DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਸਮਾਜ ਵਿੱਚ ਸੀਰੀ ਦੀ ਹਾਸ਼ੀਆਗਤ ਸਥਿਤੀ

ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਪੰਜਾਬ ਦੀਆਂ ਭੂਗੋਲਿਕ ਸਥਿਤੀਆਂ ਕਾਰਨ ਇੱਥੇ ਖੇਤੀਬਾੜੀ ਲਈ ਉਪਜਾਊ ਭੂਮੀ ਅਤੇ ਹਰੇਕ ਫ਼ਸਲ ਲਈ ਅਨੁਕੂਲ ਵਾਤਾਵਰਨ ਹੈ। ਖੇਤੀਬਾੜੀ ਦਾ ਧੰਦਾ ਅਜਿਹਾ ਹੈ ਜਿਸ ਵਿੱਚ ਮਨੁੱਖੀ ਮਿਹਨਤ ਦੀ ਬਹੁਤ ਲੋੜ ਪੈਂਦੀ ਹੈ। ਇਸ ਮਨੁੱਖੀ ਮਿਹਨਤ...

  • fb
  • twitter
  • whatsapp
  • whatsapp
Advertisement

ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਪੰਜਾਬ ਦੀਆਂ ਭੂਗੋਲਿਕ ਸਥਿਤੀਆਂ ਕਾਰਨ ਇੱਥੇ ਖੇਤੀਬਾੜੀ ਲਈ ਉਪਜਾਊ ਭੂਮੀ ਅਤੇ ਹਰੇਕ ਫ਼ਸਲ ਲਈ ਅਨੁਕੂਲ ਵਾਤਾਵਰਨ ਹੈ। ਖੇਤੀਬਾੜੀ ਦਾ ਧੰਦਾ ਅਜਿਹਾ ਹੈ ਜਿਸ ਵਿੱਚ ਮਨੁੱਖੀ ਮਿਹਨਤ ਦੀ ਬਹੁਤ ਲੋੜ ਪੈਂਦੀ ਹੈ। ਇਸ ਮਨੁੱਖੀ ਮਿਹਨਤ ਦੇ ਲਈ ਖੇਤ ਦਾ ਮਾਲਕ ਅਥਵਾ ਜ਼ਿਮੀਂਦਾਰ ਆਪ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ ਨਾਲ ਆਪਣੀ ਸਹਾਇਤਾ ਲਈ ਹੋਰ ਵਿਅਕਤੀਆਂ ਨੂੰ ਵੀ ਆਪਣੇ ਨਾਲ ਜੋੜ ਲੈਂਦਾ ਹੈ। ਇਹ ਵਿਅਕਤੀ ਜ਼ਿਮੀਂਦਾਰ ਦੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਹੋਰ ਰੋਜ਼ਾਨਾ ਦੇ ਕੰਮਾਂ ਲਈ ਵੀ ਉਨ੍ਹਾਂ ਦੀ ਸਹਾਇਤਾ ਲਈ ਜਾਂਦੀ ਹੈ। ਅਜਿਹੇ ਵਿਅਕਤੀਆਂ ਨੂੰ ਸੀਰੀ ਕਿਹਾ ਜਾਂਦਾ ਹੈ।

ਪੰਜਾਬੀ ਸਮਾਜ-ਸੱਭਿਆਚਾਰ ਵਿੱਚ ਖੇਤੀ ਦੇ ਕੰਮਾਂ ਵਿੱਚ ਸੀਰੀ ਦੀ ਅਹਿਮ ਭੂਮਿਕਾ ਹੈ। ਜੇਕਰ ਖੇਤੀਬਾੜੀ ਵਿੱਚੋਂ ਸੀਰੀ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਇਹ ਇੱਕ ਪ੍ਰਕਾਰ ਨਾਲ ਖੜੋਤ ਦੀ ਸਥਿਤੀ ਵਿੱਚ ਆ ਜਾਵੇਗੀ। ਆਪਣੀ ਇਸ ਮਹੱਤਤਾ ਦੇ ਬਾਵਜੂਦ ਸੀਰੀ ਦਾ ਪੰਜਾਬੀ ਸਮਾਜ ਵਿੱਚ ਸਥਾਨ ਹਾਸ਼ੀਆਗਤ ਸਥਿਤੀ ਦਾ ਧਾਰਨੀ ਹੈ। ਜਦੋਂ ਸੀਰੀ ਦੀ ਹਾਸ਼ੀਆਗਤ ਸਥਿਤੀ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਉਸ ਦੀ ਇਸ ਸਥਿਤੀ ਦੇ ਅਨੇਕ ਪਸਾਰ ਉਜਾਗਰ ਹੁੰਦੇ ਹਨ। ਸੀਰੀ ਦੀ ਇਸ ਸਥਿਤੀ ਨੂੰ ਵਾਚਣ ਤੋਂ ਪਹਿਲਾਂ ਸੀਰੀ ਸ਼ਬਦ ਅਤੇ ਉਸ ਦੇ ਪ੍ਰਕਾਰ ਬਾਰੇ ਜਾਣਨਾ ਜ਼ਰੂਰੀ ਹੈ।

