ਗੁਰਚਰਨ ਸਿੰਘ ਨੂਰਪੁਰ
ਜੁਨੈਦ ਇੱਕ ਫ਼ਕੀਰ ਹੋਇਆ ਹੈ। ਉਹਦਾ ਇੱਕ ਜਵਾਨ ਪੁੱਤਰ ਸੀ। ਇੱਕ ਹਾਦਸੇ ਵਿੱਚ ਪੁੱਤਰ ਦੀ ਮੌਤ ਹੋ ਗਈ। ਮਾਹੌਲ ਬੜਾ ਗ਼ਮਗੀਨ ਹੋ ਗਿਆ। ਰਿਸ਼ਤੇਦਾਰ, ਸੱਜਣ ਮਿੱਤਰ ਅਤੇ ਪਿੰਡ ਦੇ ਲੋਕ ਜੁਨੈਦ ਕੋਲ ਕਈ ਦਿਨ ਦੁੱਖ ਸਾਂਝਾ ਕਰਨ ਆਉਂਦੇ ਰਹੇ। ਸਾਰੇ ਬੜੇ ਉਦਾਸ ਸਨ। ਇੱਕੋ ਇੱਕ ਪੁੱਤਰ ਸੀ ਤੇ ਉਹ ਵੀ ਵੀਹ ਕੁ ਸਾਲ ਦੀ ਉਮਰ ਵਿੱਚ ਦੁਨੀਆਂ ਤੋਂ ਵਿਦਾ ਹੋ ਗਿਆ ਸੀ। ਕੁਝ ਦਿਨ ਬੀਤੇ ਇੱਕ ਸ਼ਾਮ ਨੂੰ ਜੁਨੈਦ ਦੇ ਕੋਲ ਬੈਠੀ ਉਹਦੀ ਪਤਨੀ ਜੋ ਡੂੰਘੀ ਉਦਾਸੀ ਵਿੱਚ ਸੀ, ਨੇ ਉਸ ਨੂੰ ਪੁੱਛਿਆ, ”ਸਾਡਾ ਪੁੱਤਰ ਸਾਨੂੰ ਛੱਡ ਕੇ ਚਲਾ ਗਿਆ ਏ। ਮੈਂ ਦੇਖਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਆਇਆ। ਤੁਸੀਂ ਰੋਏ ਨਹੀਂ। ਤੁਹਾਡਾ ਤਾਂ ਆਪਣੇ ਪੁੱਤਰ ਨਾਲ ਬੜਾ ਮੋਹ ਸੀ ਬੜਾ ਪਿਆਰ ਸੀ ਫਿਰ ਇਸ ਤਰ੍ਹਾਂ ਕਿਉਂ?”
ਜੁਨੈਦ ਬੋਲਿਆ, ”ਦੁੱਖ ਤਾਂ ਮੈਨੂੰ ਵੀ ਬਹੁਤ ਲੱਗਾ ਸੀ, ਗ਼ਮ ਤਾਂ ਮੈਨੂੰ ਵੀ ਹੋਇਆ ਸੀ ਪਰ ਫਿਰ ਮੈਂ ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਵਰਗਾ ਹੋ ਗਿਆ ਸਾਂ।” ਭਾਵ ਜਦੋਂ ਪੁੱਤਰ ਅਜੇ ਜੰਮਿਆ ਨਹੀਂ ਸੀ ਮੈਂ ਉਦੋਂ ਵਰਗਾ ਬਣ ਗਿਆ। ਜੁਨੈਦ ਦੇ ਦੁੱਖ ਦੀ ਇਸ ਸਥਿਤੀ ਨੂੰ ਕੀ ਕਹਾਂਗੇ? ਮੌਤ ਨੂੰ ਇਸ ਤਰ੍ਹਾਂ ਸਵੀਕਾਰ ਕਰ ਲੈਣਾ ਸਭ ਤੋਂ ਮੁਸ਼ਕਿਲ ਹੈ ਸ਼ਾਇਦ।
