ਕਲਾ ਸਾਧਨਾ

ਕਲਾਕਾਰ ਦੇ ਜੀਵਨ ਵਿਚ ਸਟੂਡੀਓ ਦੀ ਅਹਿਮੀਅਤ

ਕਲਾਕਾਰ ਦੇ ਜੀਵਨ ਵਿਚ ਸਟੂਡੀਓ ਦੀ ਅਹਿਮੀਅਤ

ਪ੍ਰੇਮ ਸਿੰਘ

ਸਟੂਡੀਓ ਕਲਾਕਾਰ ਦਾ ਜ਼ਰੂਰੀ ਹਿੱਸਾ ਹੈ ਜਿੱਥੇ ਦਿਨ ਪ੍ਰਤੀ ਦਿਨ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਲਾਂਭੇ ਰੱਖ ਕੇ ਆਪਣੀ ਸੋਚ ਅਤੇ ਵਿਚਾਰਾਂ ਦੇ ਪ੍ਰਗਟਾਉਣ ’ਤੇ ਧਿਆਨ ਕੇਂਦਰਿਤ ਕਰਦਾ ਹੈ। ਸਟੂਡੀਓ ਮਨ ਦੇ ਪ੍ਰਗਟਾਅ ਲਈ ਤੇ ਘਰ ਸਰੀਰਕ ਕਿਰਤ ਲਈ। ਇਹ ਸਭ ਨੂੰ ਨਸੀਬ ਨਹੀਂ ਹੁੰਦਾ।

ਇਤਿਹਾਸ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਸਟੂਡੀਓ ਬਣਾਉਣ ਦਾ ਰਿਵਾਜ 15ਵੀਂ ਅਤੇ 16ਵੀਂ ਸਦੀ ਵੇਲੇ ਸ਼ੁਰੂ ਹੋਇਆ ਜਦੋਂ ਯੂਰੋਪ ਵਿਚ ਮੱਧਯੁਗ ਤੋਂ ਆਧੁਨਿਕਤਾ ਵੱਲ ਤਬਦੀਲੀ ਹੋ ਰਹੀ ਸੀ। ਇਸ ਸਮੇਂ ਦੇ ਸ਼ਾਹਕਾਰ ਚਿੱਤਰਕਾਰ ਰੈਂਮਬਰਾਂ ਨੇ ਤਾਂ ਆਪੇ ਨੂੰ ਆਪਣੇ ਸਟੂਡੀਓ ਦੀ ਪਿੱਠਭੂਮੀ ’ਚ ਪੇਂਟ ਕੀਤਾ।

ਸਟੂਡੀਓ ਤੋਂ ਭਾਵ ਹੈ ਚਿੰਤਨ ਲਈ ਇਕ ਕਮਰਾ। ਕਲਾ ਭਾਵਨਾ ਹੈ। ਭਾਵਨਾਵਾਂ ਦੀ ਰਾਸਲੀਲਾ ਕਲਾਕਾਰ ਦਾ ਰਚਨਾਤਮਿਕ ਅਤੇ ਕਾਲਪਨਿਕ ਸੰਸਰ ਰਚਦੀ ਹੈ। ਜਿਵੇਂ ਸਰੀਰ ਨੂੰ ਆਤਮਾ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਤਿਵੇਂ ਹੀ ਚਿੱਤਰ ਨਾਲੋਂ ਭਾਵ ਅਲੱਗ ਨਹੀਂ ਕੀਤਾ ਜਾ ਸਕਦਾ। ਸਟੂਡੀਓ ਉਹ ਥਾਂ ਹੈ ਜਿੱਥੇ ਚਿੰਤਨ ਅਤੇ ਅਭਿਆਸ ਮਿਲ ਕੇ ਰਚਨਾਤਮਿਕਤਾ ਦਾ ਪ੍ਰਕਾਸ਼ ਹੁੰਦਾ ਹੈ। ‘ਆਪਣਾ ਮਨ - ਆਪਣੀ ਥਾਂ’ ਦਾ ਆਨੰਦ ਸ਼ਬਦਾਂ ਦੇ ਘੇਰੇ ਵਿਚ ਨਹੀਂ ਆ ਸਕਦਾ।

ਜਦੋਂ ਅਸੀਂ ਅਜਾਇਬਘਰਾਂ, ਗੈਲਰੀਆਂ ਜਾਂ ਖੁੱਲ੍ਹੇ ਆਸਮਾਨ ਥੱਲੇ ਸੁਸਜਿਤ ਕਲਾਕ੍ਰਿਤਾਂ ਦੇ ਰੂ-ਬ-ਰੂ ਹੁੰਦੇ ਹਾਂ ਤਾਂ ਸਹਿਜੇ ਹੀ ਮਨ ’ਚ ਵਿਚਾਰ ਪੈਦਾ ਹੁੰਦਾ ਹੈ ਕਿ ਚਿੱਤਰਕਾਰ ਨੇ ਕਿੱਥੇ ਬੈਠ ਕੇ ਇਨ੍ਹਾਂ ਦੀ ਸਿਰਜਣਾ ਕੀਤੀ ਹੋਵੇਗੀ।

ਇਕਾਂਤਵਾਸ ਵਿਚ ਅੰਤਰਮੁਖੀ ਹੋ ਕੇ ਚਿੱਤਰ ਦੀ ਕਲਪਨਾ ਕਰਨਾ ਤੇ ਫਿਰ ਆਪਣੇ ਰਚਨਾਤਮਿਕ ਹੁਨਰ ਨਾਲ ਇਸ ਨੂੰ ਸਾਕਾਰ ਕਰਨਾ ਇਕ ਬ੍ਰਹਮ ਕਾਰਜ ਹੈ। ਸਿਰਜਣਾ ਇਕ ਐਸੀ ਚੁੱਪ ਸਰਗਰਮੀ ਹੈ ਜੋ ਸਦਾ ਵਗਦੇ ਦਰਿਆ ਵਾਂਗ ਹੈ। ਇਸ ਨੂੰ ਆਪਣੀ ਹੋਂਦ ਲਈ ਬਦਲਦੀਆਂ ਰੁੱਤਾਂ, ਤਪਸ਼, ਠੰਢ, ਕੋਰਾ, ਬਰਫ਼, ਮੀਂਹ, ਝੱਖੜ, ਹਨੇਰੀ, ਤੂਫ਼ਾਨ ਆਦਿ ਦਾ ਕਹਿਰ ਵੀ ਝੱਲਣਾ ਪੈਂਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਉਸ ਦੀਆਂ ਜੜ੍ਹਾਂ ਵਿਚ ਲੋੜੀਂਦੀ ਗਹਿਰਾਈ ਤੇ ਪਕੜ ਹੈ। ਕਲਾ ਸਿਰਜਣਾ ਪ੍ਰਕਿਰਿਆ ਨੂੰ ਜੀਵੰਤ ਰੱਖਣਾ ਇਕ ਸਾਹਸੀ ਤੇ ਦਲੇਰਾਨਾ ਕੰਮ ਹੈ। ਦੁਹਰਾਓ ਲਈ ਇਸ ਵਿਚ ਕੋਈ ਥਾਂ ਨਹੀਂ। ਇਹ ਪਸ਼ੂ-ਪੰਛੀਆਂ ਵਿਚ ਮਿਲਦਾ ਹੈ। ਸਪਸ਼ਟ ਮਾਨਸਿਕ ਯੋਗਤਾਵਾਂ ਮਨੁੱਖ ਨੂੰ ਇਸ ਤੋਂ ਵੱਖਰਾ ਕਰਦੀਆਂ ਹਨ।

