ਆਜ਼ਾਦੀ ਦੇ ਸੰਘਰਸ਼ ਦਾ ਸੁਨਹਿਰੀ ਪੰਨਾ ਬੱਬਰ ਅਕਾਲੀ ਲਹਿਰ
ਸੰਤ ਸਿੰਘ ਹਰਿਆਓਂਂ ਧਰਮ ਸਿੰਘ ਹਿਆਤਪੁਰ ਬੱਬਰ ਅਕਾਲੀ ਲਹਿਰ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ’ਚ ਗ਼ਦਰ ਲਹਿਰ ਦਾ ਅਗਲਾ ਮਾਣਮੱਤਾ ਵਰਕਾ ਹੈ। ਬੱਬਰ ਅਕਾਲੀ ਲਹਿਰ ਦੀ ਨੀਂਹ 1921-1922 ਵਿੱਚ ਆਜ਼ਾਦੀ ਲਈ ਬਲਦੀ ਸ਼ਮ੍ਹਾਂ ਦੇ ਪਰਵਾਨੇ ਵੱਖ-ਵੱਖ ਜਥਿਆਂ ਦੇ...
ਬੱਬਰ ਅਕਾਲੀ ਲਹਿਰ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ’ਚ ਗ਼ਦਰ ਲਹਿਰ ਦਾ ਅਗਲਾ ਮਾਣਮੱਤਾ ਵਰਕਾ ਹੈ। ਬੱਬਰ ਅਕਾਲੀ ਲਹਿਰ ਦੀ ਨੀਂਹ 1921-1922 ਵਿੱਚ ਆਜ਼ਾਦੀ ਲਈ ਬਲਦੀ ਸ਼ਮ੍ਹਾਂ ਦੇ ਪਰਵਾਨੇ ਵੱਖ-ਵੱਖ ਜਥਿਆਂ ਦੇ ਤਾਲਮੇਲ ਨਾਲ ਰੱਖੀ ਗਈ। 27 ਫਰਵਰੀ 1926 ਨੂੰ ਛੇ ਬੱਬਰਾਂ ਨੂੰ ਫਾਂਸੀ ਲਾਏ ਜਾਣ ਕਾਰਨ ਇਹ ਵਰ੍ਹਾ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦਾ ਸ਼ਤਾਬਦੀ ਵਰ੍ਹਾ ਹੈ।
27 ਫਰਵਰੀ 1926 ਨੂੰ ਬੱਬਰ ਅਕਾਲੀ ਲਹਿਰ ਦੇ ਛੇ ਦੇਸ਼ਭਗਤਾਂ ਨੂੰ ਇੱਕੋ ਵੇਲੇ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ। ਇਹ ਛੇ ਬੱਬਰ ਸਨ: ਕਿਸ਼ਨ ਸਿੰਘ ਗੜਗੱਜ ਪਿੰਡ ਵੜਿੰਗਾਂ (ਨੇੜੇ ਜਲੰਧਰ ਛਾਉਣੀ), ਨੰਦ ਸਿੰਘ ਘੁੜਿਆਲ (ਹੁਸ਼ਿਆਰਪੁਰ), ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ), ਦਲੀਪ ਸਿੰਘ ਧਾਮੀਆਂ ਪਿੰਡ ਧਾਮੀਆਂ (ਹੁਸ਼ਿਆਰਪੁਰ), ਧਰਮ ਸਿੰਘ ਹਿਆਤਪੁਰ ਰੁੜਕੀ (ਹੁਸ਼ਿਆਰਪੁਰ), ਕਰਮ ਸਿੰਘ ਮਾਣਕੋ (ਜਲੰਧਰ)। ਇਨ੍ਹਾਂ ਬੱਬਰਾਂ ਦੀਆਂ ਮ੍ਰਿਤਕ ਦੇਹਾਂ ਦਾ ਲਾਹੌਰ ਕੇਂਦਰੀ ਜੇਲ੍ਹ ਤੋਂ 7 ਕਿਲੋਮੀਟਰ ਦੇ ਕਰੀਬ ਦੂਰ ਰਾਵੀ ਦੇ ਕੰਢੇ ਸਥਿਤ ਰਾਮੂ ਦੇ ਬਾਗ ਵਿਚਲੇ ਸ਼ਮਸ਼ਾਨਘਾਟ ਵਿੱਚ ਇੱਕੋ ਅੰਗੀਠੇ ’ਚ ਰੱਖ ਕੇ ਸਸਕਾਰ ਕੀਤਾ ਗਿਆ। ਅਗਲੇ ਵਰ੍ਹੇ ਇਸੇ ਦਿਨ 27 ਫਰਵਰੀ 1927 ਨੂੰ ਲਾਹੌਰ ਕੇਂਦਰੀ ਜੇਲ੍ਹ ਦੇ ਅੰਦਰ ਹੀ ਤਿੰਨ-ਤਿੰਨ ਬੱਬਰਾਂ ਦੇ ਦੋ ਜੁੱਟ ਬਣਾ ਕੇ ਛੇ ਹੋਰ ਬੱਬਰਾਂ ਨੂੰ ਫਾਂਸੀ ’ਤੇ ਲਟਕਾਇਆ ਗਿਆ। ਇਨ੍ਹਾਂ ਵਿੱਚ ਨਿੱਕਾ ਸਿੰਘ ਪਿੰਡ ਗਿੱਲ (ਲੁਧਿਆਣਾ), ਮੁਕੰਦ ਸਿੰਘ ਜਵੱਦੀ ਕਲਾਂ (ਲੁਧਿਆਣਾ), ਬੰਤਾ ਸਿੰਘ (ਲੁਧਿਆਣਾ), ਸੁੰਦਰ ਸਿੰਘ ਲਹੁਕਾ (ਅੰਮ੍ਰਿਤਸਰ), ਗੁੱਜਰ ਸਿੰਘ ਢੈਪਈ (ਲੁਧਿਆਣਾ) ਅਤੇ ਨਿੱਕਾ ਸਿੰਘ ਆਲੂਵਾਲ (ਅੰਮ੍ਰਿਤਸਰ) ਸ਼ਾਮਲ ਸਨ। ਇਨ੍ਹਾਂ ਛੇ ਬੱਬਰਾਂ ਦਾ ਸਸਕਾਰ ਵੀ ਲਾਹੌਰ ਤੋਂ ਸੱਤ ਕਿਲੋਮੀਟਰ ਦੂਰ ਰਾਵੀ ਕੰਢੇ ਸਥਿਤ ਉਸ ਰਾਮੂਵਾਲਾ ਬਾਗ਼ ਵਿਚਲੇ ਸ਼ਮਸ਼ਾਨਘਾਟ ਵਿੱਚ ਇੱਕੋ ਅੰਗੀਠੇ ’ਤੇ ਕੀਤਾ ਗਿਆ, ਜਿੱਥੇ ਇੱਕ ਸਾਲ ਪਹਿਲਾਂ ਸ਼ਹੀਦ ਹੋਏ ਛੇ ਬੱਬਰਾਂ ਦਾ ਕੀਤਾ ਗਿਆ ਸੀ।
ਬੱਬਰ ਅਕਾਲੀ ਲਹਿਰ, ਜੋ 1921 ਤੋਂ 1930 ਅਤੇ 1931 ਤੋਂ 1944 ਦੌਰਾਨ ਚੱਲੀ, ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਇਸ ਲਹਿਰ ਦੀ ਪਿੱਠਭੂਮੀ ’ਚ ਗ਼ਦਰ ਲਹਿਰ ਹੈ ਅਤੇ ਇਸ ਦਾ ਅਗਲਾ ਲੜ ਕਿਰਤੀ ਕਿਸਾਨ ਲਹਿਰ ਨਾਲ ਜੁੜਿਆ ਹੈ। ਪੰਜਾਬ ਅੰਦਰ ਵਾਪਰੇ ਨਨਕਾਣਾ ਸਾਹਿਬ ਦੇ ਸਾਕੇ, ਵੱਖ-ਵੱਖ ਮੋਰਚਿਆਂ ਅਤੇ ਆਜ਼ਾਦੀ ਸੰਗਰਾਮ ਦੀਆਂ ਹੋਰ ਲਹਿਰਾਂ ਦੀ ਖੁਸ਼ਬੋ ਵੀ ਇਸ ਵਿੱਚ ਸਮੋਈ ਹੋਈ ਹੈ।
