ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ

ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ

ਜਗਦੀਪ ਸਿੰਘ ਭੁੱਲਰ

ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਪਰੰਤੂ ਜੋ ਵਿੱਦਿਆ ਅਜੋਕੇ ਸਮੇਂ ਵਪਾਰੀਕਰਨ ਅਤੇ ਨਿੱਜੀਕਰਨ ਦੀ ਪੁੱਠ ਚੜ੍ਹਾ ਕੇ ਵਿੱਦਿਅਕ ਅਦਾਰੇ ਪ੍ਰਦਾਨ ਕਰ ਰਹੇ ਹਨ ਇਸ ਨੇ ਕੁੱਲ ਅਵਾਮ ਦੇ ਦੋ ਨੇਤਰਾਂ ਵਿਚ ਟੀਰ ਜ਼ਰੂਰ ਪੈਦਾ ਕਰ ਦੇਣਾ ਹੈ। ਆਰਥਿਕਤਾ ਪੱਖੋਂ ਝੰਬੇ, ਆਮ ਤਬਕੇ ਦੀ ਪਹੁੰਚ ਤੋਂ ਦੂਰ ਮਹਿੰਗੀ ਸਿੱਖਿਆ ਪ੍ਰਾਪਤ ਕਰ ਕੇ ਕੀ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਦੇ ਕਥਨ ‘ਵਿਦਿਆ ਵੀਚਾਰੀ ਤਾ ਪਰਉਪਕਾਰੀ’ ਉਤੇ ਪੂਰਾ ਉਤਰ ਸਕੇਗਾ? ਸ਼ਾਇਦ ਕਦੇ ਵੀ ਨਹੀਂ। ਜੇ ਉਹ ਡਿੱਗਦਾ ਢਹਿੰਦਾ, ਮਾੜੇ ਆਰਥਿਕ ਹਾਲਾਤ ਨਾਲ ਦੋ ਚਾਰ ਹੁੰਦਾ ਪੜ੍ਹ-ਲਿਖ ਵੀ ਜਾਂਦਾ ਹੈ ਤਾਂ ਅੱਗੇ ਉਸ ਨੂੰ ਰੁਜ਼ਗਾਰ ਨੂੰ ਲੈ ਕੇ ਦੁਸ਼ਵਾਰੀਆਂ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ, ਉਸ ਤੋਂ ਅਸੀਂ ਸਾਰੇ ਭਲੀਭਾਂਤ ਵਾਕਿਫ ਹਾਂ। ‘ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ’ ਵਾਲੀ ਕਹਾਵਤ ਢੁਕਵੀਂ ਲੱਗਦੀ ਹੈ। ਇਕ ਮਹਿੰਗੀ ਵਿੱਦਿਆ ਦੂਸਰਾ ਸਾਡੇ ਦੇਸ਼ ਵਿਚ ਵਿਅਕਤੀ ਦੀ ਵਿੱਦਿਅਕ ਯੋਗਤਾ ਦੇ ਪੱਧਰ ਦੇ ਰੁਜ਼ਗਾਰ ਦੇ ਵਸੀਲੇ ਵੀ ਨਾਂਮਾਤਰ ਹਨ। ਏਥੇ ਪੀਐੱਚਡੀ ਯੋਗਤਾ ਵਾਲਾ ਵੀ ਦਰਜਾ ਚਾਰ ਕਰਮਚਾਰੀ ਦੀ ਨੌਕਰੀ ਲਈ ਫਾਰਮ ਭਰਨ ਲਈ ਮਜਬੂਰ ਹੈ। ਪੀਐੱਚਡੀ ਡਿਗਰੀ ਹੋਲਡਰ ਨੌਜਵਾਨ ਪਾਸ ਦਸਵੀਂ ਪਾਸ ਮੰਤਰੀਆਂ ਤੋਂ ਨੌਕਰੀ ਦੀ ਆਸ ਲਗਾਈ ਬੈਠੇ ਹਨ। ਅਜਿਹਾ ਵਰਗ ਜ਼ਿੰਦਗੀ ਦੇ ਦੋ ਦਹਾਕੇ ਪੜ੍ਹਾਈ ਦੇ ਲੇਖੇ ਲਾ ਕੇ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਬਹੁਤ ਭੁੱਖਾਂ-ਤ੍ਰੇਹਾ ਕੱਟਦਾ ਹੈ। ਫਿਰ ਜ਼ਿੰਦਗੀ ਦੀ ਅਜਿਹੀ ਸਟੇਜ ਵੀ ਆਉਂਦੀ ਹੈ ਜਦ ਉਮਰ ਵਿਆਹ ਦੀ ਹੋ ਜਾਂਦੀ ਹੈ, ਮਾਪੇ ਬਜ਼ੁਰਗ ਹੋ ਜਾਂਦੇ ਹਨ, ਘਰ ਅਤੇ ਖੇਤੀਬਾੜੀ ਦੇ ਸੰਦ ਪੁਰਾਣੇ ਹੋ ਜਾਂਦੇ ਹਨ ਅਤੇ ਕੋਈ ਰੁਜ਼ਗਾਰ ਦਾ ਵਸੀਲਾ ਨਹੀਂ ਬਣਦਾ। ਬਜ਼ੁਰਗ ਮਾਪਿਆਂ ਦੀ ਇਹੋ ਪੁਕਾਰ ਹੁੰਦੀ ਹੈ ਕਿ ‘ਖਸਮਾਂ ਨੂੰ ਖਾਵੇ ਨੌਕਰੀ, ਨਾ ਮਿਲੇ, ਪੁੱਤ ਤੂੰ ਵਿਆਹ ਕਰਵਾ ਲੈ ਸਾਡੇ ਬੈਠੇ-ਬੈਠੇ, ਅਸੀਂ ਵੀ ਪੋਤੇ-ਪੋਤੀ ਦਾ ਮੂੰਹ ਵੇਖ ਲਈਏ’। ਅਜਿਹੇ ਹਾਲਾਤ ਕਾਲਜੇ ਵਿਚ ਧੂਹ ਪਾਉਂਦੇ ਹਨ।

ਕਾਲਜ, ਯੂਨੀਵਰਸਿਟੀਆਂ ਵਿਚ ਪੜ੍ਹਦਿਆਂ ਜੋ ਸੁਪਨੇ ਚੰਗੇਰੇ ਭਵਿੱਖ ਲਈ ਦੇਖੇ ਹੁੰਦੇ ਹਨ, ਉਨ੍ਹਾਂ ਦਾ ਘਾਣ ਹੁੰਦਾ ਦੇਖ ਦਿਲ-ਦਿਮਾਗ ਖੌਲ ਜਾਂਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਪੜ੍ਹਨ ਵਾਲੇ ਵਿਦਿਆਰਥੀ ਤਾਂ ਸ਼ਾਇਦ ਕਾਲਜਾਂ ਯੂਨੀਵਰਸਿਟੀਆਂ ਦੇ ਪੱਕੇ ਅਧਿਆਪਕਾਂ ਦੀ ਨੌਕਰੀ ਮਹਿਫੂਜ਼ ਰੱਖਣ ਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿਚ ਪੜ੍ਹੇ ਅਤੇ ਨੈੱਟ ਪਾਸ ਵਿਅਕਤੀਆਂ ਨੂੰ ਸਰਕਾਰੀ ਤਾਂ ਕੀ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲ ਰਹੀ। ਨੈੱਟ ਪਾਸ ਅਤੇ ਉਚੇਰੀ ਸਿੱਖਿਆ ਪ੍ਰਾਪਤ ਬਹੁਤੇ ਸਾਥੀ ਨੌਕਰੀ ਨਾ ਮਿਲਣ ਕਾਰਨ ਖੱਜਲ ਖੁਆਰ ਹੋ ਰਹੇ ਹਨ। ਜੇ ਨੌਕਰੀ ਮਿਲਦੀ ਵੀ ਹੈ ਤਾਂ ਬਹੁਤ ਘੱਟ ਵੇਤਨਮਾਨ ਮਿਲਦਾ ਹੈ। ਅਜਿਹੇ ਕਾਲਜ ਵੀ ਹਨ ਜੋ ਮਹੀਨੇ ਦੀ 21600 ਰੁਪਏ ਤਨਖਾਹ ਦੇਣ ਦੇ ਦਸਤਖਤ ਕਰਵਾ ਕੇ ਜਾਂ ਖਾਤੇ ਵਿਚ ਪਵਾ ਕੇ ਯੂਜੀਸੀ ਦੀਆਂ ਨਜ਼ਰਾਂ ਵਿਚ ਸੱਚੇ ਬਣਦੇ ਹਨ ਪਰ ਬਾਅਦ ਵਿਚ ਅੱਧੇ ਪੈਸੇ ਸਿੱਧੇ ਹੱਥੀਂ ਵਸੂਲ ਕਰਦੇ ਹਨ।

