ਅਸਹਿਮਤੀ ਦੀ ਬੁਲੰਦ ਆਵਾਜ਼: ਸ਼ਾਇਰ ਰਾਹਤ ਇੰਦੌਰੀ

ਅਸਹਿਮਤੀ ਦੀ ਬੁਲੰਦ ਆਵਾਜ਼: ਸ਼ਾਇਰ ਰਾਹਤ ਇੰਦੌਰੀ

ਡਾ. ਕ੍ਰਿਸ਼ਨ ਕੁਮਾਰ ਰੱਤੂ

ਸਾਡੇ ਸਮਿਆਂ ਦਾ ਅਜ਼ੀਮ ਸ਼ਾਇਰ ਰਾਹਤ ਇੰਦੌਰੀ ਅਚਾਨਕ ਵਿਦਾ ਹੋ ਗਿਆ ਹੈ।

ਵਰਤਮਾਨ ਸਮਿਆਂ ਵਿਚ ਉਹੀ ਇਹ ਕਹਿ ਸਕਦਾ ਸੀ: ‘ਸਭੀ ਕਾ ਖੂਨ ਹੈ ਸ਼ਾਮਿਲ ਜਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।’ ਦੂਸਰੇ ਹੀ ਪਲ ਰਾਹਤ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੇ ਪ੍ਰਗਟਾਓ ਨੂੰ ਹੋਰ ਵੀ ਨਵੀਂ ਪਛਾਣ ਦਾ ਚਿਹਰਾ ਦਿੱਤਾ ਹੈ। ਆਪਣੇ ਇਕ ਹੋਰ ਸ਼ਿਅਰ ਵਿਚ ਉਸ ਨੇ ਲਿਖਿਆ: ‘ਜਬ ਮੈਂ ਮਰ ਜਾਊਂ ਮੇਰੀ ਅਲਗ ਪਹਿਚਾਨ ਲਿਖ ਦੇਨਾ, ਲਹੂ ਸੇ ਮੇਰੀ ਪੇਸ਼ਾਨੀ ਪੇ ਹਿੰਦੁਸਤਾਨ ਲਿਖ ਦੇਨਾ।’

ਰਾਹਤ ਇੰਦੌਰੀ ਉਸ ਬੁਲੰਦ ਸ਼ਖਸੀਅਤ ਦਾ ਨਾਮ ਸੀ ਜਿਸ ਨੇ ਉਰਦੂ ਸ਼ਾਇਰੀ ਹੀ ਨਹੀਂ ਬਲਕਿ ਸਮੁੱਚੀ ਭਾਰਤੀ ਕਵਿਤਾ ਵਿਚ ਆਪਣਾ ਖ਼ਾਸ ਮੁਕਾਮ ਬਣਾਇਆ। ਰਾਹਤ ਇੰਦੌਰੀ ਹਰਫਨਮੌਲਾ ਸ਼ਖਸੀਅਤ ਦੇ ਮਾਲਕ ਸਨ ਜਿਸ ਨੇ ਹਿੰਦੋਸਤਾਨ ਹੀ ਨਹੀਂ ਬਲਕਿ ਸਮੁੱਚੀ ਸੰਸਾਰ ਸ਼ਾਇਰੀ ਦੇ ਨਵੇਂ ਅੰਦਾਜ਼ ਨੂੰ ਆਜ਼ਾਦੀ ਦੇ ਪ੍ਰਗਟਾਓ ਨਾਲ ਜੋੜ ਕੇ ਨਵਾਂ ਸੰਵਾਦ ਅਤੇ ਨਵੀਂ ਪਛਾਣ ਦਿੱਤੀ।

ਪਿਛਲੇ ਪੰਜਾਹ ਸਾਲਾਂ ਤੋਂ ਉਰਦੂ ਸ਼ਾਇਰੀ ਅਤੇ ਮੁਸ਼ਾਇਰਿਆਂ ਦੀ ਜਾਨ ਅਤੇ ਸ਼ਾਇਰੀ ਦੇ ਕਦਰਦਾਨਾਂ ਨਾਲ ਹਮਸਫ਼ਰ ਹੋਣ ਵਾਲੇ ਉਰਦੂ ਸ਼ਾਇਰ ਰਾਹਤ ਇੰਦੌਰੀ ਨੇ ਦੁਸ਼ਵਾਰੀਆਂ ਨੂੰ ਬੜੇ ਨਜ਼ਦੀਕ ਤੋਂ ਵੇਖਿਆ। ਉਹ ਗਰੀਬੀ ਵਿਚ ਪੈਦਾ ਹੋਏ ਪਰ ਦਿਲ ਦੇ ਅਮੀਰ ਇਸ ਸ਼ਾਇਰ ਨੇ ਜ਼ਿੰਦਗੀ ਦੇ ਅਨੇਕ ਰੰਗ ਦੇਖੇ। ਛੋਟੀ ਜਿਹੀ ਦੁਕਾਨ ਤੋਂ ਪੇਂਟਰ ਦਾ ਕੰਮ ਸ਼ੁਰੂ ਕਰਨ ਵਾਲੇ ਰਾਹਤ ਇੰਦੌਰੀ ਨੇ ਜ਼ਿੰਦਗੀ ਵਿਚ ਉੱਚਾ ਮੁਕਾਮ ਹਾਸਲ ਕੀਤਾ ਅਤੇ ਸਮੁੱਚੇ ਸੰਸਾਰ ਵਿਚ ਉਰਦੂ ਜ਼ਬਾਨ ਤੇ ਭਾਰਤੀ ਸ਼ਾਇਰੀ ਦੇ ਨਵੇਂ ਦਿਸਹੱਦਿਆਂ ਨੂੰ ਸਥਾਪਤ ਕੀਤਾ।

ਆਪਣੀ ਮੌਤ ਤੋਂ ਪਹਿਲਾਂ ਰਾਹਤ ਨੇ ਆਪਣੇ ਅੰਤਿਮ ਸ਼ਿਅਰ ਵਿਚ ਆਪਣੇ ਵਿਚਾਰ ਇਸ ਤਰ੍ਹਾਂ ਦਰਜ ਕੀਤੇ: ‘ਤਮਾਮ ਫੂਲ ਵਹੀ ਤੋੜ ਲੇਤੇ ਹੈਂ, ਜਿਨ ਕੇ ਕਮਰੋ ਮੇਂ ਗੁਲਦਾਨ ਵੀ ਨਹੀਂ ਹੋਤਾ’। ਸ਼ਾਇਰ ਰਾਹਤ ਇੰਦੌਰੀ ਦੀਆਂ ਇਹ ਅੰਤਿਮ ਲਾਈਨਾਂ ਸਨ ਜਿਨ੍ਹਾਂ ਨੂੰ ਉਸ ਦੇ ਪੁੱਤਰ ਸਤਲੁਜ ਇੰਦੌਰੀ ਨੇ ਸਾਡੇ ਨਾਲ ਸਾਂਝਾ ਕੀਤਾ ਹੈ।

ਆਪਣੇ ਚੇਤਿਆਂ ਦੀ ਚੰਗੇਰ ਵਿਚੋਂ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਰਾਹਤ ਇੰਦੌਰੀ ਦੀ ਦੋਸਤੀ ਉੱਤੇ ਰਸ਼ਕ ਹੁੰਦਾ ਹੈ। ਉਨ੍ਹਾਂ ਨਾਲ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ, ਭਾਵੇਂ ਦੂਰਦਰਸ਼ਨ ਦੀ ਰਿਕਾਰਡਿੰਗ ਦੇ ਬਹਾਨੇ ਤੇ ਭਾਵੇਂ ਹੋਰ ਮਹਿਫਲਾਂ ਵਿਚ, ਉਹ ਇਸ ਤਰ੍ਹਾਂ ਮਿਲੇ ਜਿਵੇਂ ਬਹੁਤ ਸਾਲਾਂ ਬਾਅਦ ਵਿਛੜੇ ਦੋਸਤ ਮਿਲਦੇ ਨੇ।

ਪਿਛਲੇ ਦਿਨਾਂ ਦੀਆਂ ਦੇਸ਼ ਦੀਆਂ ਘਟਨਾਵਾਂ ਤੋਂ ਰਾਹਤ ਬੇਹੱਦ ਦੁਖੀ ਸਨ। ਇਸ ਬਾਰੇ ਉਨ੍ਹਾਂ ਆਪਣੇ ਵਿਚਾਰ ਬਾਕਾਇਦਾ, ਬੇਖ਼ੌਫ਼ ਹੋ ਕੇ ਪ੍ਰਗਟਾਏ। ਰਾਹਤ ਇੰਦੌਰੀ ਨੇ ਸ਼ਿਅਰ ਲਿਖਿਆ: ‘ਲੱਗੇਗੀ ਆਗ ਤੋਂ ਆਏਂਗੇ ਘਰ ਕਈ ਜ਼ਦ ਮੇਂ, ਜਹਾਂ ਪੇ ਸਿਰਫ ਹਮਾਰਾ ਮਕਾਨ ਥੋੜ੍ਹੀ ਹੈ। ਜੋ ਮਸਨਦ ਹੈ ਕੱਲ੍ਹ ਨਹੀਂ ਹੋਗੇਂ, ਕਿਰਾਏਦਾਰ ਹੈ ਜਾਤੀ ਮਕਾਨ ਥੋੜ੍ਹੀ ਹੈ। ਸਭੀ ਕਾ ਖੂਨ ਹੈ ਸ਼ਾਮਿਲ ਜਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ’। ਰਾਹਤ ਨੇ ਫਿਲਮਾਂ ਲਈ ਵੀ ਨਗਮੇ ਲਿਖੇ ਪਰ ਫਿਲਮਾਂ ਦਾ ਸੰਸਾਰ ਉਨ੍ਹਾਂ ਨੂੰ ਕਦੇ ਵੀ ਰਾਸ ਨਹੀਂ ਆਇਆ। ਫਿਰ ਵੀ ਉਸ ਨੇ ‘ਸਰ’ ਤੇ ‘ਮੁੰਨਾ ਭਾਈ ਐੱਮਬੀਬੀਐੱਸ’ ਵਰਗੀਆਂ ਫਿਲਮਾਂ ਵਿਚ ਗੀਤ ਲਿਖੇ ਜੋ ਕਾਫੀ ਹਿੱਟ ਰਹੇ। ਰਾਹਤ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੀ ਸ਼ਾਇਰੀ ਦਾ ਸਫ਼ਰ ਆਮ ਲੋਕਾਂ ਲਈ ਅਤੇ ਹਿੰਦੁਸਤਾਨ ਦੇ ਮਜ਼ਦੂਰਾਂ ਤੇ ਅਵਾਮ ਦੀ ਬਿਹਤਰੀ ਲਈ ਕੀਤਾ ਅਤੇ ਉਰਦੂ ਸ਼ਾਇਰੀ ਦਾ ਨਵਾਂ ਮੁਹਾਵਰਾ ਪੈਦਾ ਕੀਤਾ ਜਿਸ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ।

