ਆਗਰੇ ਦਾ ਇਤਿਹਾਸਕ ਕਿਲ੍ਹਾ

ਆਗਰੇ ਦਾ ਇਤਿਹਾਸਕ ਕਿਲ੍ਹਾ

ਜਤਿੰਦਰ ਬੀਰ ਸਿੰਘ ਨੰਦਾ (ਪ੍ਰੋ.)

ਆਗਰੇ ਦੇ ਇਤਿਹਾਸਕ ਮਕਬਰੇ, ਬਾਗ ਤੇ ਕਿਲ੍ਹਿਆਂ ਵਿੱਚੋਂ ਆਗਰਾ ਦੇ ਕਿਲ੍ਹੇ ਦਾ ਵਿਸ਼ੇਸ਼ ਸਥਾਨ ਹੈ। ਇਹ ਉਹ ਕਿਲ੍ਹਾ ਹੈ, ਜਿੱਥੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰਕੇ ਰੱਖਿਆ। ਲਾਚਾਰ ਬਾਦਸ਼ਾਹ ਆਪਣੀ ਮਹਿਬੂਬ ਪਤਨੀ ਮੁਮਤਾਜ ਦਾ ਮਕਬਰਾ ਤਾਜ ਮਹਿਲ ਇਥੋਂ ਹੀ ਦੇਖਿਆ ਕਰਦਾ ਸੀ।

ਜਦੋਂ ਵੀ ਲੋਕ ਇੱਥੇ ਤਾਜ ਮਹਿਲ ਜਾਂ ਹੋਰ ਇਤਿਹਾਸਕ ਥਾਵਾਂ ਦੇਖਣ ਆਉਂਦੇ ਹਨ ਤਾਂ ਉਹ ਯੂਨੈਸਕੋ ਵੱਲੋਂ ਮਾਨਤਾਪ੍ਰਾਪਤ ਇਸ ਸਥਾਨ ’ਤੇ ਵੀ ਜ਼ਰੂਰ ਆਉਂਦੇ। ਇਹ ਕਈ ਬਾਦਸ਼ਾਹਾਂ ਦਾ ਘਰ ਰਿਹਾ ਹੈ। ਜਿਹੜਾ ਵੀ ਮੁਗਲ ਬਾਦਸ਼ਾਹ ਇੱਥੇ ਆਉਂਦਾ, ਉਹ ਆਪਣਾ ਰਹਿਣ ਬਸੇਰਾ ਇਥੇ ਬਣਾ ਲੈਂਦਾ। ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਤੱਕ ਮੁਗਲ ਬਾਦਸ਼ਾਹਾਂ ਨੇ ਭਾਰਤ ’ਤੇ ਰਾਜ ਕੀਤਾ ਅਤੇ ਇਨ੍ਹਾਂ ’ਚੋਂ ਲਗਪਗ ਸਾਰੇ ਹੀ ਇਥੇ ਰਹਿੰਦੇ ਰਹੇ। ਸਭ ਤੋਂ ਪਹਿਲਾਂ ਬਾਬਰ ਆਗਰੇ ਦੇ ਕਿਲ੍ਹੇ ਵਿਚ ਰਿਹਾ ਪਰ 1565 ਵਿੱਚ ਅਕਬਰ ਨੇ ਵਿਧੀਬੱਧ ਢੰਗ ਨਾਲ ਇਸ ਦਾ ਨਿਰਮਾਣ ਕੀਤਾ। ਅਕਬਰ ਨੇ ਇਸ ਖਸਤਾ ਇਮਾਰਤ ’ਤੇ ਰੰਗ-ਰੋਗਨ ਕਰਵਾ ਕੇ ਇਸ ਨੂੰ ਦੇਖਣ ਯੋਗ ਬਣਾ ਦਿੱਤਾ। ਉਸ ਨੇ ਇਸ ਨੂੰ ਧਾਰਮਿਕ ਨੁਕਤੇ ਤੋਂ ਵੀ ਉਭਾਰਨ ਦੀ ਕੋਸ਼ਿਸ਼ ਕੀਤੀ। ਇਸ ਕਿਲ੍ਹੇ ਨੂੰ ਇਸਲਾਮੀ ਤੇ ਭਾਰਤੀ ਕਲਾ ਦਾ ਮਿਸ਼ਰਨ ਆਖਿਆ ਜਾਂਦਾ ਹੈ। 14 ਸਾਲ ਦੀ ਉਮਰ ਵਿਚ ਉਸ ਨੇ ਇਸ ਸਥਾਨ ਤੋਂ ਹੀ ਰਾਜ ਕਰਨਾ ਸ਼ੁਰੂ ਕੀਤਾ।

ਤਾਜ ਮਹਿਲ ਦਾ ਨਿਰਮਾਣ ਕਰਵਾਉਣ ਵਾਲੇ ਦੂਜੇ ਬਾਦਸ਼ਾਹ ਸ਼ਾਹ ਜਹਾਨ ਨੇ ਇਸ ਵਿਚ ਰਾਜਿਆਂ ਲਈ ਮਹਿਲ ਬਣਵਾ ਕੇ ਇਸ ਦੀ ਉਪਯੋਗਤਾ ਵਿਚ ਵਾਧਾ ਕੀਤਾ ਅਤੇ ਇਸ ਵਿਚਲੀਆਂ ਊਣਤਾਈਆਂ ਦੂਰ ਕੀਤੀਆਂ। ਬਾਅਦ ਵਿੱਚ ਉਸ ਨੂੰ ਇਸ ਕਿਲ੍ਹੇ ਵਿੱਚ ਹੀ ਕੈਦ ਕੀਤਾ ਗਿਆ। ਇਥੇ ਦਿੱਲੀ ਦੇ ਲਾਲ ਕਿਲ੍ਹੇ ਵਾਂਗ ਹੀ ਲਾਲ ਪੱਥਰ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰਨ ਲੋਕਾਂ ਨੇ ਇਸ ਨੂੰ ਵੀ ਲਾਲ ਕਿਲ੍ਹਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਤਾਜ ਮਹਿਲ ਵਾਂਗ ਇਸ ਨੂੰ ਵੀ ਯਮੁਨਾ ਨਦੀ ਕਿਨਾਰੇ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸ਼ਿਵਾਜੀ ਛੱਤਰਪਤੀ ਦੀ ਇਕ ਇਤਿਹਾਸਕ ਸੰਧੀ ਇਸ ਸਥਾਨ ’ਤੇ ਹੋਈ।

ਇਸ ਕਿਲ੍ਹੇ ਵਿਚ ਦੋ ਤਰ੍ਹਾਂ ਦੇ ਦਰਬਾਰ ਵੇਖਣ ਨੂੰ ਮਿਲਦੇ ਹਨ; ਆਮ ਤੇ ਖਾਸ ਦਰਬਾਰ। ਦੀਵਾਨੇ ਖਾਸ ਦਰਬਾਰ ਤੇ ਆਮ ਦੋਵੇਂ ਇੱਕ- ਦੂਸਰੇ ਨਾਲ ਜੁੜੇ ਹੋਏ ਹਨ। ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਥੇ ਦਰਬਾਰ ਲਗਦੇ ਰਹੇ ਹਨ। ਇਨ੍ਹਾਂ ਦੋਹਾਂ ਦਰਬਾਰਾਂ ਦਾ ਸ਼ਿਲਪ ਵਿਧਾਨ ਦੇਖਣ ਵਾਲਾ ਹੈ। ਇੱਕ ਹਜ਼ਾਰ ਸਾਲ ਪਹਿਲਾਂ ਦੀ ਜੋ ਇਮਾਰਤ ਬਣੀ ਹੋਈ ਸੀ, ਉਸ ਵਿੱਚ ਪਹਿਲਾਂ ਬਾਬਰ ਨੇ ਨਿਵਾਸ ਕੀਤਾ ਫਿਰ ਹਮਾਂਯੂ ਨੇ। ਇਸ ਤੋਂ ਬਾਅਦ ਮਹਾਨ ਸ਼ਾਸਕ ਅਕਬਰ ਦਾ ਸਮਾਂ ਆਇਆ ਤਾਂ ਉਸ ਨੇ ਆਪਣੇ ਆਦਰਸ਼ਾਂ ਮੁਤਾਬਕ ਇਹ ਕਿਲ੍ਹਾ ਸਵਾਰਿਆ। ਇਸ ਤੋਂ ਬਾਅਦ ਜਹਾਂਗੀਰ, ਸ਼ਾਹ ਜਹਾਨ ਤੇ ਔਰੰਗਜ਼ੇਬ ਇਥੇ ਰਹੇ ਪਰ ਖਾਸ ਤੌਰ ’ਤੇ ਸ਼ਾਹ ਜਹਾਨ ਨੇ ਇਸ ਕਿਲ੍ਹੇ ਵਿਚ ਰਹਿਣ ਲਈ ਸ਼ਾਨਦਾਰ ਮਹਿਲ ਬਣਵਾਏ। ਇਸ ਵਿਸ਼ਾਲ ਇਮਾਰਤ ਨੂੰ ਦੇਖਣ ਅਤੇ ਪੂਰਾ ਆਨੰਦ ਲੈਣ ਲਈ ਕਾਫੀ ਸਮਾਂ ਚਾਹੀਦਾ ਹੈ। ਕਿਲ੍ਹੇ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਈ ਗਾਈਡਜ਼ ਮਿਲ ਜਾਂਦੇ ਹਨ। ਇੱਥੋਂ ਦਾ 75 ਫੁੱਟ ਲੰਮਾ ਅੰਗੂਰੀ ਬਾਗ ਖਿੱਚ ਦਾ ਕੇਂਦਰ ਹੈ। ਇਸ ਤੋਂ ਇਲਾਵਾ ਮੀਨਾ ਮਸਜਿਦ, ਮੋਤੀ ਮਸਜਿਦ, ਨੋਬਤ ਖਾਣਾ, ਰੰਗ ਮਹਿਲ, ਸ਼ਾਹੀ ਬੁਰਜ, ਸ਼ੀਸ਼ ਮਹਿਲ ਅਾਦਿ ਹੋਰ ਪ੍ਰਸਿੱਧ ਥਾਵਾਂ ਹਨ। ਆਗਰੇ ਵਿਚ ਤਾਜ ਮਹਿਲ ਦੇਖਣ ਤੋਂ ਬਾਅਦ ਲੋਕ ਇਥੇ ਆਉਂਦੇ ਹਨ ਤੇ ਭਾਰਤ ਦੀ ਵਿਰਾਸਤ ਨਾਲ ਜੁੜਦੇ ਹਨ।

ਸੰਪਰਕ: 98152-55295 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All