ਹਰਮੀਤ ਸਿਵੀਆਂ ਬਠਿੰਡਾ
ਜੀਵਨ ਵਿੱਚ ਸਫਲਤਾ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਹੈ। ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖ਼ਾਸ ਮਹੱਤਤਾ ਹੈ, ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ। ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨ ‘ਡਾਕੂਆਂ ਦਾ ਮੁੰਡਾ’ ਵਰਗੀਆਂ ਕਿਤਾਬਾਂ ਪੜ੍ਹ ਕੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਕਿਤਾਬ ਦਾ ਲੇਖਕ ਮਿੰਟੂ ਗੁਰੂਸਰੀਆ ਵੀ ਕਿਸੇ ਸਮੇਂ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਸੀ, ਪਰ ਜਦੋਂ ਉਹ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋਇਆ ਤਾਂ ਹੌਲੀ ਹੌਲੀ ਉਸਦੀ ਜ਼ਿੰਦਗੀ ਨਵੇਂ ਮੋੜ ਕੱਟਦੀ ਗਈ। ਉਸ ਨੇ ਨਸ਼ਿਆਂ ਤੋਂ ਛੁਟਕਾਰਾ ਨਹੀਂ ਪਾਇਆ, ਸਗੋਂ ਅੱਜ ਉਹ ਇਕ ਉੱਘਾ ਲੇਖਕ ਅਤੇ ਪੱਤਰਕਾਰ ਹੈ।
ਪ੍ਰਸਿੱਧ ਕਵੀ ਤੇ ਲੇਖਕ ਰਸੂਲ ਹਮਜ਼ਾਤੋਵ ਨੇ ਪੁਸਤਕਾਂ ਸਬੰਧੀ ਕਿਹਾ ਸੀ ਕਿ “ਖੁਦ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਦੂਜਿਆਂ ਨੂੰ ਸਮਝਣ ਵਾਸਤੇ ਵੀ ਕਿਤਾਬਾਂ ਦੀ ਲੋੜ ਹੁੰਦੀ ਹੈ।” ਕਿਤਾਬਾਂ ਦਾ ਅਧਿਐਨ ਆਤਮਿਕ ਗੁਣਾਂ ਨੂੰ ਉੱਚਾ ਚੁੱਕ ਕੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਰਾਜਨੀਤਕ, ਆਰਥਿਕ ਅਤੇ ਸਮਾਜਿਕ ਰਹੁ ਰੀਤਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਸਭ ਤੋਂ ਵੱਧ ਸਹਾਇਤਾ ਕਰਦਾ ਹੈ। ਜਦੋਂ ਜ਼ਿੰਦਗੀ ਫਿੱਕੀ ਤੇ ਨੀਰਸ ਲੱਗਦੀ ਹੋਵੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ ਪ੍ਰਤੀਤ ਹੁੰਦਾ ਹੋਵੇ, ਚਾਰੇ ਪਾਸੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੋਣ, ਤਣਾਅ ਵਧਦਾ ਜਾ ਰਿਹਾ ਹੋਵੇ, ਤਾਂ ਅਜਿਹੇ ਸਮੇਂ ਪੁਸਤਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਮਾਨਸਿਕ ਤਣਾਅ ਦੂਰ ਕਰ ਸਕਦੀਆਂ ਹਨ।
ਵਿਸ਼ਵ ਪ੍ਰਸਿੱਧ ਲੇਖਕ ਸਵੇਟ ਮਾਰਡਨ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਜਿਵੇਂ ‘ਆਨੰਦ ਦਾ ਖਜ਼ਾਨਾ’, ‘ਸਫਲਤਾ ਕਿਵੇਂ ਪ੍ਰਾਪਤ ਕਰੀਏ’ ਆਦਿ ਹਨ, ਜੋ ਸਾਨੂੰ ਸੁਖਾਵੀਂ ਜੀਵਨ ਜਾਚ ਬਾਰੇ ਦੱਸਦੀਆਂ ਹਨ। ਪੁਸਤਕਾਂ ਸਾਡੇ ਜੀਵਨ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਦੁਨੀਆਂ ਵਿੱਚ ਅਨੇਕਾਂ ਅਜਿਹੇ ਵਿਦਵਾਨ ਲੇਖਕ ਅਤੇ ਮਹਾਨ ਸ਼ਖਸੀਅਤਾਂ ਹਨ, ਜਿਨ੍ਹਾਂ ਉੱਪਰ ਕਿਸੇ ਨਾ ਕਿਸੇ ਕਿਤਾਬ ਦਾ ਏਨਾ ਪ੍ਰਭਾਵ ਪਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ, ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅੰਗਰੇਜ਼ੀ ਲੇਖਕ ਰਸਕਿਨ ਨੂੰ ਪੜਿ੍ਹਆ ਤੇ ਉਸ ਤੋਂ ਬਹੁਤ ਪ੍ਰਭਾਵਿਤ ਹੋਏ। ਉਸਦਾ ਪ੍ਰਭਾਵ ਉਨ੍ਹਾਂ ਦੀਆਂ ਰਚਨਾਵਾਂ ’ਤੇ ਵੀ ਪਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਣ ਲੱਗਿਆ।
ਕਿਤਾਬਾਂ ਪੜ੍ਹਨ ਨਾਲ ਮਨੁੱਖ ਆਪਣੀ ਬੋਲ ਚਾਲ ਅਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ। ਪਰ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜੋਕਾ ਵਿਦਿਆਰਥੀ ਤੇ ਨੌਜਵਾਨ ਪੁਸਤਕ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ ਫੋਨ ਅਤੇ ਟੀਵੀ ਆਦਿ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ। ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣ ਵਿੱਚ ਮਾਪਿਆਂ ਦਾ ਵੀ ਰੋਲ ਹੈ ਕਿਉਂਕਿ ਜ਼ਿਆਦਾਤਰ ਮਾਪੇ ਇਹ ਸਮਝਦੇ ਹਨ ਕਿ ਸਕੂਲ ਦੀਆਂ ਕਿਤਾਬਾਂ ਹੀ ਬਹੁਤ ਹਨ, ਹੋਰ ਕਿਤਾਬਾਂ ਕੀ ਕਰਨੀਆਂ। ਬਹੁਤ ਘੱਟ ਮਾਪੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਰੋਜ਼ਾਨਾ ਇੱਕੋ ਹੀ ਤਰ੍ਹਾਂ ਦੇ ਕੰਮ ਤੋਂ ਇਲਾਵਾ ਬੱਚੇ ਨੂੰ ਕੁਝ ਵੱਖਰਾ ਤਜਰਬਾ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਸਕੂਲੀ ਕਿਤਾਬਾਂ ਦੇ ਗਿਆਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਵੀ ਮਿਲੇ।
ਅੱਜ ਕੱਲ੍ਹ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਆਉਂਦੀਆਂ ਹਨ ਜਿਵੇਂ ਪੰਜ-ਛੇ ਸਾਲ ਦੇ ਬੱਚਿਆਂ ਲਈ ਛੋਟੀਆਂ ਛੋਟੀਆਂ ਕਿਤਾਬਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਹੁੰਦਾ ਹੈ ਤਾਂ ਕੇ ਛੋਟੇ ਬੱਚੇ ਉਸ ਨੂੰ ਆਸਾਨੀ ਨਾਲ ਪੜ੍ਹ ਤੇ ਸਮਝ ਸਕਣ। ਇਸੇ ਤਰ੍ਹਾਂ ਨੌਂ ਦਸ ਸਾਲ ਦੇ ਬੱਚਿਆਂ ਲਈ ਕਾਰਟੂਨ ਵਾਲੀਆਂ ਕਿਤਾਬਾਂ ਆਉਂਦੀਆਂ ਹਨ। ਵਿਦਿਆਰਥੀ, ਨੌਜਵਾਨਾਂ ਅਤੇ ਆਮ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨ ਵਾਸਤੇ ਹਰ ਪਿੰਡ, ਸ਼ਹਿਰ, ਸਕੂਲਾਂ, ਕਾਲਜਾਂ ਵਿੱਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਸੰਪਰਕ: 80547-57806