ਅਸਲ ਵਿਚ ਅਵਾਮ ਦੀ ਸ਼ਾਇਰੀ ਅਤੇ ਲੋਕ ਭਾਸ਼ਾ ਦਾ ਜਿਹੜਾ ਰੰਗ ਰਾਹਤ ਇੰਦੌਰੀ ਦੀ ਸ਼ਾਇਰੀ ਵਿਚ ਹੈ, ਉਹ ਬਹੁਤ ਘੱਟ ਕਵੀਆਂ ਦੇ ਹਿੱਸੇ ਵਿਚ ਆਇਆ ਹੈ। ਰਾਹਤ ਦੀ ਸ਼ਾਇਰੀ ਸਾਹਮਣੇ ਬੈਠੇ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦੀ ਸੀ ਅਤੇ ਉਹ ਮੁਸ਼ਾਇਰਾ ਲੁੱਟ ਲੈਂਦੇ ਸਨ। ਰਾਹਤ ਨੇ ਫਿਲਮਾਂ ਵਿਚ ਜੋ ਗੀਤ ਲਿਖੇ, ਉਨ੍ਹਾਂ ਵਿਚ ਵੀ ਅਵਾਮ ਦਾ ਦੁੱਖ ਅਤੇ ਪੀੜਾ ਝਲਕਦੀ ਸੀ। ਫਿਲਮ ‘ਮਿਸ਼ਨ ਕਸ਼ਮੀਰ’ ਦਾ ‘ਬੂਮਰੋ ਬੂਮਰੋ’ ਵਰਗਾ ਗੀਤ ਅਤੇ ‘ਚੋਰੀ’ਚੋਰੀ ਜਬ ਨਜ਼ਰੇਂ ਮਿਲੀ’ ਵਰਗੇ ਗੀਤਾਂ ਨੇ ਉਨ੍ਹਾਂ ਦੀ ਸ਼ਾਇਰੀ ਨੂੰ ਅਲੱਗ ਅੰਦਾਜ਼ ਦਿੱਤਾ। ਰਾਹਤ ਇੰਦੌਰੀ ਲਫਜ਼ਾਂ ਦਾ ਖੌਲਦਾ ਸਮੁੰਦਰ ਸੀ ਜਿਸ ਨੇ ਉਰਦੂ ਸ਼ਾਇਰੀ ਨੂੰ ਨਵੇਂ ਅਰਥ ਦਿੱਤੇ। ਉਸ ਨੇ ਲਿਖਿਆ: ‘ਤੂਫਾਨੋਂ ਸੇ ਆਂਖ ਮਿਲਾਓ ਸੈਲਾਬੋ ਪਰ ਵਾਰ ਕਰੋ, ਮੱਲਾਹੋਂ ਕਾ ਚੱਕਰ ਛੋੜੋ ਤੈਰ ਕੇ ਦਰਿਆ ਪਾਰ ਕਰੋ’।

ਰਾਹਤ ਇੰਦੌਰੀ ਹਸਾਸ ਮਨ ਅਤੇ ਵੱਖਰੀ ਕਿਸਮ ਦੇ ਆਦਮੀ ਸਨ। ਮੈਨੂੰ ਫਖ਼ਰ ਹੈ ਕਿ ਉਨ੍ਹਾਂ ਨੇ ਆਪਣੀ ਦੋਸਤੀ ਦੇ ਨਾਲ ਨਾਲ ਆਪਣੀਆਂ ਕਿੰਨੀਆਂ ਹੀ ਯਾਦਾਂ ਨੂੰ ਮੇਰੇ ਨਾਲ ਜਦੋਂ ਵੀ ਮੌਕਾ ਮਿਲਿਆ, ਸਾਂਝਾ ਕੀਤਾ। ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਜ਼ਿੰਦਗੀ ਵਿਚ ਗਰੀਬੀ ਤੇ ਘੋਰ ਅਪਮਾਨ ਦੇਖਿਆ। ਉਨ੍ਹਾਂ ਪੇਂਟਰ ਵਜੋਂ ਕੰਮ ਸ਼ੁਰੂ ਕਰ ਕੇ ਉਰਦੂ ਵਿਚ ਐੱਮਏ ਅਤੇ ਫਿਰ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ।

