ਕਥਾ ਪ੍ਰਵਾਹ

ਕਟਹਿਰੇ ’ਚ ਖੜ੍ਹਾ ਮਰਦ

ਕਟਹਿਰੇ ’ਚ ਖੜ੍ਹਾ ਮਰਦ

ਵਿਜੈ ਬੋਹਾ

ਵਿਜੈ ਬੋਹਾ

ਸਟੇਸ਼ਨ ਦੇ ਅੰਦਰ ਬੁੱਕ ਸਟਾਲ ’ਤੇ ਖੜ੍ਹਾ ਕਿਤਾਬਾਂ ਵੱਲ ਨਜ਼ਰ ਮਾਰ ਰਿਹਾ ਸਾਂ ਕਿ ਕਿਸੇ ਨੇ ਮੇਰੇ ਮੋਢੇ ’ਤੇ ਹੱਥ ਰੱਖ ਮੇਰਾ ਨਾਮ ਲੈਂਦਿਆਂ ਆਵਾਜ਼ ਦਿੱਤੀ। ਪਿੱਛੇ ਵੱਲ ਮੁੜ ਕੇ ਦੇਖਿਆ, ਇਕ ਖ਼ੂਬਸੂਰਤ ਔਰਤ ਮੇਰੇ ਵੱਲ ਦੇਖ ਮੁਸਕਰਾ ਰਹੀ ਸੀ। ਜਿਸ ਅੰਦਾਜ਼ ਵਿਚ ਉਸ ਨੇ ਮੇਰਾ ਨਾਮ ਲਿਆ ਸੀ ਉਸ ਤੋਂ ਇੱਕ ਗੱਲ ਤਾਂ ਸਾਫ਼ ਸੀ ਕਿ ਉਹ ਮੇਰੀ ਜਾਣਕਾਰ ਸੀ। ਕੁਝ ਸਕਿੰਟ ਸੋਚਦਿਆਂ ਸੱਜੇ ਹੱਥ ਦੀ ਉਂਗਲ ਆਪਣੇ ਆਪ ਉਸ ਵੱਲ ਹੋ ਗਈ, ‘‘ਰੂਬੀ ਐਂ... ਨਾ... ਤੂੰ?’’

‘‘ਹਾਂ ਮੈਂ, ਕੀ ਗੱਲ ਹੁਣ ਮੇਰੀ ਪਛਾਣ ਵੀ ਨਹੀਂ ਰਹੀ?’’

ਮੈਂ ਕਿਹਾ, ‘‘ਨਹੀਂ, ਨਹੀਂ, ਅਜਿਹਾ ਨਹੀਂ, ਤੈਨੂੰ ਕਿਵੇਂ ਭੁੱਲ ਸਕਦਾ ਹਾਂ। ਅਸਲ ਵਿਚ ਬੜੇ ਸਾਲਾਂ ਮਗਰੋਂ ਜੋ ਤੈਨੂੰ ਦੇਖਿਆ ਹੈ।’’

ਦਿਲ ਕੀਤਾ ਕਿ ਉਸ ਖ਼ੂਬਸੂਰਤ ਔਰਤ ਨੂੰ ਪਹਿਲਾਂ ਦੀ ਤਰ੍ਹਾਂ ਗਲ ਲੱਗ ਮਿਲਾਂ, ਪਰ ਕੁਝ ਸੋਚਦਿਆਂ ਅੱਗੇ ਨਾ ਵਧ ਸਕਿਆ। ਇਕਦਮ ਮੈਨੂੰ ਅੱਜ ਤੋਂ 20-21 ਸਾਲ ਪਹਿਲਾਂ ਵਾਲੀ ਰੂਬੀਨਾ ਦੀ ਝਲਕ ਯਾਦ ਆ ਗਈ।

ਥੋੜ੍ਹਾ ਸਾਂਵਲਾ ਰੰਗ, ਤਿੱਖੇ ਨੈਣ-ਨਕਸ਼, ਲੱਕ ਤੋਂ ਹੇਠਾਂ ਤੱਕ ਝੂਲਦੀ ਵਾਲਾਂ ਦੀ ਗੁੱਤ, ਕਾਲੀਆਂ ਗਹਿਰੀਆਂ ਅੱਖਾਂ, ਲੰਬਾ ਇਕਹਿਰਾ ਸਰੀਰ ਤੇ ਸਲੀਕੇ ਨਾਲ ਪਾਈ ਪੰਜਾਬੀ ਡਰੈੱਸ। ਪਰ ਅੱਜ ਜੀਨ ਸ਼ਰਟ ਤੇ ਛੋਟੇ ਵਾਲਾਂ ਵਿਚ ਵੀ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ। ਉਸ ਦੇ ਇਸ ਤਰ੍ਹਾਂ ਮਿਲਣ ਕਰਕੇ ਮੇਰੇ ਚਿਹਰੇ ’ਤੇ ਹੈਰਾਨੀ ਦੇ ਭਾਵ ਕੁਝ ਜ਼ਿਆਦਾ ਹੀ ਉੱਭਰ ਆਏ।