ਅਟੱਲ ਸਚਾਈ ਦੇ ਹੁੰਦਿਆਂ ਅਸੀਂ ਹਨੇਰੇ ਵਿਚ ਰਹਿੰਦੇ ਹਾਂ। ਹਕੀਕਤ ਦੀ ਗ਼ਰੀਬੀ ਤੋਂ ਅਣਜਾਣ ਅਸੀਂ ਆਪਣੀਆਂ ਗਿਆਨ ਇੰਦਰੀਆਂ ਤੋਂ ਪਰ੍ਹਾਂ ਵੇਖਣ ਦੇ ਇੱਛੁਕ ਹੀ ਨਹੀਂ ਰਹੇ। ਇਹ ਪ੍ਰਵਿਰਤੀ ਕੋਈ ਚੰਗਾ ਸੰਕੇਤ ਨਹੀਂ ਦਿੰਦੀ। ਕਲਾ ਜੀਵਨ ਪ੍ਰਤੀ ਇਕ ਵਚਨਬੱਧਤਾ ਹੈ। ਕਲਾਕਾਰ ਕੁਦਰਤ ਨਾਲ ਇਕ ਬੰਧਨ ਸਥਾਪਤ ਕਰਦਾ ਹੈ। ਇਸ ਸਾਂਝ ਸਦਕਾ ਉਸ ਨੂੰ ਅਨੇਕ ਅਨੁਭਵ ਤੇ ਅਹਿਸਾਸ ਹੁੰਦੇ ਹਨ। ਇਨ੍ਹਾਂ ਵਿਚੋਂ ਹੀ ਕੁਝ ਅਨੁਭਵ ਕਲਾਕਾਰ ਦੀ ਅੰਦਰੂਨੀ ਪ੍ਰੇਰਨਾ ਬਣ ਕੇ ਉੱਭਰਦੇ ਹਨ। ਇਨ੍ਹਾਂ ਦੇ ਚਿੱਤਰਣ ਤੇ ਤਰਾਸ਼ਣ ਵਿਚ ਉਸ ਨਾਲ ਪਰੰਪਰਾ ਦਾ ਉਤਸ਼ਾਹ, ਸਮੇਂ ਦੀ ਸੰਵੇਦਨਸ਼ੀਲਤਾ ਤੇ ਗਿਆਨ ਇੰਦਰੀਆਂ ਤੋਂ ਪਰ੍ਹਾਂ ਵੇਖਣ ਦੀ ਸ਼ਕਤੀ ਹੁੰਦੀ ਹੈ। ਚੁੱਪ ਤੇ ਚਿੱਤ ਵਿਚ ਚਲਦਾ ਸੰਵਾਦ ਕਲਾਕ੍ਰਿਤੀ ਨੂੰ ਜਨਮ ਦਿੰਦਾ ਹੈ।

ਸਟੂਡੀਓ ਖੋਜ ਲਈ ਇਕ ਜਗ੍ਹਾ ਹੈ ਜਿੱਥੇ ਕਲਾਕਾਰ ਸੰਘਰਸ਼ੀਲ ਹੋਇਆ ਆਪੇ ਦੀ ਪਹਿਚਾਣ ਤਰਾਸ਼ਦਾ ਹੈ।

ਮੇਰੇ ਬਚਪਨ ਦੇ ਮਿੱਤਰਾਂ ਨੇ ਤਾਂ ਮੇਰੇ ਅੰਦਰ ਵਸਦੇ ਕਲਾਕਾਰ ਨੂੰ ਲੱਭ ਲਿਆ ਸੀ, ਪਰ ਮੈਨੂੰ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤਣ ਲਈ ਕਈ ਵਰ੍ਹੇ ਲੱਗੇ। 1962 ਵਿਚ ਜਦੋਂ ਮੈਂ ਗਵਰਨਮੈਂਟ ਕਾਲਜ ਆਫ਼ ਆਰਟ, ਚੰਡੀਗੜ੍ਹ ਵਿਖੇ ਦਾਖ਼ਲਾ ਲਿਆ ਤਾਂ ਸ਼ਬਦ ‘ਸਟੂਡੀਓ’ ਮੇਰੀ ਕਲਾ ਦੀ ਦੁਨੀਆਂ ਵਿਚ ਆਇਆ। ਭਾਰਤੀ ਸ਼ਬਦਾਵਲੀ ’ਚ ਸਟੂਡੀਓ ਦੇ ਜੋ ਅਰਥ ਮਿਲੇ ਉਹ ਹਨ- ‘ਸ਼ਿਲਪਸ਼ਾਲਾ’, ‘ਕਲਾਸ਼ਾਲਾ’, ‘ਚਿੱਤਰਕੁਟੀਰ’। ਮੇਰੇ ਅੰਦਰ ਵੀ ਆਪਣੀ ‘ਸ਼ਿਲਪਸ਼ਾਲਾ’ ਹੋਣ ਦੀ ਇੱਛਾ ਪ੍ਰਬਲ ਹੋਈ। ਉੱਘੇ ਕਲਾਕਾਰਾਂ ਵੱਲੋਂ ਸਮੇਂ ਸਮੇਂ ਰਚੇ ਸ਼ਾਹਕਾਰ ਚਿੱਤਰ ਯਾਦਾਂ ’ਚ ਪਏ ਜਾਗ ਪਏ।

1947 ਦੀ ਵੰਡ ਸਮੇਂ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦਾ ਕੇਂਦਰ ਸ਼ਹਿਰ ਲਾਹੌਰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਹਿੱਸੇ ਆਇਆ। ਚੰਡੀਗੜ੍ਹ, ਪੰਜਾਬ ਦੀ ਨਵੀਂ ਰਾਜਧਾਨੀ ਵਜੋਂ ਉਸਰ ਰਿਹਾ ਸੀ। ਮਿਊਜ਼ੀਅਮ ਉਸਾਰੀ ਅਧੀਨ ਸੀ। ਆਰਟ ਕਾਲਜ ਦੀ ਅੱਧੀ ਇਮਾਰਤ ਮਿਊਜ਼ੀਅਮ ਦੇ ਹਵਾਲੇ ਸੀ। ਦੋ ਕੁ ਕਮਰਿਆਂ ਵਿਚ ਕਲਾ-ਸੰਗ੍ਰਹਿ ਸੀ। ਸੰਗ੍ਰਹਿ ਨੂੰ ਵੇਖਣਾ ਮੇਰੀ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਸੀ।

ਪਹਿਲੀ ਨਵੰਬਰ 1966 ਨੂੰ ਕੇਂਦਰ ਸਰਕਾਰ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਵੱਖਰਾ ਕਰਕੇ ਨਵੇਂ ਸੂਬਿਆਂ ਦਾ ਐਲਾਨ ਕਰ ਦਿੱਤਾ। ਹੱਕ ਤਾਂ ਕੋਈ ਨਹੀਂ ਸੀ ਤੇ ਨਾ ਹੀ ਕੋਈ ਠੋਸ ਕਾਰਨ, ਪਰ ਕਈ ਵਾਰੀ ਹਾਕਮ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰ ਦਿੰਦੇ ਹਨ। ਪੰਜਾਬ ਇਕ ਵਾਰ ਫਿਰ ਮਹਿਰੂਮ ਹੋ ਗਿਆ। ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਣ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ। ਪੰਜਾਬ ਦੇ ਨੇਤਾਵਾਂ ਵੱਲੋਂ ਇਸ ਸਮੇਂ ਵਿਖਾਈ ਗਈ ਬੇਰੁਖ਼ੀ ਹੈਰਾਨੀਜਨਕ ਹੈ।

ਭਾਰਤ ਸਰਕਾਰ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯੋਗਤਾ ਤੇ ਅਨੁਭਵ ਨੂੰ ਵੇਖਦੇ ਹੋਏ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ। ਸੰਸਕ੍ਰਿਤੀ ਤੇ ਸਭਿਆਚਾਰਕ ਖੇਤਰ ਸਰਗਰਮ ਹੋਇਆ। ਇਸ ਦੇ ਅੱਗੋਂ ਵਿਕਾਸ ਲਈ ਕਈ ਵੱਖ ਵੱਖ ਅਕਾਦਮੀਆਂ ਦਾ ਗਠਨ ਕੀਤਾ ਗਿਆ। ਕਲਾਕਾਰਾਂ ਨੂੰ ਸਿਰਜਣਾ ਪ੍ਰਕਿਰਿਆ ਜਾਰੀ ਰੱਖਣ ਲਈ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿਚ ਪਲਾਟ ਦਿੱਤੇ ਗਏ। ਇਹ ਵੱਖਰੀ ਗੱਲ ਹੈ ਕਿ ਸਿਰਜਣਹਾਰਿਆਂ ਨੇ ਸਟੂਡੀਓ ਨਾਲੋਂ ਘਰ ਨੂੰ ਤਰਜੀਹ ਦਿੱਤੀ। ਅੱਜ ਸ਼ਹਿਰ ਵਿਚ ਇਨ੍ਹਾਂ ਪਲਾਟਾਂ ’ਤੇ ਕੋਈ ਵੀ ਸਟੂਡੀਓ ਨਹੀਂ ਹੈ। ਹੋਰ ਤਾਂ ਹੋਰ ਡਾ. ਰੰਧਾਵਾ ਦੇ ਸੇਵਾਮੁਕਤ ਹੋਣ ਉਪਰੰਤ ਪ੍ਰਸ਼ਾਸਨ ਵਿਚੋਂ ਇਹ ਸੋਚ ਵੀ ਹਮੇਸ਼ਾ ਲਈ ਗਾਇਬ ਹੋ ਗਈ।

ਸਾਡੇ ਸਾਸ਼ਤਰ ਦੱਸਦੇ ਹਨ ਕਿ ਕਲਾ-ਸਿਰਜਣਾ (ਚਿੱਤਰ-ਯੋਗ) ਲਗਪਗ ਬ੍ਰਹਮ ਦੀ ਪੂਜਾ ਤੁਲ ਹੈ। ਕਲਾਕਾਰ ਨੂੰ ਆਪਣੇ ਕੰਮ ਪ੍ਰਤੀ ਸ਼ਰਧਾ ਤੇ ਸੰਜਮ ਰੱਖਣ ਲਈ ਆਖਿਆ ਗਿਆ ਹੈ। ਉਚਿਤ ਲਿਬਾਸ ਪਹਿਨ ਆਪਣੇ ਗੁਰੂ ਅਤੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਲੈਣ ਤੇ ਧਿਆਨ ਕੇਂਦਰਿਤ ਕਰਨ ਲਈ ਪਾਠ-ਪੂਜਾ ਲਈ ਵੀ ਪ੍ਰੇਰਿਤ ਕੀਤਾ ਹੈ। ਰੂਹ ਵਿਚ ਆਨੰਦ, ਸ਼ਾਂਤੀ ਤੇ ਸ਼ਾਂਤ ਪ੍ਰਵਿਰਤੀ ਨਾਲ ਪੱਛਮ ਵੱਲ ਮੂੰਹ ਕਰਕੇ ਸੰਪੂਰਨ ਲਗਨ ਤੇ ਬੜੀ ਸ਼ਰਧਾ ਨਾਲ ਬੈਠ ਕੇ ਸਿਰਜਣਾ ਪ੍ਰਕਿਰਿਆ ’ਚ ਸ਼ਮੂਲੀਅਤ ਕਰੋ।

ਉਪਰੋਕਤ ਸਤਰਾਂ ਤੋਂ ਪ੍ਰਤੱਖ ਹੈ ਕਿ ਚਿੱਤਰ ਯੋਗ ਦੇ ਅਭਿਆਸ ਲਈ ‘ਸ਼ਿਲਪਸ਼ਾਲਾ’ ਦਾ ਹੋਣਾ ਜ਼ਰੂਰੀ ਹੈ। ਫਰਾਂਸ ਦੇ ਚਿੱਤਰਕਾਰ ਏਡਸਰ ਡੀਗਾਸ (1834-1917) ਤੇ ਪਾਬਲੋ ਪਿਕਾਸੋ (1881-1973) ਕਲਾ ਸਿਰਜਣਾ ਲਈ ਇਕਾਂਤਵਾਸ ਦਾ ਪੁਰਜ਼ੋਰ ਹੁੰਗਾਰਾ ਭਰਦੇ ਹਨ। ਭਾਰਤੀ ਚਿੱਤਰਕਾਰ ਜੈਮਿਨੀ ਰਾਏ ਨੇ ਤਾਂ ਆਪਣੇ ਸਟੂਡੀਓ ਵਿਚ ਫੋਨ ਵੀ ਨਹੀਂ ਸੀ ਰੱਖਿਆ ਹੋਇਆ।

1954 ਵਿਚ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਲਲਿਤ ਕਲਾ ਅਕਾਦਮੀ ਦੀ ਸਥਾਪਨਾ ਕੀਤੀ ਗਈ। ਮਨੋਰਥ ਸੀ ਕਲਾ ਦੀਆਂ ਗਤੀਵਿਧੀਆਂ ਨੂੰ ਸਹੀ ਦਿਸ਼ਾ ਦੇ ਕੇ ਇਨ੍ਹਾਂ ਦੀ ਲੋੜੀਂਦੀ ਸਰਪ੍ਰਸਤੀ ਕਰਨ ਦੀ। ਆਪਣੇ ਉਦਘਾਟਨੀ ਭਾਸ਼ਨ ਵਿਚ ਕੇਂਦਰੀ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਭਾਰਤ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਇਸ ਨੂੰ ਆਧੁਨਿਕ ਕਲਾਕਾਰਾਂ ਦੇ ਕੰਮ ਨਾਲ ਹੋਰ ਅਮੀਰ ਕਰਨ ’ਤੇ ਜ਼ੋਰ ਦਿੱਤਾ। ਲੋਕਾਂ ’ਚ ਕਲਾ ਪ੍ਰਤੀ ਸੁਹਜ ਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ ਇਸ ਦਾ ਸਤਰ ਉੱਚਾ ਕਰਨ ਦੀ ਵੀ ਸਾਡੀ ਜ਼ਿੰਮੇਵਾਰੀ ਹੈ।

