ਕਹਾਣੀ

ਚਾਬੀਆਂ

ਚਾਬੀਆਂ

ਅਵਤਾਰ ਐੱਸ. ਸੰਘਾ

ਅਵਤਾਰ ਐੱਸ. ਸੰਘਾ

ਉਦੋਂ ਅਸੀਂ ਛੇਵੀਂ ਜਮਾਤ ਵਿੱਚ ਦਾਖਲ ਹੋਏ ਸਾਂ। ਚਾਰ ਕੁ ਮਹੀਨੇ ਬਾਅਦ ਦੋ ਲੜਕੇ ਪਿਸ਼ੌਰਾ ਤੇ ਦੀਪੀ ਸਕੂਲ ਆਉਣੋਂ ਹਟ ਗਏ। ਪਤਾ ਲੱਗਾ ਕਿ ਉਹ ਆਪਣੇ ਪਿਓ ਪਾਸ ਵਲਾਇਤ ਜਾ ਰਹੇ ਸਨ। ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ ਜਾ ਰਹੀ ਸੀ। ਪਿਓ ਕਈ ਸਾਲ ਪਹਿਲਾਂ ਵਾਊਚਰਾਂ ਦੇ ਆਧਾਰ ’ਤੇ ਡਰਬੀ ਚਲਾ ਗਿਆ ਸੀ। ਉਦੋਂ ਇੰਗਲੈਂਡ ਵਿੱਚ ਲੋਹੇ ਦੀਆਂ ਭੱਠੀਆਂ ’ਤੇ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਸੀ। ਇੰਗਲੈਂਡ ਦੀ ਸਰਕਾਰ ਨੇ ਸੰਖੇਪ ਜਿਹਾ ਢੰਗ ਅਪਣਾ ਕੇ ਪੰਜਾਬ ਵਿੱਚੋਂ ਵਾਊਚਰਾਂ ਦੇ ਆਧਾਰ ’ਤੇ ਬਹੁਤ ਸਾਰੇ ਅਨਪੜ੍ਹ ਜਾਂ ਅਰਧ ਪੜ੍ਹੇ ਲਿਖੇ ਬੰਦੇ ਇੰਗਲੈਂਡ ਸੱਦ ਲਏ ਸਨ। ਪੰਜਾਬ ਵਿੱਚ ਇਹ ਲੋਕ ਖੇਤੀ ਕਰਿਆ ਕਰਦੇ ਸਨ। ਰਹਿਣ ਸਹਿਣ ਦਾ ਮਿਆਰ ਕਾਫ਼ੀ ਨੀਵਾਂ ਹੁੰਦਾ ਸੀ। ਅਚਾਨਕ ਇੰਗਲੈਂਡ ਵਰਗੇ ਵਿਕਸਤ ਦੇਸ਼ ਚਲੇ ਜਾਣ ਨਾਲ ਉਨ੍ਹਾਂ ਬੰਦਿਆਂ ਦੇ ਪਹਿਰਾਵੇ ਅਤੇ ਰਹਿਣ ਸਹਿਣ ਵਿੱਚ ਇਨਕਲਾਬੀ ਤਬਦੀਲੀ ਆ ਗਈ।

