ਕੁਲਵਿੰਦਰ ਸਿੰਘ ਮਹਿਲ ਕਲਾਂ
ਜਦੋਂ ਤੋਂ ਮਨੁੱਖ ਨੇ ਧਰਤੀ ’ਤੇ ਆਪਣੇ ਆਪ ਨੂੰ ਵਿਕਸਤ ਕੀਤਾ, ਉਦੋਂ ਤੋਂ ਹੀ ਸੰਗੀਤ ਇਨਸਾਨ ਦੀ ਰੂਹ ਦੀ ਖੁਰਾਕ ਰਿਹਾ ਹੈ। ਸੰਗੀਤ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਪੱਤਿਆਂ ਦੀ ਹਵਾ ਨਾਲ ਖੜਖੜਾਹਟ ਸੰਗੀਤ ਹੈ। ਪੰਛੀਆਂ ਦੀ ਚਹਿਚਹਾਟ ਤੇ ਬਲਦਾਂ ਗਲ਼ ਪਾਈਆਂ ਟੱਲੀਆਂ ਦੀ ਟੁਣਕਾਰ ਵੀ ਸੰਗੀਤ ਹੈ। ਇਹ ਸੰਗੀਤ ਕੁਦਰਤ ਦਾ ਪੈਦਾ ਕੀਤਾ ਹੋਇਆ ਹੈ। ਇਕ ਸੰਗੀਤ ਉਹ ਵੀ ਹੈ ਜਿਸ ਨੂੰ ਪੈਦਾ ਕਰਨ ਵਿਚ ਮਨੁੱਖ ਦਾ ਕਾਫੀ ਯੋਗਦਾਨ ਹੁੰਦਾ ਹੈ।
ਸਮੇਂ-ਸਮੇਂ ’ਤੇ ਗਾਇਕਾਂ ਤੇ ਲਿਖਾਰੀਆਂ ਦੀ ਸੋਚ ਮੁਤਾਬਕ ਅਤੇ ਸਰੋਤਿਆਂ-ਦਰਸ਼ਕਾਂ ਦੀ ਪਸੰਦ ਅਨੁਸਾਰ ਸੰਗੀਤ ਦੀ ਮੰਗ ਬਦਲਦੀ ਰਹਿੰਦੀ ਹੈ, ਕਿਉਂਕਿ ਹਰ ਵਿਅਕਤੀ ਦੀ ਪਸੰਦ ਵੱਖਰੀ ਵੱਖਰੀ ਹੁੰਦੀ ਹੈ। ਕੋਈ ਸੂਫ਼ੀ ਗੀਤ ਪਸੰਦ ਕਰਦਾ ਹੈ, ਕੋਈ ਕੱਵਾਲੀਆਂ ਪਸੰਦ ਕਰਦਾ ਹੈ, ਕੋਈ ਉਦਾਸੀ ਵਾਲੇ ਗੀਤ ਤੇ ਕੋਈ ਰੋਮਾਂਟਿਕ ਗੀਤ ਪਸੰਦ ਕਰਦਾ ਹੈ। ਜਿੱਥੇ ਸੰਗੀਤ ਸਾਡੀ ਰੂਹ ਨੂੰ ਸ਼ਾਂਤੀ ਦਿੰਦਾ ਹੈ, ਉੱਥੇ ਇਹ ਨੌਜਵਾਨਾਂ ਅਤੇ ਸਮਾਜ ਵਿਚ ਚੰਗੀਆਂ ਮਾੜੀਆਂ ਗੱਲਾਂ ਨੂੰ ਉਤਸ਼ਾਹਿਤ ਵੀ ਕਰਦਾ ਹੈ। ਬਹੁਤ ਗੀਤ ਇਸ ਤਰ੍ਹਾਂ ਦੇ ਹਨ ਜੋ ਸਮਾਜ ਨੂੰ, ਸਾਡੇ ਨੌਜਵਾਨਾਂ ਨੂੰ ਚੰਗੀ ਸੇਧ ਦਿੰਦੇ ਹਨ। ਉਂਝ ਇਕ ਕਹਾਵਤ ਹੈ ਕਿ ਜਦੋਂ ਤੁਹਾਨੂੰ ਮੌਜੂਦਾ ਸਮੇਂ ਦੇ ਗਾਣੇ ਬੇਕਾਰ ਲੱਗਣ ਅਤੇ ਪੁਰਾਣੇ ਗੀਤ ਵਧੀਆ ਲੱਗਦੇ ਹੋਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਬੁੱਢੇ ਹੋ ਚੱਲੇ ਹੋ।
ਪਰ ਅੱਜ ਦੇ ਦੌਰ ਦੇ ਗੀਤਾਂ ਅਤੇ ਪੁਰਾਣੇ ਸਮਿਆਂ ਦੇ ਗੀਤਾਂ ਵਿਚ ਬਹੁਤ ਫਰਕ ਹੈ। ਪੁਰਾਣੇ ਸਮੇਂ ਦੇ ਗਾਣੇ ਜ਼ਿਆਦਾਤਰ ਸਮਾਜ ਨੂੰ ਸੇਧ ਦੇਣ ਵਾਲੇ, ਸਮਾਜ ਸੁਧਾਰ ਤੇ ਦੇਸ਼ ਭਗਤੀ ਨਾਲ ਸਬੰਧਤ ਹੁੰਦੇ ਸਨ ਅਤੇ ਨੌਜਵਾਨਾਂ ਦੀ ਸੋਚ ਨੂੰ ਚੰਗੇ ਪਾਸੇ ਲਾਉਣ ਵਾਲੇ ਹੁੰਦੇ ਸਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਗੀਤਾਂ ਵਿਚ ਵਿਚ ਬਹੁਤ ਵੱਡਾ ਤੇ ਭਿਆਨਕ ਬਦਲਾਅ ਆਇਆ ਹੈ। ਹੁਣ ਗੀਤਾਂ ਵਿਚ ਮਾਰਧਾੜ, ਹਥਿਆਰਾਂ, ਨਸ਼ਿਆਂ ਅਤੇ ਲੱਚਰਤਾ ਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਵੀ ਨਹੀਂ ਹੈ ਕਿ ਹੁਣ ਦੇ ਸਾਰੇ ਗੀਤ ਹੀ ਇਨ੍ਹਾਂ ਬੁਰਾਈਆਂ ਨੂੰ ਉਤਸ਼ਾਹਿਤ ਕਰਦੇ ਹਨ ਪਰ ਜ਼ਿਆਦਾਤਰ ਗੀਤ ਜ਼ਰੂਰ ਬੁਰਾਈਆਂ ਨੂੰ ਉਤਸ਼ਾਹਤ ਕਰਦੇ ਹਨ। ਅੱਜ ਕੱਲ੍ਹ ਗੀਤਾਂ ਵਿਚ ਅਸਲਾ, ਮਾਰਕੁੱਟ, ਨਸ਼ਾ ਤਾਂ ਆਮ ਹੀ ਸੁਣਾਈ ਦਿੰਦਾ ਹੈ। ਅੱਧਨੰਗੀਆਂ ਮਾਡਲਾਂ ਦਾ ਨੱਚਣਾ ਬਹੁਤ ਸਾਰੇ ਗੀਤਾਂ ਵਿਚ ਆਮ ਦੇਖਣ ਨੂੰ ਮੇਲਦਾ ਹੈ। ਬਹੁਤ ਗੀਤਾਂ ਨੂੰ ਤਾਂ ਪਰਿਵਾਰ ਵਿਚ ਬੈਠ ਕੇ ਸੁਣਇਆ ਹੀ ਨਹੀਂ ਜਾ ਸਕਦਾ। ਇਸੇ ਤਰ੍ਹਾਂ ਪਿਛਲੇ ਸਮੇਂ ਵਿਚ ਕਾਫੀ ਪੰਜਾਬੀ ਫ਼ਿਲਮਾਂ ਗੈਂਗਸਟਰਾਂ ਉੱਪਰ ਫਿਲਮਾਈਆਂ ਗਈਆਂ ਹਨ। ਗਾਣੇ ਲਿਖਣ ਵਾਲੇ ਗੀਤਕਾਰਾਂ ਅਤੇ ਗਾਉਣ ਵਾਲੇ ਗਾਇਕਾਂ ਨੂੰ ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਨੌਜਵਾਨੀ ਜ਼ਿਆਦਾਤਰ ਗੀਤਾਂ ਅਤੇ ਫਿਲਮਾਂ ਦੇ ਹਿਸਾਬ ਨਾਲ ਹੀ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਹੈ। ਉਹ ਜ਼ਿਆਦਾਤਰ ਗਾਇਕਾਂ ਅਤੇ ਫਿਲਮੀ ਐਕਟਰਾਂ ਨੂੰ ਆਪਣੇ ਰੋਲ ਮਾਡਲ ਮੰਨਣ ਲੱਗ ਜਾਂਦੀ ਹੈ। ਇਸ ਲਈ ਜੇ ਫਿਲਮਾਂ ਵਿਚ ਅਤੇ ਗੀਤਾਂ ਵਿਚ ਮਾਰਧਾੜ, ਨਸ਼ਾ, ਅਸਲਾ ਅਤੇ ਲੱਚਰਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਨੌਜਵਾਨ ਮੱਲੋਮੱਲੀ ਉਸ ਪਾਸੇ ਨੂੰ ਖਿੱਚੇ ਜਾਣਗੇ, ਜੋ ਕਿ ਸਮਾਜ ਲਈ ਬਹੁਤ ਹੀ ਘਾਤਕ ਹੈ। ਜੇ ਤੁਸੀਂ ਸਮਾਜ ਨੂੰ ਚੰਗੀ ਸੇਧ ਵਾਲੇ ਗੀਤ ਅਤੇ ਫਿਲਮਾਂ ਬਣਾਓ ਗਾਓ ਤਾਂ ਕੁਦਰਤੀ ਹੈ ਕਿ ਨੌਜਵਾਨੀ ਉਧਰ ਨੂੰ ਹੀ ਚੱਲੀ ਜਾਵੇਗੀ। ਇਸ ਲਈ ਇਹ ਹੁਣ ਤੁਹਾਡੇ ਹੱਥ ਹੈ ਕਿ ਤੁਸੀਂ ਸਮਾਜ ਨੂੰ ਪੰਜਾਬ ਦੀ ਜਵਾਨੀ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਹੋ।
ਮਿਸਾਲ ਵਜੋਂ ਜੇ ਤੁਸੀਂ ਸਾਡੇ ਸ਼ਹੀਦਾਂ ਜਿਵੇਂ ਕਿ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ’ਤੇ ਫ਼ਿਲਮਾਂ ਬਣਾਓ ਜਾਂ ਗੀਤ ਗਾਓ ਤਾਂ ਕੁਦਰਤੀ ਹੈ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ, ਸਮਾਜ ਲਈ ਕੁਝ ਚੰਗਾ ਕਰਨ ਦਾ ਜੋਸ਼ ਦਿਲ ਵਿਚ ਆਵੇਗਾ। ਜੇ ਤੁਸੀਂ ਸਮਾਜ ਵਿਚਲੀਆਂ ਬੁਰਾਈਆਂ ਦੂਰ ਕਰਨ ਲਈ ਗਾਉਗੇ ਤਾਂ ਕੁਦਰਤੀ ਹੀ ਨੌਜਵਾਨੀ ਉਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਬਾਰੇ ਸੋਚੇਗੀ। ਜੇ ਤੁਸੀਂ ਆਪਣੇ ਗੀਤਾਂ ਵਿਚ ਨਸ਼ੇ ਨੂੰ, ਅਸਲੇ ਨੂੰ, ਮਾਰਕੁੱਟ ਨੂੰ ਉਤਸ਼ਾਹਿਤ ਕਰੋਗੇ ਤਾਂ ਜਵਾਨੀ ਉਹ ਕੁਝ ਹੀ ਗ੍ਰਹਿਣ ਕਰੇਗੀ।
ਸਰਕਾਰ ਨੂੰ ਵੀ ਇਸ ਪਾਸੇ ਖ਼ਾਸ ਧਿਆਨ ਦੇਣ ਦੀ ਲੋੜ ਹੈ। ਗੀਤਾਂ ਦਾ ਮਿਆਰ ਉਚਾ ਚੁੱਕਣ ਲਈ ਸਰਕਾਰ ਨੂੰ ਇਕ ਸੈਂਸਰ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ, ਤਾਂ ਕਿ ਲੋਕ ਸਾਫ ਸੁਥਰੇ ਅਤੇ ਅਗਾਂਹ ਵਧੂ ਸੋਚ ਵਾਲੇ ਗੀਤ ਹੀ ਸੁਣ ਸਕਣ। ਗਾਇਕਾਂ ਅਤੇ ਲੇਖਕਾਂ ਨੂੰ ਵੀ ਚਾਹੀਦਾ ਹੈ ਕਿ ਉਸਾਰੂ ਸੋਚ ਵਾਲੇ ਗੀਤ ਹੀ ਲਿਖਣ ਤੇ ਗਾਉਣ ਤਾਂ ਕਿ ਸਮਾਜ ਨੂੰ ਸਹੀ ਸੇਧ ਮਿਲ ਸਕੇ, ਕਿਉਂਕਿ ਉਹ ਖ਼ੁਦ ਤੇ ਉਨ੍ਹਾਂ ਦੇ ਪਰਿਵਾਰ ਵੀ ਇਸੇ ਸਮਾਜ ਦਾ ਹਿੱਸਾ ਹਨ। ਜੇ ਉਹ ਹਿੰਸਾ, ਅਸ਼ਲੀਲਤਾ ਤੇ ਨਸ਼ੇ ਨੂੰ ਹੁਲਾਰਾ ਦੇਣਗੇ ਤਾਂ ਇਨ੍ਹਾਂ ਬੁਰਾਈਆਂ ਦਾ ਮਾੜਾ ਅਸਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਜੀ, ਕਿਸੇ ਕਰੀਬੀ ਉਤੇ ਪੈ ਸਕਦਾ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਤੇ ਤਾਂ ਇਸ ਦਾ ਪੈਣ ਵਾਲਾ ਮਾੜਾ ਅਸਰ ਕਿਵੇਂ ਵੀ ਰੋਕਿਆ ਨਹੀਂ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਦੀ ਜਵਾਨੀ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਪਾਸੇ ਲਾਈਏ ਅਤੇ ਬਰਬਾਦ ਹੋਣ ਤੋਂ ਬਚਾਈਏ।
ਸੰਪਰਕ: 98783-00400