ਕੇਂਦਰੀ ਲਲਿਤ ਕਲਾ ਅਕਾਦਮੀ ਨੇ ਕਲਾਕਾਰ ਦੇ ਜੀਵਨ ਵਿਚ ਸਟੂਡੀਓ ਦੀ ਮਹੱਤਤਾ ਨੂੰ ਅੱਖੋਂ ਓਹਲੇ ਕੀਤਾ। ਸਟੂਡੀਓ ਦੀ ਦਿਨ ਪ੍ਰਤੀ ਦਿਨ ਦੀ ਪ੍ਰਕਿਰਿਆ, ਸਮਾਂ, ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਉੱਤੇ ਚਾਨਣਾ ਪਾਉਂਦਾ ਹੈ। ਇਹ ਸੰਕਲਪਾਂ, ਸ਼ੈਲੀਆਂ ਜਾਂ ਰੂਪਾਂ ਦੀ ਇਕ ਜਾਦੂਈ ਜਗ੍ਹਾ ਹੈ। ਕਲਾਕਾਰ ਵਧੇਰੇ ਕਰਕੇ ਬਰਸਾਤੀ, ਗੈਰੇਜ, ਸਟੋਰ, ਰਸੋਈ ਆਦਿ ਥਾਵਾਂ ’ਤੇ ਕਲਾ ਸਿਰਜਣਾ ਕਰਦੇ ਸਨ। ਕਲਾਕਾਰ ਵੱਲੋਂ ਸਿਰਜੀਆਂ ਕਲਾਕ੍ਰਿਤਾਂ ਲਈ ਸਰਕਾਰਾਂ ਮਿਊਜ਼ੀਅਮਜ਼ ਤੇ ਗੈਲਰੀਆਂ ਬਣਾ ਕੇ ਫ਼ਖ਼ਰ ਮਹਿਸੂਸ ਕਰਦੀਆਂ ਹਨ, ਪਰ ਸਿਰਜਣਾ ਲਈ ਹਰ ਪਲ ਸੰਘਰਸ਼ ਕਰਦੇ ਉਸ ਪ੍ਰਤੀ ਵਿਖਾਈ ਜਾਂਦੀ ਬੇਰੁਖ਼ੀ ਤੇ ਬੇਰਹਿਮੀ ਸਮਝ ਤੋਂ ਬਾਹਰ ਹੈ।

1976 ਵਿਚ ਭਾਵ ਸਥਾਪਨਾ ਦੇ 22 ਵਰ੍ਹੇ ਮਗਰੋਂ ਅਕਾਦਮੀ ਨੇ ਗੜ੍ਹੀ (ਨਵੀਂ ਦਿੱਲੀ) ਵਿਖੇ ਸਟੂਡੀਓ ਦੀ ਸਥਾਪਨਾ ਕੀਤੀ। ਸਹਿਜੇ ਹੀ ਇਸ ਤਰ੍ਹਾਂ ਦੀ ਸਰਗਰਮੀ ਦਿੱਲੀ ਹੀ ਨਹੀਂ ਸਗੋਂ ਕਲਾ ਜਗਤ ਦੀ ਧੜਕਣ ਬਣ ਗਈ। ਉੱਘੇ ਚਿੱਤਰਕਾਰ ਕ੍ਰਿਸ਼ਨ ਖੰਨਾ, ਸੰਖੂ ਚੌਧਰੀ, ਈਰਾ ਚੌਧਰੀ, ਜਗਦੀਸ਼ ਸਵਾਮੀਨਾਥਨ, ਕੇ.ਐਸ. ਕੁਲਕਰਨੀ, ਗੁਲਾਮ ਰਸੂਲ ਸੰਤੋਸ਼ ਨੂੰ ਆਪਣੇ ਆਪਣੇ ਸਟੂਡੀਓ ਵਿਚ ਕੰਮ ਕਰਦਾ ਵੇਖ ਕੇ ਮਨ ਖਿੜ ਉੱਠਦਾ ਸੀ। ਪੁਰਾਣੀਆਂ ਕਲਾਕ੍ਰਿਤਾਂ, ਚੱਲ ਰਿਹਾ ਕੰਮ, ਖੋਜ ਗਤੀਵਿਧੀਆਂ ’ਚ ਘਿਰਿਆ ਕਲਾਕਾਰ ਕਿਵੇਂ ਆਪਣੀ ਖੁੱਲ੍ਹ ਦਾ ਆਨੰਦ ਮਾਣਦਾ ਹੈ। ਇਹ ਸਭ ਕੁਝ ਦੇਖ ਕੇ ਸਾਨੂੰ ਉਸ ਦੀ ਰਚਨਾਤਮਿਕ ਪ੍ਰਕਿਰਿਆ ਦੀ ਸੂਝ ਤੇ ਉਸ ਪਿੱਛੇ ਸੰਘਰਸ਼ ਦਾ ਗਿਆਨ ਮਿਲਦਾ ਹੈ। ਗੜ੍ਹੀ ਸਟੂਡੀਓਜ਼ ਦੀ ਹਰਮਨ ਪਿਆਰਤਾ ਨੂੰ ਵੇਖਦਿਆਂ ਕੇਂਦਰੀ ਅਕਾਦਮੀ ਨੇ ਸੂਬਿਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਕਲਕੱਤਾ, ਬੰਬਈ, ਮਦਰਾਸ, ਭੁਵਨੇਸ਼ਵਰ ਤੇ ਲਖਨਊ ਵਿਚ ਕਲਾ ਕੇਂਦਰ ਸਥਾਪਤ ਕੀਤੇ। ਕਲਾ ਸਹਿਜੇ ਹੀ ਸਮਾਜ ਵਿਚ ਵਧੇਰੇ ਵਿਖਾਈ ਦੇਣ ਲੱਗੀ।

ਅੱਜ ਜਦੋਂ ਅਸੀਂ ਸਮੁੱਚੇ ਭਾਰਤ ’ਤੇ ਝਾਤ ਮਾਰਦੇ ਹਾਂ ਤਾਂ 28 ਸੂਬੇ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਮੁੰਬਈ ਵਿਚ ਕਲਾ ਨਗਰ, ਚੇਨਈ ਵਿਚ ਚੌਲਾ ਮੰਡਲ ਆਰਟਿਸਟਸ ਵਿਲੇਜ, ਗਰੇਟਰ ਨੋਇਡਾ ਵਿਚ ਕਲਾਧਾਮ ਤੇ ਚੰਡੀਗੜ੍ਹ ਵਿਚ ਓਪਨ ਹੈਂਡ ਆਰਟ ਸਟੂਡੀਓਜ਼ ਹੀ ਨਜ਼ਰੀਂ ਪੈਂਦੇ ਹਨ। ਦੇਸ਼ ਦੀ ਵਿਸ਼ਾਲਤਾ, ਆਬਾਦੀ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਵੇਖ ਇਸ ਪਾਸੇ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ।

ਕਲਾ ਪ੍ਰਕਿਰਿਆ ਹਰ ਇਕ ਕਲਾਕਾਰ ਦੀ ਵੱਖਰੀ ਵੱਖਰੀ ਹੁੰਦੀ ਹੈ। ਸਟੂਡੀਓ ਇਸ ’ਤੇ ਡੂੰਘੀ ਝਾਤ ਮਾਰਨ ਦਾ ਅਵਸਰ ਪ੍ਰਦਾਨ ਕਰਦਾ ਹੋਇਆ ਉਸ ਦੀ ਕਲਾ ਪ੍ਰਤੀ ਸੋਚ, ਵਿਚਾਰ ਤੇ ਸਿਰਜਣਾਤਮਿਕ ਦ੍ਰਿਸ਼ਟੀ ਨੂੰ ਸਮਝਣ ’ਚ ਸਹਾਇਕ ਹੁੰਦਾ ਹੈ। ਸਟੂਡੀਓ ਤਾਂ ਕਲਾਕਾਰ ਦੀ ਨਿੱਜੀ ਡਾਇਰੀ ਵਾਂਗ ਹੈ ਜੋ ਉਸ ਦੇ ਮਨ ਅੰਦਰ ਵੇਖਣ ਦਾ ਮੌਕਾ ਦਿੰਦੀ ਹੋਈ ਦੱਸਦੀ ਹੈ ਕਿ ਕਿਵੇਂ ਉਹ ਆਪਣੀਆਂ ਅੰਦਰੂਨੀ ਆਵਾਜ਼ਾਂ ਨੂੰ ਰੰਗ, ਰੂਪ ਤੇ ਰੇਖਾ ਰਾਹੀਂ ਦਿਸਦੀ ਆਵਾਜ਼ ਦਿੰਦਾ ਹੈ। ਇਮੇਜ ਲਈ ਸੰਘਰਸ਼ ਕਰਦੇ ਪਲ ਤੇ ਉਸ ਦਾ ਹੌਲੀ-ਹੌਲੀ ਉਭਰਨਾ ਵਧੇਰੇ ਕਰਕੇ ਕਿਊਰੇਟਰਜ਼, ਕਲਾ ਸਮੀਖਿਅਕ, ਗੈਲਰੀ ਦੇ ਮਾਲਕਾਂ ਜਾਂ ਕੁਲੈਕਟਰਜ਼ ਦੀ ਪਹੁੰਚ ਤੱਕ ਹੀ ਸੀਮਤ ਰੱਖਦਾ ਹੈ ਕਲਾਕਾਰ।

ਕੁਝ ਕਲਾਕਾਰਾਂ ਲਈ ਤਾਂ ਸਟੂਡੀਓ ਤੋਂ ਪਰ੍ਹਾਂ ਕੋਈ ਜੀਵਨ ਨਹੀਂ ਹੈ।

ਭਾਰਤੀ ਕਲਾ ਦੇ ਪਿਤਾਮਾ ਬਾਵੇਸ਼ ਚੰਦਰ ਸਾਨਿਆਲ ਜਦੋਂ ਆਪਣੀ ਉਮਰ ਦੇ 100ਵੇਂ ਵਰ੍ਹੇ ’ਚ ਸਨ ਤਾਂ ਸਿਹਤ ਪੱਖੋਂ ਬਹੁਤ ਕਮਜ਼ੋਰ ਤੇ ਅਸਵਸਥ ਸਨ। ਨਿਜ਼ਾਮੂਦੀਨ ਈਸਟ ਵਿਚ ਉਨ੍ਹਾਂ ਦਾ ਘਰ ਸੀ। ਉਪਰ ਉਨ੍ਹਾਂ ਦਾ ਸਟੂਡੀਓ ਸੀ। ਰਹਿਣਾ ਤੇ ਖਾਣਾ ਹੇਠਾਂ ਸੀ। ਸਨੇਹ ਲਤਾ ਆਪਣੇ ਜੀਵਨ ਸਾਥੀ ਦਾ ਬਹੁਤ ਖ਼ਿਆਲ ਰੱਖਦੀ ਸੀ। ਪ੍ਰੋਫ਼ੈਸਰ ਪ੍ਰਾਣ ਨਾਥ ਮਾਗੋ ਤੇ ਲੇਖਕ ਕਲਾਕਾਰ ਇਨ੍ਹਾਂ ਦਿਨਾਂ ’ਚ ਹੀ ਉਨ੍ਹਾਂ ਨੂੰ ਮਿਲਣ ਗਏ। ਕਮਰੇ ’ਚ ਜਿੱਥੇ ਉਹ ਢਾਸਣਾ ਲਾ ਕੇ ਬੈਠੇ ਸਨ। ਨਮਸਕਾਰ ਕੀਤਾ। ਟਿਕੀ ਨਜ਼ਰ ਨਾਲ ਉਨ੍ਹਾਂ ਨੇ ਸਾਡੇ ਵੱਲ ਵੇਖਿਆ ਫਿਰ ਉਹ ਆਪਣੇ ਆਪ ’ਚ ਚਲੇ ਗਏ। ਨਾ ਉਹ ਬੋਲੇ ਤੇ ਨਾ ਹੀ ਸਾਡੀ ਹਿੰਮਤ ਪਈ ਬੋਲਣ ਦੀ। ਬਾਹਰ ਆ ਕੇ ਅਸੀਂ ਉਨ੍ਹਾਂ ਦੀ ਪਤਨੀ ਸਨੇਹ ਲਤਾ ਪਾਸ ਆ ਕੇ ਬਹਿ ਗਏ। ਉਸ ਦੱਸਿਆ, ‘‘ਇਸ ਘਰ ਵਿਚ ਜਦੋਂ ਦੇ ਅਸੀਂ ਆਏ ਹਾਂ ਇਹ ਬਹੁਤਾ ਸਮਾਂ ਉਪਰ ਸਟੂਡੀਓ ਵਿਚ ਹੀ ਗੁਜ਼ਾਰਦੇ ਸਨ। ਹੇਠਾਂ ਤਾਂ ਕੇਵਲ ਖਾਣ ਤੇ ਸੌਣ ਲਈ ਹੀ ਆਉਂਦੇ ਸਨ। ਹੁਣ ਡਾਕਟਰ ਨੇ ਪੌੜੀਆਂ ਚੜ੍ਹਨ ਤੋਂ ਮਨ੍ਹਾਂ ਕਰ ਦਿੱਤਾ ਹੈ। ਹੇਠਾਂ ਕਮਰੇ ਵਿਚ ਉਸ ਨੇ ਉਨ੍ਹਾਂ ਦੇ ਸਟੂਡੀਓ ਦੀ ਹਰ ਚੀਜ਼ ਲਿਆ ਕੇ ਰੱਖ ਦਿੱਤੀ ਹੈ। ਫਿਰ ਵੀ ਇਹ ਆਪਣੇ ਸਟੂਡੀਓ ਨੂੰ ਬਹੁਤ ਮਿਸ ਕਰ ਰਹੇ ਹਨ। ਕੁਝ ਇਸ ਤਰ੍ਹਾਂ ਦਾ ਬੰਧਨ ਹੁੰਦਾ ਹੈ ਕਲਾਕਾਰ ਤੇ ਸਟੂਡੀਓ ਵਿਚਕਾਰ।