ਸਾਡੇ ਪਿੰਡ ਦਾ ਆਤੂ ਇੱਧਰੋਂ ਪੰਜਾਬ ’ਚੋਂ ਹਲਟ ਹੱਕਦਾ ਤੇ ਬਲਦਾਂ ਨਾਲ ਹਲ ਵਾਹੁੰਦਾ ਹੋਇਆ ਚੰਦ ਮਹੀਨਿਆਂ ਵਿੱਚ ਵਲਾਇਤ ਦੇ ਸ਼ਹਿਰ ਡਰਬੀ ਪਹੁੰਚ ਗਿਆ। ਜਦੋਂ ਉਹ ਕਈ ਸਾਲ ਲਗਾਕੇ ਪਿੰਡ ਆਇਆ ਤਾਂ ਉਹ ਪਹਿਚਾਣ ਹੀ ਨਾ ਹੋਵੇ। ਕ੍ਰਿਸਮਸ ਦੇ ਦਿਨ ਸਨ। ਆਤੂ ਵਾਲ ਕਟਾ ਕੇ ਮੋਨਾ ਹੋ ਗਿਆ ਸੀ। ਰੰਗ ਉਹਦਾ ਗੋਰਾ ਹੈ ਹੀ ਸੀ। ਨੀਲਾ ਗਰਮ ਸੂਟ, ਨਾਲ ਮੈਚ ਕਰਦੀ ਪਿੰਨ ਵਾਲੀ ਨੈੱਕਟਾਈ, ਗੁੱਟ ’ਤੇ ਸੁਨਹਿਰੀ ਚੇਨ ਵਾਲੀ ਘੜੀ, ਸੱਜੇ ਹੱਥ ਵਿੱਚ ਸੋਨੇ ਦਾ ਭਾਰਾ ਕੜਾ ਤੇ ਸੂਟ ਨਾਲ ਮੈਚ ਕਰਦੇ ਬੂਟ ਸਮੇਤ ਜਦੋਂ ਉਹ ਏਅਰਪੋਰਟ ’ਤੇ ਉਤਰਿਆ ਤਾਂ ਉਹ ਆਪਣੇ ਸਾਲੇ ਮੇਲੂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ ਨਾਲ ਹੀ ‘ਮੈਰੀ ਕ੍ਰਿਸਮਸ’ ਵੀ ਕਹਿ ਗਿਆ ਕਿਉਂਕਿ ਉੱਧਰੋਂ ਉਹ ਲਬਰੇਜ਼ ਕ੍ਰਿਸ਼ਚੀਅਨ ਮਾਹੌਲ ਵਿੱਚੋਂ ਆਇਆ ਸੀ। ਮੇਲੂ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਤਾਂ ਦੇ ਦਿੱਤਾ, ਪਰ ਬਾਕੀ ਉਹਨੂੰ ਬਹੁਤਾ ਸਮਝ ਨਹੀਂ ਆਇਆ। ਆਤੂ ਦੇ ਘਰ ਦੀਆਂ ਚਾਬੀਆਂ ਮੇਲੂ ਪਾਸ ਸਨ। ਮੇਲੂ ਤਿੰਨ ਕੁ ਮਹੀਨਿਆਂ ਬਾਅਦ ਆਤੂ ਹੋਰਾਂ ਦੇ ਘਰ ਗੇੜਾ ਮਾਰਦਾ ਤੇ ਘਰ ਖੋਲ੍ਹ ਕੇ ਦੇਖ ਆਉਂਦਾ ਸੀ। ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਉਹ ਖ਼ਾਸ ਕਰਕੇ ਜਾਂਦਾ ਸੀ ਤਾਂ ਕਿ ਮਕਾਨ ਦੀਆਂ ਛੱਤਾਂ ਚੈੱਕ ਕਰ ਸਕੇ। ਛੱਤਾਂ ਕੱਚੀਆਂ ਸਨ। ਦੇਖਣਾ ਪੈਂਦਾ ਸੀ ਕਿ ਕਿੱਥੇ ਮਿੱਟੀ ਪਾਉਣ ਵਾਲੀ ਏ। ਪਿੰਡ ਦੇ ਨੇੜੇ ਕੱਲਰ ਵਾਲੀ ਮਿੱਟੀ ਸੀ। ਜਗੀਰੂ ਭਾੜੇ ਵਾਲੇ ਤੋਂ ਇੱਕ ਦੋ ਗੱਡੇ ਚੁੱਕਵਾ ਕੇ ਉਹ ਕੋਠਿਆਂ ਉੱਪਰ ਪੁਆ ਆਉਂਦਾ ਸੀ। ਬਰਸਾਤਾਂ ਖ਼ਤਮ ਹੋਣ ਤੋਂ ਬਾਅਦ ਉਹ ਫਿਰ ਜਾਂਦਾ ਸੀ ਤੇ ਦੇਖ ਆਉਂਦਾ ਸੀ ਕਿ ਮਕਾਨ ਕਿਤਿਓਂ ਜ਼ਿਆਦਾ ਤਾਂ ਨਹੀਂ ਚੋਇਆ।

ਚਾਰ ਕੁ ਸਾਲ ਬਾਅਦ ਹੁਣ ਆਤੂ ਤੇ ਉਹਦੀ ਘਰਵਾਲੀ ਮੀਤੋ ਆਏ। ਇਨ੍ਹਾਂ ਆ ਕੇ ਕੱਚੇ ਕੋਠੇ ਢੁਆ ਦਿੱਤੇ ਤੇ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿਸਤਰੀ ਤੇ ਮਜ਼ਦੂਰ ਕੰਮ ’ਤੇ ਲੁਆ ਦਿੱਤੇ ਸੀ। ਮੀਤੋ ਆਤੂ ਨੂੰ ਆਪਣੇ ਨਾਲ ਲੈ ਕੇ ਬਹੁਤਾ ਸਮਾਂ ਆਪਣੇ ਪਿੰਡ ਹੀ ਰਹੀ ਸੀ। ਆਤੂ ਨਵੇਂ ਕਢਾਏ ਸਾਈਕਲ ’ਤੇ ਤਕਰੀਬਨ ਰੋਜ਼ਾਨਾ ਪਿੰਡ ਆ ਜਾਂਦਾ ਸੀ। ਤਾਲਾ ਖੋਲ੍ਹਦਾ ਸੀ। ਮਿਸਤਰੀ ਕੰਮ ਕਰਨ ਲੱਗ ਪੈਂਦੇ ਸਨ। ਸ਼ਾਮ ਤੱਕ ਆਤੂ ਉਨ੍ਹਾਂ ਦੀ ਨਿਗਰਾਨੀ ਕਰਦਾ ਸੀ। ਇੰਜ ਆਤੂ ਨੇ ਦੋ ਕਮਰੇ, ਇੱਕ ਰਸੋਈ ਤੇ ਟਾਇਲਟ ਬਣਵਾ ਲਏ ਸੀ। ਚਾਰਦੀਵਾਰੀ ਵੀ ਕਰ ਲਈ ਸੀ। ਇੰਨੇ ਨੂੰ ਉਨ੍ਹਾਂ ਦੀ ਛੁੱਟੀ ਪੂਰੀ ਹੋ ਗਈ। ਉਹ ਵਾਪਸ ਡਰਬੀ ਚਲੇ ਗਏ। ਚਾਬੀਆਂ ਉਹ ਫਿਰ ਮੇਲੂ ਨੂੰ ਹੀ ਦੇ ਗਏ। ਮੇਲੂ ਹੁਣ ਫਿਰ ਕਦੀ ਕਦਾਈਂ ਆਪਣੀ ਭੈਣ ਮੀਤੋ ਦੇ ਪਿੰਡ ਗੇੜਾ ਮਾਰਦਾ ਸੀ। ਹੁਣ ਉਸ ਨੂੰ ਬਰਸਾਤ ਦੇ ਦਿਨਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਮਕਾਨ ਪੱਕਾ ਸੀ।

ਆਤੂ ਅਤੇ ਮੀਤੋ ਦੇ ਬੱਚੇ ਹੁਣ ਜਵਾਨ ਹੋ ਗਏ ਸਨ। ਪਿਸ਼ੌਰਾ ਇੱਕ ਸਟੋਰ ’ਤੇ ਕੰਮ ਕਰਦਾ ਸੀ ਤੇ ਦੀਪੀ ਟੈਕਸੀ ਚਲਾਉਂਦਾ ਸੀ। ਉਹ ਇੰਨੇ ਵੱਡੇ ਹੋ ਕੇ ਵੀ ਇੰਗਲੈਂਡ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਇੱਕ-ਮਿੱਕ ਨਹੀਂ ਸਨ ਹੋ ਸਕੇ। ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਹ ਪੂਰੇ ਇੱਕ-ਮਿੱਕ ਨਾ ਹੋਣ। ਉਹ ਚਾਹੁੰਦੇ ਸਨ ਕਿ ਉਹ ਰਿਸ਼ਤੇ ਪੰਜਾਬ ਵਿੱਚ ਜਾ ਕੇ ਕਰਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਪੰਜਾਬ ਵਿੱਚ ਜਾ ਕੇ ਰਿਸ਼ਤੇ ਕਰਵਾਉਣਗੇ ਤਾਂ ਉਨ੍ਹਾਂ ਵਾਸਤੇ ਚੰਗੇ ਘਰਾਂ ਦੀਆਂ ਲੜਕੀਆਂ ਦੀਆਂ ਲਾਈਨਾਂ ਲੱਗ ਜਾਣਗੀਆਂ। ਨਾਲੇ ਉਹ ਫਿਰ ਵੀ ਪੰਜਾਬ ਜਾਂਦੇ ਆਉਂਦੇ ਰਿਹਾ ਕਰਨਗੇ। ਨਾਤਾ ਬਣਿਆ ਰਹੂ। ਮੁੰਡਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਆਤੂ ਅਤੇ ਮੀਤੋ ਨੇ ਮਕਾਨ ਨੂੰ ਹੋਰ ਵੱਡਾ ਕਰਨਾ ਚਾਹਿਆ। ਉਨ੍ਹਾਂ ਨੇ ਮੇਲੂ ਨੂੰ ਸੁਨੇਹਾ ਭੇਜਿਆ ਕਿ ਉਹ ਉਨ੍ਹਾਂ ਦੇ ਮਕਾਨ ਨੂੰ ਦੋ ਮੰਜ਼ਿਲਾ ਕਰਵਾ ਦੇਵੇ ਤੇ ਅੱਗੇ ਵਰਾਂਡਾ ਵੀ ਪੁਆ ਦੇਵੇ। ਰਸੋਈ ਤੇ ਟਾਇਲਟਾਂ ਨਾਲ ਲੱਗਦੀਆਂ ਬਣਵਾਈਆਂ ਜਾਣ। ਉਨ੍ਹਾਂ ਨੇ ਮੇਲੂ ਨੂੰ ਇਵੇਂ ਚਿੱਠੀ ਲਿਖਵਾਈ। ਮੀਤੋ ਨੇ ਇਹ ਚਿੱਠੀ ਪਿਸ਼ੌਰੇ ਤੋਂ ਲਿਖਵਾਈ ਕਿਉਂਕਿ ਉਹ ਆਪ ਅਨਪੜ੍ਹ ਹੀ ਸੀ। ਪਿਸ਼ੌਰਾ ਪੰਜਾਬੀ ਲਿਖ ਲੈਂਦਾ ਸੀ।

ਭਰਾ ਮੇਲੂ,

ਸਤਿ ਸ੍ਰੀ ਅਕਾਲ!

