ਮਨੁੱਖੀ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ

ਮਨੁੱਖੀ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ

ਡਾ. ਸ਼ਿਆਮ ਸੁੰਦਰ ਦੀਪਤੀ

ਕਿਸ ਤਰ੍ਹਾਂ ਲੱਗਦਾ ਹੈ ਇਹ ਸਿਰਲੇਖ। ਯਕੀਨ ਜਿਹਾ ਨਹੀਂ ਆ ਰਿਹਾ ਨਾ। ਕਾਰਨ ਹੈ ਕਿ ਸਾਡੇ ਕੋਲ ਨਾ ਆਪਣੀ, ਨਾ ਹੀ ਕਿਸੇ ਹੋਰ ਬਾਰੇ, ਅਜਿਹੀ ਉਦਾਹਰਨ ਹੈ, ਜੋ ਇਸ ਵਾਕ ਦੀ ਹਾਮੀ ਭਰ ਸਕੇ। ਠੀਕ ਹੋ ਤੁਸੀਂ। ਮੈਂ ਕਿਹਾ ਕਿ ਸਾਡਾ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ ਪਰ ਫਿਰ ਵੀ ਅਸੀਂ ਬਿਮਾਰ ਹੁੰਦੇ ਹਾਂ ਤਾਂ ਕਿਤੇ ਨਾ ਕਿਤੇ ਇਸ ਬਾਰੇ ਸਮਝਣ, ਵਿਚਾਰਨ ਅਤੇ ਪਰਖਣ ਦੀ ਲੋੜ ਹੈ ਕਿ ਕੀ ਇਹ ਟਿੱਪਣੀ ਸਹੀ ਹੈ ਤੇ ਫਿਰ ਨਾਲ ਹੀ ਇਹ ਪੱਖ ਤਲਾਸ਼ਣ ਦੀ ਵੀ ਕਿ ਤੰਦਰੁਸਤ ਕਿਵੇਂ ਬਣੇ ਰਹੀਏ। ਤੁਸੀਂ 50-60 ਸਾਲ ਤੋਂ ਪਹਿਲੇ ਦੇ ਦ੍ਰਿਸ਼ ਨਾਲ ਮੁਕਾਬਲਾ ਕਰਦੇ ਹੋ ਕਿ ਉਦੋਂ ਹਸਪਤਾਲਾਂ ਦੀ ਗਿਣਤੀ ਤੇ ਹੁਣ ਕਿੰਨਾ ਵੱਡਾ ਫ਼ਰਕ ਹੈ। ਸਰਕਾਰ, ਚਲੋ ਆਪਣੇ ਵਿੱਤ ਅਤੇ ਹਿੱਤ ਮੁਤਾਬਕ ਕੰਮ ਕਰਦੀ ਹੈ ਪਰ ਪ੍ਰਾਈਵੇਟ ਹਸਪਤਾਲ, ਨਿੱਜੀ ਅਤੇ ਕਾਰਪੋਰੇਟ ਇਕ ਲੜੀ ਹੀ ਹੈ ਜਿਵੇਂ ਅਪੋਲੋ, ਫੋਰਟਿਸ, ਮੈਕਸ, ਆਈਵੀ ਆਦਿ। ਮਤਲਬ ਸਾਫ਼ ਹੈ ਕਿ ਬਿਮਾਰ ਵੀ ਵਧੇ ਹਨ ਤੇ ਬਿਮਾਰੀਆਂ ਵੀ। ਇਸ ਬਾਰੇ ਇਕ ਦਲੀਲ ਦਿੱਤੀ ਜਾਂਦੀ ਹੈ ਕਿ ਬਿਮਾਰੀਆਂ ਤਾਂ ਪਹਿਲਾਂ ਵੀ ਸੀ ਪਰ ਚੁਪਚੁਪੀਤੀਆਂ, ਹੁਣ ਟੈਸਟਾਂ ਅਤੇ ਮਸ਼ੀਨਾਂ ਨਾਲ ਛੇਤੀ ਪਕੜ ਵਿਚ ਆ ਜਾਂਦੀਆਂ ਹਨ ਤੇ ਨਾਲ ਹੀ ਸਹੂਲਤਾਂ ਵੀ ਵੱਧ ਹਨ।

ਇਕ ਪੱਖ ਇਹ ਹੈ ਕਿ ਪੰਜਾਹ-ਸੱਠ ਸਾਲ ਪਹਿਲਾਂ ਜਰਮਾਂ ਨਾਲ ਹੋਣ ਵਾਲੀਆਂ ਬਿਮਾਰੀਆਂ (ਇਨਫੈਕਸ਼ਨ) ਪੇਟ ਸਮੱਸਿਆ ਬਿਮਾਰੀਆਂ ਵੱਧ ਸੀ, ਹੁਣ ਸ਼ੂਗਰ, ਬੀਪੀ, ਕੈਂਸਰ ਵਰਗੀਆਂ ਬਿਮਾਰੀਆਂ ਵੱਧ ਹਨ। ਇਸ ਬਾਰੇ ਮੱਤ ਹੈ ਕਿ ਇਹ ਪਹਿਲਾਂ ਵੀ ਸੀ ਪਰ ਇਨਫੈਕਸ਼ਨ ਵੱਲ ਧਿਆਨ ਵੱਧ ਸੀ। ਹੁਣ ਉਹ ਕਾਬੂ ਹੇਠ ਹਨ ਤੇ ਇਹ ਮੂਹਰੇ ਆ ਗਈਆਂ ਹਨ।

ਚਲੋ! ਇਹ ਵੀ ਮੰਨ ਲੈਂਦੇ ਹਾਂ ਪਰ ਮੈਨੂੰ ਯਾਦ ਹੈ ਚਾਲੀ ਸਾਲ ਪਹਿਲਾਂ, ਬਲੱਡ ਪ੍ਰੈਸ਼ਰ ਦਾ ਕੋਈ ਟਾਵਾਂ ਮਰੀਜ਼ ਹੀ 50-55 ਸਾਲ ਦੀ ਉਮਰ ਤੋਂ ਹੇਠਾਂ ਦਾ ਹੁੰਦਾ ਸੀ ਤੇ ਹੁਣ 30-35 ਸਾਲ ’ਤੇ ਹੀ ਆ ਰਹੇ ਹਨ। ਇਹ ਤਕਰੀਬਨ 25 ਸਾਲ ਥੱਲੇ ਕਿਵੇਂ ਖਿਸਕ ਆਈ।

ਕਹਿਣ ਦਾ ਮਤਲਬ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਡੀ ਜੀਵਨ ਸ਼ੈਲੀ ਵਿਚ ਕੁਝ ਹੈ, ਜੋ ਬਿਮਾਰੀਆਂ ਨੂੰ ਪੈਦਾ ਕਰਦਾ ਹੈ ਤੇ ਹੁਣ ਸਗੋਂ ਉਸ ਦਾ ਪ੍ਰਭਾਵ ਵੱਧ ਰਿਹਾ ਹੈ। ਲੱਖਾਂ ਦੀ ਗਿਣਤੀ ਵਿਚ ਜੀਵ ਹਨ। ਚਲੋ ਸਾਰਿਆਂ ਦੀ ਗੱਲ ਨਹੀਂ ਕਰਦੇ। ਤੁਸੀਂ ਨਜ਼ਰ ਮਾਰੋ, ਹਸਪਤਾਲ ਕਿਹੜੇ ਜੀਵਾਂ ਲਈ ਹਨ। ਤੁਸੀਂ ਦੇਖੋਗੇ ਕਿ ਮਨੁੱਖਾਂ ਲਈ ਜਾਂ ਉਨ੍ਹਾਂ ਜਾਨਵਰਾਂ ਲਈ ਜੋ ਮਨੁੱਖ ਦੇ ਪਾਲਤੂ ਹਨ। ਜਿਵੇਂ ਗਾਂ, ਘੋੜਾ, ਕੁੱਤਾ, ਮੁਰਗੀਆਂ, ਸੂਰ, ਮੱਛੀ। ਕੀ ਇਸ ਤੋਂ ਇਲਾਵਾ ਹੋਰ ਜੀਵ ਬਿਮਾਰ ਨਹੀਂ ਪੈਂਦੇ ਜਾਂ ਉਨ੍ਹਾਂ ਦੀ ਦਵਾ-ਬੂਟੀ ਦੀ ਲੋੜ ਨਹੀਂ ਪੈਂਦੀ। ਇਸ ਸੰਦਰਭ ਵਿਚ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਜੀਵ ਮਨੁੱਖ ਦੇ ਸਾਏ ਹੇਠ, ਕੁਦਰਤ ਤੋਂ ਪਰੇ ਰਹਿੰਦੇ ਹਨ, ਓਹੀ ਬਿਮਾਰ ਪੈਂਦੇ ਹਨ।