ਇਸ ਤਰ੍ਹਾਂ ਹੀ ਨੱਬੇਵਿਆਂ ਦੇ ਮੱਧ ਵਿਚ ਮੈਂ ਭਾਰਤ ਦੇ ਸੁਪ੍ਰਸਿੱਧ ਚਿੱਤਰਕਾਰ ਕੇ.ਕੇ. ਹੈਬਰ ਨੂੰ ਉਨ੍ਹਾਂ ਦੇ ਕਲਾਨਗਰ (ਬਾਂਦਰਾ)- ਮੁੰਬਈ ਸਥਿਤ ਸਟੂਡੀਓ ਵਿਚ ਮਿਲਣ ਗਿਆ। ਤਬੀਅਤ ਉਨ੍ਹਾਂ ਦੀ ਠੀਕ ਨਹੀਂ ਸੀ। ਮਿਲਣ ’ਤੇ ਉਨ੍ਹਾਂ ਦੱਸਿਆ ਕਿ ਡਾਕਟਰ ਉਨ੍ਹਾਂ ਨੂੰ ਪੇਂਟ ਕਰਨ ਤੇ ਬੋਲਣ ਤੋਂ ਮਨ੍ਹਾਂ ਕਰ ਰਿਹਾ ਹੈ। ਬੜੇ ਹੀ ਦੁਖੀ ਤੇ ਦਰਦ ਭਰੀ ਆਵਾਜ਼ ਵਿਚ ਸਟੂਡੀਓ ’ਚ ਈਜ਼ਲ ਤੇ ਕੋਰੇ ਕੈਨਵਸ ਵੱਲ ਪਿਆਸੀਆਂ ਅੱਖਾਂ ਨਾਲ ਵੇਖਦਿਆਂ ਆਖਿਆ ਕਿ ਜੇ ਉਹ ਪੇਂਟ ਨਹੀਂ ਕਰ ਸਕਦਾ, ਬੋਲ ਨਹੀਂ ਸਕਦਾ ਫਿਰ ਉਨ੍ਹਾਂ ਦੇ ਜੀਣ ਦਾ ਕੋਈ ਅਰਥ ਨਹੀਂ। ਕਈ ਵਾਰ ਕਲਾਕਾਰ ਨੂੰ ਇਸ ਤਰ੍ਹਾਂ ਦੀਆਂ ਬੇਵੱਸੀ ਵਾਲੀਆਂ ਅਵਸਥਾਵਾਂ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ।

ਰੁਮਾਨੀਆ ’ਚ ਜਨਮੇ ਤੇ ਫਰਾਂਸ ਵਿਚ ਰਹੇ ਬੁੱਤਤਰਾਸ਼, ਚਿੱਤਰਕਾਰ ਤੇ ਫੋਟੋਗ੍ਰਾਫਰ ਕਨਸਟਾਨਟਿਨ ਬਰਾਂਕੂਜ਼ੀ (1876-1957) ਦਾ ਪ੍ਰਭਾਵ ਵੀਹਵੀਂ ਸਦੀ ਦੀ ਕਲਾ ’ਤੇ ਪ੍ਰਤੱਖ ਹੈ। ਬ੍ਰਹਮ ਸਹਿਜਤਾ ਤੇ ਸਾਦਗੀ ਨਾਲ ਭਰਿਆ-ਭੁਕੰਨਿਆ ਇਸ ਕਲਾਕਾਰ ਦਾ ਸਟੂਡੀਓ ਪੈਰਿਸ ਸੈਂਟਰ ਪੋਪੀਦਿਯੂ ਦੇ ਬਾਹਰ ਸਥਾਪਿਤ ਕੀਤਾ ਗਿਆ ਹੈ। ਨੱਬੇਵਿਆਂ ਦੇ ਆਖ਼ੀਰ ਵਿਚ ਇਸ ਲੇਖਕ-ਕਲਾਕਾਰ ਨੂੰ ਪੈਰਿਸ ਜਾਣ ਦਾ ਅਵਸਰ ਮਿਲਿਆ। ਕਲਾਕਾਰਾਂ ਤੇ ਕਲਾ-ਪ੍ਰੇਮੀਆਂ ਲਈ ਤਾਂ ਇਹ ਪਵਿੱਤਰ ਸਥਾਨ ਹੈ। ਮੈਂ ਵੀ ਸ਼ਰਧਾਲੂ ਬਣ ਕੇ ਸਜਦਾ ਕਰਨ ਗਿਆ। ਸਟੂਡੀਓ ਵਿਚ ਕਈ ਤਰ੍ਹਾਂ ਦੇ ਔਜ਼ਾਰਾਂ ਤੋਂ ਇਲਾਵਾ ਕੁਝ ਕੁ ਮੁਕੰਮਲ ਅਤੇ ਅਧੂਰੇ ਸਕਲਪਚਰਜ਼ ਵੀ ਪਏ ਸਨ। ਸਿਰਜਣਾ ਪ੍ਰਕਿਰਿਆ ਸਮੇਂ ਕੀਤਾ ਸੰਘਰਸ਼ ਉਸ ਦੇ ਔਜ਼ਾਰਾਂ ਨੂੰ ਵੇਖਣ ਤੋਂ ਪਤਾ ਲੱਗਦਾ ਸੀ। ਬੁੱਤਤਰਾਸ਼ ਦੀ ਮਨੋ-ਅਵਸਥਾ ਅਤੇ ਅਥਾਹ ਰਚਨਾਤਮਿਕ ਸ਼ਕਤੀ ਦਾ ਗਿਆਨ ਮਿਲਦਾ ਸੀ। ਮੈਂ ਇਸ ਪ੍ਰੇਰਨਾ ਭਰੇ ਮਾਹੌਲ ਵਿਚ ਬਹਿ ਕੇ ਕੁਝ ਦੇਰ ਸਕੈਚਿੰਗ ਕੀਤੀ।

ਵੱਖ ਵੱਖ ਤਰ੍ਹਾਂ ਦੇ ਔਜ਼ਾਰ ਤੇ ਸਮੱਗਰੀ ਵੇਖ ਕੇ ਸਮਝ ਵਿਚ ਵਾਧਾ ਹੋਇਆ। ਬੁੱਤਤਰਾਸ਼ ਕਿਵੇਂ ਬੁੱਤਤਰਾਸ਼ੀ ਲਈ ਪ੍ਰਯੋਗ ਕੀਤੇ ਔਜ਼ਾਰਾਂ ਦੀ ਕਲਪਨਾ ਕਰਦਾ ਰਿਹਾ। ਇਸੇ ਦੌਰਾਨ ਲਲਿਤ ਕਲਾ ਵਿਦਿਆਲਿਆ ਦੇ ਕੁਝ ਵਿਦਿਆਰਥੀ ਸਟੂਡੀਓ ਵਿਚ ਆਪਣੀ ਸਕੈਚਬੁੱਕ ਤੇ ਨੋਟਬੁੱਕ ਲੈ ਕੇ ਦਾਖ਼ਲ ਹੋਏ। ਇਹ ਉਨ੍ਹਾਂ ਦੇ ਪਾਠਕ੍ਰਮ ਦਾ ਹਿੱਸਾ ਸੀ। ਬਰਾਂਕੂਜ਼ੀ ਦੇ ਸਟੂਡੀਓ ’ਚ ਬੈਠੇ ਮੈਨੂੰ ਉਸ ਦੇ ਕੁਝ ਬੋਲ ਯਾਦ ਆ ਗਏ- ‘‘ਦੂਰੋਂ ਵੇਖਣਾ ਇਕ ਚੀਜ਼ ਹੈ, ਉੱਥੇ ਜਾਣਾ ਇਕ ਹੋਰ ਹੈ।’’

ਭਾਰਤ ਵਿਚ ਸਟੂਡੀਓ ਦੀ ਮਹੱਤਤਾ ਪ੍ਰਤੀ ਅਸੀਂ ਇੰਨੇ ਜਾਗਰੂਕ ਨਹੀਂ ਹਾਂ। ਸਾਂਭ-ਸੰਭਾਲ ਦੀ ਤਾਂ ਗੱਲ ਹੀ ਛੱਡੋ। ਇੰਨਾ ਅਣਜਾਣਪੁਣਾ ਤੇ ਅਵੇਸਲਾਪਣ ਸਾਡੀ ਰਾਸ਼ਟਰੀ ਸਭਿਆਚਾਰਕ ਨੀਤੀ ਨੂੰ ਬੇਪਰਦ ਕਰਦਾ ਹੈ। ਸਟੂਡੀਓ ਉਭਰ ਰਹੇ ਨੌਜਵਾਨ ਕਲਾਕਾਰਾਂ ਲਈ ਕਲਾ ਪ੍ਰਤੀ ਜੋਸ਼ ਤੇ ਜਗਿਆਸਾ ਪੈਦਾ ਕਰਦਾ ਹੈ।

