ਬਰਕਤ
ਬਚਪਨ ਵਿੱਚ ਕਈ ਵਾਰ ਜਿਣਸ ਦੀ ਤੁਲਾਈ ਹੁੰਦਿਆਂ ਵੇਖੀ ਤਾਂ ਤੱਕੜੀ ਦੇ ਪਹਿਲੇ ਤੋਲ ਨੂੰ ‘ਬਰਕਤ’ ਕਿਹਾ ਜਾਂਦਾ ਸੀ। ਜਿੰਨੀ ਦੇਰ ਤੱਕ ਦੂਜਾ ਤੋਲ ਪੂਰਾ ਨਹੀਂ ਹੋ ਜਾਂਦਾ ਸੀ, ਓਨੀ ਦੇਰ ਤੱਕ ਤੋਲਣ ਵਾਲਾ ਵਿਅਕਤੀ ‘ਬਰਕਤ-ਬਰਕਤ’ ਵਾਰ-ਵਾਰ ਬੋਲਦਾ ਰਹਿੰਦਾ। ਜਦੋਂ...
ਬਚਪਨ ਵਿੱਚ ਕਈ ਵਾਰ ਜਿਣਸ ਦੀ ਤੁਲਾਈ ਹੁੰਦਿਆਂ ਵੇਖੀ ਤਾਂ ਤੱਕੜੀ ਦੇ ਪਹਿਲੇ ਤੋਲ ਨੂੰ ‘ਬਰਕਤ’ ਕਿਹਾ ਜਾਂਦਾ ਸੀ। ਜਿੰਨੀ ਦੇਰ ਤੱਕ ਦੂਜਾ ਤੋਲ ਪੂਰਾ ਨਹੀਂ ਹੋ ਜਾਂਦਾ ਸੀ, ਓਨੀ ਦੇਰ ਤੱਕ ਤੋਲਣ ਵਾਲਾ ਵਿਅਕਤੀ ‘ਬਰਕਤ-ਬਰਕਤ’ ਵਾਰ-ਵਾਰ ਬੋਲਦਾ ਰਹਿੰਦਾ। ਜਦੋਂ ਪਹਿਲੀ ਪੰਸੇਰੀ ਤੋਲ ਕੇ ਬਿਨਾਂ ਤੋਲੀ ਹੋਈ ਢੇਰੀ ਤੋਂ ਦੂਜੇ ਪਾਸੇ ਕਰ ਲਈ ਜਾਂਦੀ ਤਾਂ ਉਹ ‘ਦੋਇਮ-ਦੋਇਮ’ ਬੋਲਣ ਲੱਗਦਾ। ਇਸ ਵਿਧੀ ਨਾਲ ਪੂਰੀ ਜਿਣਸ ਪੰਸੇਰੀਆਂ ਵਿੱਚ ਤੋਲ ਲਈ ਜਾਂਦੀ ਸੀ। ਬਾਅਦ ਵਿੱਚ ਕਿਲੋਗਰਾਮ ਦੀ ਪ੍ਰਣਾਲੀ ਨਾਲ ਤੋਲ ਹੋਣ ਲੱਗ ਪਿਆ। ਜਦੋਂ ਨਰਮਾ ਅਤੇ ਕਪਾਹ ਮਣਾਂ ਦੇ ਹਿਸਾਬ ਨਾਲ ਤੋਲੇ ਜਾਣ ਲੱਗੇ ਤਾਂ ਵਪਾਰੀ ਘਰਾਂ ਵਿੱਚੋਂ ਮਾਲ ਤੋਲਣ ਲਈ ਬੰਦੇ ਭੇਜਦੇ। ਉਹ ਬੰਦੇ ਵੀ ਪਹਿਲੀ ਪੰਡ ਨੂੰ ‘ਬਰਕਤ-ਬਰਕਤ’ ਹੀ ਆਖਦੇ ਸਨ।
ਅਫ਼ਸੋਸ ਕਿ ਇਨ੍ਹਾਂ ‘ਬਰਕਤਾਂ’ ਦੇ ਵੇਲੇ ਹੁਣ ਲੱਦ ਗਏ ਹਨ। ਉਨ੍ਹਾਂ ਸਮਿਆਂ ਵਿੱਚ ਖੇਤਾਂ ਵਿੱਚ ਵੀ ਅਥਾਹ ਬਰਕਤ ਹੁੰਦੀ ਸੀ। ਜਦੋਂ ਵੀ ਖੇਤਾਂ ਵਿੱਚ ਸਵੇਰ ਅਤੇ ਦੁਪਹਿਰ ਦੀ ਰੋਟੀ (ਭੱਤਾ) ਜਾਂਦੀ, ਉਸ ਵਿੱਚ ਵੀ ਬਰਕਤਾਂ ਹੁੰਦੀਆਂ ਸਨ। ਚਾਰ ਬੰਦਿਆਂ ਵਾਸਤੇ ਗਈ ਛਾਹ ਵੇਲੇ ਦੀ ਰੋਟੀ ਕਈ ਵਾਰ ਦਸ ਬੰਦੇ ਵੀ ਛਕ ਲੈਂਦੇ, ਫਿਰ ਵੀ ਕੁੱਤਿਆਂ ਲਈ ਬਚ ਜਾਂਦੀ। ਉਨ੍ਹਾਂ ਨੂੰ ਬੁਰਕੀਆਂ ਪਾਉਂਦਿਆਂ ਕਿਹਾ ਜਾਂਦਾ ਕਿ ਦਰਵੇਸ਼ਾਂ ਦਾ ਪੁੰਨ ਲੱਗੇਗਾ। ਕਈ ਵਾਰ ਰੋਟੀਆਂ ਫਿਰ ਵੀ ਬਚ ਜਾਂਦੀਆਂ ਤਾਂ ਬਲਦਾਂ ਨੂੰ ਚਾਰ ਦਿੱਤੀਆਂ ਜਾਂਦੀਆਂ ਅਤੇ ਆਖਦੇ ਕਿ ਗਊ ਦੇ ਜਾਏ (ਬਲਦ) ਨੂੰ ਪਾਉਣ ਨਾਲ ਗੋਕੇ ਦਾ ਪੁੰਨ ਲੱਗੇਗਾ। ਬਲਦਾਂ ਨੂੰ ਸੋਟੀ ਜਾਂ ਪਰਾਣੀ ਮਾਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ ਅਤੇ ਕਿਸੇ ਪਸ਼ੂ ਦੇ ਲੱਤ ਮਾਰਨ ਨੂੰ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਪਸ਼ੂਆਂ ਵਾਸਤੇ ਗੁੱਸੇ ਵਿੱਚ ਕਹੀ ਜਾਣ ਵਾਲੀ ਵੱਡੀ ਤੋਂ ਵੱਡੀ ਗਾਲ਼ ਵੀ ‘ਤੈਨੂੰ ਬੁੱਚੜਾਂ ਦੇ’ ਹੀ ਹੁੰਦੀ ਸੀ। ਜੇਕਰ ਗੁਆਂਢੀ ਖੇਤਾਂ ਵਾਲਿਆਂ ਦੀ ਰੋਟੀ ਆਉਣ ਵਿੱਚ ਦੇਰ ਹੋ ਜਾਂਦੀ ਤਾਂ ਉਨ੍ਹਾਂ ਨੂੰ ਵੀ ਸਾਂਝੀ ਰੋਟੀ ਲਈ ਆਵਾਜ਼ ਮਾਰ ਲਈ ਜਾਂਦੀ ਸੀ ਅਤੇ ਕਈ ਵਾਰ ਉਨ੍ਹਾਂ ਵੱਲੋਂ ਵੀ ਅਜਿਹੀ ਹੀ ਸੁਹਿਰਦ ਆਵਾਜ਼ ਸੁਣਨ ਨੂੰ ਮਿਲਦੀ ਸੀ।
ਉਨ੍ਹਾਂ ਵੇਲਿਆਂ ਵਿੱਚ ਜੀਵਨ ਵਿੱਚ ਅਥਾਹ ਬਰਕਤ ਹੁੰਦੀ ਸੀ। ਦੁੱਧ ਵੇਚਣ ਦਾ ਰਿਵਾਜ ਨਹੀਂ ਹੁੰਦਾ ਸੀ ਅਤੇ ਕਾੜ੍ਹਨੀ ਦਾ ਦੁੱਧ ਹਰ ਕਿਸੇ ਵਾਸਤੇ ਉਪਲਬਧ ਰਹਿੰਦਾ ਸੀ। ਪ੍ਰਾਹੁਣਿਆਂ ਦੇ ਆਉਣ ’ਤੇ ਦੁੱਧ ਵਿੱਚ ਮਲਾਈ ਤਾਰ ਕੇ ਦਿੱਤੀ ਜਾਂਦੀ ਸੀ। ਖੇਤਾਂ ਵਿੱਚ ਉਗਾਈਆਂ ਸਬਜ਼ੀਆਂ ਕਿਸੇ ਨੂੰ ਵੀ ਤੋੜ ਕੇ ਲਿਜਾਣ ਤੋਂ ਮਨ੍ਹਾਂ ਨਹੀਂ ਸੀ ਕੀਤਾ ਜਾਂਦਾ ਸਗੋਂ ਇਹ ਮੰਨਿਆ ਜਾਂਦਾ ਸੀ ਕਿ ਇਹ ਵੀ ਲੰਗਰ ਛਕਾਉਣ ਜਿੰਨਾ ਹੀ ਪੁੰਨ ਹੈ। ਛੋਲੇ, ਬਾਜਰਾ, ਮੱਕੀ, ਸਰ੍ਹੋਂ, ਦਾਲਾਂ ਅਤੇ ਗੁੜ ਘਰਾਂ ਵਿੱਚ ਅਗਲੀ ਫ਼ਸਲ ਤੱਕ ਭੰਡਾਰ ਕਰ ਕੇ ਰੱਖ ਲਏ ਜਾਂਦੇ ਸਨ। ਜੇਕਰ ਕਿਸੇ ਕੋਲ ਕਿਸੇ ਵਸਤ ਦੀ ਕਮੀ ਹੁੰਦੀ ਤਾਂ ਉਹ ਉਧਾਰ ਲੈ ਲਈ ਜਾਂਦੀ ਜਾਂ ਫਿਰ ਫ਼ਸਲ ਵਟਾਂਦਰਾ ਕਰ ਲਿਆ ਜਾਂਦਾ ਸੀ। ਬਲਦਾਂ ਨੂੰ ਪਰਿਵਾਰ ਦੇ ਇੱਕ ਮਿਹਨਤਕਸ਼ ਮੁਖੀ ਵਜੋਂ ਵੇਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਪੂਰੀ ਸੇਵਾ ਹੁੰਦੀ ਸੀ।
ਉਦੋਂ ਲੋਕਾਂ ਦੀਆਂ ਲੋੜਾਂ ਬੇਹੱਦ ਸੀਮਤ ਹੁੰਦੀਆਂ ਸਨ। ਨਾ ਤਾਂ ਕੋਈ ਵਾਧੂ ਦਾ ਖ਼ਰਚ ਹੁੰਦਾ ਸੀ ਅਤੇ ਨਾ ਹੀ ਵਿਆਹ-ਸ਼ਾਦੀਆਂ ’ਤੇ ਫ਼ਜ਼ੂਲ-ਖ਼ਰਚੀ ਕੀਤੀ ਜਾਂਦੀ ਸੀ। ਪਿੰਡਾਂ ਵਿੱਚ ਸੀਰੀ-ਸਾਂਝੀ ਅਤੇ ਕਿਸਾਨ ਦੇ ਰਿਸ਼ਤੇ ਬਹੁਤ ਗੂੜ੍ਹੇ ਹੁੰਦੇ ਸਨ। ਪੂਰੇ ਸਾਲ ਦੀ ਗੱਲਬਾਤ ਹੁੰਦੀ ਅਤੇ ਸੀਰੀ ਦੀਆਂ ਸਾਰੀਆਂ ਲੋੜਾਂ ਕਿਸਾਨ ਵੱਲੋਂ ਖਿੜੇ ਮੱਥੇ ਪੂਰੀਆਂ ਕੀਤੀਆਂ ਜਾਂਦੀਆਂ ਸਨ। ਕਿਸਾਨ ਦਾ ਬੈਂਕ ਆੜ੍ਹਤੀ ਹੁੰਦਾ ਸੀ ਅਤੇ ਸੀਰੀ ਦਾ ਬੈਂਕ, ਖ਼ੁਦ ਕਿਸਾਨ ਹੁੰਦਾ ਸੀ। ਰਿਸ਼ਤਿਆਂ ਵਿੱਚ ਨਿੱਘ ਹੁੰਦਾ ਸੀ, ਪਰ ਅੱਜਕੱਲ੍ਹ ਰਿਸ਼ਤਿਆਂ ਦੀ ਮਿਠਾਸ ਨੂੰ ਪੱਛਮੀ ਸੱਭਿਆਚਾਰ ਨੇ ਨਿਗਲ ਗਿਆ ਹੈ। ਪਿੰਡ ਦੀ ਕੁੜੀ ਨੂੰ ਸਾਰੇ ਪਿੰਡ ਦੀ ਧੀ-ਭੈਣ ਸਮਝਿਆ ਜਾਂਦਾ ਸੀ ਅਤੇ ਜਦੋਂ ਉਹ ਵਿਆਹੀ ਜਾਂਦੀ ਤਾਂ ਪ੍ਰਾਹੁਣੇ ਨੂੰ ਪੂਰੇ ਪਿੰਡ ਵਿੱਚੋਂ ਸਤਿਕਾਰ ਮਿਲਦਾ ਸੀ।
ਉਨ੍ਹਾਂ ਬਰਕਤਾਂ ਦੇ ਵੇਲਿਆਂ ਵਿੱਚ ਲੋਕ ਆਪਸੀ ਮੁਹੱਬਤ ਦੀ ਗੰਢ ਵਿੱਚ ਬੱਝੇ ਹੁੰਦੇ ਸਨ ਅਤੇ ਦੁੱਖ-ਤਕਲੀਫ਼ ਵੇਲੇ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਸਨ। ਬੇਸ਼ੱਕ ਉਦੋਂ ਰਸਤੇ ਕੱਚੇ ਹੁੰਦੇ ਸਨ, ਪਰ ਲੋਕਾਂ ਵਿੱਚ ਸ਼ਾਮਲਾਟ ਜ਼ਮੀਨਾਂ ਜਾਂ ਸਾਂਝੇ ਰਾਹਾਂ ਨੂੰ ਦੱਬਣ ਦੀ ਬਿਰਤੀ ਨਹੀਂ ਸੀ। ਤਰੱਕੀ ਦੇ ਇਸ ਅੰਨ੍ਹੇ ਦੌਰ ਵਿੱਚ ਅੱਜ ਰਿਸ਼ਤਿਆਂ ਲਈ ਕਿਸੇ ਕੋਲ ਵਕਤ ਨਹੀਂ ਰਿਹਾ ਅਤੇ ਰਹਿੰਦੀ ਕਸਰ ਮੋਬਾਈਲ ਫੋਨਾਂ ਨੇ ਕੱਢ ਦਿੱਤੀ ਹੈ। ਪਹਿਲਾਂ ਘਰਾਂ ਵਿੱਚ ਤੰਗੀ-ਤੁਰਸ਼ੀ ਦਾ ਸਮਾਂ ਵੀ ਲੋਕ ਹੱਸ ਕੇ ਗੁਜ਼ਾਰਨ ਨੂੰ ਤਰਜੀਹ ਦਿੰਦੇ ਸਨ। ਉਦੋਂ ਬਿਰਧ ਆਸ਼ਰਮਾਂ ਦਾ ਕਿਸੇ ਨੇ ਨਾਮ ਵੀ ਨਹੀਂ ਸੀ ਸੁਣਿਆ, ਪਰ ਅੱਜ ਹਰ ਸ਼ਹਿਰ ਵਿੱਚ ਖੁੱਲ੍ਹੇ ਇਹ ਬਿਰਧ ਘਰ ਮਨੁੱਖਤਾ ਦੀ ਕਲੰਕਿਤ ਮਾਨਸਿਕਤਾ ਵੱਲ ਇਸ਼ਾਰਾ ਕਰਦੇ ਹਨ। ਹੁਣ ਘਰਾਂ ਵਿੱਚੋਂ ਸੁਭਾਅ, ਖਾਣ-ਪੀਣ ਅਤੇ ਰਹਿਣ-ਸਹਿਣ ਦੀ ਉਹ ਬਰਕਤ ਪੂਰੀ ਤਰ੍ਹਾਂ ਗ਼ਾਇਬ ਹੋ ਗਈ ਹੈ।
ਸੰਪਰਕ: 98781-70771

