ਕੁਲਵੰਤ ਰਿਖ
ਲਹਿਣਾ ਸਿੰਘ ਸਰਦਾਰ ਮਜੀਠੀਆ ਜੀ
ਵੱਡਾ ਅਕਲ ਦਾ ਕੋਟ ਕਮਾਲ ਮੀਆਂ
ਮਹਾਂਬਲੀ ਸਰਦਾਰ ਸੀ ਪੰਥ ਵਿੱਚੋਂ
ਡਿੱਠੀ ਬਣੀ ਕੁਚੱਲਣੀ ਚਾਲ ਮੀਆਂ
ਦਿਲ ਆਪਣੇ ਬੈਠ ਵਿਚਾਰ ਕਰਦਾ
ਇੱਥੇ ਕਈਆਂ ਦੇ ਹੋਣਗੇ ਕਾਲ਼ ਮੀਆਂ
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ
ਸਭੋ ਛੱਡ ਕੇ ਦੰਗ ਦਵਾਲ਼ ਮੀਆਂ
ਮਹਾਰਾਜਾ ਰਣਜੀਤ ਸਿੰਘ ਦੀਆਂ 1767 ਤੋਂ 1799 ਤੱਕ ਦੁਰਾਨੀ ਸਾਮਰਾਜ ਦੌਰਾਨ ਮੁਹਿੰਮਾਂ ਵਿੱਚ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ ਮਹਾਰਾਜੇ ਦੀ ਸੱਜੀ ਬਾਂਹ ਬਣਿਆ ਰਿਹਾ। ਉਸ ਨੇ ਕੰਵਰ ਨੌਨਿਹਾਲ ਸਿੰਘ ਨਾਲ ਗਣਿਤ ਅਤੇ ਤਾਰਾ ਵਿਗਿਆਨ ਦੀ ਪੜ੍ਹਾਈ ਕੀਤੀ। ਲਾਹੌਰ ਦਾ ਤੋਪਖਾਨਾ ਸਥਾਪਤ ਕਰਨ ਵਿੱਚ ਮਹਾਰਾਜੇ ਦੇ ਅਸਲਾਖਾਨੇ ਦੇ ਮੁਖੀ ਅਗਸਤੇ ਕਲਾਊਡ ਦੀ ਤਕਨੀਕੀ ਮਦਦ ਕਰਨ ਵਾਲਾ ਵੀ ਲਹਿਣਾ ਸਿੰਘ ਹੀ ਸੀ। ਉਹ ਕਮਾਲ ਦੀ ਮੁਹਾਰਤ ਵਾਲਾ ਕਾਰੀਗਰ ਅਤੇ ਖੋਜੀ ਸੀ। ਉਸ ਨੇ ਅਜਿਹੀ ਘੜੀ ਈਜਾਦ ਕੀਤੀ ਜਿਹੜੀ ਸਮਾਂ, ਦਿਨ, ਤਾਰੀਖ ਦੇ ਨਾਲ ਨਾਲ ਚੰਦਰਮਾ ਦੀ ਸਥਿਤੀ ਵੀ ਦੱਸਦੀ ਸੀ। ਉਹ ਗਣਿਤ ਸ਼ਾਸਤਰੀ, ਤਾਰਾ ਵਿਗਿਆਨੀ, ਇੰਜਨੀਅਰ, ਕਵੀ ਅਤੇ ਸਾਹਿਤਕਾਰ ਵੀ ਸੀ। ਇਹ ਬਹੁਪੱਖੀ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਦੇ ਚੋਟੀ ਦੇ ਮੰਤਰੀਆਂ ’ਚੋਂ ਇੱਕ ਸੀ। ਮਹਾਰਾਜੇ ਦੀ ਮੌਤ ਮਗਰੋਂ ਡੋਗਰਿਆਂ ਅਤੇ ਲਾਹੌਰ ਦਰਬਾਰ ਦੇ ਗਦਾਰਾਂ ਦੀਆਂ ਸਾਜਿਸ਼ਾਂ ਤੋਂ ਬਚ ਕੇ ਉਹ ਬਨਾਰਸ ਚਲਾ ਗਿਆ। ਜਾਇਦਾਦ ਖਰੀਦ ਕੇ ਉੱਥੇ ਹੀ ਵਸ ਗਿਆ।