ਮੇਰੀਆਂ ਯਾਦਾਂ ਵਿਚ ਉਨ੍ਹਾਂ ਦੀ ਮੌਤ ਦਾ ਕਿੱਸਾ ਉਨ੍ਹਾਂ ਦੇ ਸ਼ਬਦਾਂ ਵਿਚ ਕੁਝ ਇਸ ਤਰ੍ਹਾਂ ਸੀ- ਸ਼ਿਅਰ ਦੇਖੋ:

ਸ਼ਾਮ ਢਲੇ ਹਰ ਪੰਛੀ ਕੋ ਘਰ ਜਾਨਾ ਪੜਤਾ ਹੈ,

ਕੌਨ ਖੁਸ਼ੀ ਦੇ ਮਰਤਾ ਹੈ ਮਰ ਜਾਨਾ ਪੜਤਾ ਹੈ।

ਆਪਣੀ ਮਹਿਫਿਲ ਅਤੇ ਮੁਸ਼ਾਇਰਿਆਂ ਵਿਚ ਡੂੰਘੇ ਵਿਅੰਗ ਅਤੇ ਹਸਾਉਣ ਵਾਲਾ ਇਹ ਸ਼ਾਇਰ ਆਮ ਜ਼ਿੰਦਗੀ ਵਿਚ ਯਾਰਾਂ ਦਾ ਯਾਰ ਅਤੇ ਅਨੂਠਾ ਦੋਸਤ ਸੀ ਜੋ ਕਈ ਰੰਗਾਂ ਵਿਚ ਘਿਰਿਆ ਹੋਇਆ ਰੰਗ ਬਰੰਗਾ ਇਨਸਾਨ ਸੀ।

ਆਪਣੀ ਨਿੱਜੀ ਜ਼ਿੰਦਗੀ ਵਿਚ ਵੀ ਰਾਹਤ ਨੇ ਕੁਝ ਵੀ ਆਪਣੇ ਦੋਸਤਾਂ ਤੋਂ ਛੁਪਾਇਆ ਨਹੀਂ। ਉਹ ਖੁਦ ਕਹਿੰਦੇ ਸਨ ਕਿ ਮੇਰਾ ਜੀਵਨ ਖੁੱਲ੍ਹੀ ਕਿਤਾਬ ਵਾਂਗ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਉਹ ਅੱਖਾਂ ਦੀ ਘੱਟ ਦੀ ਰੋਸ਼ਨੀ ਤੋਂ ਵੀ ਪ੍ਰੇਸ਼ਾਨ ਸਨ ਅਤੇ ਸ਼ੂਗਰ ਦਾ ਵੀ ਹਮਲਾ ਹੋ ਰਿਹਾ ਸੀ, ਪਰ ਰਾਹਤ ਜ਼ਿੰਦਾ-ਦਿਲੀ ਨਾਲ ਸ਼ਿਅਰ ਲਿਖ ਰਹੇ ਸਨ। ਉਨ੍ਹਾਂ ਨੂੰ ਦੇਸ਼ ਵਿਚਲੀਆਂ ਘਟਨਾਵਾਂ ਤੇ ਬੜਾ ਰੰਜ ਸੀ ਕਿ ਇਕੋ ਫ਼ਿਰਕੇ ਨਾਲ ਸਾਰੀ ਹਮਦਰਦੀ ਕਿਉਂ? ਹਿੰਦੁਸਤਾਨ ਤਾਂ ਸਭ ਦਾ ਸਾਂਝਾ ਹੈ!