‘‘ਇੱਥੇ ਕਿਵੇਂ?’’ ਮੈਂ ਹੈਰਾਨ ਹੁੰਦਿਆਂ ਸਵਾਲੀਆ ਨਜ਼ਰਾਂ ਦੇ ਨਾਲ ਉਸ ਵੱਲ ਇਸ਼ਾਰਾ ਕੀਤਾ। ਮੇਰੇ ਮੂੰਹ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਉਹ ਬੋਲੀ,

‘‘ਦੱਸਾਂਗੀ, ਦੱਸਾਂਗੀ, ਕੁਝ ਤਾਂ ਰਹਿਮ ਕਰ ਆਪਣੇ ਆਪ ’ਤੇ। ਇੰਨਾ ਵੀ ਹੈਰਾਨ ਹੋਣ ਦੀ ਲੋੜ ਨਹੀਂ।’’

ਫਿਰ ਇੱਕ ਲੰਬਾ ਸਾਹ ਲੈਂਦਿਆਂ ਆਪਣੇ ਆਪ ਨੂੰ ਉਹ ਰਿਲੈਕਸ ਮਹਿਸੂਸ ਕਰਦਿਆਂ ਬੋਲੀ, ‘‘ਅਸਲ ਵਿੱਚ ਇਸ ਸਟੇਸ਼ਨ ਤੋਂ ਅੱਗੇ ਲਈ ਮੈਂ ਟਿਕਟ ਦੀ ਬੁਕਿੰਗ ਕਾਰਵਾਈ ਸੀ, ਪਰ ਇੱਥੇ ਆ ਕੇ ਪਤਾ ਲੱਗਿਆ ਕਿ ਗੱਡੀ ਆਉਣ ਵਿਚ ਅਜੇ ਸਮਾਂ ਹੈ। ਅਚਾਨਕ ਤੁਹਾਡੇ ’ਤੇ ਨਜ਼ਰ ਪੈ ਗਈ। ਸੋਚਿਆ, ਚਲੋ ਮਿਲ ਹੀ ਲਵਾਂ।’’

‘‘ਵਾਹ! ਧੰਨ ਭਾਗ ਸਾਡੇ, ਕਿਸੇ ਬਹਾਨੇ ਦਰਸ਼ਨ ਤਾਂ ਹੋਏ ਤੁਹਾਡੇ। ਬੜਾ ਸੋਹਣਾ ਦਿਨ ਹੈ ਅੱਜ ਤਾਂ ਮੇਰੇ ਲਈ। ਮੈਨੂੰ ਮਿਲਣ ਲਈ ਸ਼ੁਕਰੀਆ।’’

‘‘ਤੇ ਤੁਸੀਂ ਇੱਥੇ ਕਿਵੇਂ?’’ ਉਸ ਮੈਨੂੰ ਸਵਾਲ ਕੀਤਾ।

‘‘ਅਸਲ ਵਿੱਚ ਮੇਰਾ ਤਬਾਦਲਾ ਇਸ ਸ਼ਹਿਰ ਵਿਚ ਹੋ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਇੱਥੇ ਹੀ ਹਾਂ। ਇਕੱਲਾ ਕਮਰਾ ਲੈ ਕੇ ਰਹਿ ਰਿਹਾ ਹਾਂ। ਸਟੇਸ਼ਨ ’ਤੇ ਟਾਈਮ ਪਾਸ ਕਰਨ ਲਈ ਕਦੇ ਕਦੇ ਚੱਕਰ ਲੱਗ ਜਾਂਦਾ ਹੈ।’’

‘‘ਓ ਕੇ, ਉਹ ਸਟੇਸ਼ਨ ਦੇ ਨਜ਼ਦੀਕ ਪਾਰਕ ਹੈ ਚੱਲੋ ਉੱਥੇ ਚੱਲਦੇ ਹਾਂ।’’ ਇਹ ਆਖਦਿਆਂ ਉਹ ਅੱਗੇ ਅੱਗੇ ਤੁਰ ਪਈ।

ਚਾਹ ਦੀ ਸਟਾਲ ਕੋਲੋਂ ਲੰਘਦਿਆਂ ਮੈਂ ਕਿਹਾ, ‘‘ਚਾਹ ਦੀ ਪਿਆਲੀ ਹੋ ਜਾਏ ਇਕ ਇਕ?’’

‘‘ਨਹੀਂ, ਹਾਲੇ ਨਹੀਂ... ਜ਼ਰੂਰ ਪੀਵਾਂਗੀ, ਪਰ ਕੁਝ ਦੇਰ ਰੁਕ ਕੇ।’’

ਮੈਂ ਉਸ ਨਾਲ ਪਾਰਕ ਵੱਲ ਨੂੰ ਤੁਰ ਪਿਆ। ਪਾਰਕ ਵਿਚ ਕੁਝ ਦੂਰੀ ’ਤੇ ਜਾ ਕੇ ਉਸ ਆਖਿਆ, ‘‘ਇੱਥੇ ਠੀਕ ਹੈ।’’ ਤੇ ਉਹ ਬਣੀ ਸੀਟ ਉਪਰ ਬੈਠ ਗਈ। ਮੈਂ ਵੀ ਉਸ ਦੇ ਸਾਹਮਣੇ ਵਾਲੀ ਸੀਟ ’ਤੇ ਬੈਠ ਗਿਆ।

ਉਸ ਕਿਹਾ, ‘‘ਤੁਹਾਡੇ ਕੋਲ ਵਕਤ ਹੈ ਨਾ? ਕਿਤੇ ਮੈਂ ਤੁਹਾਡਾ ਵਕ਼ਤ ਤਾਂ ਖ਼ਰਾਬ ਨਹੀਂ ਕਰ ਰਹੀ?’’

‘‘ਨਹੀਂ, ਨਹੀਂ, ਮੇਰੇ ਕੋਲ ਪੂਰੀ ਵਿਹਲ ਹੈ। ਵੈਸੇ ਵੀ ਦਫ਼ਤਰ ਵਿਚ ਅੱਜ ਛੁੱਟੀ ਹੈ।’’

‘‘ਕੀ ਹਾਲ ਚਾਲ ਹੈ ਤੁਹਾਡਾ? ਕਿਵੇਂ ਚੱਲ ਰਿਹਾ ਹੈ ਜੀਵਨ? ਬੱਚੇ ਕੀ ਕਰ ਰਹੇ ਨੇ? ਸਭ ਕੁਝ ਦੱਸੋ ਆਪਣੇ ਬਾਰੇ?’’

ਇਸ ਤੋਂ ਪਹਿਲਾਂ ਕਿ ਉਸ ਦੇ ਸਵਾਲਾਂ ਦਾ ਜਵਾਬ ਦਿੰਦਾ। ਮੈਂ ਆਪਣੀ ਜੇਬ੍ਹ ਵਿਚੋਂ ਸਿਗਰਟਾਂ ਦਾ ਪੈਕਟ ਕੱਢ ਇਕ ਸਿਗਰਟ ਮੂੰਹ ਵਿਚ ਪਾ ਲਈ ਤੇ ਲਾਈਟਰ ਕੱਢ ਉਸ ਨੂੰ ਸੁਲਗਾਉਣ ਲੱਗਿਆ। ਇਹ ਦੇਖ ਕੇ ਉਸ ਨੇ ਇਸ਼ਾਰਾ ਕਰਦਿਆਂ ਕਿਹਾ, ‘‘ਇੱਕ ਮੇਰੇ ਲਈ ਵੀ।’’

ਉਸ ਨੇ ਮੇਰੇ ਚਿਹਰੇ ’ਤੇ ਹੈਰਾਨੀ ਦੇ ਹਾਵਭਾਵ ਪੜ੍ਹਨ ਵਿਚ ਦੇਰ ਨਾ ਲਗਾਈ ਤੇ ਆਪਣੀ ਗੱਲ ਜਾਰੀ ਕਰਦਿਆਂ ਬੋਲੀ, ‘‘ਕਦੇ ਕਦੇ ਸ਼ੌਕੀਆ ਹੀ... ਹੋ ਗਿਆ ਕੁਝ ਅਰਸਾ। ਬੜਾ ਕੁਝ ਬਦਲ ਜਾਂਦਾ ਹੈ ਜ਼ਿੰਦਗੀ ਵਿੱਚ, ਚੰਗੀਆਂ-ਮਾੜੀਆਂ ਆਦਤਾਂ ਆਉਂਦੀਆਂ ਜਾਂਦੀਆਂ ਨੇ। ਬੜਾ ਅਜੀਬ ਹੈ ਜ਼ਿੰਦਗੀ ਦਾ ਸਫ਼ਰ ਵੀ, ਹਰ ਮੋੜ ’ਤੇ ਨਵਾਂ ਸਵਾਲ ਤੇ ਫਿਰ ਤੁਰ ਪਵੋ ਉਸ ਦਾ ਜਵਾਬ ਲੱਭਣ। ਖ਼ੈਰ, ਤੁਸੀਂ ਦੱਸੋ ਆਪਣੇ ਬਾਰੇ, ਅਨੀਤਾ ਠੀਕ ਹੈ? ਤੁਸੀਂ ਸੰਤੁਸ਼ਟ ਹੋ ਆਪਣੀ ਜ਼ਿੰਦਗੀ ਤੋਂ?’’

ਸੋਚ ਰਿਹਾ ਸਾਂ ਕਿੰਨਾ ਕੁਝ ਬਦਲ ਗਿਆ ਹੈ, ਉਹ ਕੁੜੀ ਜਿਹੜੀ ਕਦੇ ਕਿਸੇ ਨਾਲ ਗੱਲ ਕਰਦਿਆਂ ਵੀ ਝਿਜਕਦੀ ਸੀ ਅੱਜ ਕਿਵੇਂ ਆਸਾਨੀ ਨਾਲ ਸਵਾਲ ਦਰ ਸਵਾਲ ਪੁੱਛ ਰਹੀ ਸੀ।