ਬਨਾਰਸ ਵਿੱਚ ਹੀ 1848 ਈ. ਵਿੱਚ ਦਿਆਲ ਸਿੰਘ ਮਜੀਠੀਆ ਦਾ ਜਨਮ ਹੋਇਆ। ਛੇ ਸਾਲ ਦੀ ਉਮਰ ਵਿੱਚ ਹੀ ਮਾਤਾ-ਪਿਤਾ ਚਲਾਣਾ ਕਰ ਗਏ ਤਾਂ ਉਨ੍ਹਾਂ ਨੂੰ ਬਨਾਰਸ ਤੋਂ ਮਜੀਠਾ ਲਿਆਂਦਾ ਗਿਆ। ਇੱਥੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਮੁੱਖ ਜਰਨੈਲ ਤੇਜ ਸਿੰਘ ਦੀ ਸਰਪ੍ਰਸਤੀ ਹੇਠ ਰਹੇ। ਉਨ੍ਹਾਂ ਦੀ ਸਕੂਲੀ ਪੜ੍ਹਾਈ ਕ੍ਰਿਸਚਨ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ ਹੋਈ। ਸਕੂਲੀ ਪੜ੍ਹਾਈ ਦੌਰਾਨ ਹੀ ਉਹ ਇਸਾਈ ਧਰਮ ਬਾਰੇ ਆਪਣੇ ਪਾਦਰੀ ਅਧਿਆਪਕਾਂ ਨਾਲੋਂ ਵੱਧ ਜਾਣਦੇ ਸਨ। ਉਨ੍ਹਾਂ ਨੇ ਭਾਗਵਤ ਗੀਤਾ ਵੀ ਪੜ੍ਹੀ ਤੇ ਕੁਰਾਨ ਵੀ। ਸਕੂਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਦਾ ਅਧਿਐਨ ਸਵੈ-ਅਧਿਐਨ ਹੀ ਸੀ। ਬੰਗਾਲ ਵਿੱਚ ਰਾਜਾ ਰਾਮ ਮੋਹਣ ਰਾਇ ਦੀ ਅਗਵਾਈ ਵਿੱਚ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਲਈ ਚੱਲੀ ਬ੍ਰਹਮੋ ਸਮਾਜ ਲਹਿਰ ਦੀ ਸਥਾਪਨਾ ਵੇਲੇ ਹੀ ਉਹ ਟਰੱਸਟੀ ਬਣ ਗਏ। ਇਸ ਲਹਿਰ ਲਈ ਜੋ ਭੂਮਿਕਾ ਬੰਗਾਲ ਲਈ ਰਾਜਾ ਰਾਮ ਮੋਹਣ ਰਾਇ ਦੀ ਸੀ, ਉੱਤਰੀ ਭਾਰਤ ਲਈ ਉਹੀ ਭੂਮਿਕਾ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਸੀ। ਸਿੱਖਾਂ ਦੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕੀ ਕੰੰਮਾਂ ਦੀ ਤਿੰਨ ਸਾਲ ਉਨ੍ਹਾਂ ਨੇ ਦੇਖ ਰੇਖ ਕੀਤੀ। ਉਹ ਇੰਡੀਅਨ ਐਸੋਸੀਏਸ਼ਨ ਲਾਹੌਰ ਦੇ ਪਹਿਲੇ ਪ੍ਰਧਾਨ ਬਣੇ ਅਤੇ ਆਖਰੀ ਸਾਹਾਂ ਤੱਕ ਇਸ ਅਹੁਦੇ ’ਤੇ ਰਹੇ। ਜਿਨ੍ਹਾਂ 17 ਸਿਰਕੱਢ ਭਾਰਤੀਆਂ ਨੇ 1884 ਵਿੱਚ ਥਿਉਸੋਫੀਕਲ ਸੁਸਾਇਟੀ ਦੀ ਮਦਰਾਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਬਣਾਉਣ ਦਾ ਫ਼ੈਸਲਾ ਕੀਤਾ, ਸਰਦਾਰ ਦਿਆਲ ਸਿੰਘ ਮਜੀਠੀਆ ਉਨ੍ਹਾਂ ਵਿੱਚੋਂ ਇੱਕ ਸਨ।