ਦਿੱਲੀ ਜਾਣ ਦੀ ਬਜਾਏ ਉਨ੍ਹਾਂ ਨੇ ਰਾਣੀਪੁਰਾ, ਇੰਦੌਰ ਨੂੰ ਹੀ ਆਪਣਾ ਘਰ ਹਮੇਸ਼ਾ ਬਣਾਈ ਰੱਖਿਆ ਅਤੇ ਉਹ ਹਮੇਸ਼ਾ ਕਹਿੰਦੇ ਸਨ ਕਿ ਮੇਰੇ ਜੀਵਨ ਦੇ ਇਨ੍ਹਾਂ ਸਫ਼ਿਆਂ ‘ਤੇ ਰਾਹਤ ਦੇ ਰੰਗ ਰਾਣੀਪੁਰਾ ਵਿਚ ਹੀ ਲਿਖੇ ਜਾਣਗੇ ਅਤੇ ਅੰਤ ਉਥੇ ਹੀ 11 ਅਗਸਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਰਾਹਤ ਇੰਦੌਰੀ ਦੀ ਜਦੋਂ ਵੀ ਗੱਲ ਚੱਲੇਗੀ ਤਾਂ ਹਿੰਦੁਸਤਾਨ ਦੇ ਇਤਿਹਾਸ ਵਿਚ ਉਸ ਦੀ ਸ਼ਾਇਰੀ ਦਾ ਜ਼ਿਕਰ ਇਸ ਤਰ੍ਹਾਂ ਵੀ ਹੋਵੇਗਾ ਕਿ ਉਸ ਦੇ ਜੀਵਨ ਵਿਚ ਕਈ ਪਲ ਅਜਿਹੇ ਸਨ ਜਦੋਂ ਉਹ ਮੁਸਲਮਾਨ ਨਹੀਂ ਸੀ, ਸਗੋਂ ਹਿੰਦੁਸਤਾਨ ਦਾ ਅਜ਼ੀਮ ਸ਼ਾਇਰ ਅਤੇ ਹਿੰਦੁਸਤਾਨ ਦੀ ਮਿੱਟੀ ਨੂੰ ਅੰਤਾਂ ਦਾ ਪਿਆਰ ਕਰਨ ਵਾਲਾ ਇਨਸਾਨ ਸੀ।

ਜਦੋਂ ਵੀ ਉਰਦੂ ਸ਼ਾਇਰੀ ਤੋਂ ਲੈ ਕੇ ਭਾਰਤੀ ਸ਼ਾਇਰੀ ਵਿਚ ਰਾਹਤ ਇੰਦੌਰੀ ਦੇ ਸ਼ਬਦਾਂ ਦੀ ਗੱਲ ਚੱਲੇਗੀ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉਰਦੂ ਸ਼ਾਇਰੀ ਵਿਚ ਉਹ ਲਫ਼ਜ਼ਾਂ ਦੇ ਜਾਦੂਗਰ ਕਵੀ ਸਨ ਜਿਸ ਦਾ ਜਾਦੂ ਸਿਰ ਕੇ ਚੜ੍ਹ ਕੇ ਬੋਲਿਆ। ਅੱਜ ਦੇ ਇਸ ਬਦਲਦੇ ਹੋਏ ਭਾਰਤ ਵਿਚ ਅਤੇ ਜਿਸ ਤਰ੍ਹਾਂ ਵਿਚਾਰਾਂ ਦੀ ਆਜ਼ਾਦੀ ਉੱਤੇ ਵੀ ਸੰਕਟ ਦਾ ਸਮਾਂ ਹੈ, ਉਸ ਵਿਚ ਰਾਹਤ ਵਰਗੇ ਸ਼ਾਇਰਾਂ ਦੀ ਬੇਹੱਦ ਜ਼ਰੂਰਤ ਸੀ। ਉਸ ਨੇ ਐਸੇ ਸਮਿਆਂ ਵਿਚ ਵੀ ਆਪਣੀ ਸ਼ਾਇਰੀ ਅਤੇ ਲਫ਼ਜ਼ਾਂ ਦੀ ਆਵਾਜ਼ ਬੁਲੰਦ ਕੀਤੀ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਵਿਅੰਗ ਦੇ ਬਾਣਾਂ ਨਾਲ ਸਮੇਂ ਦੇ ਹਾਕਮਾਂ ਅਤੇ ਸਰਕਾਰ ਦੀ ਨੁਕਤਾਚੀਨੀ ਕੀਤੀ ਅਤੇ ਤਿੱਖੇ ਸ਼ਬਦਾਂ ਨਾਲ ਵਕਤ ਦੇ ਸਫੇ ਤੇ ਰੋਜ਼ਨਾਮਾ ਲਿਖ ਦਿੱਤਾ।

