ਅਹਿਮ ਗੱਲ

ਜੀਵਨ ਵਿਚ ਸੰਤੁਲਨ ਦਾ ਮਹੱਤਵ

ਜੀਵਨ ਵਿਚ ਸੰਤੁਲਨ ਦਾ ਮਹੱਤਵ

ਨਰਿੰਦਰ ਸਿੰਘ ਕਪੂਰ

ਨਰਿੰਦਰ ਸਿੰਘ ਕਪੂਰ

ਕੁਝ ਜਾਣੇ-ਪਛਾਣੇ ਅਤੇ ਬਹੁਤੇ ਅਣਜਾਣੇ ਕਾਰਨਾਂ ਕਰਕੇ ਸਾਡੇ ਜੀਵਨ ਦੀ ਚੂਲ ਉਖੜੀ ਹੋਈ ਹੈ ਅਤੇ ਸੰਤੁਲਨ ਵਿਗੜਿਆ ਹੋਇਆ ਹੈ। ਤਣਾਵਾਂ, ਪਛਤਾਵਿਆਂ, ਅਸਫ਼ਲਤਾਵਾਂ, ਮਹਾਂਮਾਰੀਆਂ ਕਾਰਨ ਜੀਵਨ ਦੀ ਤਸੱਲੀ ਲੋਪ ਹੁੰਦੀ ਜਾ ਰਹੀ ਹੈ। ਜਦੋਂ ਸਰੀਰ ਦਾ ਸੰਤੁਲਨ ਵਿਗੜਦਾ ਹੈ ਤਾਂ ਅਸੀਂ ਰੋਗੀ ਅਖਵਾਉਂਦੇ ਹਾਂ। ਜਦੋਂ ਆਮਦਨ ਅਤੇ ਖਰਚ ਦਾ ਸੰਤੁਲਨ ਵਿਗੜਦਾ ਹੈ ਤਾਂ ਇਹ ਮਾਲੀ ਸੰਕਟ ਅਖਵਾਉਂਦਾ ਹੈ। ਜਦੋਂ ਸਮਾਜ ਵਿਚ ਨਾਜਾਇਜ਼ ਸਬੰਧਾਂ ਕਾਰਨ ਤਲਾਕ ਅਤੇ ਤੋੜ-ਵਿਛੋੜੇ ਵਾਪਰਦੇ ਹਨ ਤਾਂ ਸਮਾਜਕ ਟੁੱਟ-ਭੱਜ ਵਾਪਰਦੀ ਹੈ ਅਤੇ ਜੀਵਨ ਵਿਚ ਹਿੰਸਾ ਅਤੇ ਅਪਰਾਧ ਵਧਦੇ ਹਨ। ਜੀਵਨ ਦੇ ਹਰੇਕ ਖੇਤਰ ਵਿਚ ਸੰਤੁਲਨ ਦੀ ਲੋੜ ਪੈਂਦੀ ਹੈ। ਇਹ ਹੋਰ ਘਾਟਾਂ ਵਰਗੀ ਘਾਟ ਨਹੀਂ, ਇਹ ਕੇਂਦਰੀ ਘਾਟ ਹੈ, ਜਿਸ ਵਿਚੋਂ ਸਾਰੀਆਂ ਘਾਟਾਂ ਅਤੇ ਵਿਗਾੜ ਉਪਜਦੇ ਹਨ।

ਕੋਈ ਇਕ ਕਦਮ ਚੁੱਕਣ, ਕੋਈ ਇਕ ਉਪਰਾਲਾ ਕਰਨ, ਕੋਈ ਇਕ ਖਰਚ ਕਰਨ ਜਾਂ ਕੁਝ ਵਕਤ ਦੇਣ ਨਾਲ ਵਿਗੜਿਆ ਸੰਤੁਲਨ ਸਥਾਪਤ ਨਹੀਂ ਹੋ ਸਕਦਾ। ਸੰਤੁਲਨ ਇਕ ਸੂਖ਼ਮ ਸੰਕਲਪ ਹੈ। ਆਮ ਸਾਧਾਰਨ ਲੋਕ ਅਨੇਕਾਂ ਮੁਸ਼ਕਲਾਂ ਅਤੇ ਤਕਲੀਫ਼ਾਂ ਬਰਦਾਸ਼ਤ ਕਰੀ ਜਾਂਦੇ ਹਨ, ਪਰ ਉਹ ਸੁਚੇਤ ਨਹੀਂ ਹਨ ਕਿ ਇਹ ਸਮੱਸਿਆਵਾਂ, ਸੰਤੁਲਨ ਦੇ ਵਿਗੜਨ ਕਾਰਨ ਉਪਜ ਰਹੀਆਂ ਹਨ। ਨਿਰਸੰਦੇਹ, ਕੋਈ ਸਥਿਤੀ ਅਜਿਹੀ ਨਹੀਂ ਹੁੰਦੀ ਜਿਸ ’ਤੇ ਉਂਗਲ ਰੱਖ ਕੇ ਕਿਹਾ ਜਾ ਸਕੇ ਕਿ ਇਹ ਉਹ ਸੰਤੁਲਨ ਹੈ ਜਿਸ ਦੀ ਮੈਨੂੰ ਲੋੜ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਸਮੁੱਚੀ ਕੁਦਰਤ, ਵਿਸ਼ਾਲ ਸਮਾਜ ਅਤੇ ਆਲੇ-ਦੁਆਲੇ ਦਾ ਕਿਰਿਆਸ਼ੀਲ ਭਾਗ ਹਾਂ। ਜੇ ਅਸੀਂ ਕੁਦਰਤ ਦਾ ਹੀ ਸੰਤੁਲਨ ਵਿਗਾੜ ਦਿੱਤਾ ਹੈ ਤਾਂ ਉਪਰਾਲਾ ਇਸ ਬੁਨਿਆਦੀ ਸੰਤੁਲਨ ਨੂੰ ਬਹਾਲ ਕਰਨ ਦਾ ਕਰਨਾ ਪਵੇਗਾ। ਇਹ ਵੀ ਜਾਣਨ ਦੀ ਲੋੜ ਹੈ ਕਿ ਸੰਪੂਰਨ ਸੰਤੁਲਨ ਕਦੇ ਵੀ ਸੰਭਵ ਨਹੀਂ ਹੋਵੇਗਾ। ਪਹਿਲੇ ਸਮਿਆਂ ਅਤੇ ਅਜੋਕੇ ਦੌਰ ਵਿਚ ਮੁੱਢਲਾ ਅੰਤਰ ਇਹ ਹੈ ਕਿ ਪੁਰਾਣੇ ਵੇਲਿਆਂ ਵਿਚ ਕੁਦਰਤ ਆਪ ਹੀ ਵਿਗੜੇ ਹੋਏ ਸੰਤੁਲਨ ਨੂੰ ਬਹਾਲ ਕਰ ਦਿੰਦੀ ਸੀ ਜਦੋਂਕਿ ਅਜੋਕੇ ਦੌਰ ਵਿਚ ਮਨੁੱਖ ਦਾ ਸਮੁੱਚਾ ਵਿਹਾਰ ਸੰਤੁਲਨ ਵਿਗਾੜਨ ਵਾਲਾ ਹੈ। ਕਰੋਨਾ ਕਾਰਨ ਲੰਮੇ ਲੌਕਡਾਊਨ ਦੌਰਾਨ ਦਰਿਆਵਾਂ ਦੇ ਪਾਣੀ ਸਾਫ਼ ਹੋ ਗਏ ਸਨ ਅਤੇ ਸੌ-ਸੌ ਕਿਲੋਮੀਟਰ ਤੋਂ ਪਹਾੜ ਦਿਸਣ ਲੱਗ ਪਏ ਸਨ। ਕਾਰਨ ਇਹ ਸੀ ਕਿ ਮਨੁੱਖ ਦੇ ਵਿਗਾੜ ਪੈਦਾ ਕਰਨ ਵਾਲੇ ਕਾਰਜ ਬੰਦ ਹੋ ਗਏ ਸਨ। ਕੋਈ ਸਮਾਂ ਸੀ ਜਦੋਂ ਲੋਕ ਦਰਿਆਵਾਂ ਦੀ ਸਹੁੰ ਖਾਂਦੇ ਸਨ ਅਤੇ ਸਵੱਛ ਹਵਾ ਵਿਚ ਸਾਹ ਲੈਂਦੇ ਸਨ, ਪਰ ਅਜੋਕੇ ਦੌਰ ਵਿਚ ਮਨੁੱਖ ਨੇ ਹਵਾਵਾਂ ਅਤੇ ਪਾਣੀਆਂ ਵਿਚ ਜ਼ਹਿਰ ਘੋਲ ਦਿੱਤੀ ਹੈ। ਭਾਵੇਂ ਸਭ ਕੁਝ ਚਲ ਰਿਹਾ ਪ੍ਰਤੀਤ ਹੁੰਦਾ ਹੈ, ਪਰ ਅੰਦਰਖਾਤੇ ਗਲੇਸ਼ੀਅਰ ਪਿਘਲ ਰਹੇ ਹਨ, ਆਲਮੀ ਤਪਸ਼ ਵਧ ਰਹੀ ਹੈ, ਸੁਨਾਮੀਆਂ ਵਾਪਰ ਰਹੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਅਜੋਕੇ ਜੀਵਨ ਵਿਚ ਸਬਰ-ਸੰਤੋਖ ਮੁੱਕਦਾ ਜਾ ਰਿਹਾ ਹੈ। ਵਿਸ਼ਾਲ ਅਤੇ ਸੂਖ਼ਮ ਦੋਹਾਂ ਪੱਧਰਾਂ ’ਤੇ ਸੰਕਟ ਗੰਭੀਰ ਹੋ ਰਿਹਾ ਹੈ ਜਿਸ ਨਾਲ ਮਨੁੱਖੀ ਰਿਸ਼ਤੇ ਤਿੜਕ ਰਹੇ ਹਨ। ਹਰ ਕੋਈ ਸੰਤੁਲਨ ਦੇ ਵਿਗੜਨ ਦੀ ਵੱਖਰੀ ਵੰਨਗੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸਮੱਸਿਆ ਨੂੰ ਹੱਲ ਕਰਨ ਵਾਸਤੇ ਸਭ ਨੂੰ ਪੂਰਾ ਆਉਣ ਵਾਲਾ ਚੋਗਾ ਲੱਭ ਨਹੀਂ ਰਿਹਾ।

ਅਸੀਂ ਜੀਵਨ ਦਾ ਰੰਗ-ਰੂਪ ਅਜਿਹਾ ਬਣਾ ਲਿਆ ਹੈ ਕਿ ਸਾਡੇ ਜੀਵਨ ਵਿਚ ਸਹੀ ਗੱਲਾਂ ਘੱਟ ਹਨ ਅਤੇ ਵਿਗਾੜ ਵਧੇਰੇ ਹਨ। ਸਾਡੇ ਇਤਿਹਾਸ ਵਿਚ ਸ਼ਾਂਤੀਪੂਰਨ ਸਮਿਆਂ ਦਾ ਕੋਈ ਹਵਾਲਾ ਨਹੀਂ ਮਿਲਦਾ, ਬਗ਼ਾਵਤਾਂ ਅਤੇ ਯੁੱਧਾਂ ਦੇ ਹੀ ਵੇਰਵੇ ਹਨ। ਸ਼ਬਦਕੋਸ਼ਾਂ ਵਿਚ ਲਗਪਗ ਅੱਸੀ ਪ੍ਰਤੀਸ਼ਤ ਸ਼ਬਦ ਨਾਂਹ-ਵਾਚੀ ਹਨ, ਕਿਉਂਕਿ ਜੋ ਸਹੀ ਹੈ ਉਸ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਪੈਂਦੀ। ਉਦਾਹਰਣ ਵਜੋਂ ਸਿਰ ਦੀ ਗੱਲ ਉਦੋਂ ਹੀ ਕੀਤੀ ਜਾਂਦੀ ਹੈ, ਜਦੋਂ ਸਿਰਦਰਦ ਹੁੰਦਾ ਹੈ। ਅਸੀਂ ਸੁਤੰਤਰਤਾ ਦਿਵਸ ਇਸ ਲਈ ਮਨਾਉਂਦੇ ਹਾਂ ਕਿਉਂਕਿ ਅਸੀਂ ਗ਼ੁਲਾਮ ਰਹੇ ਸਾਂ। ਇੰਗਲੈਂਡ ਦੇ ਸਕੂਲਾਂ ਵਿਚ ਕਿਧਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਭਾਰਤ ’ਤੇ ਰਾਜ ਕੀਤਾ ਸੀ। ਸਾਰੇ ਧਰਮ ਕਹਿੰਦੇ ਹਨ ਕਿ ਚਿੰਤਾ ਨਾ ਕਰੋ, ਪਰ ਜਦੋਂ ਚਿੰਤਾ ਖਹਿੜਾ ਨਹੀਂ ਛੱਡਦੀ ਤਾਂ ਇਸ ਗੱਲ ਦੀ ਹੀ ਚਿੰਤਾ ਹੋ ਜਾਂਦੀ ਹੈ ਅਤੇ ਅਸੀਂ ਚਿੰਤਾ ਦੇ ਉਪਜਾਏ ਰੋਗ ਸਹੇੜ ਲੈਂਦੇ ਹਾਂ। ਇਨ੍ਹਾਂ ਰੋਗਾਂ ਕਾਰਨ ਸਾਡੀ ਨੀਂਦਰ ਪ੍ਰਭਾਵਿਤ ਹੁੰਦੀ ਹੈ ਜਿਸ ਕਾਰਨ ਸਾਡਾ ਸੰਤੁਲਨ ਵਿਗੜਦਾ ਹੈ। ਉਂਜ ਸੰਤੁਲਨ ਤੋਂ ਵੀ ਅਗਲੇਰੀ ਸਥਿਤੀ ਸਮਤੋਲ ਸਥਿਤੀ ਹੁੰਦੀ ਹੈ ਜਿਸ ਦੀਆਂ ਮਹਾਂਵੀਰ ਅਤੇ ਬੁੱਧ ਉਦਾਹਰਣਾਂ ਹਨ। ਹੁਣ ਸਮਤੋਲ ਸਥਿਤੀ ਇਕ ਸੁਪਨਾ ਬਣ ਗਈ ਹੈ।

ਇਸ ਲੇਖ ਦਾ ਉਦੇਸ਼ ਜੀਵਨ ਵਿਚ ਸੰਤੁਲਨ ਦੀ ਘਾਟ ਅਤੇ ਇਸ ਦੇ ਕਾਰਨਾਂ ਅਤੇ ਇਸ ਤੋਂ ਉਪਜਣ ਵਾਲੀਆਂ ਸਮੱਸਿਆਵਾਂ ਪ੍ਰਤੀ ਪਾਠਕਾਂ ਨੂੰ ਸੁਚੇਤ ਕਰਨਾ ਹੈ ਕਿਉਂਕਿ ਸੰਤੁਲਨ ਸਥਾਪਤ ਹੋਣ ਉੱਤੇ, ਵਿਗੜੇ ਹਾਜ਼ਮੇ ਦੇ ਠੀਕ ਹੋਣ ਵਾਂਗ, ਜੀਵਨ ਦੀ ਤਸੱਲੀ ਵਧ ਜਾਵੇਗੀ। ਤੁਹਾਡਾ ਦ੍ਰਿਸ਼ਟੀਕੋਣ ਸੁਖਾਵਾਂ ਹੋ ਜਾਵੇਗਾ ਅਤੇ ਹੋਰਾਂ ਨਾਲ ਤੁਹਾਡੇ ਸਬੰਧ ਸੁਖਾਲੇ ਹੋ ਜਾਣਗੇ। ਨਿਰਸੰਦੇਹ ਚਿੰਤਾਵਾਂ ਪ੍ਰੇਸ਼ਾਨ ਕਰਦੀਆਂ ਹਨ, ਪਰ ਜੇ ਚਿੰਤਾਵਾਂ ਨੂੰ ਸਹਿਣ ਦੀ ਆਪਣੀ ਸਮਰੱਥਾ ਵਧਾ ਲਈ ਜਾਵੇ ਤਾਂ ਚਿੰਤਾਵਾਂ ਲੋਪ ਤਾਂ ਨਹੀਂ ਹੋਣਗੀਆਂ, ਪਰ ਉਨ੍ਹਾਂ ਦੀ ਪਹਿਲ-ਦੂਜ ਨਿਰਧਾਰਤ ਕਰਨ ਨਾਲ ਇਹ ਪ੍ਰੇਸ਼ਾਨ ਨਹੀਂ ਕਰਨਗੀਆਂ। ਜੀਵਨ ਵਿਚ ਗ਼ਲਤੀਆਂ ਹੁੰਦੀਆਂ ਰਹਿੰਦੀਆਂ ਹਨ, ਘਾਟੇ ਪੈਂਦੇ ਰਹਿੰਦੇ ਹਨ, ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਜੀਵਨ ਚਲਦਾ ਰਹਿੰਦਾ ਹੈ। ਜੇ ਕਿਸੇ ਦੁਕਾਨਦਾਰ ਨੂੰ ਗਾਹਕ ਚੰਗੇ ਨਾ ਮਿਲਣ ਤਾਂ ਉਹ ਦੁਕਾਨ ਬੰਦ ਨਹੀਂ ਕਰ ਦਿੰਦਾ, ਉਨ੍ਹਾਂ ਨਾਲ ਤਾਲਮੇਲ ਉਸਾਰਨ ਦਾ ਯਤਨ ਕਰਦਾ ਹੈ। ਜੇ ਅਧਿਕਾਰੀ ਨਾਲ ਕਰਮਚਾਰੀ ਦਾ ਸਬੰਧ ਸੁਖਾਵਾਂ ਨਾ ਹੋਵੇ ਤਾਂ ਉਹ ਨੌਕਰੀ ਛੱਡ ਕੇ ਘਰ ਨਹੀਂ ਆ ਜਾਂਦਾ, ਉਹ ਸਬੰਧ ਸੁਖਾਵਾਂ ਬਣਾਉਣ ਦਾ ਯਤਨ ਕਰਦਾ ਹੈ। ਜੇ ਪਤੀ-ਪਤਨੀ ਇਹ ਧਾਰ ਲੈਣ ਕਿ ਮੈਂ ਜ਼ਿੰਦਗੀ ਇਸ ਨਾਲ ਹੀ ਕੱਟਣੀ ਹੈ ਅਤੇ ਇਹੀ ਮੇਰੀ ਕਿਸਮਤ ਵਿਚ ਹੈ ਤਾਂ ਉਹ ਸਾਥ ਸਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ। ਅਸੀਂ ਹੋਰਾਂ ਨੂੰ ਬਰਦਾਸ਼ਤ ਕਰਦੇ ਹਾਂ ਕਿਉਂਕਿ ਉਹ ਵੀ ਤਾਂ ਸਾਨੂੰ ਬਰਦਾਸ਼ਤ ਕਰਦੇ ਹਨ।

