ਬਲਵਿੰਦਰ ਸਿੰਘ ਸਿਪਰੇ
ਪਾਣੀ ਬਿਨਾਂ ਧਰਤੀ ਉਤੇ ਜੀਵਨ ਭਾਵ ਜੀਵ-ਜੰਤੂਆਂ ਤੇ ਇਨਸਾਨਾਂ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹੋ ਕਾਰਨ ਹੈ ਕਿ ਪ੍ਰਾਚੀਨ ਕਾਲ ਵਿਚ ਜਦੋਂ ਇਨਸਾਨ ਨੇ ਬਸਤੀਆਂ ਬਣਾ ਕੇ ਸੱਭਿਅਕ ਢੰਗ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੇ ਰਹਿਣ ਲਈ ਦਰਿਆਵਾਂ ਤੇ ਪਾਣੀ ਦੇ ਹੋਰ ਸਰੋਤਾਂ ਦੇ ਕੰਢਿਆਂ ਨੂੰ ਹੀ ਚੁਣਿਆ। ਇਸੇ ਤਰ੍ਹਾਂ ਭਾਰਤ ਦੀ ਸਿੰਧੂ ਘਾਟੀ ਜਾਂ ਹੜੱਪਾ ਸੱਭਿਅਤਾ ਮੁੱਖ ਤੌਰ ’ਤੇ ਪੰਜਾਬ ਦੀ ਸਰਜ਼ਮੀਨ ਉਤੇ ਫੁੱਲੀ-ਫਲੀ। ਇਹ ਸਿੰਧੂ ਦਰਿਆ ਤੋਂ ਲੈ ਕੇ ਯਮੁਨਾ ਤੱਕ ਅਤੇ ਸੂਬਾ ਸਿੰਧ, ਬਲੋਚਿਸਤਾਨ ਤੇ ਗੁਜਰਾਤ ਤੱਕ ਫੈਲੀ ਹੋਈ ਸੀ। ਗੁਰੂ ਨਾਨਕ ਦੇਵ ਨੇ ਪਾਣੀ ਨੂੰ ਪਿਤਾ ਕਿਹਾ ਹੈ। ਉਨ੍ਹਾਂ ‘ਆਸਾ ਦੀ ਵਾਰ’ ਵਿਚ ਫੁਰਮਾਇਆ ਹੈ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
‘ਪੰਜਾਬ’ ਦਾ ਇਹ ਨਾਂ ਹੀ ਇਸ ਦੇ ਦਰਿਆਵਾਂ ਸਦਕਾ ਪਿਆ ਹੈ — ਪੰਜ ਦਰਿਆਵਾਂ ਦੀ ਧਰਤੀ। ਇਹ ਦਰਿਆ ਪੂਰੇ ਉੱਤਰੀ ਭਾਰਤ ਨੂੰ ਕੁਦਰਤ ਦਾ ਨਾਯਾਬ ਤੋਹਫ਼ਾ ਹਨ। ਇਨ੍ਹਾਂ ਦਾ ਪੂਰੇ ਉੱਤਰੀ ਭਾਰਤ ’ਤੇ ਭੂਗੋਲਿਕ, ਇਤਿਹਾਸਕ, ਸੱਭਿਆਚਾਰਕ, ਧਾਰਮਿਕ, ਸਿਆਸੀ ਤੇ ਆਰਥਿਕ ਪੱਖੋਂ ਗੂੜ੍ਹਾ ਅਸਰ ਹੈ। ਇਹ ਸਾਰੇ ਉੱਤਰ ਭਾਰਤ ਦੀ ਹੀ ਜੀਵਨ ਧਾਰਾ ਹਨ। ਇਹ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਤੱਕ ਦੇ ਲੋਕਾਂ ਤੇ ਖੇਤਾਂ ਦੀ ਪਿਆਸ ਬੁਝਾਉਂਦੇ ਹਨ ਤੇ ਆਪਣੇ ਬਿਜਲੀ ਪ੍ਰਾਜੈਕਟਾਂ ਰਾਹੀਂ ਸੈਂਕੜੇ ਮੈਗਾਵਾਟ ਬਿਜਲੀ ਵੀ ਦਿੰਦੇ ਹਨ। ਪਰ ਅਸੀਂ ਆਪਣੇ ਦਰਿਆਵਾਂ ਦੀ ਕੋਈ ਕਦਰ ਨਹੀਂ ਪਾਈ। ਪੰਜਾਬ ਦੇ ਪੰਜੇ ਦਰਿਆਵਾਂ ਵਿਚੋਂ ਖ਼ਾਸਕਰ ਚੜ੍ਹਦੇ ਪੰਜਾਬ ਲਈ ਸਤਲੁਜ ਸਭ ਤੋਂ ਅਹਿਮ ਦਰਿਆ ਹੈ, ਜਿਹੜਾ ਪੰਜੇ ਦਰਿਆਵਾਂ ਵਿਚੋਂ ਸਭ ਤੋਂ ਲੰਬਾ ਹੈ ਤੇ ਧੁਰ ਪੂਰਬ ਤੇ ਦੱਖਣ ਵੱਲ ਵਗਦਾ ਹੈ। ਇਸ ਦੀ ਲੰਬਾਈ ਕਰੀਬ 1450 ਕਿਲੋਮੀਟਰ ਜਾਂ 900 ਮੀਲ ਹੈ। ਸਤਲੁਜ ਨੂੰ ਰਿਗਵੇਦ ਤੇ ਹੋਰ ਸਨਾਤਨੀ ਗ੍ਰੰਥਾਂ ਵਿਚ ਸ਼ੁਤੂਦਰੀ ਕਿਹਾ ਗਿਆ ਹੈ, ਭਾਵ ਸੌ ਸ਼ਾਖ਼ਾਵਾਂ ਵਾਲਾ ਦਰਿਆ। ਬਾਅਦ ਦੇ ਸਾਹਿਤ ਵਿਚ ਇਸ ਨੂੰ ਸ਼ਤਦਰੂ ਕਿਹਾ ਗਿਆ। ਮਿਥਿਹਾਸਕ ਗ੍ਰੰਥਾਂ ਅਨੁਸਾਰ ਸਰਸਵਤੀ ਨਦੀ ਸ਼ੁਤੂਦਰੀ ਵਿਚ ਹੀ ਡਿੱਗਦੀ ਸੀ। ਇਨ੍ਹਾਂ ਧਰਮ ਸ਼ਾਸਤਰਾਂ ਵਿਚ ਪੰਜਾਬ ਨੂੰ ਸਿੰਧੂ, ਸਰਸਵਤੀ ਤੇ ਹਾਕੜਾ ਦਰਿਆਵਾਂ ਆਦਿ ਸਣੇ ‘ਸਪਤ ਸਿੰਧੂ’ ਦਾ ਨਾਂ ਦਿੱਤਾ ਗਿਆ ਹੈ। ਸਿਕੰਦਰ ਦੇ ਹਮਲੇ ਵੇਲੇ ਤੇ ਬਾਅਦ ਦੀਆਂ ਯੂਨਾਨੀ ਲਿਖਤਾਂ ਵਿਚ ਪੰਜਾਬ ਨੂੰ ਪੈਂਟਾਪੋਟਾਮੀਆ ਭਾਵ ਪੰਜ ਦਰਿਆਵਾਂ ਦੀ ਧਰਤੀ ਆਖਿਆ ਗਿਆ ਹੈ, ਜਿਨ੍ਹਾਂ ਸਤਲੁਜ ਨੂੰ ਜ਼ਾਰਾਦਰਾਸ ਦਾ ਨਾਂ ਦਿੱਤਾ। ਸਤਲੁਜ ਨੇ ਕਈ ਵਾਰ ਆਪਣੇ ਵਹਿਣ ਬਦਲੇ, ਹੜ੍ਹ ਵੀ ਲਿਆਂਦੇ ਪਰ ਪੰਜਾਬ ਇਨ੍ਹਾਂ ਰਾਹੀਂ ਵੀ ਪੰਜਾਬ ਦੀ ਧਰਤੀ ਨੂੰ ਜ਼ਰਖ਼ੇਜ਼ ਹੀ ਬਣਾਇਆ।
