਸਨ। ਉਨ੍ਹਾਂ ਨੇ ਕਿਹਾ ਤੁਸੀਂ ਸਾਰਿਆਂ ਨੇ ਇੱਕ ਮਿਡਲ ਸਕੂਲ ਦੇ ਬੱਚਿਆਂ ਦਾ ਬਹੁਤ ਰੌਚਕ ਲੰਮਾ ਪ੍ਰੋਗਰਾਮ ਦੇਖਿਆ ਹੈ। ਅਜਿਹਾ ਪ੍ਰੋਗਰਾਮ ਕਿਸੇ ਹਾਈ ਸਕੂਲ ਵਿੱਚ ਵੀ ਘੱਟ ਹੀ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਸਭ ਨੂੰ ਬਹੁਤ ਹੈਰਾਨੀ ਤੇ ਖੁਸ਼ੀ ਹੋਈ ਹੋਵੇਗੀ। ਖੁਸ਼ੀ ਮੈਨੂੰ ਵੀ ਬਹੁਤ ਹੋਈ ਹੈ ਪਰ ਹੈਰਾਨੀ ਨਹੀਂ, ਕਿਉਂਕਿ ਇਸ ਪ੍ਰੋਗਰਾਮ ਦਾ ਸੰਯੋਜਕ ਮੇਰਾ ਵਿਦਿਆਰਥੀ ਹੈ। ਮੈਨੂੰ ਹੈਰਾਨੀ ਤਦ ਹੁੰਦੀ ਕਿ ਪ੍ਰੋਗਰਾਮ ਵਧੀਆ ਨਾ ਹੁੰਦਾ। ਇਸ ਤੋਂ ਤਾਂ ਅਜਿਹੀ ਹੀ ਆਸ ਰੱਖੀ ਜਾ ਸਕਦੀ ਸੀ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨੇ ਮੈਨੂੰ ਹੀਰੋ ਬਣਾ ਦਿੱਤਾ ਸੀ। ਹਰ ਕੋਈ ਮੈਨੂੰ ਮੁਬਾਰਕਾਂ ਦੇ ਰਿਹਾ ਸੀ।
27 ਜਨਵਰੀ ਦੀ ਛੁੱਟੀ ਹੋ ਗਈ। 28 ਨੂੰ ਮੈਂ ਪਹਿਲੇ ਪੀਰੀਅਡ ਵਿਚ ਸੱਤਵੀਂ ਜਮਾਤ ’ਚ ਗਿਆ ਹੀ ਸਾਂ ਕਿ ਸਕੂਲ ਦਾ ਸੇਵਾਦਾਰ ਆ ਗਿਆ। ਉਸ ਨੇ ਕਿਹਾ ਜੋਸ਼ੀ ਸਾਹਿਬ ਤੁਹਾਨੂੰ ਦਫਤਰ ਵਿਚ ਹੁਣੇ ਬੁਲਾਇਆ ਹੈ। ਕੋਈ ਖਾਸ ਗੱਲ ਹੈ ਕਿਉਂਕਿ ਮੈਨੂੰ ਹੈਡਮਾਸਟਰ ਸਾਹਿਬ ਨੇ ਕਿਹਾ ਹੈ ਕਿ ਜਿੰਨੀ ਦੇਰ ਜੋਸ਼ੀ ਦਫਤਰ ਵਿਚ ਰਹੇਗਾ ਕਿਸੇ ਹੋਰ ਨੂੰ ਅੰਦਰ ਨਹੀਂ ਆਉਣ ਦੇਣਾ। ਮੈਂ ਸ਼ਸ਼ੋਪੰਜ ’ਚ ਪੈ ਗਿਆ ਕਿ ਅੱਜ ਫੇਰ ਅਜਿਹਾ ਕੀ ਹੋ ਗਿਆ। ਮੈਂ ਆਗਿਆ ਲੈ ਕੇ ਦਫਤਰ ਵਿਚ ਪੈਰ ਧਰਿਆ ਹੀ ਸੀ ਕਿ ਸਾਹਿਬ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਮੇਜ਼ ਦੇ ਸੱਜੇ ਪਾਸੇ ਵੱਲੋਂ ਅੱਗੇ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਮੈਨੂੰ ਗਲਵਕੜੀ ਵਿਚ ਘੁੱਟ ਲਿਆ ਤੇ ਬੋਲੇ “ਯੂ ਆਰ ਦਿ ਜੈੱਮ ਆਫ ਮਾਈ ਸਕੂਲ”। ਉਹ ਤੇ ਮੈਂ ਕੁਝ ਕੁ ਭਾਵੁਕ ਹੋ ਗਏ। ਅੱਖਾਂ ਦੋਹਾਂ ਦੀਆਂ ਹੀ ਨਮ ਸਨ।
ਮੇਰਾ ਲੂੰ-ਲੂੰ ਸਵਾਲ ਪੁੱਛ ਰਿਹਾ ਸੀ ਕਿ ਮਹੀਨਾ ਪਹਿਲਾਂ ਜਿਸ ਨੂੰ ਹਾਜ਼ਰ ਕਰਾਉਣ ਤੋਂ ਵੀ ਨਾਂਹ ਕੀਤੀ ਸੀ, ਅੱਜ ਸਕੂਲ ਦਾ ਜੈੱਮ ਕਿਵੇਂ ਬਣ ਗਿਆ। ਪਰ ਆਪਣੇ ਆਪ ਉੱਤਰ ਮਿਲ ਰਿਹਾ ਸੀ ਕਿ ਇਹ ਕੰਮ ਦੀ ਕਰਾਮਾਤ ਹੈ, ਕੰਮ ਹੀ ਜੈੱਮ ਹੈ।
ਸੰਪਰਕ: 94173-00018