ਨਰਿੰਦਰ ਸਿੰਘ ਕਪੂਰ
ਸਫ਼ਲਤਾ ਦਾ ਮੰਤਰ
ਵਿਉਂਤਬੰਦੀ ਤੋਂ ਭਾਵ ਪ੍ਰਾਪਤ ਕੀਤੇ ਜਾਣ ਵਾਲੇ ਮਨੋਰਥ ਲਈ ਸੋਚਣਾ ਹੁੰਦਾ ਹੈ। ਇਹ ਇੱਛਤ ਨਤੀਜੇ ਸਿਰਜਣ ਦੀ ਅਰੰਭਲੀ ਪ੍ਰਕਿਰਿਆ ਹੁੰਦੀ ਹੈ। ਵਿਉਂਤਬੰਦੀ ਰਾਹੀਂ ਨਿਸ਼ਾਨੇ ਦੀ ਪ੍ਰਾਪਤੀ ਲਈ ਕਈ ਢੰਗ ਸੋਚੇ ਜਾਂਦੇ ਹਨ ਜਿਨ੍ਹਾਂ ਵਿਚੋਂ ਇਕ ਢੰਗ ਚੁਣਿਆ ਜਾਂਦਾ ਹੈ। ਵਿਉਂਤਬੰਦੀ ਕੁਝ ਉਸਾਰਨ ਲਈ ਹੀ ਨਹੀਂ ਹੁੰਦੀ, ਕੁਝ ਢਾਹੁਣ ਅਤੇ ਬਦਲਣ ਲਈ ਵੀ ਹੁੰਦੀ ਹੈ। ਮਕਾਨ ਉਸਾਰੀ ਦੀ ਵਿਉਂਤਬੰਦੀ ਵਿਚ ਕਾਨੂੰਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਪਹਿਲਾਂ ਸਾਰੇ ਸ਼ਹਿਰ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ, ਮਗਰੋਂ ਹਰੇਕ ਘਰ ਦੀ ਅਤੇ ਘਰ ਦੀ ਹਰੇਕ ਚੀਜ਼ ਦੀ ਵਿਉਂਤ ਬਣਾਈ ਜਾਂਦੀ ਹੈ। ਜਦੋਂ ਵਿਉਂਤ ਅਨੁਸਾਰ ਮਕਾਨ ਬਣ ਜਾਂਦਾ ਹੈ ਤਾਂ ਪਰਖ ਕੀਤੀ ਜਾਂਦੀ ਹੈ ਕਿ ਕੀ ਇਹ ਨੇਮਾਂ ਅਨੁਸਾਰ ਬਣਿਆ ਹੈ, ਕੀ ਇਸ ਵਿਚ ਰਿਹਾ ਜਾ ਸਕਦਾ ਹੈ। ਇਸ ਉਪਰੰਤ ਹੀ ਮਕਾਨ ਵਿਚ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ। ਰੇਲ ਦੀ ਨਵੀਂ ਲਾਈਨ ਵਿਛਾਉਣ ਦੀ ਵਿਸਤ੍ਰਿਤ ਵਿਉਂਤਬੰਦੀ ਕੀਤੀ ਜਾਂਦੀ ਹੈ, ਦਰਜਨਾਂ ਹੀ ਨਹੀਂ ਸੈਂਕੜੇ ਨਕਸ਼ੇ ਬਣਦੇ ਹਨ। ਜਦੋਂ ਵਿਉਂਤ ਅਨੁਸਾਰ ਰੇਲ ਦੀ ਲਾਈਨ ਤਿਆਰ ਹੋ ਜਾਂਦੀ ਹੈ ਤਾਂ ਉਸ ਉੱਤੇ ਪਹਿਲਾਂ ਖਾਲੀ ਗੱਡੀ, ਫਿਰ ਮਾਲ ਗੱਡੀ ਅਤੇ ਮਗਰੋਂ ਸਵਾਰੀ ਗੱਡੀ ਚਲਾਉਣ ਦੀ ਆਗਿਆ ਮਿਲਦੀ ਹੈ। ਭਾਰਤ ਵਿਚ ਇਸ ਵੇਲੇ ਗੱਡੀਆਂ ਦੀ ਰਫ਼ਤਾਰ ਤੇਜ਼ ਕਰਨ ਦੀ ਕਾਰਵਾਈ ਹੋ ਰਹੀ ਹੈ ਜਿਸ ਲਈ ਵਿਉਂਤਬੱਧ ਢੰਗ ਨਾਲ ਵਿਛੀਆਂ ਹੋਈਆਂ ਲਾਈਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਵਿੰਗ-ਵਲੇਵੇਂ ਦੂਰ ਕੀਤੇ ਜਾ ਰਹੇ ਹਨ ਤਾਂ ਕਿ ਤੇਜ਼ ਰਫ਼ਤਾਰ ਗੱਡੀਆਂ ਨਿਰਵਿਘਨ ਚੱਲ ਸਕਣ।
ਹਰੇਕ ਦੇਸ਼ ਦਾ ਇਕ ਸੰਵਿਧਾਨ ਹੁੰਦਾ ਹੈ। ਦੇਸ਼ ਦੇ ਸਾਰੇ ਕਾਨੂੰਨ ਇਸ ਸੰਵਿਧਾਨ ਅਨੁਸਾਰ ਬਣਦੇ ਹਨ ਜਿਨ੍ਹਾਂ ਵਿਚ ਸਾਰੀਆਂ ਧਿਰਾਂ ਦੇ ਕਰਤੱਵਾਂ ਅਤੇ ਅਧਿਕਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸੰਵਿਧਾਨ ਕਿਸੇ ਦੇਸ਼ ਦੀ ਵਿਉਂਤ ਹੁੰਦੀ ਹੈ ਜਿਸ ਅਨੁਸਾਰ ਦੇਸ਼ ਦੀ ਰਾਜਨੀਤੀ, ਆਰਥਿਕਤਾ, ਇਤਿਹਾਸ ਅਤੇ ਸਮਾਜ ਨੂੰ ਰੂਪ-ਰੇਖਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕਾਰਜਕਾਰਨੀ, ਨਿਆਂ-ਪ੍ਰਣਾਲੀ ਅਤੇ ਸਦਨ ਵਿਚਕਾਰ ਸੰਤੁਲਨ ਉਸਾਰਿਆ ਜਾਂਦਾ ਹੈ। ਕਈ ਸਮਾਜਾਂ ਵਿਚ ਸਾਰੀ ਵਿਵਸਥਾ ਧਰਮ ਅਨੁਸਾਰ ਹੁੰਦੀ ਹੈ। ਇਰਾਨ, ਸਾਊਦੀ ਅਰਬ ਵਿਚ ਇਸਲਾਮਕ ਕਾਨੂੰਨ ਲਾਗੂ ਹੁੰਦਾ ਹੈ। ਰਾਜ-ਪ੍ਰਣਾਲੀ ਕੋਈ ਹੋਵੇ, ਉਸ ਦੀ ਵਿਉਂਤਬੰਦੀ ਹੁੰਦੀ ਹੈ।
ਜੇ ਵਿਉਂਤਬੰਦੀ ਚੰਗੇ ਢੰਗ ਨਾਲ ਕੀਤੀ ਜਾਵੇ ਤਾਂ ਸਮਾਜ ਦਾ ਸਮਾਂ ਅਤੇ ਸਰਮਾਇਆ ਬਚਦਾ ਹੈ। ਵਿਉਂਤਬੰਦੀ ਦਾ ਸਬੰਧ ਭਵਿੱਖ ਨਾਲ ਹੁੰਦਾ ਹੈ ਅਤੇ ਹਰੇਕ ਵਿਉਂਤਬੰਦੀ ਵਿਚ ਭਵਿੱਖ ਦੇ ਸੰਕੇਤ ਹੁੰਦੇ ਹਨ। ਵਿਉਂਤਬੰਦੀ ਇਕ ਨਕਸ਼ੇ ਦੀ ਨਿਆਈਂ ਹੁੰਦੀ ਹੈ। ਮਕਾਨ ਜਾਂ ਕਿਸੇ ਭਵਨ ਦੇ ਨਕਸ਼ੇ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਚੀਜ਼ ਕਿੱਥੇ ਹੋਵੇਗੀ ਅਤੇ ਕਿਤਨੇ ਆਕਾਰ ਦੀ ਹੋਵੇਗੀ ਅਤੇ ਬਣ ਕੇ ਮਕਾਨ ਜਾਂ ਭਵਨ ਕਿਹੋ ਜਿਹਾ ਲੱਗੇਗਾ। ਵਿਉਂਤਬੰਦੀ ਦਾ ਹਮੇਸ਼ਾ ਕੋਈ ਉਦੇਸ਼ ਹੁੰਦਾ ਹੈ। ਜਿੱਥੇ ਉਦੇਸ਼ ਹੋਵੇਗਾ, ਉੱਥੇ ਵਿਉਂਤ ਦੀ ਲੋੜ ਪਏਗੀ। ਵਿਉਂਤਬੰਦੀ ਦੱਸਦੀ ਹੈ ਕਿ ਅੱਜ ਅਸੀਂ ਕਿੱਥੇ ਹਾਂ, ਅਸੀਂ ਕਿੱਥੇ, ਕਦੋਂ, ਕਿਵੇਂ ਪਹੁੰਚਣਾ ਹੈ, ਅਸੀਂ ਜਾ ਕਿੱਧਰ ਰਹੇ ਹਾਂ, ਸਾਡੇ ਵਸੀਲੇ ਕੀ ਹਨ, ਪਹੁੰਚਣ ਲਈ ਸਮਾਂ ਕਿਤਨਾ ਹੈ, ਰੁਕਾਵਟਾਂ ਕੀ ਹੋ ਸਕਦੀਆਂ ਹਨ ਅਤੇ ਇਹ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ। ਵਿਉਂਤਬੰਦੀ ਨਾਲ ਕੰਮ ਕਰਨ ਵਾਲਿਆਂ ਦੀ ਕਾਰਜ-ਕੁਸ਼ਲਤਾ ਵਧਦੀ ਹੈ। ਇਸ ਨਾਲ ਖ਼ਤਰੇ ਘਟਦੇ ਹਨ ਅਤੇ ਸਮੇਂ ਤੇ ਸਰੋਤਾਂ ਦੀ ਅਧਿਕਤਮ ਵਰਤੋਂ ਕੀਤੀ ਜਾ ਸਕਦੀ ਹੈ। ਸਫਲ ਵਿਅਕਤੀ ਹਮੇਸ਼ਾ ਵਿਉਂਤਬੰਦੀ ਨਾਲ ਕਾਰਜ ਕਰਦੇ ਹਨ। ਜਦੋਂ ਕੋਈ ਉਦੇਸ਼ ਜਾਂ ਨਿਸ਼ਾਨਾ ਚੁਣ ਲਿਆ ਜਾਂਦਾ ਹੈ ਤਾਂ ਉਸ ਨਿਸ਼ਾਨੇ ਦੀ ਪ੍ਰਾਪਤੀ ਦੇ ਕਈ ਢੰਗ ਉਜਾਗਰ ਹੋ ਜਾਂਦੇ ਹਨ ਅਤੇ ਸਬੰਧਤ ਵਿਅਕਤੀ ਕਈ ਢੰਗਾਂ ਵਿਚੋਂ ਸਭ ਤੋਂ ਵੱਧ ਢੁੱਕਵਾਂ, ਕਿਫ਼ਾਇਤੀ, ਸਮੇਂ ਅਤੇ ਸਰਮਾਏ ਦੀ ਬੱਚਤ ਵਾਲਾ ਢੰਗ ਅਪਨਾਉਂਦਾ ਹੈ। ਉਦਾਹਰਣ ਵਜੋਂ ਕਿਸੇ ਦਾ ਵੱਡਾ ਓਪਰੇਸ਼ਨ ਹੋਣਾ ਹੈ, ਡਾਕਟਰ ਨੇ ਸਵੇਰੇ ਸੱਤ ਵਜੇ ਬੁਲਾਇਆ ਹੈ, ਤਿੰਨ ਘੰਟੇ ਦਾ ਸੜਕੀ ਸਫ਼ਰ ਹੈ, ਸਰਦੀ ਦੇ ਮੌਸਮ ਕਾਰਨ ਸਵੇਰੇ ਧੁੰਦ ਹੁੰਦੀ ਹੈ। ਅਜਿਹੀ ਸਥਿਤੀ ਵਿਚ ਪਹਿਲੀ ਸ਼ਾਮ ਨੂੰ ਪਹੁੰਚਣਾ ਸਹੀ ਹੋਵੇਗਾ। ਯੂਰੋਪ ਵਿਚ ਜਦੋਂ ਸੜਕਾਂ ’ਤੇ ਬਰਫ਼ ਜੰਮੀ ਹੁੰਦੀ ਹੈ ਤਾਂ ਕਾਰ ਚਲਾਉਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੀ ਗੱਲ ਹੁੰਦੀ ਹੈ। ਸੋ ਬਹੁਤੇ ਲੋਕ ਇਨ੍ਹਾਂ ਦਿਨਾਂ ਵਿਚ ਰੇਲ ਗੱਡੀ ਰਾਹੀਂ ਜਾਣ ਨੂੰ ਤਰਜੀਹ ਦਿੰਦੇ ਹਨ। ਜੇ ਕਿਸੇ ਦੂਜੇ ਸ਼ਹਿਰ ਜਾ ਕੇ ਪ੍ਰੀਖਿਆ ਦੇਣੀ ਹੋਵੇ ਤਾਂ ਯੋਗ ਇਹੀ ਹੁੰਦਾ ਹੈ ਕਿ ਪਹਿਲੀ ਸ਼ਾਮ ਪਹੁੰਚ ਕੇ ਪ੍ਰੀਖਿਆ ਵਾਲੀ ਥਾਂ ਵੇਖ ਲਈ ਜਾਵੇ। ਸੈਰ ਅਕਸਰ ਇਸ ਲਈ ਸਵੇਰੇ ਕੀਤੀ ਜਾਂਦੀ ਹੈ ਕਿਉਂਕਿ ਸ਼ਾਮ ਨੂੰ ਸੈਰ ਕਰਨ ਵਿਚ ਅਕਸਰ ਵਿਘਨ ਪੈਂਦਾ ਰਹਿੰਦਾ ਹੈ। ਇਹ ਵਿਉਂਤਬੰਦੀ ਕਾਰਨ ਹੀ ਹੁੰਦਾ ਹੈ ਕਿ ਅਲਮਾਰੀ, ਪੇਟੀ ਜਾਂ ਟਰੰਕ ਵਿਚ ਜੇ ਕੱਪੜੇ ਤਰਤੀਬ ਨਾਲ ਰੱਖੇ ਜਾਣ ਤਾਂ ਨਾ ਕੇਵਲ ਵਧੇਰੇ ਕੱਪੜੇ ਰੱਖੇ ਜਾ ਸਕਦੇ ਹਨ, ਲੋੜ ਪੈਣ ’ਤੇ ਇਹ ਕੱਢਣੇ ਵੀ ਸੌਖੇ ਹੁੰਦੇ ਹਨ।
ਤਰਤੀਬ ਜਾਂ ਕਲਾ ਤੋਂ ਵੀ ਭਾਵ ਵਿਉਂਤਬੰਦੀ ਹੀ ਹੈ। ਕਲਾ ਕੋਈ ਹੋਵੇ, ਉਸ ਲਈ ਵਿਸਤ੍ਰਿਤ ਵਿਉਂਤਬੰਦੀ ਦੀ ਲੋੜ ਪੈਂਦੀ ਹੈ। ਮਾਹਿਰ ਲੰਮੀ ਵਿਉਂਤਬੰਦੀ ਕਰ ਸਕਦੇ ਹੁੰਦੇ ਹਨ। ਜਦੋਂ ਭਾਖੜਾ ਨਹਿਰ ਖੋਦੀ ਗਈ ਸੀ ਤਾਂ ਸਮੁੱਚੀ ਨਹਿਰ ਦੀ ਵਿਉਂਤਬੰਦੀ ਕਰਕੇ, ਥੋੜ੍ਹੇ-ਥੋੜ੍ਹੇ ਹਿੱਸਿਆਂ ਦੇ ਠੇਕੇ ਦਿੱਤੇ ਗਏ ਸਨ। ਦਰਿਆ ਉੱਤੇ ਜਦੋਂ ਕੋਈ ਪੁਲ ਉਸਾਰਿਆ ਜਾਂਦਾ ਹੈ ਤਾਂ ਦਰਿਆ ਦੇ ਅੱਧ ਜਾਂ ਕੁਝ ਹਿੱਸੇ ਨੂੰ ਪੂਰੇ ਦਰਿਆ ਨਾਲੋਂ ਵੱਖਰਾ ਕਰ ਲਿਆ ਜਾਂਦਾ ਹੈ ਅਤੇ ਇਸ ਹਿੱਸੇ ਉਪਰ ਪੁਲ ਉਸਾਰਨ ਉਪਰੰਤ ਬਾਕੀ ਦਾ ਹਿੱਸਾ ਉਸਾਰੀ ਅਧੀਨ ਲਿਆ ਜਾਂਦਾ ਹੈ। ਹੁਣ ਪੁਲ ਊਸਾਰਨ ਦੀ ਵੱਖਰੀ ਇੰਜੀਨੀਅਰਿੰਗ ਹੈ। ਇਉਂ ਹੀ ਸੁਰੰਗਾਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ। ਪੁਰਾਣੇ ਜ਼ਮਾਨੇ ਦੇ ਲੋਕ ਬੇੜੀਆਂ ਦਾ ਪੁਲ ਬਣਾ ਕੇ ਦਰਿਆ ਤੋਂ ਪਾਰ ਜਾਇਆ ਕਰਦੇ ਸਨ ਜਾਂ ਮਲਾਹ ਬੇੜੀ ਰਾਹੀਂ ਰਾਹੀਆਂ ਨੂੰ ਇਕ ਤੋਂ ਦੂਜੇ ਪੱਤਣ ਲੈ ਜਾਂਦੇ ਸਨ। ਸ਼ਿਕਾਰ ਯੁੱਗ ਵਿਚ ਮਨੁੱਖ ਨੇ ਆਪਣੇ ਅਨੁਭਵ ਤੋਂ ਸਿੱਖਿਆ ਕਿ ਰਲ ਕੇ ਸ਼ਿਕਾਰ ਕਰਨ ਨਾਲ ਵਧੇਰੇ ਸਫਲਤਾ ਮਿਲਦੀ ਹੈ। ਮਨੁੱਖਾਂ ਅਤੇ ਹੋਰ ਜੀਵਾਂ ਵਿਚ ਮੁੱਖ ਅੰਤਰ ਹੀ ਇਹ ਹੈ ਕਿ ਮਨੁੱਖ ਕੋਲ ਵਿਉਂਤਬੰਦੀ ਕਰਨ ਦੀ ਯੋਗਤਾ ਹੈ। ਸੁਤੰਤਰਤਾ ਉਪਰੰਤ ਭਾਰਤ ਨੇ ਰੂਸ ਦੀ ਤਰਜ਼ ’ਤੇ ਪੰਜ ਸਾਲਾ ਯੋਜਨਾਵਾਂ ਨੂੰ ਅਪਨਾਇਆ ਸੀ। ਯੂਨੀਵਰਸਿਟੀਆਂ ਅਤੇ ਹੋਰ ਅਦਾਰੇ ਹਰੇਕ ਪੰਝੀ ਸਾਲ ਮਗਰੋਂ ਜੁਬਲੀ ਦੇ ਅਵਸਰ ’ਤੇ ਆਪਣੀਆਂ ਸਫ਼ਲਤਾਵਾਂ ਅਤੇ ਘਾਟਾਂ ਦਾ ਲੇਖਾ-ਜੋਖਾ ਕਰਕੇ ਅਗਲੇਰੀ ਜੁਬਲੀ ਲਈ ਵਿਉਂਤਾਂ ਬਣਾਉਂਦੇ ਹਨ। ਪੜ੍ਹਾਈ ਜਾਂ ਸਿਖਲਾਈ ਦਾ ਕੋਰਸ ਕੋਈ ਹੋਵੇ, ਉਸ ਵਿਚ ਮੁਹਾਰਤ ਵਿਉਂਤਬੰਦੀ ਦੀ ਹੀ ਦਿੱਤੀ ਜਾਂਦੀ ਹੈ।
ਇਸ ਸੰਸਾਰ ਦੀ ਇਕ ਮਜ਼ਬੂਤ ਵਿਉਂਤਬੰਦੀ ਹੈ। ਮਨੁੱਖੀ ਸਰੀਰ ਦੀ ਵਿਉਂਤਬੰਦੀ ਹੈਰਾਨ ਕਰਨ ਵਾਲੀ ਹੈ। ਸੱਚ ਤਾਂ ਇਹ ਹੈ ਕਿ ਵਿਉਂਤਬੰਦੀ ਹਰੇਕ ਵਸਤ ਅਤੇ ਵਰਤਾਰੇ ਦਾ ਬੁਨਿਆਦੀ ਤੱਤ ਹੁੰਦੀ ਹੈ। ਇਸ ਕਰਕੇ ਹਰੇਕ ਕਾਰਜ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ। ਜੇ ਮਾਹਿਰ ਰਾਹੀਂ ਕੀਤੀ ਵਿਉਂਤਬੰਦੀ ਨਾਲ ਉਸਾਰੀ ਕੀਤੀ ਜਾਵੇ ਤਾਂ ਸੌ-ਡੇਢ ਸੌ ਗਜ਼ ਰਕਬੇ ਵਿਚ ਵੀ ਕੋਠੀ ਉਸਾਰੀ ਜਾ ਸਕਦੀ ਹੈ। ਜੇ ਆਪਣੀ ਸੀਮਤ ਅਕਲ ਅਤੇ ਤਜਰਬੇ ਨਾਲ ਨਿਰਣੇ ਕਰੋਗੇ ਤਾਂ ਪੰਜ ਸੌ ਗਜ਼ ਦੇ ਰਕਬੇ ਵਿਚ ਵੀ ਸਾਧਾਰਨ ਮਕਾਨ ਹੀ ਬਣੇਗਾ ਜਿਸ ਦੀ ਬਹੁਤ ਥਾਂ ਵਰਤੋਂ ਵਿਚ ਹੀ ਨਹੀਂ ਆਵੇਗੀ ਅਤੇ ਉਸਾਰੀ ਵੀ ਅਧੂਰੀ ਹੀ ਰਹਿ ਜਾਵੇਗੀ। ਮਾਹਿਰ ਨੂੰ ਦਿੱਤੀ ਉਸ ਦੀ ਫੀਸ ਬਹੁਤ ਵੱਡੀ ਬੱਚਤ ਦਾ ਕਾਰਨ ਬਣਦੀ ਹੈ। ਹਰੇਕ ਵਿਉਂਤਬੰਦੀ ਦੇ ਤਿੰਨ ਬੁਨਿਆਦੀ ਅਤੇ ਮਹੱਤਵਪੂਰਨ ਪੱਖ ਹੁੰਦੇ ਹਨ: ਪੈਸਾ, ਸਮਾਂ ਅਤੇ ਮਨੁੱਖੀ ਸ਼ਕਤੀ ਜਾਂ ਸਰੋਤ। ਫੈ਼ਸਲਾ ਕਰਨਾ ਹੁੰਦਾ ਹੈ ਕਿ ਟੀਚਾ, ਮਨੋਰਥ ਜਾਂ ਉਦੇਸ਼ ਕੀ ਹੈ। ਕੁਝ ਵੀ ਪ੍ਰਾਪਤ ਕਰਨਾ ਹੋਵੇ, ਸਭ ਤੋਂ ਵੱਡੀ ਅਤੇ ਪਹਿਲੀ ਲੋੜ ਸਰਮਾਏ ਦੀ ਪੈਂਦੀ ਹੈ। ਵਿਉਂਤਾਂ ਤਾਂ ਕਈ ਬਣ ਜਾਂਦੀਆਂ ਹਨ, ਪਰ ਸਰਮਾਇਆ ਨਾ ਹੋਣ ਕਾਰਨ, ਉਹ ਆਰੰਭ ਹੀ ਨਹੀਂ ਹੁੰਦੀਆਂ। ਫ਼ਿਲਮ ਦੀ ਵਿਉਂਤ ਬਣ ਜਾਂਦੀ ਹੈ, ਆਪਣਾ ਪੈਸਾ ਹੁੰਦਾ ਨਹੀਂ ਅਤੇ ਪੈਸਾ ਲਾਉਣ ਵਾਲਾ ਸਰਮਾਏਦਾਰ ਮਿਲਦਾ ਨਹੀਂ, ਸੋ ਵਿਉਂਤਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ। ਇਸ ਸਥਿਤੀ ਨਾਲ ਨਬਿੜਨ ਦੀਆਂ ਵੀ ਵਿਉਂਤਾਂ ਹੁੰਦੀਆਂ ਹਨ। ਜੇ ਕਿਸੇ ਵਿਅਕਤੀ ਕੋਲ ਕੁਝ ਉਪਯੋਗੀ ਕਾਰਜ ਕਰਨ ਦੀ ਵਿਉਂਤ ਹੋਏ, ਪਰ ਸਰਮਾਇਆ ਨਾ ਹੋਵੇ ਤਾਂ ਕਈ ਅਦਾਰੇ ਜਾਂ ਕੰਪਨੀਆਂ ਪੈਸੇ ਲਾਉਣ ਲਈ ਤਿਆਰ ਹੋ ਜਾਂਦੀਆਂ ਹਨ। ਇਸ ਸਰਮਾਏ ਨੂੰ ਅਜੋਕੀ ਭਾਸ਼ਾ ਵਿਚ ਵੈਂਚਰ ਕੈਪੀਟਲ ਕਹਿੰਦੇ ਹਨ। ਜੇ ਵਿਉਂਤ ਸਫਲ ਹੋਵੇ ਤਾਂ ਲਾਭ ਨੂੰ ਪੂਰਵ-ਨਿਸ਼ਚਿਤ ਅਨੁਪਾਤ ਵਿਚ ਵੰਡ ਲਿਆ ਜਾਂਦਾ ਹੈ। ਕਿਸੇ ਵੇਲੇ ਅਮਰੀਕਾ ਵਿਚਲੇ ਫ਼ਿਲਮ ਉਦਯੋਗ ਵਿਚ ਵੱਖ-ਵੱਖ ਮਾਹਿਰਾਂ ਨੇ ਇਕ ਕੰਪਨੀ ਬਣਾਈ ਸੀ ਜਿਸ ਵਿਚ ਫ਼ਿਲਮ ਦੀ ਕਹਾਣੀ ਲਿਖਣ ਵਾਲੇ ਨੇ ਕਹਾਣੀ ਮੁਫ਼ਤ ਦਿੱਤੀ, ਅਦਾਕਾਰਾਂ ਨੇ ਅਦਾਕਾਰੀ ਮੁਫ਼ਤ ਕੀਤੀ, ਨਿਰਦੇਸ਼ਕ ਨੇ ਨਿਰਦੇਸ਼ਨ ਮੁਫ਼ਤ ਦਿੱਤਾ। ਇਉਂ ਜਦੋਂ ਸਾਰਿਆਂ ਦੇ ਸਹਿਯੋਗ ਨਾਲ ਫ਼ਿਲਮ ਬਣ ਜਾਂਦੀ ਸੀ ਤਾਂ ਇਸ ਤੋਂ ਹੋਣ ਵਾਲੀ ਆਮਦਨ ਆਪਣੇ ਯੋਗਦਾਨ ਦੇ ਅਨੁਪਾਤ ਵਿਚ ਸਾਰੇ ਵੰਡ ਲੈਂਦੇ ਸਨ। ਯੂਨਾਈਟਿਡ ਆਰਟਿਸਟਸ ਨਾਂ ਦੀ ਇਸ ਕੰਪਨੀ ਨੇ ਕਈ ਸਫ਼ਲ ਫ਼ਿਲਮਾਂ ਬਣਾਈਆਂ ਜਿਹੜੀਆਂ ਵੱਖ-ਵੱਖ ਮਾਹਿਰਾਂ ਦੇ ਸਹਿਯੋਗ ਕਾਰਨ ਬੜੀਆਂ ਸਫਲ ਹੋਈਆਂ। ਅਜੋਕੇ ਸੰਸਾਰ ਵਿਚ ਸੌ ਨਵੇਂ ਯਤਨਾਂ ਵਿਚੋਂ ਪੰਜਵਾਂ ਹਿੱਸਾ ਹੀ ਸਫ਼ਲ ਹੁੰਦੇ ਹਨ, ਪਰ ਜਿਹੜੇ ਸਫ਼ਲ ਹੁੰਦੇ ਹਨ, ਉਹ ਗੂਗਲ ਅਤੇ ਫੇਸਬੁੱਕ ਵਾਂਗ ਬੜੇ ਸਫਲ ਹੁੰਦੇ ਹਨ, ਪਰ ਪਹਿਲਾਂ ਨਹੀਂ ਦੱਸਿਆ ਜਾ ਸਕਦਾ ਕਿ ਕਿਹੜੇ ਸਫਲ ਹੋਣਗੇ। ਸਪਸ਼ਟ ਹੈ ਕਿ ਵਿਉਂਤ ਕੋਈ ਹੋਵੇ, ਉਸ ਲਈ ਸਰਮਾਏ ਦੀ ਲੋੜ ਪੈਂਦੀ ਹੈ, ਸਰਮਾਇਆ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ।
ਕਿਸੇ ਵੀ ਵਿਉਂਤ ਦਾ ਦੂਜਾ ਮਹੱਤਵਪੂਰਨ ਪੱਖ ਸਮਾਂ ਹੁੰਦਾ ਹੈ। ਸਮਾਂ ਸੀਮਤ ਅਤੇ ਸਮੇਂ ਦੀ ਲਾਗਤ ਹੁੰਦੀ ਹੈ। ਜੇ ਕੋਈ ਵਿਉਂਤ ਲਮਕ ਜਾਵੇ ਤਾਂ ਕਾਰਜ ਦੇ ਅਧੂਰੇ ਰਹਿ ਜਾਣ ਕਾਰਨ, ਉਸ ਉੱਤੇ ਲੱਗਿਆ ਸਰਮਾਇਆ ਲੱਕ ਤੋੜ ਦਿੰਦਾ ਹੈ। ਇਕ ਵਿਅਕਤੀ ਨੇ ਕਰਜ਼ਾ ਲੈ ਕੇ ਵੱਡਾ ਹੋਟਲ ਬਣਾਉਣਾ ਆਰੰਭ ਕੀਤਾ, ਬੈਂਕ ਤੋਂ ਵਿਆਜ ’ਤੇ ਲਿਆ ਕਰਜ਼ਾ ਕੰਮ ਦੇ ਲਮਕ ਜਾਣ ਕਰਕੇ ਬੜੀ ਵੱਡੀ ਰਕਮ ਬਣ ਗਿਆ। ਜਿਹੜਾ ਹੋਟਲ ਤਿੰਨ ਸਾਲ ਵਿਚ ਬਣਨਾ ਸੀ, ਉਸ ਨੂੰ ਬਾਰਾਂ ਸਾਲ ਲੱਗੇ ਅਤੇ ਮਾਲਕ ਦਾ ਦੀਵਾਲਾ ਨਿਕਲ ਗਿਆ। ਦੀਵਾਲਾ, ਸਮੇਂ ਦੀ ਵਿਉਂਤਬੰਦੀ ਸਹੀ ਨਾ ਹੋਣ ਕਾਰਨ ਨਿਕਲਿਆ। ਇਕ ਵਿਅਕਤੀ ਨੇ ਪੰਜਤਾਲੀ ਸਾਲ ਦੀ ਉਮਰ ਵਿਚ ਵਿਆਹ ਕੀਤਾ, ਬੱਚੇ ਹੋਏ ਜਿਹੜੇ ਉਸ ਦੇ ਸੇਵਾਮੁਕਤ ਹੋਣ ਤੱਕ ਵਿਆਹੇ ਨਹੀਂ ਸੀ ਗਏ ਅਤੇ ਊਨ੍ਹਾਂ ਦੇ ਕੰਮ ’ਤੇ ਲੱਗਣ ਤੋਂ ਪਹਿਲਾਂ ਹੀ ਪਿਤਾ ਅਕਾਲ ਚਲਾਣਾ ਕਰ ਗਿਆ। ਵਿਆਹ ਦੇ ਪੱਖੋਂ ਉਹ ਵੀਹ ਸਾਲ ਪੱਛੜਿਆ ਹੋਇਆ ਸੀ। ਨਵਾਂ ਮਕਾਨ ਲਗਪਗ ਪੰਜਤਾਲੀ ਸਾਲ ਦੀ ਉਮਰ ਵਿਚ ਪਾ ਲੈਣਾ ਚਾਹੀਦਾ ਹੈ। ਇਕ ਵਿਅਕਤੀ ਨੇ ਸੇਵਾਮੁਕਤੀ ਉਪਰੰਤ ਆਪਣੀ ਸਮਰੱਥਾ ਨਾਲੋਂ ਵੱਡਾ ਮਕਾਨ ਪਾਉਣਾ ਆਰੰਭ ਕੀਤਾ। ਮਕਾਨ ਮੁਕੰਮਲ ਹੋਣ ਵਿਚ ਗਿਆਰਾਂ ਸਾਲ ਲੱਗੇ ਅਤੇ ਨਵੇਂ ਘਰ ਵਿਚ ਪਹਿਲਾ ਸਮਾਗਮ, ਉਸ ਦੇ ਚਲਾਣੇ ਦੇ ਉਪਰੰਤ ਭੋਗ ਦਾ ਸਮਾਗਮ ਸੀ। ਕਈ ਸਰਕਾਰੀ ਵਿਉਂਤਾਂ ਸਮੇਂ ਦੇ ਪੱਖੋਂ ਇਤਨੀਆਂ ਪਛੜ ਜਾਂਦੀਆਂ ਹਨ ਕਿ ਉਨ੍ਹਾਂ ਦਾ ਕੋਈ ਲਾਭ ਹੋਣ ਦੀ ਥਾਂ ਨੁਕਸਾਨ ਵਧੇਰੇ ਹੁੰਦਾ ਹੈ। ਵਧੀ ਹੋਈ ਆਵਾਜਾਈ ਲਈ ਕਈ ਵਾਰੀ ਬਾਈਪਾਸ ਊਸਾਰਿਆ ਜਾਂਦਾ ਹੈ ਜਿਹੜਾ ਇਤਨਾ ਪਛੜ ਕੇ ਬਣਦਾ ਹੈ ਕਿ ਉਹ ਬਾਈਪਾਸ ਨਹੀਂ ਇਕ ਤੰਗ ਜਿਹੀ ਸੜਕ ਬਣ ਕੇ ਰਹਿ ਜਾਂਦਾ ਹੈ।
ਹਰੇਕ ਵਿਉਂਤ ਦਾ ਤੀਜਾ ਮਹੱਤਵਪੂਰਨ ਪੱਖ ਮਨੁੱਖੀ ਸਰੋਤ ਹੁੰਦਾ ਹੈ। ਕਈ ਵਾਰੀ ਵਿਉਂਤਬੰਦੀ ਲਈ ਸਰਮਾਇਆ ਵੀ ਹੁੰਦਾ ਹੈ, ਲੋੜੀਂਦਾ ਸਮਾਂ ਵੀ ਹੁੰਦਾ ਹੈ, ਪਰ ਮਨੁੱਖੀ ਅਮਲਾ ਜਾਂ ਸਰੋਤ ਨਹੀਂ ਹੁੰਦਾ। ਸਕੂਲ ਤਾਂ ਹੀ ਕਾਰਜ ਕਰਨਗੇ ਜੇ ਅਧਿਆਪਕ ਹੋਣਗੇ, ਕਾਰਖਾਨਾ ਤਾਂ ਹੀ ਕਾਰਜ ਕਰੇਗਾ ਜੇ ਸਿੱਖਿਅਤ ਕਾਮੇ ਹੋਣਗੇ, ਹਸਪਤਾਲਾਂ ਵਿਚ ਤਾਂ ਹੀ ਇਲਾਜ ਹੋਵੇਗਾ ਜੇ ਡਾਕਟਰ ਅਤੇ ਨਰਸਾਂ ਹੋਣਗੀਆਂ। ਮਨੁੱਖੀ ਸਰੋਤ ਤੋਂ ਭਾਵ ਕਿਸੇ ਵਿਸ਼ੇਸ਼ ਕਾਰਜ ਲਈ ਸਿੱਖਿਅਤ ਅਤੇ ਢੁਕਵਾਂ ਅਮਲਾ ਹੁੰਦਾ ਹੈ। ਕਈ ਅਫ਼ਰੀਕਨ ਦੇਸ਼ ਇਸ ਲਈ ਪਛੜੇ ਹੋਏ ਹਨ ਕਿਉਂਕਿ ਵਿਕਾਸ ਨੂੰ ਸੰਭਵ ਬਣਾਉਣ ਵਾਲੇ ਮਨੁੱਖੀ ਸਰੋਤ ਨਹੀਂ ਹਨ। ਡੈਮ, ਵੱਡੇ ਪੁਲ, ਬੁਨਿਆਦੀ ਉਦਯੋਗ, ਸੜਕਾਂ, ਬਿਜਲੀ ਆਦਿ ਵਾਲਾ ਬੁਨਿਆਦੀ ਢਾਂਚਾ ਮਾਹਿਰਾਂ ਅਤੇ ਤਕਨੀਕੀ ਮਨੁੱਖੀ ਸਰੋਤਾਂ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਯੁੱਧ ਹੋਣ ਦੀ ਸੂਰਤ ਵਿਚ ਅਤੇ ਕੁਦਰਤੀ ਆਫ਼ਤ ਆਉਣ ਸਮੇਂ ਝੱਟਪੱਟ ਮਨੁੱਖੀ ਸਰੋਤ ਨਹੀਂ ਉਪਜਾਏ ਜਾ ਸਕਦੇ। ਜਦੋਂ ਅਮਰੀਕਾ ਨੇ ਸੀਰੀਆ ਵਿਚ ਬਗ਼ਦਾਦੀ ਦੀ ਸ਼ਕਤੀ ਦਾ ਖ਼ਾਤਮਾ ਕਰਨਾ ਚਾਹਿਆ ਤਾਂ ਜਰਨੈਲਾਂ ਨੇ ਪੂਰੀ ਵਿਉਂਤ ਬਣਾ ਕੇ ਦੱਸ ਦਿੱਤਾ ਸੀ ਕਿ ਇਸ ਕਾਰਜ ਲਈ ਚਾਰ ਤੋਂ ਪੰਜ ਸਾਲ ਲੱਗਣਗੇ, ਇਤਨਾ ਖ਼ਰਚਾ ਹੋਵੇਗਾ ਅਤੇ ਅਮਰੀਕੀ ਸੈਨਾ ਦਾ ਇਤਨਾ ਨੁਕਸਾਨ ਹੋਵੇਗਾ। ਵਿਉਂਤ ਕੋਈ ਹੋਵੇ, ਉਸ ਵਿਚ ਇਨ੍ਹਾਂ ਤਿੰਨ ਪੱਖਾਂ ਵੱਲ ਧਿਆਨ ਦੇਣਾ ਪੈਂਦਾ ਹੈ।
ਰੋਮ, ਸੰਸਾਰ ਦਾ ਪਹਿਲਾ ਵਿਉਂਤਬੱਧ ਸ਼ਹਿਰ ਸੀ। ਚੰਡੀਗੜ੍ਹ, ਪੰਜਾਬ ਦੀ ਵਿਉਂਤਬੱਧ ਢੰਗ ਨਾਲ ਉਸਾਰੀ ਹੋਈ ਰਾਜਧਾਨੀ ਹੈ। ਸੁਏਜ਼ ਨਹਿਰ ਮਨੁੱਖੀ ਵਿਉਂਤ ਦੀ ਇਕ ਮਿਸਾਲ ਹੈ। ਇਹ ਨਹਿਰ ਹੈ ਤਾਂ ਸਾਰੀ ਇਕ ਸੌ ਇਕ ਮੀਲ, ਪਰ ਇਸ ਨਾਲ ਸਮੁੰਦਰੀ ਜਹਾਜ਼ਾਂ ਦੀ ਯਾਤਰਾ ਦੇ ਛੇ ਹਜ਼ਾਰ ਮੀਲ ਦਾ ਸਫ਼ਰ ਬਚਦਾ ਹੈ। ਜਿਹੜਾ ਸਫ਼ਰ ਹੁਣ ਦਸ ਘੰਟੇ ਵਿਚ ਪੂਰਾ ਹੁੰਦਾ ਹੈ, ਉਹ ਪਹਿਲਾਂ ਵੀਹ ਦਿਨਾਂ ਵਿਚ ਪੂਰਾ ਹੁੰਦਾ ਸੀ। ਇਹ ਨਹਿਰ ਮਿਸਰ ਦੇ ਅਰਥਚਾਰੇ ਦੀ ਵੱਡੀ ਟੇਕ ਹੈ। ਕਈ ਸ਼ਹਿਰਾਂ ਵਿਚ ਵਿਉਂਤਬੰਦੀ ਤੋਂ ਬਿਨਾਂ ਹੀ ਕਈ ਕਾਲੋਨੀਆਂ ਉਸਰ ਪੈਂਦੀਆਂ ਹਨ ਜਿਹੜੀਆਂ ਊਸ ਸ਼ਹਿਰ ਦੇ ਸਮੁੱਚੇ ਜੀਵਨ ਅਤੇ ਦਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਵਿਉਂਤਬੰਦੀ ਤੋਂ ਬਿਨਾਂ ਉਸਾਰੇ ਗਏ ਮਕਾਨਾਂ ਨਾਲ ਗਲੀਆਂ ਅਤੇ ਰਸਤੇ ਤੰਗ ਹੁੰਦੇ ਹਨ। ਅਜਿਹੀਆਂ ਕਾਲੋਨੀਆਂ ਭਾਰਤ ਦੇ ਹਰੇਕ ਇਲਾਕੇ ਵਿਚ ਹਨ ਜਿੱਥੇ ਰਸਤੇ ਤੰਗ ਹੋਣ ਕਾਰਨ ਵਾਹਨ ਨਹੀਂ ਰੱਖੇ ਜਾ ਸਕਦੇ। ਸਮੇਂ ਦੇ ਬੀਤਣ ਨਾਲ ਮਕਾਨ ਨੀਵੇਂ ਅਤੇ ਸੜਕਾਂ ਉੱਚੀਆਂ ਹੋਣ ਕਾਰਨ ਥੋੜ੍ਹੇ ਜਿਹੇ ਮੀਂਹ ਨਾਲ ਹੀ ਇਨ੍ਹਾਂ ਘਰਾਂ ਵਿਚ ਪਾਣੀ ਆਣ ਵੜਦਾ ਹੈ। ਅਜਿਹੀ ਸਥਿਤੀ ਕਾਰਨ ਜਾਇਦਾਦਾਂ ਦੀਆਂ ਕੀਮਤਾਂ ਹੀ ਨਹੀਂ ਘਟਦੀਆਂ, ਜਾਇਦਾਦਾਂ ਵਿਕਦੀਆਂ ਵੀ ਨਹੀਂ।
ਕਿਸੇ ਵੀ ਕਾਰਜ ਦੀ ਸਫਲਤਾ-ਅਸਫਲਤਾ ਉਸ ਕਾਰਜ ਦੀ ਵਿਉਂਤਬੰਦੀ ’ਤੇ ਨਿਰਭਰ ਕਰਦੀ ਹੈ। ਸਫਲ, ਵਿਗਿਆਨਕ ਵਿਉਂਤਬੰਦੀ ਹੀ ਹੁੰਦੀ ਹੈ। ਹੋਟਲ ਉਦਯੋਗ ਵਿਚਲੀ ਵਿਉਂਤਬੰਦੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ। ਭੋਜਨ ਪਰੋਸਣ ਦੀ ਵਿਉਂਤ ਜੇ ਚੰਗੀ ਹੋਵੇ ਤਾਂ ਭੋਜਨ ਨੂੰ ਮੂੰਹ ਹੀ ਨਹੀਂ, ਅੱਖਾਂ ਵੀ ਖਾਂਦੀਆਂ ਹਨ। ਜੇ ਤੁਸੀਂ ਸਮਾਚਾਰ ਪੱਤਰ ਦਾ ਕੋਈ ਪੰਨਾ ਵੇਖੋ ਤਾਂ ਹੈਰਾਨੀ ਹੋਵੇਗੀ ਕਿ ਵੱਖਰੇ-ਵੱਖਰੇ ਆਕਾਰ ਦੇ ਸਮਾਚਾਰਾਂ ਨੂੰ ਕਿਸ ਢੰਗ ਸਿਰ ਪੇਸ਼ ਕੀਤਾ ਗਿਆ ਹੈ। ਕਈ ਕੰਪਨੀਆਂ ਆਪਣੇ ਮਾਲ ਨੂੰ ਅਜਿਹੇ ਡੱਬਿਆਂ ਵਿਚ ਬੰਦ ਕਰਕੇ ਵੇਚਦੀਆਂ ਹਨ ਜਿਹੜੇ ਉਹ ਚੀਜ਼ ਵਰਤਣ ਮਗਰੋਂ ਵੀ ਕੰਮ ਆਉਂਦੇ ਹਨ। ਇਸਰਾਈਲ ਵੀ ਆਲੇ-ਦੁਆਲੇ ਦੇ ਦੇਸ਼ਾਂ ਵਾਂਗ ਮਾਰੂਥਲ ਹੀ ਸੀ, ਪਰ ਡਰਿੱਪ ਸਿੰਚਾਈ ਨਾਲ ਪਾਣੀ ਦੀ ਹਰੇਕ ਬੂੰਦ ਨੂੰ ਵਰਤ ਕੇ ਦੇਸ਼ ਨੂੰ ਹਰਾ-ਭਰਾ ਅਤੇ ਉਪਜਾਊ ਬਣਾਇਆ ਗਿਆ ਹੈ। ਫ਼ੌਜ ਦੀ ਵਿਉਂਤਬੰਦੀ ਅਤੇ ਦਰਜਾਬੰਦੀ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਸ ਵਿਉਂਤਬੰਦੀ ਨੂੰ ਸਕੂਲਾਂ, ਕਾਲਜਾਂ, ਹਸਪਤਾਲਾਂ, ਕਾਰਖਾਨਿਆਂ, ਪੁਲੀਸ ਵਿਚ ਵਿਆਪਕ ਢੰਗ ਨਾਲ ਵਰਤਿਆ ਜਾਂਦਾ ਹੈ। ਸੰਸਾਰ ਵਿਚ ਹਰ ਰੋਜ਼ ਚਾਲੀ ਹਜ਼ਾਰ ਨਾਲੋਂ ਵਧੇਰੇ ਹਵਾਈ ਉਡਾਣਾਂ ਭਰੀਆਂ ਜਾਂਦੀਆਂ ਹਨ ਜਿਨ੍ਹਾਂ ਰਾਹੀਂ ਇਕ ਕਰੋੜ ਲੋਕ ਆਪਣੇ ਟਿਕਾਣੇ ’ਤੇ ਪਹੁੰਚਦੇ ਹਨ। ਇਹ ਸਭ ਕੁਝ ਨਿਪੁੰਨ ਪ੍ਰਬੰਧਕਾਂ ਦੀ ਵਿਉਂਤਬੰਦੀ ਕਾਰਨ ਸੰਭਵ ਹੁੰਦਾ ਹੈ। ਕਈ ਸਮਾਗਮ ਚੰਗੀ ਵਿਉਂਤਬੰਦੀ ਕਾਰਨ ਯਾਦਗਾਰੀ ਹੋ ਨਬਿੜਦੇ ਹਨ। ਕਈ ਇਸਤਰੀਆਂ ਦੀ ਵਿਉਂਤਬੰਦੀ ਵੇਖਣ ਅਤੇ ਸਲਾਹੁਣ ਵਾਲੀ ਹੁੰਦੀ ਹੈ।
ਵਿਉਂਤ ਨਾਲ ਕੰਮ ਕੀਤਿਆਂ, ਕੁਝ ਵੀ ਅਜਾਈਂ ਨਹੀਂ ਜਾਂਦਾ। ਭਾਵੇਂ ਸਾਰੀਆਂ ਵਿਉਂਤਾਂ ਸਫ਼ਲ ਨਹੀਂ ਹੁੰਦੀਆਂ, ਪਰ ਵਿਉਂਤਬੰਦੀ ਦਾ ਮਹੱਤਵ ਬਰਕਰਾਰ ਰਹਿੰਦਾ ਹੈ। ਜਿਹੜੀ ਬਿਪਤਾ, ਸਮੱਸਿਆ ਜਾਂ ਮੁਸ਼ਕਿਲ ਪਹਿਲੀ ਵਾਰੀ ਵਾਪਰਦੀ ਹੈ, ਉਸ ਸਬੰਧੀ ਮੁਕੰਮਲ ਵਿਉਂਤਬੰਦੀ ਸੰਭਵ ਨਹੀਂ ਹੁੰਦੀ। ਨੋਟਬੰਦੀ, ਸੁਨਾਮੀ ਜਾਂ ਕਰੋਨਾ ਜਿਹੀਆਂ ਸਥਿਤੀਆਂ ਨਾਲ ਨਿਪਟਣ ਵਿਚ ਸਮਾਂ ਲੱਗਦਾ ਹੈ। ਕਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਸਾਰੇ ਸੰਸਾਰ ਦੇ ਮਾਹਿਰਾਂ ਨੇ ਆਪਣੇ ਵਸੀਲੇ ਅਤੇ ਯਤਨ ਸਾਂਝੇ ਕੀਤੇ ਹੋਏ ਹਨ ਜਿਸ ਕਾਰਨ ਮਨੁੱਖ ਵੱਲੋਂ ਜਲਦੀ ਹੀ ਪਹਿਲਾਂ ਲਚਕਦਾਰ ਅਤੇ ਮਗਰੋਂ ਨਿਸ਼ਚਿਤ ਵਿਉਂਤਬੰਦੀ ਨਾਲ ਇਸ ਮੁਸੀਬਤ ਵਿਚੋਂ ਵੀ ਬਾਹਰ ਨਿਕਲਣ ਦਾ ਢੰਗ ਲੱਭ ਲਿਆ ਜਾਵੇਗਾ ਕਿਉਂਕਿ ਵਿਉਂਤਬੱਧ ਯਤਨਾਂ ਨਾਲ ਹਮੇਸ਼ਾ ਸਫਲਤਾ ਮਿਲਦੀ ਹੈ।