ਕਿਤਾਬੀ ਗਿਆਨ ਤੋਂ ਪ੍ਰਯੋਗੀ ਸੁਹਜ ਵੱਲ ਤੋਰਦੀਆਂ ਸਕੂਲ ਪ੍ਰਦਰਸ਼ਨੀਆਂ
ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਦੇ ਅਰਥ ਅਤੇ ਉਦੇਸ਼ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਹੁਣ ਸਿੱਖਿਆ ਨੂੰ ਸਿਰਫ਼ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਕੌਮਾਂਤਰੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਸਿੱਖਿਆ ਦਾ ਅਰਥ ਹੁਣ ਮਹਿਜ਼...
ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਦੇ ਅਰਥ ਅਤੇ ਉਦੇਸ਼ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਹੁਣ ਸਿੱਖਿਆ ਨੂੰ ਸਿਰਫ਼ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਕੌਮਾਂਤਰੀ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਸਿੱਖਿਆ ਦਾ ਅਰਥ ਹੁਣ ਮਹਿਜ਼ ਪ੍ਰੀਖਿਆਵਾਂ ਪਾਸ ਕਰਕੇ ਡਿਗਰੀਆਂ ਹਾਸਲ ਕਰਨਾ ਹੀ ਨਹੀਂ ਰਹਿ ਗਿਆ ਸਗੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਵੱਖ-ਵੱਖ ਮੁਕਾਬਲਿਆਂ ਵਾਸਤੇ ਤਿਆਰ ਕਰਨਾ ਵੀ ਹੈ। ਵਿਦਿਆਰਥੀ ਮੁਕਾਬਲਿਆਂ ਲਈ ਤਦ ਹੀ ਤਿਆਰ ਹੋ ਸਕਣਗੇ ਜੇਕਰ ਉਨ੍ਹਾਂ ਕੋਲ ਲੋੜੀਂਦਾ ਗਿਆਨ ਹੋਵੇਗਾ। ਵਿਦਿਆਰਥੀਆਂ ਵਿੱਚ ਅਜਿਹੇ ਗਿਆਨ ਦਾ ਪਸਾਰ ਕਰਨ ਵਿੱਚ ਸਕੂਲ ਪ੍ਰਦਰਸ਼ਨੀਆਂ ਦਾ ਅਹਿਮ ਮਹੱਤਵ ਹੈ। ਸਮੇਂ ਦੇ ਨਾਲ-ਨਾਲ ਸਕੂਲਾਂ ਵਿੱਚ ਇਨ੍ਹਾਂ ਪ੍ਰਦਰਸ਼ਨੀਆਂ ਦੇ ਆਯੋਜਨ ਦਾ ਰੁਝਾਨ ਵੀ ਨਿਰੰਤਰ ਵਧ ਰਿਹਾ ਹੈ।
ਸ਼ੁਰੂ-ਸ਼ੁਰੂ ਵਿੱਚ ਇਹ ਪ੍ਰਦਰਸ਼ਨੀਆਂ ਸਿਰਫ਼ ਵਿਗਿਆਨ ਵਿਸ਼ੇ ਤੱਕ ਹੀ ਸੀਮਿਤ ਹੁੰਦੀਆਂ ਸਨ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਹਿੱਤ ਹੀ ਇਹ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਸਨ। ਉਸ ਸਮੇਂ ਉਸਾਰੂ ਸੋਚ ਅਤੇ ਸਿਰਜਣਾਤਮਿਕ ਰੁਚੀ ਵਾਲੇ ਵਿਗਿਆਨ ਦੇ ਅਧਿਆਪਕ ਹੀ ਇਨ੍ਹਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸਨ। ਬਹੁਤੇ ਵਿਗਿਆਨ ਦੇ ਅਧਿਆਪਕ ਇਨ੍ਹਾਂ ਪ੍ਰਦਰਸ਼ਨੀਆਂ ਨੂੰ ਸਿਰਫ਼ ਵਾਧੂ ਦਾ ਬੋਝ ਸਮਝਦੇ ਸਨ। ਜਿਹੜੇ ਅਧਿਆਪਕ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਭਾਗ ਲੈਂਦੇ ਵੀ ਸਨ ਉਨ੍ਹਾਂ ਵਿੱਚ ਬੱਚਿਆਂ ਦੀ ਮੌਲਿਕ ਸੋਚ ਨਾਲੋਂ ਅਧਿਆਪਕਾਂ ਦੀ ਆਪਣੀ ਸ਼ਮੂਲੀਅਤ ਅਤੇ ਮਿਹਨਤ ਜ਼ਿਆਦਾ ਦੇਖਣ ਨੂੰ ਮਿਲਦੀ ਸੀ। ਅਜਿਹੀਆਂ ਪ੍ਰਦਰਸ਼ਨੀਆਂ ਆਮ ਤੌਰ ’ਤੇ ਉੱਚ-ਦਰਜੇ ਦੇ ਪ੍ਰਾਈਵੇਟ ਮਾਡਲ ਸਕੂਲਾਂ ਤੱਕ ਹੀ ਸੀਮਿਤ ਹੁੰਦੀਆਂ ਸਨ। ਸਮੇਂ ਦੇ ਬਦਲਦੇ ਦੌਰ ਵਿੱਚ ਹੁਣ ਸਰਕਾਰੀ ਅਤੇ ਪ੍ਰਾਈਵੇਟ ਮਾਡਲ ਸਕੂਲਾਂ, ਦੋਵਾਂ ਵਿੱਚ ਹੀ ਇਨ੍ਹਾਂ ਪ੍ਰਦਰਸ਼ਨੀਆਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਸਿਰਫ਼ ਵਿਗਿਆਨ ਤੱਕ ਹੀ ਨਹੀਂ, ਸਗੋਂ ਗਣਿਤ ਅਤੇ ਸਮਾਜਿਕ ਵਿਗਿਆਨ ਵਰਗੇ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ ਵੀ ਵੱਡੇ ਪੱਧਰ ’ਤੇ ਲੱਗਣ ਲੱਗੀਆਂ ਹਨ।
ਸਿੱਖਿਆ ਵਿਭਾਗ ਨੇ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਲਈ ਇਨ੍ਹਾਂ ਪ੍ਰਦਰਸ਼ਨੀਆਂ ਦੇ ਮਹੱਤਵ ਨੂੰ ਮਹਿਸੂਸ ਕਰਦਿਆਂ ਸਰਕਾਰੀ ਸਕੂਲਾਂ ਨੂੰ ਇਨ੍ਹਾਂ ਦੇ ਸੰਚਾਲਨ ਲਈ ਗ੍ਰਾਂਟਾਂ ਦੇਣੀਆਂ ਸ਼ੁਰੂ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਲਾਜ਼ਮੀ ਵੀ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਹੁਣ ਇਨ੍ਹਾਂ ਪ੍ਰਦਰਸ਼ਨੀਆਂ ਦੇ ਬਲਾਕ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਵਿੱਚ ਵਿਗਿਆਨ, ਗਣਿਤ ਅਤੇ ਸਮਾਜਿਕ ਵਿਸ਼ਿਆਂ ਦੇ ਨਾਲ-ਨਾਲ ਭਾਸ਼ਾਵਾਂ, ਡਰਾਇੰਗ ਅਤੇ ਹੋਰ ਵਿਸ਼ਿਆਂ ਨੂੰ ਵੀ ਪ੍ਰਦਰਸ਼ਨੀਆਂ ’ਚ ਬਾਖ਼ੂਬੀ ਸ਼ਾਮਿਲ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਮਾਡਲ ਸਕੂਲਾਂ ਵਿੱਚ ਲਗਾਈਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ ਦਾ ਸਰੂਪ ਕਾਫ਼ੀ ਵੱਖਰਾ ਹੁੰਦਾ ਹੈ। ਪ੍ਰਾਈਵੇਟ ਸਕੂਲਾਂ ਵਿੱਚ ਬੱਚੇ, ਮਾਪੇ ਅਤੇ ਅਧਿਆਪਕ ਤਨਦੇਹੀ ਨਾਲ ਮਿਹਨਤ ਕਰਦੇ ਅਤੇ ਪੂਰੀ ਦਿਲਚਸਪੀ ਲੈਂਦੇ ਹਨ। ਉਨ੍ਹਾਂ ਦਾ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਦਾ ਢੰਗ ਅਤੇ ਪ੍ਰਬੰਧ ਵੀ ਕਾਫ਼ੀ ਪ੍ਰਭਾਵਸ਼ਾਲੀ ਹੁੰਦਾ ਹੈ।
ਸਕੂਲ ਪੱਧਰ ’ਤੇ ਅਜਿਹੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਨਾਲ ਸਕੂਲਾਂ ਦਾ ਅਕਾਦਮਿਕ ਮਿਆਰ ਉੱਚਾ ਹੁੰਦਾ ਹੈ। ਇਸ ਨਾਲ ਬੱਚਿਆਂ ਦੇ ਗਿਆਨ ਵਿੱਚ ਪ੍ਰਯੋਗੀ ਅਤੇ ਕਿਤਾਬੀ ਵਾਧਾ ਹੁੰਦਾ ਹੈ। ਬੱਚਿਆਂ ਵਿੱਚ ਆਤਮ-ਵਿਸ਼ਵਾਸ, ਆਤਮ-ਨਿਰਭਰਤਾ, ਮਿਹਨਤ ਕਰਨ ਦੀ ਲਗਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪ੍ਰਬਲ ਹੁੰਦੀ ਹੈ। ਉਨ੍ਹਾਂ ਦਾ ਸਮਾਂ ਅਤੇ ਊਰਜਾ ਦੋਵੇਂ ਉਸਾਰੂ ਪਾਸੇ ਲੱਗਦੇ ਹਨ। ਉਹ ਵਿਸ਼ਿਆਂ ਨੂੰ ਸਤਹੀ ਤੌਰ ’ਤੇ ਪੜ੍ਹਨ ਦੀ ਬਜਾਏ ਡੂੰਘਾਈ ਤੱਕ ਸਮਝਦੇ ਹਨ, ਜਿਸ ਨਾਲ ਪੜ੍ਹਾਈ ਪ੍ਰਤੀ ਉਨ੍ਹਾਂ ਦੀ ਰੁਚੀ ਹੋਰ ਵਧ ਜਾਂਦੀ ਹੈ। ਪ੍ਰਦਰਸ਼ਨੀਆਂ ਵਿੱਚ ਪ੍ਰਾਪਤ ਕੀਤੇ ਇਨਾਮ ਅਤੇ ਹੱਲਾਸ਼ੇਰੀ ਬੱਚਿਆਂ ਵਿੱਚ ਉਤਸ਼ਾਹ, ਹੌਸਲਾ ਅਤੇ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੇ ਹਨ।
ਇਸ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਨੂੰ ਮਿਲਜੁਲ ਕੇ ਕੰਮ ਕਰਨ ਦੇ ਅਸਲ ਮੌਕੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਚੰਗੀ ਆਦਤ ਪੈਂਦੀ ਹੈ। ਉਹ ਅਤੇ ਉਨ੍ਹਾਂ ਦੇ ਅਧਿਆਪਕ ਵਧੀਆ ਮਾਡਲ, ਚਾਰਟ ਅਤੇ ਸਿੱਖਣ-ਸਿਖਾਉਣ ਦੀ ਹੋਰ ਸਮੱਗਰੀ ਤਿਆਰ ਕਰਨ ਲਈ ਨਵੇਂ-ਨਵੇਂ ਵਿਸ਼ਿਆਂ ਦੀ ਤਲਾਸ਼ ਕਰਦੇ ਹਨ। ਇਸ ਨਾਲ ਵਿਗਿਆਨ, ਸਮਾਜਿਕ ਵਿਗਿਆਨ, ਗਣਿਤ, ਭਾਸ਼ਾਵਾਂ ਅਤੇ ਹੋਰਨਾਂ ਵਿਸ਼ਿਆਂ ਉੱਤੇ ਉਨ੍ਹਾਂ ਦੀ ਪਕੜ ਮਜ਼ਬੂਤ ਹੁੰਦੀ ਹੈ। ਜਦੋਂ ਉਹ ਵਾਤਾਵਰਨ, ਰੁੱਖਾਂ ਦੀ ਸਾਂਭ-ਸੰਭਾਲ, ਪ੍ਰਦੂਸ਼ਣ, ਸਿਹਤ, ਭੋਜਨ, ਤਕਨਾਲੋਜੀ, ਮਨੁੱਖੀ ਜੀਵਨ ਵਿੱਚ ਆ ਰਹੇ ਬਦਲਾਅ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ’ਤੇ ਮਾਡਲ ਬਣਾਉਂਦੇ ਹਨ ਤਾਂ ਉਹ ਮਨੁੱਖੀ ਜ਼ਿੰਦਗੀ ਦੀਆਂ ਅਸਲ ਲੋੜਾਂ ਤੇ ਸਮੱਸਿਆਵਾਂ ਤੋਂ ਵੀ ਭਲੀ-ਭਾਂਤ ਜਾਣੂ ਹੁੰਦੇ ਹਨ। ਇਸ ਨਾਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਖੋਜੀ ਅਤੇ ਤਰਕਸ਼ੀਲ ਬਣਦਾ ਹੈ। ਇਨ੍ਹਾਂ ਮੌਕਿਆਂ ’ਤੇ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਦੀ ਸੁਯੋਗ ਅਗਵਾਈ ਪ੍ਰਾਪਤ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਸ਼ਰਧਾ ਅਤੇ ਸਨਮਾਨ ਹੋਰ ਵਧ ਜਾਂਦਾ ਹੈ। ਅਜਿਹੇ ਉੱਦਮਾਂ ਸਦਕਾ ਵਿਦਿਆਰਥੀ ਆਪਣੇ ਸਕੂਲਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹੋਏ ਭਵਿੱਖ ਦੀਆਂ ਉੱਚ ਸਿੱਖਿਆਵਾਂ ਅਤੇ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ।