ਐਸੇ ਨਿਰਾਸ਼ਾਜਨਕ ਮਾਹੌਲ ਵਿਚ ਨੇਕ ਚੰਦ ਸੈਣੀ (1914-2015) ਚੰਡੀਗੜ੍ਹ ਰੌਕ ਗਾਰਡਨ ਦਾ ਸਿਰਜਣਹਾਰ ਪ੍ਰੇਰਨਾ ਬਣ ਕੇ ਉੱਭਰਦਾ ਹੈ। ਕਿਵੇਂ ਉਸ ਨੇ ਸਰਕਾਰ ਦੀ ਬੇਰੁਖ਼ੀ ਦਾ ਸਾਹਮਣਾ ਕਰਦੇ ਵਿਸ਼ਵ ਲਈ ਕਲਾ ਦੇ ਖੇਤਰ ਵਿਚ ਸਮਾਰਕੀ ਰਚਨਾ ਕੀਤੀ। ਵਚਨਬੱਧਤਾ ਅਤੇ ਸਿਰਜਣ ਦੀ ਇੱਛਾ ਚਸ਼ਮੇ ਵਾਂਗ ਹੈ। ਇਸ ਦਾ ਸਦਾ ਵਹਾਓ ’ਚ ਰਹਿਣਾ ਹੀ ਕੁਦਰਤ ਦੀ ਸਦੀਵੀ ਇੱਛਾ ਹੈ। ਨੇਕ ਚੰਦ ਨੇ ਇਸ ਨੂੰ ਸਫ਼ਲਤਾਪੂਰਵਕ ਸਾਬਤ ਕਰ ਦਿੱਤਾ ਹੈ। ਨਿੱਕੀ ਜਿਹੀ ਥਾਂ ਤੋਂ ਸ਼ੁਰੂ ਕਰਕੇ ਉਸ ਨੇ ਪੀ.ਡਬਲਿਊ.ਡੀ. ਦੇ ਸਟੋਰ ਨੂੰ 40 ਏਕੜ ਦੇ ਵਿਸਥਾਰ ਵਿਚ ਲੈ ਗਿਆ। ਯਾਦ ਰਹੇ ਕਿ ਉਹ ਇਸ ਮਹਿਕਮੇ ਵਿਚ ਬਤੌਰ ਰੋਡ ਇੰਸਪੈਕਟਰ ਕੰਮ ਕਰਦਾ ਸੀ। ਨੇਕ ਚੰਦ ਸੈਣੀ ਨੇ ਇਸ ਰਚਨਾ ਰਾਹੀਂ ਵਿਸ਼ਵ ਨੂੰ ‘ਸਟੂਡੀਓ’ ਸ਼ਬਦ ਨੂੰ ਨਵੀਂ ਪਰਿਭਾਸ਼ਾ, ਨਵੇਂ ਅਰਥ ਤੇ ਆਪਣਾ ਪਾਸਾਰ ਪ੍ਰਦਾਨ ਕੀਤਾ। ਇਹ ਉਸ ਦੀ ਰਚਨਾਤਮਿਕ ਸ਼ਕਤੀ ਦਾ ਪ੍ਰਤੀਕ ਹੀ ਨਹੀਂ ਸਗੋਂ ਸਟੂਡੀਓ ਦੀ ਕਲਾਕਾਰ ਦੇ ਜੀਵਨ ਵਿਚ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਨਾਲ ਹੀ ਸੰਸਾਰ ਨੂੰ ਇਕ ਸੁਨੇਹਾ ਦਿੱਤਾ ਕਿ ਜਿਵੇਂ ਅਜੋਕੇ ਜੀਵਨ ’ਚ ਦਿਨ ਪ੍ਰਤੀ ਦਿਨ ਵਧਦਾ ਕਬਾੜ ਕਿਵੇਂ ਇਕ ਮਨੁੱਖ ਦੀ ਕਲਪਨਾ ਅਤੇ ਰਚਨਾਤਮਿਕ ਹੁਨਰ ਰਾਹੀਂ ਕਲਾਤਮਿਕ ਤੇ ਸੁਹਜਮਈ ਪ੍ਰਗਟਾਅ ਦਾ ਮਾਧਿਅਮ ਬਣ ਸਕਦਾ ਹੈ।

ਕਲਾ ਸਾਨੂੰ ਆਪਣੇ ਅੰਦਰ ਤੇ ਬਾਹਰ ਵੇਖਣ ਲਈ ਪ੍ਰੇਰਦੀ ਹੈ। ਇਸ ਦੇ ਸੰਵਾਦ ’ਚ ਹੋਏ ਅਨੁਭਵ ਹੀ ਪ੍ਰਗਟਾਅ ਮੰਗਦੇ ਹਨ। ਇਹ ਉਹ ਪਲ ਹਨ ਜਦੋਂ ਕਲਾਕਾਰ ਆਪਣੀ ਪ੍ਰਕਿਰਿਆ ਨਾਲ ਜੁੜਦਾ ਆਪਣੀ ਅੰਦਰੂਨੀ ਆਵਾਜ਼ ਨੂੰ ਦ੍ਰਿਸ਼ਮਈ ਆਵਾਜ਼ ਦਿੰਦਾ ਹੈ। ਉਸ ਵੱਲੋਂ ਇਹ ਜੀਵਨ ’ਚ ਵਾਪਰ ਰਹੇ ਆਨੰਦਮਈ ਪਲਾਂ ਨੂੰ ਪਕੜਨ ਦੀ ਇਕ ਨਿਮਰ ਕੋਸ਼ਿਸ਼ ਹੁੰਦੀ ਹੈ।

ਕਲਾ ਚਿੰਤਨਸ਼ੀਲ ਕਾਰਜ ਹੈ। ਇਸ ਲਈ ਕਲਾਕਾਰ ਨੂੰ ਆਪਣੇ ਅੰਦਰ ਚੁੱਪ ਨੂੰ ਸਮਝਣ ਤੇ ਸੁਨਣ ਲਈ ਇਕਾਂਤਵਾਸ ਤੇ ਉਸ ਦਾ ਸੱਚਾ ਤੇ ਸੁੱਚਾ ਪ੍ਰਗਟਾਅ ਆਪਣੀ ਥਾਂ ਮੰਗਦਾ ਹੈ। ਥਾਂ ਜਿਸ ਨੂੰ ਉਹ ਸਹੀ ਅਰਥਾਂ ਵਿਚ ਚਾਹੁੰਦਾ ਹੈ ਉਹ ਹੈ ਸਟੂਡੀਓ ਜਾਂ ਸ਼ਿਲਪਸ਼ਾਲਾ। ਇੱਥੇ ਉਹ ਆਪਣੀ ਰਚਨਾ ਨਾਲ ਆਤਮਸਾਤ ਹੋਇਆ ਜਾਣੇ/ਅਣਜਾਣੇ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਦਾ ਹੈ। ਇਸ ਤਰ੍ਹਾਂ ਦੇ ਪਲਾਂ ’ਚੋਂ ਵਿਚਰਦਿਆਂ ਉਸ ਦਾ ਆਪਾ ਇਕ ਪੌਦੇ ਵਿਚ ਤਬਦੀਲ ਹੋ ਜਾਂਦਾ ਹੈ ਜੋ ਹਮੇਸ਼ਾ ਧਰਤੀ ’ਚ ਲੱਗੀਆਂ ਜੜ੍ਹਾਂ ਤੋਂ ਸ਼ਕਤੀ ਲੈ ਕੇ ਹਰ ਮਿੰਟ ਉੱਗਦਾ ਰਹਿੰਦਾ ਹੈ।