ਅਸੀਂ ਇੱਥੇ ਇੰਗਲੈਂਡ ਵਿੱਚ ਰਾਜ਼ੀ ਖੁਸ਼ੀ ਹਾਂ ਤੇ ਆਪ ਸਭ ਦੀ ਰਾਜ਼ੀ ਖੁਸ਼ੀ ਵਾਹਿਗੁਰੂ ਪਾਸੋਂ ਭਲੀ ਲੋੜਦੇ ਹਾਂ। ਸਮਾਚਾਰ ਇਹ ਹੈ ਕਿ ਮੈਂ ਤੇ ਤੇਰਾ ਜੀਜਾ ਆਤੂ ਦੋ ਮਹੀਨਿਆਂ ਤੱਕ ਪੰਜਾਬ ਆ ਰਹੇ ਹਾਂ। ਆ ਕੇ ਸਭ ਤੋਂ ਪਹਿਲਾਂ ਅਖੰਡ ਪਾਠ ਕਰਾਵਾਂਗੇ। ਫਿਰ ਮੁੰਡਿਆਂ ਲਈ ਕੁੜੀਆਂ ਦੀ ਚੋਣ ਕਰਾਂਗੇ। ਮਕਾਨ ਤੁਸੀਂ ਵਧੀਆ ਬਣਾ ਹੀ ਦਿੱਤਾ ਹੈ। ਹੁਣ ਕਿਸੇ ਚੀਜ਼ ਦੀ ਵੀ ਘਾਟ ਨਹੀਂ। ਗਹਿਣਾ ਗੱਟਾ ਪਹਿਲਾਂ ਆਪਾਂ ਬਣਾ ਹੀ ਚੁੱਕੇ ਹਾਂ। ਕੱਪੜੇ ਰੈਣਕ ਬਾਜ਼ਾਰ ’ਚੋਂ ਖ਼ਰੀਦਾਂਗੇ। ਤੁਸੀਂ ਸਾਰਾ ਕੰਮ ਅੱਗੇ ਹੋ ਕੇ ਸੰਪੂਰਨ ਕਰਵਾਓਗੇ। ਗਾਉਣ ਵਜਾਉਣ ਵੀ ਖੂਬ ਹੋਊ! ਗਾਉਣ ਵਾਲੀ ਪਾਰਟੀ ਨੂੰ ਸਾਈ ਦੇ ਦਿਓ।

ਤੇਰੀ ਭੈਣ

ਮੀਤੋ (ਡਰਬੀ)

ਮੇਲੂ ਕੁਝ ਦਿਨ ਆਪਣੀ ਭੈਣ ਮੀਤੋ ਦੇ ਪਿੰਡ ਮਿਸਤਰੀਆਂ ਦੀ ਦੇਖਭਾਲ ਕਰਦਾ ਰਿਹਾ। ਕੰਮੀਆਂ ਦੀ ਪ੍ਰੀਤੋ ਉਹਦੀ ਰੋਟੀ ਪਕਾ ਦਿੰਦੀ। ਜਦੋਂ ਮਕਾਨ ਪੂਰਾ ਹੋ ਗਿਆ ਤਾਂ ਮੇਲੂ ਉਸ ਨੂੰ ਜਿੰਦਰਾ ਲਗਾ ਕੇ ਆਪਣੇ ਪਿੰਡ ਆ ਗਿਆ। ਉਹ ਆ ਕੇ ਆਤੂ, ਮੀਤੋ, ਪਿਸ਼ੌਰੇ ਅਤੇ ਦੀਪੀ ਦਾ ਇੰਤਜ਼ਾਰ ਕਰਨ ਲੱਗਾ। ਕੁਝ ਦਿਨ ਬਾਅਦ ਆਤੂ, ਮੀਤੋ, ਪਿਸ਼ੌਰਾ ਤੇ ਦੀਪੀ ਦਿੱਲੀ ਆ ਉਤਰੇ। ਮੇਲੂ ਆਪਣੇ ਪਿੰਡੋਂ ਨੀਟੇ ਦੀ ਕਾਰ ਲੈ ਕੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਿਆ। ਜਦੋਂ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਮੁੰਡੇ ਪਹਿਚਾਣ ਹੀ ਨਾ ਹੋਣ। ਪਿਸ਼ੌਰਾ 6 ਫੁੱਟ ਤੋਂ ਵੀ ਕੁੱਝ ਉੱਪਰ। ਦੀਪੀ ਵੀ 6 ਫੁੱਟ ਦੇ ਨੇੜੇ ਤੇੜੇ। ਸਾਰੇ ਜਣੇ ਵਲਾਇਤੀ ਕੱਪੜਿਆਂ ਵਿੱਚ ਕੱਜੇ ਹੋਏ ਕਿਉਂਕਿ ਸਿਆਲ ਸੀ। ਪਿਸ਼ੌਰੇ ਨੂੰ ਪੀਟਰ ਤੇ ਦੀਪੀ ਨੂੰ ਡਿੰਪਾ ਕਹਿ ਕੇ ਬੁਲਾਉਣ। ਮੇਲੂ ਨੇ ਬੈਂਕ ਵਿੱਚ ਲਾਕਰ ਦਾ ਪ੍ਰਬੰਧ ਕਰ ਰੱਖਿਆ ਸੀ। ਮੀਤੋ ਨੇ ਪਿੰਡ ਪਹੁੰਚਦੇ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਗਹਿਣੇ ਤੇ ਵਾਧੂ ਸੋਨਾ ਲਾਕਰ ਵਿੱਚ ਰੱਖਿਆ। ਲਾਕਰ ਉੱਪਰ ਇੱਕ ਆਪਣਾ ਤਾਲਾ ਲਗਾ ਕੇ ਚਾਬੀ ਆਪਣੇ ਪਾਸ ਸੰਭਾਲੀ। ਰੋਜ਼ ਪਾਉਣ ਜੋਗੇ ਗਹਿਣੇ ਆਪਣੇ ਪਾਸ ਰੱਖ ਲਏ। ਪਿਸ਼ੌਰੇ ਦਾ ਰਿਸ਼ਤਾ ਪਹਿਲਾਂ ਪੱਕਾ ਹੋ ਹੀ ਚੁੱਕਾ ਸੀ। ਆ ਕੇ ਅਖੰਡ ਪਾਠ ਰਖਵਾ ਦਿੱਤਾ। ਰਸਮੀ ਤੌਰ ’ਤੇ ਕੁੜਮਾਈ ਕੀਤੀ। ਰਸੂਲਪੁਰੀਆ ਸਰਪੰਚ ਗੁਰਮੇਜ ਸਿੰਹੁ ਪਿਸ਼ੌਰੇ ਨੂੰ ਸ਼ਗਨ ਵਿੱਚ ਬਜਾਜ ਸਕੂਟਰ ਤੇ 10000 ਰੁਪਏ ਪਾ ਗਿਆ। ਉਦੋਂ ਬਜਾਜ ਸਕੂਟਰ ਕਿਸੇ ਟਾਂਵੇ ਬੰਦੇ ਪਾਸ ਹੋਇਆ ਕਰਦਾ ਸੀ। ਬਹੁਤੇ ਵਿਆਹਾਂ ਵਿੱਚ ਸਾਈਕਲ ਦੇਣ ਦਾ ਰਿਵਾਜ ਹੀ ਸੀ।