ਮਤਲਬ ਸਪੱਸ਼ਟ ਹੈ ਕਿ ਅਸੀਂ ਕੁਦਰਤ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਹੈ। ਆਪਣੇ ਮੁਤਾਬਕ ਝੌਂਪੜੀਆਂ, ਮਹਿਲਾਂ ਨੂੰ ਆਪਣੇ ਰਹਿਣ-ਸਹਿਣ ਦੀ ਥਾਂ ਬਣਾਇਆ ਹੈ। ਵੈਸੇ ਮੈਂ ਫਿਰ ਕਹਿੰਦਾ ਹਾਂ ਕਿ ਸਾਡਾ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ।

ਤੁਸੀਂ ਬਿਮਾਰ ਪੈਂਦੇ ਹੋ, ਡਾਕਟਰ ਕੋਲ ਜਾਂਦੇ ਹੋ। ਡਾਕਟਰ ਕੀ ਕਹਿੰਦਾ ਹੈ? ਪੇਟ, ਫੇਫੜਿਆਂ ਜਾਂ ਗੁਰਦਿਆਂ ਵਿਚ ਨੁਕਸ ਹੈ ਤੇ ਦਵਾਈ ਲਿਖ ਦਿੰਦਾ ਹੈ। ਤੁਸੀਂ ਖਾਂਦੇ ਹੋ ਤੇ ਠੀਕ ਹੋ ਜਾਂਦੇ ਹੋ। ਫਿਰ ਦੋ ਕੁ ਮਹੀਨਿਆਂ ਬਾਅਦ ਉਸੇ ਜਾਂ ਕਿਸੇ ਹੋਰ ਬਿਮਾਰੀ ਨਾਲ। ਕਈ ਬਿਮਾਰੀਆਂ ਤਾਂ ਹੁਣ ਸਾਰੀ ਉਮਰ ਦਵਾਈ ਖਾਣ ਵਾਲੀਆਂ ਪੈਦਾ ਹੋਈਆਂ ਹਨ। ਜਿਵੇਂ ਸ਼ੂਗਰ, ਬੀਪੀ ਆਦਿ।

ਜ਼ਰਾ ਦਿਮਾਗ ’ਤੇ ਜ਼ੋਰ ਪਾ ਕੇ ਸੋਚਣਾ, ਕਦੇ ਤੁਹਾਡੇ ਡਾਕਟਰ ਨੇ ਕਿਹਾ ਹੈ ਕਿ ਤੁਸੀਂ ਵਾਰ-ਵਾਰ ਬਿਮਾਰ ਤਾਂ ਪੈਂਦੇ ਹੋ, ਕਿਉਂ ਜੋ ਤੁਹਾਡੀ ਸੁਰੱਖਿਆ ਪ੍ਰਣਾਲੀ (ਇਮਊਨ ਸਿਸਟਮ) ਕਮਜ਼ੋਰ ਹੈ। ਉਸ ਨੇ ਕਦੇ, ਬਿਮਾਰ ਦਾ ਇਲਾਜ ਕਰਦਿਆਂ, ਇਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਈ ਸਲਾਹ ਦਿੱਤੀ ਹੈ? ਨਹੀਂ ਦਿੱਤੀ! ਉਹ ਜੇ ਦੇਣਾ ਵੀ ਚਾਹੁੰਦਾ ਹੋਵੇ ਤਾਂ ਉਸ ਉਪਰ ਦਵਾਈ ਤੰਤਰ ਦਾ ਦਬਾਅ, ਉਸ ਨੂੰ ਇਹ ਕਰਨ ਵੱਲ ਜਾਣ ਨਹੀਂ ਦਿੰਦਾ।

ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕੋਲ ਹੋਰ ਪ੍ਰਣਾਲੀਆਂ ਵਾਂਗ ਇਕ ਪੂਰੀ ਵਿਵਸਥਾ ਹੈ। ਜਿਵੇਂ ਪਾਚਨ ਪ੍ਰਣਾਲੀ (ਖੁਰਾਕ ਨਾਲ ਜੁੜੀ) ਮੂੰਹ, ਪੇਟ, ਜਿਗਰ, ਆਂਤੜਾ, ਪੈਨਕਰੀਆਜ ਹੈ, ਉਸੇ ਤਰ੍ਹਾਂ ਸਰੀਰ ਦੀਆਂ ਅੰਦਰੋ-ਬਾਹਰੋਂ ਨੁਕਸਾਨ ਪਹੁੰਚਾਉਣ ਵਾਲੀਆਂ ਹਾਲਤਾਂ ਲਈ ਲੜਨ ਲਈ ਇਸ ਕੋਲ ਲਿੰਫੋਸਾਈਟ, ਟੀ-ਸੈੱਲ, ਬੀਡੀ-4 ਸੈੱਲ ਆਦਿ ਹਨ। ਇਹ ਬਾਹਰੀ ਜਰਮਾਂ, ਪ੍ਰਦੂਸ਼ਣ ਕਣਾਂ ਅਤੇ ਸਰੀਰ ਅੰਦਰ ਪੈਦਾ ਹੁੰਦੇ ਮਾਰੂ ਤੱਤਾਂ ਨਾਲ ਪੈਂਤੜਾ ਲੈਂਦੀ ਹੈ। ਇੱਥੋਂ ਤੱਕ ਕਿ ਬੁਢਾਪੇ ਵੱਲ ਲਿਜਾਣ ਵਾਲੀ ਕਿਰਿਆਵਾਂ ਨੂੰ ਵੀ ਠੱਲ੍ਹ ਪਾਉਂਦੀ ਹੈ। ਇਸ ਪ੍ਰਣਾਲੀ ਦੀ ਮਜ਼ਬੂਤੀ ਲਈ, ਮੋਟੇ ਤੌਰ ’ਤੇ ਜੇਕਰ ਚਾਰ-ਪੰਜ ਪੱਖਾਂ ਨੂੰ ਉਭਾਰਨਾ ਹੋਵੇ ਤਾਂ ਉਹ ਖੁਰਾਕ ਸਰੀਰਕ ਹਰਕਤ, ਆਪਸੀ ਮੇਲ-ਮਿਲਾਪ ਮਨ ਦੀ ਸਥਿਰਤਾ ਅਤੇ ਪ੍ਰਦੂਸ਼ਣ। ਇਨ੍ਹਾਂ ਦੇ ਸੂਖ਼ਮ ਪੱਖਾਂ ਤੋਂ ਵੀ ਗੱਲ ਹੋ ਸਕਦੀ ਹੈ, ਜੋ ਕਿ ਕਰਾਂਗੇ ਵੀ। ਤੁਸੀਂ ਇਨ੍ਹਾਂ ਪਹਿਲੂਆਂ ’ਤੇ ਸਰਸਰੀ ਜਿਹੀ ਨਜ਼ਰ ਮਾਰੋ ਕਿ ਕੀ ਸਾਡੀ ਖੁਰਾਕ ਕੁਦਰਤੀ ਹੈ? ਕੀ ਅਸੀਂ ਸਰੀਰਕ ਹਰਕਤ ਤੋਂ ਪ੍ਰਹੇਜ਼ੀ ਨਹੀਂ ਹੋ ਗਏ? ਸਮਾਜਿਕ ਮੇਲ-ਮਿਲਾਪ ਵਿਚ ਕਿੰਨਾ ਕੁ ਨਿੱਘ ਹੈ? ਮਨ ਕਿੰਨਾ ਕੁ ਸ਼ਾਂਤ ਹੈ ਤੇ ਪ੍ਰਦੂਸ਼ਣ? ਨਾਲੇ ਇਹ ਇਕ ਜਾਂ ਦੋ ਨਹੀਂ, ਸਾਰੇ ਹੀ ਮਹੱਤਵਪੂਰਨ ਹਨ ਤੇ ਸਾਰੇ ਹੀ ਚਾਹੁੰਦੇ ਹਨ।