Advertisement

ਸੀਰੀ ਸ਼ਬਦ ਸੀਰ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਸ਼ਰਾਕਤ ਜਾਂ ਸਾਂਝ। ਪੰਜਾਬੀ ਸੱਭਿਆਚਾਰ ਸ਼ਬਦਾਵਲੀ ਕੋਸ਼ ਵਿੱਚ ਸੀਰੀ ਦਾ ਅਰਥ ‘ਹੋਣ ਵਾਲੀ ਫ਼ਸਲ ਵਿੱਚੋਂ ਦਾਣਿਆਂ ਦਾ ਕੁਝ ਹਿੱਸਾ ਸੀਰ ਵਜੋਂ ਦੇਣ ਦੇ ਅਹਿਦ ਅਧੀਨ ਇੱਕ ਵਾਰੀ ਖੇਤ ਵਿੱਚ ਕੰਮ ਕਰਨ ਲਈ ਰੱਖਿਆ ਕਾਮਾ’ ਦਰਸਾਇਆ ਗਿਆ ਹੈ। ਇਸ ਪ੍ਰਕਾਰ ਸੀਰੀ ਦਾ ਅਰਥ ਖੇਤੀਬਾੜੀ ਵਿੱਚ ਸਹਾਇਤਾ ਕਰਨ ਵਾਲੇ ਸਾਂਝੀ ਤੋਂ ਲਿਆ ਜਾਂਦਾ ਹੈ ਜੋ ਜ਼ਿਮੀਂਦਾਰ ਨਾਲ ਸਾਂਝ ਪਾ ਕੇ ਖੇਤੀਬਾੜੀ ਦੇ ਕੰਮਾਂ ਵਿੱਚ ਉਸ ਦੀ ਸਹਾਇਤਾ ਕਰਦਾ ਹੈ। ਸੀਰੀ ਅਜਿਹਾ ਬੇਜ਼ਮੀਨਾ ਮਜ਼ਦੂਰ ਹੁੰਦਾ ਹੈ ਜੋ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਕੰਮ ਕਰਦਾ ਹੈ। ਆਮ ਤੌਰ ’ਤੇ ਸੀਰੀ ਨੂੰ ਇੱਕ ਸਾਲ ਵਾਸਤੇ ਰੱਖਿਆ ਜਾਂਦਾ ਸੀ ਅਤੇ ਹਾੜੀ-ਸਾਉਣੀ ਦੀ ਫ਼ਸਲ ਵਿੱਚੋਂ ਉਸ ਨੂੰ ਫ਼ਸਲ ਦਾ ਇੱਕ ਪੂਰਵ ਨਿਸ਼ਚਿਤ ਹਿੱਸਾ ਦੇ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਸੀਰੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ, ਪ੍ਰੰਤੂ ਇਹ ਹਿੱਸਾ ਉਸ ਦੀ ਮਿਹਨਤ ਦੇ ਮੁਕਾਬਲੇ ਨਿਗੂਣਾ ਹੀ ਹੁੰਦਾ ਸੀ। ਅਜਿਹੇ ਵਿੱਚ ਸੀਰੀ ਨੂੰ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨਿਭਾਉਣ ਲਈ ਆਪਣੇ ਮਾਲਕ ਕੋਲੋਂ ਸਮੇਂ ਸਮੇਂ ਕਰਜ਼ਾ ਵੀ ਲੈਣਾ ਪੈਂਦਾ ਸੀ। ਇਹ ਕਰਜ਼ਾ ਸੂਦ ਦਰ ਸੂਦ ਲੱਗ ਕੇ ਇੰਨਾ ਜ਼ਿਆਦਾ ਹੋ ਜਾਂਦਾ ਸੀ ਕਿ ਸੀਰੀ ਸਾਰੀ ਉਮਰ ਇਸ ਨੂੰ ਉਤਾਰ ਨਹੀਂ ਸਕਦਾ ਸੀ। ਸਿੱਟੇ ਵਜੋਂ ਜਿੱਥੇ ਉਹ ਜ਼ਿਮੀਂਦਾਰ ਦੀ ਸਰੀਰਕ ਤੌਰ ’ਤੇ ਗ਼ੁਲਾਮੀ ਕਰਦਾ ਸੀ, ਉੱਥੇ ਕਰਜ਼ੇ ਦੇ ਬੋਝ ਵਿੱਚ ਦੱਬਿਆ ਹੋਇਆ ਉਹ ਮਾਨਸਿਕ ਗ਼ੁਲਾਮੀ ਦਾ ਸ਼ਿਕਾਰ ਵੀ ਹੋ ਜਾਂਦਾ ਸੀ। ਅਜਿਹੀ ਸਥਿਤੀ ਵਿੱਚ ਉਹ ਹੀਣ ਭਾਵਨਾ ਵਿੱਚ ਵਿਚਰਦਾ ਸੀ ਅਤੇ ਆਪਣੇ ਮਾਲਕ ਦੁਆਰਾ ਕੀਤੇ ਹਰੇਕ ਹੁਕਮ ਨੂੰ ਮੰਨਣਾ ਉਸ ਦੀ ਮਜਬੂਰੀ ਬਣ ਜਾਂਦੀ ਸੀ। ਸਿੱਟੇ ਵਜੋਂ ਉਸ ਨੂੰ ਅਨੇਕ ਪ੍ਰਕਾਰ ਦੀਆਂ ਵਗਾਰਾਂ ਵੀ ਝੱਲਣੀਆਂ ਪੈਂਦੀਆਂ ਸਨ ਅਤੇ ਉਸ ਦੀ ਸਥਿਤੀ ਇੱਕ ਬੰਧੂਆ ਮਜ਼ਦੂਰ ਵਾਲੀ ਬਣ ਜਾਂਦੀ ਸੀ। ਭਾਵੇਂ ਇਸ ਕਾਰਨ ਸੀਰੀ ਦੀ ਸਥਿਤੀ ਅਣਗੌਲੇ ਵਿਅਕਤੀ ਵਾਲੀ ਬਣ ਜਾਂਦੀ ਹੈ, ਪਰ ਇਸ ਦੇ ਨਾਲ ਹੀ ਹੋਰ ਕਈ ਵਰਤਾਰੇ ਕਿਰਿਆਸ਼ੀਲ ਹੋ ਕੇ ਸੀਰੀ ਨੂੰ ਹਾਸ਼ੀਆਗਤ ਸਥਿਤੀ ਵੱਲ ਧੱਕ ਦਿੰਦੇ ਹਨ।

Advertisement

ਜਦੋਂ ਸੀਰੀ ਦੀ ਸਮਾਜਿਕ ਸਥਿਤੀ ਹਾਸ਼ੀਆਗਤ ਬਣਦੀ ਹੈ ਤਾਂ ਇਸ ਲਈ ਸਭ ਤੋਂ ਵੱਡਾ ਜ਼ਿੰਮੇਵਾਰ ਕਾਰਨ ਉਸ ਦੀ ਮੰਦੀ ਆਰਥਿਕ ਸਥਿਤੀ ਬਣਦੀ ਹੈ। ਆਰਥਿਕਤਾ ਦਾ ਪੱਖ ਮਨੁੱਖ ਦਾ ਜੀਵਨ ਪੱਧਰ ਨਿਰਧਾਰਤ ਕਰਨ ਵਿੱਚ ਕੇਂਦਰੀ ਚੂਲ ਦੀ ਭੂਮਿਕਾ ਨਿਭਾਉਂਦਾ ਹੈ। ਜਿੱਥੇ ਆਰਥਿਕ ਖੁਸ਼ਹਾਲੀ ਮਨੁੱਖ ਨੂੰ ਅਨੇਕਾਂ ਸਮੱਸਿਆਵਾਂ ਨਾਲ ਲੜਨ ਲਈ ਮਜ਼ਬੂਤੀ ਪ੍ਰਦਾਨ ਕਰਦੀ ਹੈ, ਉੱਥੇ ਸਮਾਜ ਵਿੱਚ ਆਦਰਯੋਗ ਸਥਾਨ ਨਿਰਧਾਰਤ ਕਰਨ ਵਿੱਚ ਵੀ ਆਰਥਿਕ ਸਥਿਤੀ ਦਾ ਅਹਿਮ ਰੋਲ ਹੁੰਦਾ ਹੈ। ਮਨੁੱਖ ਉੱਪਰ ਉਸ ਦੀ ਆਰਥਿਕ ਸਥਿਤੀ ਦੇ ਪ੍ਰਭਾਵ ਨੂੰ ਪੰਜਾਬੀ ਦਾ ਇਹ ਅਖਾਣ ਮਾਰਮਿਕ ਢੰਗ ਨਾਲ ਪ੍ਰਗਟਾਉਂਦਾ ਹੈ ‘ਮਾਇਆ ਦੇ ਨੇ ਤਿੰਨ ਨਾਮ ਪਰਸੂ, ਪਰਸਾ, ਪਰਸ ਰਾਮ’। ਆਰਥਿਕਤਾ ਕਿਸੇ ਵਿਅਕਤੀ ਅਥਵਾ ਵਿਅਕਤੀ ਸਮੂਹ ਦੀ ਸਥਿਤੀ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰਦੀ ਹੈ, ਇਸ ਅਖਾਣ ਰਾਹੀਂ ਸਹਿਜ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਚੰਗੀ ਆਰਥਿਕ ਸਥਿਤੀ ਜਿੱਥੇ ਵਿਅਕਤੀ ਨੂੰ ਇੱਜ਼ਤ-ਮਾਣ ਅਤੇ ਉੱਚਾ ਸਮਾਜਿਕ ਰੁਤਬਾ ਪ੍ਰਦਾਨ ਕਰਦੀ ਹੈ, ਉੱਥੇ ਜਦੋਂ ਕਿਸੇ ਦੀ ਆਰਥਿਕ ਸਥਿਤੀ ਬਿਹਤਰ ਨਹੀਂ ਹੁੰਦੀ ਤਾਂ ਉਸ ਦੀ ਸਮਾਜਿਕ ਸਥਿਤੀ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਵਰਤਾਰੇ ਨੂੰ ਜਦੋਂ ਸੀਰੀ ਦੀ ਹਾਸ਼ੀਆਗਤ ਸਥਿਤੀ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਤੱਤ ਉਜਾਗਰ ਹੁੰਦਾ ਹੈ ਕਿ ਆਰਥਿਕ ਤੌਰ ’ਤੇ ਮੰਦਹਾਲੀ ਦੇ ਕਾਰਨ ਵੀ ਸੀਰੀ ਦੀ ਸਮਾਜਿਕ ਸਥਿਤੀ ਹਾਸ਼ੀਆਗਤ ਬਣ ਜਾਂਦੀ ਹੈ। ਕਮਜ਼ੋਰ ਆਰਥਿਕ ਹਾਲਾਤ ਸੀਰੀ ਨੂੰ ਜੀਵਨ ਵਿੱਚ ਕਈ ਮੁਸ਼ਕਿਲ ਸਥਿਤੀਆਂ ਦੇ ਸਨਮੁਖ ਲਿਆ ਖਲਾਰਦੇ ਹਨ। ਆਪਣੀਆਂ ਪਰਿਵਾਰਕ ਜ਼ਰੂਰਤਾਂ ਅਤੇ ਹੋਰਨਾਂ ਸਮਾਜਿਕ ਮੌਕਿਆਂ ਉੱਪਰ ਖ਼ਰਚੇ ਲਈ ਉਸ ਨੂੰ ਜ਼ਿਮੀਂਦਾਰ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਜ਼ਿਮੀਂਦਾਰ ਵੀ ਉਸ ਦੀਆਂ ਇਨ੍ਹਾਂ ਮਜਬੂਰੀਆਂ ਨੂੰ ਆਪਣੇ ਹਿੱਤਾਂ ਲਈ ਵਰਤਦਾ ਹੈ। ਉਹ ਸੀਰੀ ਨੂੰ ਕੁਝ ਨਗਦੀ ਰਕਮ ਦੇ ਕੇ ਉਸ ਉੱਪਰ ਚੋਖਾ ਸੂਦ ਲਗਾ ਦਿੰਦਾ ਹੈ। ਇਸ ਤਰ੍ਹਾਂ ਜ਼ਿਮੀਂਦਾਰ ਉਸ ਦੀ ਇਸ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਉਸ ਦਾ ਆਰਥਿਕ ਸ਼ੋਸ਼ਣ ਕਰਦਾ ਹੈ। ਸੀਰੀ ਨੂੰ ਹੱਡਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਉਸ ਦੀ ਮਿਹਨਤ ਦਾ ਨਿਗੂਣਾ ਮਿਹਨਤਾਨਾ ਦਿੱਤਾ ਜਾਂਦਾ ਹੈ। ਭਾਵੇਂ ਕੋਈ ਸੀਰੀ ਸਾਲ ਦਰ ਸਾਲ ਇੱਕੋ ਜ਼ਿਮੀਂਦਾਰ ਨਾਲ ਕੰਮ ਕਰਦਾ ਰਹੇ, ਪਰ ਜ਼ਿਮੀਂਦਾਰ ਦੇ ਮੁਕਾਬਲੇ ਉਸ ਦੀ ਆਰਥਿਕ ਸਥਿਤੀ ਬਦਹਾਲੀ ਦਾ ਸ਼ਿਕਾਰ ਰਹਿੰਦੀ ਹੈ। ਉਸ ਦਾ ਜੀਵਨ ਜ਼ਿਮੀਂਦਾਰ ਦੇ ਖੇਤਾਂ ਵਿੱਚ ਕੰਮ ਕਰਦਿਆਂ ਜਾਂ ਉਸ ਦੇ ਹੀ ਹੋਰ ਕੰਮ ਕਰਦਿਆਂ ਗੁਜ਼ਰਦਾ ਹੈ ਅਤੇ ਮਾੜੀ ਆਰਥਿਕਤਾ ਅਤੇ ਇਸ ਕਾਰਨ ਹੋ ਰਹੇ ਲਗਾਤਾਰ ਸ਼ੋਸ਼ਣ ਕਾਰਨ ਉਹ ਲੋੜੀਂਦੀਆਂ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਕਿਰਿਆਸ਼ੀਲ ਹਿੱਸਾ ਨਹੀਂ ਲੈ ਪਾਉਂਦਾ। ਇਨ੍ਹਾਂ ਸਥਿਤੀਆਂ ਵਿੱਚ ਵਿਚਰਦਾ ਹੋਇਆ ਉਹ ਹਾਸ਼ੀਆਗਤ ਸਥਿਤੀ ਦਾ ਧਾਰਨੀ ਬਣ ਜਾਂਦਾ ਹੈ।

ਭਾਵੇਂ ਕਿ ਸੀਰੀ ਬੇਜ਼ਮੀਨਾ ਖੇਤ ਮਜ਼ਦੂਰ ਹੁੰਦਾ ਹੈ ਅਤੇ ਕਿਸੇ ਵੀ ਜਾਤੀ ਨਾਲ ਸਬੰਧਿਤ ਹੋ ਸਕਦਾ ਹੈ, ਪ੍ਰੰਤੂ ਪੰਜਾਬੀ ਸਮਾਜ ਵਿੱਚ ਸੀਰੀਪੁਣੇ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਸਮਾਜ ਦੀਆਂ ਕਥਿਤ ਦਲਿਤ ਸ਼੍ਰੇਣੀਆਂ ਵਿੱਚੋਂ ਹੁੰਦੇ ਹਨ। ਇਨ੍ਹਾਂ ਦਲਿਤ ਸ਼੍ਰੇਣੀਆਂ ਵਿੱਚ ਮਜ਼੍ਹਬੀ, ਰਵਿਦਾਸੀਏ ਅਤੇ ਵਾਲਮੀਕ ਭਾਈਚਾਰੇ ਦੇ ਲੋਕ ਆ ਜਾਂਦੇ ਹਨ। ਸਮਾਜ ਦੀਆਂ ਇਹ ਕਥਿਤ ਦਲਿਤ ਮੰਨੀਆਂ ਜਾਂਦੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਰਥਿਕ ਪੱਛੜੇਪਨ ਅਤੇ ਬੇਜ਼ਮੀਨੇ ਹੋਣ ਕਾਰਨ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਦੇ ਨਾਲ ਸੀਰੀ ਵਜੋਂ ਕੰਮ ਕਰਦੇ ਹਨ। ਭਾਰਤੀ ਸਮਾਜਿਕ ਵਿਵਸਥਾ ਵਿੱਚ ਜਾਤੀ ਪ੍ਰਬੰਧ ਦੇ ਵਿਸ਼ੇਸ਼ ਪ੍ਰਭਾਵ ਅਧੀਨ ਸਮਾਜ ਵਿੱਚ ਕਥਿਤ ਦਲਿਤ ਅਥਵਾ ਸ਼ੂਦਰ ਮੰਨੀਆ ਜਾਂਦੀਆਂ ਸ਼੍ਰੇਣੀਆਂ ਨਾਲ ਜਾਤੀਗਤ ਭੇਦ ਭਾਵ ਜਾਂ ਵਿਤਕਰਾ ਕੀਤਾ ਜਾਂਦਾ ਹੈ। ਇਸ ਵਿਤਕਰੇ ਦਾ ਸ਼ਿਕਾਰ ਸੀਰੀ ਨੂੰ ਵੀ ਹੋਣਾ ਪੈਂਦਾ ਹੈ। ਇਸ ਵਿਤਕਰੇ ਦਾ ਇੱਕ ਰੂਪ ਸੁੱਚ-ਭਿੱਟ ਦੇ ਰੂਪ ਵਿੱਚ ਵੀ ਸਾਹਮਣੇ ਆਉਂਦਾ ਹੈ ਜੋ ਸੀਰੀ ਨਾਲ ਸਮਾਜ ਦੇ ਕਥਿਤ ਦਲਿਤ ਵਰਗ ਨਾਲ ਸਬੰਧਿਤ ਹੋਣ ਕਰਕੇ ਕੀਤਾ ਜਾਂਦਾ ਹੈ। ਜਦੋਂ ਕੋਈ ਸੀਰੀ ਕਿਸੇ ਜ਼ਿਮੀਂਦਾਰ ਨਾਲ ਸੀਰੀ ਵਜੋਂ ਕੰਮ ਕਰਦਾ ਹੈ ਤਾਂ ਉਸ ਦੀ ਸਾਲਾਨਾ ਮਜ਼ਦੂਰੀ ਠੇਕੇ ਵਿੱਚ ਉਸ ਦਾ ਖਾਣ ਪੀਣ ਵੀ ਸ਼ਾਮਲ ਹੁੰਦਾ ਹੈ। ਭਾਵੇਂ ਕਿ ਸਤਹੀ ਪੱਧਰ ’ਤੇ ਇਹ ਗੱਲ ਸੀਰੀ ਦੇ ਹੱਕ ਵਿੱਚ ਭੁਗਤਦੀ ਲੱਗਦੀ ਹੈ, ਪਰ ਉਸ ਨਾਲ ਕੀਤੇ ਜਾਂਦੇ ਸੁੱਚ-ਭਿੱਟ ਦੇ ਵਿਤਕਰੇ ਕਾਰਨ ਇਹ ਉਸ ਲਈ ਹਾਸ਼ੀਆਗਤ ਸਥਿਤੀ ਵੀ ਉਤਪੰਨ ਕਰਦੀ ਹੈ। ਸੀਰੀ ਦਾ ਖਾਣਾ ਭਾਵੇਂ ਜ਼ਿਮੀਂਦਾਰ ਦੇ ਪਰਿਵਾਰ ਵੱਲੋਂ ਆਪਣੇ ਹਿੱਸੇ ਵਿੱਚੋਂ ਦਿੱਤਾ ਜਾਂਦਾ ਹੈ, ਪਰ ਉਸ ਦੇ ਖਾਣ ਪੀਣ ਵਾਲੇ ਭਾਂਡੇ ਵੱਖਰੇ ਹੁੰਦੇ ਹਨ। ਸੀਰੀ ਉਨ੍ਹਾਂ ਨੂੰ ਇੱਕ ਵੱਖਰੇ ਸਥਾਨ ਆਮ ਤੌਰ ’ਤੇ ਵੱਖਰੇ ਬਣੇ ਆਲੇ ’ਤੇ ਰੱਖਦਾ ਹੈ ਅਤੇ ਜਦੋਂ ਜ਼ਿਮੀਂਦਾਰ ਦੇ ਪਰਿਵਾਰ ਵੱਲੋਂ ਉਸ ਨੂੰ ਭੋਜਨ ਆਦਿ ਦਿੱਤਾ ਜਾਂਦਾ ਹੈ ਤਾਂ ਉਹ ਉਸ ਵੱਖਰੀ ਥਾਂ ’ਤੇ ਜ਼ਮੀਨ ਉੱਪਰ ਬੈਠ ਕੇ ਹੀ ਖਾਂਦਾ ਪੀਂਦਾ ਹੈ। ਖਾਣ ਪੀਣ ਤੋਂ ਬਾਅਦ ਉਹ ਇਨ੍ਹਾਂ ਬਰਤਨਾਂ ਨੂੰ ਖ਼ੁਦ ਹੀ ਧੋਂਦਾ ਹੈ। ਇਸ ਤਰ੍ਹਾਂ ਸੁੱਚ-ਭਿੱਟ ਦਾ ਵਿਤਕਰਾ ਸੀਰੀ ਦੇ ਕਿੱਤੇ ਦਾ ਅਹਿਮ ਨਕਾਰਾਤਮਕ ਪੱਖ ਹੈ। ਇਸ ਦੇ ਕਾਰਨ ਉਹ ਆਪਣੀ ਨਿਮਨ ਸਥਿਤੀ ਨੂੰ ਅਵਚੇਤਨ ਦਾ ਹਿੱਸਾ ਬਣਾ ਲੈਂਦਾ ਹੈ। ਲਗਾਤਾਰ ਜਾਤੀਗਤ ਵਿਤਕਰੇ ਅਤੇ ਸੁੱਚ-ਭਿੱਟ ਦਾ ਸ਼ਿਕਾਰ ਹੁੰਦਾ ਹੋਇਆ ਉਹ ਇਸ ਵਰਤਾਰੇ ਨੂੰ ਆਪਣੀ ਹੋਣੀ ਮੰਨ ਲੈਂਦਾ ਹੈ ਅਤੇ ਸਿੱਟੇ ਵਜੋਂ ਹਾਸ਼ੀਆਗਤ ਸਥਿਤੀ ਦਾ ਧਾਰਨੀ ਬਣ ਜਾਂਦਾ ਹੈ।

ਸੀਰੀ ਦੇ ਕਿੱਤੇ ਦੀ ਪ੍ਰਕਿਰਤੀ ਗ਼ੁਲਾਮੀ ਵਾਲੀ ਹੈ। ਜਦੋਂ ਕੋਈ ਵਿਅਕਤੀ ਸੀਰੀ ਦਾ ਕਿੱਤਾ ਅਪਣਾਉਂਦਾ ਹੈ ਤਾਂ ਉਹ ਆਪਣੀਆਂ ਮਜਬੂਰੀਆਂ ਕਰਕੇ ਅਤੇ ਜ਼ਿਮੀਂਦਾਰ ਵੱਲੋਂ ਕੀਤੇ ਜਾਂਦੇ ਕਥਿਤ ਅਹਿਸਾਨਾਂ ਕਾਰਨ ਗ਼ੁਲਾਮ ਮਾਨਸਿਕਤਾ ਦਾ ਧਾਰਨੀ ਬਣ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਸੀਰੀ ਪ੍ਰਤੀ ਜ਼ਿਮੀਂਦਾਰ ਦਾ ਵਿਹਾਰ ਅਤੇ ਸਮਾਜ ਦੀ ਸੋਚ ਆਮ ਤੌਰ ’ਤੇ ਉਸ ਨੂੰ ਗ਼ੁਲਾਮ ਵਜੋਂ ਵੇਖਣ ਵਾਲੀ ਹੈ। ਅਜਿਹੇ ਵਿਹਾਰ ਕਾਰਨ ਉਸ ਦੀ ਸਮਾਜਿਕ ਸਥਿਤੀ ਨਿਮਨ ਦਰਜੇ ਦੀ ਧਾਰਨੀ ਬਣ ਜਾਂਦੀ ਹੈ। ਇਹ ਨਿਮਨ ਦਰਜੇ ਦੀ ਸਥਿਤੀ ਹੀ ਉਸ ਦੀ ਹਾਸ਼ੀਆਗਤ ਹੋਂਦ ਨਿਰਧਾਰਤ ਕਰਦੀ ਹੈ। ਸੀਰੀ ਸਮਾਜ ਵਿੱਚ ਵਿਚਰਦਾ ਹੋਇਆ ਅਕਸਰ ਆਪਣੇ ਮਾਲਕ ਜ਼ਿਮੀਂਦਾਰ ਦੀ ਛਤਰ-ਛਾਇਆ ਵਿੱਚ ਰਹਿੰਦਾ ਹੈ। ਇਸ ਦੇ ਕਾਰਨ ਉਹ ਅਚੇਤ ਰੂਪ ਵਿੱਚ ਹੀ ਮਾਲਕ ਨੌਕਰ ਦੇ ਸਬੰਧਾਂ ਵਿੱਚ ਬੱਝ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਜੀਵਨ ਬਤੀਤ ਕਰਦਿਆਂ ਉਸ ਦੀ ਇਹ ਸੋਚ ਬਣ ਜਾਂਦੀ ਹੈ ਕਿ ਉਹ ਆਪਣੇ ਮਾਲਕ ਦੇ ਕਾਰਨ ਹੀ ਜਿਉਂਦਾ ਰਹਿ ਸਕਦਾ ਹੈ। ਇਸ ਦੇ ਨਾਲ ਹੀ ਉਹ ਸਮਾਜਿਕ ਤੌਰ ’ਤੇ ਵੀ ਆਪਣਾ ਨਿਮਨ ਦਰਜਾ ਸਵੀਕਾਰ ਕਰ ਲੈਂਦਾ ਹੈ। ਸੀਰੀ ਦੀ ਸਮਾਜਿਕ ਸਥਿਤੀ ਉਸ ਦੀ ਕਮਜ਼ੋਰ ਆਰਥਿਕਤਾ ਕਾਰਨ ਪਹਿਲਾਂ ਹੀ ਨੀਵੀਂ ਹੁੰਦੀ ਹੈ। ਉਹ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਹਿੱਤ ਜ਼ਿਮੀਂਦਾਰ ਦੇ ਉੱਪਰ ਨਿਰਭਰ ਰਹਿੰਦਾ ਹੈ। ਸੀਰੀ ਨੂੰ ਜ਼ਿਮੀਂਦਾਰ ਇੱਕ ਗ਼ੁਲਾਮ ਵਾਂਗ ਰੱਖਦਾ ਹੈ। ਉਹ ਉਸ ਕੋਲੋਂ ਖੇਤੀ ਨਾਲ ਸਬੰਧਿਤ ਕੰਮ ਲੈਣ ਦੇ ਨਾਲ ਨਾਲ ਹੋਰ ਕਈ ਕੰਮ ਵੀ ਕਰਵਾਉਂਦਾ ਹੈ। ਪੰਜਾਬੀ ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਜਾਂਦੀਆਂ ਹਨ ਜਿਸ ਵਿੱਚ ਕਿਸੇ ਤਕੜੇ ਜ਼ਿਮੀਂਦਾਰ ਨੇ ਆਪਣੇ ਗ਼ਲਤ ਅਤੇ ਗ਼ੈਰ-ਕਾਨੂੰਨੀ ਕੰਮਾਂ ਦਾ ਇਲਜ਼ਾਮ ਆਪਣੇ ਸੀਰੀ ਉੱਪਰ ਮੜ੍ਹ ਦਿੱਤਾ ਹੋਵੇ। ਇਸ ਨਾਲ ਸੀਰੀ ਦਾ ਸਮਾਜ ਵਿੱਚ ਅਕਸ ਅਪਰਾਧੀ ਵਾਲਾ ਵੀ ਬਣ ਜਾਂਦਾ ਹੈ। ਅਜਿਹਾ ਹੋਣ ਨਾਲ ਸੀਰੀ ਦਾ ਸਮਾਜਿਕ ਰੁਤਬਾ ਜੋ ਕਿ ਪਹਿਲਾਂ ਹੀ ਨੀਵੀਂ ਸਥਿਤੀ ਦਾ ਧਾਰਨੀ ਹੁੰਦਾ ਹੈ, ਹੋਰ ਵੀ ਨਿੱਘਰ ਜਾਂਦਾ ਹੈ। ਇਹ ਨਿਘਾਰ ਉਸ ਦੀ ਹਾਸ਼ੀਆਗਤ ਸਥਿਤੀ ਨੂੰ ਹੋਰ ਪ੍ਰਚੰਡ ਕਰਨ ਦਾ ਕਾਰਨ ਬਣਦਾ ਹੈ।

ਸੀਰੀ ਨਾਲ ਹਰੇਕ ਪੱਧਰ ’ਤੇ ਹੁੰਦਾ ਵਿਤਕਰਾ ਉਸ ਦੀ ਹੋਂਦ ਉੱਪਰ ਵੀ ਪ੍ਰਭਾਵ ਪਾਉਂਦਾ ਹੈ। ਸੀਰੀ ਨੂੰ ਹਰੇਕ ਪੱਧਰ ਉੱਪਰ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕੌੜੇ ਸਮਾਜਿਕ ਅਨੁਭਵ ਉਸ ਦੀ ਮਾਨਸਿਕਤਾ ਉੱਪਰ ਪ੍ਰਤੀਕੂਲ ਅਸਰ ਪਾਉਂਦੇ ਹਨ। ਇਸੇ ਕਰਕੇ ਉਹ ਕਈ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਮਾਨਸਿਕ ਗੁੰਝਲਾਂ ਉਸ ਦੇ ਅਵਚੇਤਨ ਉੱਪਰ ਗਹਿਰਾ ਅਸਰ ਪਾਉਂਦੀਆਂ ਹਨ। ਇਨ੍ਹਾਂ ਮਾਨਸਿਕ ਗੁੰਝਲਾਂ ਦੇ ਕਾਰਨ ਹੀ ਸੀਰੀ ਵਿੱਚ ਹੀਣਤਾ ਭਾਵ ਪੈਦਾ ਹੋ ਜਾਂਦਾ ਹੈ। ਉਸ ਦੇ ਇਸ ਹੀਣਤਾ ਦੇ ਭਾਵ ਨੂੰ ਸਮਾਜ ਦੁਆਰਾ ਹੁੰਦਾ ਵਿਤਕਰਾ ਹੋਰ ਮਜ਼ਬੂਤ ਕਰਦਾ ਹੈ ਮਿਸਾਲ ਦੇ ਤੌਰ ’ਤੇ ਸੀਰੀ ਦੇ ਆਮ ਤੌਰ ’ਤੇ ਦਲਿਤ ਹੋਣ ਕਾਰਨ ਉਸ ਨਾਲ ਜਾਤੀਗਤ ਵਿਤਕਰਾ ਕੀਤਾ ਜਾਂਦਾ ਹੈ। ਇਸ ਵਿਤਕਰੇ ਕਾਰਨ ਹੀ ਉਸ ਦਾ ਸਖ਼ਤ ਮਿਹਨਤ ਕਰਨ ਵਾਲਾ ਕਿੱਤਾ ਹਾਸ਼ੀਏ ਉੱਪਰ ਚਲਾ ਜਾਂਦਾ ਹੈ। ਸਖ਼ਤ ਮਿਹਨਤ ਕਰਨ ਦੇ ਬਾਵਜੂਦ ਹੁੰਦੇ ਵਿਤਕਰੇ ਕਾਰਨ ਸੀਰੀ ਦਵੰਦ ਦੀ ਸਥਿਤੀ ਦਾ ਸ਼ਿਕਾਰ ਹੋ ਜਾਂਦਾ ਹੈ, ਪ੍ਰੰਤੂ ਆਖਿਰ ਤੇ ਸਮਾਜਿਕ ਵਾਤਾਵਰਨ ਉਸ ਦੀ ਮਾਨਸਿਕਤਾ ਵਿੱਚ ਇੱਕ ਮਾਨਸਿਕ ਗੰਢ ਬਣਾ ਦਿੰਦਾ ਹੈ ਜੋ ਹੀਣਤਾ ਦੇ ਭਾਵ ਵਜੋਂ ਸਾਹਮਣੇ ਆਉਂਦੀ ਹੈ। ਇਸ ਸਥਿਤੀ ਵਿੱਚ ਸੀਰੀ ਦਾ ਹਾਸ਼ੀਆਗਤ ਸਥਿਤੀ ਦਾ ਸ਼ਿਕਾਰ ਹੋ ਜਾਣਾ ਸੁਭਾਵਿਕ ਹੀ ਹੈ।