ਸਦੀਵਤਾ ਅਤੇ ਸਜੀਵਤਾ ਦਾ ਅਜਿਹਾ ਅਨੁਭਵ ਤੇ ਚੁੱਪ ਸਰਗਰਮੀ ਕਲਾਕਾਰ ਦੀ ਕਲਪਨਾ ਨੂੰ ਖੰਭ ਲਾਉਂਦੀ ਹੈ। ਪ੍ਰੇਰਿਤ ਹੋਇਆ ਉਹ ਆਪਣੇ ਅੰਦਰ ਦੀ ਗੂੰਜ ਨੂੰ ਦਿਲ ਦੀ ਧੜਕਣ ਨਾਲ ਲੈਅਬੱਧ ਕਰ ਪ੍ਰਗਟਾਉਂਦਾ ਹੈ। ਐਸੇ ਸਮੇਂ ਕਿਸੇ ਦੀ ਵੀ ਮੌਜੂਦਗੀ ਉਸ ਦੇ ਮਨ ਦੀ ਇਕਾਗਰਤਾ ਭੰਗ ਕਰ ਸਕਦੀ ਹੈ।

ਕਲਾਕ੍ਰਿਤੀ ਦੀ ਰਚਨਾ ਕਰਨਾ ਇਕ ਪਵਿੱਤਰ ਕਾਰਜ ਹੈ। ਸੰਘਰਸ਼ ਕਰਦੇ ਦੁੱਖ-ਸੁੱਖ ਦਾ ਅਹਿਸਾਸ ਇਸ ਦਾ ਹਿੱਸਾ ਹੈ। ਰਚਨਾਤਮਿਕਤਾ ਦਾ ਗਰਾਫ ਹਮੇਸ਼ਾ ਉਪਰ ਵੱਲ ਨਹੀਂ ਜਾਂਦਾ। ਇਸ ਵਿਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਜਿਸ ਕਰਕੇ ਸਟੂਡੀਓ ਵਿਚ ਕਈ ਵਾਰ ਆਮ ਪੱਧਰ ਦਾ ਕੰਮ ਵੇਖਣਾ ਪੈਂਦਾ ਹੈ ਜੋ ਧਿਆਨ ਦੇ ਯੋਗ ਨਹੀਂ।

ਪਿਛਲੇ ਕੁਝ ਵਰ੍ਹਿਆਂ ਤੋਂ ਚੰਡੀਗੜ੍ਹ ਅਤੇ ਪੰਜਾਬ ਦੀਆਂ ਸਥਾਨਕ ਅਕਾਦਮੀਆਂ ਨੇ ਇਸ ਖੇਤਰ ਵਿਚ ਕਲਾ ਦੀ ਉਤਪਤੀ ਤੇ ਵਿਕਾਸ ਲਈ ਸਲਾਹੁਣਯੋਗ ਕੰਮ ਕੀਤਾ ਹੈ।

19 ਸੈਕਟਰ ਸਥਿਤ ਚੰਡੀਗੜ੍ਹ ਸ਼ਹਿਰ ਦੇ ਬਾਨੀ ਆਰਕੀਟੈਕਟ ਤੇ ਭਵਨ ਨਿਰਮਾਤਾ ਦਾ ਸਟੂਡੀਓ ਲੰਮੇ ਸਮੇਂ ਤੋਂ ਅਣਗੌਲਿਆ ਪਿਆ ਸੀ। ਹੁਣੇ ਜਿਹੇ ਚੰਡੀਗੜ੍ਹ ਪ੍ਰਸ਼ਾਸਨ ਨੇ ਉੱਥੇ ਲੀ ਕਾਰਬੂਜ਼ੀਏ ਮਿਊਜ਼ੀਅਮ ਸਥਾਪਤ ਕੀਤਾ ਹੈ। ਇਸ ਦੇ ਨਾਲ ਹੀ ਮਿਊਜ਼ੀਅਮ ਦੇ ਕੁਝ ਹਿੱਸੇ ਵਿਚ ਓਪਨ ਹੈਂਡ ਆਰਟ ਸਟੂਡੀਓਜ਼ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੀ ਦੇਖ-ਰੇਖ ਥੱਲੇ ਬਣਾਏ ਹਨ। ਇਸ ਨਾਲ ਸ਼ਹਿਰ ਦੀ ਵੱਖਰੀ ਪਛਾਣ ਹੀ ਨਹੀਂ ਬਣੀ ਸਗੋਂ ਕਲਾ ਨੂੰ ਗਤੀ ਤੇ ਸ਼ਕਤੀ ਵੀ ਮਿਲੀ ਹੈ। ਅੱਜ ਇਹ ਥਾਂ ਕਲਾ ਦੀ ਧੁਨੀ ਦਾ ਕੇਂਦਰ ਹੈ। ਪਤਾ ਲਗਾ ਹੈ ਕਿ ਪ੍ਰਸ਼ਾਸਨ ਰੌਕ ਗਾਰਡਨ ਵਿਚ ਵੀ ਇਸੇ ਤਰਜ਼ ’ਤੇ ਸਟੂਡੀਓਜ਼ ਦੀ ਸਥਾਪਨਾ ਬਾਰੇ ਸੋਚ ਰਿਹਾ ਹੈ। ਇਸ ਖੇਤਰ ਦੀ ਕਲਾ ਤੇ ਕਲਾਕਾਰਾਂ ਲਈ ਪ੍ਰਸ਼ਾਸਨ ਦਾ ਸਹੀ ਦਿਸ਼ਾ ਵਿਚ ਕਦਮ ਹੋਵੇਗਾ।

ਮੋਂਸ ਲੀ ਕਾਰਬੂਜ਼ੀਏ ਨੇ ਜਿੱਥੇ ਚੰਡੀਗੜ੍ਹ ਦੀ ਸਿਰਜਣਾ ਕਰਕੇ ਵਿਸ਼ਵ ਦੇ ਆਰਕੀਟੈਕਚਰ ਦੇ ਖੇਤਰ ਨੂੰ ਨਵੀਂ ਸੋਚ ਤੇ ਵੱਖਰਾ ਪਾਸਾਰ ਦਿੱਤੇ, ਉੱਥੇ ਨੇਕ ਚੰਦ ਸੈਣੀ ਨੇ ਆਪਣੇ ਰਚਨਾਤਮਿਕ ਹੁਨਰ ਦੁਆਰਾ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਜੋੜਿਆ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਟੂਡੀਓਜ਼ ਦੀ ਸਥਾਪਨਾ ਇਨ੍ਹਾਂ ਦੋਵਾਂ ਦੀ ਦੂਰਦਰਸ਼ੀ ਤੇ ਸਿਰਜਣਾਤਮਿਕ ਪ੍ਰਤਿਭਾ ਪ੍ਰਤੀ ਯੋਗ ਸ਼ਰਧਾਂਜਲੀ ਹੈ।

ਸੰਪਰਕ: 98110-52271

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਸ਼ਹਿਰ

View All