ਗੁਰੂ ਗ੍ਰੰਥ ਸਾਹਿਬ ਦੀਆਂ ਪੈੜਾਂ

ਗੁਰੂ ਗ੍ਰੰਥ ਸਾਹਿਬ ਦੀਆਂ ਪੈੜਾਂ

ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਦੇਬੇਗਾਓਂ ਪਿੰਡ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ।

ਅਵਤਾਰ ਸਿੰਘ ਆਨੰਦ

ਮੈਨੂੰ ਜਦੋਂ ਪਤਾ ਲੱਗਾ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਅਤੇ ਹਿਮਾਚਲ ’ਚ ਧਰਮਸ਼ਾਲਾ ਨੇੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਗੈਰ-ਸਿੱਖ ਕਰ ਰਹੇ ਹਨ ਤਾਂ ਮੇਰੇ ਅੰਦਰ ਇਹ ਸਭ ਦੇਖਣ ਦੀ ਤਾਂਘ ਪੈਦਾ ਹੋਈ। ਮੈਂ ਆਪਣੇ ਅਮਰੀਕਾ ਰਹਿੰਦੇ ਦੋਸਤ ਰਣਜੀਤ ਸੰਧੂ ਨਾਲ ਪਹਿਲਾਂ ਹਿਮਾਚਲ ਪ੍ਰਦੇਸ਼ ਜਾਣ ਦਾ ਪ੍ਰੋਗਰਾਮ ਉਲੀਕਿਆ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖਨਯਾਰਾ ਰੋਡ ’ਤੇ ਇੱਕ ਛੋਟੇ ਜਿਹੇ ਪਿੰਡ ਦਾਦੁਨ ’ਚ ਗਏ। ਇੱਥੇ ਇੱਕ ਹਿੰਦੂ ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬੜੇ ਲੰਮੇ ਸਮੇਂ ਤੋਂ ਕਰ ਰਿਹਾ ਹੈ। ਇਹ ਪੁਰਾਤਨ ਬੀੜ ਲਗਪਗ 300 ਸਾਲ ਪੁਰਾਣੀ ਦੱਸੀ ਜਾਂਦੀ ਹੈ। ਹੱਥ ਲਿਖਤ ਬੀੜ ਇਸ ਪਰਿਵਾਰ ਦੇ ਵੱਡੇ-ਵਡੇਰੇ ਲਾਹੌਰ ਤੋਂ ਲੈ ਕੇ ਆਏ ਸਨ। ਪਰਿਵਾਰ ਦੇ ਮੈਂਬਰ ਅਵਿਨਾਸ਼ ਨੇ ਦੱਸਿਆ, ‘‘ਲਾਹੌਰ ਦੇ ਰਹਿਣ ਵਾਲੇ ਗਿਆਨੀ ਮੋਹਨ ਸਿੰਘ ਹੱਥੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਪਿਆਰ ਵਜੋਂ ਸਾਡੇ ਬਜ਼ੁਰਗਾਂ ਨੂੰ ਦੇ ਗਏ ਸਨ। ਸਾਡੇ ਵੱਡੇ-ਵਡੇਰੇ ਇਹ ਪਾਵਨ ਸਰੂਪ ਲਾਹੌਰ ਤੋਂ ਇੱਥੇ ਲੈ ਆਏ।’’ ਉਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਕੁਝ ਲੋਕ ਲੁਧਿਆਣੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਪਰ ਉਹ ਪਾਵਨ ਸਰੂਪ ਇੱਥੋਂ ਚੁੱਕ ਕੇ ਲੁਧਿਆਣੇ ਲੈ ਗਏ। ਉਥੋਂ ਫਿਰ ਪੁਲੀਸ ਦੀ ਮਦਦ ਨਾਲ ਪਾਵਨ ਸਰੂਪ ਇੱਥੇ ਲਿਆਂਦਾ ਗਿਆ। ਹੁਣ ਉਨ੍ਹਾਂ ਨੇ ਇਹ ਸਰੂਪ ਗੁਰਦੁਆਰਾ ਸਾਹਿਬ ਤੋ ਹਟਾ ਕੇ ਆਪਣੇ ਘਰ ਵਿਚ ਹੀ ਰੱਖ ਲਿਆ ਹੈ ਤਾਂ ਕਿ ਦੁਬਾਰਾ ਕੋਈ ਇਸ ਨੂੰ ਨਾ ਲੈ ਜਾਵੇ।

ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ ਵਿਚ ਪੁਰਾਤਨ ਸਰੂਪ ਦੀ ਸੇਵਾ ਕਰਦੇ ਹੋਏ ਸੇਵਾਦਾਰ।

ਇਹ ਅਸਥਾਨ ਦੇਖਣ ਤੋਂ ਬਾਅਦ ਅਗਲਾ ਸਫਰ ਮਹਾਰਾਸ਼ਟਰ ਜਾਣ ਦਾ ਸੀ, ਜਿੱਥੇ ਔਰੰਗਾਬਾਦ ਅਤੇ ਰਾਮਪੁਰ ਜ਼ਿਲ੍ਹੇ ਵਿਚ ਪੁਰਾਤਨ ਬੀੜਾਂ ਦੇ ਦਰਸ਼ਨ ਕਰਨ ਦੀ ਲਾਲਸਾ ਸਾਨੂੰ ਖਿੱਚ ਰਹੀ ਸੀ। ਹਜ਼ੂਰ ਸਾਹਿਬ ਤੋਂ ਔਰੰਗਾਬਾਦ ਜ਼ਿਲ੍ਹੇ ਤੱਕ ਕਰੀਬ ਚਾਰ ਘੰਟੇ ਦਾ ਸਫ਼ਰ ਹੈ। ਅਸੀਂ ਅਖੀਰ ਉਸ ਪਿੰਡ ਪੁੱਜ ਗਏ, ਜਿੱਥੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਗੈਰ-ਸਿੱਖ ਬਰਾਦਰੀ ਕੋਲ ਸੰਭਾਲ ਕੇ ਰੱਖੇ ਹੋਏ ਸਨ। ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੀ ਤਹਿਸੀਲ ਕਾਨੜਾ ਦੇ ਪਿੰਡ ਦੇਬੇਗਾਓਂ ’ਚ ਪਹਿਲਾਂ ਇਕ ਘਰ ’ਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ। ਹੁਣ ਉੱਥੇ ਗੁਰਦੁਆਰਾ ਬਣਾ ਦਿੱਤਾ ਗਿਆ ਹੈ। ਇੱਥੇ ਸਿੱਖ ਧਰਮ ਦੀ ਗਿਣਤੀ ਨਾ ਬਰਾਬਰ ਹੀ ਹੈ ਪਰ ਫਿਰ ਵੀ ਪਿੰਡ ਦੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਕਾਫੀ ਸਤਿਕਾਰ ਕਰਦੇ ਹਨ।