ਕੁਦਰਤ ਪਰਿਵਰਤਨਸ਼ੀਲ ਹੈ, ਪਰ ਸੰਤੁਲਤ ਵੀ ਹੈ। ਕੁਦਰਤ ਵਾਂਗ ਮਨੁੱਖੀ ਆਤਮਾ ਵੀ ਸੰਤੁਲਨ ਵਿਚ ਵਿਚਰਦੀ ਹੈ। ਡੂੰਘਾ ਆਪਾ ਜਾਂ ਸਾਡੀ ਹੋਂਦ ਦਾ ਕੇਂਦਰ, ਆਤਮਾ ਅਖਵਾਉਂਦਾ ਹੈ। ਆਤਮਾ ਵੀ ਬੜਾ ਸੂਖ਼ਮ ਸੰਕਲਪ ਹੈ। ਸੂਖ਼ਮ ਸੰਕਲਪ ਯਤਨ ਕਰਨ ਨਾਲ ਹੀ ਸਾਡੀ ਸਮਝ ਵਿਚ ਆਉਂਦੇ ਹਨ। ਆਤਮਾ, ਸਾਡੇ ਸਰੀਰਕ, ਮਾਨਸਿਕ, ਭਾਵਕ ਅਤੇ ਰੂਹਾਨੀ ਪੱਖਾਂ ਦਾ ਕੁੱਲ ਜੋੜ ਹੁੰਦੀ ਹੈ। ਜਦੋਂ ਗਾਉਣ ਅਤੇ ਸਰਵਣ ਕਰਨ ਵਾਲੇ ਇਕ-ਮਿਕ ਹੋ ਜਾਣ ਤਾਂ ਇਨ੍ਹਾਂ ਵਿਚਲਾ ਸੰਤੁਲਨ ਮਹਿਸੂਸ ਵੀ ਹੁੰਦਾ ਹੈ। ਸਾਧਾਰਨ ਰੂਪ ਵਿਚ ਜੇ ਉਦਾਹਰਣ ਦੇਣੀ ਹੋਵੇ ਤਾਂ ਮਾਂ ਬਣਨ ਨਾਲ ਇਸਤਰੀ ਦੇ ਜੀਵਨ ਦਾ ਸੰਤੁਲਨ ਬਦਲ ਜਾਂਦਾ ਹੈ। ਵਿਆਹ ਨਾਲ ਪਤੀ-ਪਤਨੀ ਦੋਹਾਂ ਦਾ ਸੰਤੁਲਨ ਨਵੇਂ ਸਿਰਿਓਂ ਸਥਾਪਤ ਕਰਨਾ ਪੈਂਦਾ ਹੈ। ਸਾਡਾ ਹਰ ਕਿਸੇ ਦਾ ਸੰਤੁਲਨ ਅਤੇ ਇਸ ਦਾ ਕੇਂਦਰ ਵੱਖਰਾ ਹੁੰਦਾ ਹੈ। ਅਸੀਂ ਆਪਣੀ ਆਮਦਨ, ਸਰੀਰਕ ਸ਼ਕਤੀ, ਯੋਗਤਾ, ਸਮੇਂ ਅਤੇ ਜ਼ਿੰਮੇਵਾਰੀ ਦੇ ਸੰਦਰਭ ਵਿਚ ਆਪਣੇ ਵਿਹਾਰ ਨੂੰ ਨਿਰਧਾਰਤ ਕਰਦੇ ਹਾਂ। ਜਦੋਂ ਅਸੀਂ ਯਥਾਰਥਕ ਹੋ ਕੇ ਆਸਾਂ-ਉਮੀਦਾਂ ਅਤੇ ਵਿਉਂਤਾਂ ਅਤੇ ਸੁਪਨੇ ਉਸਾਰਦੇ ਹਾਂ ਤਾਂ ਉਨ੍ਹਾਂ ਵਿਚ ਭਾਵੇਂ ਸੰਪੂਰਨ ਸੰਤੁਲਨ ਨਹੀਂ ਹੁੰਦਾ, ਪਰ ਸੰਤੁਲਨ ਦੇ ਤੱਤ ਜ਼ਰੂਰ ਹੁੰਦੇ ਹਨ। ਤੀਰ, ਰਾਕੇਟ ਜਾਂ ਜਹਾਜ਼ ਸਿੱਧਾ ਨਹੀਂ ਜਾਂਦਾ, ਪਰ ਪਾਇਲਟ ਨਿਰੰਤਰ ਯਤਨਾਂ ਨਾਲ ਜਹਾਜ਼ ਨੂੰ ਸਹੀ ਮਾਰਗ ’ਤੇ ਰੱਖਣ ਦਾ ਕਾਰਜ ਕਰਦਾ ਹੈ। ਮੁਹਾਰਤ ਨਾਲ ਹਰ ਕੋਈ ਆਪਣੇ ਆਪ ’ਤੇ ਨਿਯੰਤਰਣ ਕਰਨਾ ਸਿੱਖ ਜਾਂਦਾ ਹੈ।

ਸੰਤੁਲਨ ਦੀ ਪਰਖ ਸੰਕਟ ਵਿਚ ਹੁੰਦੀ ਹੈ। ਬਿਮਾਰੀ, ਹਾਦਸਾ, ਘਾਟਾ, ਵਿਛੋੜਾ ਵੀ ਸੰਕਟ ਹੁੰਦੇ ਹਨ। ਜੋ ਬਿਨਾਂ ਦੱਸੇ ਆਵੇ, ਉਹ ਮੁਸੀਬਤ ਹੁੰਦੀ ਹੈ। ਜੋ ਦੱਸ ਕੇ ਆਵੇ, ਉਹ ਮਹਿਮਾਨ ਹੁੰਦਾ ਹੈ। ਸੰਕਟ ਜਾਂ ਮੁਸੀਬਤ ਕਾਰਨ ਸਥਿਤੀ ਇਕਦਮ ਬਦਲ ਜਾਂਦੀ ਹੈ ਕਿਉਂਕਿ ਅਸੀਂ ਕਰ ਕੁਝ ਹੋਰ ਰਹੇ ਹੁੰਦੇ ਹਾਂ ਅਤੇ ਕਰਨਾ ਕੁਝ ਹੋਰ ਪੈ ਜਾਂਦਾ ਹੈ। ਅਕਸਰ ਇਵੇਂ ਵਾਪਰਦਾ ਹੈ ਕਿ ਜਦੋਂ ਤਕ ਅਸੀਂ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਲੱਭਦੇ ਹਾਂ, ਉਦੋਂ ਤਕ ਪ੍ਰਸ਼ਨ ਬਦਲ ਚੁੱਕੇ ਹੁੰਦੇ ਹਨ। ਪਰਿਵਰਤਨਸ਼ੀਲ ਸਥਿਤੀ ਵਿਚ ਸੰਤੁਲਨ ਤਿਲ੍ਹਕਦਾ ਹੈ ਕਿਉਂਕਿ ਅਸੀਂ ਕਰਨਾ ਕੁਝ ਹੋਰ ਚਾਹੁੰਦੇ ਹਾਂ, ਵਾਪਰਦਾ ਕੁਝ ਹੋਰ ਹੈ। ਇਹੀ ਸਭ ਤੋਂ ਵੱਡੀ ਚੁਣੌਤੀ ਹੈ ਜਿਸ ਨਾਲ ਹਰੇਕ ਸੰਵੇਦਨਸ਼ੀਲ ਵਿਅਕਤੀ ਜੂਝ ਰਿਹਾ ਹੈ। ਪਰਿਵਰਤਨ ਵਾਪਰਦਾ ਹੀ ਨਹੀਂ, ਇਸ ਦੇ ਵਾਪਰਨ ਦਾ ਢੰਗ ਵੀ ਬਦਲ ਜਾਂਦਾ ਹੈ। ਅਜੋਕੇ ਸਮੇਂ ਵਿਚ ਧਾਰਮਿਕ ਲੋਕ ਤਕਨਾਲੋਜੀ ਨਾਲ ਆ ਰਹੇ ਪਰਿਵਰਤਨ ਦੇ ਹੜ੍ਹ ਵਿਚ ਰੁੜ੍ਹ ਰਹੇ ਹਨ। ਸੰਦਾਂ ਦੀ ਕਿਸਮ ਬਦਲ ਰਹੀ ਹੈ। ਅਸੀਂ ਤਲਵਾਰ ਨਾਲ ਹਮਲਾ ਰੋਕਣ ਦੀ ਤਿਆਰੀ ਕਰ ਰਹੇ ਹੁੰਦੇ ਹਾਂ ਅਤੇ ਹਮਲਾ ਡਰੋਨ ਨਾਲ ਹੋ ਜਾਂਦਾ ਹੈ। ਅੱਜ ਤੋਂ ਦਸ ਵਰ੍ਹੇ ਮਗਰੋਂ ਸਾਨੂੰ ਜਿਹੜੇ ਕੰਮ ਕਰਨੇ ਪੈਣਗੇ, ਉਹ ਹੁਣ ਹਨ ਹੀ ਨਹੀਂ। ਪਰਿਵਤਰਨ ਦਾ ਵਿਰੋਧ ਕਰਨ ਜਾਂ ਇਸ ਨੂੰ ਰੋਕਣ ਦੇ ਹੁਣ ਕੋਈ ਅਰਥ ਹੀ ਨਹੀਂ ਰਹੇ। ਬਦਲਣ ਤੋਂ ਬਿਨਾਂ ਅਸੀਂ ਅਜੋਕੇ ਸਮਿਆਂ ਵਿਚ ਚੱਲ ਹੀ ਨਹੀਂ ਸਕਦੇ। ਕੰਪਿਊਟਰ ਤਕਨਾਲੋੋਜੀ ਤਾਂ ਦੂਰ ਦੀ ਗੱਲ ਹੈ, ਸਾਨੂੰ ਤਾਂ ਆਪਣਾ ਫੋਨ ਵੀ ਪੂਰੀ ਤਰ੍ਹਾਂ ਵਰਤਣਾ ਨਹੀਂ ਆਉਂਦਾ। ਜਵਾਨਾਂ ਦਾ ਵਿਦੇਸ਼ ਜਾਣਾ, ਪਿੰਡਾਂ ਵਿਚੋਂ ਨਿਕਲ ਕੇ ਮਹਾਂਨਗਰਾਂ ਵਿਚ ਗੁਆਚਣ ਦਾ ਅਮਲ ਸਿੱਧ ਹੋ ਰਿਹਾ ਹੈ। ਇਹ ਵਿਦੇਸ਼ ਵਿਚਲੇ ਜੀਵਨ ਨਾਲ ਇਕ-ਸੁਰ ਹੋਣ ਦੀ ਅਸਫ਼ਲਤਾ ਦੇ ਵਿਰਲਾਪ ਨੂੰ ਕਵਿਤਾ ਰਚ ਕੇ ਹੱਲ ਕਰਨ ਦੇ ਯਤਨ ਵਿਚ ਹੋਰ ਪੱਛੜ ਰਹੇ ਹਨ। ਸੰਸਾਰ ਬਦਲ ਰਿਹਾ ਹੈ, ਪਰ ਅਸੀਂ ਇਹ ਭੁਲੇਖਾ ਸਿਰਜਿਆ ਹੋਇਆ ਹੈ ਕਿ ਸਾਡਾ ਬਦਲਣ ਤੋਂ ਬਿਨਾਂ ਹੀ ਸਰ ਜਾਵੇਗਾ। ਮੈਨੂੰ ਡਰ ਹੈ ਕਿ ਅਸੀਂ ਕੂੜੇ ਵਾਂਗ ਹੁੰਦੇ ਜਾਵਾਂਗੇ। ਕੂੜਾ ਸਾਂਭਿਆ ਨਹੀਂ ਜਾਂਦਾ, ਸੁੱਟਿਆ ਹੀ ਜਾਂਦਾ ਹੈ। ਜਿਹੜਾ ਪਰਿਵਰਤਨ ਵਾਪਰ ਰਿਹਾ ਹੈ, ਇਹ ਅੰਤਿਮ ਨਹੀਂ ਹੈ।