ਕਿਸੇ ਵਿਦਵਾਨ ਦਾ ਕਥਨ ਹੈ ਕਿ ਦੁਨੀਆਂ ਇੱਕ ਰੰਗਮੰਚ ਹੈ। ਦੁਨੀਆਂ ਦਾ ਹਰ ਮਨੁੱਖ ਇਸ ਰੰਗਮੰਚ ਦਾ ਅਦਾਕਾਰ ਹੈ। ਹਰ ਕਿਸੇ ਨੇ ਆਪੋ ਆਪਣਾ ਰੋਲ ਨਿਭਾ ਕੇ ਦੁਨੀਆ ਦੇ ਇਸ ਰੰਗਮੰਚ ਦੀ ਸਟੇਜ ਤੋਂ ਹੇਠਾਂ ਲਹਿ ਜਾਣਾ ਹੈ।
ਦੂਜੇ ਸ਼ਬਦਾਂ ਵਿੱਚ ਅਸੀਂ ਸਾਰੇ ਇਸ ਧਰਤੀ ‘ਤੇ ਕੁਝ ਸਮਾਂ ਰਹਿਣ ਲਈ ਆਏ ਹਾਂ। ਆਪਣਾ ਸਮਾਂ ਪੂਰਾ ਹੋਣ ‘ਤੇ ਅਸੀਂ ਇੱਥੋਂ ਰੁਖ਼ਸਤ ਹੋ ਜਾਣਾ ਹੁੰਦਾ ਹੈ।
ਜ਼ਿੰਦਗੀ ਅਤੇ ਮੌਤ ਦੀ ਵਿਆਖਿਆ ਕਰਦਿਆਂ ਇੱਕ ਹੋਰ ਵਿਦਵਾਨ ਲਿਖਦਾ ਹੈ: ਜ਼ਿੰਦਗੀ ਦੀ ਜੰਗ ਵਿੱਚ ਮਨੁੱਖ ਦਾ ਇੱਕ ਨਾ ਇੱਕ ਦਿਨ ਹਾਰ ਜਾਣਾ ਨਿਸ਼ਚਿਤ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਮਨੁੱਖ ਦੀ ਮੌਤ ਅੱਗੇ ਹਾਰ ਨਿਸ਼ਚਤ ਹੈ ਤਾਂ ਉਹਦੀ ਜ਼ਿੰਦਗੀ ਦਾ ਹਾਸਲ ਕੀ ਹੈ? ਅੱਗੇ ਉਹ ਵਿਦਵਾਨ ਇਸ ਸਵਾਲ ਦਾ ਜਵਾਬ ਦਿੰਦਿਆਂ ਲਿਖਦਾ ਹੈ ਕਿ ‘ਮਨੁੱਖ ਦੀ ਜ਼ਿੰਦਗੀ ਦਾ ਹਾਸਲ ਇਹ ਹੈ ਕਿ ਉਹਨੇ ਇਹ ਜੰਗ ਕਿਸ ਤਰ੍ਹਾਂ ਲੜੀ।’
ਸਾਡੇ ਜੀਵਨ ਦਾ ਅੰਤ ਮੌਤ ਹੈ। ਇਸ ਤੋਂ ਬਾਅਦ ਦੀ ਜ਼ਿੰਦਗੀ ਦਾ ਕਿਆਸ ਕਰਨਾ ਨਿਰੋਲ ਕਲਪਨਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ। ਵਿਗਿਆਨ ਅਨੁਸਾਰ ਮਨੁੱਖ ਦੀ ਮੌਤ ਉਸ ਦਾ ਅੰਤ ਹੈ, ਪਰ ਮਨੁੱਖ ਆਪਣੇ ਪੁੱਤਰ, ਧੀਆਂ, ਭਤੀਜਿਆਂ, ਭਾਣਜਿਆਂ ਅਤੇ ਅਗਾਂਹ ਉਨ੍ਹਾਂ ਦੀਆਂ ਔਲਾਦਾਂ ਵਿੱਚ ਅੰਸ਼ਕ ਰੂਪ ਵਿੱਚ ਜਿਊਂਦਾ ਰਹਿੰਦਾ ਹੈ।
ਵਿਗਿਆਨ ਨੇ ਮਨੁੱਖ ਦੀ ਔਸਤ ਉਮਰ ਵਿੱਚ ਵਾਧਾ ਕੀਤਾ ਹੈ। ਹੋ ਸਕਦਾ ਹੈ ਕਿ ਭਵਿੱਖ ਵਿੱਚ ਮਨੁੱਖ ਨੂੰ 200 ਸਾਲ ਜਾਂ ਇਸ ਤੋਂ ਵੀ ਕੁਝ ਵੱਧ ਸਾਲਾਂ ਤੱਕ ਜਿਉਂਦਾ ਰੱਖਿਆ ਜਾ ਸਕੇ। ਇਹ ਵੀ ਸ਼ਾਇਦ ਜਲਦੀ ਹੀ ਸੰਭਵ ਹੋ ਜਾਵੇ ਕਿ ਹਾਦਸੇ ਵਿੱਚ ਮਰੇ ਮਨੁੱਖ, ਜਿਸ ਦੇ ਜ਼ਰੂਰੀ ਅੰਗ ਸਾਬਤ ਹੋਣ ਨੂੰ ਦੁਬਾਰਾ ਜ਼ਿੰਦਾ ਕਰ ਲਿਆ ਜਾਵੇ। ਪਰ ਮੌਤ ਫਿਰ ਵੀ ਅਟੱਲ ਰਹੇਗੀ।
ਉਹ ਦੁਨੀਆਂ ਜਿਸ ਵਿੱਚ ਮਨੁੱਖ ਜ਼ਿਆਦਾ ਉਮਰ ਭੋਗਦੇ ਹੋਣਗੇ, ਉਹ ਵੀ ਕੋਈ ਬਹੁਤੀ ਚੰਗੀ ਦੁਨੀਆਂ ਨਹੀਂ ਹੋਵੇਗੀ। ਕੁਝ ਵੀ ਹੈ, ਮੌਤ ਹਮੇਸ਼ਾਂ ਅਟੱਲ ਰਹੇਗੀ। ਜੋ ਉਪਜਿਆ ਹੈ ਉਸ ਨੇ ਇੱਕ ਨਾ ਇੱਕ ਦਿਨ ਬਿਨਸ ਜਾਣਾ ਹੈ। ਜੀਵ ਜੰਤੂ, ਪਸ਼ੂ ਪੰਛੀ, ਵਣ ਬਨਸਪਤੀ, ਧਰਤੀ, ਸਮੁੰਦਰ, ਚੰਨ ਤਾਰੇ, ਸੂਰਜ ਸਾਰੇ ਦੇ ਸਾਰੇ ਪਦਾਰਥ ਦੇ ਹੀ ਵੱਖ ਵੱਖ ਰੂਪ ਹਨ। ਇਨ੍ਹਾਂ ਦੇ ਇਹ ਸਰੂਪਾਂ ਦੀ ਵੀ ਆਪਣੀ ਆਪਣੀ ਉਮਰ ਹੈ। ਉਮਰ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਦਾ ਮਾਦਾ ਕਿਸੇ ਹੋਰ ਰੂਪ ਵਿੱਚ ਤਬਦੀਲ ਹੋ ਜਾਣਾ ਹੈ।
ਮੌਤ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੀ ਇੱਕ ਘਟਨਾ ਹੈ। ਮੌਤ ਨੂੰ ਜ਼ਿੰਦਗੀ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਦੂਜੇ ਸ਼ਬਦਾਂ ਵਿੱਚ ਮੌਤ ਜ਼ਿੰਦਗੀ ਦਾ ਅੰਤਿਮ ਪੜਾਅ ਹੈ। ਕਹਿੰਦੇ ਹਨ ਕਿ ਜਨਮ ਤੋਂ ਫੌਰਨ ਬਾਅਦ ਹੀ ਮੌਤ ਜੀਵ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਦੋਂ ਤੱਕ ਪਿੱਛਾ ਕਰਦੀ ਹੈ ਜਦੋਂ ਤਕ ਜੀਵ ਦੀ ਜੀਵਨ ਲੀਲ੍ਹਾ ਸਮਾਪਤ ਨਹੀਂ ਹੋ ਜਾਂਦੀ। ਪਰ ਕਈ ਵਾਰ ਮੌਤ ਮਾਂ ਦੇ ਪੇਟ ਵਿੱਚ ਵੀ ਹੋ ਜਾਂਦੀ ਹੈ। ਗੁਰੂਆਂ ਪੀਰਾਂ, ਮਹਾਨ ਪੁਰਸ਼ਾਂ ਨੇ ਮੌਤ ਨੂੰ ਹਮੇਸ਼ਾਂ ਯਾਦ ਰੱਖਣ ਦੀ ਸਿੱਖਿਆ ਦਿੱਤੀ ਤਾਂ ਜੋ ਮਨੁੱਖ ਨੂੰ ਬੁਰੇ ਕੰਮਾਂ ਤੋਂ ਵਰਜਿਆ ਜਾ ਸਕੇ। ਬਾਬਾ ਫਰੀਦ ਦੀ ਨੇ ਲਿਖਿਆ ਹੈ: ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ।। ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ।।
ਮਨੁੱਖ ਸਭ ਤੋਂ ਵੱਧ ਮੌਤ ਤੋਂ ਡਰਦਾ ਹੈ। ਇਸੇ ਲਈ ਉਹ ਸਾਰੀ ਉਮਰ ਇਸ ਨੂੰ ਭੁਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਪੁਰਾਣੇ ਸਮਿਆਂ ਵਿੱਚ ਮਨੁੱਖ ਦਾ ਆਸਮਾਨੀ ਬਿਜਲੀ, ਅੱਗ, ਪਾਣੀ ਆਦਿ ਨਾਲ ਜਾਨੀ ਨੁਕਸਾਨ ਹੋ ਜਾਂਦਾ ਸੀ ਤਾਂ ਉਹ ਇਨ੍ਹਾਂ ਸ਼ਕਤੀਆਂ ਅੱਗੇ ਬੇਵੱਸ ਹੋ ਜਾਂਦਾ ਸੀ। ਉਸ ਨੇ ਇਨ੍ਹਾਂ ਸ਼ਕਤੀਆਂ ਦੇ ਡਰ ਨੂੰ ਟਾਲਣ ਦੇ ਯਤਨ ਵਜੋਂ ਇਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ। ਭਗਤੀ, ਤਪੱਸਿਆ, ਪਾਠ ਪੂਜਾ, ਯੱਗ-ਹਵਨ ਮੂਲ ਰੂਪ ਵਿੱਚ ਮੌਤ ਨੂੰ ਟਾਲਣ ਦੇ ਹੀ ਉਪਾਅ ਹਨ, ਪਰ ਮੌਤ ਨੂੰ ਟਾਲਿਆ ਨਹੀਂ ਜਾ ਸਕਿਆ। ਇਸ ਲਈ ਅਧਿਆਤਮਵਾਦ ਨੇ ਆਤਮਾ ਅਤੇ ਚੁਰਾਸੀ ਲੱਖ ਜੂਨਾਂ ਦੀ ਕਲਪਨਾ ਕੀਤੀ। ਨਰਕ ਸਵਰਗ ਦੀ ਕਲਪਨਾ ਵੀ ਮੌਤ ਪਿੱਛੋਂ ਜ਼ਿੰਦਗੀ ਦੀ ਚਾਹਤ ਦੇ ਹੀ ਪ੍ਰਤੀਰੂਪ ਹਨ।
ਇਸਾਈ ਅਤੇ ਇਸਲਾਮ ਧਰਮ ਵਿੱਚ ਮਰਨ ਉਪਰੰਤ ਮਨੁੱਖ ਨੂੰ ਦਫ਼ਨਾਇਆ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਿਆਮਤ ਦੇ ਦਿਨ ਜਦ ਇਨ੍ਹਾਂ ਜੀਵਾਂ ਦਾ ਹਿਸਾਬ ਹੋਵੇਗਾ ਤਾਂ ਉਨ੍ਹਾਂ ਨੂੰ ਕੀਤੇ ਕੰਮਾਂ ਕਰਮਾਂ ਅਨੁਸਾਰ ਸਜ਼ਾ ਜਾਂ ਬਹਿਸ਼ਤ ਰੂਪੀ ਇਨਾਮ ਦਿੱਤਾ ਜਾਵੇਗਾ। ਹਿੰਦੂ ਧਰਮ ਅਨੁਸਾਰ ਮਰਨ ਉਪਰੰਤ ਮਨੁੱਖ ਦੀ ਆਤਮਾ ਨੂੰ ਧਰਮਰਾਜ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਜਾਂਦਾ ਹੈ। ਇੱਥੇ ਜੀਵ ਆਤਮਾ ਨੂੰ ਉਸ ਦੇ ਕਰਮਾਂ/ਕੁਕਰਮਾਂ ਅਨੁਸਾਰ ਅਗਲਾ ਜਨਮ ਜਾਂ ਨਰਕ ਸਵਰਗ ਜਾਣ ਦਾ ਹੁਕਮ ਦਿੱਤਾ ਜਾਂਦਾ ਹੈ।
ਵਿਗਿਆਨ ਅਨੁਸਾਰ ਆਤਮਾ ਪਰਮਾਤਮਾ, ਨਰਕ ਸਵਰਗ, ਚੁਰਾਸੀ ਲੱਖ ਜੂਨਾਂ ਦਾ ਗੇੜ ਸਭ ਕੁਝ ਕਲਪਿਤ ਹੈ। ਇਹ ਮਨੁੱਖ ਦੇ ਡਰ ਅਤੇ ਲਾਲਚ ਦੀ ਪੈਦਾਵਾਰ ਹਨ। ਮੌਤ ਤੋਂ ਬਾਅਦ ਸਰੀਰ ਵਿਚਲੀ ਹਵਾ ਤਾਂ ਹਵਾ ਨਾਲ ਮਿਲ ਜਾਂਦੀ ਹੈ, ਪਾਣੀ ਵਾਸ਼ਪੀਕਰਨ ਹੋ ਉੱਡ ਜਾਂਦਾ ਹੈ। ਸਵਾਹ ਮਿੱਟੀ ਨਾਲ ਮਿਲ ਜਾਂਦੀ ਹੈ। ਇਸ ਤਰ੍ਹਾਂ ਪਦਾਰਥ ਦਾ ਇਹ ਰੂਪ ਦੁਬਾਰਾ ਪਦਾਰਥ ਦੇ ਰੂਪ ਵਿੱਚ ਹੀ ਵਿਲੀਨ ਹੋ ਜਾਂਦਾ ਹੈ।
