ਹਰਸ਼ਵਿੰਦਰ
ਅਮਰੀਕਾ ਚੀਨ ਵਰਗੀਆਂ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਦਾ ਖਿੱਤਾ ਭੂ-ਸਿਆਸੀ ਤੌਰ ‘ਤੇ ਬੇਹੱਦ ਅਹਿਮ ਹੈ। ਇਹ ਖੇਤਰ ਮੁੱਖ ਬੰਦਰਗਾਹਾਂ ਅਤੇ ਸਿਆਸੀ ਚੌਕੀਆਂ ਦਾ ਅੱਡਾ ਹੈ। ਆਰਥਿਕ-ਵਪਾਰਕ ਪੱਖ ਤੋਂ ਇਸ ਖਿੱਤੇ ਦੀ ਖ਼ਾਸ ਅਹਿਮੀਅਤ ਹੈ। ਇਸ ਖੇਤਰ ਨਾਲ ਲੱਗਦੇ ਬਹੁਤੇ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਬਜਟ ਦਾ ਵੱਡਾ ਹਿੱਸਾ ਫੌਜ ਉੱਤੇ ਲਾ ਰਹੇ ਹਨ। ਅਮਰੀਕਾ ਇਸ ਖਿੱਤੇ ਨੂੰ ਆਪਣੀ ਗਲੋਬਲੀ ਚੌਧਰ ਲਈ ਮਹੱਤਵਪੂਰਨ ਸਮਝਦਾ ਹੈ ਜਿਸ ਦੇ ਨਤੀਜੇ ਵਜੋਂ ਅਮਰੀਕਾ ਇਸ ਖਿੱਤੇ ਨੇੜਲੇ ਦੇਸ਼ਾਂ ਨਾਲ ਕੂਟਨੀਤਕ, ਸਿਆਸੀ, ਆਰਥਿਕ ਅਤੇ ਸੁਰੱਖਿਆ ਪਹਿਲਕਦਮੀਆਂ ਰਾਹੀਂ ਆਪਣੇ ਸਬੰਧ ਮਜ਼ਬੂਤ ਕਰਨ ਦੀ ਨੀਤੀ ‘ਤੇ ਚੱਲ ਰਿਹਾ ਹੈ। ਇੱਕ ਵਿਸ਼ੇਸ਼ ਇਤਿਹਾਸਕ ਦੌਰ ਅੰਦਰ ਸੋਵੀਅਤ ਯੂਨੀਅਨ ਨੂੰ ਘੇਰਨ ਲਈ ਅਮਰੀਕਾ ਨੇ ਅਟਲਾਂਟਿਕ ਮਹਾਂਸਾਗਰ ਨੇੜਲੇ ਮੁਲਕਾਂ ਵਿਚ ਨਾਟੋ ਗੁੱਟ ਬਣਾਇਆ ਸੀ ਤੇ ਹੁਣ ਬਦਲਦੇ ਸੰਸਾਰ ਸਮੀਕਰਨਾਂ ਤਹਿਤ ਅਮਰੀਕਾ ਚੀਨ ਨੂੰ ਘੇਰਨ ਲਈ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੇੜਲੇ ਮੁਲਕਾਂ ਵਿਚ ਨਾਟੋ ਪਲੱਸ ਦਾ ਗੁੱਟ ਕਾਇਮ ਕਰਨ ਦੇ ਯਤਨ ਕਰ ਰਿਹਾ ਹੈ।
ਅਮਰੀਕਾ ਹਿੰਦ ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿਚ ਚੀਨ ਦੇ ਵਧਦੇ ਪ੍ਰਭਾਵ ਤੋਂ ਲਗਾਤਾਰ ਚਿੰਤਤ ਹੈ। ਉਸ ਦੀ ‘ਮੁਕਤ ਅਤੇ ਖੁੱਲ੍ਹਾ ਹਿੰਦ ਪ੍ਰਸ਼ਾਂਤ ਖੇਤਰ’ ਦੀ ਨੀਤੀ ਦਾ ਉਦੇਸ਼ ਚੀਨ ਪ੍ਰਭਾਵ-ਮੁਕਤ ਖੇਤਰ ਤੋਂ ਹੈ। ਉਧਰ ਚੀਨ ਵੀ ਲਗਾਤਾਰ ਇਸ ਖੇਤਰ ਵਿਚ ਆਪਣੇ ਆਰਥਿਕ ਪ੍ਰਭਾਵ ਦੇ ਨਾਲ ਨਾਲ ਆਪਣੀ ਫੌਜੀ ਸਮਰੱਥਾ ਵਧਾ ਰਿਹਾ ਹੈ। ਇਸ ਖਿੱਤੇ ਵਿਚ ਵਧਦੇ ਚੀਨੀ ਪ੍ਰਭਾਵ ਨੂੰ ਅਮਰੀਕਾ ਆਪਣੇ ਕੌਮਾਂਤਰੀ ਸੁਰੱਖਿਆ ਹਿੱਤਾਂ ਲਈ ਸੰਭਾਵੀ ਖਤਰੇ ਵਜੋਂ ਦੇਖਦਾ ਹੈ। ਅਮਰੀਕਾ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਇਸ ਖੇਤਰ ਵਿਚ ਕੁਆਡ ਗੱਠਜੋੜ ਰਾਹੀਂ ਭਾਈਵਾਲੀ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਅਮਰੀਕਾ ਆਪਣੇ ਭਾਈਵਾਲਾਂ ਨਾਲ ਮਿਲ ਕੇ ਹਿੰਦ ਪ੍ਰਸ਼ਾਂਤ ਖੇਤਰ ਜੋ ਦੁਨੀਆ ਦੀਆਂ ਵੱਡੀਆਂ ਅਤੇ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਦਾ ਘਰ ਹੈ, ਉੱਪਰ ਕਾਬੂ ਰੱਖਣ ਅਤੇ ਇਹਨਾਂ ਦੇਸ਼ਾਂ ਨਾਲ ਖੁੱਲ੍ਹੇ ਤੇ ਨਿਰਪੱਖ ਵਪਾਰਕ ਸਬੰਧ ਕਾਇਮ ਰੱਖਣ ਦੀ ਦੂਰ-ਰਸ ਨੀਤੀ ਤਹਿਤ ਸਰਗਰਮ ਹੈ। ਜਿੱਥੇ ਇੱਕ ਪਾਸੇ ਅਮਰੀਕਾ ਇਸ ਖਿੱਤੇ ਵਿਚ ਆਪਣੀ ਪੁੱਗਤ ਕਾਇਮ ਕਰਨੀ ਚਾਹੁੰਦਾ ਹੈ, ਉੱਥੇ ਚੀਨ ਆਪਣੀ ਪਸਾਰਵਾਦੀ ਨੀਤੀ ਤਹਿਤ ਵਿਸ਼ਵ ਮੰਡੀ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦੌਰਾਨ ਉਸ ਦਾ ਅਮਰੀਕਾ ਨਾਲ ਟਕਰਾਅ ਦਿਨੋ-ਦਿਨ ਤਿੱਖਾ ਹੋ ਰਿਹਾ ਹੈ ਅਤੇ ਵਪਾਰਕ ਨੀਤੀ ‘ਤੇ ਚੱਲਣ ਵਾਲਾ ਚੀਨ ਆਪਣੀ ਫੌਜੀ ਤਾਕਤ ਉੱਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਚੀਨ ਵੱਲੋਂ ਗੁਆਂਢੀ ਦੇਸ਼ਾਂ ਦੀ ਸਰਹੱਦਾਂ ਵਿਚ ਦਖ਼ਲਅੰਦਾਜ਼ੀ, ਏਸ਼ੀਆ ਸਮੇਤ ਅਮਰੀਕੀ ਪ੍ਰਭਾਵ ਵਾਲੇ ਮੁਲਕਾਂ ਵਿਚ ਵਪਾਰਕ ਪਸਾਰਾ ਅਤੇ ਸੰਸਾਰ ਵਪਾਰ ਦੇ ਖੇਤਰ ਵਿਚ ਅਮਰੀਕੀ ਡਾਲਰ ਨੂੰ ਚੁਣੌਤੀ ਭਵਿੱਖ ਵਿਚ ਨਵੀਂ ਸਫਬੰਦੀ ਦੇ ਸਪੱਸ਼ਟ ਸੰਕੇਤ ਹਨ।