ਵੱਖ ਵੱਖ ਕਾਰਨਾਂ ਕਰਕੇ ਜੀਵਨ ਮੁਸ਼ਕਿਲ ਅਤੇ ਮਹਿੰਗਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਜੋ ਮੈਨੂੰ ਕਰਨਾ ਪੈ ਰਿਹਾ ਹੈ, ਉਹ ਮੇਰੇ ਤੋਂ ਹੋਵੇਗਾ ਨਹੀਂ। ਨਵਾਂ ਸੁਖਾਵਾਂ ਨਿਤਨੇਮ ਮੇਰੀ ਪਹੁੰਚ ਵਿਚ ਨਹੀਂ ਆਵੇਗਾ ਅਤੇ ਨਤੀਜੇਵੱਸ ਜੋ ਮੈਨੂੰ ਸੁਣਨਾ ਚੰਗਾ ਨਹੀਂ ਲੱਗਦਾ, ਉਹ ਸੁਣਨਾ ਪੈ ਰਿਹਾ ਹੈ; ਜੋ ਵੇਖਣਾ ਚੰਗਾ ਨਹੀਂ ਲੱਗਦਾ, ਉਹ ਵੇਖਣਾ ਪੈ ਰਿਹਾ ਹੈ; ਜੋ ਕਰਨਾ ਆਉਂਦਾ ਨਹੀਂ, ਉਹ ਕਰਨ ਦੀ ਮਜਬੂਰੀ ਹੈ; ਜੋ ਪਸੰਦ ਨਹੀਂ, ਉਸ ਨਾਲ ਰਹਿਣਾ ਪੈ ਰਿਹਾ ਹੈ। ਹੁਣ ਅਜਿਹੀਆਂ ਸਮੱਸਿਆਵਾਂ ਉੱਭਰ ਰਹੀਆਂ ਹਨ ਜਿਹੜੀਆਂ ਨਾ ਅਕਲ ਨਾਲ ਹੱਲ ਹੁੰਦੀਆਂ ਹਨ ਨਾ ਤਜਰਬੇ ਨਾਲ। ਹਰ ਚੀਜ਼ ਦੀ ਰਫ਼ਤਾਰ ਵਧਣ ਨਾਲ ਅਜੋਕੇ ਸੰਸਾਰ ਵਿਚ ਕਾਹਲ ਹੈ ਜਿਸ ਕਾਰਨ ਬੈਠਿਆ-ਲੇਟਿਆ ਵਿਅਕਤੀ ਵੀ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਉਹ ਦੌੜ ਰਿਹਾ ਹੈ। ਉਹ ਦੌੜ ਰਿਹਾ ਹੀ ਮਹਿਸੂਸ ਨਹੀਂ ਕਰਦਾ, ਉਹ ਪੱਛੜ ਜਾਣ ਦੀ ਪ੍ਰੇਸ਼ਾਨੀ ਵੀ ਹੰਢਾਉਂਦਾ ਹੈ। ਯੋਗਾ ਦੇ ਪ੍ਰਚਲਤ ਹੋਣ, ਜਿਮ ਜਾਣ ਦਾ ਰਿਵਾਜ ਗੁਆਚੇ ਸੰਤੁਲਨ ਨੂੰ ਮੁੜ ਮਹਿਸੂਸ ਕਰਨ ਦੇ ਤਰਲੇ ਹਨ। ਇਹ ਸਾਰੇ ਵੇਰਵੇ ਵਿਗੜੇ ਹੋਏ ਸੰਤੁਲਨ ਦੀ ਸਮੱਸਿਆ ਦੀ ਗੰਭੀਰਤਾ ਨੂੰ ਸਪਸ਼ਟ ਕਰਨ ਲਈ ਦਰਜ ਕੀਤੇ ਗਏ ਹਨ।

ਸੰਤੁਲਨ ਸਬੰਧੀ ਸਭ ਤੋਂ ਜ਼ਰੂਰੀ ਅਤੇ ਪਹਿਲੀ ਗੱਲ ਇਹ ਹੈ ਕਿ ਅਸੀਂ ਸੁਚੇਤ ਹੋਈਏ ਕਿ ਜੀਵਨ ਵਿਚ ਸੰਤੁਲਨ ਦੀ ਲੋੜ ਹੈ। ਜਿਹੜਾ ਸੰਤੁਲਨ ਲੰਮੇ ਸਮੇਂ ਦੌਰਾਨ ਵਿਗੜਿਆ ਹੈ, ਉਹ ਰਾਤੋ-ਰਾਤ ਬਹਾਲ ਨਹੀਂ ਹੋਵੇਗਾ। ਆਪ ਜਾਣਨ ਦਾ ਯਤਨ ਕਰੋ ਕਿ ਤੁਸੀਂ ਕਿਉਂ ਪ੍ਰੇਸ਼ਾਨ ਹੋ? ਪ੍ਰੇਸ਼ਾਨੀ ਦਾ ਕਾਰਨ ਕੀ ਹੈ, ਇਸ ਨੂੰ ਹੱਲ ਕਰਨ ਲਈ ਹੁਣ ਤੱਕ ਤੁਸੀਂ ਕੀ ਕੀਤਾ ਹੈ ਅਤੇ ਹੋਰ ਕੀ ਕਰਨ ਦੀ ਲੋੜ ਹੈ। ਸਭ ਕੁਝ ਕਰਨ ਦੇ ਭੈਅ ਤੋਂ ਮੁਕਤ ਹੋਵੋ, ਆਪਣੀ ਸਮਰੱਥਾ ਨੂੰ ਜਾਣੋ, ਆਪਣੀਆਂ ਤਰਜੀਹਾਂ ਨੂੰ ਪਛਾਣੋ। ਮੁਹੱਤਵਪੂਰਨ ਕਾਰਜਾਂ ਦੀ ਸੂਚੀ ਬਣਾਉਣ ਨਾਲ ਪ੍ਰੇਸ਼ਾਨ ਕਰਨ ਵਾਲੇ ਅਨੇਕਾਂ ਕਾਰਜ ਬਾਹਰ ਰਹਿ ਜਾਣਗੇ। ਜਿਨ੍ਹਾਂ ਨਾਲ ਤੁਹਾਡਾ ਨਿੱਤ-ਦਿਨ ਵਾਹ ਪੈਂਦਾ ਹੈ, ਉਨ੍ਹਾਂ ਨਾਲ ਆਪਣੇ ਸਬੰਧਾਂ ਦੀ ਨਿਰਖ-ਪਰਖ ਕਰਨ ਨਾਲ ਤੁਸੀਂ ਆਪਣਾ ਮੁਲਾਂਕਣ ਵੀ ਕਰ ਸਕੋਗੇ। ਜਦੋਂ ਤੁਹਾਡੇ ਵਿਚ ਪਰਿਵਰਤਨ ਵਾਪਰੇਗਾ ਤਾਂ ਤੁਹਾਡੇ ਨਾਲ ਸਬੰਧਤ ਵਿਅਕਤੀਆਂ ਵਿਚ ਵੀ ਪਰਿਵਰਤਨ ਵਾਪਰੇਗਾ। ਮਾਪਿਆਂ ਦਾ ਦਿਲ ਜਿੱਤੋ, ਉਨ੍ਹਾਂ ਦੀਆਂ ਅਸੀਸਾਂ ਕਮਾਓ। ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਸਭ ਨੂੰ ਪ੍ਰਸੰਨ ਕਰਦਾ ਹੈ। ਇਸ ਨਾਲ ਕਮਜ਼ੋਰ ਪੈ ਗਈਆਂ ਸਾਡੀਆਂ ਮਾਨਸਿਕ ਬੈਟਰੀਆਂ ਸਹੀ ਕਾਰਜ ਕਰਨ ਲੱਗ ਪੈਣਗੀਆਂ। ਅਸੀਂ ਹਰ ਥਾਂ ਮਹੱਤਵਪੂਰਨ ਨਹੀਂ ਹੋ ਸਕਦੇ। ਬੱਚਿਆਂ ਅਤੇ ਬਜ਼ੁਰਗਾਂ ਨਾਲ ਵਰਤਣਾ ਮਹਿੰਗਾ ਅਤੇ ਮੁਸ਼ਕਲ ਨਹੀਂ ਹੁੰਦਾ। ਨਵੇਂ ਅਤੇ ਪੁਰਾਣੇ ਵਿਚਲਾ ਸੁਖਾਵਾਂ ਮਿਸ਼ਰਣ ਢੇਰ ਤਸੱਲੀ ਦਿੰਦਾ ਹੈ। ਜੇ ਸੰਕਲਪ ਕੀਤਾ ਜਾਵੇ ਕਿ ਮੈਂ ਆਪਣੇ ਜੀਵਨ ਵਿਚ ਸਰਬਪੱਖੀ ਸੰਤੁਲਨ ਸਥਾਪਤ ਕਰਨਾ ਹੈ ਤਾਂ ਇਸ ਨਿਰਣੇ ਨਾਲ ਹੀ ਸੁਖਾਵਾਂ ਪਰਿਵਰਤਨ ਵਾਪਰਨਾ ਆਰੰਭ ਹੋ ਜਾਂਦਾ ਹੈ।

ਜਦੋਂ ਸਮੱਸਿਆ ਦੀ ਪਛਾਣ ਹੋ ਜਾਂਦੀ ਹੈ ਤਾਂ ਉਸ ਬਾਰੇ ਕੋਈ ਕਾਰਵਾਈ ਕਰਨ ਸਬੰਧੀ ਅਕਸਰ ਪੁੱਛਿਆ ਜਾਂਦਾ ਹੈ ਕਿ ਸ਼ੁਰੂ ਕਿੱਥੋਂ ਕਰੀਏ? ਭਾਵੇਂ ਅਜੀਬ ਲੱਗੇ, ਪਰ ਆਪਣੀ ਬੋਲਬਾਣੀ ਨੂੰ ਸਭਿਅਕ ਬਣਾਉਣ ਨਾਲ ਆਰੰਭ ਕਰੋ। ਇਸ ਨਾਲ ਵਿਸ਼ੇਸ਼ ਪ੍ਰਕਾਰ ਦੀ ਮਾਨਸਿਕਤਾ ਤਸੱਲੀ ਮਿਲੇਗੀ। ਕਿਸੇ ਦਾ ਵਿਰੋਧ ਕਰਨਾ ਹੈ ਤਾਂ ਵੀ ਭਾਸ਼ਾ ਸਭਿਅਕ ਹੋਣੀ ਚਾਹੀਦੀ ਹੈ। ਵਿਰੋਧ, ਵਿਰੋਧ ਹੀ ਰਹਿਣਾ ਚਾਹੀਦਾ ਹੈ, ਇਹ ਵੈਰ ਨਹੀਂ ਬਣਨਾ ਚਾਹੀਦਾ। ਸਤਿਕਾਰ ਭਰੀ ਬੋਲ-ਬਾਣੀ ਸਮੱਸਿਆਵਾਂ ਸੁਲਝਾਉਂਦੀ ਅਤੇ ਸਤਿਕਾਰ ਉਪਜਾਉਂਦੀ ਹੈ। ਸਾਡਾ ਸੌਣ-ਜਾਗਣ ਵਿਚ ਸੰਤੁਲਨ ਹੋਣਾ ਚਾਹੀਦਾ ਹੈ। ਜੇ ਨੀਂਦਰ ਪੂਰੀ ਨਾ ਹੋਵੇ ਤਾਂ ਸਾਡੀ ਸੋਚ ਅਤੇ ਸਾਡੇ ਵਿਹਾਰ ਵਿਚ ਹਾਂ-ਪੱਖੀ ਲੱਛਣ ਨਹੀਂ ਉਪਜਦੇ। ਸਵੇਰੇ ਜਾਗਣ ਨਾਲ ਸਾਡੇ ਨਿਤਾ-ਪ੍ਰਤੀ ਦੇ ਜੀਵਨ ਵਿਚੋਂ ਕਾਹਲ ਖਾਰਜ ਹੋ ਜਾਂਦੀ ਹੈ। ਸਾਡੀ ਖੁਰਾਕ ਸਾਡੀ ਬੁਨਿਆਦੀ ਲੋੜ ਹੁੰਦੀ ਹੈ। ਹਰੇਕ ਵਿਅਕਤੀ ਹਰ ਰੋਜ਼ ਤਿੰਨ ਵਾਰੀ ਭੋਜਨ ਖਾਂਦਾ ਹੈ, ਸੋ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਕੀ ਅਤੇ ਕਿੰਨਾ ਖਾਣਾ ਹੈ। ਜਿਹੜਾ ਭੋਜਨ ਰਿੰਨ੍ਹਣ ਪਕਾਉਣ ਵਿਚ ਸੌਖਾ ਹੁੰਦਾ ਹੈ, ਉਹ ਹਜ਼ਮ ਕਰਨ ਵਿਚ ਵੀ ਸੌਖਾ ਹੁੰਦਾ ਹੈ। ਸਾਡਾ ਮਿਹਦਾ ਸਾਡੇ ਵਿਹਾਰ ਨੂੰ ਨਿਰਧਾਰਤ ਕਰਦਾ ਹੈ। ਭੋਜਨ ਸਾਡੀ ਲੋੜ ਹੈ, ਸੁਆਦੀ ਭੋਜਨ ਸਾਡੀ ਇੱਛਾ ਹੁੰਦਾ ਹੈ।