ਜਾਇਦਾਦ ਤਾਂ ਉਨ੍ਹਾਂ ਕੋਲ ਪਿਤਾ ਪੁਰਖੀ ਹੀ ਬਥੇਰੀ ਸੀ। ਉਨ੍ਹਾਂ ਨੇ ਸ਼ਾਹੂਕਾਰੇ, ਜਾਇਦਾਦਾਂ ਦੀ ਖਰੀਦੋ ਫਰੋਖਤ ਅਤੇ ਹੀਰਿਆਂ ਦੇ ਵਪਾਰ ਤੋਂ ਕਾਫੀ ਧਨ ਕਮਾਇਆ। ਸੰਨ 1895 ਵਿੱਚ ਉਨ੍ਹਾਂ ਕੋਲ ਟਾਟਾ ਗਰੁੱਪ ਦੇ ਸਰ ਦੋਰਾਬ ਜੀ ਟਾਟਾ ਤੋਂ ਕਿਤੇ ਵੱਧ ਜਾਇਦਾਦ ਸੀ। ਜਦੋਂ ਉਸ ਵੇਲੇ ਦੇ ਧਨਾਢ ਲੋਕ ਮੰਦਰ, ਗੁਰਦੁਆਰੇ ਅਤੇ ਧਰਮਸ਼ਾਲਾਵਾਂ ਬਣਾਉਣ ਲਈ ਦਾਨ ਦੇ ਰਹੇ ਸਨ, ਸਰਦਾਰ ਮਜੀਠੀਆ ਨੇ ਆਪਣੀ ਸਾਰੀ ਜਾਇਦਾਦ ਅਖ਼ਬਾਰ ਚਲਾਉਣ, ਕਾਲਜ ਅਤੇ ਲਾਇਬ੍ਰੇਰੀਆਂ ਖੋਲ੍ਹਣ ਲਈ ਲਾ ਦਿੱਤੀ।
ਉਹ ਬਹੁਰੰਗੀ ਸ਼ਖਸੀਅਤ ਸੀ। ਉਹ ਕੁਸ਼ਤੀਆਂ ਦੰਗਲਾਂ ਦੇ ਸਰਪ੍ਰਸਤ ਅਤੇ ਪਤੰਗਬਾਜ਼ੀ ਦੇ ਸ਼ੈਦਾਈ ਸਨ। ਸ਼ਤਰੰਜ ਵਿੱਚ ਡੂੰਘੀ ਦਿਲਚਸਪੀ ਰੱਖਦੇ ਸੀ ਅਤੇ ਮੰਨੇ ਹੋਏ ਖਿਡਾਰੀ ਸਨ। ਉਹ ਸੰਗੀਤ ਦੇ ਸ਼ੌਕੀਨ ਸਨ ਅਤੇ ਖੁਦ ਸਿਤਾਰ ਵੀ ਵਜਾਉਂਦੇ ਸਨ। ਉਹ ‘ਮਸ਼ਰਿਕ’ ਸਾਹਿਤਕ ਨਾਂ ਹੇਠ ਉਰਦੂ ਸ਼ਾਇਰੀ ਕਰਦੇ। ਆਪਣੇ ਘਰ ਮੁਸ਼ਾਇਰੇ ਕਰਵਾਉਂਦੇ ਅਤੇ ਆਪਣੀ ਸ਼ਾਇਰੀ ਸੁਣਾਉਂਦੇ। ਉਨ੍ਹਾਂ ਨੇ ਗੁਰਮੁਖੀ ਲਿੱਪੀ ਵਿੱਚ ਸ਼ੀਹਰਫੀਆਂ ਲਿਖੀਆਂ। ਉਨ੍ਹਾਂ ਦੀਆਂ ਸ਼ੀਹਰਫੀਆਂ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਵਿੱਚ ਸਾਂਭੀਆਂ ਹੋਈਆਂ ਹਨ। ਉਨ੍ਹਾਂ ਨੇ ਮੁਸਲਮਾਨ ਤੋਂ ਇਸਾਈ ਬਣੇ ਇੱਕ ਵਿਅਕਤੀ ਅਤੇ ਇੱਕ ਹੋਰ ਮੁਸਲਮਾਨ ਦੀ ਖਤੋ ਖਿਤਾਬਤ ਰਾਹੀਂ ਹੋਈ ਬਹਿਸ ਨੂੰ ਸੰਪਾਦਤ ਕਰਕੇ ਨਗਮ-ਏ-ਤੰਬੂਰੀ ਨਾਂ ਦੀ ਕਿਤਾਬ ਵੀ ਛਾਪੀ।
ਉਨ੍ਹਾਂ ਦਾ ਲੋਕਾਈ ਨੂੰ ਸਭ ਤੋਂ ਨਾਯਾਬ ਤੋਹਫਾ ‘ਦਿ ਟ੍ਰਿਬਿਊਨ’ ਹੈ। ਇਸ ਨੂੰ ਚਲਾਉਣ ਦੀ ਸਲਾਹ ਸੁਰਿੰਦਰ ਨਾਥ ਬੈਨਰਜੀ ਨੇ ਦਿੱਤੀ ਤਾਂ ਕਿ ਲੋਕਾਂ ਵਿੱਚ ਚੇਤਨਾ ਪੈਦਾ ਕੀਤੀ ਜਾਵੇ। ਇਸ ਮੰਤਵ ਲਈ ਇੱਕ ਆਜ਼ਾਦ ਅਤੇ ਨਿਰਪੱਖ ਵਿਚਾਰਧਾਰਾ ਵਾਲਾ ਅਖਬਾਰ ਜ਼ਰੂਰੀ ਸੀ, ਤਾਂ ਹੀ ਭਾਰਤੀ ਕੌਮਪ੍ਰਸਤੀ ਪੈਦਾ ਕੀਤੀ ਜਾ ਸਕਦੀ ਸੀ। ਉਸ ਵੇਲੇ ਧਰਮ, ਜਾਤੀ, ਭਾਸ਼ਾ ਅਤੇ ਖੇਤਰੀ ਆਧਾਰ ’ਤੇ ਵੰਡੀ ਹੋਈ ਜਨਤਾ ਨੂੰ ਇੱਕਮੁੱਠ ਕਰਨ ਦਾ ਇਹ ਇੱਕ ਬਹੁਤ ਵੱਡਾ ਉਪਰਾਲਾ ਸੀ। ਉਸ ਵੇਲੇ ਭਾਰਤੀ ਮਾਲਕੀ ਵਾਲਾ ਇੱਕੋ ਇੱਕ ਅਖਬਾਰ ‘ਦਿ ਹਿੰਦੂ’, ਮਦਰਾਸ ਸੀ। ਸ਼ੀਤਲ ਚੰਦਰ ਮੁਖਰਜੀ ਦੀ ਸੰਪਾਦਨਾ ਹੇਠ 2 ਫਰਵਰੀ 1881 ਨੂੰ ‘ਦਿ ਟ੍ਰਿਬਿਊਨ’ ਦਾ ਪਹਿਲਾ ਅੰਕ ਕੱਢਿਆ ਗਿਆ। ਪਹਿਲਾਂ ਇਹ ਹਫਤਾਵਾਰੀ ਸੀ, ਫਿਰ ਇਸ ਨੂੰ ਰੋਜ਼ਾਨਾ ਕਰ ਦਿੱਤਾ ਗਿਆ। ਇਸ ਅਖਬਾਰ ਨੇ ਦੇਸ਼ ਭਗਤੀ ਦੀ ਲਹਿਰ ਖੜ੍ਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਦੇਸ਼ ਭਗਤ ਨਜ਼ਰੀਏ ਵਾਲਾ ਨਿੱਡਰ ਅਖਬਾਰ ਸਿੱਧ ਹੋਇਆ। ਮਾਰਸ਼ਲ ਲਾਅ ਅਤੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਬੇ-ਬਾਕ ਰਿਪੋਰਟਿੰਗ ਕਾਰਨ ਇਸ ਦੇ ਤਤਕਾਲੀ ਸੰਪਾਦਕ ਕਾਲੀ ਨਾਥ ਰੇਅ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਆਜ਼ਾਦੀ ਪਿੱਛੋਂ ਇਹ ਅਖਬਾਰ ਭਾਰਤ ਆ ਗਿਆ। ਬਾਅਦ ਵਿੱਚ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਨੇ ਵੀ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਫਿਰਕਾਪ੍ਰਸਤੀ ਤੋਂ ਦੂਰ ਰਹਿਣ ਦੀ ਤਾਕੀਦ ’ਤੇ ਪਹਿਰਾ ਦਿੱਤਾ ਹੈ ।
ਭਾਰਤ ਦੇ ਪਹਿਲੇ ਦੇਸੀ ਬੈਂਕ ‘ਪੰਜਾਬ ਨੈਸ਼ਨਲ ਬੈਂਕ’ ਦੀ ਨੀਂਹ ਵੀ 23 ਮਈ 1894 ਨੂੰ ਉਨ੍ਹਾਂ ਦੇ ਘਰ ਰੱਖੀ ਗਈ। ਇਸ ਵਿੱਚ ਸਭ ਤੋਂ ਵੱਡਾ ਹਿੱਸਾ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਸੀ। ਬੈਂਕ ਦਾ ਚੇਅਰਮੈਨ ਵੀ ਉਨ੍ਹਾਂ ਨੂੰ ਬਣਾਇਆ ਗਿਆ। ਉਨ੍ਹਾਂ ਨੇ ਆਪਣੀ ਸਾਰੀ ਦੌਲਤ ਅਤੇ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਦਿੱਤੀ। ਉਨ੍ਹਾਂ ਨੇ ਆਪਣੀ ਸਾਰੀ ਜ਼ਾਇਦਾਦ ਨੂੰ ਤਿੰਨ ਟਰੱਸਟਾਂ ‘ਦਿ ਟ੍ਰਿਬਿਊਨ ਟਰੱਸਟ’, ‘ਦਿਆਲ ਸਿੰਘ ਕਾਲਜ ਟਰੱਸਟ’ ਅਤੇ ‘ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਟਰੱਸਟ’ ਦੇ ਨਾਂ ਕਰ ਦੇਣ ਬਾਰੇ ਆਪਣੀ ਵਸੀਅਤ ਵਿੱਚ ਲਿਖ ਦਿੱਤਾ ਸੀ।
