ਸਦਾ ਜਾਗਦੀ ਤੇ ਜਗਦੀ ਇਤਿਹਾਸ ਦੀ ਅੱਖ

ਸਦਾ ਜਾਗਦੀ ਤੇ ਜਗਦੀ ਇਤਿਹਾਸ ਦੀ ਅੱਖ

ਅਮੋਲਕ ਸਿੰਘ

ਸੰਨ 16 ਨਵੰਬਰ 1915 ਦਾ ਦਿਹਾੜਾ, ਆਮ ਦਿਹਾੜਾ ਨਹੀਂ। ਕਰਤਾਰ ਸਿੰਘ ਸਰਾਭਾ ਸਮੇਤ ਸੱਤ ਦੇਸ਼ ਭਗਤਾਂ ਨੂੰ ਇੱਕੋ ਵੇਲੇ ਇਕੋ ਰੱਸੇ ਨਾਲ ਫਾਂਸੀ ਲਾਏ ਜਾਣ ਦਾ ਦਿਹਾੜਾ ਹੈ। 100 ਤੋਂ ਵੱਧ ਵਰ੍ਹੇ ਬੀਤਣ ’ਤੇ ਵੀ ਇਹ ਦਿਹਾੜਾ ਕਾਲੇ ਸਮਿਆਂ ਅੰਦਰ ਰੌਸ਼ਨ ਮਿਨਾਰ ਹੈ। ਖ਼ਾਸਕਰ ਖੁਦਕੁਸ਼ੀਆਂ ਦੇ ਕੁਲਹਿਣੇ ਹੱਲੇ ਦੀ ਮਾਰ ਹੇਠ ਆਏ ਅਤੇ ਨਸ਼ਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਪਲਕਾਂ ਅੱਗੇ ਨਵੇਂ ਇਤਿਹਾਸ, ਨਵੇਂ ਜੀਵਨ ਦੇ ਸਿਲੇਬਸ ਦਾ ਨਵਾਂ-ਨਕੋਰ ਵਰਕਾ ਖੋਲ੍ਹਣ, ਪੜ੍ਹਨ ਅਤੇ ਅਧਿਐਨ ਕਰਨ ਦਾ ਦਿਹਾੜਾ ਹੈ। ਉਦਾਸੀ, ਦਿਸ਼ਾਹੀਣਤਾ, ਬੇਗਾਨਗੀ, ਬੇਕਾਰੀ, ਨਿਰਾਸ਼ਤਾ ਦੇ ਘੁੱਪ ਹਨੇਰੇ ’ਚੋਂ ਪਾਰ ਜਾ ਕੇ ਸੂਰਜਾਂ ਦੇ ਹਮਸਫ਼ਰ ਬਣਨ ਦੀ ਲਟ-ਲਟ ਬਲਦੀ ਪ੍ਰੇਰਨਾ ਦਾ ਦਿਹਾੜਾ ਹੈ। ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਨੌਜਵਾਨਾਂ ਨੂੰ ਮਸ਼ੀਨਾਂ ਬਣਾ ਕੇ ਮੁਨਾਫ਼ੇ ਦੀ ਮੰਡੀ ਵਿੱਚ ਵਿਕਣ ਵਾਲੀ ਸ਼ੈਅ ਬਣਾਏ ਜਾਣ ਦੇ ਦੌਰ ਨੂੰ ਪਿਛਾੜਨ ਲਈ ਵੰਗਾਰਮਈ ਦਿਹਾੜਾ ਹੈ।

ਇਹ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਦੋਵੇਂ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰਨ ਦਾ ਅਭੁੱਲ ਦਿਹਾੜਾ ਹੈ।

ਇਤਿਹਾਸ ਬੋਲਦਾ ਹੈ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਨੂੰ ਬਾਲ ਜਰਨੈਲ ਕਿਹਾ ਕਰਦੇ ਸਨ। ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਕੇਸਰ ਸਿੰਘ ਠੱਠਗੜ੍ਹ, ਲਾਲਾ ਹਰਦਿਆਲ ਵਰਗੇ ਸਰਾਭਾ ਦੀ ਨਿੱਕੀ ਉਮਰੇ ਉਚੇਰੀ ਅਤੇ ਲੰਮੇਰੀ ਇਨਕਲਾਬੀ ਪਰਵਾਜ਼ ਤੋਂ ਬੇਹੱਦ ਪ੍ਰਭਾਵਿਤ ਸਨ।

ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਭਰਾ ਅਤੇ ਸਾਥੀ ਦੱਸਿਆ ਕਰਦਾ ਸੀ। ਭਗਤ ਸਿੰਘ ਨੇ ਅਲਾਹਾਬਾਦ ਤੋਂ ਛਪੇ ‘ਚਾਂਦ’ ਦੇ ਵਿਸ਼ੇਸ਼ ਫਾਂਸੀ ਅੰਕ ਵਿੱਚ 1928 ਵਿੱਚ ਬਹੁਤ ਹੀ ਜਜ਼ਬਾਤੀ, ਸਾਹਿਤਕ ਅਤੇ ਕਲਾਤਮਕ ਅੰਦਾਜ਼ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ, ਉਹ ਅੱਜ ਹੋਰ ਵੀ ਪ੍ਰਸੰਗਕ ਹੈ। ਆਪਣੇ ਗਿਰਿਵਾਨ ’ਚ ਝਾਤੀ ਮਾਰਨ ਲਈ ਉਹ ਅੱਜ ਦਾ ਵੀ ਸਵਾਲ ਹੈ। ਭਗਤ ਸਿੰਘ ਨੇ ਲਿਖਿਆ ਹੈ, ‘‘'ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਉਨ੍ਹਾਂ ਦਾ ਆਦਰਸ਼ ਕੀ ਸੀ?’’

ਸੰਨ 1929 ਵਿੱਚ ਭਗਤ ਸਿੰਘ ਦੀ ਕਲਮ ਵੱਲੋਂ ਖੜ੍ਹੇ ਕੀਤੇ ਸਵਾਲ ਸਰਾਭੇ ਦੀ ਸ਼ਹਾਦਤ ਤੋਂ ਸੌ ਵਰ੍ਹੇ ਮਗਰੋਂ ਹੋਰ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰ ਗਏ ਹਨ। ਜਵਾਨੀ ਚੌਤਰਫ਼ੇ ਸੰਕਟਾਂ ਦੀ ਲਪੇਟ ’ਚ ਆਈ ਹੋਈ ਹੈ। ਭਗਤ ਸਿੰਘ ਨੇ ਲਿਖਿਆ ਸੀ:

ਚਮਨ ਜ਼ਾਰੇ ਮੁਹੱਬਤ ਮੇਂ ਉਸੀ ਕੇ ਬਾਗਵਾਨੀ ਕੀ,

ਕਿ ਜਿਸਨੇ ਆਪਣੀ ਮਿਹਨਤ ਕੋ ਹੀ

ਮਿਹਨਤ ਕਾ ਸਮਰ ਜਾਨਾ।

ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,

ਅੰਧੇਰੀ ਰਾਮ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।

ਭਾਵ ਉਸ ਮਾਲੀ ਦਾ ਵੀ ਕੋਈ ਜਵਾਬ ਨਹੀਂ ਜਿਹੜਾ ਮਿਹਨਤ ਨੂੰ ਹੀ ਮਿਹਨਤ ਦਾ ਫ਼ਲ ਸਮਝਦਾ ਹੈ। ਉਹ ਕਿੰਨੇ ਮਹਾਨ ਹੁੰਦੇ ਹਨ, ਜਿਹੜੇ ਇਤਿਹਾਸ ਵਿੱਚ ਅਜਿਹੀ ਭੂਮਿਕਾ ਅਦਾ ਕਰਦੇ ਹਨ ਜਿਵੇਂ ਹਨੇਰੀ ਰਾਤ ’ਚ ਤ੍ਰੇਲ ਆਪਣੇ ਮੋਤੀ ਬਿਖੇਰ ਕੇ ਚਲੀ ਜਾਂਦੀ ਹੈ ਤੇ ਉਸ ਦਾ ਕੋਈ ਸਾਨੀ ਨਹੀਂ ਹੈ। ਅੱਜ ਇਨ੍ਹਾਂ ਸੰਗਰਾਮੀਆਂ ਦੀ ਸ਼ਹਾਦਤ ਦੀ ਵਰ੍ਹੇਗੰਢ ਨੌਜਵਾਨਾਂ ਤੋਂ ਉਸ ਸ਼ਬਨਮ ਵਰਗੀ ਇਤਿਹਾਸਕ ਭੂਮਿਕਾ ਦੀ ਆਸ ਕਰਦੀ ਹੈ। ਪਿਛਲੇ ਦਹਾਕਿਆਂ ਤੱਕ ਜਿਉਂਦੇ ਰਹੇ ਗ਼ਦਰੀ ਬਾਬੇ ਉੱਨੀ-ਇੱਕੀ ਦੇ ਸ਼ਬਦੀ ਫ਼ਰਕਾਂ ਨਾਲ ਰਿਕਾਰਡ ਕਰਵਾਈਆਂ ਟੇਪਾਂ, ਤਕਰੀਰਾਂ, ਹੱਥ ਲਿਖਤ ਡਾਇਰੀਆਂ, ਲੇਖਾਂ ਵਿੱਚ ਜਵਾਨੀ ਨੂੰ ਵੰਗਾਰਦੇ ਰਹੇ ਹਨ। ਇਨ੍ਹਾਂ ਦਾ ਇਤਿਹਾਸਕ ਪ੍ਰਮਾਣ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਦੇ ਰਿਕਾਰਡ ’ਚ ਮੂੰਹੋਂ ਬੋਲਦਾ ਹੈ, ‘‘ਗ਼ਦਰ ਪਾਰਟੀ ਨੇ ਗ਼ੁਲਾਮੀ ਖ਼ਿਲਾਫ਼ ਆਜ਼ਾਦੀ ਦਾ ਪਰਚਮ ਚੁੱਕਿਆ ਸੀ। ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤੇ। ਇਸ ਪਾਰਟੀ ਨੇ ਗ਼ੁਲਾਮੀ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕ ਦਿੱਤੀ। ਇਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਲਾਸਾਨੀ ਕੁਰਬਾਨੀਆਂ ਦੀ ਲੜੀ ਨੇ ਆਜ਼ਾਦੀ ਪ੍ਰਾਪਤੀ ਲਈ ਇੱਕ ਹੋਰ ਨਵਾਂ ਸਫ਼ਾ ਇਤਿਹਾਸ ਵਿੱਚ ਜੋੜ ਦਿੱਤਾ। ਸਾਡੇ ਇਹ ਨਾਅਰੇ ਪਾਰਟੀ ਦੇ ਨਿਯਮਾਂ ਅਤੇ ਅਮਲਾਂ ਵਿੱਚੋਂ ਹਨ:

1. ਏਕਤਾ ਦਾ ਫ਼ਲ: ਸ਼ਕਤੀ ਅਤੇ ਗ਼ੁਲਾਮੀ

2. ਅਨੇਕਤਾ ਦਾ ਸਿੱਟਾ: ਦੁਰਬਲਤਾ ਤੇ ਗ਼ੁਲਾਮੀ

3. ਏਕਤਾ ਦਾ ਮੂਲ: ਸਮਾਜਵਾਦ

4. ਅਨੇਕਤਾ ਦਾ ਮੂਲ: ਸਾਮਰਾਜਵਾਦ

ਯੁੱਗ ਪਲਟ ਰਿਹਾ ਹੈ! ਆਪਣੇ ਕਰਤੱਵ ਪੂਰੇ ਕਰੋ!

ਨੌਜਵਾਨੋ! ਜਾਗੋ! ਉਠੋ!

ਸੁੱਤਿਆਂ ਨੂੰ ਯੁੱਗ ਬੀਤ ਗਏ।

ਹਰ ਪ੍ਰਕਾਰ ਦੀ ਗੁਲਾਮੀ; ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਕ ਗੁਲਾਮੀ ਜੜ੍ਹ ਤੋਂ ਉਖੇੜ ਸੁੱਟੋ! ਮਨੁੱਖਤਾ ਹੀ ਸੱਚਾ ਧਰਮ ਹੈ।

ਜੈ ਜਨਤਾ’’

ਅਜਿਹੇ ਉੱਚੇ-ਸੁੱਚੇ ਟੀਚੇ ਸਨ ਕਰਤਾਰ ਸਿੰਘ ਸਰਾਭਾ ਤੇ ਬਾਕੀ ਗ਼ਦਰੀ ਬਾਬਿਆਂ ਦੀ ਤੋਰ ਦੀ ਰਵਾਨੀ ’ਚ। ਅੱਜ ਲੋਕਾਂ ਦੀ ਏਕਤਾ, ਸਾਂਝ, ਭਾਈਚਾਰੇ ਨੂੰ ਤੀਲ੍ਹਾ-ਤੀਲ੍ਹਾ ਕਰਨ ਲਈ ਅੰਬਰਾਂ ’ਤੇ ਵਿਆਪਕ ਖ਼ਤਰੇ ਮੰਡਰਾ ਰਹੇ ਹਨ।

ਅੱਜ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੀ ਜਵਾਨੀ ਪਰਦੇਸਾਂ ਵੱਲ ਉਡਾਰੀ ਮਾਰ ਰਹੀ ਹੈ। ਕਦੇ ਨਿੱਕੜੀ ਉਮਰੇ ਹੀ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਰਸਾਇਣ ਵਿਗਿਆਨ ਦੀ ਉੱਚ ਵਿੱਦਿਆ ਹਾਸਲ ਕਰਨ ਦਾ ਸੁਪਨਾ ਲਿਆ ਸੀ। ਉਸ ਨੇ ਬਰਕਲੇ ਯੂਨੀਵਰਸਿਟੀ ਦਾਖਲਾ ਲਿਆ। ਇੱਕ ਦਿਨ ਉਸ ਨੇ ਅਮਰੀਕਣ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਨਣਾ ਚਾਹਿਆ। ਉਸ ਔਰਤ ਨੇ ਦੱਸਿਆ, ‘‘ਇਸ ਦਿਨ ਸਾਡਾ ਅਮਰੀਕਾ ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ।’’ ਉਸ ਪਲ ਸਰਾਭਾ ਸਿਰ ਤੋਂ ਪੈਰਾਂ ਤੱਕ ਝੰਜੋੜਿਆ ਗਿਆ। ਉਸ ਨੂੰ ਖ਼ਿਆਲਾਂ ਦੀਆਂ ਤਰੰਗਾਂ ਨੇ ਹਲੂਣ ਕੇ ਰੱਖ ਦਿੱਤਾ ਕਿ ਉਹ ਤਾਂ ਇਥੇ ਆ ਗਏ ਪੜ੍ਹਨ ਲਈ। ਡਾਲਰ ਕਮਾਉਣ ਲਈ। ਉਨ੍ਹਾਂ ਦੀ ਮਾਂ ਧਰਤੀ ਗੁਲਾਮ ਹੈ। ਉਥੇ ਲੋਕ ਭੁੱਖ-ਨੰਗ, ਕਰਜ਼ੇ, ਬੀਮਾਰੀ, ਬੇਕਾਰੀ, ਸੂਦਖੋਰੀ ਅਤੇ ਜਬਰ ਦੇ ਭੰਨੇ ਹੋਏ ਹਨ। ਫਿਰ ਉਹ ਜਾਗਦੇ ਇਨਸਾਨ ਹਨ ਜਾਂ ਖ਼ੁਦਪ੍ਰਸਤ? ਉਸ ਦੇ ਅੰਦਰ ਵਿਚਾਰਾਂ ਦਾ ਤੂਫ਼ਾਨ ਉੱਠ ਖੜਿ੍ਹਆ। ਉਹ ਸਰਾਭੇ ਪਿੰਡ ਦੇ ਹੀ ਦੇਸ਼ ਭਗਤ ਰੁਲੀਆ ਸਿੰਘ ਕੋਲ ਜਾਇਆ ਕਰਦਾ ਸੀ। ਇਸ ਦੌਰਾਨ ਉਸ ਦੀ ਸੰਗਤ ਪਰਮਾਨੰਦ, ਲਾਲਾ ਹਰਦਿਆਲ ਵਰਗਿਆਂ ਨਾਲ ਵੀ ਹੋਣ ਲੱਗੀ। ਨਿੱਕੜਾ ਵਿਦਿਆਰਥੀ ਬੇਹੱਦ ਜ਼ਹੀਨ ਅਤੇ ਤਿੱਖੜਾ ਸੀ।