ਬੱਚਿਆਂ ਨੂੰ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਜ਼ਰੂਰ ਮਿਲਦੀ ਹੈ ਪਰ ਸਰਕਾਰੀ ਸਕੂਲਾਂ ਵਿੱਚ ਲਗਾਈਆਂ ਜਾਣ ਵਾਲੀਆਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਕਈ ਅਹਿਮ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਹਰ ਅਧਿਆਪਕ ਨੂੰ ਇਨ੍ਹਾਂ ਪ੍ਰਦਰਸ਼ਨੀਆਂ ਨੂੰ ਵਾਧੂ ਦਾ ਕੰਮ ਅਤੇ ਸਮੇਂ ਦੀ ਬਰਬਾਦੀ ਸਮਝਣ ਦੀ ਬਜਾਏ ਇਨ੍ਹਾਂ ਵਿੱਚ ਪੂਰੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਰਾਹੀਂ ਬੱਚੇ ਬਹੁਤ ਕੁਝ ਨਵਾਂ ਸਿੱਖਦੇ ਹਨ। ਅਧਿਆਪਕ ਵਰਗ ਨੂੰ ਚਾਹੀਦਾ ਹੈ ਕਿ ਉਹ ਮਾਡਲ, ਚਾਰਟ ਅਤੇ ਸਿੱਖਣ-ਸਿਖਾਉਣ ਵਾਲੀ ਹੋਰ ਸਮੱਗਰੀ ਤਿਆਰ ਕਰਵਾਉਂਦੇ ਸਮੇਂ ਸਿਰਫ਼ ਬੱਚਿਆਂ ਦੀ ਅਗਵਾਈ ਕਰਨ ਅਤੇ ਬਾਕੀ ਸਾਰਾ ਕੰਮ ਬੱਚਿਆਂ ਨੂੰ ਆਪਣੇ ਹੱਥੀਂ ਕਰਨ ਦੇਣ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਸਿੱਖਣ ਅਤੇ ਪ੍ਰਯੋਗੀ ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ। ਸਿਰਫ਼ ਮੁਕਾਬਲਾ ਜਿੱਤਣ ਦੀ ਹੋੜ ਵਿੱਚ ਬਾਜ਼ਾਰਾਂ ਤੋਂ ਪਹਿਲਾਂ ਹੀ ਤਿਆਰ ਮਾਡਲ ਨਾ ਖਰੀਦੇ ਜਾਣ। ਪ੍ਰਦਰਸ਼ਨੀਆਂ ਵਿੱਚ ਜੋ ਕੁਝ ਵੀ ਪੇਸ਼ ਕੀਤਾ ਜਾਵੇ ਉਸ ਬਾਰੇ ਬੱਚਿਆਂ ਨੂੰ ਪੂਰੀ ਜਾਣਕਾਰੀ ਅਤੇ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਉਹ ਗਿਆਨ ਭਵਿੱਖ ਵਿੱਚ ਵੀ ਉਨ੍ਹਾਂ ਦੇ ਕੰਮ ਆ ਸਕੇ।
ਸਰਕਾਰਾਂ ਨੂੰ ਵੀ ਇਨ੍ਹਾਂ ਪ੍ਰਦਰਸ਼ਨੀਆਂ ਦੇ ਸੁਚਾਰੂ ਆਯੋਜਨ ਲਈ ਗ੍ਰਾਂਟਾਂ ਸਮੇਂ ਸਿਰ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਸਮੇਂ ਸਿਰ ਲੱਗ ਸਕਣ ਅਤੇ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਅਕਾਦਮਿਕ ਅੰਕ ਜਾਂ ਵਿਸ਼ੇਸ਼ ਗ੍ਰੇਡ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਬੱਚੇ ਇਨ੍ਹਾਂ ਵਿੱਚ ਹੋਰ ਵਧ-ਚੜ੍ਹ ਕੇ ਦਿਲਚਸਪੀ ਦਿਖਾਉਣ। ‘ਇੰਸਪਾਇਰ ਐਵਾਰਡ’ ਵਰਗੀਆਂ ਯੋਜਨਾਵਾਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਉਤਸ਼ਾਹ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਨਵੀਆਂ ਕਾਢਾਂ ਰਾਹੀਂ ਵਿਗਿਆਨਕ ਸੋਚ ਅਪਣਾ ਕੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਭਵਿੱਖ ਚੰਗਾ ਬਣਾ ਸਕਣ। ਪ੍ਰਾਈਵੇਟ ਮਾਡਲ ਸਕੂਲਾਂ ਨੂੰ ਵੀ ਇਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਿੱਖਿਆ ਦਾ ਅਸਲ ਉਦੇਸ਼ ਸਿਰੇ ਚੜ੍ਹ ਸਕੇ।
ਸੰਪਰਕ: 98726-27136