ਇਸ ਤੋਂ ਇਲਾਵਾ ਹੀਰੋਸ਼ੀਮਾ ਵਿਚ ਹੋਈ ਜੀ-7 ਦੀ ਮਿਲਣੀ ਦਾ ਮੂਲ ਏਜੰਡਾ ਭਾਵੇਂ ਰੂਸ-ਯੂਕਰੇਨ ਜੰਗ ਸੀ ਜਿਸ ਤਹਿਤ ਰੂਸ ਉੱਤੇ ਹੋਰ ਪਾਬੰਦੀਆਂ ਮੜ੍ਹੀਆਂ ਗਈਆਂ ਪਰ ਇਸ ਮੀਟਿੰਗ ਦਾ ਅਸਲ ਕੇਂਦਰ ਬਿੰਦੂ ਹਿੰਦ ਪ੍ਰਸ਼ਾਂਤ ਖਿੱਤਾ ਅਤੇ ਇਸ ਖਿੱਤੇ ਵਿਚ ਚੀਨ ਦਾ ਉਭਾਰ ਰਿਹਾ। ਜੀ-7 ਤੋਂ ਇਲਾਵਾ ਇੱਥੇ ਕੁਆਡ ਸਮੂਹ ਦੀ ਮਿਲਣੀ ਵੀ ਹੋਈ। ਇਸ ਮੀਟਿੰਗ ਵਿਚ ਪੂਰਬੀ ਅਤੇ ਦੱਖਣੀ ਚੀਨੀ ਸਮੁੰਦਰ ਦਾ ਜ਼ਿਕਰ, ਚੀਨ ਦਾ ਹਮਲਾਵਰ ਰੁਖ, ਇਸ ਦੇ ਵਧਦੇ ਫੌਜੀ ਅੱਡੇ, ਚੀਨੀ ਵਪਾਰ ਤੋਂ ਨਿਰਭਰਤਾ ਘਟਾਉਣਾ ਆਦਿ ਦਿਖਾਉਂਦਾ ਹੈ ਕਿ ਚੀਨ ਦੇ ਵਧਦੇ ਪ੍ਰਭਾਵ ਨੂੰ ਅਮਰੀਕੀ ਸਾਮਰਾਜ ਅਤੇ ਉਸ ਦੇ ਭਾਈਵਾਲ ਪੱਛਮੀ ਮੁਲਕ ਗੰਭੀਰ ਚੁਣੌਤੀ ਵਜੋਂ ਲੈ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਨੇ ਚੀਨ ਫੇਰੀ ਦੌਰਾਨ ਪੱਛਮ ਦੀ ਆਲੋਚਨਾ ਨੂੰ ਨਕਾਰ ਕੇ ਨਵੇਂ ਸਮਝੌਤੇ ਸਹੀਬੱਧ ਕੀਤੇ ਤੇ ਇਹ ਸਮਝੌਤੇ ਕਰਦਿਆਂ ਪੇਈਚਿੰਗ ਨੇ ਸੰਕੇਤ ਦਿੱਤਾ ਕਿ ਉਹ ਕੋਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਰਹੇ।
ਅਮਰੀਕਾ ਤੇ ਚੀਨ ਦੁਆਰਾ ਹਿੰਦ ਪ੍ਰਸ਼ਾਂਤ ਖਿੱਤੇ ‘ਚ ਚੌਧਰ ਲਈ ਆਹਮੋ-ਸਾਹਮਣੇ ਹੋਣਾ ਆਲਮੀ ਸਿਆਸਤ ਦਾ ਕੇਂਦਰ ਬਣ ਰਿਹਾ ਹੈ। ਇਸ ਲਈ ਭਾਰਤ ਦੀ ਭੂਮਿਕਾ ਭੂ-ਸਿਆਸੀ ਤੌਰ ‘ਤੇ ਵਧ ਗਈ ਹੈ। ਇਸ ਦੇ ਟਾਕਰੇ ਲਈ ਕੁਆਡ ਦੇਸ਼ਾਂ ਨੂੰ ਸਰਗਰਮ ਭੂਮਿਕਾ ਰਾਹੀਂ ਯੁੱਧ ਦੀ ਤਿਆਰੀ ਤੋਂ ਪਹਿਲਾਂ ਵਾਲੇ ਮਾਹੌਲ ‘ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਿੰਦ ਪ੍ਰਸ਼ਾਂਤ ਖਿੱਤੇ ਦੇ ਨਿੱਕੇ ਟਾਪੂ ਵੀ ਮੱਹਤਤਾ ਗ੍ਰਹਿਣ ਕਰ ਗਏ ਹਨ। ਵਿਵਾਦਤ ਚੀਨੀ ਟਾਪੂ ਤਾਈਵਾਨ ਦੇ ਆਗੂ ਅਮਰੀਕਾ ਨਾਲ ਸਿੱਧੀਆਂ ਬੈਠਕਾਂ ਕਰ ਰਹੇ ਹਨ। ਫਿਲਪੀਨਜ਼ ਨੇ ਅਪਰੈਲ ਵਿਚ ਅਮਰੀਕੀ ਅਤੇ ਆਸਟਰੇਲਿਆਈ ਫੌਜਾਂ ਨਾਲ ਸਾਂਝੇ ਫੌਜੀ ਅਭਿਆਸ ਕੀਤੇ।
ਇਸ ਦੇ ਉਲਟ ਚੀਨ ਦਾ ਨਿਵੇਸ਼, ਉੱਤਰੀ ਅਮਰੀਕਾ ਅਤੇ ਯੂਰੋਪ ਦੇ ਉੱਨਤ ਪੂੰਜੀਵਾਦੀ ਦੇਸ਼ਾਂ ਤੋਂ ਇਲਾਵਾ ਲਾਤੀਨੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤੱਕ ਫੈਲਿਆ ਹੋਇਆ ਹੈ। ਪ੍ਰਸ਼ਾਂਤ ਖੇਤਰ ਵਿਚ ਕੁਦਰਤੀ ਸਰੋਤ ਕੱਢਣ ਵਾਲੇ ਉਦਯੋਗਾਂ ਵਿਚ ਚੀਨ ਦੀ ਪ੍ਰਮੁੱਖ ਭੂਮਿਕਾ ਹੈ। 2019 ਵਿਚ ਚੀਨ ਨੇ ਇਸ ਖੇਤਰ ਵਿਚੋਂ 3.3 ਬਿਲੀਅਨ ਡਾਲਰ ਦੇ ਸਮੁੰਦਰੀ ਭੋਜਨ, ਲੱਕੜ ਅਤੇ ਹੋਰ ਖਣਿਜ ਹਾਸਲ ਕੀਤੇ। ਇਸ ਖਿੱਤੇ ਵਿਚ ਚੀਨ ਕੋਲ 290 ਜਹਾਜ਼ ਹਨ ਜੋ ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ਾਂ ਦੇ ਜਹਾਜ਼ਾਂ ਦੀ ਕੁਲ ਗਿਣਤੀ ਤੋਂ ਵੱਧ ਹਨ। ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਦੀ ਲੱਕੜ ਦੀ 90% ਤੋਂ ਵੱਧ ਬਰਾਮਦ ਚੀਨ ਨੂੰ ਜਾਂਦੀ ਹੈ। ਵੈਨੂਆਟੂ, ਟੋਂਗਾ ਅਤੇ ਪਲਾਊ ਨਾਲ ਵੀ ਉਸ ਦਾ ਚੋਖਾ ਕਾਰੋਬਾਰ ਹੈ। ਪਿਛਲੇ 20 ਸਾਲਾਂ ਵਿਚ ਚੀਨੀ ਕੰਪਨੀਆਂ ਨੇ ਪ੍ਰਸ਼ਾਂਤ ਖੇਤਰ ਵਿਚ ਖਾਣਾਂ ਦੀ ਖੁਦਾਈ ਵਿਚ 2 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਪੱਸ਼ਟ ਹੈ ਕਿ ਇਹ ਖੇਤਰ ਚੀਨ ਲਈ ਅਹਿਮ ਹੈ। ਚੀਨ ਹੁਣ ਪ੍ਰਸ਼ਾਂਤ ਵਿਚ ਲਗਭਗ ਇੱਕ ਦਰਜਨ ਟਾਪੂ ਦੇਸ਼ਾਂ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿਚ ਪੁਲੀਸ, ਸੁਰੱਖਿਆ ਅਤੇ ਡੇਟਾ ਸੰਚਾਰ ਸ਼ਾਮਲ ਹੋਵੇਗਾ। ਜੇ ਇਹ ਸੌਦਾ ਸਿਰੇ ਚੜ੍ਹਦਾ ਹੈ ਤਾਂ ਇਸ ਪੂਰੇ ਖੇਤਰ ਵਿਚ ਚੀਨ ਆਪਣੇ ਪ੍ਰਭਾਵ ਨੂੰ ਵੱਡੇ ਪੱਧਰ ‘ਤੇ ਵਧਾ ਲਵੇਗਾ।
ਅਮਰੀਕਾ ਕੁਆਡ ਨੂੰ ਬੱਝਵੇਂ ਪ੍ਰਭਾਵ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਨਾਟੋ ਗੁੱਟ ਦਾ ਮੁਹਾਣ ਰੂਸ ਤੋਂ ਬਾਅਦ ਮੁੱਖ ਤੌਰ ‘ਤੇ ਚੀਨ ਵੱਲ ਮੋੜਨ ਲਈ ਯਤਨਸ਼ੀਲ ਹੈ। ਇਸ ਭੂ-ਸਿਆਸਤ ਦੇ ਚੱਲਦਿਆਂ ਪੱਛਮ ਚੀਨ ਨਾਲ ਵਪਾਰ ਘਟਾ ਕੇ ਵੱਧ ਆਬਾਦੀ ਵਾਲੇ ਭਾਰਤ ਨੂੰ ਵੱਡੀ ਮੰਡੀ ਵਜੋਂ ਦੇਖ ਰਿਹਾ ਹੈ। ਕੁਆਡ ਗੈਰ-ਤਜਰਬੇਕਾਰ ਗੁੱਟ ਹੈ, ਇਸ ਨੂੰ ਫਿਲਹਾਲ ਏਸ਼ੀਆ ਦੇ ਨਾਟੋ ਵਜੋਂ ਤਾਂ ਨਹੀਂ ਲਿਆ ਜਾ ਸਕਦਾ ਪਰ ਨਾਟੋ ਪਲੱਸ ਅਮਰੀਕਾ ਦੀ ਏਸ਼ੀਆ ਵਿਚ ਨਵੀਂ ਫੌਜੀ ਕੂਟਨੀਤੀ ਹੈ। ਜਪਾਨ ਕੋਲ ਵਿਦੇਸ਼ੀ ਫੌਜੀ ਤਜਰਬਾ ਬਹੁਤ ਘੱਟ ਹੈ। ਭਾਰਤ ਦੀ ਮੁੱਖ ਫੌਜੀ ਚੁਣੌਤੀ ਚੀਨ ਹੀ ਨਹੀਂ ਸਗੋਂ ਪਾਕਿਸਤਾਨ ਵੀ ਰਿਹਾ ਹੈ। ਭਾਰਤ ਰਵਾਇਤੀ ਤੌਰ ‘ਤੇ ਫੌਜੀ ਸਮੱਗਰੀ ਦੀ ਪੂਰਤੀ ਲਈ ਅਮਰੀਕਾ ਨਾਲੋਂ ਰੂਸ ‘ਤੇ ਵੱਧ ਨਿਰਭਰ ਰਿਹਾ ਹੈ। ਸਾਮਰਾਜਵਾਦੀ ਅਤੀਤ ਦੀਆਂ ਜੜ੍ਹਾਂ ਵਾਲੇ ਜਪਾਨ ਦਾ ਦੱਖਣੀ ਕੋਰੀਆ ਦੇ ਨਾਲ ਟੁੱਟਵੇਂ ਸਬੰਧਾਂ ਦਾ ਇਤਿਹਾਸ ਵੀ ਹੈ ਪਰ ਅਜਿਹੀਆਂ ਕਮਜ਼ੋਰੀਆਂ ਦੇ ਬਾਵਜੂਦ ਵੱਡੀਆਂ ਉਦਯੋਗਕ ਸ਼ਕਤੀਆਂ ਵਿਚਕਾਰ ਇਹ ਗਠਜੋੜ ਚੀਨ ਲਈ ਸਿਰਦਰਦੀ ਖੜ੍ਹੀ ਕਰ ਸਕਦਾ ਹੈ।
20 ਮਾਰਚ 2023 ਨੂੰ ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਅਤੇ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਮਰਪਿਤ ‘ਮੁਕਤ ਅਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖਿੱਤੇ ਲਈ’ ਲਈ 75 ਬਿਲੀਅਨ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ। ਜਪਾਨ (ਕੁਆਡ ਮੈਂਬਰ) ਵਿਚ ਹੋਈ ਜੀ-7 ਦੀ ਮਿਲਣੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਮੁਕਤ, ਖੁੱਲ੍ਹਾ ਅਤੇ ਵਿਆਪਕ ਬਣਾਉਣ ਦੇ ਨਜ਼ਰੀਏ ਨਾਲ ਵਿਹਾਰਕ ਕੰਮ ਕੀਤਾ ਜਾ ਰਿਹਾ ਹੈ।