ਚੰਦ ਦਿਨਾਂ ਬਾਅਦ ਵਿਆਹ ਗੱਜ ਵੱਜ ਕੇ ਹੋ ਗਿਆ। ਇਲਾਕੇ ਵਿੱਚ ਬੱਲੇ ਬੱਲੇ ਹੋ ਗਈ। ਗੁਰਮੇਜ ਦੀ ਕੁੜੀ ਜੀਤਾਂ ਦੇ ਕਾਗਜ਼ ਤਿਆਰ ਹੋਣ ਲੱਗ ਪਏ। ਕਾਗਜ਼ੀ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਆਤੂ ਤੇ ਮੀਤੋ ਨੇ ਘਰ ਦੀਆਂ ਚਾਬੀਆਂ ਮੇਲੂ ਨੂੰ ਦੇ ਹੀ ਦਿੱਤੀਆਂ ਸਨ। ਪੁੱਛ ਪੈਣ ’ਤੇ ਝੱਟ ਮੰਗਣੀ ਪੱਟ ਵਿਆਹ ਦੀਪੀ ਦਾ ਵੀ ਰੱਖ ਲਿਆ। ਰਿਸ਼ਤਾ ਉਦੋਂ ਹੋਇਆ ਜਦੋਂ ਮੀਤੋ ਆਪਣੇ ਪਿੰਡ ਚਾਬੀਆਂ ਦੇਣ ਗਈ। ਉੱਥੇ ਇੱਕ ਪਰਿਵਾਰ ਦੀਪੀ ਨੂੰ ਸ਼ਗਨ ਪਾਉਣ ਲਈ ਕਾਹਲਾ ਪੈ ਗਿਆ। ਨਾਲ ਦੇ ਪਿੰਡ ਦਬੁਰਜੀ ਦਾ ਚੰਗਾ ਅਲਾਟੀ ਗੁਰਨਾਮ ਸਿੰਹੁ ਆਤੂ ਦੇ ਖਹਿੜੇ ਹੀ ਪੈ ਗਿਆ। ਕਹਿੰਦਾ-‘ਦੀਪੀ ਅੱਜ ਤੋਂ ਸਾਡਾ ਹੋ ਗਿਆ, ਤੁਸੀਂ 15 ਦਿਨ ਛੁੱਟੀ ਹੋਰ ਵਧਾ ਲਓ।’ ਝੱਟ ਮੰਗਣੀ ਪੱਟ ਵਿਆਹ! ਗੁਰਨਾਮ ਸਿੰਹੁ ਨੇ ਗੁਰਦੁਆਰੇ ਲਿਜਾ ਕੇ 10000 ਰੁਪਏ ਆਤੂ ਨੂੰ ਫੜਾ ਦਿੱਤੇ, ਦੀਪੀ ਤੇ ਆਤੂ ਦੇ ਕੜੇ ਪਾਤੇ ਅਤੇ ਮੀਤੋ ਨੂੰ ਵੀ ਤਿੰਨ ਗਹਿਣੇ ਪਾਤੇ। ਕੁੜਮਾਈ ਹੋ ਗਈ। ਦੋ ਹਫ਼ਤੇ ਬਾਅਦ ਵਿਆਹ ਰੱਖ ਲਿਆ। ਆਤੂ ਤੇ ਮੀਤੋ ਆਪਣੇ ਨਵੇਂ ਘਰ ’ਚ ਬੈਠ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ। ਨਿਸ਼ਚਤ ਸਮੇਂ ’ਤੇ ਵਿਆਹ ਕਰਕੇ ਆਤੂ ਦਾ ਸਾਰਾ ਟੱਬਰ ਮੇਲੂ ਨੂੰ ਘਰ ਦੀਆਂ ਚਾਬੀਆਂ ਦੇ ਕੇ ਵਾਪਸ ਇੰਗਲੈਂਡ ਚਲਾ ਗਿਆ। ਕੁਝ ਮਹੀਨਿਆਂ ਬਾਅਦ ਪਿਸ਼ੌਰੇ ਤੇ ਦੀਪੀ ਦੀਆਂ ਘਰਵਾਲੀਆਂ ਵੀ ਉਨ੍ਹਾਂ ਪਾਸ ਇੰਗਲੈਂਡ ਪਹੁੰਚ ਗਈਆਂ। ਮੇਲੂ ਆਪਣੀ ਭੈਣ ਮੀਤੋ ਮਗਰ ਪੈ ਕੇ ਹਮੇਸ਼ਾਂ ਜ਼ੋਰ ਪਾਉਂਦਾ ਰਹਿੰਦਾ ਸੀ ਕਿ ਉਸ ਦਾ ਵੀ ਕੁਝ ਕੀਤਾ ਜਾਵੇ। ਉਸ ਦੀਆਂ ਦੋ ਕੁੜੀਆਂ ਸਨ ਤਾਰੋ ਤੇ ਗੇਜੋੋ। ਆਖਰ ਮੇਲੂ ਨੇ ਇਨ੍ਹਾਂ ਦੇ ਰਿਸ਼ਤੇ ਵੀ ਇੰਗਲੈਂਡ ਵਿੱਚ ਹੀ ਕਰਵਾ ਲਏ। ਕੁਝ ਦੇਰ ਬਾਅਦ ਮੇਲੂ ਤੇ ਉਹਦੀ ਘਰਵਾਲੀ ਵੀ ਇੰਗਲੈਂਡ ਜਾ ਪਹੁੰਚੇ। ਹੁਣ ਦੋ ਘਰ ਖਾਲੀ ਹੋ ਗਏ। ਆਤੂ ਨੇ ਘਰ ਸੰਭਾਲਣ ਲਈ ਝਿਉਰਾਂ ਦੀ ਚਿੰਤੀ ਲੱਭ ਲਈ ਕਿਉਂਕਿ ਉਹ ਅਕਸਰ ਇਨ੍ਹਾਂ ਦੇ ਘਰ ਕੰਮ ਕਰਦੀ ਹੁੰਦੀ ਸੀ। ਉਸ ਨੇ ਉਸ ਨੂੰ ਸਿਰਫ਼ ਚਾਬੀਆਂ ਹੀ ਨਹੀਂ ਦਿੱਤੀਆਂ, ਸਗੋਂ ਘਰ ਹੀ ਉਹਨੂੰ ਸੰਭਾਲ ਦਿੱਤਾ। ਮੇਲੂ ਨੇ ਆਪਣਾ ਘਰ ਭੀਲੇ ਦਰਜੀ ਨੂੰ ਸੰਭਾਲ ਦਿੱਤਾ ਜਿਹੜਾ ਉਹਦੇ ਨਾਲ ਅਕਸਰ ਕੰਮ ਕਰਾਇਆ ਕਰਦਾ ਸੀ। ਉਨ੍ਹਾਂ ਦੇ ਕੱਪੜੇ ਵੀ ਸੇਪੀ ’ਤੇ ਉਹੀ ਸਿਉਂਦਾ ਹੁੰਦਾ ਸੀ।

ਆਤੂ ਤੇ ਮੇਲੂ ਇੰਗਲੈਂਡ ਵਿੱਚ ਬੁੱਢੇ ਹੋ ਕੇ ਅਜੇ 10 ਕੁ ਸਾਲ ਪਹਿਲਾਂ ਹੀ ਪੂਰੇ ਹੋਏ ਹਨ। ਜਦੋਂ ਮੈਂ ਇੰਗਲੈਂਡ ਘੁੰਮਣ ਫਿਰਨ ਗਿਆ ਤਾਂ ਮੈਂ ਆਤੂ ਅਤੇ ਮੇਲੂ ਨੂੰ ਵੀ ਮਿਲਿਆ ਸਾਂ। ਆਤੂ ਤਾਂ ਪੂਰਾ ਅੰਨ੍ਹਾ ਹੋ ਚੁੁੱਕਾ ਸੀ ਤੇ ਮੇਲੂ ਦੇ ਗੋਡੇ ਕੰਮ ਨਹੀਂ ਸਨ ਕਰਦੇ। ਉਮਰਾਂ ਉਨ੍ਹਾਂ ਦੀਆਂ 80 ਕੁ ਸਾਲ ਦੀਆਂ ਸਨ। ਜਦੋਂ ਮੈਂ ਆਤੂ ਨੂੰ ਮਿਲਿਆ ਤਾਂ ਉਹ ਖੁਸ਼ ਤਾਂ ਹੋਇਆ ਹੀ, ਪਰ ਉਦਾਸ ਵੀ ਬਹੁਤ ਸੀ। ਕਹਿਣ ਲੱਗਾ, ‘ਬਾਈ ਸਿਹਾਂ, ਤੂੰ ਮੈਨੂੰ ਮਿਲਣ ਆਇਆ ਏਂ। ਮੈਥੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ। ਮੈਨੂੰ ਤੇਰੇ ਕੋਲੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ ਰਹੀ ਏ। ਖੁਸ਼ੀ ਦੇ ਨਾਲ ਨਾਲ ਇੱਕ ਦੁਖ ਵੀ ਏ। ਉੱਥੇ ਵੱਡੇ ਵੱਡੇ ਘਰ ਬਣਾਉਂਦੇ ਰਹੇ। ਸੋਚਦੇ ਸੀ ਕਿ ਔਲਾਦ ਉੱਥੇ ਜਾਇਆ ਕਰੂ। ਸਾਡੇ ਲੜਕੇ ਤਾਂ ਇੱਕ ਦੋ ਵਾਰ ਜਾ ਆਏ। ਸਾਡੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਤਾਂ ਉੱਧਰ ਨੂੰ ਮੂੰਹ ਵੀ ਨਹੀਂ ਕਰਦੇ। ਉਹ ਇੱਥੋਂ ਕੈਨੇਡਾ ਅਮਰੀਕਾ ਤਾਂ ਗੇੜੇ ਮਾਰ ਆਉਂਦੇ ਹਨ, ਪਰ ਪੰਜਾਬ ਵੱਲ ਜਾ ਕੇ ਰਾਜ਼ੀ ਨਹੀਂ। ਜ਼ਮੀਨਾਂ ਠੇਕੇ ’ਤੇ ਦੇ ਦਿੱਤੀਆਂ ਸੀ। ਠੇਕੇ ’ਤੇ ਲੈਣ ਵਾਲੇ ਅੱਧਾ ਪਚੱਧਾ ਠੇਕਾ ਮਾਰਨ ਲੱਗ ਪਏ। ਕਹਿਣ ਲੱਗੇ ਪਏ- ‘ਫ਼ਸਲ ਹੀ ਨਹੀਂ ਹੋਈ। ਸੋਕਾ ਪੈ ਗਿਆ। ਹੜ੍ਹ ਆ ਗਏ। ਖੜ੍ਹੀ ਫ਼ਸਲ ਤਬਾਹ ਹੋ ਗਈ।’ ਪਹਿਲਾਂ ਇੱਕ ਆਇਆ ਤਾਂ ਚਾਬੀਆਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਦੇ ਆਇਆ। ਫਿਰ ਉਹ ਰਿਸ਼ਤੇਦਾਰ ਵੀ ਇੱਧਰ ਨੂੰ ਆ ਗਿਆ। ਉਹ ਚਾਬੀਆਂ ਕਿਸੇ ਕੰਮੀ ਨੂੰ ਦੇ ਆਇਆ। ਕੰਮੀਆਂ ਦੇ ਬੱਚਿਆਂ ਦੇ ਵਿਆਹਾਂ ’ਤੇ ਵੀ ਅਸੀਂ ਉਨ੍ਹਾਂ ਨੂੰ ਪੈਸੇ ਭੇਜਦੇ ਰਹੇ ਕਿਉਂਕਿ ਉਨ੍ਹਾਂ ਨੇ ਸਾਡੇ ਘਰ ਸੰਭਾਲੇ ਹੋਏ ਸਨ। ਹੁਣ ਤਾਂ ਇਹ ਹਾਲ ਏ ਕਿ ਕੰਮੀ ਵੀ ਪੰਜਾਬ ਤੋਂ ਬਾਹਰ ਨੂੰ ਦੌੜਨ ਲੱਗ ਪਏ ਹਨ। ਉਹ ਚਾਬੀਆਂ ਕਿਹਨੂੰ ਸੰਭਾਲ ਕੇ ਆਉਣਗੇ? ਯੂ.ਪੀ, ਬਿਹਾਰ ਦੇ ਭਈਆਂ ਨੂੰ? ਬਾਈ ਸਿਹਾਂ, ਮੈਂ ਚਾਬੀਆਂ ਸੰਭਾਲਣ ਲਈ ਕਿਹਨੂੰ ਲੱਭਾਂ? ਮੈਂ ਜ਼ਮੀਨ ਜਾਇਦਾਦ ਦੀ ਰਖਵਾਲੀ ਤੇ ਸੌਦੇ ਲਈ ਮੁਖਤਿਆਰਨਾਮਾ ਕਿਹਨੂੰ ਦੇਵਾਂ? ਉੱਥੇ ਕੋਈ ਸਾਡੀ ਬੁੱਕਲ ਦਾ ਬੰਦਾ ਬਚਿਆ ਹੀ ਨਹੀਂ। ਬਾਈ ਸਿਹਾਂ, ਮੈਂ ਮੰਨਦਾ ਹਾਂ ਕਿ ਪਰਦੇਸ ਵਿੱਚ ਸੋਨੇ ਦਾ ਮੀਂਹ ਪੈਂਦਾ ਏ ਤੇ ਆਪਣੇ ਦੇਸ ਵਿੱਚ ਪੱਥਰਾਂ ਦਾ, ਫਿਰ ਵੀ ਆਪਣਾ ਦੇਸ ਚੰਗਾ ਹੁੰਦਾ ਏ।’