ਸੀਰੀ ਦੀ ਹੋਂਦ ਦੇ ਸੰਕਟ ਦਾ ਪਹਿਲਾ ਪੜਾਅ ਉਸ ਦੇ ਨਾਮ ਦੇ ਸੁੰਗੜਨ ਅਤੇ ਨਾਮ ਵਿੱਚੋਂ ਉਸ ਦੇ ਹਾਸ਼ੀਆਗਤ ਪ੍ਰਸੰਗਾਂ ਨੂੰ ਉਭਾਰਦਾ ਹੈ। ਜਿਵੇਂ ਕਿ ਪਿੱਛੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਆਰਥਿਕਤਾ ਸਾਡੇ ਸਮਾਜਿਕ ਰੁਤਬੇ ਨੂੰ ਨਿਰਧਾਰਤ ਕਰਦੀ ਹੈ ਅਤੇ ਕਮਜ਼ੋਰ ਆਰਥਿਕਤਾ ਦਾ ਪ੍ਰਭਾਵ ਮਨੁੱਖੀ ਜੀਵਨ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਪ੍ਰਕਾਰ ਕਮਜ਼ੋਰ ਆਰਥਿਕਤਾ ਦਾ ਪ੍ਰਭਾਵ ਕਿਸੇ ਸੀਰੀ ਦੇ ਨਾਮ ਨੂੰ ਪ੍ਰਭਾਵਿਤ ਕਰਦਾ ਹੈ। ਮਿਸਾਲ ਦੇ ਤੌਰ ’ਤੇ ਜੇਕਰ ਕਿਸੇ ਵਿਅਕਤੀ ਦਾ ਨਾਮ ਕਰਨੈਲ ਸਿੰਘ ਹੈ ਤਾਂ ਉਹ ਸੀਰੀ ਦਾ ਕਿੱਤਾ ਅਪਣਾਉਣ ਦੇ ਨਾਲ ਹੀ ਕਰਨੈਲ ਸਿੰਘ ਤੋਂ ਕੈਲਾ ਜਾਂ ਕੈਲੂ ਬਣ ਜਾਵੇਗਾ। ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਅਜਿਹੇ ਸੀਰੀ ਪਾਤਰ ਮਿਲ ਜਾਂਦੇ ਹਨ ਜੋ ਆਪਣੇ ਅਸਲੀ ਨਾਮ ਨਾਲੋਂ ਵਿਗੜੇ ਹੋਏ ਨਾਮ ਨਾਲ ਪੇਸ਼ ਹੋਏ ਹਨ। ਨਾਮ ਦੇ ਸੰਕਟ ਵਿੱਚੋਂ ਹੀ ਉਸ ਦਾ ਅਸਤਿਤਵੀ ਸੰਕਟ ਹੋਂਦ ਗ੍ਰਹਿਣ ਕਰਦਾ ਹੈ। ਇਹ ਸੰਕਟ ਅੱਗੋਂ ਅਨੇਕ ਮਾਨਸਿਕ ਗੁੰਝਲਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਵਰਤਮਾਨ ਸਮੇਂ ਪੰਜਾਬ ਵਿੱਚ ਵਿਆਪੇ ਖੇਤੀ ਸੰਕਟ, ਸ਼ਹਿਰੀਕਰਨ ਦੀ ਵਧਦੀ ਰਫ਼ਤਾਰ ਦੇ ਸਿੱਟੇ ਵਜੋਂ ਕੰਮ ਦੇ ਵਧੇ ਮੌਕਿਆਂ ਅਤੇ ਪਰਵਾਸੀ ਮਜ਼ਦੂਰਾਂ ਦੀ ਖੇਤੀ ਕੰਮਾਂ ਵਿੱਚ ਵਧੀ ਵਰਤੋਂ ਕਰਕੇ ਸੀਰੀ ਦੇ ਕੰਮ ਅਤੇ ਇਸ ਦੇ ਸੰਕਲਪ ਵਿੱਚ ਵੀ ਪਰਿਵਰਤਨ ਦਾ ਵਰਤਾਰਾ ਵਾਪਰ ਰਿਹਾ ਹੈ। ਖੇਤੀ ਦੇ ਕੰਮਾਂ ਵਿੱਚ ਪਰਵਾਸੀਆਂ ਦੀ ਸ਼ਮੂਲੀਅਤ ਹੋਣ ਅਤੇ ਇਸ ਵਰਤਾਰੇ ਦੇ ਵਧਣ ਕਰਕੇ ਪਿੰਡਾਂ ਵਿੱਚ ਦਲਿਤ ਵਿਅਕਤੀਆਂ ਵਿੱਚ ਸੀਰੀਪੁਣੇ ਦੇ ਕਿੱਤੇ ਦੀ ਪ੍ਰਵਿਰਤੀ ਘਟ ਰਹੀ ਹੈ। ਭਾਵੇਂ ਕਿ ਹੁਣ ਸੀਰੀ ਵਾਲਾ ਕੰਮ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚੋਂ ਆਉਣ ਵਾਲੇ ਪਰਵਾਸੀ ਵਿਅਕਤੀਆਂ ਨੇ ਸੰਭਾਲ ਲਿਆ ਹੈ ਅਤੇ ਇਨ੍ਹਾਂ ਉੱਪਰ ਹਾਸ਼ੀਆਗਤ ਪ੍ਰਵਿਰਤੀਆਂ ਲਾਗੂ ਨਹੀਂ ਹੁੰਦੀਆਂ, ਪ੍ਰੰਤੂ ਅਜੇ ਵੀ ਪਿੰਡਾਂ ਵਿੱਚ ਬਹੁਤ ਸਾਰੇ ਅਜਿਹੇ ਦਲਿਤ ਵਰਗ ਹਨ ਜੋ ਸੀਰੀ ਦਾ ਕੰਮ ਕਰਦੇ ਹੋਏ ਹਾਸ਼ੀਅਗਤ ਸਥਿਤੀ ਨੂੰ ਹੰਢਾਅ ਰਹੇ ਹਨ।

ਸੰਪਰਕ: 81464-84447

Advertisement
×