ਔਰੰਗਾਬਦ ਜ਼ਿਲ੍ਹੇ ਦੀ ਸੰਗਤ ਨੇ ਪਿੰਡ ਦੇਬੇਗਾਓਂ ਦੀ ਪੰਚਾਇਤ ਨਾਲ ਰਲ ਕੇ ਪਿੰਡ ’ਚ ਗੁਰਦੁਆਰੇ ਦੀ ਇਮਾਰਤ ਬਣਾਈ ਹੈ। ਇੱਥੇ ਪੁਰਾਤਨ ਗੁਰੂ ਗ੍ਰੰਥ ਸਾਹਿਬ 311 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਅੰਗ ਭਾਵੇਂ ਕਾਫੀ ਬਿਰਧ ਹਾਲਤ ’ਚ ਹਨ ਪਰ ਪਿੰਡ ਵਾਲਿਆਂ ਦਾ ਸਤਿਕਾਰ ਅਤੇ ਪਿਆਰ ਉਸੇ ਤਰ੍ਹਾਂ ਹੀ ਹੈ। ਪਿੰਡ ਦੇ ਰਹਿਣ ਵਾਲੇ ਸੇਠੀ ਭਰਗਵ ਨੇ ਦੱਸਿਆ ਕਿ ਇਸ ਗੁਰੂ ਗ੍ਰੰਥ ਸਾਹਿਬ ਨੂੰ ਪਿੰਡ ਤੋਂ ਬਾਹਰ ਨਹੀਂ ਲੈ ਕੇ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਵਿੱਚ ਸੱਪ ਦੀ ਕੁੰਜ ਰੱਖੀ ਹੋਈ ਹੈ ਕਿਉਂਕਿ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਇਸ ਨਾਲ ਕਾਗਜ਼ ਨੂੰ ਕੀੜਾ ਨਹੀਂ ਲੱਗਦਾ। ਗ੍ਰੰਥੀ ਭਾਈ ਦਯਾ ਸਿੰਘ ਨੇ ਦੱਸਿਆ ਕਿ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵੱਧ ਦਰਜ ਹੈ। ਇਹ ਹੱਥ ਲਿਖਤ ਸਰੂਪ ਉਦਾਸੀ ਸੰਤਾਂ ਨੇ ਮੱਠ ਵਿਚ ਬਹਿ ਕੇ ਲਿਖਿਆ ਸੀ। ਇਹ ਪੁਰਾਣੇ ਮੱਠ ਹੀ ਹਨ, ਜਿਨ੍ਹਾਂ ਨੂੰ ਗੁਰਦੁਆਰਿਆਂ ਦਾ ਰੂਪ ਦੇ ਦਿੱਤਾ ਗਿਆ ਹੈ। ਹੁਣ ਸਾਰਾ ਪਿੰਡ ਇੱਥੇ ਮੱਥਾ ਟੇਕਦਾ ਹੈ। ਉਨ੍ਹਾਂ ਨੂੰ ਗੁਰਬਾਣੀ ਦੀ ਸਮਝ ਭਾਵੇਂ ਨਹੀਂ ਪਰ ਸਤਿਕਾਰ ਉਸੇ ਤਰ੍ਹਾਂ ਕਰਦੇ ਹਨ, ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਲੋਕ। ਪਿੰਡ ਦੇ ਸਰਪੰਚ ਦੀਪਕ ਬੋੜਕਰ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਦੇ ਕਾਰਜਕਾਲ ’ਚ ਗੁਰਦੁਆਰਾ ਬਣਿਆ। ਪਿੰਡ ਦੇ ਕੁਝ ਲੋਕਾਂ ਨੂੰ ਹਿੰਦੀ ਬੋਲਣੀ ਵੀ ਨਹੀਂ ਆਉਂਦੀ ਪਰ ਉਹ ਮੂਲਮੰਤਰ ਦਾ ਪਾਠ ਕਰ ਲੈਂਦੇ ਹਨ। ਮੈਂ ਕੁਝ ਲੋਕਾਂ ਕੋਲੋਂ ਮੂਲਮੰਤਰ ਸੁਣਿਆ। ਉਨ੍ਹਾਂ ਨੂੰ ਮੂਲਮੰਤਰ ਜ਼ੁਬਾਨੀ ਯਾਦ ਹੈ।

ਇਸ ਤੋਂ ਅੱਗੇ ਦਾ ਸਫ਼ਰ ਭਾਵੇਂ ਔਖਾ ਸੀ ਪਰ ਸ਼ਾਮ ਦਾ ਵੇੇਲਾ ਹੋਣ ਕਰਕੇ ਅਸੀਂ ਹੌਸਲਾ ਕਰ ਕੇ ਤੁਰ ਹੀ ਪਏ। ਇੱਥੋਂ ਕੋਈ ਸੌ ਕੁ ਮੀਲ ਦੀ ਦੂਰੀ ਤੈਅ ਕਰਦਿਆਂ ਜ਼ਿਲ੍ਹਾ ਸ੍ਰੀ ਰਾਮਪੁਰ ਦੇ ਪਿੰਡ ਡੋਮੇਗ੍ਰਾਮ, ਜਿਸ ਨੂੰ ਕਾਮਲਪੁਰਾ ਵੀ ਕਿਹਾ ਜਾਂਦਾ ਹੈ, ਵਿਚ ਪੁੱਜੇ। ਇਸ ਪਿੰਡ ਵਿਚ 175 ਸਾਲ ਪੁਰਾਣਾ ਗੁਰੂ ਗ੍ਰੰਥ ਸਾਹਿਬ ਪਿੰਡ ਦੇ ਇੱਕ ਗੁਰੂ ਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਦੀ ਦੇਖਭਾਲ ਗ੍ਰੰਥੀ ਭਾਈ ਹਰਭਜਨ ਸਿੰਘ ਕਰ ਰਹੇ ਹਨ। ਪਿੰਡ ਦੇ ਰਹਿਣ ਵਾਲੇ ਕਤਰੂ ਮੋਹਨ ਅਤੇ ਸਿੰਧੀਆ ਰਾਓ ਨੇ ਦੱਸਿਆ, ‘‘ਸਾਡੇ ਬਜ਼ੁਰਗ ਹੀ ਸਾਨੂੰ ਦੱਸ ਗਏ ਸਨ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੇ ਗੋਦਾਵਰੀ ਨਦੀ ਦੇ ਕਿਨਾਰੇ 50-55 ਸਾਲ ਦੇ ਇੱਕ ਸਾਧੂ ਨੇ ਹੱਥੀਂ ਲਿਖਿਆ ਸੀ। ਜਦੋਂ ਉਹ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਸਨ ਤਾਂ ਇੱਕ ਦਿਨ ਗੋਦਾਵਰੀ ਨਦੀ ਵਿਚ ਹੜ੍ਹ ਆ ਗਿਆ। ਪਿੰਡ ਵਾਲਿਆਂ ਨੇ ਸਾਧੂ ਨੂੰ ਇੱਕ ਕਮਰੇ ’ਚ ਬਿਠਾ ਦਿੱਤਾ। ਹੜ੍ਹ ਦਾ ਪਾਣੀ ਉਸ ਕਮਰੇ ਨੂੰ ਛੂਹ ਕੇ ਵਾਪਸ ਚਲਾ ਗਿਆ। ਹੁਣ ਵੀ ਜਦੋਂ ਹੜ੍ਹ ਆਉਂਦੇ ਹਨ ਤਾਂ ਪਾਣੀ ਗੁਰਦੁਆਰੇ ਨੂੰ ਛੂਹ ਕੇ ਵਾਪਸ ਚਲਾ ਜਾਂਦਾ ਹੈ।’’ ਕਤਰੂ ਮੋਹਨ ਭਾਵੇਂ ਅਨਪੜ੍ਹ ਹੈ ਪਰ ਮੂਲਮੰਤਰ ਦਾ ਪਾਠ ਕਰ ਲੈਂਦਾ ਹੈ।