ਜ਼ਿਕਰਯੋਗ ਹੈ ਕਿ ਬੱਬਰ ਅਕਾਲੀ ਲਹਿਰ ਅੰਗਰੇਜ਼ਾਂ ਦੇ ਜ਼ੁਲਮਾਂ ਖ਼ਿਲਾਫ਼ ਉੱਠੇ ਲੋਕ ਰੋਹ ਦੇ ਜਵਾਰ-ਭਾਟਿਆਂ ਵਿੱਚੋਂ ਜਨਮੀ। ਦੇਸ਼ਭਗਤਾਂ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਮੁਲਕ ਦੀ ਆਜ਼ਾਦੀ, ਕਾਲੇ ਕਾਨੂੰਨ ਰੱਦ ਕਰਨ, ਹੱਕੀ ਜੱਦੋਜਹਿਦ ਦਾ ਹੱਕ ਲੈਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਬਰਤਾਨਵੀ ਨੀਤੀਆਂ ਖ਼ਿਲਾਫ਼ ਸਰਗਰਮੀਆਂ ਜਾਰੀ ਰੱਖੀਆਂ। ਲੋਕ ਮਨਾਂ ਅੰਦਰ ਚਿਰਾਂ ਦੀ ਉਸਲਵੱਟੇ ਲੈਂਦੀ ਬੇਚੈਨੀ, ਰੋਸ ਅਤੇ ਨਾਬਰੀ ਦੀਆਂ ਭਾਵਨਾਵਾਂ ਨਾਲ ਨੱਕੋ-ਨੱਕ ਭਰਿਆ ਜਨ ਸੈਲਾਬ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ। ਜੱਲ੍ਹਿਆਂਵਾਲਾ ਬਾਗ਼ ਅੰਦਰ ਵਰ੍ਹੇ ਗੋਲੀਆਂ ਦੇ ਮੀਂਹ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ। ਬਰਤਾਨਵੀ ਹਕੂਮਤ ਦੇ ਪੱਖੀਆਂ ਅਤੇ ਉਸ ਤੋਂ ਆਜ਼ਾਦੀ ਪਾਉਣ ਲਈ ਜੂਝਦੇ ਲੋਕਾਂ ਵਿੱਚ ਨਿਖੇੜੇ ਦੀ ਲੀਕ ਗੂੜ੍ਹੀ ਹੋਣ ਲੱਗੀ। ਬਰਤਾਨਵੀ ਹੁਕਮਰਾਨਾਂ ਦੇ ਥਾਪੜਿਆਂ ਨਾਲ ਸਾਜੇ-ਨਿਵਾਜ਼ੇ ਧਾਰਮਿਕ ਸਥਾਨਾਂ ਅਤੇ ਰਾਜਨੀਤਕ ਧੜਿਆਂ ਦੇ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਸਿਰੋਪੇ ਅਤੇ ਪ੍ਰੀਤੀ ਭੋਜਾਂ ਨਾਲ ਨਿਵਾਜਿਆ। ਲੋਕ ਇਸ ਸਭ ਕੁਝ ਕਾਰਨ ਭਰੇ ਪੀਤੇ ਸਨ। ਗ਼ਦਰੀਆਂ ਵਿੱਚੋਂ ਕਿੰਨੇ ਹੀ ਅਮਰੀਕਾ ਤੇ ਕੈਨੇਡਾ ਤੋਂ ਪਰਤੇ ਸਨ ਅਤੇ ਕਿੰਨੇ ਹੀ ਬਰਤਾਨਵੀ ਫ਼ੌਜ ਛੱਡ ਕੇ ਇਸ ਲਹਿਰ ’ਚ ਸ਼ਾਮਲ ਹੋਏ ਸਨ। ਗ਼ਦਰੀ ਦੇਸ਼ਭਗਤਾਂ ਵੱਲੋਂ ਬਣਾਈ ‘ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ’ ਨੇ ਸਿਰਫ਼ ਗ਼ਦਰੀ ਹੀ ਨਹੀਂ ਸਗੋਂ ਬੱਬਰ ਅਕਾਲੀ ਲਹਿਰ ਦੀ ਸਹਾਇਤਾ ਅਤੇ ਮੁੜਵਸੇਬੇ ਵਰਗੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਕਮੇਟੀ ਦਾ ਹੀ ਰੂਪ ਹੈ ਅਜੋਕੀ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ। ਇਸ ਦੇਸ਼ਭਗਤ ਯਾਦਗਾਰ ਕਮੇਟੀ ਵੱਲੋਂ ਮਨਾਈ ਜਾ ਰਹੀ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਅੱਜ ਠੋਸ ਇਤਿਹਾਸਕ ਹਕੀਕਤਾਂ ਖ਼ਾਸਕਰ ਬੱਬਰ ਅਕਾਲੀ ਲਹਿਰ ਦੇ ਹਕੀਕੀ ਉਦੇਸ਼ਾਂ ਨੂੰ ਉਘਾੜਨ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਲੋਕਾਂ ਦੇ ਰੂ-ਬ-ਰੂ ਕਰਨ ਦਾ ਮਹੱਤਵਪੂਰਨ ਕਾਰਜ ਦਰਪੇਸ਼ ਹੈ। ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਉਘਾੜਨ ਵਿੱਚ ਇਸ ਲਹਿਰ ਦਾ ਇੱਕ ਹੋਰ ਵਿਸ਼ੇਸ਼ ਪੱਖ ਇਹ ਵੀ ਹੈ ਕਿ ਕਾਲੇਪਾਣੀਆਂ ਦੀਆਂ ਜੇਲ੍ਹਾਂ ਨੂੰ ਹਾਲੇ ਤੱਕ ਆਮ ਕਰ ਕੇ ਗ਼ਦਰ ਲਹਿਰ ਦੇ ਕੈਦੀਆਂ ਦੇ ਇਤਿਹਾਸ ਨਾਲ ਜੁੜੀਆਂ ਜੇਲ੍ਹਾਂ ਵਜੋਂ ਹੀ ਦੇਖਿਆ ਜਾਂਦਾ ਹੈ ਜਦੋਂਕਿ ਬੱਬਰ ਅਕਾਲੀ ਲਹਿਰ ਦੇ ਸੂਰਬੀਰਾਂ ਨੂੰ ਵੀ ਕਾਲੇਪਾਣੀ ਦੀਆਂ ਜੇਲ੍ਹਾਂ ’ਚ ਰੱਖ ਕੇ ਮੁਸ਼ੱਕਤਾਂ ਕਰਵਾਈਆਂ, ਡੰਡਾ ਬੇੜੀਆਂ ਤੇ ਟਾਟ ਵਰਦੀਆਂ ਵਿੱਚ ਜਕੜਿਆ ਗਿਆ। ਬੱਬਰ ਅਕਾਲੀ ਦੇਸ਼ਭਗਤਾਂ ਵੱਲੋਂ ਜੇਲ੍ਹ ਅੰਦਰ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ ਗਈਆਂ। ਕਈ ਵਾਰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ ਦੀ ਜਾਣ-ਪਛਾਣ ਜਾਣੇ ਅਣਜਾਣੇ ਪਿਸਤੌਲਾਂ, ਬੰਬ ਧਮਾਕੇ ਤੇ ਤਲਵਾਰਾਂ ਵਾਲੀਆਂ ਸੰਸਥਾਵਾਂ ਦੇ ਰੂਪ ਵਿੱਚ ਹੀ ਕਰਵਾਈ ਜਾਂਦੀ ਹੈ ਜਦੋਂਕਿ ਇਨ੍ਹਾਂ ਲਹਿਰਾਂ ਅੰਦਰ ਸਾਹਿਤ ਵਿਸ਼ੇਸ਼ ਕਰਕੇ ਕਾਵਿ-ਸਿਰਜਣਾ ਨੇ ਮਹੱਤਵਪੂਰਨ ਯੋਗਦਾਨ ਪਾਇਆ। ਇਸ ਦੇ ਦੀਦਾਰ ‘ਗ਼ਦਰ’ ਅਖ਼ਬਾਰ, ‘ਗ਼ਦਰੀ ਗੂੰਜਾਂ’ ਅਤੇ ਬੱਬਰ ਅਕਾਲੀ ਲਹਿਰ ਨਾਲ ਸਬੰਧਿਤ ਕਵਿਤਾਵਾਂ ਅਤੇ ਹੋਰ ਰਚਨਾਵਾਂ ਵਿੱਚੋਂ ਕੀਤੇ ਜਾ ਸਕਦੇ ਹਨ।
ਬੱਬਰ ਅਕਾਲੀ ਲਹਿਰ ਨੂੰ ਚੜ੍ਹਦੀ ਉਮਰ ਦਾ ਇਨਕਲਾਬੀ ਨੌਜਵਾਨ ਭਗਤ ਸਿੰਘ ਕਿੰਨਾ ਉੱਚਾ ਰੁਤਬਾ ਦਿੰਦਾ ਹੈ, ਇਸ ਦਾ ਗਵਾਹ ਇਤਿਹਾਸ ਹੈ। ਜਦੋਂ ਭਗਤ ਸਿੰਘ ਘਰੋਂ ਦੌੜ ਕੇ ਕਾਨਪੁਰ ਗਏ ਤਾਂ ਉਨ੍ਹਾਂ ਦੇਸ਼ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਦੀ ਨਿਗਰਾਨੀ ’ਚ ਛਪਦੇ ਹਫ਼ਤਾਵਾਰ ਅਖ਼ਬਾਰ ‘ਪ੍ਰਤਾਪ’ ਦੇ ਸੰਪਾਦਕੀ ਮੰਡਲ ਵਿੱਚ ਕੰਮ ਕੀਤਾ। ਉਸ ਵੇਲੇ ਉਨ੍ਹਾਂ ਨੇ ਅਖ਼ਬਾਰ ਦੇ 15 ਮਾਰਚ 1926 ਦੇ ਅੰਕ ਵਿੱਚ ‘ਪੰਜਾਬੀ ਯੁਵਕ’ ਦੇ ਨਾਂ ਹੇਠ
‘ਹੋਲੀ ਵਾਲੇ ਦਿਨ ਖ਼ੂਨ ਦੇ ਛਿੱਟੇ’ ਲੇਖ ਰਾਹੀਂ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਅਤੇ ਉਸ ਵੇਲੇ ਦੀ ਲੋਕ ਮਨੋਦਸ਼ਾ ਦਾ ਗੰਭੀਰ ਚਿਤਰਣ ਕੀਤਾ ਹੈ।
ਇਸ ਲਹਿਰ ਅੰਦਰ ਸਾਹਿਤ ਸਿਰਜਣਾ ਅਤੇ ਪੱਤਰਕਾਰੀ ਦੀ ਅਹਿਮ ਭੂਮਿਕਾ ਹੈ। ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਲੋਕਾਂ ਤੱਕ ਪੁੱਜਦੀਆਂ ਕਰਨ ਲਈ ਉਡਾਰੂ ਪ੍ਰੈੱਸ ਲਾਉਣਾ, ‘ਬੱਬਰ ਅਕਾਲੀ ਦੋਆਬਾ’ ਵਰਗੇ ਅਖ਼ਬਾਰਾਂ ਦੀ ਪ੍ਰਕਾਸ਼ਨਾ ਕਰਨਾ ਇਸ ਦਾ ਮੂੰਹ ਬੋਲਦਾ ਸਬੂਤ ਹੈ। ਇਨ੍ਹਾਂ ਅਖ਼ਬਾਰਾਂ ਉੱਪਰ ਕਬੀਰ ਦੇ ਸਲੋਕ, ‘‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ।।’’ ਲਿਖਿਆ ਜਾਂਦਾ ਸੀ ਜੋ ਸਾਨੂੰ ਆਪਣੀ ਅਮੀਰ ਰਵਾਇਤ ਨਾਲ ਜੁੜੇ ਰਹਿਣ ਲਈ ਪ੍ਰੇਰਦਾ ਹੈ। ਬੱਬਰ ਅਕਾਲੀ ਲਹਿਰ ਕਿਰਤੀ ਕਿਸਾਨਾਂ ਦੀ ਲਹਿਰ ਸੀ। ਬਹੁਤੇ ਗ਼ਦਰੀ ਅਮਰੀਕਾ ਤੇ ਕੈਨੇਡਾ ਤੋਂ ਪਰਤ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਿਲ ਹੋਏ ਸਨ। ਸਾਮਰਾਜ, ਉਸ ਦੇ ਹਿੱਤ ਪਾਲਕਾਂ ਅਤੇ ਲੋਕ-ਦੋਖੀ ਦੇਸੀ ਤਾਕਤਾਂ ਦੇ ਮਨਸੂਬਿਆਂ ਨੂੰ ਸਮਝਣ ਵਾਲੀ ਲਹਿਰ ਵਾਲਾ ਖ਼ਾਸਾ ਹੋਣ ਕਾਰਨ ਗ਼ਦਰ ਲਹਿਰ ਅਜੋਕੇ ਸਮਿਆਂ ਅੰਦਰ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਗ਼ਦਰ ਲਹਿਰ ਧਰਮ ਨਿਰਪੱਖ, ਜਮਹੂਰੀ, ਜਾਤ-ਪਾਤ ਦੇ ਵਿਤਕਰੇ ਤੋਂ ਉੱਪਰ ਉੱਠੀ ਸਾਂਝੀਵਾਲਤਾ ਦੇ ਮਾਰਗ ਨੂੰ ਪ੍ਰਣਾਈ ਲਹਿਰ ਸੀ, ਜਿਸ ਦਾ ਡੂੰਘਾ ਪ੍ਰਭਾਵ ਬੱਬਰ ਅਕਾਲੀ ਲਹਿਰ ’ਤੇ ਪਿਆ।
ਊਧੋ ਪੰਡਿਤ, ਮੁਸਲਮਾਨ ਭਾਈਚਾਰੇ ’ਚੋਂ ਫਕੀਰੀਆ, ਸਵਾਮੀ ਪੂਰਨ ਨੰਦ ਅਤੇ ਜੀਵਾ ਘੁਮਿਆਰ ਵਰਗਿਆਂ ਦੀ ਇਸ ਲਹਿਰ ਅੰਦਰ ਭੂਮਿਕਾ ਦਰਸਾਉਂਦੀ ਹੈ ਕਿ ਇਸ ਦੀ ਬੁੱਕਲ ਕਿੰਨੀ ਵਿਸ਼ਾਲ ਅਤੇ ਦੂਰ-ਦ੍ਰਿਸ਼ਟੀ ਭਰੀ ਸੀ। ਅਜੋਕੇ ਫ਼ਿਰਕੂ ਮਾਹੌਲ ਵਿੱਚ ਇਨ੍ਹਾਂ ਦੇਸ਼ਭਗਤਾਂ ਦਾ ਸੰਘਰਸ਼ ਅਤੇ ਕੁਰਬਾਨੀਆਂ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ।
ਸੰਪਰਕ: 98778-68710