ਕੀ ਇਹ ਸਾਰੇ ਪੱਖ ਸਾਡੇ ਆਪਣੇ ਕਾਰ-ਵਿਹਾਰ ਤੋਂ ਪੈਦਾ ਹੋਏ, ਫੈਲਾਏ ਹੋਏ ਨਹੀਂ ਹਨ। ਅਸੀਂ ਕਦੇ ਸੰਜੀਦਗੀ ਨਾਲ ਇਨ੍ਹਾਂ ਨੂੰ ਸਿਹਤ ਦੇ ਪੱਖ ਤੋਂ ਵਿਚਾਰਿਆ ਹੀ ਨਹੀਂ। ਅਸੀਂ ਦਵਾਈਆਂ ਦੇ ਮਗਰ ਲੱਗ ਗਏ ਹਾਂ। ਅਸੀਂ ਵੀ ਖੁਸ਼ ਹਾਂ ਕਿ ਇਕ ਛੋਟੀ ਜਿਹੀ ਗੋਲੀ, ਇਕ ਘੁੱਟ ਪਾਣੀ, ਮਿੰਟ ਤੋਂ ਵੀ ਘੱਟ ਸਮਾਂ ਤੇ ਸਭ ਠੀਕ ਨਹੀਂ। ਇਹ‘ਸਭ ਠੀਕ’ਵਾਲਾ ਨਤੀਜਾ ਖ਼ਤਰਨਾਕ ਹੈ। ਦਵਾਈ ਕੋਈ ਵੀ ਹੈ, ਉਹ ਫੌਰੀ ਆਰਾਮ ਜ਼ਰੂਰ ਦੇ ਰਹੀ ਲੱਗਦੀ ਹੈ ਪਰ ਜੇ ਲਗਾਤਾਰ ਅੰਦਰ ਨੁਕਸਾਨ ਹੋ ਰਿਹਾ ਹੈ ਤਾਂ ਉਹ ਉਸ ਦਾ ਕੁਝ ਨਹੀਂ ਕਰ ਰਹੀ ਹੁੰਦੀ ਜਦੋਂ ਕਿ ਉਸ ਦੀ ਮੁਰੰਮਤ ਦੀ ਲੋੜ ਹੈ ਤੇ ਇਸ ਤਰ੍ਹਾਂ ਜੀਵਨ ਜਾਚ ਬਣਾਉਣ ਦੀ ਲੋੜ ਹੈ ਕਿ ਉਹ ਟੁੱਟ-ਭੱਜ ਫਿਰ ਨਾ ਹੋਵੇ। ਸਾਡੇ ਸਰੀਰ ਕੋਲ ਇਹ ਸਮਰੱਥਾ ਹੈ, ਜਿਸ ਬਾਰੇ ਗੱਲ ਜਾਰੀ ਰੱਖਾਂਗੇ। ਮੈਂ ਫਿਰ ਕਹਿੰਦਾ ਹਾਂ ਪੂਰੇ ਦਾਅਵੇ ਨਾਲ ਕਿ ਸਾਡਾ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All