ਆਧੁਨਿਕ ਇਤਿਹਾਸ ਦੀ ਗੱਲ ਕਰੀਏ ਤਾਂ ਕਹਿੰਦੇ ਹਨ ਕਿ 1699 ਦੀ ਵਿਸਾਖੀ ਨੂੰ ਖ਼ਾਲਸੇ ਦੀ ਸਥਾਪਨਾ ਵੇਲੇ ਬਣਾਈ ਗਈ ਖੰਡੇ ਦੀ ਪਾਹੁਲ ਲਈ ਮਾਤਾ ਸਾਹਿਬ ਕੌਰ ਨੇ ਸਤਲੁਜ ਦਾ ਮਿੱਠਾ ਪਾਣੀ ਹੀ ਵਰਤਿਆ ਸੀ। ਜਦੋਂ ਅੰਗਰੇਜ਼ਾਂ ਨੇ ਸਾਰਾ ਭਾਰਤ ਜਿੱਤ ਲਿਆ ਤਾਂ ਵੀ ਸਤਲੁਜ ਹੀ ਪੰਜਾਬ ਤੇ ਅੰਗਰੇਜ਼ਾਂ ਦਰਮਿਆਨ ਕੰਧ ਬਣ ਕੇ ਖੜ੍ਹਾ ਰਿਹਾ। ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦਰਮਿਆਨ ਸਤਲੁਜ ਨੂੰ ਸਰਹੱਦ ਮੰਨਣ ਬਾਰੇ ਦੋਸਤੀ ਦਾ ਇਕਰਾਰਨਾਮਾ ਵੀ 26 ਅਕਤੂਬਰ 1831 ਨੂੰ ਰੋਪੜ ਵਿਚ ਸਤਲੁਜ ਦੇ ਕੰਢੇ ਹੀ ਹੋਇਆ, ਜਿਸ ਉਤੇ ਮਹਾਰਾਜੇ ਅਤੇ ਅੰਗਰੇਜ਼ਾਂ ਵੱਲੋਂ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੇ ਦਸਤਖ਼ਤ ਕੀਤੇ।
ਇਹ ਤਿੱਬਤ ਵਿਚ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਨੇੜੇ ਰਾਕਸ਼ਸਤਾਲ ਜਾਂ ਰਾਵਣਤਾਲ ਨਾਮੀ ਝੀਲ ਵਿਚੋਂ ਨਿਕਲਦਾ ਹੈ, ਜਿਸ ਦੀ ਸਮੁੰਦਰੀ ਤਲ ਤੋਂ ਉਚਾਈ ਕਰੀਬ 4633 ਮੀਟਰ ਹੈ। ਉੱਥੇ ਸਤਲੁਜ ਦਾ ਨਾਂ ਲੈਂਗਚੈਨ ਖੰਬਾਵ ਭਾਵ ਐਲੀਫੈਂਟ ਦਰਿਆ ਹੈ। ਇਹ ਕੈਲਾਸ਼ ਪਰਬਤ, ਤਿੱਬਤ ਦੇ ਪਠਾਰ ਤੇ ਹਿਮਾਲਾ ਪਰਬਤ ਨੂੰ ਚੀਰਦਾ ਹੋਇਆ, ਸੱਪ ਵਾਂਗ ਵਲ਼ ਖਾਂਦਾ ਚੀਨ ਦੀ ਸਰਹੱਦ ਟੱਪ ਕੇ ਹਿਮਾਚਲ ਪ੍ਰਦੇਸ਼ ਦੀ ਕਨਾਵਾਰ ਘਾਟੀ ਵਿਚ ਦਾਖ਼ਲ ਹੁੰਦਾ ਹੈ। ਕਈ ਡੂੰਘੀਆਂ-ਤੰਗ ਘਾਟੀਆਂ ਵਿਚੋਂ ਗੁਜ਼ਰਦਾ ਨੰਗਲ ਨੇੜੇ ਪੰਜਾਬ ਵਿਚ ਦਾਖ਼ਲ ਹੁੰਦਾ ਹੈ ਅਤੇ ਪਹਿਲਾਂ ਸ਼ਿਵਾਲਿਕ ਦੀਆਂ ਪਹਾੜੀਆਂ ’ਚੋਂ ਵਹਿੰਦਾ ਹੋਇਆ ਆਖ਼ਰ ਪੰਜਾਬ ਦੇ ਖੁੱਲ੍ਹੇ ਮੈਦਾਨਾਂ ’ਚ ਪੈਰ ਧਰਦਾ ਤੇ ਇਨ੍ਹਾਂ ਨੂੰ ਜਰਖੇਜ਼ ਬਣਾਉਂਦਾ ਅੱਗੇ ਵਧਦਾ ਹੈ।
ਪੰਜਾਬ ਦੀ ਹੱਦ ਦੇ ਐਨ ਨਾਲ ਹਿਮਾਚਲ ਪ੍ਰਦੇਸ਼ ਵਿਚ ਭਾਖੜਾ ਵਿਖੇ ਸਤਲੁਜ ’ਤੇ ਵੱਡਾ ਭਾਖੜਾ ਬੰਨ੍ਹ ਮਾਰਿਆ ਗਿਆ ਹੈ, ਜੋ ਆਜ਼ਾਦ ਭਾਰਤ ਦਾ ਪਹਿਲਾ ਵੱਡਾ ਡੈਮ ਪ੍ਰਾਜੈਕਟ ਸੀ, ਜਿਥੋਂ ਸੈਂਕੜੇ ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਅਤੇ ਨਹਿਰਾਂ ਨਿਕਲਦੀਆਂ ਹਨ। ਨੰਗਲ ਤੋਂ ਦਰਿਆ ਸਤਲੁਜ ਖ਼ਾਲਸੇ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਕੋਲੋਂ ਲੰਗਦਾ ਹੋਇਆ ਰੋਪੜ ਪੁੱਜਦਾ ਹੈ, ਜਿਥੇ ਰੋਪੜ ਬੈਰਾਜ ਤੋਂ ਇਸ ਵਿਚੋਂ ਹੋਰ ਨਹਿਰਾਂ ਕੱਢੀਆਂ ਗਈਆਂ ਹਨ। ਪੰਜਾਬ ਵਿਚ ਸਤਲੁਜ ਚੜ੍ਹਦੇ ਪੰਜਾਬ ਦੇ ਚਾਰ ਭੂਗੋਲਿਕ ਖ਼ਿੱਤਿਆਂ ਵਿਚੋਂ ਪਹਿਲਾਂ ਪੁਆਧ ਤੇ ਦੋਆਬੇ ਦੀ, ਅਗਾਂਹ ਦੋਆਬੇ ਤੇ ਮਾਲਵੇ ਦੀਆਂ ਅਤੇ ਫਿਰ ਮਾਲਵੇ ਤੇ ਮਾਝੇ ਦੀਆਂ ਹੱਦਾਂ ਤੈਅ ਕਰਦਾ ਹੈ। ਇਸ ਦੌਰਾਨ ਇਹ ਚਿੱਟੀ ਵੇਈਂ ਤੇ ਲੁਧਿਆਣਾ ਦੇ ਬੁੱਢੇ ਨਾਲੇ, ਜੋ ਕਿਸੇ ਸਮੇਂ ਬੁੱਢਾ ਦਰਿਆ ਵਜੋਂ ਵੀ ਜਾਣਿਆ ਜਾਂਦਾ ਸੀ ਤੇ ਸਤਲੁਜ ਦੀ ਹੀ ਇਕ ਧਾਰਾ ਹੈ ਅਤੇ ਹੋਰ ਜਲਧਾਰਾਵਾਂ ਰਾਹੀਂ ਪੰਜਾਬ ਦੇ ਸ਼ਹਿਰਾਂ-ਕਸਬਿਆਂ ਦਾ ਗੰਦਾ ਪਾਣੀ ਸਮੇਟਦਾ ਹੋਇਆ ਗੁਰੂ ਨਾਨਕ ਦੇਵ ਦੇ ਵਰੋਸਾਏ ਕਸਬਾ ਸੁਲਤਾਨਪੁਰ ਲੋਧੀ ਤੇ ਦੂਜੇ ਪਾਸੇ ਮੱਖੂ ਨੇੜੇ ਹਰੀਕੇ ਵਿਖੇ ਬਿਆਸ ਦਰਿਆ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ ਤੇ ਪਾਕਿਸਤਾਨ ਵੱਲ ਨੂੰ ਹੋ ਤੁਰਦਾ ਹੈ। ਸਰਹੱਦ ਦੇ ਐਨ ਕਰੀਬ ਹੁਸੈਨੀਵਾਲਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸਮਾਧਾਂ ਸਤਲੁਜ ਦੇ ਕੰਢੇ ਹੀ ਹਨ, ਕਿਉਂਕਿ ਅੰਗਰੇਜ਼ ਹਕੂਮਤ ਨੇ ਇਨ੍ਹਾਂ ਇਨਕਲਾਬੀ ਦੇਸ਼ ਭਗਤਾਂ ਨੂੰ 23 ਮਾਰਚ, 1931 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਚੁੱਪ ਚੁਪੀਤੇ ਸ਼ਾਮ ਵੇਲੇ ਫਾਂਸੀ ਦੇ ਕੇ ਉਨ੍ਹਾਂ ਦੀਆਂ ਦੇਹਾਂ ਹੁਸੈਨੀਵਾਲਾ ਲਾਗੇ ਸਤਲੁਜ ਵਿਚ ਰੋੜ੍ਹ ਦਿੱਤੀਆਂ ਸਨ। ਹੁਸੈਨੀਵਾਲਾ ਬੈਰਾਜ ਤੋਂ ਵੀ ਸਤਲੁਜ ਵਿਚੋਂ ਦੋ ਨਹਿਰਾਂ ਕੱਢੀਆਂ ਗਈਆਂ ਹਨ। ਸਤਲੁਜ ਵਿਚੋਂ ਅੰਗਰੇਜ਼ ਹਕੂਮਤ ਵੇਲੇ ਵੀ ਕਈ ਨਹਿਰਾਂ ਕੱਢੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਨੂੰ ਜਾਂਦੀ ਗੰਗ ਨਹਿਰ ਵੀ ਅਹਿਮ ਹੈ।
ਸਤਲੁਜ ਕਰੀਬ 105 ਕਿਲੋਮੀਟਰ ਤੱਕ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਸਿਰਜਦਾ ਹੋਇਆ ਆਖ਼ਰ ਲਹਿੰਦੇ ਪੰਜਾਬ ਦੇ ਕਸੂਰ ਜ਼ਿਲ੍ਹੇ ਵਿਚ ਪੱਛਮ ਵੱਲ ਨੂੰ ਹੋ ਤੁਰਦਾ ਹੈ ਅਤੇ ਮੁਜ਼ੱਫ਼ਰਗੜ੍ਹ ਜ਼ਿਲ੍ਹੇ ਵਿਚ ਉੱਚ ਸ਼ਰੀਫ਼ ਨੇੜੇ ਇਹ ਚਨਾਬ ਨਾਲ ਮਿਲ ਜਾਂਦਾ ਹੈ। ਇਸ ਸਥਾਨ ਨੂੰ ਪੰਜ ਨਦ ਆਖਿਆ ਜਾਂਦਾ ਹੈ, ਕਿਉਂਕਿ ਇਥੇ ਪੰਜਾਬ ਦੇ ਪੰਜੇ ਦਰਿਆ ਮਿਲਦੇ ਹਨ। ਇਕ ਪਾਸੇ ਸਤਲੁਜ ਨਾਲ ਬਿਆਸ ਦਾ ਪਾਣੀ ਤੇ ਦੂਜੇ ਪਾਸੇ ਝਨਾਂ ਆਪਣੇ ਨਾਲ ਰਾਵੀ ਤੇ ਜੇਹਲਮ ਦਾ ਪਾਣੀ ਲਿਆਉਂਦਾ ਹੈ। ਏਸੇ ਥਾਂ ਨੂੰ ਅਮੀਰ ਖ਼ੁਸਰੋ ਨੇ ਆਪਣੀ ਰਚਨਾ ਵਿਚ ਪੰਜ-ਆਬ ਆਖਿਆ ਹੈ। ਅਗਾਂਹ ਪੰਜਾਬ ਦੇ ਪੰਜੇ ਦਰਿਆਵਾਂ ਤੋਂ ਬਣਿਆ ਪੰਜ ਨਦ ਦਰਿਆ ਕਰੀਬ ਹੋਰ 45 ਮੀਲ ਜਾਂ 72 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਮਿੱਠਣਕੋਟ ਲਾਗੇ ਸਿੰਧੂ ਦਰਿਆ ਵਿਚ ਮਿਲ ਜਾਂਦਾ ਹੈ। ਸਿੰਧੂ ਦਰਿਆ ਅਗਾਂਹ ਸੂਬਾ ਸਿੰਧ ਵਿਚੋਂ ਵਗਦਾ ਹੋਇਆ ਪਾਕਿਸਤਾਨੀ ਬੰਦਰਗਾਹ ਕਰਾਚੀ ਨੇੜੇ ਅਰਬ ਸਾਗਰ ਵਿਚ ਸਮੁੰਦਰ ’ਚ ਸਮਾ ਜਾਂਦਾ ਹੈ।
ਸਾਹਿਤ ਤੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇੰਨਾ ਕੁਝ ਦੇਣ ਵਾਲੇ ਸਤਲੁਜ ਨੂੰ ਪੰਜਾਬੀਆਂ ਨੇ ਕੁਝ ਵੀ ਨਹੀਂ ਦਿੱਤਾ। ਪੰਜਾਬ ਆਪਣੇ ਲੋਕ ਸਾਹਿਤ, ਗੀਤਾਂ, ਕਵਿਤਾਵਾਂ ਕਹਾਣੀਆਂ, ਗਿੱਧੇ-ਭੰਗੜੇ ਦੀਆਂ ਬੋਲੀਆਂ ਵਿਚ ਸਤਲੁਜ ਤੇ ਦੂਜੇ ਦਰਿਆਵਾਂ ਲਈ ਬਹੁਤਾ ਕੁਝ ਨਹੀਂ ਮਿਲਦਾ। ਕੁਝ ਕਵੀਆਂ ਨੇ ਜ਼ਰੂਰ ਪੰਜਾਬ ਦੇ ਦਰਿਆਵਾਂ ’ਤੇ ਕਲਾਮ ਲਿਖਿਆ ਹੈ, ਜਿਵੇਂ ਪ੍ਰੋ. ਮੋਹਨ ਸਿੰਘ ਦੀਆਂ ਕਈ ਕਵਿਤਾਵਾਂ ਵਿਚ ਝਨਾਂ, ਰਾਵੀ, ਸੁਹਾਂ ਅਤੇ ਤਵੀ ਦਰਿਆਵਾਂ ਦਾ ਜ਼ਿਕਰ ਆਉਂਦਾ ਹੈ। ਇਸ ਬਾਰੇ ਅਮਰਜੀਤ ਚੰਦਨ ਨੇ ਇਹ ਟਿੱਪਣੀ ਕੀਤੀ ਹੈ: ‘‘ਅਸੀਂ ‘ਧਰਤੀ ਪੰਜ ਦਰਿਆਵਾਂ ਦੀ’ ‘ਧਰਤੀ ਪੰਜ ਦਰਿਆਵਾਂ ਦੀ’ ਦਾ ਕਲਿਆਣ ਅੱਠੇ ਪਹਿਰ ਸੱਤੇ ਦਿਨ ਕਰਦੇ ਹਾਂ। ਪੰਜ ਦਰਿਆਵਾਂ ਦੇ ਲੋਕਗੀਤ ਮੈਂ ਕਈ ਸਾਲਾਂ ਦਾ ਲੱਭਦਾ ਰਿਹਾਂ, ਪਰ ਕਿਤਿਓਂ ਕੋਈ ਦਸ ਨਹੀਂ ਪਈ। ਸੱਚ ਨਹੀਂ ਆਉਂਦਾ ਕਿ ਦਰਿਆਵਾਂ ਕੰਢੇ ਵਸਦੇ ਲੋਕਾਂ ਨੇ ਆਪਣੇ ਦਰਿਆਵਾਂ ਦੇ ਗੀਤ ਨਾ ਜੋੜੇ ਹੋਣਗੇ। ਸਾਡੇ ਸਾਹਿਤ ’ਚ ਨਦੀ ਦੀ ਕਵਿਤਾ ਨਾ ਹੋਣ ਵਰਗੀ ਹੈ; ਕਲਾ ਵਿਚ ਚਿਤ੍ਰ ਕੋਈ ਨਹੀਂ। ਲਹਿੰਦੇ ਪੰਜਾਬੀ ਫ਼ੋਟੋਗਰਾਫ਼ਰਾਂ ਨੇ ਓਧਰਲੇ ਦਰਿਆਵਾਂ ਦੀ ਬੜੀ ਸੁੱਥਰੀ ਫ਼ੋਟੋਕਾਰੀ ਕਰ ਲੀਤੀ ਹੈ। ‘ਸਾਡੇ ਵਲ’ ਦਾ ਵਰਕਾ ਖ਼ਾਲੀ ਹੈ।
‘‘ਕੋਈ ਵਿਰਲੀ ਪੰਜਾਬੀ ਕਵਿਤਾ ਦਰਿਆ ਨਾਲ਼ ਗੱਲ ਕਰਦੀ ਹੈ। ਕਈ ਲੋਕ ਗੀਤਾਂ ਵਿਚ ਦਰਿਆ ਦਾ ਨਾਂ ਅਸਥਾਈ ਵਜੋਂ ਸਿਰਫ਼ ਗੀਤ ਨੂੰ ਅੱਗੇ ਤੋਰਨ ਲਈ ਵਰਤਿਆ ਹੁੰਦਾ ਹੈ। ਜਿਵੇਂ: ਲੰਘ ਆ ਜਾ ਪੱਤਣ ਝਨਾਂ ਦਾ…, ਵਗਦੀ ਸੀ ਰਾਵੀ…। ਹਰਿੰਦਰ ਸਿੰਘ ਮਹਬਿੂਬ ਵਾਹਦ ਕਵੀ ਹੈ, ਜਿਹਨੇ ਪੰਜੇ ਦਰਿਆਵਾਂ ਬਾਰੇ ਲੰਮੀਆਂ-ਲੰਮੀਆਂ ਕਵਿਤਾਵਾਂ ਲਿਖੀਆਂ। ਪਰ ਇਹਨੇ ਹਰ ਕਵਿਤਾ ਵਿਚ ਐਸੀ ਇਲਾਹੀ ਧੁੰਦ ਖਿਲਾਰੀ ਹੋਈ ਹੈ ਕਿ ਦਰਿਆ ਸਿਆਣ ’ਚ ਨਹੀਂ ਆਉਂਦਾ। ਸਭ ਕਵਿਤਾਵਾਂ ਇੱਕੋ ਦਰਿਆ ਦੀਆਂ ਲਗਦੀਆਂ ਹਨ।’’