ਆਸਟਰੇਲੀਆ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਲੰਮੀ ਦੂਰੀ ਦੇ ਸਟ੍ਰਾਈਕ ਹਥਿਆਰਾਂ, ਇਲੈਕਟ੍ਰਾਨਿਕ ਯੁੱਧ ਅਤੇ ਸਾਈਬਰ ਰੱਖਿਆ ਵਰਗੇ ਖੇਤਰਾਂ ਵਿਚ ਦੇਸ਼ ਦੀ ਫੌਜੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਫੰਡ ਮੁਹੱਈਆ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪਣਡੁੱਬੀਆਂ, ਲੜਾਕੂ ਜਹਾਜ਼ਾਂ ਅਤੇ ਬਖਤਰਬੰਦ ਵਾਹਨਾਂ ਸਮੇਤ ਨਵੇਂ ਫੌਜੀ ਸਾਜ਼ੋ-ਸਾਮਾਨ ਹਾਸਲ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਆਸਟਰੇਲੀਆ ਨੂੰ ਅਮਰੀਕੀ ਤਰਜ਼ ‘ਤੇ ਆਸਟਰੇਲੀਆ ਫੌਜੀ ਉਦਯੋਗ ਕੰਪਲੈਕਸ ਬਣਾਉਣ ਦੀਆਂ ਸਲਾਹਾਂ ਵੀ ਮਿਲ ਰਹੀਆਂ ਹਨ। ਆਸਟਰੇਲੀਆ ਯੂਨੀਵਰਸਿਟੀਆਂ ਨੂੰ ਜਿੱਥੇ ਪਹਿਲਾਂ ਪਰਵਾਸ ਨੀਤੀਆਂ ਤਹਿਤ ਹੁਨਰਮੰਦ ਕਾਮੇ ਪੈਦਾ ਕਰਨ ਲਈ ਵਰਤਦਾ ਰਿਹਾ, ਹੁਣ ਫੌਜੀਕਰਨ ਲਈ ਸਮੁੰਦਰੀ ਇੰਜਨੀਅਰਿੰਗ ਦੇ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਪ੍ਰਬੰਧਕ ਵਿਨਾਸ਼ ਲਈ ਨਵੀਨਤਮ ਹਥਿਆਰ ਬਣਾਉਣ ਨੂੰ ਇਤਿਹਾਸਕ ਕੰਮ ਵਜੋਂ ਪ੍ਰਚਾਰ ਰਹੇ ਹਨ। ਪੱਛਮੀ ਆਸਟਰੇਲੀਆ (ਜਿੱਥੇ ਖਾਣ ਖੁਦਾਈ ਦਾ ਕੰਮ ਵੱਡੇ ਪੱਧਰ ‘ਤੇ ਹੁੰਦਾ ਹੈ) ਦੀ ਸਰਕਾਰ ਨੇ ਰੱਖਿਆ ਉਦਯੋਗ ਦੇ ਕਾਮਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਬਲਿਕ ਯੂਨੀਵਰਸਿਟੀਆਂ ਨੂੰ 2.5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਕੈਟਰੀਓਨਾ ਜੈਕਸਨ (ਆਸਟਰੇਲੀਆ ਯੂਨੀਵਰਸਿਟੀ ਦੀ ਮੁਖੀ) ਅਮਰੀਕੀ ਦੌਰੇ ਦੌਰਾਨ ਵਿਦੇਸ਼ ਵਿਭਾਗ ਦੇ ਕੌਮੀ ਸੁਰੱਖਿਆ ਅਧਿਕਾਰੀਆਂ ਨਾਲ ਇਹ ਜਾਣਨ ਲਈ ਮੀਟਿੰਗ ਕਰ ਰਹੀ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਨੂੰ ਅਮਰੀਕੀ ਫੌਜੀ ਉਦਯੋਗਕ ਕੰਪਲੈਕਸ ਦੀਆਂ ਲੋੜਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਤਾਂ ਜੋ ਇਹ ਤਜਰਬਾ ਆਸਟਰੇਲੀਆ ਵਿਚ ਲਾਗੂ ਕੀਤਾ ਜਾ ਸਕੇ।
ਅਮਰੀਕੀ ਸਾਮਰਾਜ ਨੇ ਪਹਿਲਾਂ ਆਪਣੇ ਪੁਰਾਣੇ ਵਿਰੋਧੀ ਰੂਸ ਨੂੰ ਯੂਕਰੇਨ ਜੰਗ ਵਿਚ ਧੱਕ ਦਿੱਤਾ ਅਤੇ ਹੁਣ ਉਹ ਆਪਣੇ ਮੁੱਖ ਦੁਸ਼ਮਣ ਚੀਨ ਦੇ ਵਧਦੇ ਸਾਮਰਾਜੀ ਪ੍ਰਭਾਵ ਨੂੰ ਬੰਨ੍ਹ ਮਾਰਨ ਲਈ ਤਰ੍ਹਾਂ ਤਰ੍ਹਾਂ ਦੀ ਤਿਕੜਮਬਾਜ਼ੀ ਕਰ ਰਿਹਾ ਹੈ। ਉਸ ਦੀ ਚੀਨ-ਤਾਈਵਾਨ ਦੇ ਘਰੇਲੂ ਕਲੇਸ਼ ਵਿਚ ਦਖ਼ਲਅੰਦਾਜ਼ੀ ਤਾਈਵਾਨ ਨੂੰ ਦੂਸਰਾ ਯੂਕਰੇਨ ਬਣਾਉਣ ਦੀ ਬਦਨੀਤੀ ਦਾ ਹਿੱਸਾ ਹੈ। ਯੂਕਰੇਨ ਜੰਗ ਨੇ ਜਿੱਥੇ ਪੂਰੀ ਦੁਨੀਆ ਨੂੰ ਮਹਿੰਗਾਈ ਦੀ ਭੱਠੀ ਵਿਚ ਝੋਕ ਦਿੱਤਾ, ਉੱਥੇ ਇਸ ਨੇ ਯੂਕਰੇਨ ਦੀ ਤਬਾਹੀ ਅਤੇ ਯੂਰੋਪੀਅਨ ਦੇਸ਼ਾਂ ਨੂੰ ਵੱਡੇ ਆਰਥਿਕ-ਸਮਾਜਿਕ ਸੰਕਟ ਵਿਚ ਫਸਾ ਦਿੱਤਾ ਹੈ। ਅਮਰੀਕੀ ਸਾਮਰਾਜ ਦੀ ਹਿੰਦ ਪ੍ਰਸ਼ਾਂਤ ਖੇਤਰ ਵਿਚ ਦਖ਼ਲਅੰਦਾਜ਼ੀ ਏਸ਼ੀਆ ਦੇ ਵੱਖ ਵੱਖ ਮੁਲਕਾਂ ਦੇ ਕੂਟਨੀਤਕ-ਸਿਆਸੀ ਸਬੰਧਾਂ ਵਿਚ ਵਿਗਾੜ ਅਤੇ ਸਰਹੱਦੀ ਰੌਲਿਆਂ ਨੂੰ ਹੱਲਾਸ਼ੇਰੀ ਦੇਵੇਗੀ। ਹਿੰਦ ਪ੍ਰਸ਼ਾਂਤ ਖਿੱਤੇ ਵਿਚ ਰੂਸ-ਚੀਨ ਵਰਗੇ ਵੱਡੇ ਵਿਰੋਧੀਆਂ ਦੀ ਮੌਜੂਦਗੀ ‘ਚ ਅਮਰੀਕੀ ਸਾਮਰਾਜ ਦੀ ਇਹ ਦਖ਼ਲਅੰਦਾਜ਼ੀ ਏਸਿ਼ਆਈ ਖਿੱਤੇ ਲਈ ਭਵਿੱਖ ਵਿਚ ਬੇਹੱਦ ਘਾਤਕ ਸਾਬਤ ਹੋ ਸਕਦੀ ਹੈ।
ਸੰਪਰਕ: +61414101993