ਉਹ 21 ਅਪਰੈਲ 1913 ਨੂੰ ਆਸਟਰੀਆ ’ਚ ਬਣਾਈ ਗਈ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ’ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ। ਉਸ ਦੇ ਵਿਸ਼ੇਸ਼ ਅਤੇ ਮੁੱਢਲੇ ਉੱਦਮ ਨਾਲ ‘ਗ਼ਦਰ’ ਅਖ਼ਬਾਰ ਸ਼ੁਰੂ ਹੋਇਆ। ਉਹ ਮਸ਼ੀਨ ਚਲਾ ਕੇ ਦਿਨ-ਰਾਤ ‘ਗ਼ਦਰ’ ਪਰਚੇ ਦੀ ਛਪਾਈ, ਲਿਖਾਈ, ਤਰਜ਼ਮੇ, ਵੰਡ-ਵੰਡਾਈ ਅਤੇ ਵਿੱਤੀ ਲੋੜਾਂ ਦੀ ਪੂਰਤੀ ਲਈ ਸਮਰਪਿਤ ਹੋ ਗਿਆ। ਗ਼ਦਰ ਪਾਰਟੀ ਦਾ ਤਿੰਨ ਰੰਗਾ ਝੰਡਾ ਹਿੰਦੂ, ਮੁਸਲਿਮ ਅਤੇ ਸਿੱਖਾਂ ਦੀ ਏਕਤਾ ਦਾ ਪ੍ਰਤੀਕ ਅਤੇ ਵਿਚਕਾਰ ਕਰਾਸ ਤਲਵਾਰਾਂ ਸੰਘਰਸ਼ ਦਾ ਚਿੰਨ੍ਹ ਦਾ ਡਿਜ਼ਾਇਨ ਕਰਨ ’ਚ ਵੀ ਉਸ ਦੀ ਪ੍ਰਮੁੱਖ ਭੂਮਿਕਾ ਸੀ।

ਗ਼ਦਰ ਅਤੇ ਆਜ਼ਾਦੀ ਦੀ ਜੱਦੋ-ਜਹਿਦ ਵਿੱਚ ਉਹ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦੇ ਮਹੱਤਵ ਨੂੰ ਬਾਖ਼ੂਬੀ ਸਮਝਦਾ ਹੈ। ਸਰਾਭਾ ਨੇ ਲਿਖਿਆ ਹੈ, ‘‘ਹਿੰਦੋਸਤਾਨੀ ਲੋਕ ਆਮ ਰਵਾਜ਼ਨ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ। ਅਫ਼ਰੀਕਾ ਵਿੱਚ ਹਿੰਦੋਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ ਇਸ ਤੋਂ ਹਿੰਦੋਸਤਾਨੀਆਂ ਦੇ ਗ਼ਲਤ ਖ਼ਿਆਲਾਂ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਲੋਕ-ਵਿਰੋਧੀ ਕਾਨੂੰਨਾਂ ਨੂੰ ਚਕਨਾਚੂਰ ਕਰਨ ਲਈ ਉੱਥੇ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਅੱਗੇ ਜਾ ਕੇ ਟਾਕਰਾ ਕੀਤਾ ਹੈ। ਉਨ੍ਹਾਂ ਅੱਗੇ ਹੋ ਕੇ ਗੰਨੇ ਦੇ ਖੇਤ ਫੂਕ ਸੁੱਟੇ। ਜਾਬਰਾਂ ਨਾਲ ਭਿੜੀਆਂ। ਜੇਲ੍ਹ ਜਾਣ ਤੋਂ ਨਹੀਂ ਡਰੀਆਂ।’’