ਹਾਂ, ਫਿਲਮਾਂ ਵਾਲਿਆਂ ਨੇ ਜ਼ਰੂਰ 1964 ਵਿਚ ‘ਸਤਲੁਜ ਦੇ ਕੰਢੇ’ ਨਾਮ ਵਾਲੀ ਇਕ ਪੰਜਾਬੀ ਰੁਮਾਂਟਿਕ ਫ਼ਿਲਮ ਬਣਾਈ, ਜਿਸ ਦੇ ਡਾਇਰੈਕਟਰ ਐੱਮ.ਐੱਮ. ਬਿੱਲੂ ਮਹਿਰਾ ਸਨ ਅਤੇ ਇਸ ਵਿੱਚ ਬਲਰਾਜ ਸਾਹਨੀ ਤੇ ਨਿਸ਼ੀ ਦੇ ਮੁੱਖ ਕਿਰਦਾਰ ਸਨ। ਪੰਜਾਬੀਆਂ ਨੇ ਉਂਝ ਵੀ ਸਤਲੁਜ ਨੂੰ ਪਾਣੀ ਤੋਂ ਤਾਂ ਖ਼ਾਲੀ ਕਰ ਦਿੱਤਾ ਪਰ ਗੰਦਗੀ ਨਾਲ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਸਤਲੁਜ ਦੇ ਜਿਸ ਪਾਣੀ ਤੋਂ ਸਿੱਖਾਂ ਲਈ ਪਹਿਲਾ ਅੰਮ੍ਰਿਤ ਤਿਆਰ ਹੋਇਆ, ਅੱਜ ਕਈ ਥਾਈਂ ਉਸ ਪਾਣੀ ਨੂੰ ਪੀਣਾ ਤਾਂ ਦੂਰ ਉਸ ਦੇ ਨੇੜੇ ਵੀ ਨਹੀਂ ਖੜ੍ਹਿਆ ਜਾ ਸਕਦਾ। ਇਸ ਵਿਚੋਂ ਇੰਨੀਆਂ ਨਹਿਰਾਂ ਕੱਢਣ ਦੇ ਬਾਅਦ ਵੀ ਸਤਲੁਜ-ਯਮੁਨਾ ਨਹਿਰ ਦੇ ਨਾਂ ’ਤੇ ਇਸ ਦੇ ਪਾਣੀ ਨੂੰ ਹੋਰ ਲੁੱਟਣ ਲਈ ਕਾਨੂੰਨੀ ਲੜਾਈਆਂ ਲੜੀਆਂ ਜਾ ਰਹੀਆਂ ਹਨ, ਸਿਆਸਤਾਂ ਖੇਡੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਸਤਲੁਜ ਵਿਚ ਹਜ਼ਾਰਾਂ ਲਿਟਰ ਲਾਹਣ ਰੋੜ੍ਹ ਦਿੱਤਾ ਗਿਆ, ਜਿਸ ਨਾਲ ਅਣਗਿਣਤ ਮੱਛੀਆਂ ਤੇ ਪਾਣੀ ਦੇ ਹੋਰ ਜੀਵ ਮਰ ਗਏ।
ਅੱਜ ਲੋੜ ਹੈ ਕਿ ਅਸੀਂ ਕੁਦਰਤ ਦੇ ਇਸ ਲਾਸਾਨੀ ਤੋਹਫ਼ੇ ਦੀ, ਭਾਵ ਪੰਜਾਬ ਦੇ ਸਾਰੇ ਹੀ ਦਰਿਆਵਾਂ ਦੀ ਸੰਭਾਲ ਕਰੀਏ। ਛੋਟੇ-ਛੋਟੇ ਵਕਤੀ ਲਾਹਿਆਂ ਲਈ ਇਨ੍ਹਾਂ ਨੂੰ ਪਲੀਤ ਨਾ ਕਰੀਏ। ਜੇ ਸਾਡੇ ਦਰਿਆ ਕਾਇਮ ਹਨ, ਤਾਂ ਹੀ ਪੰਜਾਬ, ਪੰਜਾਬ ਹੈ। ਤਾਂ ਹੀ ਪੰਜਾਬ, ਆਬਾਦ ਹੈ।
ਸੰਪਰਕ: 95794-00005