ਰੂਸ ਅਤੇ ਯੂਕਰੇਨ ਦੀ ਜੰਗ ਦਾ ਆਲਮੀ ਅਸਰ

ਰੂਸ ਅਤੇ ਯੂਕਰੇਨ ਦੀ ਜੰਗ ਦਾ ਆਲਮੀ ਅਸਰ

ਮਨਦੀਪ

ਯੂਕਰੇਨ ਜੰਗ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਾਮਰਾਜ ਦਾ ਅਰਥ ਜੰਗ ਹੁੰਦਾ ਹੈ। ਜਦੋਂ 1991 ਵਿਚ ਸੋਵੀਅਤ ਯੂਨੀਅਨ ਖਿੰਡ ਗਿਆ ਸੀ ਅਤੇ ਠੰਢੀ ਜੰਗ ਖ਼ਤਮ ਹੋ ਗਈ ਸੀ ਤਾਂ ਕਈ ਸਿਆਸੀ ਬੁੱਧੀਜੀਵੀਆਂ ਨੇ ਭਵਿੱਖਬਾਣੀ ਕੀਤੀ ਸਨ ਕਿ ਹੁਣ ਜੰਗਾਂ ਦਾ ਅੰਤ ਹੋ ਜਾਵੇਗਾ ਤੇ ਸੰਸਾਰ ਅੰਦਰ ਅਮਨ ਸ਼ਾਂਤੀ ਹੋ ਜਾਵੇਗੀ ਪਰ ਉਹ ਨਹੀਂ ਜਾਣਦੇ ਸਨ ਕਿ ਜਿੰਨਾ ਚਿਰ ਸੰਸਾਰ ਅੰਦਰ ਪੂੰਜੀਵਾਦ ਹੈ, ਸਾਮਰਾਜਵਾਦ ਹੈ, ਜੰਗਾਂ ਕਦੇ ਖ਼ਤਮ ਨਹੀਂ ਹੋ ਸਕਦੀਆਂ। ਮੌਜੂਦਾ ਯੂਕਰੇਨ ਜੰਗ ਪੂੰਜੀਵਾਦੀ ਸਾਮਰਾਜਵਾਦ ਦੀ ਸਿਆਸੀ ਆਰਥਿਕਤਾ ਦੀ ਹੀ ਪੈਦਾਵਾਰ ਹੈ।

ਯੂਕਰੇਨ ਜੰਗ ਸੰਸਾਰ ਪੱਧਰ ’ਤੇ ਸਾਮਰਾਜੀ ਖਹਿ ਦਾ ਨਤੀਜਾ ਹੈ। ਇਹ ਜੰਗ ਇੱਕ ਪਾਸੇ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਰਾਹੀਂ ਰੂਸ ਨੂੰ ਘੇਰਨ ਅਤੇ ਦੂਜੇ ਪਾਸੇ ਰੂਸ ਵੱਲੋਂ ਸੋਵੀਅਤ ਯੂਨੀਅਨ ਵੇਲੇ ਦੇ ਖਿੰਡੇ ਹੋਏ ਸਾਮਰਾਜ ਨੂੰ ਬਹਾਲ ਕਰਨ ਦੀ ਜੰਗ ਹੈ। ਰੂਸ ਯੂਕਰੇਨ ’ਤੇ ਮਿਜਾਈਲਾਂ ਨਾਲ ਹਮਲੇ ਕਰ ਰਿਹਾ ਹੈ ਅਤੇ ਪਰਮਾਣੂ ਬੰਬਾਂ ਦੀਆਂ ਧਮਕੀਆਂ ਦੇ ਕੇ ਨਾਟੋ ਦੇਸ਼ਾਂ ਨੂੰ ਯੂਕਰੇਨ ਦੇ ਪੱਖ ਵਿਚ ਆਉਣ ਤੋਂ ਵਰਜ ਰਿਹਾ ਹੈ। ਅਮਰੀਕਾ ਅਫ਼ਗਾਨਿਸਤਾਨ, ਇਰਾਕ ਆਦਿ ਵਿਚੋਂ ਮਿਲੀ ਹਾਰ ਤੋਂ ਤ੍ਰਹਿੰਦਾ ਰੂਸ ਨਾਲ ਸਿੱਧੇ ਟਕਰਾਅ ਤੋਂ ਬਚ ਰਿਹਾ ਹੈ। ਅਮਰੀਕਾ ਰੂਸ ਦੀ ਫੌਜੀ ਸ਼ਕਤੀ ਦਾ ਸਿੱਧਾ ਟਾਕਰਾ ਕਰਨ ਦੀ ਬਜਾਇ ਆਪਣੇ ਡਾਲਰ ਦੀ ਕੌਮਾਂਤਰੀ ਤਾਕਤ ਨੂੰ ਰੂਸ ਵਿਰੁੱਧ ਯੁੱਧਨੀਤਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਆਪਣਾ ਸੰਸਾਰ ਵਪਾਰ ਨੂੰ ਵਧਾਉੁਣ ਲਈ ਉਸ ਨੇ ਸੰਸਾਰ ਬੈਂਕ ਅਤੇ ਕੌਂਮਾਤਰੀ ਮੁਦਰਾ ਕੋਸ਼ ਦੇ ਨਾਲ ਨਾਲ ਪੱਛੜੇ ਦੇਸ਼ਾਂ ਦੀ ਬੇਕਿਰਕ ਲੁੱਟ ਲਈ ਖੁੱਲ੍ਹੇ ਵਪਾਰ ਦੇ ਨਾਂ ਹੇਠ ਸੰਸਾਰ ਵਪਾਰ ਸੰਸਥਾ ਬਣਾਉਣ ਵਿਚ ਅਗਵਾਈ ਕੀਤੀ, ਤੇ ਕਰਜ਼ਿਆਂ ਦੇ ਰੂਪ ਵਿਚ ਦੁਨੀਆ ਭਰ ਦੇ ਪੱਛੜੇ ਮੁਲਕਾਂ ਵਿਚ ਡਾਲਰਾਂ ਦਾ ਮੀਂਹ ਵਰ੍ਹਾਇਆ। ‘ਅਜ਼ਾਦੀ’ ਤੇ ‘ਅਮਨ ਬਹਾਲੀ’ ਦੇ ਨਾਮ ਹੇਠ ਰਾਜ ਪਲਟੇ ਕੀਤੇ ਅਤੇ ਸਿੱਧੇ ਹਮਲੇ ਕਰਕੇ ਇਨ੍ਹਾਂ ਪੱਛੜੇ ਮੁਲਕਾਂ ਦੀ ਬਰਬਾਦੀ ਕੀਤੀ, ਸਾਮਰਾਜੀ ਦੇਸ਼ਾਂ ਦੇ ਮਜ਼ਦੂਰ ਵਰਗ ਦੀ ਕਮਾਈ ਦੇ ਟ੍ਰਿਲੀਅਨਾਂ ਡਾਲਰ ਬਰਬਾਦ ਕੀਤੇ।

ਸੰਸਾਰ ਮੰਡੀ ਵਿਚ ਡਾਲਰ ਦੀ ਸਰਦਾਰੀ ਦਾ ਫ਼ਾਇਦਾ ਉਠਾ ਕੇ ਅਮਰੀਕਾ ਨੇ ਨਵੀਂ ਮਾਇਕਰੋ ਤਕਨੀਕ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਸੂਚਨਾ ਤਕਨੀਕ ਦੇ ਖੇਤਰ ਵਿਚ ਸੰਸਾਰ ਚੌਧਰ ਬਣਾਉਣ ਵੱਲ ਕਦਮ ਵਧਾਏ; ਮਿਸਾਲ ਦੇ ਤੌਰ ’ਤੇ ‘ਫੋਰਬਸ’ ਦੀ 2022 ਦੀ ਸੰਸਾਰ ਦੇ ਦਸ ਵੱਡੇ ਅਰਬਪਤੀਆਂ ਦੀ ਰਿਪੋਰਟ ਵਿਚ ਅਮਰੀਕਾ ਦੇ ਏਲਨ ਮਸਕ (ਟੈਸਲਾ ਤੇ ਸਪੇਸਐਕਸ), ਬਿੱਲ ਗੇਟਸ (ਮਾਈਕ੍ਰੋਸੌਫਟ), ਲੈਰੀ ਪੇਜ ਸਰਗੇਈ ਬਰਿਨ (ਗੂਗਲ), ਜੈਫ ਬੇਜ਼ੋਸ (ਐਮਾਜ਼ੌਨ) ਦਾ ਨਾਮ ਸਭ ਤੋਂ ਉੱਪਰ ਹੈ। ਦੁਨੀਆ ਦੇ ਸਭ ਤੋਂ ਵੱਡੇ ਇਹ ਸੁਪਰ ਅਮੀਰ ਸੰਸਾਰ ਆਰਥਿਕਤਾ ਦੇ ਨਵੇਂ ਰੁਝਾਨ ਨਾਲ ਸਬੰਧਿਤ ਹਨ। ਕਰੋਨਾ ਸੰਕਟ ਦੇ ਬਾਵਜੂਦ ਇਨ੍ਹਾਂ ਸੁਪਰ ਅਮੀਰਾਂ ਦੀ ਕੁੱਲ ਜਾਇਦਾਦ ਵਿਚ ਬੇਥਾਹ ਵਾਧਾ ਹੋਇਆ। ਯੂਕਰੇਨ ਜੰਗ ਦੌਰਾਨ ਸਾਹਮਣੇ ਆਈ ਇਸ ਰਿਪੋਰਟ ਨੇ ਸੰਸਾਰ ਭਰ ਵਿਚ ਵਧ ਰਹੀ ਆਰਥਿਕ ਨਾ-ਬਰਾਬਰੀ ਨੂੰ ਨਸ਼ਰ ਕਰ ਦਿੱਤਾ ਹੈ। ਜੰਗ ਦੌਰਾਨ ਰੂਸੀ ਅਮੀਰਾਂ (ਔਲੀਗਾਰਕ) ਦੀਆਂ ਬੇਥਾਹ ਜਾਇਦਾਦਾਂ ਦੇ ਖੁਲਾਸੇ ਵੀ ਹੋਏ ਹਨ। ਰਿਪੋਰਟ ਵਿਚ ਫਰਾਂਸ, ਜਰਮਨੀ, ਰੂਸ, ਚੀਨ ਆਦਿ ਦੇ ਸੁਪਰ ਅਮੀਰਾਂ ਤੋਂ ਇਲਾਵਾ ਭਾਰਤ ਦੇ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੇ ਨਾਮ ਵੀ ਸਾਹਮਣੇ ਆਏ ਹਨ। ਰਿਪੋਰਟ ਨੇ ਦਿਖਾ ਦਿੱਤਾ ਕਿ ਜੰਗਾਂ, ਆਫਤਾਂ ਅਤੇ ਸੰਕਟ ਆਮ ਲੋਕਾਂ ਲਈ ਕਿਆਮਤ ਅਤੇ ਸੰਸਾਰ ਦੇ ਅਰਬਪਤੀ ਪੂੰਜੀਪਤੀਆਂ ਲਈ ਨਿਆਮਤ ਬਣ ਕੇ ਬਹੁੜਦੇ ਹਨ। ਇਨ੍ਹਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਵਿਚਕਾਰ ਦੁਨੀਆ ਭਰ ਦੇ ਲੋਕਾਂ ਦੀ ਲੁੱਟ ਲਈ ਏਕਤਾ ਹੈ ਪਰ ਇਲਾਕਿਆਂ ’ਤੇ ਕਬਜ਼ਿਆਂ ਅਤੇ ਲੁੱਟ ਦੇ ਮਾਲ ਦੀ ਵੰਡ ਲਈ ਲੜਾਈ ਹੈ। ਯੂਕਰੇਨ ਜੰਗ ਰੂਸ ਅਤੇ ਅਮਰੀਕਾ ਦੀ ਨਵੀਂ ਗਲੋਬਲ ਚੌਧਰ ਦੀ ਲੜਾਈ ਦਾ ਇੱਕ ਹੋਰ ਅਧਿਆਇ ਹੈ।

ਅਮਰੀਕਾ ਲਈ ਪੈਟਰੋ ਡਾਲਰ ਯੁੱਧਨੀਤਕ ਅਤੇ ਸਿਆਸੀ ਹਥਿਆਰ ਹੈ। ਵੈਨੇਜ਼ੁਏਲਾ (2002) ਵਿਚ ਹਿਊਗੋ ਸ਼ਾਵੇਜ਼ ਅਤੇ ਇਰਾਕ (2003) ਵਿਚ ਸੱਦਾਮ ਹੁਸੈਨ ਨੇ ਦੂਸਰੇ ਦੇਸ਼ਾਂ ਨਾਲ ਤੇਲ ਵਪਾਰ ਅਮਰੀਕੀ ਡਾਲਰ ਦੀ ਥਾਂ ਯੂਰੋ ਕਰੰਸੀ ਵਿਚ ਕਰਨ ਅਤੇ ਲੀਬੀਆ ਵਿਚ (2009) ਗੱਦਾਫੀ ਦੁਆਰਾ ਤੇਲ ਵਪਾਰ ਸੋਨੇ ਰਾਹੀਂ ਕਰਨ ’ਤੇ ਅਮਰੀਕਾ ਨੇ ਜਿੱਥੇ ਇਨ੍ਹਾਂ ਮੁਲਕਾਂ ਦੀ ਆਰਥਿਕ ਨਾਕਾਬੰਦੀ ਕੀਤੀ, ਉੱਥੇ ਇਨ੍ਹਾਂ ਨੂੰ ਜੰਗ ਦੀ ਅੱਗ ਵਿਚ ਝੋਕ ਕੇ ਤਬਾਹ ਕਰ ਦਿੱਤਾ ਸੀ। ਤੇਲ ਵਪਾਰ ਲਈ ਅਮਰੀਕੀ ਡਾਲਰ ਦੀ ਥਾਂ ਹੋਰ ਮੁਦਰਾਵਾਂ ਦੀ ਵਰਤੋਂ ਅਮਰੀਕੀ ਡਾਲਰ ਦੀ ਸੰਸਾਰ ਚੌਧਰ ਨੂੰ ਚੁਣੌਤੀ ਬਰਾਬਰ ਹੈ। ਭਵਿੱਖ ਵਿਚ ਅਮਰੀਕੀ ਡਾਲਰ ਨੂੰ ਸਭ ਤੋਂ ਵੱਡੀ ਢਾਹ ਲਾਉਣ ਵਾਲੀ ਕ੍ਰਿਪਟੋਕਰੰਸੀ ਜੋ ਡਿਜੀਟਲ ਕਰੰਸੀ ਦਾ ਅਤਿ-ਆਧੁਨਿਕ ਰੂਪ ਹੈ, ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਰੂਸ ਨੇ ਯੂਰੋਪੀਅਨ ਤੇ ਏਸ਼ਿਆਈ ਮੁਲਕਾਂ ਨੂੰ ਤੇਲ ਵਪਾਰ ਡਾਲਰ ਦੀ ਬਜਾਇ ਰੂਬਲ ਵਿਚ ਕਰਨ ਦੀ ਸ਼ਰਤ ਰੱਖੀ ਹੈ। ਤੇਲ ਸ੍ਰੋਤਾਂ ਉੱਪਰ ਕਬਜ਼ੇ ਅਤੇ ਸੰਸਾਰ ਵਿਚ ਤੇਲ ਕੀਮਤਾਂ ਉੱਤੇ ਸਰਦਾਰੀ ਲਈ ਬਾਕੀ ਦੇਸ਼ਾਂ ਪ੍ਰਤੀ ਵੀ ਅਮਰੀਕਾ ਦੀ ਫੌਜੀ ਰਣਨੀਤੀ ਅਤੇ ਵਿਦੇਸ਼ ਨੀਤੀ ਹਮਲਾਵਰ ਹੀ ਰਹੀ ਹੈ। ਅਮਰੀਕਾ ਤੇ ਸਾਊਦੀ ਅਰਬ ਤੋਂ ਬਾਅਦ ਰੂਸ ਦੁਨੀਆ ਦਾ ਤੀਜਾ ਵੱਡਾ ਤੇਲ ਉਤਪਾਦਕ ਦੇਸ਼ ਹੈ ਅਤੇ ਇਸ ਨੂੰ ਘੇਰਨ ਲਈ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਉਸ ਉੱਪਰ ਪੱਛਮੀ ਦੇਸ਼ਾਂ ਰਾਹੀਂ ਬੰਦਸ਼ਾਂ ਲਾ ਰਿਹਾ ਹੈ। ਰੂਸ ਨਾਲ ਉਸ ਦੀ ‘ਤੇਲ ਜੰਗ’ ਦੀਆਂ ਤੰਦਾਂ ਮੌਜੂਦਾ ਯੂਕਰੇਨ ਜੰਗ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਸਿੱਟੇ ਵਜੋਂ ਮੌਜੂਦਾ ਜੰਗ ਵਿਚੋਂ ਅਮਰੀਕਾ ਆਪਣੇ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿਚ ਝੋਕ ਕੇ ਤੇਲ ਪਦਾਰਥਾਂ ਰਾਹੀਂ ਸੰਸਾਰ ਦੇ ਦੂਜੇ ਦੇਸ਼ਾਂ ਤੋਂ ਮੋਟੇ ਮੁਨਾਫ਼ੇ ਬਟੋਰ ਰਿਹਾ ਹੈ।

ਸਾਮਰਾਜੀ ਦੇਸ਼ਾਂ ਵਿਚਕਾਰ ਲੁੱਟ ਤੇ ਕਬਜ਼ੇ ਲਈ ਜੰਗਾਂ ਜਿੱਥੇ ਮਨੁੱਖੀ ਜਾਨ-ਮਾਲ ਤੇ ਵਾਤਾਵਰਨ ਦੀ ਤਬਾਹੀ ਲਈ ਘਾਤਕ ਹਨ, ਉੱਥੇ ਇਹ ਗਹਿਰੇ ਸਮਾਜਿਕ ਸੰਕਟ ਦਾ ਕਾਰਨ ਬਣਦੀਆਂ ਹਨ। ਸ਼ਰਨਾਰਥੀ ਸੰਕਟ ਇਸ ਦੀ ਮਿਸਾਲ ਹੈ। ਯੂਕਰੇਨ ਜਿਸ ਨੂੰ ‘ਬਰੈੱਡ ਬਾਸਕਿਟ’ ਕਿਹਾ ਜਾਂਦਾ ਹੈ, ਦੇ ਲੋਕਾਂ ਨੂੰ ਭੁੱਖ ਤੇ ਤੋਟ ਵਿਚ ਦਿਨ ਕੱਟਣੇ ਪੈ ਰਹੇ ਹਨ। ਇਸੇ ਤਰ੍ਹਾਂ ਚਿੱਲੀ ਜਿਸ ਨੂੰ ਦੁਨੀਆ ਦਾ ਤਾਂਬਾ ਸਮਰਾਟ ਕਿਹਾ ਜਾਂਦਾ ਸੀ, ਵਿਚ ਅਮਰੀਕਾ ਦੁਆਰਾ ਰਾਜਪਲਟੇ (1973) ਦੌਰਾਨ ਲੋਕਾਂ ਲਈ ਤਾਂਬਾ ਸਸਤਾ ਤੇ ਰੋਟੀ ਮਹਿੰਗੀ ਹੋ ਗਈ ਸੀ। ਇਸ ਸਮੇਂ ਆਰਥਿਕ ਸੰਕਟ ਹੇਠ ਆਏ ਸ੍ਰੀਲੰਕਾ ਵਿਚ ਇੱਕ ਪਾਸੇ ਲੋਕ ਤੇਲ ਦੀ ਥੁੜ੍ਹ ਕਾਰਨ ਜਿ਼ੰਦਗੀ ਮੁਸ਼ਕਿਲਾਂ ਵਿਚ ਕੱਟ ਰਹੇ ਹਨ, ਦੂਜੇ ਪਾਸੇ ਤੇਲ ਦੀ ਅਦਾਇਗੀ ਨਾ ਹੋਣ ਕਾਰਨ ਤੇਲ ਦੇ ਭਰੇ ਟੈਂਕ ਸਮੁੰਦਰਾਂ ਵਿਚ ਖੜ੍ਹੇ ਹਨ। ਇਹ ਹੈ, ਜੰਗਾਂ ਦੀ ਭਿਆਨਕਤਾ ਜਿੱਥੇ ਮੁਨਾਫ਼ੇ ਮੁੱਖ ਅਤੇ ਮਨੁੱਖਤਾ ਦੂਜੇ ਦਰਜੇ ’ਤੇ ਹੋ ਜਾਂਦੀ ਹੈ। ਇਸ ਜੰਗ ਨੇ ਪਹਿਲਾਂ ਹੀ ਕਰੋਨਾ ਸੰਕਟ ਵਿਚ ਫਸੇ ਸੰਸਾਰ ਭਰ ਦੇ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿਚ ਵੱਡਾ ਬੋਝ ਪਾ ਕੇ ਆਰਥਿਕ ਅਤੇ ਸਮਾਜਿਕ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਹੈ। ਜੰਗ ਦੌਰਾਨ ਯੂਕਰੇਨ ਵਿਚ ਬਾਈਲੌਜੀਕਲ ਲੈਬ ਉੱਪਰ ਰੂਸੀ ਫੌਜੀ ਕਬਜ਼ੇ ਨੇ ਜੈਵਿਕ ਹਥਿਆਰਾਂ ਅਤੇ ਫੈਲਾਏ ਜਾ ਰਹੇ ਵਾਇਰਸ ਦੇ ਖੁਲਾਸਿਆਂ ਨੇ ਵੀ ਸਮਾਜ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ।

ਰੂਸ ਦਾ ਯੂਕਰੇਨ ਉੱਤੇ ਹਮਲਾ ਮਹਿਜ਼ ਯੂਕਰੇਨ ਦੁਆਰਾ ਨਾਟੋ ਦਾ ਹਿੱਸਾ ਨਾ ਬਣਨ ਦੀ ਗਰੰਟੀ ਕਰਕੇ ਉਸ ਦਾ ‘ਅ-ਸੈਨਿਕੀਕਰਨ’ ਕਰਨਾ, ਅਮਰੀਕਾ ਤੇ ਯੂਕਰੇਨ ਦੁਆਰਾ ਸਹਾਇਤਾ ਪ੍ਰਾਪਤ ਹਥਿਆਰਬੰਦ ਨਾਜ਼ੀ ਗਰੁੱਪਾਂ ਦਾ ‘ਅਨਾਜੀਕਰਨ’ ਕਰਨਾ ਅਤੇ ਯੂਕਰੇਨ ਦੁਆਰਾ ਰੂਸੀ ਪ੍ਰਭਾਵ ਵਾਲੇ ਦੋਨੇਤਸਕ ਤੇ ਲੁਹਾਂਸਕ ਖੇਤਰ ਨੂੰ ਅਜ਼ਾਾਦ ਮੁਲਕ ਵਜੋਂ ਮਾਨਤਾ ਦੇਣ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਜੰਗ ਅਮਰੀਕੀ ਅਤੇ ਉਸ ਦੀਆਂ ਸਮਰਥਕ ਪੱਛਮੀ ਨਾਟੋ ਤਾਕਤਾਂ ਖ਼ਿਲਾਫ਼ ਹੈ। ਦੂਜੇ ਪਾਸੇ ਅਮਰੀਕਾ ਯੂਕਰੇਨ ਨੂੰ ਮੋਹਰਾ ਬਣਾ ਕੇ ਰੂਸ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹੈ। ਉਹ ਯੂਰੋਪ ਅਤੇ ਹੋਰ ਏਸ਼ਿਆਈ ਮੁਲਕਾਂ ਵਿਚ ਰੂਸ ਦੇ ਤੇਲ ਤੇ ਗੈਸ ਦੇ ਵਪਾਰ ’ਤੇ ਸੱਟ ਮਾਰਨ ਅਤੇ ਰੂਸ ਦੇ ਗੁਆਂਢੀ ਨਾਟੋ ਦੇਸ਼ਾਂ ਨੂੰ ਕਲੇਸ਼ ਵਿਚ ਧੱਕ ਕੇ ਉਨ੍ਹਾਂ ਨੂੰ ਆਪਣੇ ਹਥਿਆਰ ਵੇਚਣ ਲਈ ਇਸ ਜੰਗ ਵਿਚ ਕੁੱਦਿਆ ਹੈ। ਅਮਰੀਕਾ ਦਾ ਅਸਲ ਚਿਹਰਾ 24 ਮਾਰਚ ਨੂੰ ਬ੍ਰੱਸਲਜ਼ ਵਿਚ ਹੋਈ ਨਾਟੋ ਦੇ 30 ਮੁਲਕਾਂ ਦੀ ਮੀਟਿੰਗ ਵਿਚ ਸਾਹਮਣੇ ਆ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਸਾਈ ਤੇ ਜੰਗੀ ਅਪਰਾਧੀ ਆਖਦਿਆਂ ਰੂਸ ਵਿਚ ਸੱਤਾ ਬਦਲੀ ਦੇ ਆਪਣਾ ਮਨਸੂਬਾ ਜ਼ਾਹਰ ਕੀਤਾ। ਯੂਕਰੇਨ ਦਾ ਰਾਸ਼ਟਰਪਤੀ ਨਾਜ਼ੀਆਂ ਤੇ ਦੱਖਣਪੰਥੀਆਂ ਨੂੰ ਯੂਕਰੇਨ ਦੀ ਪੁਲੀਸ ਤੇ ਫੌਜ ਵਿਚ ਭਰਤੀ ਕਰਕੇ ਅਮਰੀਕਾ ਦੇ ਹਿੱਤਾਂ ਲਈ ਯੂਕਰੇਨੀ ਲੋਕਾਂ ਨੂੰ ਨਹੱਕੀ ਜੰਗ ਵਿਚ ਝੋਕ ਰਿਹਾ ਹੈ। ਅਮਰੀਕੀ ਤੇ ਰੂਸੀ ਸਾਮਰਾਜ ਦੁਆਰਾ ਯੂਕਰੇਨ ਦੀ ਧਰਤੀ ’ਤੇ ਲੜੀ ਜਾ ਰਹੀ ਜੰਗ ਦਾ ਸਭ ਤੋਂ ਵੱਧ ਸੇਕ ਜਿੱਥੇ ਯੂਕਰੇਨ ਦੇ ਲੋਕਾਂ ਨੂੰ ਲੱਗ ਰਿਹਾ ਹੈ, ਉੱਥੇ ਯੂਰੋਪ ਦੇ ਲੋਕ ਵੀ ਇਸ ਤੋਂ ਬਚੇ ਹੋਏ ਨਹੀਂ। ਇਸ ਸਮੇਂ ਨਾਟੋ ਯੂਰੋਪੀਅਨ ਦੇਸ਼ਾਂ ਲਈ ਨਸੂਰ ਬਣਿਆ ਹੋਇਆ ਹੈ। ਇਸੇ ਕਰਕੇ ਜਰਮਨੀ ਵੀ ਦੂਜੀ ਸੰਸਾਰ ਜੰਗ ਵਾਂਗ ਜਰਮਨ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ।

ਹੁਣ ਤੱਕ ਇਤਿਹਾਸ ਵਿਚ ਪੱਛਮ ਪੂਰਬ ’ਤੇ ਭਾਰੂ ਰਿਹਾ ਹੈ ਪਰ ਇਸ ਜੰਗ ਨੇ ‘ਪੱਛਮ ਉੱਤੇ ਪੂਰਬ ਭਾਰੂ’ ਦੇ ਸੰਕੇਤ ਵੀ ਜੱਗ ਜ਼ਾਹਰ ਕਰ ਦਿੱਤੇ ਹਨ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਅਮਰੀਕਾ ਦੇ ਤੇਲ ਉਤਪਾਦਨ ਵਧਾਉਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਚੀਨ ਪਹਿਲਾਂ ਹੀ ਅਮਰੀਕਾ ਦਾ ਸ਼ਰੀਕ ਬਣਿਆ ਹੋਇਆ ਹੈ। ਉਂਝ, ਹੁਣ ਯੂਕਰੇਨ ਜੰਗ ਸਮੇਂ ਭਾਰਤ ਨੇ ਅਮਰੀਕਾ ਤੇ ਪੱਛਮੀ ਤਾਕਤਾਂ ਦੇ ਕਹਿਣ ਦੇ ਬਾਵਜੂਦ ਯੂਐੱਨਓ ਵਿਚ ਰੂਸ ਖ਼ਿਲਾਫ਼ ਮਤਾ ਪਾਉਣ, ਵਪਾਰਕ ਰੋਕਾਂ ਲਾਉਣ ਤੇ ਉਸ ਦੇ ਵਿਰੁੱਧ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਫ਼ਗਾਨਿਸਤਾਨ, ਇਰਾਕ, ਇਰਾਨ, ਪਾਕਿਸਤਾਨ ਆਦਿ ਪਹਿਲਾਂ ਵਾਂਗ ਅਮਰੀਕਾ ਦੇ ਤਾਬਿਆਦਾਰ ਨਹੀਂ ਰਹੇ। ਅਮਰੀਕੀ ਭਾਈਵਾਲ ਯੂਰੋਪੀਅਨ ਮੁਲਕਾਂ ਦੀ ਤੇਲ, ਗੈਸ, ਕਣਕ, ਮੱਕੀ, ਸੂਰਜਮੁਖੀ ਤੇਲ ਆਦਿ ਨੂੰ ਲੈ ਕੇ ਜਿੱਥੇ ਰੂਸ ਉੱਤੇ ਨਿਰਭਰਤਾ ਹੈ। ਉੱਥੇ ਬਹੁਤੇ ਯੂਰੋਪੀਅਨ ਦੇਸ਼ਾਂ ਦੀ ਚੀਨ ਦੀ ਦਵਾਈ ਸਨਅਤ, ਹੋਰ ਸੂਖਮ ਸਪੇਅਰ ਪਾਰਟਸ ਅਤੇ ਚੀਨ ਦੀ ਵੱਡੀ ਮੰਡੀ ਉਪਰ ਨਿਰਭਰਤਾ ਕਾਰਨ ਯੂਰੋਪੀਅਨ ਮੁਲਕ ਚੀਨ ਨਾਲੋਂ ਤੋੜ ਵਿਛੋੜਾ ਕਰਨ ਨੂੰ ਤਿਆਰ ਨਹੀਂ। ਇਸ ਜੰਗ ਦੌਰਾਨ ਜਿੱਥੇ ਯੂਕਰੇਨ ਨੂੰ ਅੰਦਰੋ-ਅੰਦਰੀ ਨਾਟੋ ਦੇਸ਼ਾਂ ਵੱਲੋਂ ਯੂਕਰੇਨ ਦੀ ਪੂਰੀ ਮਦਦ ਨਾ ਕਰਨ ਕਰਕੇ ਪਿੱਛੇ ਲੱਗਣ ਦਾ ਪਛਤਾਵਾ ਲਗਾਤਾਰ ਝਲਕਦਾ ਰਿਹਾ ਹੈ, ਉੱਥੇ ਰੂਸ ਨਾਲ ਦੁਸ਼ਮਣੀ ਕਮਾ ਕੇ ਯੂਰੋਪੀਅਨ ਮੁਲਕ ਦੇ ਹਾਕਮ ਵੀ ਫਸੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਜੰਗ ਕਾਰਨ ਵਪਾਰਕ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਅਤੇ ਵਧ ਰਹੀ ਮਹਿੰਗਾਈ ਕਾਰਨ ਆਪਣੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀ ਦਾ ਮੌਸਮ ਸਿਰ ’ਤੇ ਹੋਣ ਕਾਰਨ ਗੈਸ ਦੀ ਕਿੱਲਤ ਦਾ ਸਹਿਮ ਯੂਰੋਪੀਅਨ ਮੁਲਕਾਂ ਦਾ ਤ੍ਰਾਹ ਕੱਢ ਰਿਹਾ ਹੈ ਜਿਸ ਤੋਂ ਯੂਰੋਪੀਅਨ ਮੁਲਕ ਖ਼ਬਰਦਾਰ ਹਨ ਤੇ ਉਹ ਰੂਸ ਨਾਲ ਤੇਲ ਤੇ ਗੈਸ ਦੇ ਵਪਾਰ ਲਈ ਅਮਰੀਕੀ ਇਸ਼ਾਰਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੱਛਮੀ ਤਾਕਤਾਂ ਵਿਚਕਾਰ ਅੰਤਰ ਵਿਰੋਧ ਪੂਰਬੀ ਤਾਕਤਾਂ ਲਈ ਲਾਭਦਾਇਕ ਹੈ। ਇਸ ਜੰਗ ਵਿਚ ਅਮਰੀਕਾ ਦੀ

ਯੂਕਰੇਨ ਅੰਦਰ ਦਖ਼ਲਅੰਦਾਜ਼ੀ ਦਾ ਬੋਝ ਅਮਰੀਕਨ ਲੋਕਾਂ ਉੱਪਰ ਮਹਿੰਗਾਈ ਦੇ ਰੂਪ ਵਿਚ ਪਿਆ ਹੈ ਅਤੇ ਹੁਣ ਅਮਰੀਕਾ ਅੰਦਰ ਬਾਇਡਨ ਸਰਕਾਰ ਖ਼ਿਲਾਫ਼ ਰੋਸ ਵਧ ਰਿਹਾ ਹੈ। ਪੂਰਬ ਵਿਚ ਰੂਸ ਵੱਡੀ ਫੌਜੀ ਤਾਕਤ ਅਤੇ ਚੀਨ ਸੰਸਾਰ ਦੀ ਦੂਜੀ ਵੱਡੀ ਆਰਥਿਕ ਤੇ ਫੌਜੀ ਤਾਕਤ ਅਮਰੀਕਾ ਸਮੇਤ ਪੱਛਮੀ ਤਾਕਤਾਂ ਲਈ ਵੱਡੀ ਚੁਣੌਤੀ ਬਣ ਗਏ ਹਨ।