‘ਆਪਣਾ ਦੇਸ਼ ਚੰਗਾ ਉਦੋਂ ਹੁੰਦਾ ਏ ਜਦੋਂ ਉੱਥੇ ਸਿਸਟਮ ਵਧੀਆ ਹੋਵੇ। ਗੋਰਿਆਂ ਨੇ ਆਪਣੇ ਦੇਸ਼ ਦਾ ਸਿਸਟਮ ਇੰਨਾ ਵਧੀਆ ਬਣਾਇਆ ਹੋਇਆ ਏ ਕਿ ਲੋਕ ਉੱਥੇ ਨੂੰ ਦੌੜੇ ਆਉਂਦੇ ਹਨ। ਉੱਥੇ ਪਹੁੰਚਣ ਲਈ ਅੰਤਾਂ ਦੇ ਪੈਸੇ ਖ਼ਰਚਣ ਲਈ ਵੀ ਤਿਆਰ ਹਨ। ਗੋਰਿਆਂ ਨੂੰ ਪਤਾ ਏ ਕਿ ਜਿਹੜੇ ਇੱਕ ਵਾਰ ਉਨ੍ਹਾਂ ਦੇ ਦੇਸ਼ ਵਿੱਚ ਆ ਗਏ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵਾਪਸ ਨਹੀਂ ਜਾਣਗੀਆਂ। ਇਹ ਪੁਸ਼ਤਾਂ ਤਾਂ ਪਿੱਛੇ ਦਾ ਸਭ ਕੁਝ ਵੇਚ ਵੱਟ ਕੇ, ਇੱਕ ਦਿਨ ਇੱਧਰ ਨੂੰ ਹੀ ਲੈ ਆਉਣਗੀਆਂ। ਇਹਨੂੰ ਕਹਿੰਦੇ ਆ ਕੂਟਨੀਤੀ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਆਪਣੇ ਦੇਸ਼ਾਂ ਵਿੱਚ ਪੱਕੇ ਤਾਲੇ ਲਗਾਉਣੇ! ਲੋਕ ਦੌੜੇ ਵੀ ਆਉਣ, ਪੈਸਾ ਵੀ ਖ਼ਰਚ ਕਰਨ ਤੇ ਆਉਣ ਵਾਲੀਆਂ ਪੁਸ਼ਤਾਂ ਪੱਕੀਆਂ ਗ਼ੁਲਾਮ ਵੀ ਬਣ ਜਾਣ ਤੇ ਉੱਧਰਲਾ ਸਭ ਕੁਝ ਵੇਚ ਵੱਟ ਕੇ ਇੱਧਰ ਨੂੰ ਲੈ ਆਉਣ।’

