ਡਾ. ਅਮਨਦੀਪ ਕੌਰ
ਸਾਉਣ ਦੇ ਮਹੀਨੇ ਵਿਚ ਪੂਰੀ ਕਾਇਨਾਤ ਦਾ ਹੁਸਨ ਸਿਖ਼ਰ ’ਤੇ ਹੁੰਦਾ ਹੈ। ਇਸ ਮਹੀਨੇ ਪੈਂਦੇ ਮੀਂਹ ਲੋਕਾਂ ਨੂੰ ਜੇਠ-ਹਾੜ੍ਹ ਦੀ ਲੂ ਅਤੇ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਹਰ ਪਾਸੇ ਹਰਿਆਲੀ ਹੁੰਦੀ ਹੈ ਅਤੇ ਕੁਦਰਤ ਖੁਸ਼ੀ ਨਾਲ ਝੂਮ ਉੱਠਦੀ ਹੈ। ਸਾਉਣ ਦੇ ਮਹੀਨੇ ਦੀ ਪੰਜਾਬੀਆਂ ਦੀ ਜ਼ਿੰਦਗੀ ਵਿਚ ਮਹੱਤਤਾ ਦਾ ਸਹਿਜੇ ਹੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਮੁੱਚੀ ਦੁਨੀਆ ਦਾ ਮਾਰਗ-ਦਰਸ਼ਨ ਕਰਨ ਵਾਲੀ ਗੁਰਬਾਣੀ ਵਿਚ ਵੀ ਸਾਉਣ ਦੀ ਮਹਿਮਾ ਗਾਈ ਗਈ ਹੈ:
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।
ਇਕ ਵੇਲਾ ਸੀ ਜਦੋਂ ਸਮਾਂ ਪੱਬਾਂ ਭਾਰ ਪਿੰਡਾਂ ਦੀਆਂ ਫਿਰਨੀਆਂ ’ਤੇ ਨੱਚਦਾ, ਟੱਪਦਾ, ਗਾਉਂਦਾ ਜ਼ਿੰਦਗੀ ਦੀ ਮਸ਼ਰੂਫ਼ੀਅਤ ਅਤੇ ਤਲਖ਼ ਹਕੀਕਤਾਂ ਨੂੰ ਟਿੱਚਰਾਂ ਕਰਦਾ ਰੂਹ ਦਾ ਖੇੜਾ ਬਖ਼ਸ਼ਦਾ ਸੀ। ਨਾ ਜ਼ਿੰਦਗੀ ਵਿਚ ਅੱਜ ਵਰਗੀ ਕਾਹਲ ਸੀ ਅਤੇ ਨਾ ਹੀ ਰੁੱਖਾਪਣ। ਜ਼ਿੰਦਗੀ ਦੀ ਰੌਂ-ਰੌਂ ਵਿਚ ਸੰਗੀਤ ਰਸਿਆ ਹੋਇਆ ਸੀ। ਸਾਉਣ ਦਾ ਮਹੀਨਾ ਇਸ ਨੂੰ ਹੋਰ ਖ਼ੂਬਸੂਰਤ ਬਣਾ ਦਿੰਦਾ ਸੀ। ਸਾਉਣ ਦੇ ਮਹੀਨੇ ਵਿਚ ਇਨਸਾਨ ਹੀ ਨਹੀਂ ਪਿੱਪਲ, ਨਿੰਮਾਂ, ਬੇਰੀਆਂ ਅਤੇ ਕਿੱਕਰਾਂ ਆਦਿ ਵੀ ਗਾਉਂਦੀਆਂ ਸਨ। ਚਰਖਿਆਂ ਦੀ ਘੂਕਰ, ਮੋਰਾਂ ਦੀ ਕੂਕਰ, ਖੂਹਾਂ ’ਤੇ ਬੋਲਦੇ ਬੀਂਡੇ ਅਤੇ ਸਾਉਣ ਦੀ ਰਿਮ-ਝਿਮ ਮੰਨੋਂ ਜ਼ਿੰਦਗੀ ਦਾ ਨਿਚੋੜ ਸੀ। ਹਾਰੇ ਰਿੱਝਦੀ ਖੀਰ ਤੇ ਪੂੜਿਆਂ ਦੀ ਮਹਿਕ ਅਤੇ ਗੁਲਗਲਿਆਂ ਦੀ ਮਿਠਾਸ ਸਾਉਣ ਨੂੰ ਹੋਰ ਵੀ ਸੁਗੰਧਮਈ ਬਣਾ ਦਿੰਦੀ। ਇਸ ਮਹੀਨੇ ਦੀ ਬੇਸਬਰੀ ਨਾਲ ਸਭ ਤੋਂ ਜ਼ਿਆਦਾ ਉਡੀਕ ਮੁਟਿਆਰਾਂ ਕਰਦੀਆਂ। ਕਿਉਂ ਜੋ ਸਾਵਣ ਵਿਚ ਉਨ੍ਹਾਂ ਦਾ ਸਭ ਤੋਂ ਪਿਆਰਾ ਤਿਉਹਾਰ ਤੀਆਂ ਮਨਾਈਆਂ ਜਾਂਦੀਆਂ ਹਨ। ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ। ਵਿਆਹੀਆਂ ਕੁੜੀਆਂ ਪੇਕੇ ਆਉਣ ਲਈ ਉਤਾਵਲੀਆਂ ਹੁੰਦੀਆਂ।
ਧੀਆਂ ਮਾਪਿਆਂ ਦੇ ਘਰ ਦੀ ਰੌਣਕ ਅਤੇ ਵਿਹੜੇ ਦੇ ਭਾਗ ਹੁੰਦੀਆਂ ਹਨ। ਨਿੱਕੇ ਨਿੱਕੇ ਚਾਵਾਂ ਅਤੇ ਸੱਧਰਾਂ ਨਾਲ ਭਰੀਆਂ ਬਾਲੜੀਆਂ ਦਾ ਬਚਪਨ ਤੋਂ ਹੀ ਬਾਪ ਦੇ ਵਿਹੜੇ ਦੀ ਹਰ ਕੂੰਟ ਨਾਲ ਇਕ ਅਭੁੱਲ ਅਤੇ ਅਟੁੱਟ ਰਿਸ਼ਤਾ ਕਾਇਮ ਹੋ ਜਾਂਦਾ ਹੈ। ਜੋ ਰਹਿੰਦੀ ਉਮਰ ਤਕ ਉਨ੍ਹਾਂ ਦੀ ਚੇਤਨਾ ਵਿਚ ਵਿਗਸਦਾ ਰਹਿੰਦਾ ਹੈ। ਇਹ ਬੱਚੀਆਂ ਜਦੋਂ ਅੰਮੀ ਦੀ ਚੌਖਟ ਅੰਦਰ ਖੇਡਦੀਆਂ ਨੇ ਤਾਂ ਘਰ ਹੀ ਬਣਾਉਂਦੀਆਂ ਨੇ। ਇਹ ਅਣਭੋਲ ਸੂਰਤਾਂ ਉਦੋਂ ਇਸ ਗੱਲੋਂ ਪੂਰੀ ਤਰ੍ਹਾਂ ਅਣਜਾਣ ਹੁੰਦੀਆਂ ਹਨ ਕਿ ਇਨ੍ਹਾਂ ਨੇ ਅੱਗੇ ਜਾ ਕੇ ਵੀ ਘਰ ਹੀ ਬਣਾਉਣੇ ਅਤੇ ਵਸਾਉਣੇ ਹਨ। ਸੋ ਘਰਾਂ ਨੂੰ ਜੋੜਨ ਦੀ ਕਲਾਕਾਰੀ ਪਰਮਾਤਮਾ ਵੱਲੋਂ ਇਨ੍ਹਾਂ ਨੂੰ ਜਮਾਂਦਰੂ ਬਖਸ਼ਿਸ਼ ਹੀ ਹੈ। ਧੀਆਂ ਦੀ ਬਾਬਲ ਦੇ ਵਿਹੜੇ ਨਾਲ ਪੀਢੀ ਸਾਂਝ ਬਾਰੇ ਕਿਸੇ ਨੇ ਖ਼ੂਬ ਲਿਖਿਆ ਹੈ:
ਇਹ ਨਿੱਘੀਆਂ ਜੇਹੀਆਂ ਧੁੱਪਾਂ, ਇਹ ਠੰਢੇ ਜੇ ਸਾਵਣ
ਪੇਕਿਆਂ ’ਚੋਂ ਧੀਆਂ ਦੀਆਂ, ਮਹਿਕਾਂ ਨਾ ਜਾਵਣ
ਸਾਵਣ ਮਹੀਨੇ ਦੀ ਰਿਮ-ਝਿਮ ਵਿਚ ਪੰਜਾਬ ਦੀਆਂ ਜੋਬਨ ਮੱਤੀਆਂ ਪਿੱਪਲਾਂ ’ਤੇ ਪੀਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ। ਗਿੱਧਾ ਧੀਆਂ ਦੇ ਮਨਾਂ ਦੇ ਵਲਵਲਿਆਂ, ਜਜ਼ਬਾਤਾਂ ਅਤੇ ਅਹਿਸਾਸਾਂ ਨੂੰ ਜ਼ੁਬਾਨ ਦਿੰਦਾ ਹੈ। ਗਿੱਧੇ ਵਿਚ ਵੀਰਾਂ ਦੀਆਂ ਸਿਫ਼ਤਾਂ ਕਰਦੀਆਂ, ਸੱਸਾਂ-ਨਨਾਣਾਂ ਨੂੰ ਮਿਹਣੇ ਮਾਰਦੀਆਂ ਪੰਜਾਬਣਾਂ ਜਦੋਂ ਨੱਚਦੀਆਂ ਧਰਤੀ ਹਿਲਾਉਂਦੀਆਂ ਤਾਂ ਬੱਦਲਾਂ ਦਾ ਚੰਨ ਵੀ ਝੁਕ-ਝੁਕ ਸਲਾਮਾਂ ਕਰਦਾ। ਮਾਣ-ਮੱਤੀਆਂ ਦੇ ਦਿਲ ਵਿਚ ਚਾਅ ਹੁੰਦਾ ਕਿ ਉਨ੍ਹਾਂ ਦਾ ਮਾਹੀ ਉਨ੍ਹਾਂ ਨੂੰ ਤੀਆਂ ਵਿਚ ਨੱਚਦੀਆਂ ਨੂੰ ਵੇਖਣ ਲਈ ਆਵੇ। ਜੇ ਕਿਸੇ ਮੁਟਿਆਰ ਦਾ ਮਾਹੀ ਨਹੀਂ ਆਉਂਦਾ ਤਾਂ ਉਹ ਦੂਰ ਬੈਠੇ ਮਾਹੀ ਨੂੰ ਨਿਹੋਰਾ ਮਾਰਦੀ:
ਹੋਰਾਂ ਦੇ ਮਾਹੀ ਤੀਆਂ ਵੇਖਣ
ਮੇਰਾ ਗੁੱਡੇ ਕਪਾਹ
ਵੇ ਕੀ ਰਾਹ ਨੀਂ ਜਾਣਦਾ
ਤੀਆਂ ਵੇਖਣ ਆ…
ਸਾਉਣ ਦੇ ਮਹੀਨੇ ਵਿਚ ਚਿਰਾਂ ਦੀਆਂ ਵਿੱਛੜੀਆਂ ਸਹੇਲੀਆਂ ਪੇਕੇ ਪਿੰਡ ਆ ਕੇ ਤੀਆਂ ਵਿਚ ਮਿਲਦੀਆਂ। ਧਰਮੀ ਬਾਬਲ ਦੇ ਵਿਹੜੇ ਵਿਚ ਮਾਣੀਆਂ ਖੁਸ਼ੀਆਂ ਕਦੇ ਵਿਸਾਰ ਨਾ ਸਕਦੀਆਂ ਤੇ ਮਾਪਿਆਂ ਦਾ ਗੀਤਾਂ-ਬੋਲੀਆਂ ਵਿਚ ਜਸ ਗਾਉਂਦੀਆਂ। ਉਹ ਤੀਆਂ ਦਾ ਇਕ ਵੀ ਪਲ ਅਜਾਈਂ ਨਹੀਂ ਜਾਣ ਦੇਣਾ ਚਾਹੁੰਦੀਆਂ। ਜਿਸ ਦੀ ਗਵਾਹੀ ਇਹ ਬੋਲ ਭਰਦੇ ਨੇ:
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ।
ਤੀਆਂ ਦਾ ਮਹੀਨਾ ਛੱਡ ਕੇ ਸਹੁਰੇ ਘਰ ਜਾਣਾ ਮੁਟਿਆਰਾਂ ਨੂੰ ਕਦੇ ਮਨਜ਼ੂਰ ਨਾ ਹੁੰਦਾ। ਜੇਕਰ ਕਿਤੇ ਮਾਹੀ ਤੀਆਂ ਦੌਰਾਨ ਲੈਣ ਆ ਜਾਵੇ ਤਾਂ ਮੁਟਿਆਰਾਂ ਦੀ ਪੱਕੀ ਨਾਂਹ ਹੁੰਦੀ, ਪਰ ਮਾਹੀ ਵੀ ਅੱਗੋਂ ਘੱਟ ਨਹੀਂ:
ਸਾਉਣ ਦੇ ਮਹੀਨੇ ਲੱਗੇ ਨੇ ਮੀਂਹ ਪੈਣ ਨੀਂ
ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀਂ।
ਪੁੰਨਿਆ ਵਾਲੇ ਦਿਨ ਤੀਆਂ ਦਾ ਅੰਤ ਬੱਲੋ ਪਾ ਕੇ ਕੀਤਾ ਜਾਂਦਾ। ਕੁੜੀਆਂ ਸਾਉਣ ਦੇ ਗੁਣ ਗਾਉਂਦੀਆਂ ਤੇ ਭਾਦੋਂ ਦੇ ਮਹੀਨੇ ਨੂੰ ਨਿਹੋਰੇ ਮਾਰਦੀਆਂ ਵਾਪਸ ਸਹੁਰੇ ਘਰ ਜਾਣ ਦੀ ਤਿਆਰੀ ਵਿਚ ਜੁਟ ਜਾਂਦੀਆਂ:
ਸਾਉਣ ਵੀਰ ’ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਪਰ ਪੱਛਮੀਕਰਨ ਅਤੇ ਮੰਡੀ ਦੇ ਪਸਾਰ ਨੇ ਸਾਡੇ ਪਦਾਰਥਕ ਢਾਂਚੇ ਨੂੰ ਮੁੱਢੋਂ ਬਦਲ ਦਿੱਤਾ ਹੈ। ਜਿਸ ਨਾਲ ਮਾਨਵੀ ਸੰਵੇਦਨਾ ਵੀ ਬਦਲ ਗਈ ਹੈ। ਆਪਣੀ ਨੈਤਿਕਤਾ ਅਤੇ ਅਮੀਰ ਵਿਰਾਸਤ ਨੂੰ ਹਾਸ਼ੀਏ ਵੱਲ ਧੱਕ ਕੇ ਸਮਾਜ ਵਿਚ ਨਹੀਂ ਸਗੋਂ ਖ਼ੁਦ ਨੂੰ ਮੰਡੀ ਵਿਚ ਸਥਾਪਿਤ ਕਰਨ ਲਈ ਅਸੀਂ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਜਾ ਰਹੇ ਹਾਂ ਅਤੇ ਨਤੀਜਨ ਸਮਕਾਲੀ ਸਮਾਜ ਵਿਚ ਰਿਸ਼ਤਿਆਂ ਦੀ ਜਗ੍ਹਾ ਵਸਤੂਆਂ ਹੰਢਾਉਣ ਦੀ ਪ੍ਰਵਿਰਤੀ ਭਾਰੂ ਹੋ ਰਹੀ ਹੈ। ਭੈਣ-ਭਰਾ ਦਾ ਪਿਆਰ ਅਤੇ ਸਹਿਚਾਰ ਉਮਰਾਂ ਤਕ ਦਾ ਨਹੀਂ ਸਗੋਂ ਸੁੰਗੜ ਕੇ ਮਾਪਿਆਂ ਦੀ ਵਿਰਾਸਤ ਵੰਡਣ ਤਕ ਦਾ ਹੀ ਰਹਿ ਗਿਆ ਹੈ। ਭਰਾ ਸਾਉਣ ਦੇ ਮਹੀਨੇ ਭੈਣਾਂ ਨੂੰ ਪੇਕੇ ਲਿਆਉਣ ਤੋਂ ਭਾਰ-ਮੁਕਤ ਹੋ ਰਹੇ ਹਨ। ਸਾਡੀ ਨੈਤਿਕਤਾ ਦੇ ਥੰਮ੍ਹ-ਪਰਿਵਾਰਕ ਪ੍ਰਬੰਧ, ਸਾਂਝੀਵਾਲਤਾ, ਨਿੱਗਰ ਤੇ ਬੁਨਿਆਦੀ ਅਸੂਲ ਅਤੇ ਵਿਰਸੇ ਨੂੰ ਵਿਸਾਰ ਕੇ ਸਾਡੇ ਹਿੱਸੇ ਸਿਰਫ਼ ਸੱਭਿਆਚਾਰਕ ਨਿਘਾਰ ਅਤੇ ਸਮਾਜਿਕ ਗਿਰਾਵਟ ਹੀ ਆਈ ਹੈ।
ਪੱਛਮੀ ਸਭਿਅਤਾ ਦੀਆਂ ਮਾਰੂ ਹਨੇਰੀਆਂ ਵਿਚ ਉੱਡੀ ਫਿਰਦੀ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਤਿਉਹਾਰਾਂ ਨੂੰ ਜ਼ਿਆਦਾ ਉਤਸ਼ਾਹ ਨਾਲ ਮਨਾਉਣ ਵੱਲ ਰੁਚਿਤ ਹੈ। ਹੁਣ ਮੁਟਿਆਰਾਂ ਵੀ ਤੀਆਂ ਵਰਗੇ ਤਿਉਹਾਰਾਂ ਨੂੰ ਤਰਜੀਹ ਨਹੀਂ ਦਿੰਦੀਆਂ, ਪਰ ਸਾਰੇ ਪੱਛਮੀ ਤਿਉਹਾਰ ਮਿਲ ਕੇ ਵੀ ਸਾਉਣ ਮਹੀਨੇ ਦੀਆਂ ਤੀਆਂ ’ਤੇ ਹਾਵੀ ਨਹੀਂ ਹੋ ਸਕਦੇ। ਕਿਉਂਕਿ ਸਾਉਣ ਇਕ ਅਜਿਹਾ ਮਹੀਨਾ ਹੈ ਜਿਸ ਵਿਚ ਕੁਦਰਤ ਦਾ ਸੁਹੱਪਣ ਅਤੇ ਧਰਤੀ ਦਾ ਹੁਸਨ ਇਕ ਸਰਦਲ ’ਤੇ ਆ ਕੇ ਮਿਲਦੇ ਹਨ। ਪ੍ਰਕਿਰਤਕ ਚੌਗਿਰਦਾ ਜੋ ਇਨ੍ਹਾਂ ਦਿਨਾਂ ਵਿਚ ਪੂਰੇ ਜੋਬਨ ’ਤੇ ਹੁੰਦਾ ਹੈ, ਇਸ ਤਿਉਹਾਰ ਲਈ ਰਮਣੀਕ ਮਾਹੌਲ ਸਿਰਜਦਾ ਹੈ। ਪੱਛਮੀ ਤਿਉਹਾਰਾਂ ਵਾਂਗ ਇਸ ਤਿਉਹਾਰ ਲਈ ਕਿਸੇ ਬਣਾਵਟੀ ਸਜਾਵਟ ਦੀ ਜ਼ਰੂਰਤ ਨਹੀਂ, ਪਰ ਵਕਤ ਦੀ ਸਿਤਮ-ਜ਼ਰੀਫੀ ਹੈ ਕਿ ਗਲੈਮਰ ਦੇ ਇਸ ਦੌਰ ਵਿਚ ਤੀਆਂ ਫੈਸ਼ਨ ਬਣ ਗਈਆਂ ਹਨ। ਕੁਦਰਤ ਦੀ ਗੋਦ ਵਿਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਮਹਿਜ਼ ਸਟੇਜੀ ਸ਼ੋਅ ਬਣ ਕੇ ਰਹਿ ਗਿਆ ਹੈ। ਹੁਣ ਹਰੇ-ਭਰੇ ਚੌਗਿਰਦੇ ਦੀ ਥਾਂ ਹਰ ਪਾਸੇ ਕੰਕਰੀਟ ਦੇ ਜੰਗਲ ਨਜ਼ਰ ਆਉਂਦੇ ਹਨ। ਨਿੰਮਾਂ, ਟਾਹਲੀਆਂ, ਪਿੱਪਲ ਬੀਤੇ ਸਮੇਂ ਦੀ ਗੱਲ ਬਣਦੇ ਜਾ ਰਹੇ ਹਨ। ਪੀਘਾਂ ਪਾਉਣ ਲਈ ਪਿੱਪਲ, ਬੋਹੜ ਹੀ ਨਹੀਂ ਤਾਂ ਤੀਆਂ ਦੀ ਸਾਰਥਿਕਤਾ ਖ਼ਤਮ ਹੋਣ ਵਿਚ ਕੋਈ ਸੰਦੇਹ ਨਹੀਂ ਰਹਿ ਜਾਂਦਾ।
ਅਜੋਕੀ ਪੀੜ੍ਹੀ ਨੂੰ ਸ਼ਾਇਦ ਇਸ ਤਿਉਹਾਰ ਬਾਰੇ ਮੁੱਢਲੀ ਜਾਣਕਾਰੀ ਹੀ ਨਹੀਂ ਹੈ ਕਿ ਲੜਕੀਆਂ ਦੇ ਚਾਵਾਂ-ਮਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜ਼ਮਾਨੀ ਕਰਨ ਵਾਲਾ ਇਕਲੌਤਾ ਤਿਉਹਾਰ ਸਿਰਫ਼ ਤੀਆਂ ਹਨ। ਮੁਟਿਆਰਾਂ ਜੇਕਰ ਇਸ ਤਿਉਹਾਰ ਦੀ ਪਾਕੀਜ਼ਗੀ, ਖ਼ੂਬਸੂਰਤੀ ਅਤੇ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਤਾਂ ਆਪ-ਮੁਹਾਰੇ ਹੀ ਸਾਡਾ ਵਾਤਾਵਰਨ ਦੀ ਸੰਭਾਲ ਪ੍ਰਤੀ ਲਗਾਅ ਹੋਰ ਵਧ ਜਾਵੇਗਾ। ਸਾਡੇ ਵਿਰਸੇ ਦਾ ਲੋਪ ਹੋ ਰਿਹਾ ਅੰਗ ਤੀਆਂ ਮੁੜ ਪੰਜਾਬੀਅਤ ਦਾ ਸ਼ਿੰਗਾਰ ਬਣ ਜਾਣਗੀਆਂ ਅਤੇ ਮੁਟਿਆਰਾਂ ਦੇ ਦਿਲਾਂ ਦੇ ਅਕਹਿ ਵਲਵਲਿਆਂ ਦੇ ਪ੍ਰਗਟਾਵੇ ਲਈ ਸਾਰਥਿਕ ਸਿੱਧ ਹੋਣਗੀਆਂ।
ਸੰਪਰਕ: 88724-34512