ਪਿੰਡ ਵਾਲਿਆਂ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਹਜ਼ੂਰ ਸਾਹਿਬ ਤੋ ਸਿੱਖ ਜੱਥਾ ਆ ਕੇ ਸਾਰਾ ਦਿਨ ਸੇਵਾ ਕਰਦਾ ਹੈ। ਸਮਾਗਮ ਹੁੰਦੇ ਹਨ। ਲੰਗਰ ਸਾਰਾ ਦਿਨ ਚਲਦਾ ਹੈ। ਪਿੰਡ ਵਾਲਿਆਂ ’ਚ ਸ਼ਰਧਾ ਵੇਖ ਕੇ ਹੈਰਾਨ ਹਾਂ ਕਿ ਇੰਨੀ ਸ਼ਰਧਾ ਸ਼ਾਇਦ ਸਾਡੇ ਆਪਣੇ ਭਾਈਚਾਰੇ ’ਚ ਨਹੀਂ ਜਿੰਨੀ ਮਰਾਠੀ ਲੋਕਾਂ ਵਿਚ ਹੈ। ਗੁਰੂ ਗ੍ਰੰਥ ਸਾਹਿਬ ਪ੍ਰਤੀ ਗੈਰ-ਸਿੱਖ ਧਰਮ ਦੇ ਲੋਕਾਂ ’ਚ ਸ਼ਰਧਾ ਵੇਖ ਕੇ ਮਨ ਨੂੰ ਸਕੂਨ ਮਿਲਿਆ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰੂ ਸਾਹਿਬ ਦਾ ਸਤਿਕਾਰ ਹੈ ਪਰ ਗੁਰੂ ਸ਼ਬਦ ਨੂੰ ਮੰਨਣਾ ਗੁਰੂ ਸਾਹਿਬ ਦੇ ਸਤਿਕਾਰ ਦੇ ਨਾਲ ਸੱਚੀ ਸ਼ਰਧਾ ਅਤੇ ਪਿਆਰ ਵੀ ਹੈ।

ਪੁਰਾਤਨ ਗੁਰੂ ਗ੍ਰੰਥ ਸਾਹਿਬ ਗੈਰ-ਸਿੱਖਾਂ ਕੋਲ ਸੰਭਾਲ ਕੇ ਰੱਖੇ ਹੋਏ ਹਨ। ਉਹ ਇੱਥੇ ਪਾਵਨ ਸਰੂਪ ਪੂਰੇ ਸਤਿਕਾਰ ਨਾਲ ਰੱਖ ਰਹੇ ਹਨ। ਉਹ ਪੁਰਾਤਨ ਬੀੜ ਸਿੱਖ ਕੌਮ ਦੇ ਹਵਾਲੇ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਚੁੱਕੇ ਹਨ ਕਿ ਇਹ ਉਨ੍ਹਾਂ ਦੇ ਵੱਡਿਆਂ ਦੀ ਨਿਸ਼ਾਨੀ ਹੈ, ਜਿਸ ਨੂੰ ਉਨ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ।
ਸੰਪਰਕ: 9877092505

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਸ਼ਹਿਰ

View All