DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬਰ ਛੂੰਹਦੀਆਂ ਧੀਆਂ ਦੀ ਪਰਵਾਜ਼

ਧੀਆਂ ਨੂੰ ਕਦੇ ਚਾਰਦੀਵਾਰੀ ਵਿੱਚ ਕੈਦ ਰੱਖ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਉਜਾਗਰ ਹੋਣ ਦਾ ਮੌਕਾ ਨਹੀਂ ਸੀ ਦਿੱਤਾ ਜਾਂਦਾ, ਪਰ 21ਵੀਂ ਸਦੀ ਦੇ ਇਸ ਆਧੁਨਿਕ ਦੌਰ ਵਿੱਚ ਮੌਕਾ ਮਿਲਣ ’ਤੇ ਉਹੀ ਧੀਆਂ ਆਪਣੀ ਯੋਗਤਾ ਦਾ ਲੋਹਾ ਮੰਨਵਾ...

  • fb
  • twitter
  • whatsapp
  • whatsapp
Advertisement

ਧੀਆਂ ਨੂੰ ਕਦੇ ਚਾਰਦੀਵਾਰੀ ਵਿੱਚ ਕੈਦ ਰੱਖ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਉਜਾਗਰ ਹੋਣ ਦਾ ਮੌਕਾ ਨਹੀਂ ਸੀ ਦਿੱਤਾ ਜਾਂਦਾ, ਪਰ 21ਵੀਂ ਸਦੀ ਦੇ ਇਸ ਆਧੁਨਿਕ ਦੌਰ ਵਿੱਚ ਮੌਕਾ ਮਿਲਣ ’ਤੇ ਉਹੀ ਧੀਆਂ ਆਪਣੀ ਯੋਗਤਾ ਦਾ ਲੋਹਾ ਮੰਨਵਾ ਰਹੀਆਂ ਹਨ। ਸਾਨੂੰ ਇਸ ਗੱਲ ’ਤੇ ਅਤਿ ਫ਼ਖ਼ਰ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨਿਕ ਸੇਵਾਵਾਂ (ਯੂ ਪੀ ਐੱਸ ਸੀ) ਵਰਗੀਆਂ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਤੋਂ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਦੀ ਮੈਰਿਟ ਸੂਚੀ ਤੱਕ ਸਾਡੀਆਂ ਧੀਆਂ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਪਰਚਮ ਲਹਿਰਾ ਰਹੀਆਂ ਹਨ। ਇਹ ਪ੍ਰਾਪਤੀਆਂ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਇਨ੍ਹਾਂ ਬੱਚੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਇਹ ਉੱਚ ਵਿੱਦਿਆ ਪ੍ਰਾਪਤ ਕਰਨ ਅਤੇ ਸਫਲਤਾ ਦੀਆਂ ਹੋਰ ਉਚਾਈਆਂ ਛੂਹਣ ਦੀ ਪੂਰੀ ਸਮਰੱਥਾ ਰੱਖਦੀਆਂ ਹਨ।

ਧੀਆਂ ਦੀ ਇਸ ਬੇਮਿਸਾਲ ਕਾਮਯਾਬੀ ਨੇ ਸਮਾਜ ਦੇ ਉਸ ਰੂੜ੍ਹੀਵਾਦੀ ਵਰਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਜੋ ਕਦੇ ਇਹ ਮੰਨਦਾ ਸੀ ਕਿ ਧੀਆਂ ਤਾਂ ਬੇਗਾਨਾ ਧਨ ਹਨ ਅਤੇ ਇਨ੍ਹਾਂ ਨੇ ਵਿਆਹ ਕਰਵਾ ਕੇ ਅਗਲੇ ਘਰ ਚਲੇ ਜਾਣਾ ਹੈ, ਇਸ ਲਈ ਇਨ੍ਹਾਂ ਦੀ ਪੜ੍ਹਾਈ ਅਤੇ ਆਜ਼ਾਦੀ ’ਤੇ ਸਰਮਾਇਆ ਖ਼ਰਚ ਕਰਨ ਦਾ ਕੋਈ ਫ਼ਾਇਦਾ ਨਹੀਂ। ਅਜਿਹੀ ਸੌੜੀ ਵਿਚਾਰਧਾਰਾ ਰੱਖਣ ਵਾਲੇ ਲੋਕ ਹਮੇਸ਼ਾ ਪੁੱਤਰ ਦੀ ਦਾਤ ਲਈ ਲੋਚਦੇ ਸਨ, ਪਰ ਅੱਜ ਆਪਣੀ ਸੋਚ ’ਤੇ ਪਛਤਾਵਾ ਕਰ ਰਹੇ ਹਨ।

Advertisement

ਦੂਜੇ ਪਾਸੇ ਅਜੋਕੇ ਸਮਾਜ ਦੀ ਤਲਖ਼ ਹਕੀਕਤ ਇਹ ਵੀ ਹੈ ਕਿ ਲੋੜ ਤੋਂ ਵੱਧ ਮਿਲੀ ਖੁੱਲ੍ਹ ਕਾਰਨ ਕਈ ਪਰਿਵਾਰਾਂ ਦੇ ਪੁੱਤਰ ਕੁਰਾਹੇ ਪੈ ਚੁੱਕੇ ਹਨ। ਉਹ ਮਾੜੀ ਸੰਗਤ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਨਾਮ ਬਦਨਾਮ ਕਰ ਰਹੇ ਹਨ, ਸਗੋਂ ਬੁਢਾਪੇ ਵਿੱਚ ਸਹਾਰਾ ਬਣਨ ਦੀ ਬਜਾਏ ਆਪਣੇ ਜਨਮਦਾਤਿਆਂ ਨੂੰ ਬਿਰਧ ਆਸ਼ਰਮਾਂ ਦੀਆਂ ਬਰੂਹਾਂ ਤੱਕ ਛੱਡ ਆਉਂਦੇ ਹਨ। ਇਸ ਦੇ ਉਲਟ ਧੀਆਂ ਅੱਜ ਵੀ ਮਾਪਿਆਂ ਦਾ ਪੂਰਾ ਖ਼ਿਆਲ ਰੱਖਦੀਆਂ ਹਨ। ਉਹ ਨਾ ਸਿਰਫ਼ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਸਗੋਂ ਬੁਢਾਪੇ ਵੇਲੇ ਮਾਪਿਆਂ ਦੀ ਡੰਗੋਰੀ ਬਣ ਕੇ ਉਨ੍ਹਾਂ ਦਾ ਸੱਚਾ ਸਹਾਰਾ ਵੀ ਸਾਬਿਤ ਹੋ ਰਹੀਆਂ ਹਨ।

Advertisement

ਧੀਆਂ ਦੀਆਂ ਪ੍ਰਾਪਤੀਆਂ ਨੇ ਸਮਾਜ ਦੇ ਕਈ ਪਿਛਾਂਹ-ਖਿੱਚੂ ਲੋਕਾਂ ਦੀ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਧੀਆਂ ਦੇ ਇਸ ਦਮਖ਼ਮ ਨੇ ਉਨ੍ਹਾਂ ਨੂੰ ਆਪਣੀ ਸੋਚ ਬਦਲਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਮਨਾਂ ਵਿੱਚ ਵੀ ਅਜਿਹੇ ਵਲਵਲੇ ਉੱਠਣ ਲੱਗੇ ਹਨ:

ਧੀਆਂ ਤਾਂ ਰੱਬ ਦਾ ਰੂਪ ਹੁੰਦੀਆਂ, ਇਹ ਭੁੱਲ ਕਿਉਂ ਜਾਵਣ ਲੋਕੀਂ।

ਧੀ ਜੰਮੀ ਹਾਏ ਪੱਥਰ ਜੰਮਿਆ, ਹਾਲ ਦੁਹਾਈ ਕਿਉਂ ਪਾਵਣ ਲੋਕੀਂ।

ਪੂਜ ਕੇ ਕੰਜਕਾਂ ਭਲਾ ਕਿਵੇਂ ਮੰਗਦੇ, ਸਿਰਫ਼ ਪੁੱਤਰਾਂ ਨੂੰ ਹੀ ਚਾਹਵਣ ਲੋਕੀਂ।

ਇਹ ਸਾਰੇ ਤੱਥ ਕੋਈ ਮਨਘੜਤ ਕਹਾਣੀਆਂ ਜਾਂ ਕਹੀਆਂ-ਸੁਣੀਆਂ ਗੱਲਾਂ ਨਹੀਂ ਹਨ, ਸਗੋਂ ਹਾਲ ਹੀ ਵਿੱਚ ਐਲਾਨੇ ਗਏ ਵੱਖ-ਵੱਖ ਇਮਤਿਹਾਨਾਂ ਦੇ ਨਤੀਜੇ ਇਸ ਸੱਚ ਦੀ ਗਵਾਹੀ ਭਰਦੇ ਹਨ। ਮਿਸਾਲ ਵਜੋਂ, ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਬਿਰੜਵਾਲ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਸਿਮਰਨਦੀਪ ਕੌਰ (ਪੁੱਤਰੀ ਸ. ਕੁਲਦੀਪ ਸਿੰਘ ਅਤੇ ਮਾਤਾ ਅਮਨਦੀਪ ਕੌਰ) ਨੇ ਦੇਸ਼ ਦੀ ਸਭ ਤੋਂ ਵੱਕਾਰੀ ਸਿਵਲ ਸੇਵਾਵਾਂ ਪ੍ਰੀਖਿਆ (ਯੂ ਪੀ ਐੱਸ ਸੀ) ਵਿੱਚੋਂ ਬਿਨਾਂ ਕਿਸੇ ਕੋਚਿੰਗ ਦੇ ਦੇਸ਼ ਭਰ ਵਿੱਚੋਂ 15ਵਾਂ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਤੋਂ ਪਹਿਲਾਂ ਵੀ ਸਿਵਲ ਸੇਵਾਵਾਂ ਦੇ ਇਮਤਿਹਾਨਾਂ ਵਿੱਚ ਉੱਚੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਧੀਆਂ ਸੁਰਖ਼ੀਆਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕਈ ਬੇਹੱਦ ਗ਼ਰੀਬ ਅਤੇ ਦਲਿਤ ਪਰਿਵਾਰਾਂ ਨਾਲ ਸਬੰਧਿਤ ਸਨ।

ਸਿਰਫ਼ ਉੱਚੇ ਅਹੁਦੇ ਲਈ ਹੋਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਹੀ ਨਹੀਂ, ਸਗੋਂ ਆਪਣੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਣ ਵਾਲੀਆਂ ਸਕੂਲੀ ਪ੍ਰੀਖਿਆਵਾਂ ਵਿੱਚ ਵੀ ਧੀਆਂ ਨੇ ਮੁੰਡਿਆਂ ਨੂੰ ਕਾਫ਼ੀ ਪਿੱਛੇ ਛੱਡਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਜੈਤੋ ਦੀ ਤਮੰਨਾ ਨੇ 100 ਫ਼ੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਪਹਿਲਾ, ਸੰਗਰੂਰ ਦੀ ਜਪਨੀਤ ਕੌਰ ਨੇ 99.67 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਕੋਟ ਸੁਖੀਆ (ਫ਼ਰੀਦਕੋਟ) ਦੀ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਸਾਰੀਆਂ ਬੱਚੀਆਂ ਸਾਧਾਰਨ ਮਿਹਨਤਕਸ਼ ਪਰਿਵਾਰਾਂ ਦੀਆਂ ਧੀਆਂ ਹਨ।

ਸੀ ਬੀ ਐੱਸ ਈ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਨੇ ਮੋਹਰੀ ਰਹਿ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਇਸ ਦੌਰਾਨ ਫ਼ਾਜ਼ਿਲਕਾ ਦੇ ਇੱਕ ਹੋਣਹਾਰ ਵਿਦਿਆਰਥੀ ਵੈਭਵ ਅਰੋੜਾ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ ਇਲਾਕਿਆਂ (ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਫ਼ਾਜ਼ਿਲਕਾ) ਦੇ ਬੱਚੇ ਮੈਰਿਟ ਸੂਚੀ ਵਿੱਚ ਆਏ ਹਨ, ਉਹ ਪਟਿਆਲਾ, ਲੁਧਿਆਣਾ ਅਤੇ ਚੰਡੀਗੜ੍ਹ ਵਰਗੇ ਵਿਕਸਤ ਸ਼ਹਿਰਾਂ ਦੇ ਮੁਕਾਬਲੇ ਪੱਛੜੇ ਹੋਏ ਹੀ ਮੰਨੇ ਜਾਂਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਸਾਧਾਰਨ ਖੇਤਰਾਂ ਦੇ ਬੱਚਿਆਂ ਦਾ ਮੋਹਰੀ ਰਹਿਣਾ ਵੱਡੀ ਪ੍ਰਾਪਤੀ ਹੈ। ਪੱਛੜੇ ਖੇਤਰਾਂ ਦੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਕੇ ਸਖ਼ਤ ਮਿਹਨਤ ਕਰਦੇ ਹਨ, ਜਿਸ ਦਾ ਮਿੱਠਾ ਫਲ ਉਨ੍ਹਾਂ ਨੂੰ ਸਫਲਤਾ ਦੇ ਰੂਪ ਵਿੱਚ ਮਿਲਦਾ ਹੈ। ਜੇਕਰ ਧੀਆਂ ਦੀ ਯੋਗਤਾ ਦੀ ਪੜਚੋਲ ਕਰੀਏ ਤਾਂ ਪੁਲਾੜ ਦੇ ਖੇਤਰ ਵਿੱਚ ਕਲਪਨਾ ਚਾਵਲਾ ਅਤੇ ਖੇਡਾਂ ਦੇ ਮੈਦਾਨ ਵਿੱਚ ਪੀ.ਟੀ. ਊਸ਼ਾ ਤੇ ਪੀ.ਵੀ. ਸਿੰਧੂ ਵਰਗੀਆਂ ਖਿਡਾਰਨਾਂ ਨੇ ਨਾਮਣਾ ਖੱਟਿਆ ਹੈ। ਸ਼ਾਇਦ ਇਸੇ ਵਿਰਾਸਤ ਤੋਂ ਪ੍ਰੇਰਿਤ ਹੋ ਕੇ ਸਾਡੀਆਂ ਧੀਆਂ ਅੱਜ ਪੂਰੀ ਲਗਨ ਨਾਲ ਸੰਘਰਸ਼ ਕਰ ਰਹੀਆਂ ਹਨ।

ਇਹ ਸਫਲ ਧੀਆਂ ਆਪਣੀਆਂ ਦੂਜੀਆਂ ਵਿਦਿਆਰਥਣ ਸਾਥਣਾਂ ਨੂੰ ਵੀ ਅੱਗੇ ਵਧਦੇ ਰਹਿਣ ਲਈ ਹੱਲਾਸ਼ੇਰੀ ਦਿੰਦੀਆਂ ਹਨ। ਸਾਡੀਆਂ ਸਭਨਾਂ ਧੀਆਂ ਨੂੰ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਤੋਂ ਪ੍ਰੇਰਨਾ ਲੈ ਕੇ ਨਵੇਂ ਦਿਸਹੱਦੇ ਸਿਰਜਣ ਲਈ ਅੱਗੇ ਵਧਣਾ ਚਾਹੀਦਾ ਹੈ।

ਸੰਪਰਕ: 86993-22704

Advertisement
×