ਪੈਕਟ ਵਿਚੋਂ ਇਕ ਸਿਗਰਟ ਤੇ ਲਾਈਟਰ ਉਸ ਵੱਲ ਕਰਦਿਆਂ ਮੈਂ ਜਵਾਬ ਦਿੱਤਾ, ‘‘ਹਾਂ ਸਭ ਕੁਝ ਠੀਕ ਹੈ ਆਪਣੀ ਆਪਣੀ ਥਾਂ ’ਤੇ... ਅਨੀਤਾ ਵੀ ਠੀਕ ਹੈ... ਮੰਮੀ ਪਾਪਾ ਦੇ ਨਾਲ ਹੈ ਪਿੰਡ ਵਿੱਚ... ਦੋ ਬੇਟੀਆਂ ਨੇ ਪੜ੍ਹ ਰਹੀਆਂ ਨੇ ਕਾਲਜ ਵਿੱਚ,’’ ਆਪਣੇ ਬਾਰੇ ਕੁਝ ਹੋਰ ਸੰਖੇਪ ਜਿਹਾ ਦੱਸਦਿਆਂ ਮੈਂ ਕਿਹਾ, ‘‘ਜ਼ਿੰਦਗੀ ਵਿੱਚ ਸਭ ਕੁਝ ਇੱਛਾ ਅਨੁਸਾਰ ਤਾਂ ਨਹੀਂ ਚੱਲਦਾ, ਕੁਝ ਸਮਝੌਤਿਆਂ ਦੇ ਨਾਲ ਵੀ ਤਾਂ ਗੁਜ਼ਾਰਨੀ ਪੈਂਦੀ ਹੈ ਜ਼ਿੰਦਗੀ।’’

ਉਸ ਆਖਿਆ, ‘‘ਹਾਂ ਇਹ ਤਾਂ ਹੈ, ਕਈ ਵਾਰ ਵਕਤ ਨਾਲ ਕਈ ਸਮਝੌਤੇ ਵੀ ਕਰਨੇ ਪੈਂਦੇ ਨੇ।’’

‘‘ਮੇਰੇ ਬਾਰੇ ਦੱਸਣ ਲਈ ਹੋਰ ਕੁਝ ਖ਼ਾਸ ਨਹੀਂ, ਤੂੰ ਦੱਸ ਆਪਣੇ ਬਾਰੇ ਕੁਝ?’’ ਮੈਂ ਕਿਹਾ।

ਲਗਭਗ ਪੂਰੀ ਹੋ ਚੁੱਕੀ ਸਿਗਰਟ ਦਾ ਆਖ਼ਰੀ ਕਸ਼ ਖਿੱਚਦਿਆਂ ਸਵਾਲੀਆ ਨਜ਼ਰਾਂ ਤੇ ਉਲਾਂਭੇ ਨਾਲ ਉਹ ਬੋਲੀ, ‘‘ਤੁਹਾਡੇ ਇਹ ਤਾਂ ਯਾਦ ਹੋਵੇਗਾ, ਤੁਸੀਂ ਮੈਨੂੰ ਰਾਹ ਵਿਚ ਅੱਧਵਾਟੇ ਛੱਡ ਤੁਰ ਗਏ ਸੀ? ਤੁਹਾਡੇ ਅੰਦਰ ਘਰਦਿਆਂ ਦੀ ਨਾਰਾਜ਼ਗੀ ਸਹਿਣ ਦੀ ਹਿੰਮਤ ਨਹੀਂ ਸੀ? ਤੇ ਤੁਹਾਡੀ ਜ਼ਿੰਦਗੀ ਵਿਚ ਮੇਰੀ ਹੋਣ ਵਾਲੀ ਜਗ੍ਹਾ ਅਨੀਤਾ ਨੇ ਲੈ ਲਈ ਸੀ।’’

ਮੇਰੀਆਂ ਝੁਕੀਆਂ ਨਜ਼ਰਾਂ ਨੂੰ ਦੇਖ ਸ਼ਾਇਦ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਤੇ ਉਹ ਅੱਗੇ ਬੋਲੀ, ‘‘ਕੁਝ ਦਿਨਾਂ ਮਗਰੋਂ ਮੇਰੇ ਮਾਪਿਆਂ ਦੇ ਗੁੱਸੇ ਦੀ ਕੀਮਤ ਮੈਨੂੰ ਵੀ ਅਦਾ ਕਰਨੀ ਪਈ। ਤੁਹਾਡਾ ਇਸ ਤਰ੍ਹਾਂ ਮੈਨੂੰ ਛੱਡ ਕੇ ਚਲੇ ਜਾਣਾ ਉਨ੍ਹਾਂ ਲਈ ਵੀ ਸਦਮਾ ਸੀ। ਜਲਦਬਾਜ਼ੀ ਵਿਚ ਮੇਰਾ ਵਿਆਹ ਕੈਨੇਡਾ ਤੋਂ ਆਏ ਬੰਦੇ ਨਾਲ ਕਰ ਮੈਨੂੰ ਵੀ ਕੈਨੇਡਾ ਤੋਰ ਦਿੱਤਾ। ਮੰਮੀ-ਡੈਡੀ ਖ਼ੁਸ਼ ਸੀ, ਚੱਲੋ ਕੁੜੀ ਦਾ ਬੋਝ ਲਹਿ ਗਿਆ ਤੇ ਸਮਾਜ ਵਿਚ ਤੇਰੇ ਨਾਲ ਮੇਰੀ ਨੇੜਤਾ ਦੀਆਂ ਗੱਲਾਂ ਦਾ ਵੀ ਇੱਕ ਤਰ੍ਹਾਂ ਅੰਤ ਹੋ ਗਿਆ।’’