ਸਰੀਰਕ ਸਿਹਤ ਲਈ ਕੰਮ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਜੇ ਕੋਈ ਇਕ ਕੰਮ ਵਧੇਰੇ ਕਰਨ ਦੀ ਲੋੜ ਪੈਂਦੀ ਹੈ ਤਾਂ ਕੋਈ ਹੋਰ ਕੰਮ ਘਟਾਉਣ ਦੀ ਲੋੜ ਪਵੇਗੀ। ਹਰੇਕ ਵਿਅਕਤੀ ਸਾਰੇ ਕੰਮ ਨਹੀਂ ਕਰ ਸਕਦਾ। ਹਰ ਵੇਲੇ ਕੰਮ ਕਰਨਾ ਠੀਕ ਨਹੀਂ ਹੁੰਦਾ। ਕੰਮ ਦਾ ਸਿਹਤ ਨਾਲ ਸਿੱਧਾ ਸਬੰਧ ਹੁੰਦਾ ਹੈ। ਕੰਮ ਅਤੇ ਮਨੋਰੰਜਨ ਵਿਚ ਸੁਖਾਵੇਂ ਅਨੁਪਾਤ ਦੀ ਲੋੜ ਪੈਂਦੀ ਹੈ। ਜਿਹੜੇ ਲੋਕ ਪਾਗਲਖਾਨਿਆਂ ਵਿਚ ਬੰਦ ਹਨ, ਜੇ ਉਨ੍ਹਾਂ ਨੇ ਦੋਸਤਾਂ ਨਾਲ ਗੱਪਾਂ ਮਾਰੀਆਂ ਹੁੰਦੀਆਂ ਤਾਂ ਉਨ੍ਹਾਂ ਨੇ ਪਾਗਲਖਾਨੇ ਵਿਚ ਨਹੀਂ ਸੀ ਹੋਣਾ। ਜਿਹੜੇ ਜੇਲ੍ਹਾਂ ਵਿਚ ਕੈਦ ਭੁਗਤ ਰਹੇ ਹਨ, ਜੇ ਉਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਹੁੰਦੀ ਤਾਂ ਉਨ੍ਹਾਂ ਨੇ ਅਧਿਕਾਰੀ ਲੱਗੇ ਹੋਣਾ ਸੀ। ਅਜੋਕੇ ਸੰਸਾਰ ਵਿਚ ਮਨੁੱਖ ਨੂੰ ਕੁਰਾਹੇ ਪਾਉਣ ਵਾਲੇ ਯੰਤਰਾਂ ਅਤੇ ਸ਼ਕਤੀਆਂ ਦੀ ਭਰਮਾਰ ਹੈ ਜਿਨ੍ਹਾਂ ਕਾਰਨ ਪਾਗਲ ਹੋਣ, ਨਸ਼ਿਆਂ ਦੇ ਲੜ ਲੱਗਣ ਤੋਂ ਬਚਣ ਵਾਸਤੇ ਸੁਚੇਤ ਉਪਰਾਲੇ ਕਰਨੇ ਪੈਣਗੇ। ਕੋਈ ਮਨੋਰਥ ਮਿੱਥ ਕੇ, ਕੋਈ ਸ਼ੌਕ ਪਾਲ ਕੇ, ਕਿਸੇ ਖੇਡ ਵਿਚ ਦਿਲਚਸਪੀ ਲੈ ਕੇ, ਕੁਦਰਤ ਨਾਲ ਸਾਂਝ ਪਾ ਕੇ ਜੀਓਗੇ ਤਾਂ ਗ਼ਲਤੀਆਂ ਤੇ ਰੁਕਾਵਟਾਂ ਦੇ ਬਾਵਜੂਦ ਜੀਵਨ ਦੀ ਤਸੱਲੀ ਵਧੇਗੀ। ਜਿਹੜੀਆਂ ਚੀਜ਼ਾਂ ਅਤੇ ਆਦਤਾਂ ਮਨੁੱਖ ਨੂੰ ਪ੍ਰਸੰਨ ਕਰਦੀਆਂ ਹਨ, ਉਹ ਮਹਿੰਗੀਆਂ ਨਹੀਂ ਹਨ। ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਜੀਵਨ ਵਿਚ ਸੰਤੁਲਨ ਹੈ ਕਿ ਨਹੀਂ? ਕੀ ਤੁਸੀਂ ਆਪਣੇ ਆਪ ਨਾਲ ਪ੍ਰਸੰਨ ਹੋ? ਜੇ ਉੱਤਰ ਹਾਂ ਵਿਚ ਹੈ ਤਾਂ ਇਹ ਸਬੂਤ ਹੈ ਕਿ ਤੁਹਾਡੇ ਜੀਵਨ ਵਿਚ ਸੰਤੁਲਨ ਹੈ। ਜ਼ਿੰਦਗੀ ਜਿਊਣ ਅਤੇ ਮਾਣਨ ਲਈ ਹੈ, ਇਸ ਨੂੰ ਪਛਤਾਵਿਆਂ ਦੀ ਭੇਟ ਨਾ ਚੜ੍ਹਾਓ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All