ਸਰਕਾਰੀ ਕਾਲਜਾਂ ਵਿਚ 1995-96 ਤੋਂ ਬਾਅਦ ਕੋਈ ਪੱਕੀ ਭਰਤੀ ਨਹੀਂ ਹੋਈ। ਹਾਲਾਤ ਇਸ ਕਦਰ ਮਾੜੇ ਹਨ ਕਿ ਕਈ ਸਕੂਲ, ਕਾਲਜ ਤਾਂ ਨੌਕਰੀ ਲਈ ਬਾਇਓਡੇਟਾ ਫੜਨ ਦੀ ਵੀ ਫੀਸ ਵਸੂਲ ਕਰ ਰਹੇ ਹਨ। ਫੀਸ ਵੀ ਸਿੱਧੀ ਵਸੂਲ ਨਹੀਂ ਕਰਦੇ ਬਲਕਿ ਬੈਂਕਾਂ ਦੀਆਂ ਲੰਮੀਆਂ ਲਾਈਨਾਂ ਵਿਚ ਲੱਗ ਕੇ ਡਿਮਾਂਡ ਡਰਾਫਟ ਬਣਾਉਣਾ ਪੈਂਦਾ ਹੈ। ਇਸ ਤੋਂ ਬਾਅਦ ਇਹ ਵੀ ਨਹੀਂ ਪਤਾ ਕਿ ਇੰਟਰਵਿਊ ਲਈ ਫੋਨ ਆਵੇ ਜਾਂ ਨਾ ਆਵੇ। ਪ੍ਰਾਈਵੇਟ ਵਿੱਦਿਅਕ ਅਦਾਰੇ ਹੱਦੋਂ ਵੱਧ ਕਾਰਜਭਾਰ ਪਾ ਹੋਰ ਵੀ ਸ਼ੋਸ਼ਣ ਕਰਦੇ ਹਨ। ਗਜ਼ਟਿਡ ਛੁੱਟੀ ਵਾਲੇ ਦਿਨ ਵੀ ਇਨ੍ਹਾਂ ਦਾ ਕੰਮਕਾਜੀ ਦਿਨ ਹੁੰਦਾ ਹੈ। ਅਧਿਆਪਨ ਦੇ ਨਾਲ-ਨਾਲ ਕਾਲਜਾਂ ਦੇ ਦਫਤਰੀ ਕੰਮਕਾਜ ਦਾ ਵਾਧੂ ਬੋਝ ਪਾਇਆ ਜਾਂਦਾ ਹੈ। ਅਧਿਆਪਕਾਂ ਨੂੰ ਇਕ ਤਰ੍ਹਾਂ ਕਲਰਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੇ ਦਾਖਲੇ ਲਈ ਟਾਰਗੈੱਟ ਦਿੱਤੇ ਜਾਂਦੇ ਹਨ। ਕਾਲਜ ਵਿਚ ਦਾਖਲਾ ਕਰਾਉਣ ਦੇ ਅਧਾਰ ’ਤੇ ਅਧਿਆਪਕ ਅਮਲੇ ਦੀ ਤਨਖਾਹ ਵਿਚ ਵਾਧਾ ਕੀਤਾ ਜਾਂਦਾ ਹੈ। ਏਨਾ ਸਭ ਕਰਨ ਦੇ ਬਾਵਜੂਦ ਨੌਕਰੀ ਮਹਿਫੂਜ਼ ਨਹੀਂ ਹੈ, ਤੇ ਪਤਾ ਨਹੀਂ ਕਾਲਜ ਕਿਸ ਦਿਨ ਕਹਿ ਦੇਵੇ ਕਿ ਦਾਖਲਾ ਘੱਟ ਹੋਣ ਅਤੇ ਕੰਮ ਦਾ ਬੋਝ ਘੱਟ ਹੋਣ ਕਾਰਨ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਹਰ ਸਮੈਸਟਰ ਪੂਰਾ ਹੋਣ ਤੋਂ ਬਾਅਦ ਕਈ ਮਹੀਨਿਆਂ ਲਈ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ, ਅਜਿਹੀ ਸੂਰਤ ਵਿਚ ਪੜ੍ਹਾਉਣ ਦਾ ਤਜਰਬਾ ਸਰਟੀਫਿਕੇਟ ਵੀ ਟੁੱਟਵੇਂ ਸਮੇਂ ਦਾ ਬਣਦਾ ਹੈ। ਹਰ ਸੈਸ਼ਨ ਵੇਲੇ ਨਵੇਂ ਸਿਰੇ ਤੋਂ ਇੰਟਰਵਿਊ ਲਈ ਜਾਂਦੀ ਹੈ ਅਤੇ ਕਈ ਵਾਰ ਪੁਰਾਣੇ ਕੰਮ ਕਰਦੇ ਅਧਿਆਪਕੀ ਅਮਲੇ ਦੀ ਜਗ੍ਹਾ ਨਵਾਂ ਵੀ ਭਰਤੀ ਕਰ ਲਿਆ ਜਾਂਦਾ ਹੈ। ਇਹ ਸਭ ਸਕੂਲਾਂ ਵਿਚ ਵੀ ਹੋ ਰਿਹਾ ਹੈ। ਅਜਿਹੇ ਹਾਲਾਤ ਦਾ ਸਾਹਮਣਾ ਬਹੁਤੇ ਪਡ੍ਹੇ-ਲਿਖੇ ਨੌਜਵਾਨ ਇਨ੍ਹੀਂ-ਦਿਨੀਂ ਮਜਬੂਰੀ ਵੱਸ ਕਰ ਰਹੇ ਹਨ। ਉਨ੍ਹਾਂ ਨੂੰ ਇੰਜ ਲਗਦਾ ਹੈ ਜਿਵੇਂ ਉਨ੍ਹਾਂ ਪੜ੍ਹ-ਲਿਖ ਅਤੇ ਨੈੱਟ, ਟੈੱਟ ਪਾਸ ਕਰਕੇ ਕੋਈ ਗੁਨਾਹ ਕਰ ਲਿਆ ਹੋਵੇ। ਇਹ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦਾ ਅਸਲ ਦੁਖਾਂਤ ਹੈ। ਇਸ ਤਰ੍ਹਾਂ ਬਹੁਤੇ ਵਿਅਕਤੀ ਮਾਰੂ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨਾਲ ਖੁਦ ਦੇ ਸੁਪਨੇ ਤਾਂ ਚਕਨਾਚੂਰ ਹੁੰਦੇ ਹੀ ਹਨ ਮਾਪਿਆਂ ਦੀਆਂ ਆਸਾਂ ’ਤੇ ਵੀ ਪਾਣੀ ਫਿਰ ਜਾਂਦਾ ਹੈ।

ਖੁੰਬਾਂ ਵਾਂਗ ਉੱਗੇ ਪ੍ਰਾਈਵੇਟ ਅਦਾਰਿਆਂ ਨੇ ਵਿਦਿਆ ਦਾ ਮਿਆਰੀਕਰਨ ਕਰਨ ਦੀ ਬਜਾਇ ਵਪਾਰੀਕਰਨ ਜ਼ਿਆਦਾ ਕੀਤਾ ਹੈ। ਇਸ ਵਪਾਰੀਕਰਨ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਵਰਗ ਵੀ ਬਰਾਬਰ ਸ਼ੋਸ਼ਿਤ ਹੋ ਰਿਹਾ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਹਰ ਸਾਲ ਫੀਸਾਂ ਵਿਚ ਅੰਨ੍ਹੇਵਾਹ ਵਾਧਾ ਕਰ ਰਹੇ ਹਨ। ਪੰਜਾਬ ਦੀ ਹੁਨਰਮੰਦ ਜਵਾਨੀ ਦਾ ਹੁਨਰ ਆਰਥਿਕਤਾ ਦੀ ਮਾਰ ਦੀ ਭੇਟ ਚੜ੍ਹ ਰਿਹਾ ਹੈ। ਦੇਸ਼ ਦਾ ਭਵਿੱਖ ਫੀਸਾਂ ਵਿਚ ਵਾਧੇ ਅਤੇ ਪੜ੍ਹ-ਲਿਖ ਕੇ ਬੇਰੁਜ਼ਗਾਰੀ ਨਾਲ ਦੋ-ਚਾਰ ਹੁੰਦਾ, ਧਰਨੇ ਲਾਉਂਦਾ, ਟੈਂਕੀਆਂ ’ਤੇ ਚੜ੍ਹਦਾ ਪੁਲੀਸ ਦੇ ਡੰਡੇ ਅਤੇ ਪਾਣੀ ਦੀਆਂ ਬੁਛਾੜਾਂ ਝੱਲ ਰਿਹਾ ਹੈ। ਕੀ ਤੀਜੇ ਨੇਤਰ ਦਾ ਇਹੋ ਮੁੱਲ ਪੈਣਾ ਸੀ। ਮਹਿੰਗੀ ਵਿਦਿਆ ਅਤੇ ਬੇਰੁਜ਼ਗਾਰੀ ਨੇ ਪੜ੍ਹੇ-ਲਿਖੇ ਵਰਗ ਅਤੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੀ ਸਥਿਤੀ ਨੂੰ ਭਾਂਪਦੇ ਹੋਏ ਨੌਜਵਾਨ ਪੀੜ੍ਹੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਪ੍ਰਤੀ ਬੇਰੁਖੀ ਅਪਣਾਉਂਦੇ ਹੋਏ ਵਿਦੇਸ਼ਾਂ ਵੱਲ ਨੂੰ ਰੁਖ਼ਸਤ ਹੋ ਰਹੀ ਹੈ। ਘਰ ਅਤੇ ਮਾਪੇ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਇਹ ਸਭ ਮਾੜੇ ਸਿਸਟਮ ਅਤੇ ਮਜਬੂਰੀ ਕਾਰਨ ਹੋ ਰਿਹਾ ਹੈ। ਵਿਦੇਸ਼ਾਂ ਵੱਲ ਵਧਦੇ ਰੁਝਾਨ ਕਾਰਨ ਕਈ ਕਾਲਜ ਬੰਦ ਹੋਣ ਦੇ ਕਿਨਾਰੇ ਹਨ। ਅੱਜ ਸਥਿਤੀ ਇਹ ਹੈ ਆਈਲੈਟਸ ਸੈਂਟਰਾਂ ਵਿਚ ਕਾਲਜਾਂ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ। ਜਦ ਕਾਲਜ ਹੀ ਬੰਦ ਹੋ ਗਏ ਤਾਂ ਨੌਕਰੀਆਂ ਕਿੱਥੋਂ ਮਿਲਣਗੀਆਂ। ਪਰ ਮਾੜੀ ਕਿਸਮਤ ਨੂੰ ਹੁਣ ਕਰੋਨਾ ਸੰਕਟ ਨੇ ਨਿਰਾਸ਼ ਨੌਜਵਾਨ ਪੀੜ੍ਹੀ ਦੀ ਵਿਦੇਸ਼ਾਂ ਵੱਲ ਲਾਈ ਉਮੀਦ ਉਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਕਰੋਨਾ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਦੂਜੇ ਯੂਰਪੀ ਮੁਲਕਾਂ ਦੀ ਆਰਥਿਕ ਹਾਲਤ ਪਤਲੀ ਕਰ ਦਿੱਤੀ ਹੈ ਤੇ ਉਨ੍ਹਾਂ ਦੇ ਆਪਣੇ ਹੀ ਵੱਡੀ ਗਿਣਤੀ ਨੌਜਵਾਨ ਤੇ ਪੇਸ਼ੇਵਰ ਬੇਰੁਜ਼ਗਾਰ ਹੋ ਚੁੱਕੇ ਹਨ ਤਾਂ ਉਨ੍ਹਾਂ ਤੋਂ ਭਾਰਤੀ ਨੌਜਵਾਨ ਕੀ ਆਸ ਰੱਖਣ।

ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਫੀਸਾਂ ਵਿਚ ਹੋ ਰਹੇ ਲਗਾਤਾਰ ਵਾਧੇ ਨੂੰ ਨਕੇਲ ਪਾਉਣ ਲਈ ਕੋਈ ਨਿਸ਼ਚਿਤ ਮਾਪਦੰਡ ਬਣਾਏ ਜਾਣ। ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕ ਵਰਗ ਲਈ ਇੱਕੋ ਜਿਹਾ ਵੇਤਨਮਾਨ ਤੈਅ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੋ ਅਦਾਰਾ ਅਜਿਹਾ ਨਹੀਂ ਕਰਦਾ ਉਸ ਖ਼ਿਲਾਫ਼ ਸਖਤ ਕਾਰਵਾਈ ਕਰਨ ਦਾ ਕਾਨੂੰਨ ਬਣਾਇਆ ਜਾਵੇ। ਜੇ ਅਜਿਹਾ ਨਹੀਂ ਕਰਦਾ ਤਾਂ ਉਸਦੀ ਮਾਨਤਾ ਤੁਰੰਤ ਰੱਦ ਕੀਤੀ ਜਾਵੇ। ਅਧਿਆਪਕ ਅਤੇ ਵਿਦਿਆਰਥੀ ਵਰਗ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਕੋਈ ਵੱਖਰੇ ਬੋਰਡ ਦਾ ਗਠਨ ਕੀਤਾ ਜਾਵੇ। ਲੋੜ ਤੋਂ ਜ਼ਿਆਦਾ ਨਵੇਂ ਬਣ ਰਹੇ ਵਿਦਿਅਕ ਅਦਾਰਿਆਂ ਦੀ ਪ੍ਰਵਾਨਗੀ ਲਈ ਸਕੂਲ ਬੋਰਡਾਂ ਅਤੇ ਯੂਨੀਵਰਸਿਟੀਆਂ ਵੱਲੋਂ ਮਾਪਦੰਡ ਤੈਅ ਕੀਤੇ ਜਾਣ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਵੇਂ ਕਿੱਤਾਮੁਖੀ ਕੋਰਸਾਂ ਨੂੰ ਸਕੂਲ਼ ਅਤੇ ਅੰਡਰ ਗ੍ਰੈਜੁਏਟ ਪੱਧਰ ’ਤੇ ਹੋਂਦ ਵਿਚ ਲਿਆਉਣ। ਇਹ ਸੱਚ ਹੈ ਕਿ ਹਰ ਇਕ ਪੜ੍ਹੇ-ਲਿਖੇ ਨੂੰ ਨੌਕਰੀ ਮਿਲਣਾ ਸੰਭਵ ਨਹੀਂ ਹੈ ਸੋ ਇਸ ਲਈ ਕਿੱਤਾਮੁਖੀ ਨਵੇਂ ਕੋਰਸ ਉਲੀਕੇ ਅਤੇ ਲਾਗੂ ਕੀਤੇ ਜਾਣ ਤਾਂ ਜੋ ਪੜ੍ਹ-ਲਿਖ ਕੇ ਨਵੇਂ-ਨਵੇਂ ਵਿਗਿਆਨਕ ਢੰਗਾਂ ਨਾਲ ਖੇਤੀ ਅਤੇ ਹੋਰ ਸਹਾਇਕ ਧੰਦੇ ਸ਼ੁਰੂ ਕੀਤੇ ਜਾ ਸਕਣ। ਪੰਜਾਬ ਵਿਚ ਕਮਾਈ ਕਰਨ ਦੇ ਹੋਰ ਬਹੁਤ ਸਾਧਨ ਹਨ। ਜੇ ਅਜਿਹਾ ਹੋਵੇਗਾ ਤਾਂ ਯਕੀਨਨ ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਮਾਰੂ ਅਲਾਮਤਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਤੇ ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਵੱਲ ਵੀ ਨਹੀਂ ਦੇਖਣਾ ਪਵੇਗਾ।। ਜੇ ਸਰਕਾਰ ਹਰ ਇਕ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਘੱਟੋ-ਘੱਟ ਅਜਿਹਾ ਉਪਰਾਲਾ ਤਾਂ ਕਰ ਹੀ ਸਕਦੀ ਹੈ।
*ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।
ਸੰਪਰਕ: 70097-28427

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All