ਇਹ ਕਹਿੰਦਿਆਂ ਉਹ ਕੁਝ ਪਲ ਲਈ ਰੁਕ ਗਈ, ਸ਼ਾਇਦ ਕੁਝ ਕਹਿਣ ਦੀ ਹਿੰਮਤ ਜੁਟਾ ਰਹੀ ਸੀ।

‘‘ਫਿਰ?’’ ਮੈਂ ਪੁੱਛਿਆ।

‘‘ਫਿਰ ਕੀ, ਉਹਦੀ ਤੇ ਮੇਰੀ ਕਦੇ ਨਾ ਬਣ ਸਕੀ। ਉਸ ਨੂੰ ਖੇਡਣ ਲਈ ਖਿਡੌਣਾ ਚਾਹੀਦਾ ਸੀ। ਜਦੋਂ ਮਨ ਭਰ ਗਿਆ ਤਾਂ ਖਿਡੌਣੇ ਨਾਲ ਲਗਾਅ ਵੀ ਖ਼ਤਮ ਹੋ ਗਿਆ। ਸੱਤ ਅੱਠ ਸਾਲ ਨਾ ਚਾਹੁੰਦਿਆਂ ਵੀ ਉਸ ਨਾਲ ਰਹਿਣਾ ਪਿਆ, ਜ਼ੁਲਮ ਸਹਿੰਦੀ ਰਹੀ... ਜ਼ੁਲਮਾਂ ਦੀ ਦਾਸਤਾਨ ਬਹੁਤ ਲੰਬੀ ਹੈ, ਨਹੀਂ ਸੁਣਾ ਸਕਦੀ। ਤੁਹਾਨੂੰ ਸੁਣਾਉਣ ਦੀ ਕੋਈ ਤੁਕ ਵੀ ਤਾਂ ਨਹੀਂ,’’

ਮੈਨੂੰ ਨਾ ਬੋਲਦਿਆਂ ਦੇਖ ਉਹ ਫਿਰ ਅੱਗੇ ਬੋਲੀ, ‘‘ਜ਼ੁਲਮ ਵੀ ਤਾਂ ਕਿੰਨੀ ਕੁ ਦੇਰ ਝੱਲੇ ਜਾ ਸਕਦੇ ਨੇ। ਇਕ ਜਾਣਕਾਰ ਤੋਂ ਕੁਝ ਮਦਦ ਲਈ ਤੇ ਉਸ ਨਰਕ ਵਿਚੋਂ ਬਾਹਰ ਆ ਸਕੀ।’’

ਕੁਝ ਰੁਕਦਿਆਂ ਉਹ ਫੇਰ ਬੋਲੀ, ‘‘ਜਾਣਕਾਰ ਨੂੰ ਵੀ ਉਸ ਦੇ ਕੀਤੇ ਅਹਿਸਾਨ ਬਦਲੇ ਕੁਝ ਚਾਹੀਦਾ ਸੀ ... ਮਰਦ ਜਾਤ।’’

ਗਾਲ੍ਹ ਮੂੰਹੋਂ ਕੱਢਦਿਆਂ ਉਸ ਦੇ ਮੂੰਹ ਦੀ ਕੁੜੱਤਣ ਨੂੰ ਮਹਿਸੂਸ ਕੀਤਾ ਜਾ ਸਕਦਾ ਸੀ। ਕੁਝ ਸਮੇਂ ਲਈ ਉਹ ਚੁੱਪ ਹੋ ਗਈ। ਕੀ ਵਾਪਰਿਆ ਇਹ ਪੁੱਛਣ ਦੀ ਮੇਰੀ ਹਿੰਮਤ ਨਹੀਂ ਸੀ। ਫੇਰ ਵੀ ਗੱਲਬਾਤ ਜਾਰੀ ਰੱਖਦਿਆਂ ਤੇ ਚੁੱਪੀ ਨੂੰ ਤੋੜਦਿਆਂ ਪੁੱਛਿਆ, ‘‘ਬੱਚੇ?’’

‘‘ਨਹੀਂ ਕੋਈ ਨਹੀਂ। ਸੱਚ ਕਹਾਂ ਤਾਂ ਪਤੀ ਨੂੰ ਬੱਚਾ ਨਹੀਂ ਚਾਹੀਦਾ ਸੀ। ਇਕ ਵਾਰ ਉਮੀਦ ਹੋਈ ਤਾਂ ਜਬਰਨ ਮੈਨੂੰ ਕਲੀਨਿਕ ਲੈ ਗਿਆ।’’

‘‘ਓ!’’ ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ।

‘‘ਫਿਰ ਭਾਰਤ ਆ ਗਈ। ਪਾਪਾ ਗੁਜ਼ਰ ਚੁੱਕੇ ਨੇ, ਮਾਂ ਹੈ ਮੇਰੇ ਨਾਲ।’’

‘‘ਭਾਰਤ ਆ ਕੇ ਨਹੀਂ ਸੋਚਿਆ, ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਬਾਰੇ?’’ ਮੈਂ ਪੁੱਛਿਆ।