ਆਪ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਤੇ ਮੈਨੂੰ ਬੋਲਦੇ ਨੂੰ ਸੁਣਦਾ ਹੋਇਆ ਆਤੂ ਅੰਤਾਂ ਦਾ ਭਾਵੁਕ ਹੋ ਗਿਆ। ਉਸ ਦੀਆਂ ਅੱਖਾਂ ਨਮ ਹੋ ਗਈਆਂ। ਪਿਸ਼ੌਰਾ ਉਸ ਨੂੰ ਢਾਰਸ ਦਿੰਦਾ ਹੋਇਆ ਮੈਨੂੰ ਉਸ ਪਾਸੋਂ ਉਠਾ ਕੇ ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਉਹ ਤਾਂ ਮੇਰੇ ਹਾਣ ਦਾ ਹੀ ਸੀ। ਉਹ ਮੇਰੀ ਜਮਾਤ ਵਿੱਚੋਂ ਨਾਮਾ ਕਟਵਾ ਕੇ ਉਦੋਂ ਸੰਨ ’64 ਵਿੱਚ ਇੰਗਲੈਂਡ ਨੂੰ ਆਇਆ ਸੀ। ਫਿਰ ਮੈਂ ਉਸ ਨਾਲ ਇੰਗਲੈਂਡ ਅਤੇ ਪੰਜਾਬ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ।

ਸੰਪਰਕ: +61-437-641-033

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All