ਅੱਜ ਪੰਜਾਬ ਵਿੱਚ ਆਪਣੇ ਹੱਕਾਂ ਲਈ ਹਰ ਮੋਰਚੇ ’ਚ ਅੱਗੇ ਹੋ ਕੇ ਜੂਝਦੀਆਂ ਨੌਜਵਾਨ ਲੜਕੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੂਰ-ਅੰਦੇਸ਼ੀ ਅਤੇ ਔਰਤਾਂ ਦੀ ਇਤਿਾਸਕ ਭੂਮਿਕਾ ਬਾਰੇ ਸੋਚਣੀ ਦੀ ਹੀ ਪੁਸ਼ਟੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੇਬਾਕੀ ਨਾਲ ਲਿਖਿਆ ਕੌੜਾ ਸੱਚ 100 ਵਰ੍ਹੇ ਬਾਅਦ ਹੋਰ ਵੀ ਲਿਸ਼ਕਿਆ ਅਤੇ ਨਿਖ਼ਰਿਆ ਜਾਪਦਾ ਹੈ। ਸਰਾਭਾ ਨੇ ਲਿਖਿਆ, ‘‘ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਨਾ ਸਿਖਾਇਆ ਸੀ। ਇੱਕ-ਇੱਕ ਨੂੰ ਸਵਾ-ਸਵਾ ਲੱਖ ਨਾਲ ਲੜਨਾ ਸਿਖਾਇਆ ਸੀ ਪਰ ਕੀ ਹੁਣ ਪੰਜਾਬ ਵਿੱਚ ਇਸ ਤਰ੍ਹਾਂ ਅੰਮ੍ਰਿਤ ਛਕਾਇਆ ਜਾਂਦਾ ਹੈ? ਪਹਿਲਾਂ ਵਰਗੀ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ ਦੋ ਸਬੱਬ ਹਨ; ਪਹਿਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਖ਼ੁਦ ਗ਼ੁਲਾਮ ਹਨ। ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ਾਂ ਨੂੰ ਝੁਕ-ਝੁਕ ਕੇ ਸਲਾਮ ਕਰਦੇ ਦੇਖੇ ਜਾ ਸਕਦੇ ਹਨ। ਭਲਾ ਜੇ ਅਜਿਹੇ ਨੀਚ ਪੁਰਸ਼ ਜਿਹੜੇ ਲੀਡਰ ਬਣੇ ਹੋਏ ਹਨ ਤਾਂ ਉਨ੍ਹਾਂ ਵਿੱਚ ਕੀ ਤਾਕਤ ਅਤੇ ਦਲੇਰੀ ਹੋ ਸਕਦੀ ਹੈ। ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰਦਿਲ ਅਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ-ਕੱਲ੍ਹ ਦੇ ਹਾਲਾਤ ’ਤੇ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਸਿੰਘਾਂ ਨੂੰ ਚਾਹੀਦੈ ਕਿ ਉਹ ਗ਼ੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਕੱਢ ਕੇ ਬਾਹਰ ਮਾਰਨ।’’

ਗ਼ਦਰ ਅਖ਼ਬਾਰ ਦੀ ਮਕਬੂਲੀਅਤ ਨੇ ਸਾਹਿਤ ਅੰਦਰ ਲੁਕੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੱਤਾ। ਕਰਤਾਰ ਸਿੰਘ ਸਰਾਭਾ ਦੇਸ਼ ਭਗਤ ਆਜ਼ਾਦੀ ਘੁਲਾਟੀਆ ਹੀ ਨਹੀਂ ਸਗੋਂ ਸਿਰੜੀ, ਨਿਹਚਾਵਾਨ ਅਤੇ ਪ੍ਰਤੀਬੱਧ ਕ੍ਰਾਂਤੀਕਾਰੀ ਪੱਤਰਕਾਰ ਅਤੇ ਆਜ਼ਾਦੀ ਸੰਗਰਾਮ ਦਾ ਸ਼ਹੀਦ ਪੱਤਰਕਾਰ ਵੀ ਹੈ।

ਚੋਟੀ ਦਾ ਕਲਮਕਾਰ, ਉਲੱਥਾਕਾਰ, ਕਾਮਾ ਅਤੇ ਹਰ ਖ਼ਤਰੇ ਨਾਲ ਧਾਅ ਗਲਵੱਕੜੀ ਪਾਉਣ ਵਾਲਾ ਸਰਾਭਾ ਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨਾਲ ਵਿਚਾਰ-ਵਟਾਂਦਰਾ ਕਰ ਕੇ ਕਾਮਾਗਾਟਾਮਾਰੂ ਜਹਾਜ਼ ਨੂੰ ਜਬਰੀ ਮੌੜੇ ਜਾਣ ਮੌਕੇ ਯੋਕੋਹਾਮਾ ਵਿੱਚ 200 ਪਿਸਤੌਲ ਤੇ 2000 ਗੋਲੀਆਂ ਦੋ ਪੇਟੀਆਂ ’ਚ ਬੰਦ ਕਰਕੇ ਜਹਾਜ਼ ’ਚ ਪਹੁੰਚਦੀਆਂ ਕੀਤੀਆਂ। ਗ਼ਦਰੀ ਗੀਤ ਗਾਉਂਦਾ ਉਹ ਲੋਕਾਂ ’ਚ ਕੰਮ ਕਰਨ ਲੱਗਾ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਸ਼ੇਸ਼ ਅਦਾਲਤ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ। ਇਹ ਫਾਂਸੀ ਟੱਲ ਸਕਦੀ ਸੀ ਪਰ ਸਰਾਭਾ ਆਪਣੇ ਮਿਸ਼ਨ ਦੀ ਮਸ਼ਾਲ ਜਗਦੀ ਅਤੇ ਮਘਦੀ ਰੱਖਣ ਲਈ ਫਾਂਸੀ ਦੀ ਪੀਂਘ ਝੂਟ ਜਾਣਾ ਹੀ ਬਿਹਤਰ ਸਮਝਦਾ ਸੀ। ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇੱਕ ਵਾਰ ਤਾਂ ‘ਗ਼ਦਰ’ ਨੂੰ ਗੰਭੀਰ ਪਛਾੜ ਵੱਜ ਗਈ, ਹੁਣ ਮਤਾਬੀ ਬਣ ਕੇ ਖੁਦ ਮੱਚਣਾ ਹੀ ਵਿਚਾਰਾਂ ਦੀ ਰੌਸ਼ਨੀ ਫੈਲਾਉਣਾ ਹੋਵੇਗਾ।

ਆਖ਼ਰ ਸਰਾਭੇ ਨੂੰ ਸਾਥੀਆਂ ਸਮੇਤ 16 ਨਵੰਬਰ 1915 ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਕੋਈ ਸਾਢੇ ਅਠਾਰਾਂ ਵਰ੍ਹਿਆਂ ਦਾ ਕਰਤਾਰ ਸਿੰਘ ਸਰਾਭਾ ਜਿੰਨਾ ਗੱਭਰੂ 1915 ’ਚ ਸੀ, ਭਵਿੱਖ ਵਿੱਚ ਵੀ ਉਹ ਓਨਾ ਹੀ ਭਰ ਜਵਾਨ ਪ੍ਰਤੀਤ ਹੁੰਦਾ ਰਹੇਗਾ। ਨਵੀਂ ਜਵਾਨੀ ਦੇ ਗਲ ਲੱਗ ਕੇ ਮਿਲਦਾ ਰਹੇਗਾ। ਨਵੀਂ ਪਨੀਰੀ ਨਾਲ ਜੋਟੀ ਪਾ ਕੇ ਗੀਤ ਗਾਉਂਦਾ ਰਹੇਗਾ, ਜੋ ਉਸ ਦੀ ਕਲਮ ਨੇ ਲਿਖਿਆ ਅਤੇ ਉਸ ਨੇ ਖ਼ੁਦ ਗਾਇਆ ਸੀ:

ਜੋ ਕੋਈ ਪੂਛੇ ਕਿ ਕੌਨ ਹੋ ਤੁਮ

ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ

ਜ਼ੁਲਮ ਮਿਟਾਨਾ ਹਮਾਰਾ ਪੇਸ਼ਾ

ਨਮਾਜ਼ ਸੰਧਿਆ ਯਹੀ ਹਮਾਰੀ

ਔਰ ਪਾਠ ਪੂਜਾ ਸਭ ਯਹੀ ਹੈ

ਧਰਮ ਕਰਮ ਸਭ ਯਹੀ ਹੈ ਹਮਾਰਾ,

ਯਹੀ ਖ਼ੁਦਾ ਔਰ ਰਾਮ ਆਪਨਾ।

ਅੱਜ ਨਾਗਰਿਕ ਹੱਕਾਂ ’ਤੇ ਛਾਪੇ, ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਣ ਅਤੇ ਖੇਤੀ ਕਾਨੂੰਨਾਂ ਦਾ ਹੱਲਾ ਬੋਲਿਆ ਜਾ ਰਿਹਾ ਹੈ। ਇਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕਹਿਣੀ ਅਤੇ ਕਰਨੀ 'ਚ ਇਕਸੁਰਤਾ ਤੋਂ ਮੁਲਕ ਦੀ ਜਵਾਨੀ ਨੂੰ ਅਮੁਲੇ ਸਬਕ ਹਾਸਲ ਕਰਦਿਆਂ ਰੌਸ਼ਨ ਸਵੇਰਾ ਲਿਆਉਣ ਲਈ ਅੱਗੇ ਤੁਰਨ ਦੀ ਲੋੜ ਹੈ।
ਸੰਪਰਕ: 98778-68710

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All