‘‘ਨਹੀਂ, ਮੈਂ ਜ਼ਿੰਦਗੀ ਵਿਚ ਇਉਂ ਹੀ ਠੀਕ ਹਾਂ। ਖ਼ੁਸ਼ ਹਾਂ।’’ ਇਹ ਦੱਸਦਿਆਂ ਉਹ ਇਸ ਤਰ੍ਹਾਂ ਚੁੱਪ ਹੋ ਗਈ ਜਿਵੇਂ ਕੋਈ ਬੋਝ ਮਨ ਤੋਂ ਲਹਿ ਗਿਆ ਹੋਵੇ। ਫਿਰ ਉਹ ਮੇਰੇ ਵੱਲ ਇਸ ਤਰ੍ਹਾਂ ਦੇਖਣ ਲੱਗ ਪਈ ਜਿਵੇਂ ਮੇਰੇ ਕਿਸੇ ਹੋਰ ਸਵਾਲ ਦੀ ਉਡੀਕ ਕਰ ਰਹੀ ਹੋਵੇ।

ਮੈਂ ਕਿਹਾ, ‘‘ਤੁਹਾਡਾ ਮੋਬਾਈਲ ਨੰਬਰ ਤੇ ਘਰ ਦਾ ਪਤਾ ਵੀ ਜ਼ਰੂਰ ਦੱਸਣਾ। ਹੁਣ ਮਿਲੇ ਹਾਂ ਤਾਂ ਅੱਗੇ ਤੋਂ ਵੀ ਸੰਪਰਕ ਵਿਚ ਰਹਾਂਗੇ।’’

‘‘ਹਾਂ ਜ਼ਰੂਰ, ਕੁਝ ਦੇਰ ਰੁਕੋ।’’ ਇਹ ਕਹਿ ਉਹ ਕਿਸੇ ਗਹਿਰੀ ਸੋਚ ਵਿਚ ਡੁੱਬ ਗਈ।

ਕੁਝ ਦੇਰ ਦੀ ਚੁੱਪ ਮਗਰੋਂ ਮੈਂ ਆਪਣੇ ਵੱਲੋਂ ਸਫ਼ਾਈ ਦੇਣ ਹਿੱਤ ਬੋਲਿਆ, ‘‘ਉਸ ਵਕਤ ਹਾਲਾਤ ਹੀ ਕੁਝ ਅਜਿਹੇ ਬਣੇ ਕਿ ਮੈਂ ਚਾਹੁੰਦਿਆਂ ਵੀ ਡੈਡੀ ਦਾ ਵਿਰੋਧ...।’’

ਮੇਰੀ ਗੱਲ ਨੂੰ ਵਿਚ ਹੀ ਕੱਟਦਿਆਂ ਉਸ ਕਿਹਾ, ‘‘ਨਹੀਂ ਨਹੀਂ, ਬਸ ਰਹਿਣ ਦਿਓ। ਹੁਣ ਇਨ੍ਹਾਂ ਗੱਲਾਂ ਦਾ ਕੀ ਫ਼ਾਇਦਾ।’’

ਮੈਂ ਆਪਣੀ ਗੱਲ ਮੁੜ ਸ਼ੁਰੂ ਕਰਦਿਆਂ ਬੋਲਿਆ, ‘‘ਤੇਰੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ, ਬੜੀ ਕੋਸ਼ਿਸ਼ ਕੀਤੀ ਤੈਨੂੰ ਲੱਭਣ ਦੀ। ਸ਼ਾਇਦ ਤੇਰੇ ਮਾਪੇ ਵੀ ਉਹ ਸ਼ਹਿਰ ਛੱਡ ਕਿਤੇ ਹੋਰ ਸ਼ਿਫਟ ਹੋ ਗਏ।’’

‘‘ਕਿਉਂ, ਮੈਨੂੰ ਲੱਭ ਕੇ ਕੀ ਲੈਣਾ ਸੀ?’’

‘‘ਪਤਾ ਨਹੀਂ ਕਿਉਂ, ਕਹਿ ਨਹੀਂ ਸਕਦਾ ਕੁਝ। ਸ਼ਾਇਦ ਤੇਰੀ ਕੋਈ ਮੱਦਦ ਕਰ ਸਕਦਾ। ਸੋਸ਼ਲ ਮੀਡੀਆ ’ਤੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਲੱਭ ਸਕਿਆ। ਅੱਜ ਇਸ ਤਰ੍ਹਾਂ ਮੇਲ ਹੋਵੇਗਾ, ਕਦੇ ਸੋਚਿਆ ਵੀ ਨਹੀਂ ਸੀ। ਜੋ ਕੁਝ ਹੋਇਆ ਉਸ ਨੂੰ ਹੁਣ ਬਦਲਿਆ ਤਾਂ ਨਹੀਂ ਜਾ ਸਕਦਾ। ਹੁਣ ਤਾਂ ਸਿਰਫ਼ ਮੈਂ ਅਫ਼ਸੋਸ ਹੀ ਜ਼ਾਹਰ ਕਰ ਸਕਦਾ ਹਾਂ।’’

ਉਹ ਚੁੱਪ ਰਹੀ।

ਗੱਲਾਂ ਕਰਦਿਆਂ ਕਰਦਿਆਂ ਮੈਂ ਉਸ ਦੀ ਖ਼ੂਬਸੂਰਤੀ ਨੂੰ ਮਨ ਹੀ ਮਨ ਨਿਹਾਰ ਰਿਹਾ ਸੀ। ਨਜ਼ਰ ਵਾਰ ਵਾਰ ਉਸ ਦੇ ਚਿਹਰੇ ਵੱਲ ਚਲੀ ਜਾਂਦੀ ਸੀ। ਭਾਵੇਂ ਉਸ ਦੇ ਬੋਲਣ ਵਿਚ ਪਹਿਲਾਂ ਵਾਲੀ ਲਿਆਕਤ ਤਾਂ ਨਹੀਂ ਸੀ, ਪਰ ਇੰਨੇ ਸਾਲਾਂ ਮਗਰੋਂ ਵੀ ਸੁੰਦਰਤਾ ਪਹਿਲਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਸੀ। ਸਰੀਰ ਦੀ ਦਿੱਖ ਵੀ ਪਹਿਲਾਂ ਨਾਲੋਂ ਚੰਗੀ ਸੀ। ਪਤਲਾ ਸਰੀਰ ਪਹਿਲਾਂ ਨਾਲੋਂ ਭਰ ਗਿਆ ਸੀ। ਕੁੱਲ ਮਿਲਾ ਕੇ ਕਹਾਂ ਤਾਂ ਖ਼ੂਬਸੂਰਤੀ ਕਿਸੇ ਨੂੰ ਵੀ ਆਪਣੇ ਵੱਲ ਖਿੱਚਣ ਲਈ ਕਾਫ਼ੀ ਸੀ।

‘‘ਕਿੰਨਾ ਸਮਾਂ ਹੈ ਤੇਰੀ ਟ੍ਰੇਨ ਆਉਣ ਵਿਚ?’’ ਮੈਂ ਪੁੱਛਿਆ।

ਉਸ ਗੁੱਟ ਘੜੀ ਵੱਲ ਦੇਖਦਿਆਂ ਜਵਾਬ ਦਿੱਤਾ, ‘‘ਪਿੱਛੇ ਤੋਂ ਹੀ ਲੇਟ ਚੱਲ ਰਹੀ ਹੈ, ਇੱਕ ਘੰਟਾ ਹੋਰ ਹੈ।’’

‘‘ਮੇਰਾ ਕਮਰਾ ਇੱਥੋਂ ਥੋੜ੍ਹੀ ਦੂਰੀ ’ਤੇ ਹੈ, ਚੱਲੋ ਚੱਲਦੇ ਹਾਂ, ਚਾਹ ਵੀ ਉੱਥੇ ਹੀ ਪੀਵਾਂਗੇ।’’

‘‘ਨਹੀਂ ਨਹੀਂ, ਮੈਂ ਇੱਥੇ ਹੀ ਠੀਕ ਹਾਂ। ਤੁਹਾਨੂੰ ਕੰਮ ਹੈ ਤਾਂ ਤੁਸੀਂ ਜਾਓ,’’ ਉਸ ਕਿਹਾ। ‘‘ਜਿਵੇਂ ਤੇਰੀ ਮਰਜ਼ੀ। ਮੈਂ ਤਾਂ ਅੱਜ ਵਿਹਲਾ ਹਾਂ। ਕੰਮ ਹੁੰਦਾ ਵੀ ਤਾਂ ਤੇਰੇ ਲਈ ਛੱਡ ਦਿੰਦਾ,’’ ਮੈਂ ਹੱਸਦਿਆਂ ਕਿਹਾ। ਉਹ ਥੋੜ੍ਹਾ ਜਿਹਾ ਮੁਸਕਰਾਈ, ਪਰ ਚੁੱਪ ਰਹੀ।

ਮੈਂ ਆਪਣੀਆਂ ਭਾਵਨਾਵਾਂ ’ਤੇ ਹੋਰ ਕਾਬੂ ਨਾ ਰੱਖ ਸਕਿਆ ਤੇ ਇਕਦਮ ਮਨ ਵਿਚ ਪਤਾ ਨਹੀਂ ਕੀ ਆਇਆ, ਉਸ ਦੇ ਨੇੜੇ ਹੋ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਬੋਲਿਆ, ‘‘ਕੀ ਅਸੀਂ ਇਕ ਵਾਰ ਫਿਰ ਪਹਿਲਾਂ ਵਾਂਗ ਦੋਸਤ ਨਹੀਂ ਬਣ ਸਕਦੇ?’’

ਮੇਰੀ ਉਮੀਦ ਦੇ ਉਲਟ ਮੇਰੀ ਇਸ ਹਰਕਤ ਨੂੰ ਉਸ ਨੇ ਬੜਾ ਹਲਕੇ ਵਿਚ ਲਿਆ। ਹਾਵਭਾਵ ਤੋਂ ਲੱਗਿਆ ਜਿਸ ਤਰ੍ਹਾਂ ਉਸ ਨੂੰ ਮੇਰੇ ਤੋਂ ਇਹ ਹੀ ਉਮੀਦ ਹੋਵੇ। ਆਪਣੇ ਹੱਥਾਂ ਨੂੰ ਮੇਰੇ ਹੱਥਾਂ ਤੋਂ ਦੂਰ ਕਰਦਿਆਂ ਬੋਲੀ, ‘‘ਇਕ ਕੱਪ ਚਾਹ ਹੋ ਜਾਏ ਹੁਣ। ਚੱਲੋ, ਸਟੇਸ਼ਨ ਅੰਦਰ ਬਣੀ ਸਟਾਲ ’ਤੇ ਪੀਂਦੇ ਹਾਂ।’’ ਇਹ ਕਹਿੰਦਿਆਂ ਉੱਠ ਕੇ ਉਹ ਸਟੇਸ਼ਨ ਵੱਲ ਨੂੰ ਤੁਰ ਪਈ।