ਉਨ੍ਹਾਂ ਦੀ ਮੌਤ ਪਿੱਛੋਂ 1908 ਵਿੱਚ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ 1910 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਸ਼ੁਰੂ ਹੋਇਆ। ਦੇਸ਼ ਦੀ ਵੰਡ ਮਗਰੋਂ ਇਨ੍ਹਾਂ ਸੰਸਥਾਵਾਂ ਦੇ ਗ਼ੈਰ-ਮੁਸਲਿਮ ਟਰੱਸਟੀ ਭਾਰਤ ਆ ਗਏ। ਟਰੱਸਟਾਂ ਦੀਆਂ ਭਾਰਤ ਵਿਚਲੀਆਂ ਜ਼ਾਇਦਾਦਾਂ ਅਤੇ ਧਨ ਨਾਲ ਦਿੱਲੀ ਵਿੱਚ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ ਦਿਆਲ ਸਿੰਘ ਕਾਲਜ ਸ਼ੁਰੂ ਕੀਤੇ ਗਏ। ਕਰਨਾਲ ਵਿੱਚ ਦਿਆਲ ਸਿੰਘ ਕਾਲਜ ਅਤੇ ਪਬਲਿਕ ਸਕੂਲ ਸ਼ੁਰੂ ਕੀਤੇ ਗਏ। ਇਨ੍ਹਾਂ ਸੰਸਥਾਵਾਂ ਨੇ ਜੜ੍ਹੋਂ ਉੱਖੜੇ ਬੇ-ਘਰੇ ਪੰਜਾਬੀਆਂ ਦੀ ਸਿੱਖਿਆ ਵਿੱਚ ਇਤਿਹਾਸਕ ਯੋਗਦਾਨ ਪਾਇਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਸ਼ਰਤਾਂ ਤਹਿਤ ਦਿੱਲੀ ਦੇ ਇਸ ਕਾਲਜ ਦੀ ਇਮਾਰਤ ਅਤੇ ਬੇ-ਸ਼ੁਮਾਰ ਧਨ ਦਿੱਲੀ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਗਿਆ। ਕਾਲਜ ਕੋਲ ਸਿਰਫ ਦਿਆਲ ਸਿੰਘ ਦਾ ਨਾਂ ਹੀ ਰਹਿ ਗਿਆ। ਸਿਤਮ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਇਸ ਨਾਂ ਨੂੰ ਮਿਟਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ।
ਸਿੱਖਿਆ ਦੇ ਖੇਤਰ ਵਿੱਚ ਸਰਦਾਰ ਮਜੀਠੀਆ ਦੀ ਵਡੇਰੀ ਭੂਮਿਕਾ ਹੈ। ਉਨ੍ਹਾਂ ਦਾ ਇੱਕ ਹੋਰ ਕੀਰਤੀਮਾਨ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੈ। ਸਿੱਖਿਆ ਵਿਭਾਗ 1854 ਵਿੱਚ ਹੋਂਦ ਵਿੱਚ ਆਇਆ। ਪੰਜਾਬ ਦੇ ਵਿਦਿਆਰਥੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਕਾਲਜ ਤੋਂ ਕਰਦੇ ਸਨ ਪਰ ਪ੍ਰੀਖਿਆ ਲਈ ਕਲਕੱਤੇ ਜਾਣਾ ਪੈਂਦਾ ਸੀ। ਉਨ੍ਹਾਂ ਨੂੰ ਡਿਗਰੀ ਨਹੀਂ ਡਿਪਲੋਮਾ ਦਿੱਤਾ ਜਾਂਦਾ ਸੀ। ਇਸੇ ਕਾਰਨ ਵਕੀਲ, ਪ੍ਰੋਫੈਸਰ, ਸਿਵਲ ਅਧਿਕਾਰੀ ਬੰਗਾਲੀ ਅਤੇ ਹੋਰ ਬਾਹਰਲੇ ਲੋਕ ਹੁੰਦੇ ਸਨ। ਸਰਦਾਰ ਮਜੀਠੀਆ ਚਾਹੁੰਦੇ ਸੀ ਕਿ ਪੰਜਾਬੀ ਵੀ ਇਨ੍ਹਾਂ ਵਾਂਗ ਉੱਚ ਅਹੁਦਿਆਂ ’ਤੇ ਹੋਣ। ਉਹ ਸੈਨੇਟ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਸੀ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਪੰਜਾਬ ਵਿੱਚ ਵੀ ਕਲਕੱਤਾ, ਮਦਰਾਸ ਅਤੇ ਬੰਬਈ (ਮੁੰਬਈ) ਯੂਨੀਵਰਸਿਟੀਆਂ ਦੀ ਤਰਜ਼ ’ਤੇ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ। ਕੁਝ ਮੈਂਬਰ ਇਸ ਮੁੱਦੇ ’ਤੇ ਉਨ੍ਹਾਂ ਨਾਲ ਸਹਿਮਤ ਨਹੀਂ ਸਨ। ਅਸਲ ਵਿੱਚ ਅੰਗਰੇਜ਼ ਵੀ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੇ ਲੋਕ ਬੰਗਾਲੀਆਂ, ਦੱਖਣੀ ਅਤੇ ਪੱਛਮੀ ਖਿੱਤੇ ਦੇ ਭਾਰਤੀਆਂ ਵਾਂਗ ਚੇਤੰਨ ਹੋਣ। ਰੋਸ ਵਜੋਂ ਸਰਦਾਰ ਮਜੀਠੀਆ ਨੇ ਸੈਨੇਟ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਆਖਰ ਵਿੱਚ ਅੰਗਰੇਜ਼ਾਂ ਨੂੰ 1882 ਵਿੱਚ ਸਰਦਾਰ ਮਜੀਠੀਆ ਦੀ ਸੋਚ ਅਨੁਸਾਰ, ਪ੍ਰੈਜ਼ੀਡੈਂਸੀਆਂ ਵਿਚਲੀਆਂ ਯੂਨੀਵਰਸਿਟੀਆਂ ਦੇ ਪੱਧਰ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਬਣਾਉਣ ਲਈ ਮੰਨਣਾ ਪਿਆ। ਵੰਡ ਪਿੱਛੋਂ ਵੱਖ ਵੱਖ ਥਾਵਾਂ ’ਤੇ ਕਾਰਜਸ਼ੀਲ ਰਹਿਣ ਮਗਰੋਂ ਇਹ ਪੱਕੇ ਤੌਰ ’ਤੇ ਚੰਡੀਗੜ੍ਹ ਸਥਾਪਤ ਹੋ ਗਈ।
ਸਰਦਾਰ ਦਿਆਲ ਸਿੰਘ ਮਜੀਠੀਆ ਭਾਵੇਂ ਸਰੀਰਕ ਰੂਪ ਵਿੱਚ ਸਾਡੇ ਕੋਲੋਂ 9 ਸਤੰਬਰ 1898 ਨੂੰ ਵਿਛੜ ਗਏ ਪਰ ਆਪਣੀਆਂ ਸੰਸਥਾਵਾਂ ਰਾਹੀਂ ਉਹ ਅੱਜ ਵੀ ਸਾਡੇ ਵਿੱਚ ਜ਼ਿੰਦਾ ਹਨ। ਅੱਜ ਦੇ ਸਮੇਂ ਵਿੱਚ ਸਰਦਾਰ ਮਜੀਠੀਆ ਦੀ ਸੋਚ ਅਤੇ ਸੰਸਥਾਵਾਂ ’ਤੇ ਡਟ ਕੇ ਪਹਿਰਾ ਦੇਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਸੰਪਰਕ: 98725-40112