ਯੂਕਰੇਨ ਜੰਗ ਵਿਚ ਅਮਰੀਕਾ ਦਾ ਨਿਸ਼ਾਨਾ ਰੂਸ ਦੇ ਨਾਲ ਨਾਲ ਚੀਨ ਵੀ ਹੈ। ਇਸ ਜੰਗ ਵਿਚ ਚੀਨ ਵੱਲੋਂ ਰੂਸ ਦੇ ਹੱਕ ਵਿਚ ਖੜ੍ਹਨ ਕਰਕੇ ਅਮਰੀਕਾ ਚੀਨ ਉੱਪਰ ਖਫਾ ਹੈ। ਰੂਸ ਅਮਰੀਕਾ ਲਈ ਹਮੇਸ਼ਾ ਫੌਜੀ ਤਾਕਤ ਵਜੋਂ ਚੁਣੌਤੀ ਰਿਹਾ ਹੈ ਪਰ ਚੀਨ ਅਮਰੀਕਾ ਲਈ ਫੌਜੀ, ਆਰਥਿਕ ਤੇ ਤਕਨੀਕੀ ਸ਼ਕਤੀ ਦੇ ਤੌਰ ‘ਤੇ ਚੁਣੌਤੀਪੂਰਨ ਹੈ ਅਤੇ ਚੀਨ ਵੱਡੀ ਸੰਸਾਰ ਮੰਡੀ ਕਾਰਨ ਅਮਰੀਕਾ ਲਈ ਵੱਡਾ ਦੁਸ਼ਮਣ ਬਣਿਆ ਹੋਇਆ ਹੈ। ਇਸੇ ਲਈ ਅਮਰੀਕਾ ਆਪਣੇ ਰਣਨੀਤਕ ਭਾਈਵਾਲ ਭਾਰਤ ਨਾਲ ਮਿਲ ਕੇ ਹਿੰਦ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਦੀ ਮਨਸ਼ਾ ਰੱਖ ਰਿਹਾ ਹੈ। ਯੂਰੋਪੀਅਨ ਮੁਲਕਾਂ ਦਾ ਯੂਕਰੇਨ ਜੰਗ ਨੂੰ ਲੈ ਕੇ ਰੂਸ ਅਤੇ ਚੀਨ ਪ੍ਰਤੀ ਰਵੱਈਆ ਅਲੱਗ ਅਲੱਗ ਹੈ। ਬਰਤਾਨੀਆ ਇਸ ਜੰਗ ਵਿਚ ਪੂਰੀ ਤਰ੍ਹਾਂ ਰੂਸ ਖ਼ਿਲਾਫ਼ ਖੜ੍ਹਾ ਨਜ਼ਰ ਆ ਰਿਹਾ ਹੈ। ਰੂਸ ਪ੍ਰਤੀ ਭਾਰਤ ਦੀ ਕੂਟਨੀਤਕ ‘ਨਿਰਪੱਖ’ ਪਹੁੰਚ ਕਾਰਨ ਅਮਰੀਕਾ ਉਸ ਨੂੰ ਘੁਰਕੀਆਂ ਦੇ ਰਿਹਾ ਹੈ। ਦੂਜੀ ਸੰਸਾਰ ਜੰਗ ਦੇ ਸੰਤਾਪ ਬਾਅਦ ਜਰਮਨੀ ਜੰਗ ਨਹੀਂ ਚਾਹੁੰਦਾ। ਜੰਗ ਦੇ ਇੰਨੇ ਦਿਨਾਂ ਬਾਅਦ ਰੂਸ ਤੇ ਯੂਕਰੇਨ ਇੱਕ ਪਾਸੇ ਜੰਗ ਲੜ ਰਹੇ ਹਨ; ਦੂਜੇ ਪਾਸੇ ਲੜਾਈ ਦੇ ਹੱਲ ਨੂੰ ਲੈ ਕੇ ਨਰਮ ਦਿਖਾਈ ਦਿੰਦੇ ਹਨ ਪਰ ਸਾਮਰਾਜੀ ਤਾਕਤਾਂ ਦੀ ਖਹਿ ਕਾਰਨ ਯੂਕਰੇਨ ਦੀ ਵੱਡੇ ਪੱਧਰ ’ਤੇ ਤਬਾਹੀ ਹੋ ਰਹੀ ਹੈ। ਇਸ ਕਰਕੇ ਇਨਸਾਫ਼ ਅਤੇ ਸ਼ਾਂਤੀਪਸੰਦ ਲੋਕਾਂ ਨੂੰ ਇਸ ਨਿਹੱਕੀ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੰਗ ਦੇ ਖ਼ਾਤਮੇ ਤੇ ਅਮਨ ਬਹਾਲੀ ਲਈ ਸੰਘਰਸ਼ ਕਰਨਾ ਚਾਹੀਦਾ ਹੈ।

ਸੰਪਰਕ (ਵ੍ਹੱਟਸਐਪ): +5493813389246

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All