ਹੁਣ ਜਦੋਂ ਮਕਬੂਲ ਸ਼ਾਇਰ ਰਾਹਤ ਇਦੌਰੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ ਤਾਂ ਉਨ੍ਹਾਂ ਦੀ ਯਾਦ ਵਿਚ ਇਹ ਲਫ਼ਜ਼ ਬੜੇ ਹੀ ਪੁਰ-ਕਸ਼ਿਸ਼ ਤੇ ਅਰਥ ਭਰਪੂਰ ਹੋ ਗਏ ਹਨ। ਆਪਣੀ ਇਕ ਆਖ਼ਰੀ ਗ਼ਜ਼ਲ ਵਿਚ ਰਾਹਤ ਨੇ ਲਿਖਿਆ ਸੀ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ:

ਚਾਂਦ ਪਾਗਲ ਹੈ ਅੰਧੇਰੇ ਮੇਂ ਨਿਕਲ ਪੜਤਾ ਹੈ,

ਏਕ ਦੀਵਾਨਾ ਮੁਸਾਫ਼ਰ ਹੈ ਮੇਰੇ ਆਂਖੋਂ ਮੇਂ,

ਵਕਤ ਬੇਵਕਤ ਠਹਿਰ ਜਾਤਾ ਹੈ,

ਚੱਲ ਪੜਤਾ ਹੈ।

ਉਸ ਕੀ ਯਾਦ ਆਈ ਹੈ ਸੋ ਜ਼ਰਾ ਆਹਿਸਤਾ ਚਲੋ,

ਧੜਕਨੋਂ ਸੇ ਭੀ ਇਬਾਦਤ ਮੇਂ ਖਲਲ ਪੜਤਾ ਹੈ।

ਰਾਹਤ ਇੰਦੌਰੀ ਇਕੋ ਵੇਲੇ ਰੁਮਾਂਟਿਕ ਅਹਿਸਾਸ ਅਤੇ ਖੋਹੀ ਜਾ ਰਹੀ ਆਜ਼ਾਦੀ ਖ਼ਿਲਾਫ਼ ਅਸਹਿਮਤੀ ਵਾਲਾ ਵਿਦਰੋਹੀ ਸੁਰ ਸੀ। ਰਾਹਤ ਦੇ ਤੁਰ ਜਾਣ ਨਾਲ ਅਜਿਹਾ ਘਾਟਾ ਉਰਦੂ ਸ਼ਾਇਰੀ ਨੂੰ ਹੀ ਨਹੀਂ ਪਰ ਜਿਨ੍ਹਾਂ ਸਮਿਆਂ ਵਿਚੋਂ ਦੇਸ਼ ਦੀ ਅਵਾਮ ਗੁਜ਼ਰ ਰਹੀ ਹੈ, ਉਨ੍ਹਾਂ ਦੀ ਆਵਾਜ਼ ਦਾ ਬੁਲੰਦ ਸ਼ਾਇਰ ਤੇ ਅਮੀਰ ਵਿਰਸੇ ਤੇ ਵਿਰਾਸਤ ਵਾਲਾ ਲੇਖਕ ਸਾਡੇ ਕੋਲੋਂ ਜੁਦਾ ਹੋ ਗਿਆ ਹੈ। ਇਹ ਘਾਟ ਆਉਣ ਵਾਲੇ ਸਮਿਆਂ ਵਿਚ ਪੂਰੀ ਨਹੀਂ ਹੋਵੇਗੀ।

ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All