ਇਹ ਸਵਾਲ ਮਨੁੱਖ ਨੂੰ ਪੂਰੀ ਉਮਰ ਬੇਚੈਨ ਕਰੀ ਰੱਖਦਾ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ। ਪਰ ਇਹ ਜਾਣਨਾ ਕੋਈ ਔਖਾ ਨਹੀਂ, ਬੜਾ ਸਰਲ ਹੈ। ਮਨੁੱਖ ਕਿੱਥੋਂ ਆਉਂਦਾ, ਕਿੱਥੇ ਜਾਂਦਾ ਹੈ ਇਸ ਪਹੇਲੀ ਨੂੰ ਹੱਲ ਕਰਨਾ ਹੁਣ ਕੋਈ ਬਾਹਲਾ ਮੁਸ਼ਕਲ ਨਹੀਂ ਹੈ। ਮਨੁੱਖ ਪਦਾਰਥ ਦੇ ਰੂਪ ਤਰਲ ਗੈਸ ਅਤੇ ਠੋਸ ਰੂਪਾਂ ਤੋਂ ਹੀ ਪੈਦਾ ਹੋਇਆ ਅਤੇ ਇਸ ਨੇ ਇਨ੍ਹਾਂ ਵਿੱਚ ਸਮਾ ਜਾਣਾ ਹੁੰਦਾ ਹੈ। ਮੌਤ ਤੋਂ ਬਾਅਦ ਅਸੀਂ ਕਿੱਥੇ ਹੋਵਾਂਗੇ ਇਹ ਜਾਣਨ ਲਈ ਜ਼ਰਾ ਉਸ ਸਮੇਂ ਦਾ ਧਿਆਨ ਕਰੋ ਜਦੋਂ ਤੁਸੀਂ ਬੀਤੀ ਰਾਤ ਬਹੁਤ ਗੂੜ੍ਹੀ ਨੀਂਦ ਵਿੱਚ ਸੀ। ਉਸ ਸਮੇਂ ਤੁਹਾਡੇ ਲਈ ਨਾ ਸਮੇਂ ਦੀ ਹੋਂਦ ਦਾ ਅਹਿਸਾਸ ਸੀ, ਨਾ ਕਿਸੇ ਘਰ ਪਰਿਵਾਰ, ਦੇਸ਼, ਧਰਤੀ, ਚੰਨ ਸੂਰਜ, ਆਤਮਾ ਪਰਮਾਤਮਾ ਦਾ ਚਿੱਤ ਚੇਤਾ ਸੀ। ਸਗੋਂ ਉਸ ਸਮੇਂ ਤਾਂ ਇਹ ਵੀ ਖ਼ਿਆਲ ਨਹੀਂ ਸੀ ਕਿ ਸਾਡਾ ਕੋਈ ਅਸਤਿਤਵ ਵੀ ਹੈ। ਯਕੀਨਨ ਮੌਤ ਤੋਂ ਪਿੱਛੋਂ ਵੀ ਅਜਿਹੀ ਹੀ ਸਥਿਤੀ ਹੋਵੇਗੀ।
ਸਭ ਜੀਵਾਂ ਦਾ ਜੀਵਨ ਕਾਲ ਲਗਭਗ ਵੱਖਰਾ ਵੱਖਰਾ ਹੈ। ਵਿਗਿਆਨ ਅਨੁਸਾਰ ਆਮ ਤੌਰ ‘ਤੇ ਮੌਤ ਕੋਈ ਇਕਦਮ ਹੋਣ ਵਾਲੀ ਘਟਨਾ ਨਹੀਂ ਹੈ। ਇਹ ਧੀਮੀ ਪ੍ਰਕਿਰਿਆ ਹੈ ਜੋ ਮਨੁੱਖ ਦੇ 40 ਸਾਲਾਂ ਦੀ ਉਮਰ ਪਿੱਛੋਂ ਵਾਪਰਨੀ ਸ਼ੁਰੂ ਹੋ ਜਾਂਦੀ ਹੈ। ਚਮੜੀ ਦਾ ਢਿਲਕ ਜਾਣਾ, ਅੱਖਾਂ ਤੋਂ ਘੱਟ ਦਿਸਣਾ, ਕੰਨਾਂ ਤੋਂ ਸੁਣਨ ਘੱਟ ਹੋ ਜਾਣਾ, ਸਰੀਰਕ ਸ਼ਕਤੀ ਘੱਟ ਹੋਈ ਜਾਣੀ ਆਦਿ ਅਲਾਮਤਾਂ ਸਰੀਰ ਦੇ ਅਨੇਕਾਂ ਸੈੱਲਜ਼ ਦੀ ਹੋ ਰਹੀ ਮੌਤ ਦੀਆਂ ਸੂਚਕ ਹੁੰਦੀਆਂ ਹਨ।
ਡਾਕਟਰੀ ਵਿਗਿਆਨ ਅਨੁਸਾਰ ਦਿਲ ਦੀ ਧੜਕਣ ਬੰਦ ਹੋ ਜਾਣ ‘ਤੇ ਹੀ ਸਬੰਧਿਤ ਵਿਅਕਤੀ ਨੂੰ ਮ੍ਰਿਤਕ ਨਹੀਂ ਐਲਾਨਿਆ ਜਾ ਸਕਦਾ। ਦਿਲ ਦੇ ਕੰਮ ਬੰਦ ਕਰਨ ਤੋਂ ਲਗਭਗ ਚਾਰ ਮਿੰਟ ਬਾਅਦ ਦਿਮਾਗ਼ ਦੀ ਮੌਤ ਹੁੰਦੀ ਹੈ। ਇਸ ਉਪਰੰਤ ਹੀ ਸਬੰਧਿਤ ਵਿਅਕਤੀ ਦੀ ਪੂਰਨ ਰੂਪ ਵਿੱਚ ਮੌਤ ਹੁੰਦੀ ਹੈ।
ਜਦੋਂ ਕਦੇ ਕਿਸੇ ਨੂੰ ਜ਼ਿੰਦਗੀ ਮੌਤ ਨਾਲੋਂ ਬਦਤਰ ਪ੍ਰਤੀਤ ਹੋਣ ਲੱਗਦੀ ਹੈ ਤਾਂ ਉਹ ਵਿਆਕਤੀ ਮੌਤ ਦੇ ਰਾਹ ਪੈ ਜਾਂਦਾ ਹੈ। ਮਨੋਵਿਗਿਆਨ ਅਨੁਸਾਰ ਕੋਈ ਵੀ ਵਿਅਕਤੀ ਇਕਦਮ ਗੁੱਸੇ ਵਿੱਚ ਆ ਕੇ ਹੀ ਆਤਮਹੱਤਿਆ ਨਹੀਂ ਕਰਦਾ ਸਗੋਂ ਇਹ ਤਿਆਰੀ ਕਈ ਕਾਰਨਾਂ ਕਰਕੇ ਦਸ ਬਾਰਾਂ ਦਿਨ ਤੋਂ ਹੋ ਰਹੀ ਹੁੰਦੀ ਹੈ। ਕਈ ਤਰ੍ਹਾਂ ਦੇ ਮਨੋਵਿਕਾਰ ਵੀ ਮਨੁੱਖ ਨੂੰ ਆਤਮਹੱਤਿਆ ਕਰਨ ਲਈ ਉਕਸਾਉਂਦੇ ਹਨ। ਜਿਵੇਂ ਕੁਝ ਬੱਚੇ ਇਮਤਿਹਾਨਾਂ ‘ਚੋਂ ਫੇਲ੍ਹ ਹੋਣ ਦੀ ਖ਼ਬਰ ਸੁਣਦਿਆਂ ਹੀ ਆਤਮਹੱਤਿਆ ਕਰ ਲੈਂਦੇ ਹਨ, ਪਰ ਅਜਿਹੀ ਘਟਨਾ ਪਿੱਛੇ ਹੋਰ ਕਈ ਬਰੀਕ ਕਾਰਨ ਹੁੰਦੇ ਹਨ। ਸਮੇਂ ਦੇ ਨਾਲ ਆਤਮਹੱਤਿਆ ਕਰਨ ਦੇ ਤੌਰ ਤਰੀਕੇ ਬਦਲ ਰਹੇ ਹਨ। ਆਤਮਹੱਤਿਆ ਨਾਲ ਹੋਈ ਮੌਤ ਨੂੰ ਅਣਿਆਈ ਮੌਤ ਕਿਹਾ ਜਾਂਦਾ ਹੈ।
ਜਿਹੜੇ ਲੋਕ ਸਹੀ ਅਰਥਾਂ ਵਿੱਚ ਜਿਉਣਾ ਜਾਣਦੇ ਹਨ ਉਹ ਮਰਨਾ ਵੀ ਜਾਣਦੇ ਹਨ। ਲੋਕ ਹਿੱਤਾਂ ਅਤੇ ਨਿਆਂ ਲਈ ਲੜਨ ਵਾਲੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜ਼ਿੰਦਗੀ ਨੂੰ ਵੀ ਦਾਅ ‘ਤੇ ਲਾ ਦਿੰਦੇ ਹਨ। ਮੌਤ ਨੂੰ ਟਿੱਚ ਜਾਣਦੇ ਹਨ। ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਦੋਂ ਭਗਤ ਸਿੰਘ ਨੂੰ ਪਤਾ ਲੱਗਾ ਕਿ ਉਹਦੇ ਸਾਥੀ ਉਸ ਨੂੰ ਲਾਹੌਰ ਜੇਲ੍ਹ ‘ਚੋਂ ਕੱਢਣ ਦੀ ਤਿਆਰੀ ਕਰ ਰਹੇ ਹਨ ਤਾਂ ਉਹਨੇ ਆਪਣੇ ਸਾਥੀਆਂ ਨੂੰ ਇਹ ਕਹਿ ਕੇ ਵਰਜ ਦਿੱਤਾ ਕਿ ਆਜ਼ਾਦੀ ਦੀ ਲੜਾਈ ਨੂੰ ਜਿੱਤਣ ਲਈ ਮੇਰੀ ਜ਼ਿੰਦਗੀ ਨਾਲੋਂ ਮੇਰੀ ਮੌਤ ਵਧੇਰੇ ਕਾਰਗਰ ਸਾਬਤ ਹੋਵੇਗੀ। ਭਗਤ ਸਿੰਘ ਵਰਗੇ ਮਹਾਨ ਲੋਕ ਆਪਣੀ ਜਾਨ ਦੀ ਆਹੂਤੀ ਦੇ ਕੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਅੱਖ ਦੇ ਤਾਰੇ ਬਣ ਜਾਂਦੇ ਹਨ ਉੱਥੇ ਲੋਕਾਂ ਨੂੰ ਜਿਉਣ ਦੇ ਅਰਥ ਵੀ ਦੱਸਦੇ ਹਨ।
ਧਰਤੀ ‘ਤੇ ਜਿਊਣ ਵਾਲਿਆਂ ਦੀ ਭੀੜ ਜਿੰਨੀ ਮਰਜ਼ੀ ਹੋ ਜਾਵੇ, ਪਰ ਮਰਨ ਵਾਲਿਆਂ ਦੀ ਗਿਣਤੀ ਹਮੇਸ਼ਾਂ ਵੱਧ ਰਹੇਗੀ। ਬਾਬਾ ਫਰੀਦ ਜੀ ਨੇ ਜ਼ਿੰਦਗੀ ਅਤੇ ਮੌਤ ਦੇ ਫਲਸਫ਼ੇ ਸਬੰਧੀ ਬਾ-ਕਮਾਲ ਲਿਖਿਆ।
ਮੌਤ ਨੂੰ ਜੀਵਨ ਤੋਂ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਜੀਵਨ ਦੀ ਸਮਝ ਸਾਨੂੰ ਤਾਂ ਹੀ ਪੈ ਸਕਦੀ ਹੈ ਜੇਕਰ ਅਸੀਂ ਮੌਤ ਬਾਰੇ ਸਮਝ ਰੱਖਦੇ ਹੋਵਾਂਗੇ।
ਸੰਪਰਕ: 98550-51099