ਆਪਣੇ ਸਵਾਲ ਦਾ ਜਵਾਬ ਮਿਲਣ ਦੀ ਉਮੀਦ ਵਿਚ ਮੈਂ ਵੀ ਉਸ ਦੇ ਨਾਲ ਨਾਲ ਚਾਹ ਦੀ ਸਟਾਲ ’ਤੇ ਪਹੁੰਚ ਗਿਆ। ਚਾਹ ਪੀਂਦਿਆਂ ਮੈਂ ਉਸ ਵੱਲ ਪਿਆਰ ਭਰੀ ਨਜ਼ਰ ਨਾਲ ਦੇਖ ਰਿਹਾ ਸਾਂ, ਸ਼ਾਇਦ ਕਿਸੇ ਮਨ-ਚਾਹੇ ਜਵਾਬ ਦੀ ਉਡੀਕ ਵਿਚ ਸਾਂ।

ਚਾਹ ਦਾ ਆਖ਼ਰੀ ਘੁੱਟ ਭਰਦਿਆਂ ਉਸ ਕਿਹਾ, ‘‘ਤੁਸੀਂ ਕਿਸੇ ਸਮੇਂ ਮੇਰੇ ਬੜੇ ਹੀ ਨੇੜੇ ਰਹੇ ਹੋ। ਮੈਂ ਵੀ ਉਸ ਨੂੰ ਦੋਸਤੀ ਸਮਝ, ਦੋਸਤੀ ਵਾਲਾ ਨਿੱਘ ਮਾਣਿਆ ਹੈ। ਇਸ ਲਈ ਅੱਜ ਤੁਹਾਡੇ ਨਾਲ ਨਰਮ ਲਫ਼ਜ਼ਾਂ ਵਿਚ ਬੋਲ ਰਹੀ ਹਾਂ। ਰੱਬ ਨੇ ਤੁਹਾਡੇ ਨਾਲ ਇੱਕ ਵਾਰ ਮਿਲਵਾਇਆ, ਇਸ ਵਿਚ ਵੀ ਕੁਝ ਰਾਜ਼ ਹੋਵੇਗਾ ਉਸਦਾ। ਜੀਵਨ ਦੇ ਉਤਰਾਵਾਂ ਚੜ੍ਹਾਵਾਂ ਨੇ ਬੜਾ ਕੁਝ ਸਿਖਾਇਆ ਹੈ ਮੈਨੂੰ। ਇੰਨੀ ਕੁ ਸੂਝ ਤਾਂ ਮੈਨੂੰ ਰੱਬ ਨੇ ਦੇ ਦਿੱਤੀ ਹੈ ਕਿ ਮੈਂ ਆਪਣੇ ਨਾਲ ਦੋਸਤੀ ਦੀ ਤਾਂਘ ਰੱਖਣ ਵਾਲਿਆਂ ਦੇ ਮਨ ਨੂੰ ਪੜ੍ਹ ਸਕਾਂ। ਤੁਹਾਨੂੰ ਪਤਾ ਹੈ? ਮਰਦ ਜਾਤ ਔਰਤ ਨੂੰ ਹਮੇਸ਼ਾ ਮਨੋਰੰਜਨ ਦੀ ਚੀਜ਼ ਹੀ ਸਮਝਦੀ ਆਈ ਹੈ... ਮਰਦ ਹਰ ਵੇਲੇ ਕਿਸੇ ਨਾ ਕਿਸੇ ਅਨੋਖੇ ਆਨੰਦ ਲਈ ਭਾਲ ਵਿਚ ਹੀ ਰਹਿੰਦਾ ਹੈ... ਮਰਦ ਦੇ ਅੰਦਰਲੇ ਘਿਨਾਉਣੇ ਵਿਚਾਰਾਂ ਨੂੰ ਪੜ੍ਹਨ ਦੀ ਜਾਚ ਮੈਨੂੰ ਹੁਣ ਆ ਗਈ ਹੈ। ਉਮੀਦ ਐ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅੱਛਾ! ਅਲਵਿਦਾ ਸਦਾ ਲਈ।’’

ਇਹ ਕਹਿੰਦਿਆਂ ਉਹ ਪਲੈਟਫਾਰਮ ਵੱਲ ਤੁਰ ਪਈ। ਮੈਂ ਆਪਣੇ ਤੋਂ ਦੂਰ ਜਾਂਦੇ ਉਸ ਦੇ ਕਦਮਾਂ ਵੱਲ ਝਾਕਦਾ ਹੋਇਆ ਸਮੁੱਚੀ ਮਰਦ ਜਾਤ ਨੂੰ ਆਪਣੇ ਆਪ ਨਾਲ ਕਟਹਿਰੇ ਵਿਚ ਖੜ੍ਹਾ ਮਹਿਸੂਸ ਕਰ ਰਿਹਾ ਸੀ।

ਸੰਪਰਕ: 98727-07836

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All